ਤੇਰੀ ਮੇਰੀ ਜੇ ਕੋਈ ਮੁਹੱਬਤ ਹੈ ਤਾਂ ਹੈ।
ਤੱਕ ਤੈਨੂੰ ਬਦਲੀ ਮੇਰੀ ਨੀਅਤ ਹੈ ਤਾਂ ਹੈ।
ਹੋਵੇ ਅਸਮਾਨਾਂ ਦੇ ਪਾਰ ਬਸੇਰਾ ਅਪਣਾ,
ਪਾਲੀ ਹੋਈ ਜੇ ਏਨੀ ਹਸਰਤ ਹੈ ਤਾਂ ਹੈ।
ਤੇਰੀ ਤੇ ਮਸ਼ਰੂਫ਼ੀ ਹੁਸਨ ਹਿਫ਼ਾਜ਼ਤ ਅੰਦਰ,
ਮੈਨੂੰ ਜ਼ੁਲਫ ਉਡਾਵਣ ਦੀ ਫੁਰਸਤ ਹੈ ਤਾਂ ਹੈ।
ਕਰ ਮੁਹੱਬਤ ਜਿੰਦਗੀ ਲਟਕੀ ਪੇੜ ਖਜ਼ੂਰੀਂ ਹੈ,
ਤੈਨੂੰ ਸੁਣ ਆਵਣ ਹਾਸੇ ਹਕੀਕਤ ਹੈ ਤਾਂ ਹੈ।
ਮਰਨਾ ਹੈ ਜਾਂ ਜੀਵਨ ਦੇਣਾ ਤੇਰੇ ਇਸ਼ਕੇ
ਗੂੜ੍ਹੀ ਤੇਰੇ ਨਾਲ ਦਿਲੀ ਚਾਹਤ ਹੈ ਤਾਂ ਹੈ।
ਐ ਦੋਸਤ ਖੜਕਾ ਦੇਵੀਂ ਬੂਹਾ ਲੋੜ ਪਈ ਤੇ,
ਯਾਰੀ ਕਹਿ ਜਾਂ ਤੂੰ ਖਾਸ ਇਜ਼ਾਜ਼ਤ ਹੈ ਤਾਂ ਹੈ।
ਗਲ ਕਹਿਣੀ ਵਲ ਪਾ ਸਾਦੀ ਹੀ ਹੋਵੇ ਚਾਹੇ,
ਸ਼ਾਇਰ ਸੁਲਝੇ ਹੋਏ ਦੀ ਫਿਤਰਤ ਹੈ ਤਾਂ ਹੈ।
ਸਭਦੇ ਹੀ ਹੁੰਦੇ ਲੱਖਾਂ ਰਿਸ਼ਤੇ ਜੱਗ ਤੇ,
ਪਰ ਉਹ ਹੀ ਮੇਰੀ ਸਾਰੀ ਖ਼ਲਕਤ ਹੈ ਤਾਂ ਹੈ।
ਮੁਹੱਬਤ ਵੀ ਮੇਰੀ ਹੁੰਦੀ ਸੀ ਸਭ ਤੋਂ ਵਧਕੇ
ਹੁਣ ਰੂਹਾਂ ਨੂੰ ਚੀਰਦੀ ਨਫ਼ਰਤ ਹੈ ਤਾਂ ਹੈ।