ਐਵੇਂ ਨਾ ਲੜਿਆ ਕਰ ਢੋਲਾ (ਲੇਖ )

ਨਿਸ਼ਾਨ ਸਿੰਘ ਰਾਠੌਰ   

Email: nishanrathaur@gmail.com
Address: ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ
ਕੁਰੂਕਸ਼ੇਤਰ India
ਨਿਸ਼ਾਨ ਸਿੰਘ ਰਾਠੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਡੇ ਸਮਾਜਕ ਜੀਵਨ ਵਿੱਚ ਔਰਤ ਅਤੇ ਮਰਦ ਦਾ ਰੋਲ ਬਰਾਬਰ ਮੰਨਿਆ ਜਾਂਦਾ ਹੈ| ਔਰਤ ਤੇ ਮਰਦ, ਜੀਵਨ ਰੂਪੀ ਰਸਤੇ ਤੇ ਇਕੱਠੇ ਹੀ ਸਫ਼ਰ ਕਰਦੇ ਹਨ ਪਰ ਜੇਕਰ ਦੋਹਾਂ 'ਚੋਂ ਇੱਕ ਵੀ ਆਪਣੇ ਰੋਲ ਨੂੰ ਠੀਕ ਢੰਗ ਨਾਲ ਨਹੀਂ ਨਿਭਾਉਂਦਾ ਤਾਂ ਜੀਵਨ ਦਾ ਪੰਧ ਕਠਿਨ ਹੋ ਜਾਂਦਾ ਹੈ| ਭਾਰਤੀ ਅਤੇ ਖਾਸ ਕਰਕੇ ਪੰਜਾਬੀ ਸਮਾਜ ਵਿੱਚ ਮਰਦ ਨੂੰ ਪ੍ਰਧਾਨਤਾ ਵਾਲਾ ਰੁਤਬਾ ਹਾਸਲ ਹੈ| ਮਰਦ ਆਪਣੇ ਆਪ ਨੂੰ ਔਰਤ ਨਾਲੋਂ ਜਿਆਦਾ ਸਿਆਣਾ ਅਤੇ ਵੱਡਾ ਸਮਝਦਾ ਹੈ| ਇਸੇ ਕਰਕੇ ਪਤੀ- ਪਤਨੀ ਵਿੱਚ ਜਦੋਂ ਤਕਰਾਰ ਹੁੰਦੀ ਹੈ ਤਾਂ ਪਤੀ/ਮਰਦ ਇਹ ਚਾਹੁੰਦਾ ਹੈ ਕਿ ਉਸਦੀ ਪਤਨੀ/ਔਰਤ ਉਸ ਨੂੰ ਮਨਾਵੇ| ਤਕਰਾਰ ਵਿੱਚ ਗਲਤੀ ਭਾਵੇਂ ਪਤੀ/ਮਰਦ ਦੀ ਹੀ ਹੋਵੇ ਪਰ ਉਹ ਚਾਹੁੰਦਾ ਹੈ ਕਿ ਉਸਦੀ ਪਤਨੀ/ਔਰਤ ਹੀ ਉਸ ਤੋਂ ਮੁਆਫ਼ੀ ਮੰਗੇ| 
ਔਰਤ ਨੂੰ ਘਰ ਦੀ ਲਛਮੀ ਕਿਹਾ ਜਾਂਦਾ ਹੈ ਪਰ ਇਹ ਲਛਮੀ ਹਮੇਸ਼ਾ ਪਿਆਰ/ਸਤਿਕਾਰ ਦੀ ਤਾਂਘ ਵਿੱਚ ਪੂਰੀ ਜ਼ਿੰਦਗੀ ਮਰਦ ਦੇ ਪਰਛਾਵੇਂ ਹੇਠ ਬਤੀਤ ਕਰ ਦਿੰਦੀ ਹੈ| ਆਓ, ਘਰ ਦੀ ਲਛਮੀ ਨੂੰ ਪਿਆਰ/ਸਤਿਕਾਰ ਦੇ ਕੇ ਚੰਗੇ ਪਤੀ ਹੋਣ ਦਾ ਫ਼ਰਜ਼ ਨਿਭਾਈਏ ਅਤੇ ਆਪਣੇ ਵਿਆਹੁਤਾ ਜੀਵਨ ਨੂੰ ਸਵਰਗ ਬਣਾਈਏ|
ਪਤਨੀ ਨੂੰ ਖੁਸ਼ ਰੱਖਣ ਦੇ ਤਰੀਕੇ:
ਇੱਥੇ ਘਰਵਾਲੀ ਨੂੰ ਖੁਸ਼ ਰੱਖਣ ਦੇ ਕੁੱਝ ਸੁਝਾਅ ਦਿੱਤੇ ਜਾ ਰਹੇ ਹਨ| ਵਿਆਹੁਤਾ ਬੰਦੇ ਇਹਨਾਂ ਤੋਂ ਸਿੱਖਿਆ ਲੈ ਕੇ ਆਪਣੇ ਗ੍ਰਹਿਸਥ ਜੀਵਨ ਨੂੰ ਸਵਰਗ ਬਣਾ ਸਕਦੇ ਹਨ ਅਤੇ ਚੰਗੇ ਪਤੀ ਬਨਣ ਦਾ ਸੁਪਨਾ ਸਾਕਾਰ ਕਰ ਸਕਦੇ ਹਨ|
1. ਘਰਾਂ ਵਿੱਚ ਲੜ੍ਹਾਈ/ਝਗੜਾ ਆਮ ਗੱਲ ਹੈ| ਇਸ ਲਈ ਪਤੀ- ਪਤਨੀ ਵਿੱਚ ਤਕਰਾਰ ਹੁੰਦੀ ਰਹਿੰਦੀ ਹੈ ਪਰ ਕਦੇ- ਕਦੇ ਆਪਣਾ ਗੁੱਸਾ ਛੱਡ ਕੇ ਪਤਨੀ ਨੂੰ ਮਨਾਓ ਅਤੇ ਉਸ ਨੂੰ ਇਹ ਅਹਿਸਾਸ ਕਰਵਾਓ ਕਿ ਉਹ ਠੀਕ ਸੀ| ਇਸ ਨਾਲ ਉਹ ਬਹੁਤ ਛੇਤੀ ਮੰਨ ਜਾਵੇਗੀ ਅਤੇ ਝਗੜਾ ਵੀ ਜਲਦ ਹੀ ਖਤਮ ਹੋ ਜਾਵੇਗਾ|
2.æਘਰਵਾਲੀ ਵੱਲੋਂ ਬਣਾਏ ਖਾਣੇ ਦੀ ਤਾਰੀਫ਼ ਕਰੋ| ਉਸ ਨੂੰ ਇਹ ਅਹਿਸਾਸ ਕਰਵਾਓ ਕਿ ਉਹ ਬਹੁਤ ਵਧੀਆਂ ਖਾਣਾ ਬਣਾਉਂਦੀ ਹੈ| ਇਸ ਨਾਲ ਤੁਹਾਨੂੰ ਰੋਜ਼ ਨਵੇਂ- ਨਵੇਂ ਪਕਵਾਨ ਖਾਣ ਨੂੰ ਮਿਲਣਗੇ ਤੇ ਸ਼੍ਰੀਮਤੀ ਜੀ ਵੀ ਖੁਸ਼ ਰਹੂਗੀ|
3.æਕਦੇ ਵੀ ਘਰਵਾਲੀ ਦੇ ਪੇਕੇ ਪਰਿਵਾਰ ਬਾਰੇ ਮੰਦਾ ਨਾ ਬੋਲੋ| ਹਾਂ, ਜੇਕਰ ਕੁੱਝ ਬੋਲਣਾ ਵੀ ਹੋਵੇ ਤਾਂ ਚੰਗਾ ਹੀ ਬੋਲੋ| ਭੁੱਲ ਕੇ ਵੀ ਘਰਵਾਲੀ ਦੇ ਪੇਕੇ ਪਰਿਵਾਰ, ਭਰਾਵਾਂ, ਮਾਤਾ, ਪਿਤਾ ਜਾਂ ਹੋਰ ਪਰਿਵਾਰਕ ਮੈਂਬਰਾਂ ਬਾਰੇ ਗਲਤ ਸ਼ਬਦ ਇਸਤਮਾਲ ਨਾ ਕਰੋ| ਇਸ ਨਾਲ ਘਰ ਵਿੱਚ ਕਲੇਸ਼ ਪੈ ਸਕਦਾ ਹੈ| ਕੋਈ ਵੀ ਔਰਤ ਆਪਣੇ ਪੈਕੇ ਪਰਿਵਾਰ ਬਾਰੇ ਕਦੇ ਵੀ ਗਲਤ ਨਹੀਂ ਸੁਣ ਸਕਦੀ| ਉਹ ਭਾਵੇਂ ਬਹੁਤ ਮਾੜੇ ਹੀ ਕਿਉਂ ਨਾ ਹੋਣ, ਪਰ ਔਰਤ ਇਹ ਕਦੇ ਬਰਦਾਸ਼ਤ ਨਹੀਂ ਕਰਦੀ ਕਿ ਕੋਈ ਉਸਦੇ ਪੇਕੇ ਪਰਿਵਾਰ ਬਾਰੇ ਗਲਤ ਸ਼ਬਦ ਬੋਲੇ|
4. ਬੱਚਿਆਂ ਦੇ ਸਾਹਮਣੇ ਆਪਣੀ ਸ਼੍ਰੀਮਤੀ ਜੀ ਨੂੰ ਕਦੇ ਵੀ ਨਾ ਟੋਕੋ ਅਤੇ ਨਾ ਹੀ ਕਦੇ ਗਾਲ੍ਹੀ- ਗਲੋਚ ਕਰੋ| ਪਤਨੀ ਤੋਂ ਜੇਕਰ ਕੋਈ ਗਲਤੀ ਹੋ ਵੀ ਜਾਂਦੀ ਹੈ ਤਾਂ ਵੀ ਉਸ ਨੂੰ ਇਕੱਲੀ ਨੂੰ ਸਮਝਾਓ ਅਤੇ ਸਮਝਾਉਣ ਦੀ ਸ਼ਬਦਾਵਲੀ ਵੀ ਚੰਗੀ ਰੱਖੋ| ਇਸ ਨਾਲ ਉਸਦਾ ਸਤਿਕਾਰ ਬੱਚਿਆਂ ਵਿੱਚ ਵੀ ਬਣਿਆ ਰਹੇਗਾ ਅਤੇ ਉਹ ਸਮਝ ਵੀ ਜਾਵੇਗੀ|
5.æਪਤਨੀ ਤੋਂ ਹੋਈ ਕਿਸੇ ਭੁੱਲ ਲਈ ਉਸ ਨੂੰ ਕਦੇ ਵੀ ਤਾਹਨੇ- ਮਿਹਣੇ ਦਾ ਮਾਰੋ| ਉਹ ਤੁਹਾਡੀ ਜੀਵਨ ਸਾਥਣ ਹੈ| ਉਸਦੀ ਭੁੱਲ ਨੂੰ ਯਾਰਾਂ- ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਸਾਹਮਣੇ ਬਿਆਨ ਨਾ ਕਰੋ| ਤੁਸੀਂ ਜੇਕਰ ਉਸਨੂੰ ਪਿਆਰ/ਸਤਿਕਾਰ ਨਾਲ ਸਮਝਾਓਗੇ ਤਾਂ ਉਹ ਜ਼ਰੂਰ ਸਮਝ ਜਾਵੇਗੀ ਪਰ ਦੂਜਿਆਂ ਸਾਹਮਣੇ ਉਸਦੀ ਇੱਜ਼ਤ ਨੂੰ ਖ਼ਰਾਬ ਨਾ ਕਰੋ| ਇਸ ਨਾਲ ਪਤੀ- ਪਤਨੀ ਵਿਚਾਲੇ ਦੂਰੀਆਂ ਵੱਧ ਸਕਦੀਆਂ ਹਨ ਅਤੇ ਘਰੇ ਕਲੇਸ਼ ਪੈ ਸਕਦਾ ਹੈ| 
6. ਕਦੇ- ਕਦਾਈਂ ਪਤਨੀ ਨੂੰ ਬਾਹਰ ਘੁੰਮਾਉਣ ਲੈ ਕੇ ਜਾਓ ਅਤੇ ਉਸਦੀ ਪਸੰਦ ਦੀ ਚੀਜ਼ ਖਾਓ- ਪੀਓ| ਉਸਦੇ ਪਸੰਦ ਦੇ ਹੋਟਲ ਜਾਂ ਪਾਰਕ ਵਿੱਚ ਜਾਓ ਅਤੇ ਉਸ ਨੂੰ ਇਹ ਅਹਿਸਾਸ ਕਰਵਾਓ ਕਿ ਉਸਦੀ ਪਸੰਦ ਦਾ ਹੋਟਲ/ਪਾਰਕ ਸੱਚਮੁਚ ਬਹੁਤ ਵਧੀਆ ਹੈ| ਇਸ ਨਾਲ ਆਪਸੀ ਪ੍ਰੇਮ- ਪਿਆਰ ਵੱਧੇਗਾ|
7. ਪਤੀ ਨੂੰ ਚਾਹੀਦਾ ਹੈ ਕਿ ਉਹ ਸਮੇਂ- ਸਮੇਂ ਸਿਰ ਆਪਣੇ ਵਿੱਤ ਮੁਤਾਬਕ ਪਤਨੀ ਨੂੰ ਕਪੜੇ, ਗਹਿਣੇ ਜਾਂ ਹੋਰ ਹਾਰ- ਸ਼ਿੰਗਾਰ ਦਾ ਸਾਮਾਨ ਲੈ ਕੇ ਦਿੰਦਾ ਰਹੇ| ਇਸ ਨਾਲ ਪਤਨੀ ਕਦੇ ਵੀ ਆਪਣੇ ਮੂੰਹੋਂ ਚੀਜ਼ ਮੰਗਣ ਤੋਂ ਸੰਕੋਚ ਕਰੇਗੀ ਕਿਉਂਕਿ ਤੁਸੀਂ ਬਿਨਾਂ ਉਸ ਦੇ ਕਹੇ ਹੀ ਉਸਦੀਆਂ ਖਵਾਹਿਸ਼ਾ ਪੂਰੀਆਂ ਕਰਦੇ ਰਹਿੰਦੇ ਹੋ|
8. ਪਤਨੀ ਦੇ ਮੋਟਾਪੇ, ਬੀਮਾਰੀ, ਰਹਿਣ- ਸਹਿਣ ਅਤੇ ਪੜ੍ਹਾਈ- ਲਿਖਾਈ ਬਾਰੇ ਕਦੇ ਵੀ ਵਿਅੰਗ ਨਾ ਕੱਸੋ, ਕਿਉਂਕਿ ਵਿਆਹ ਕਰਵਾਉਣ ਵੇਲੇ ਤੁਹਾਨੂੰ ਸਭ ਕੁੱਝ ਪਤਾ ਸੀ| ਹੁਣ ਤਾਹਨੇ- ਮਿਹਣੇ ਮਾਰਨ ਨਾਲ ਗ੍ਰਹਿਸਥ ਜੀਵਨ ਖਰਾਬ ਹੋ ਸਕਦਾ ਹੈ ਅਤੇ ਇਸ ਨਾਲ ਹੱਥ ਕੁੱਝ ਵੀ ਨਹੀਂ ਆਉਣਾ| 
9. ਹਰ ਦੁੱਖ- ਸੁੱਖ ਵੇਲੇ ਪਤਨੀ ਦਾ ਸਾਥ ਦੇਵੋ ਕਿਉਂਕਿ ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ ਤਾਂ ਪਤਨੀ ਤੋਂ ਉਮੀਦ ਰੱਖਦੇ ਹੋ ਕੇ ਉਹ ਤੁਹਾਨੂੰ ਦਿਲਾਸਾ ਦੇਵੇ, ਤੁਹਾਡਾ ਸਾਥ ਦੇਵੇ| ਇਸ ਪ੍ਰਕਾਰ ਜਦੋਂ ਪਤਨੀ ਪਰੇਸ਼ਾਨ ਨਾਂ ਬੀਮਾਰ ਹੋਵੇ ਤਾਂ ਤੁਹਾਨੂੰ ਉਸਦਾ ਸਾਥ ਦੇਣਾ ਚਾਹੀਦਾ ਹੈ| ਇਸ ਨਾਲ ਉਸਦੇ ਮਨ ਵਿੱਚ ਤੁਹਾਡਾ ਸਤਿਕਾਰ ਕਈ ਗੁਣਾਂ ਵੱਧ ਜਾਵੇਗਾ|
10. ਘਰ ਦੇ ਕੰਮਾਂ ਵਿੱਚ ਅਕਸਰ ਹੀ ਆਪਣੀ ਪਤਨੀ ਦੀ ਰਾਏ ਲੈਂਦੇ ਰਹਿਆ ਕਰੋ| ਜਿਵੇਂ ਪੱਖਾ ਕਿਹੜੀ ਕੰਪਨੀ ਦਾ ਲੈਣਾ ਹੈ? ਪੈਂਟ ਕਿਹੜੇ ਰੰਗ ਦਾ ਕਰਵਾਉਣਾ ਹੈ? ਕਾਰ, ਸਕੂਟਰ, ਮੋਟਰ-ਸਾਈਕਲ ਆਦਿਕ ਖਰੀਦਦੇ ਸਮੇਂ ਆਪਣੀ ਪਤਨੀ ਦੀ ਸਲਾਹ ਲੈਣ ਨਾਲ ਤੁਹਾਡਾ ਵਿਆਹੁਤਾ ਜੀਵਨ ਸਵਰਗ ਬਣ ਜਾਵੇਗਾ|
11. ਘਰ ਦੇ ਕੰਮਾਂ ਵਿੱਚ ਪਤਨੀ ਨਾਲ ਕਦੇ- ਕਦਾਈਂ ਹੱਥ ਵੰਡਾਇਆ ਕਰੋ| ਇਸ ਨਾਲ ਇੱਕ ਦਾ ਉਸਦਾ ਬੋਝ ਘੱਟ ਹੋਵੇਗਾ ਦੂਜਾ ਉਹ ਤੁਹਾਡੇ ਨਾਲ ਦੋਸਤਾਂ ਵਾਂਗ ਪੇਸ਼ ਆਵੇਗੀ, ਜਿਸ ਨਾਲ ਗ੍ਰਹਿਸਥ ਜੀਵਨ ਵਧੀਆ ਬਤੀਤ ਹੋਵੇਗਾ| 
12. ਪਤਨੀ ਨਾਲ ਹਮੇਸ਼ਾ ਬਰਾਬਰਤਾ ਵਾਲਾ ਰਿਸ਼ਤਾ ਰੱਖੋ| ਉਸਨੂੰ ਇਹ ਅਹਿਸਾਸ ਨਾ ਕਰਵਾਓ ਕਿ ਤੁਸੀਂ ਵੱਡੇ ਹੋ, ਸਿਆਣੇ ਹੋ, ਬਲਕਿ ਇਹ ਅਹਿਸਾਸ ਕਰਵਾਓ ਕਿ ਆਪਾਂ ਦੋਵੇਂ ਬਰਾਬਰ ਹਾਂ| ਇਸ ਨਾਲ ਤੁਹਾਡੇ ਦੋਹਾਂ ਦੇ ਰਿਸ਼ਤੇ ਵਿੱਚ ਵਿਸ਼ਵਾਸ ਕਾਇਮ ਹੋਵੇਗਾ|
ਸੋ ਉੱਪਰ ਲਿਖੇ ਕੁੱਝ ਨੁਕਤਿਆਂ ਨਾਲ ਅਸੀਂ ਆਪਣੀ ਘਰਵਾਲੀ ਦਾ ਵਿਸ਼ਵਾਸ ਜਿੱਤ ਸਕਦੇ ਹਾਂ ਅਤੇ ਚੰਗੇ ਪਤੀ ਬਣ ਸਕਦੇ ਹਾਂ ਤਾਂ ਕਿ ਸਾਡੀ ਪਤਨੀ ਸਾਨੂੰ ਦਿਲ ਤੋਂ ਪਿਆਰ/ਸਤਿਕਾਰ ਕਰੇ ਅਤੇ ਸਾਡਾ ਵਿਆਹੁਤਾ ਜੀਵਨ ਸਵਰਗਾਂ ਵਾਂਗ ਬਤੀਤ ਹੋਵੇ|