ਬੈਰੀ ਤੋੜਨ ਬਾਬਲਾ ! ਵੇ ਤੇਰੀਆਂ ਲਾਡਲੀਆਂ ਧੀਆਂ
(ਕਵਿਤਾ)
ਬੈਰੀ ਤੋੜਨ ਬਾਬਲਾ! ਵੇ ਤੇਰੀਆਂ ਲਾਡਲੀਆਂ ਧੀਆਂ
ਅੱਥਰੂ ਰੋੜ੍ਹਨ ਬਾਬਲਾ! ਵੇ ਤੇਰੀਆਂ ਲਾਡਲੀਆਂ ਧੀਆਂ
ਜਾਣ ਕੇ ਸੁਰਗ ਕੈਨੇਡਾ, ਡੋਲੀ ਵਿੱਚ ਜਹਾਜ ਦੀ ਚੜ੍ਹੀਆਂ
ਨਿਰਮੋਹੀ ਧਰਤੀ ਦੇ ਉੱਤੇ ਡੌਰ-ਭੌਰੀਆਂ ਖੜ੍ਹੀਆਂ
ਆਪਣੇ ਲੋੜਨ ਬਾਬਲਾ! ਵੇ ਤੇਰੀਆਂ ਲਾਡਲੀਆਂ ਧੀਆਂ
ਬੈਰੀ ਤੋੜਨ ਬਾਬਲਾ! ਵੇ ਤੇਰੀਆਂ ਲਾਡਲੀਆਂ ਧੀਆਂ
ਇੱਕ ਸੁਫਨਾ, ਜਿਹਦਾ ਰੰਗ ਸੰਧੂਰੀ ਟੋਟੇ ਟੋਟੇ ਹੋਇਆ
ਗਰੀਨ-ਹਾਊਸ ਦੇ ਸ਼ੀਸ਼ੇ ਦੇ ਵਿੱਚ ਧਾਹਾਂ ਮਾਰ ਕੇ ਰੋਇਆ
ਟੋਟੇ ਜੋੜਨ ਬਾਬਲਾ! ਵੇ ਤੇਰੀਆਂ ਲਾਡਲੀਆਂ ਧੀਆਂ
ਬੈਰੀ ਤੋੜਨ ਬਾਬਲਾ! ਵੇ ਤੇਰੀਆਂ ਲਾਡਲੀਆਂ ਧੀਆਂ
ਸਿਰ ਤੋਂ ਸੂਹੇ ਸੁੱਭਰ ਲਹਿ ਗਏ ਫਰਜ਼-ਚਾਦਰਾਂ ਤਣੀਆਂ
ਡਾਲਰ 'ਕੱਠੇ ਕਰਨ ਵਾਲੀਆਂ ਏਹ ਮਸ਼ੀਨਾਂ ਬਣੀਆਂ
ਲਹੂ ਨਿਚੋੜਨ ਬਾਬਲਾ! ਵੇ ਤੇਰੀਆਂ ਲਾਡਲੀਆਂ ਧੀਆਂ
ਬੈਰੀ ਤੋੜਨ ਬਾਬਲਾ! ਵੇ ਤੇਰੀਆਂ ਲਾਡਲੀਆਂ ਧੀਆਂ
ਗੁੱਡੀਆਂ ਵਾਂਗਰ, ਤੇਰੇ ਵਿਹੜੇ ਰਹਿ ਗਏ ਹਾਸੇ-ਰੋਸੇ
ਨਾ ਕੋਈ ਮੂੰਹ ਵਿੱਚ ਬੁਰਕੀ ਪਾਵੇ ਨਾ ਕੋਈ ਸਿਰ ਪਲੋਸੇ
ਮੱਥਾ ਫੋਹੜਨ ਬਾਬਲਾ! ਵੇ ਤੇਰੀਆਂ ਲਾਡਲੀਆਂ ਧੀਆਂ
ਬੈਰੀ ਤੋੜਨ ਬਾਬਲਾ! ਵੇ ਤੇਰੀਆਂ ਲਾਡਲੀਆਂ ਧੀਆਂ
ਹਾੜ੍ਹਾ ਵੇ! ਬਿਨ ਦੇਖੇ ਪਰਖੇ ਨਾ ਕੋਈ ਧੀਆਂ ਵਿਆਹਿਓ!
ਚਿੜੀਆਂ ਦੇ ਇਸ ਚੰਬੇ ਨੂੰ ਨਾ ਖੰਭ ਜ਼ਖਮਾਂ ਦੇ ਲਾਇਓ!
ਉੱਡਣਾ ਲੋੜਨ ਬਾਬਲਾ! ਵੇ ਤੇਰੀਆਂ ਲਾਡਲੀਆਂ ਧੀਆਂ
ਬੈਰੀ ਤੋੜਨ ਬਾਬਲਾ! ਵੇ ਤੇਰੀਆਂ ਲਾਡਲੀਆਂ ਧੀਆਂ ।