ਕੁਵੈਤ ਵਿੱਚ ਪੰਜਾਬੀ ਸੱਥ ਦੀ ਸਥਾਪਨਾ (ਖ਼ਬਰਸਾਰ)


ਕੁਵੈਤ ਵਿੱਚ ਵੱਸਣ ਵਾਲੇ ਪੰਜਾਬੀਆਂ ਵੱਲੋਂ ਮਾਂ ਬੋਲੀ ਦੇ ਵਿਕਾਸ ਅਤੇ ਉੱਨਤੀ ਲਈ ਪਹਿਲਾਂ ਵੀ ਸਮੇਂ ਸਮੇਂ ਤੇ ਕੋਸ਼ਿਸ਼ਾਂ ਹੁੰਦੀਆਂ ਆਈਆਂ ਹਨ। ਜਿਸ ਲਈ ਸਤਿਗੁਰੂ ਰਵੀਦਾਸ ਵੈਲਫੇਅਰ ਸੋਸਾਇਟੀ ਕੁਵੈਤ ਵੱਲੋਂ ਉੱਥੇ ਵੱਸਦੇ ਭਾਈਚਾਰੇ ਅਤੇ ਪੰਜਾਬੀ ਬੋਲੀ ਨੂੰ ਚਾਹੁਣ ਵਾਲਿਆਂ ਨਾਲ ਮਿਲ ਕੇ ਕੁਵੈਤ ਦੀ ਧਰਤੀ ਉੱਪਰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪੰਜਾਬੀ ਸੱਥ ਦੀ ਸਥਾਪਤੀ ਕੀਤੀ ਗਈ ਹੈ। ਕੁਵੈਤ ਦੇ ਪੰਜਾਬੀ ਭਾਈਚਾਰੇ ਅਤੇ ਸਤਿਗੁਰੂ ਰਵੀਦਾਸ ਵੈਲਫੇਅਰ ਸੋਸਾਇਟੀ ਕੁਵੈਤ ਵੱਲੋਂ ਵਿਸ਼ੇਸ਼ ਸੱਦੇ ਉੱਪਰ ਭਾਰਤੀ ਹਾਈ ਕਮਿਸ਼ਨਰ ਵੱਲੋਂ ਸ੍ਰ ਸਰੂਪ ਸਿੰਘ, ਯੂ ਕੇ ਤੋਂ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਅਤੇ ਉਹਨਾਂ ਨਾਲ ਸ਼ਾਇਰ ਹਰਜਿੰਦਰ ਸਿੰਘ ਸੰਧੂ ਯੂ ਕੇ ਵੀ ਪਹੁੰਚੇ। ਜਿਹਨਾਂ ਨੇ ਸਾਂਝੇ ਤੌਰ 'ਤੇ ਪੰਜਾਬੀ ਸੱਥ ਦੀ ਨੀਂਹ ਰੱਖੀ। ਇਸ ਸਮੇਂ ਮੋਤਾ ਸਿੰਘ ਸਰਾਏ ਨੇ ਬੋਲਦੇ ਹੋਏ ਕਿਹਾ ਕਿ ਅੱਜ ਅਸੀਂ ਪੰਜਾਬੀ ਬੋਲੀ ਤੋਂ ਮੁਨਕਰ ਹੋ ਕੇ ਦੂਜੀਆਂ ਬੋਲੀਆਂ ਵੱਲ ਜਾ ਰਹੇ ਹਾਂ। ਪਰ ਆਪਣੀ ਬੋਲੀ ਨਾਲੋਂ ਦੂਜੀਆਂ ਬੋਲੀਆਂ ਨੂੰ ਪਹਿਲ ਦੇ ਕੇ ਅਸੀਂ ਮਾਂ ਬੋਲੀ ਨਾਲ ਵਿਤਕਰਾ ਕਰ ਰਹੇ ਹਾਂ। ਉਹਨਾਂ ਨੇ ਬਾਬਾ ਫਰੀਦ ਜੀ ਦੀ ਕਾਵਿ ਰਚਨਾ 'ਤੇ ਵੀ ਚਾਨਣਾ ਪਾਇਆ ਅਤੇ ਦੱਸਿਆ ਕਿ ਬਾਬਾ ਫਰੀਦ ਜੀ ਦੀ ਕਵਿਤਾ ਦੁਨੀਆਂ ਦੀ ਸਭ ਤੋਂ ਪੁਰਾਣੀ ਕਵਿਤਾ ਹੈ। ਪਰ ਅਸੀਂ ਇਹ ਗੱਲ ਦੁਨੀਆ ਤੱਕ ਪਹੁੰਚਾ ਨਹੀਂ ਸਕੇ, ਜੋ ਕਿ ਗੰਭੀਰ ਵਿਸ਼ਾ ਹੈ। ਇੱਥੇ ਇਹ ਗੱਲ ਵੀ  ਜ਼ਿਕਰਯੋਗ ਹੈ ਕਿ ਮੋਤਾ ਸਿੰਘ ਸਰਾਏ ਹੁਣ ਤੱਕ ਪੰਜਾਬੀ ਬੋਲੀ ਦੇ ਹਿੱਤ ਲਈ ਪੰਜਾਬੀ ਸੱਥ ਵੱਲੋਂ ਦੁਨੀਆਂ ਦੇ 47 ਦੇਸ਼ਾਂ ਵਿੱਚ ਜਾ ਚੁੱਕੇ ਹਨ ਅਤੇ 300 ਤੋਂ ਵੱਧ ਲਿਖਾਰੀਆਂ ਨੂੰ ਪ੍ਰਕਾਸ਼ਿਤ ਕਰ ਚੁੱਕੇ ਹਨ। ਭਾਰਤੀ ਹਾਈ ਕਮਿਸ਼ਨਰ ਕੁਵੈਤ ਸਰੂਪ ਸਿੰਘ ਨੇ ਗੁਰੂ ਨਾਨਕ ਜੀ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਗੁਰੂ ਜੀ ਨੇ ਮਾਨਵਤਾ ਦੇ ਭਲੇ ਲਈ ਦੁਨੀਆ ਭਰ ਵਿੱਚ ਚਾਰ ਉਦਾਸੀਆਂ ਕੀਤੀਆਂ। ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਜਿਸ ਤੇ ਚੱਲਣ ਦੀ ਸਾਰੀ  ਮਨੁੱਖਤਾ ਨੂੰ ਜਰੂਰਤ ਹੈ। ਇਸ ਸਮੇਂ ਹੋਰ ਵੀ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ, ਜਿਹਨਾਂ ਵਿੱਚ ਹਰਜਿੰਦਰ ਸਿੰਘ ਸੰਧੂ, ਲਸ਼ਕਰੀ ਰਾਮ ਜੱਖੂ ਅਤੇ ਤੇਜੀ ਨਾਚੀਜ਼ ਦਾ ਨਾਂ ਮੁੱਖ ਹੈ।