ਖਾਲਸਾ ਬ੍ਰਿਗੇਡ ਬਨਾਮ ਫੌਜ-ਇ-ਖਾਸ
(ਲੇਖ )
ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਇੱਕ ਵਧੀਆ ਸ਼ਾਸ਼ਕ, ਰਾਜ ਪ੍ਰਬੰਧਕ, ਨਿਆਂ ਪੂਰਕ ਅਤੇ ਦੂਰ ਅੰਦੇਸ਼ੀ ਰਾਜਾ ਦੇ ਤੌਰ ਉੱਪਰ ਤਾਂ ਹੈ ਹੀ। ਪਰ ਇਸ ਤੋਂ ਵੀ ਵੱਧ ਉਸਦੀ ਫੌਜੀ ਯੋਗਤਾ ਕਿਸੇ ਤਰਾਂ ਕਰਕੇ ਘੱਟ ਨਹੀਂ ਆਂਕੀ ਜਾ ਸਕਦੀ। ਕਿਉਂਕਿ ਮਹਾਰਾਜਾ ਨੇ ਪੰਜਾਬ ਨੂੰ ਇੱਕ ਅਜਿਹੇ ਸਮੇਂ ਲੜੀ ਵਿੱਚ ਪ੍ਰੋਇਆ ਸੀ, ਜਦੋਂ ਪੰਜਾਬ ਖੇਰੂੰਂ ਖੇਰੂੰਂ ਹੋ ਕੇ ਖਾਨਾਜੰਗੀ ਦਾ ਖੇਤਰ ਵੀ ਬਣਿਆ ਪਿਆ ਸੀ। ਮਹਾਰਾਜਾ ਨੇ ਸ਼ਕਤੀ, ਸੂਝਬੂਝ ਅਤੇ ਭਾਈਚਾਰਕ ਸਾਂਝ ਪੈਦਾ ਕਰਕੇ ਪੰਜਾਬ ਦੀਆਂ ਸਭ ਮਿਸਲਾਂ ਨੂੰ ਇਕੱਠਾ ਕੀਤਾ। ਜਿਸ ਵਿੱਚੋਂ ਉਸਦਾ ਸਿੱਖ ਰਾਜ ਦੇ ਝੰਡੇ ਨੂੰ ਦੁਨੀਆ ਦੇ ਨਕਸ਼ੇ ਉੱਪਰ ਝੁਲਾਉਣ ਦਾ ਸੁਪਨਾ ਝਲਕਦਾ ਸੀ। ਪਰ ਸਿੱਖ ਮਿਸਲਾਂ ਨੂੰ ਇੱਕ ਕਰਨ ਤੋਂ ਬਾਅਦ ਉਸ ਅੱਗੇ ਬਹੁਤ ਵੱਡੀਆਂ ਚਣੌਤੀਆਂ ਸਨ। ਜਿਹਨਾਂ ਵਿੱਚ ਇੱਕ ਪਾਸੇ ਅੰਗਰੇਜੀ ਸਾਮਰਾਜ (ਜਿਸ ਨਾਲ ਸਤਲੁਜ ਪਾਰ ਦੀਆਂ ਸਿੱਖ ਰਿਆਸਤਾਂ ਵੀ ਮਿਲ ਗਈਆਂ ਸਨ) ਬੜੀ ਤੇਜੀ ਨਾਲ ਵਧ ਰਿਹਾ ਸੀ ਤਾਂ ਦੂਜੇ ਪਾਸੇ ਪਹਾੜੀ ਰਾਜ, ਅਫ਼ਗਾਨ, ਪਠਾਣ ਤੇ ਕਬਾਇਲੀ ਸ਼ਕਤੀਆਂ ਅਤੇ ਪਹਾੜੀ ਰਾਜ ਵੀ ਮਹਾਰਾਜਾ ਲਈ ਬਹੁਤ ਵੱਡੇ ਸਰਹੱਦੀ ਖਤਰੇ ਸਨ। ਇਹਨਾਂ ਸਭ ਨਾਲ ਨਜਿੱਠਣ ਲਈ ਇੱਕ ਬਹਾਦਰ ਸੂਰਬੀਰਾਂ ਦੀ ਅਜਿਹੀ ਫੌਜ ਦਾ ਹੋਣਾ ਜਰੂਰੀ ਸੀ। ਜੋ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ, ਨਿਪੁੰਨ, ਹਰ ਤਰਾਂ ਹਥਿਆਰਾਂ ਨਾਲ ਲੈੱਸ ਅਤੇ ਹਰ ਫੌਜੀ ਮੁਹਿੰਮ ਲਈ ਤਿਆਰ ਅੰਗਰੇਜ ਫੌਜ ਨੂੰ ਟੱਕਰ ਦੇ ਸਕੇ। ਦੂਜੇ ਪਾਸੇ ਕਬਾਇਲੀਆਂ, ਪਠਾਣਾਂ ਨਾਲ ਵੀ ਵੱਡਾ ਘੋਲ ਕਰਨਾ ਸੀ। ਜੋ ਜਹਾਦ ਦੇ ਨਾਂ ਉੱਪਰ ਟਿੱਡੀ ਦਲਾਂ ਵਾਂਗ ਨਾ ਸਿਰਫ਼ ਇਕੱਠੇ ਹੀ ਹੁੰਦੇ ਸਨ, ਸਗੋਂ ਮਰਨ ਮਾਰਨ ਤੋਂ ਵੀ ਪਿੱਛੇ ਨਹੀਂ ਹੱਟਦੇ ਸਨ। ਸੋ ਮਹਾਰਾਜਾ ਨੇ ਮਹਿਸੂਸ ਕਰ ਲਿਆ ਸੀ ਕਿ ਇੱਕ ਅਜਿਹੀ ਫੌਜ ਦਾ ਗਠਨ ਕੀਤਾ ਜਾਵੇ ਜੋ ਹਰ ਤਰਾਂ ਨਾਲ ਪੂਰੀ ਹੋਵੇ। ਇਹ ਜ਼ਰੂਰਤ ਤਾਂ ਹੀ ਪੂਰੀ ਹੋ ਸਕਦੀ ਸੀ ਜੇਕਰ ਫੌਜ ਨੂੰ ਸਿਖਲਾਈ ਦੇਣ ਵਾਲੇ ਉੱਚ ਕੋਟੀ ਦੇ ਜਰਨੈਲ ਹੋਣ, ਜਿਹਨਾਂ ਵਿੱਚ ਅੰਗਰੇਜ਼ਾਂ ਦੀ ਫੌਜ ਵਰਗਾ ਤਜਰਬਾ ਹੋਵੇ। ਮਹਾਰਾਜਾ ਦੀ ਇਸੇ ਜਰੂਰਤ ਨੂੰ ਲਾਹੌਰ ਦਰਬਾਰ ਆਉਣ ਵਾਲੇ ਪਹਿਲੇ ਯੂਰਪੀਨ ਵੈਨਤੂਰਾ ਅਤੇ ਅਲਾਰਡ ਨੇ ਪੂਰਾ ਕੀਤਾ।
ਜਦੋਂ ਪਹਿਲੀ ਵਾਰ 1822 ਵਿੱਚ ਜਨਰਲ ਵੈਨਤੂਰਾ ਅਤੇ ਅਲਾਰਡ ਪੰਜਾਬ ਵਿੱਚ ਆਉਂਦੇ ਹਨ, ਉਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ, ਮਾਨਖੇੜਾ, ਅਟਕ, ਪਿਸ਼ਾਵਰ ਅਤੇ ਕਸ਼ਮੀਰ ਆਦਿ ਆਪਣੀਆਂ ਮੁੱਖ ਜਿੱਤਾਂ ਪ੍ਰਾਪਤ ਕਰ ਲਈਆਂ ਸਨ। ਜਿਹਨਾਂ ਕਰਕੇ ਬਹੁਤ ਸਾਰੇ ਸਰਦਾਰ ਯੂਰਪੀਅਨਾਂ ਦਾ ਖਾਲਸਾ ਫੌਜ ਵਿੱਚ ਦਖਲ ਪਸੰਦ ਨਹੀਂ ਕਰਦੇ ਸਨ। ਪਰ ਮਹਾਰਾਜਾ ਜਾਣਦਾ ਸੀ ਕਿ ਸਿਰਫ਼ ਜਿੱਤਣਾ ਹੀ ਕਾਫ਼ੀ ਨਹੀ ਹੈ ਸਗੋਂ ਜਿੱਤੇ ਹੋਏ ਇਲਾਕਿਆਂ ਨੂੰ ਪ੍ਰਭਾਵ ਅਧੀਨ ਰੱਖਣਾ ਅਤੇ ਇਹਨਾਂ ਦੇ ਨਾਲ ਬਾਹਰਲੀਆਂ ਉੱਭਰਦੀਆਂ ਤਾਕਤਾਂ ਦਾ ਸਾਹਮਣਾ ਕਰਨਾ ਵੀ ਜ਼ਰੂਰੀ ਹੈ। ਇਸੇ ਕਰਕੇ ਮਹਾਰਾਜਾ ਨੇ ਆਪਣੀਆਂ ਫੌਜਾਂ ਵਿੱਚ ਬਹਾਦਰ ਸੂਰਬੀਰ ਜਰਨੈਲ ਹੋਣ ਦੇ ਬਾਵਜੂਦ ਵੀ ਯੂਰਪੀਅਨਾਂ ਨੂੰ ਖਾਲਸਾ ਫੌਜ ਦਾ ਅਹਿਮ ਹਿੱਸਾ ਬਣਾਇਆ। ਪਰ ਇਸਦੇ ਨਾਲ ਨਾਲ ਆਪਣੇ ਯੋਗ ਫੌਜੀ ਜਰਨੈਲਾਂ ਨੂੰ ਕਿਸੇ ਤਰਾਂ ਵੀ ਅੱਖੋ ਪਰੋਖੇ ਨਾ ਕੀਤਾ। ਜਿਸਦੀ ਉਦਾਹਰਨ ਹਰੀ ਸਿੰਘ ਨਲੂਆ ਜਿਹੇ ਸਰਦਾਰ ਜਮਰੌਦ ਦੀਆਂ ਨਾਜ਼ੁਕ ਥਾਵਾਂ ਤੇ ਤਾਇਨਾਤ ਸਨ ਤਾਂ ਫੌਜ-ਇ-ਖਾਸ ਵਿੱਚ ਵੀ ਸ਼ੇਖ ਬਸਾਵਨ ਵਰਗਾ ਜਰਨੈਲ ਮਹਾਰਾਜਾ ਦਾ ਬਹੁਤ ਭਰੋਸੇ ਵਾਲਾ ਜਰਨੈਲ ਸੀ। ਚੇਤ ਸਿੰਘ ਵਰਗੇ ਤੇਜ਼ ਤਰਾਰ ਬਹਾਦਰ ਜਰਨੈਲ ਨੇ 1824 ਤੋਂ ਬਾਅਦ ਵੀ ਭਾਵ ਫੌਜ-ਇ-ਖਾਸ ਦਾ ਹਿੱਸਾ ਹੁੰਦੇ ਹੋਏ ਸਤਲੁਜ ਕਿਨਾਰੇ ਅੰਗਰੇਜੀ ਸਰਹੱਦ 'ਤੇ ਕਈ ਨਾਜ਼ੁਕ ਮਸਲਿਆਂ ਨੂੰ ਸੁਲਝਾਇਆ।
ਮਈ 1822 ਦੇ ਅਖੀਰ ਵਿੱਚ ਜਦੋਂ ਵੈਨਤੂਰਾ ਅਤੇ ਅਲਾਰਡ ਲਾਹੌਰ ਆਏ ਤਾਂ ਘੋਖਵੀਂ ਜਾਣ ਪੜਤਾਲ ਤੋਂ ਬਾਅਦ ਉਹਨਾਂ ਨੂੰ ਸ਼ੇਖ ਬਸਾਵਨ ਦੀ ਬਟਾਲੀਅਨ ਦੀ ਕਮਾਨ ਸੌਂਪ ਦਿੱਤੀ। ਇਸਦੇ ਨਾਲ ਮਿਸਰ ਦੀਵਾਨ ਚੰਦ ਦੇ 500 ਰਸਾਲਾ ਫੌਜੀ ਦੇਣ ਦਾ ਵਾਅਦਾ ਵੀ ਕੀਤਾ। ਫਰਾਂਸੀਸੀ ਜਰਨੈਲਾਂ ਨੇ ਆਉਂਦੇ ਸਾਰ ਫੌਜ ਵਿੱਚ ਜਟਿਲ ਮਸ਼ਕਾਂ ਨਾਲ ਸਿਖਲਾਈ ਸ਼ੁਰੂ ਕਰ ਦਿੱਤੀ। ਜਿਸ ਵਿੱਚ ਸਖਤ ਅਨੁਸ਼ਾਸ਼ਨ ਅਤੇ ਤਰੀਕੇ ਸਿਪਾਹੀਆਂ ਲਈ ਨਵੇਂ ਸਨ। ਜਿਸ ਕਰਕੇ ਹਫਤੇ ਵਿੱਚ ਹੀ ਪਰੇਡ ਤੋਂ ਬਚਣ ਲਈ ਪਿੱਛੋਂ ਛੇ ਸਿਪਾਹੀ ਨੱਸ ਵੀ ਗਏ। ਪਰ ਬਾਕੀ ਸਭ ਲਈ ਬਹੁਤ ਵਧੀਆ ਰਿਹਾ। 17 ਜੁਲਾਈ ਤੱਕ 100-100 ਸਿਪਾਹੀਆਂ ਦੀ ਟੁਕੜੀ ਪਰੇਡ ਕਰਨ ਦੇ ਕਾਬਿਲ ਸੀ। ਪਰੇਡ ਦੇਖ ਕੇ ਮਹਾਰਾਜਾ ਨੇ ਐਲਾਨ ਕੀਤਾ ਕਿ ਜੋ ਵਿਚਾਰ ਫੌਜ ਨੂੰ ਫਰਾਂਸੀਸੀ ਢੰਗ ਨਾਲ ਪਰੇਡ ਕਰਾਉਡ ਦੇ ਸੁਣੇ ਸਨ। ਉਹ ਦੇਖ ਕੇ ਮਹਿਸੂਸ ਹੋਇਆ ਹੈ ਕਿ ਇਹ ਕਾਬਿਲੇ ਤਾਰੀਫ ਹੈ। ਫਰਾਂਸੀਸੀ ਜਰਨੈਲਾਂ ਨੇ ਵੀ ਇਹ ਭਰੋਸਾ ਦਿਵਾਇਆ ਕਿ ਆਉਣ ਵਾਲੇ ਚਾਰ ਸਾਲਾਂ ਵਿੱਚ ਸਿਪਾਹੀ ਪੂਰੀ ਮੁਹਾਰਤ ਹਾਸਲ ਕਰ ਲੈਣਗੇ। ਮਹਾਰਾਜਾ ਨੇ ਉਹਨਾਂ ਲਈ ਵੱਖਰਾ ਕੈਂਪ ਬਣਾਉਣ ਅਤੇ ਹੋਰਸ ਸਾਰੇ ਰੰਗਰੂਟ ਵੀ ਇਹਨਾਂ ਹੇਠ ਕਰਨ ਲਈ ਹੁਕਮ ਦਿੱਤੇ।
ਇਸ ਤਰਾਂ ਮਹਾਰਾਜਾ ਨੇ ਫੌਜ-ਇ-ਖਾਸ ਕਾਇਮ ਕਰ ਦਿੱਤੀ। ਜਿਸਨੂੰ "ਖਾਸ ਫੌਜਾਂ" ਜਾਂ ਰਾਇਲ ਬ੍ਰਿਗੇਡ ਵੀ ਕਿਹਾ ਜਾਣ ਲੱਗਾ। ਜਦੋਂ ਕਿ ਬਰਨਾਤਵੀ ਲੋਕ ਜਾਂ ਅੰਗਰੇਜ਼ ਸੂਹੀਏ ਇਸ ਫੌਜ ਨੂੰ "ਫਰੈਂਚ ਲੀਜ਼ਨ" ਆਖਦੇ ਸਨ। ਅੰਗਰੇਜ਼ ਮਹਾਰਾਜਾ ਦੇ ਹਰ ਕੰਮ ਖਾਸ ਕਰਕੇ ਫੌਜੀ ਕਾਰਵਾਈਆਂ 'ਤੇ ਪੂਰੀ ਨਜ਼ਰ ਰੱਖਦੇ ਸਨ। ਜਿਸ ਲਈ ਖਾਸ ਤੌਰ ਉੱਤੇ ਤਾਇਨਾਤ ਕਰਨਲ ਵੇਡ ਦੁਆਰਾ ਕੀਤੀ ਗਈ ਖੁਫ਼ੀਆ ਤਫ਼ਤੀਸ਼ ਅਨੁਸਾਰ ਫੌਜ-ਇ-ਖਾਸ ਵਿੱਚ ਪਹਿਲਾਂ 1200 ਸਿਪਾਹੀਆਂ ਨੂੰ ਸਿਖਲਾਈ ਦਿੱਤੀ ਗਈ। ਫਿਰ ਮਹਾਰਾਜਾ ਨੇ ਗੋਰਖਿਆਂ ਦੀ ਬਟਾਲੀਅਨ ਦੀ ਕਮਾਨ ਵੀ ਫਰਾਂਸੀਸੀਆਂ ਨੂੰ ਸੌਂਪੀ ਗਈ ਹੈ। ਵੈਨਤੂਰਾ ਦੇ ਹੁਕਮਾਂ ਅਨੁਸਾਰ ਇਹ ਗਿਣਤੀ 2000 ਤੱਕ ਪਹੁੰਚਾਈ ਜਾਣੀ ਹੈ। ਇਸਦੇ ਇਲਾਵਾ ਅਲਾਰਡ ਨੇ ਜਿੱਥੇ ਸ਼ੁਰੂ ਵਿੱਚ 1200 ਘੋੜ ਸਵਾਰਾਂ ਦਾ ਪਿਆਦਾ ਤਿਆਰ ਕੀਤਾ ਹੈ ਉੱਥੇ ਉਸ ਵਿੱਚ 300 ਹੋਰ ਚੰਗੇ ਘੋੜ ਸਵਾਰ ਸ਼ਾਮਲ ਕਰ ਲਏ ਗਏ ਹਨ। ਜਿਹਨਾਂ ਦੀ ਆਉਣ ਵਾਲੇ ਦੁਸਿਹਰੇ ਤੱਕ ਗਿਣਤੀ 2000 ਕਰਨ ਦਾ ਟੀਚਾ ਹੈ। ਤੋਪਖਾਨੇ ਵਿੱਚ ਮਿਸਰ ਦੀਵਾਬ ਚੰਦ ਕੋਲ 40 ਤੋਪਾਂ, ਇਲਾਹੀ ਬਖਸ਼ ਕੋਲ 40 ਤੋਪਾਂ, ਅਮੀਰ ਚੰਦ ਕੋਲ ਵੱਖ ਵੱਖ ਤਰਾਂ ਦੀਆਂ ਬਾਰਾਂ ਤੋਪਾਂ ਦਾ ਡਵੀਜ਼ਨ ਹੈ। ਇਸਦੇ ਬਿਨਾਂ ਘੋੜਾ ਤੋਪਖਾਨੇ ਦੇ 15-15 ਤੋਪਾਂ ਦੇ ਦੋ ਵੱਖਰੇ ਡਵੀਜ਼ਨ, ਇੱਕ ਮਿਰਜ਼ਾ ਮੁਜ਼ਅਮ ਅਲੀ ਤੇ ਇੱਕ ਸੁਲਤਾਨ ਮਹਿਮੂਦ ਕੋਲ ਹੈ। ਵੈਨਤੂਰਾ ਹਰ ਰੋਜ਼ ਸਵੇਰੇ ਸਾਰੀ ਯੂਰਪੀ ਅੰਦਾਜ਼ ਵਿੱਚ ਸਾਰੀ ਰਿਪੋਰਟ ਸੁਣਦਾ ਹੈ, ਅਲਾਰਡ ਵੀ ਘੋੜ ਰੈਜਮੈਂਟਾਂ ਦੀ ਕਾਰਵਾਈ ਹਰ ਰੋਜ਼ ਸੁਣਦਾ ਹੈ। ਫੌਜ-ਇ-ਖਾਸ ਦੀ ਸਿਖਲਾਈ ਲਾਹੌਰ ਦੇ ਅਨਾਰਕਲੀ ਬਾਗ ਦੀਆਂ ਛਾਉਣੀਆਂ ਵਿੱਚ ਦੇਖਣ ਤੇ ਪਤਾ ਲੱਗਦਾ ਸੀ ਕਿ ਪਰੇਡ ਬਹੁਤ ਮੁਸ਼ਕਿਲ ਹੁੰਦੀ ਸੀ। ਪਰ ਸਭ ਦਾ ਦਿਲ ਜਿੱਤਣ ਵਾਲੀ ਪਰੇਡ ਦੇਖ ਕੇ ਸਭ ਖੁਸ਼ ਤੇ ਹੈਰਾਨ ਹੁੰਦੇ ਸਨ।
ਐਲਾਰਡ ਦੇ ਰਸਾਲੇ ਵਿੱਚ ਤਿੰਨ ਰੈਜਮੈਂਟਾਂ ਸਨ ਅਤੇ ਵੈਨਤੂਰਾ ਦੇ ਰਸਾਲੇ ਵਿੱਚ ਪੰਜ ਸਨ। ਜਿਹਨਾਂ ਦਾ ਬ੍ਰਿਗੇਡੀਅਰ ਸ਼ੇਖ ਬਸਾਵਨ ਸੀ। ਇਸਦੇ ਇਲਾਵਾ ਆਵੀਤਾਬਿਲੇ ਨੂੰ ਵੀ ਇੱਕ ਬ੍ਰਿਗੇਡ ਦੀ ਕਮਾਨ ਸੌਂਪੀ ਗਈ।ਇਹਨਾਂ ਤੋਂ ਇਲਾਵਾ ਹੋਰ ਯੂਰਪੀਨਾਂ ਜਾਂ ਵਿਦੇਸ਼ੀਆਂ ਵਿੱਚ ਕੋਰਟ ਅਤੇ ਗਾਰਡਨਰ ਕੋਲ ਤੋਪ ਰਸਾਲਾ ਸੀ। ਖਾਲਸਾ ਦਰਬਾਰ ਦੇ ਰਿਕਾਰਡਜ਼ ਅਨੁਸਾਰ 1837-39 ਤੱਕ ਫੌਜ-ਇ-ਖਾਸ ਵਿੱਚ ਪੈਦਲ, ਰਸਾਲਾ ਤੇ ਘੋੜਸਵਾਰ 5447 ਸਿਪਾਹੀ ਭਰਤੀ ਸਨ। ਕੋਰਟ ਦੇ ਬ੍ਰਿਗੇਡ ਵਿੱਚ 2430 ਤੇ ਆਵੀਤਾਬਿਲੇ ਦੀ ਕਮਾਨ ਵਿੱਚ 2548 ਸਿਪਾਹੀ ਸਨ ਜੋ ਕੁੱਲ ਮਿਲਾ ਕੇ 10000 ਹੋ ਜਾਂਦੇ ਹਨ। ਫੌਜ-ਇ-ਖਾਸ ਦਾ ਆਪਣਾ ਫਰੈਂਚ ਸਟਾਈਲ ਦਾ ਝੰਡਾ ਸੀ। ਜਿਸ ਉੱਪਰ ਫਾਰਸੀ ਵਿੱਚ "ਖਾਲਸਾ ਸਿੱਖ ਫੌਜ", "ਦੇਗ ਤੇਗ ਫਤਹਿ" ਲਿਖਿਆ ਹੁੰਦਾ ਸੀ।
ਮਹਾਰਾਜਾ ਅੱਗੇ ਜਾ ਕੇ ਆਪਣੀ ਸਾਰੀ ਫੌਜ ਨੂੰ ਫੌਜ-ਇ-ਖਾਸ ਦੀ ਤਰਾਂ ਗਠਿਤ ਕਰਨਾ ਚਾਹੁੰਦਾ ਸੀ। ਜਿਸ ਲਈ ਜਿੱਥੇ ਯੂਰਪੀਨ ਢੰਗ ਨਾਲ ਸਿਖਾਉਣ ਵਾਲੇ ਵਿਦੇਸ਼ੀ ਲੋਕਾਂ ਦੀ ਲੋੜ ਸੀ ਉੱਥੇ ਬਹੁਤ ਸਾਰੀ ਦੌਲਤ ਵੀ ਚਾਹੀਦੀ ਸੀ। ਪਰ ਫੌਜ-ਇ-ਖਾਸ ਨੇ ਆਪਣੇ ਕੁਝ ਸਾਲਾਂ ਦੇ ਸਮੇਂ ਵਿੱਚ ਜਿੱਥੇ ਇੱਕ ਨਿਵੇਕਲੀ ਪਛਾਣ ਬਣਾਈ ਸੀ ਉੱਥੇ ਕਈ ਅਹਿਮ ਜਿੱਤਾਂ ਵਿੱਚ ਵੀ ਆਪਣਾ ਨਾਂ ਦਰਜ ਕੀਤਾ। ਜਿਹਨਾਂ ਵਿੱਚ 1823 ਤੋਂ ਲੈ ਕੇ 1837-39 ਤੱਕ ਡੇਰਾ ਇਸਮਾਈਲ ਖਾਂ, ਕਾਂਗੜਾ, ਮੁਲਤਾਨ, ਪੇਸ਼ਵਾਰ ਤੋਂ ਇਲਾਵਾ 1841 ਵਿੱਚ ਕੁੱਲੂ ਤੇ ਮੰਡੀ ਦੀ ਜਿੱਤ ਦਾ ਵਰਣਨ ਹੈ।
ਮਹਾਰਾਜਾ ਤੋਂ ਬਾਅਦ ਲਾਹੌਰ ਦਰਬਾਰ ਦੀ ਅਫ਼ਰਾ ਤਫ਼ਰੀ ਕਾਰਨ ਬਹੁਤ ਕੁਝ ਬਦਲ ਗਿਆ ਸੀ। ਜਿੱਥੇ ਮਹਾਰਾਜਾ ਦੇ ਪੁੱਤਰਾਂ ਦਾ ਕਤਲ ਹੋ ਰਿਹਾ ਸੀ ਉੱਥੇ ਲਾਹੌਰ ਦਰਬਾਰ ਦੇ ਬਹੁਤ ਸਾਰੇ ਸਰਦਾਰ, ਅਹੁਦੇਦਾਰ ਆਦਿ ਵੀ ਮਾਰੇ ਗਏ ਜਾਂ ਮਾਰੇ ਜਾ ਰਹੇ ਸਨ। ਜਿਸ ਕਾਰਨ ਫੌਜ ਵਿੱਚ ਵੀ ਕਈ ਤਰਾਂ ਦੇ ਉਤਰਾਅ ਚੜਾਅ ਦੇਖਣ ਨੂੰ ਮਿਲੇ। ਹਰੀ ਸਿੰਘ ਨਲੂਆ ਜਿਹੇ ਕੁਝ ਸਰਦਾਰਾਂ ਦੀ ਘਾਟ ਰੜਕ ਰਹੀ ਸੀ। ਜੋ ਜਮਰੌਦ ਦੀ ਲੜਾਈ ਵਿੱਚ ਸਖਤ ਬੀਮਾਰ ਹੋਣ ਦੇ ਬਾਵਜੂਦ ਮੈਦਾਨੇ ਜੰਗ ਵਿੱਚ ਜੂਝਿਆ ਸੀ। ਇੱਥੇ ਇੱਕ ਹੋਰ ਤੱਥ ਜ਼ਿਕਰਯੋਗ ਹੈ। ਉਹ ਇਹ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਆਪਣੇ ਪੋਤਰੇ ਦੇ ਵਿਆਹ ਵਿੱਚ ਰੁੱਝਾ ਹੋਇਆ ਸੀ ਤਾਂ ਉਸਦਾ ਫਾਇਦਾ ਲੈ ਕੇ ਦੋਸਤ ਮੁਹੰਮਦ ਨੇ ਪਿਸ਼ਾਵਰ 'ਤੇ ਹਮਲਾ ਕਰ ਦਿੱਤਾ। ਮਹਾਰਾਜਾ ਨੇ ਪਹਿਲਾਂ ਦੋਸਤ ਮੁਹੰਮਦ ਦੀ ਇਸ ਕਾਰਵਾਈ ਵੱਲ ਬਹੁਤਾ ਧਿਆਨ ਨਾ ਦਿੱਤਾ। ਜਿਸ ਕਰਕੇ ਦੋਸਤ ਮੁਹੰਮਦ ਦੀਆਂ ਫੌਜਾਂ ਨੇ ਜਮਰੌਦ ਦੀ ਗੜੀ ਉੱਪਰ ਤੋਪਾਂ ਨਾਲ ਇੱਕ ਵੱਡਾ ਹਮਲਾ ਕੀਤਾ। ਬਹਾਦਰ ਸਰਦਾਰ ਹਰੀ ਸਿੰਘ ਨਲੂਆ ਸਖਤ ਬੀਮਾਰੀ ਦੇ ਹੁੰਦਿਆਂ ਵੀ ਉੱਠਿਆ ਅਤੇ ਪਿਸ਼ਾਵਰ ਦੀ ਰਾਖੀ ਲਈ ਹਦਾਇਤਾਂ ਦਿੱਤੀਆਂ। ਇਸੇ ਕਾਰਨ ਹੀ ਮੁੱਠੀ ਭਰ ਖਾਲਸਾ ਫੌਜਾਂ ਨੇ ਦੋਸਤ ਮੁਹੰਮਦ ਦੇ ਹਮਲੇ ਨੂੰ ਬਹਾਦਰੀ ਨਾਲ ਪਛਾੜ ਦਿੱਤਾ। ਹਰੀ ਸਿੰਘ ਨਲੂਆ ਵੱਲੋਂ ਭੇਜੀ ਦੂਸਰੀ ਲੰਬੀ ਚਿੱਠੀ ਤੋਂ ਬਾਅਦ ਮਹਾਰਾਜਾ ਨੇ ਅਲਾਰਡ ਅਤੇ ਵੈਨਤੂਰਾ ਨੂੰ ਪਿਸ਼ਾਵਰ ਵੱਲ ਕੂਚ ਕਰਨ ਦਾ ਹੁਕਮ ਕੀਤਾ। ਜਦੋਂ ਪਠਾਣਾਂ ਨੂੰ ਇਹ ਖਬਰ ਮਿਲੀ ਕਿ ਖਾਲਸਾ ਫੌਜਾਂ ਦਾ ਸਭ ਤੋਂ ਮਜਬੂਤ ਦਲ (ਫੌਜ-ਇ-ਖਾਸ) ਆ ਰਿਹਾ ਤਾਂ ਪਠਾਣ ਪਿੱਛੇ ਹੱਟ ਗਏ। ਜਿਸ ਨਾਲ ਇੱਕ ਬਹੁਤ ਵੱਡੀ ਪਠਾਣ ਬਗਾਵਤ ਦਾ ਖਤਰਾ ਟਾਲਿਆ ਗਿਆ। ਪਰ ਸਰਦਾਰ ਹਰੀ ਸਿੰਘ ਨਲੂਆ ਸਖ਼ਤ ਜ਼ਖਮੀ ਹੋਣ ਕਾਰਨ ਸ਼ਹੀਦੀ ਜਾਮ ਪੀ ਗਿਆ ਅਤੇ ਖਾਲਸਾ ਫੌਜਾਂ ਨੂੰ ਇੱਕ ਬਹਾਦਰ, ਸੂਰਬੀਰ ਯੋਧੇ ਜਰਨੈਲ ਤੋਂ ਸਦਾ ਲਈ ਖਾਲੀ ਕਰ ਗਿਆ। ਜਿਸ ਸਮੇਂ ਸਰਦਾਰ ਦੀ ਮੌਤ ਦੀ ਖਬਰ ਮਿਲੀ ਤਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਨਮ ਹੋ ਗਈਆਂ ਸਨ।
ਲਾਹੌਰ ਦਰਬਾਰ ਨੂੰ ਫੁੱਟ ਦਾ ਸ਼ਿਕਾਰ ਬਣਾਉਣ ਵਿੱਚ ਜਿੰਨਾ ਵੱਡਾ ਯੋਗਦਾਨ ਡੋਗਰਿਆਂ ਦਾ ਹੈ, ਉਸ ਤੋਂ ਕਿਤੇ ਜਿਆਦਾ ਅੰਗਰੇਜ਼ਾਂ ਦਾ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਅੰਗਰੇਜ਼ ਹਰ ਚਾਲ ਨੂੰ ਸ਼ਤਰੰਜੀ ਖੇਡ ਵਾਂਗ ਚੱਲ ਰਿਹਾ ਸੀ। ਅੰਗਰੇਜ਼ਾਂ ਵੱਲੋਂ ਨਾ ਸਿਰਫ਼ ਖਾਲਸਾ ਫੌਜਾਂ ਦੇ ਪੂਰਬੀਏ ਜਰਨੈਲ (ਲਾਲ ਸਿੰਘ, ਤੇਜ ਸਿੰਘ) ਹੀ ਖਰੀਦੇ ਸਗੋਂ ਯੂਰਪੀਨ ਜਰਨੈਲਾਂ ਨਾਲ ਵੀ ਸੰਬੰਧ ਬਣਾਏ। ਫੌਜ-ਇ-ਖਾਸ ਦੇ ਮੋਢੀ ਜਰਨੈਲਾਂ ਵਿੱਚੋਂ ਇੱਕ ਜਨਰਲ ਵੈਨਤੂਰਾ ਨੂੰ ਸਭਰਾਉਂ ਦੀ ਜੰਗ ਤੋਂ ਬਾਅਦ ਜਦੋਂ ਖਾਲਸਾ ਫੌਜ ਦੀ ਕਮਾਨ ਸੰਭਾਲਣ ਲਈ ਕਿਹਾ ਗਿਆ ਤਾਂ ਵੈਨਤੂਰਾ ਅੰਗਰੇਜ਼ਾਂ ਨਾਲ ਆਪਣੀ ਜਗੀਰ ਸੰਬੰਧੀ ਸਮਝੌਤਾ ਕਰਨਾ ਚਾਹੁੰਦਾ ਸੀ ਅਤੇ ਉਸਨੇ ਖਾਲਸਾ ਫੌਜ ਦੇ ਮੁਹਾਜ਼ 'ਤੇ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਲਾਰਡ ਡਲਹੌਜ਼ੀ ਨੂੰ ਬ੍ਰਿਟਿਸ਼ ਫੌਜ ਵਿੱਚ ਸ਼ਾਮਲ ਦੀ ਬੇਨਤੀ ਵੀ ਕੀਤੀ। ਪਰ ਡਲਹੌਜ਼ੀ ਅਤੇ ਗਫ਼ ਨੇ ਵਿਚਾਰ ਕਰਨ ਤੋਂ ਬਾਅਦ ਵੈਨਤੂਰਾ ਨੂੰ ਨਾਂਹ ਕਰ ਦਿੱਤੀ। ਕਾਸ਼ ਵੈਨਤੂਰਾ ਉਸ ਸਮੇਂ ਖਾਲਸਾ ਫੌਜ ਦੀ ਕਮਾਨ ਸੰਭਾਲ ਲੈਂਦਾ ਤਾਂ ਸ਼ਾਇਦ ਅੱਜ ਇਤਿਹਾਸ ਹੋਰ ਹੁੰਦਾ ਅਤੇ ਫੌਜ-ਇ-ਖਾਸ ਦੇ ਨਾਲ ਨਾਲ ਵੈਨਤੂਰਾ ਦਾ ਨਾਂ ਵੀ ਸੁਨਿਹਰੀ ਅੱਖਰਾਂ ਵਿੱਚ ਦਰਜ ਹੁੰਦਾ। ਕਿਉਂਕਿ ਇਸ ਤੋਂ ਪਹਿਲਾਂ ਫੀਰੋਜ਼ ਸ਼ਹਿਰ ਦੀ ਲੜਾਈ ਵਿੱਚ ਫੌਜ-ਇ-ਖਾਸ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਸੀ। ਜਿਸ ਵਿੱਚ ਖਾਲਸਾ ਫੌਜਾਂ ਨੇ ਭਾਰਤ ਦੇ ਗਵਰਨਰ ਜਨਰਲ ਅਤੇ ਕਮਾਂਡਰ ਇਨ ਚੀਫ਼ ਦੀ ਸਾਂਝੀ ਅਗਵਾਈ ਵਾਲੀ ਬ੍ਰਿਟਿਸ਼ ਫੌਜ ਨੂੰ ਉਹ ਟੱਕਰ ਦਿੱਤੀ ਸੀ। ਜਿਸ ਵਿੱਚ ਅੰਗਰੇਜ ਜਰਨੈਲ ਭਾਰਤ ਨੂੰ ਹੱਥੋਂ ਖੁੱਸਦਾ ਮਹਿਸੂਸ ਕਰ ਰਹੇ ਸਨ। ਪਰ ਤੇਜ ਸਿੰਘ ਵੱਲੋਂ ਕੀਤੀ ਗਦਾਰੀ ਕਾਰਨ ਸਾਰਾ ਪਾਸਾ ਹੀ ਪਲਟ ਗਿਆ ਅਤੇ ਖਾਲਸਾ ਫੌਜ (ਫੌਜ-ਇ-ਖਾਸ) ਦਾ ਇੱਕ ਅਹਿਮ ਪੰਨਾ ਲਿਖ ਹੁੰਦਾ ਹੁੰਦਾ ਰਹਿ ਗਿਆ।