ਉਹ ਰਾਤ (ਲੇਖ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਲ ੧੯੯੧ ਦੀ ਹੈ। ਦਸਵੀਂ ਜਮਾਤ ਦੇ ਇਮਤਿਹਾਨ ਦੇ ਕੇ ਹਟੇ ਸੀ। ਕਣਕ ਦੀ ਵਾਢੀ ਦਾ ਸਮਾਂ ਹੋਣ ਕਰਕੇ ਕੁੱਝ ਸਮਾਂ ਦਾ ਕਣਕ ਦੀ ਵਾਢੀ ਕਰਦੇ ਲੰਘ ਗਿਆ। ਉਸ ਤੋਂ ਬਾਅਦ ਦਸ ਕੁ ਦਿਨਾਂ ਵਿੱਚ ਕਣਕ ਅਤੇ ਤੂੜੀ ਆਦਿ ਸਭ ਲੋਕਾਂ ਨੇ ਸਾਂਭ ਦਿੱਤੀ। ਦੋ ਕੁ ਦਿਨ ਮਾਲੇਰਕੋਟਲਾ ਦੇ ਸੱਟੇ ਬਜ਼ਾਰ ਵਿੱਚ ਦਿਹਾੜੀ ਜਾਂਦਾ ਰਿਹਾ ਪਰ ਮੜਚੂ ਜਿਹਾ ਜੁਆਕ ਜਿਹਾ ਦੇਖ ਕੇ ਕੋਈ ਵੀ ਦਿਹਾੜੀ ਲੈ ਕੇ ਜਾਣ ਨੂੰ ਤਿਆਰ ਨਹੀਂ ਸੀ। ਇਸ ਕਰਕੇ ਬੇਬੇ ਨੇ ਪਿੰਡ ਵਿੱਚ ਹੀ ਇੱਕ ਜੱਟ ਪਰਿਵਾਰ ਨਾਲ ਦੋ ਮਹੀਨੇ ਲਈ ਸੀਰੀ ਰਲਾ ਦਿੱਤਾ।ਮੈਨੂੰ ਵੀ ਬੇਬੇ ਦਾ ਫੈਸਲਾ ਠੀਕ ਲੱਗਿਆ ਕਿਉਂ ਕਿ ਸ਼ਹਿਰ ਵਿੱਚ ਭਾਵੇਂ ਪੈਸੇ ਨਕਦ ਅਤੇ ਸਮੇਂ ਅਨੁਸਾਰ ਕੰਮ ਕਰਨਾ ਪੈਂਦਾ ਸੀ । ਪਰ ਕੋਈ ਦਿਹਾੜੀ ਲੈ ਕੇ ਜਾਣ ਨੁੰ ਤਿਆਰ ਨਹੀਂ ਸੀ……..ਦੋ ਤਿੰਨ ਦਿਨ ਵਾਪਸ ਹੀ ਮੁੜਦਾ ਰਿਹਾ।
ਜੀਰੀ (ਝੋਨਾ) ਲਾਉਣ ਦੀ ਲਗਭਗ ਤਿਆਰੀ ਹੋ ਰਹੀ ਸੀ। ਇਸ ਕਰਕੇ ਇਹ ਦਿਨਾਂ ਵਿੱਚ ਜੀਮੀਦਾਰਾਂ ਨੂੰ ਕੰਮ ਬਹੁਤ ਹੁੰਦਾ ਹੈ। ਜਿਸ ਪਰਿਵਾਰ ਨਾਲ ਮੈਂ ਸੀਰੀ ਰਲਿਆ ਸੀ। ਉਹ ਪਰਿਵਾਰ ਮੇਰੇ ਚਾਚਿਆਂ ਦੀ ਥਾਂ ਲਗਦਾ ਸੀ। ਇਸ ਕਰਕੇ ਚਾਚੇ ਨੇ ਮੈਨੂੰ ਪਹਿਲੇ ਦਿਨ ਹੀ ਸਾਰਾ ਕੰਮ ਸਮਝਾ ਦਿੱਤਾ। ਸਵੇਰੇ ਲਗਭਗ ਪੰਜ ਕੁ ਵਜੇ ਮੈਂ ਉਹਨਾਂ ਦੇ ਘਰ ਚਲਾ ਜਾਂਦਾ। ਡੰਗਰਾਂ ਨੂੰ ਕੱਖ-ਪੱਠਾ ਪਾਉਦਾਂ ਅਤੇ ਚਾਹ ਪੀ ਕੇ ਖੇਤ ਨੂੰ ਚਲਾ ਜਾਂਦਾ। ਪਹਿਲਾਂ ਪੱਠੇ ਵੰਢਣੇ ਫੇਰ ਕੋਈ ਨਾ ਕੋਈ ਵੱਟ ਘੜਨ ਦਾ ਹੁਕਮ ਮਿਲ ਜਾਣਾ। ਸਿਖਰ ਦੁਪਿਹਰੇ ਝੋਨੇ ਦੇ ਖੇਤ ਵਿੱਚ ਕੀਤੇ ਕੱਦੂ ਦੀਆਂ ਧੋੜੀਆਂ ਪੱਧਰ ਕਰਨ ਦਾ ਹੁਕਮ ਮਿਲ ਜਾਣਾ।ਇਸ ਤਰ੍ਹਾਂ ਕਈ ਦਿਨ ਕੰਮ ਚਲਦਾ ਰਿਹਾ।
ਸਾਡੇ ਪਿੰਡ ਤੋਂ ਲਗਭਗ ਚਾਰ ਕੁ ਕਿਲੋਮੀਟਰ ਦੀ ਦੂਰੀ ਤੇ ਝੀਂਡੇ'ਚ ਚਾਚੇ ਹੋਣਾ ਦੀ  ਸਾਡੇ ਪਿੰਡ ਦੇ ਨਾਲ ਲਗਦੇ ਪਿੰਡ ਦੇ ਕਿਸੇ ਸਰਦਾਰ ਦੀ ਪੀਰਾਂ ਵਾਲੀ ਮੋਟਰ ਦੇ ਨਾਮ ਨਾਲ ਮਸ਼ਹੂਰ ਜ਼ਮੀਨ, ਠੇਕੇ ਤੇ ਲਈ ਹੋਈ ਸੀ। ਹੁਣ ਮੇਰੀ ਡਿਊਟੀ ਜ਼ਿਆਦਾਤਰ ਿeਸ ਮੋਟਰ ਤੇ ਲਗਾ ਰੱਖੀ ਸੀ। ਕਿਉਂ ਕਿ ਮੈਨੂੰ ਜ਼ਿਆਦਾ ਕੰਮ ਦੀ ਤਾਂ ਜਾਣਕਾਰੀ ਨਹੀਂ ਸੀ ਪਰ ਜੋ ਵੀ ਕੰਮ ਮੈਨੂੰ ਸਮਝਾ ਦਿੰਦੇ ਮੈਂ ਉਸ ਨੂੰ ਵਧੀਆ ਤਰੀਕੇ ਨਾਲ ਕਰ ਲੈਂਦਾ। ਇਸ ਕਰਕੇ ਮੇਰੇ ਉੱਪਰ ਚਾਚੇ ਹੋਣਾ ਦਾ ਕਾਫੀ ਭਰੋਸਾ ਬਣ ਚੁੱਕਾ ਸੀ।ਹੁਣ ਤਾਂ ਕਈ ਵਾਰ ਰਾਤ ਨੂੰ ਵੀ ਮੈਨੂੰ ਇਸੇ ਮੋਟਰ ਤੇ ਰੱਖਦੇ…………ਰਾਤ ਨੂੰ ਨੱਕੇ ਮੋੜਨ ਦੀ ਜੁੰਮੇਵਾਰੀ ਮੇਰੀ ਪੱਕੀ ਹੀ ਲਗਾ ਰੱਖੀ ਸੀ।ਮੈਨੂੰ ਰਾਤ ਨੂੰ ਡਰ ਤਾਂ ਬਹੁਤ ਲਗਦਾ ਪਰ ਮੈਂ ਆਪਣੇ ਡਰ ਨੂੰ ਛੁਪਾਉਣ ਲਈ ਕਦੇ ਵੀ ਕੰਮ ਤੋਂ ਜੁਆਬ ਨਾ ਦਿੰਦੇ ਅਤੇ ਇਹੀ ਆਪਣੇ ਆਪ ਨੂੰ ਧਰਵਾਸਾ ਦਿੰਦਾ ਕੇ ਚਾਚਾ ਵੀ ਤਾਂ ਮੋਟਰ ਤੇ ਹੀ ਹੈ ਭਾਵੇਂ ਘੂਕ ਸੁਤਾ ਹੀ ਪਿਆ।ਹੋਰ ਮੋਟਰਾਂ ਵਾਲੇ ਵੀ ਖੁਦ ਜਾ ਉਹਨਾਂ ਦੇ ਮੇਰੇ ਵਾਂਗੂੰ ਸੀਰੀ ਨੱਕੇ ਮੋੜਦੇ ਸੀ।ਜਿਸ ਨਾਲ ਮੈਨੂੰ ਕੁੱਝ ਦਲੇਰੀ ਮਿਲ ਜਾਂਦੀ।
ਇੱਕ ਰਾਤ ਨੂੰ ਲਾਈਟ ਰਾਤ ਨੂੰ ਲਗਭਗ ੧੨ ਕੁ ਵਜੇ ਆਉਣੀ ਸੀ। ਮੈਂ ਤੇ ਚਾਚਾ ਲਾਈਟ ਦੀ ਉਡੀਕ ਕਰਦੇ ਰਹੇ ਪਰ ਚਾਚਾ ਤਾਂ ਸੌਂ ਗਿਆ ਪਰ ਮੈਂ ਲਾਈਟ ਦੀ ਉਡੀਕ ਕਰਦਾ ਰਿਹਾ। ਜਿਉਂ ਹੀ ਲਾਈਟ ਆਈ, ਮੈਂ ਅੰਦਰ ਸਟਾਟਰ ਦੀ ਸੁੱਚ ਲਾਉਣ ਗਿਆ। ਸਟਾਟਰ ਤੇ ਸੱਪ ਬੈਠਾ ਜਿਸ ਨੂੰ ਦੇਖ ਮੇਰੀ ਤਾਂ ਕੂਕ ਨਿਕਲ ਗਈ। ਚਾਚਾ ਇਕ ਦਮ ਉੱਠਿਆ….. ਕੀ ਹੋ ਗਿਆ,,ਕੀ ਹੋ ਗਿਆ…. ਸ਼ਾਇਦ ਚਾਚੇ ਨੂੰ ਲੱਗਿਆ ਹੋਣਾ ਕਿ ਸਾਲੇ ਜੁਆਕ ਜਿਹੇ ਨੇ ਲਾਈਟ ਨੂੰ ਹੱਥ ਲਾ ਲਿਆ………..ਪਰ ਮੇਰੇ ਮੂੰਹ'ਚੋ ਅਵਾਜ਼ ਨਾ ਨਿਕਲੇ।ਮੈਂ ਫੁੱਲੇ ਹੋਏ ਸਾਹ ਨਾਲ "…..ਹੱਪ……….ਹੱਪ…………ਸਟਾਟਰ ……….ਹੱਪ…………"."ਸਾਲਾ ਹੱਪ ਦਾ ਕੀ ਹੋਇਆ? ਦੱਸ ਨਹੀਂ ਤਾਂ ਦੋ ਸੁੱਟੂ ਸਾਲੇ ਦੇ ਕੰਨਾਂ ਤੇ" ਚਾਚੇ ਦੇ ਗੁੱਸੇ ਨੇ ਮੇਰਾ ਸਾਹ ਹੋਰ ਫੁੱਲਾ ਦਿੱਤਾ। 
"ਚਾਚਾ ਸਟਾਟਰ ਤੇ ਸੱਪ ਬੈਠਾ{" ਆਪਣੇ ਸਾਹ ਨੂੰ ਕੰਟਰੋਲ ਕਰਦੇ ਹੋਏ ਨੇ ਮੈਂ ਦੱਸਿਆ। "ਬਸ! ਸੱਪ ਤੋਂ ਹੀ ਡਰ ਗਿਆ। ਲਿਆ ਸੋਟੀ ਚੁੱਕ ਕੇ ਮਾਰੀਏ ਸਾਲੇ ਨੂੰ।" ਚਾਚੇ ਨੇ ਜਾਣ ਸਾਰ ਸੋਟੀ ਸਟਾਟਰ ਤੇ ਮਾਰੀ । ਸੱਪ ਤਾਂ ਨਾ ਮਰਿਆ ਪਰ ਸਟਾਟਰ ਦੇ ਨਾਲ ਲੱਗਿਆ ਕਮਰੇ ਦਾ ਬਲਬ ਫੁੱਟ ਗਿਆ। ਸਾਰੇ ਕਮਰੇ ਦੇ ਵਿੱਚ ਹਨ੍ਹੇਰਾ ਪਸਰ ਗਿਆ ਮੇਰਾ ਡਰ ਹੋਰ ਵੀ ਵਧ ਗਿਆ । ਮੈਂ ਤਾਂ ਆਪਦੇ ਪੈਰਾਂ ਨੂੰ ਹੀ ਜੋਰ ਜੋਰ ਨਾਲ ਧਰਤੀ ਤੇ ਮਾਰਨ ਲੱਗ ਗਿਆ। ਇਹ ਦੇਖ ਕੇ ਚਾਚੇ ਹੋਰ ਚਿੜ ਗਿਆ। " ਪਤੰਦਰ ਦਿਆ,ਇਹ ਕੀ ਕਰੀ ਜਾਨਾਂ, ਜਾਹ! ਬਾਹਰੋਂ ਭੱਜ ਕੇ ਬੈਟਰੀ ਚੁੱਕ ਲਿਆ" ਚਾਚੇ ਨੇ ਮੈਨੂੰ ਹੁਕਮ ਚਾੜ੍ਹਦੇ ਹੋਏ ਕਿਹਾ; ਮੈਂ ਭੱਜ ਕੇ ਬੈਟਰੀ ਚੁੱਕ ਲਿਅਇਆ।aਦੋਂ ਤੱਕ ਸੱਪ ਸਟਾਟਰ ਦ ੇਪਿੱਛੇ ਜਾ ਵੜਿਆ। ਜਿਉਂ ਹੀ ਚਾਚੇ ਨੇ ਸਟਾਟਰ ਨੂੰ ਹਿਲਾਇਆ ਸੱਪ ਫੇਰ ਬਾਹਰ ਆ ਗਿਆ। ਚਾਚੇ ਨੇ ਦੋ ਤਿੰਨ ਸੋਟੀਆ ਸੱਪ ਦੇ ਮਾਰੀਆ ਤੇ ਸੱਪ ਸਟਾਟਰ ਕੋਲ ਤਾਰਾਂ ਦੇ ਜਾਲ ਵਿੱਚ ਫਸ ਗਿਆ। ਉੱੱਧਰ ਨਾਲ ਦੀ ਨਾਲ ਬੈਟਰੀ ਬੰਦ ਹੋ ਗਈ। " ਹੁਣ ਇਹਨੂੰ ਕੀ ਅੱਗ ਲੱਗ ਗਈ, ਤੈਨੂੰ ਕਿੰਨੀ ਵਾਰ ਕਿਹਾ ਕਿ ਬੈਟਰੀ ਨੂੰ ਠੀਕ ਰੱਖਿਆ ਕਰ" ਚਾਚਾ ਮੈਥੋਂ ਬੈਟਰੀ ਫੜ੍ਹ ਕੇ ਹਲਾਉਣ ਲੱਗ ਪਿਆ ਪਰ ਉਹ ਨਾ ਚੱਲੀ। ਉੱਥੇ ਇੱਕ ਸ਼ਰਾਬ ਵਾਲੇ ਅੱਧੀਏ ਵਿੱਚ ਲੀਰ ਦੀ ਬੱਤੀ ਪਾ ਕੇ ਇੱਕ ਦੀਵਾ ਬਣਾਇਆ ਹੋਇਆ ਸੀ। ਜਿਸ ਦੀ ਮੈਂ ਤਾਂ ਰਾਤ ਨੂੰ ਕਦੇ ਵਰਤੋਂ ਕਰਦਾ ਨਹੀਂ ਸੀ ਕਿਉਂ ਕਿ ਉਹ ਚਾਨਣ ਘੱਟ ਤੇ ਧੂੰਆਂ ਜ਼ਿਆਦਾ ਛਡਦਾ ਸੀ।ਚਾਚੇ ਨੇ ਮੈਨੂੰ ਉਹ ਦੀਵਾ ਜਗਾਉਣ ਲਈ ਕਿਹਾ। ਮੈਂ ਉਸ ਦੀਵੇ ਨੂੰ ਜਗ੍ਹਾ ਦਿੱਤਾ ਪਰ ਉਸ ਵਿੱਚ ਇੱਕ ਵੀ ਤਿੱਪ ਤੇਲ ਦੀ ਨਾ ਹੋਣ ਕਰਕੇ ਉਹ ਵੀ ਬੁੱਝ ਗਿਆ। ਉਸ ਨੁੰ ਜਲਾ ਕੇ ਸਿਰ ਅਸੀਂ ਇੰਨਾਂ ਹੀ ਦੇਖ ਸਕੇ ਕੇ ਸੱਪ ਅਜੇ ਵੀ ਜਖ਼ਮੀ ਹਾਲਤ ਵਿੱਚ ਤਾਰਾਂ ਵਿੱਚ ਫਸਿਆ ਹੋਇਆ ਸੀ।" ਸਾਲਿਆ……..ਕੁੱਤਿਆ ਤੇਰਾ ਕੋਈ ਵੀ ਕੰਮ ਸਿੱਧਾ ਨਹੀਂ ਇਹਦੇ ਵਿੱਚ ਤੇਲ ਤੇਰਾ ਬਾਪ ਪਾਊ। ਚੱਲ ਹੁਣ ਇਹਦੀ ਬੱਤੀ ਕੱਢ ਕੇ ਇਹਨੂੰ ਅੱਗ ਲਾ…….ਨਹੀਂ ਤੇਰੀ ਅੱਜ ਖੈਰ ਨਹੀਂ" ਚਾਚਾ ਹੁਣ ਪੂਰਾ ਹੀ ਮੇਰੇ ਤੇ ਭੜਕਿਆ ਪਿਆ ਸੀ। ਇੱਕ ਸੱਪ ਵੱਲੋਂ ਦੂਜਾ ਚਾਚੇ ਦੀ ਗਾਲਾਂ ਨੇ ਮੇਰਾ ਸਾਹ ਸੂਤਿਆ ਪਿਆ ਸੀ।ਮੈਂ ਬੱਤੀ ਨੂੰ ਅੱਗ ਲਾਈ ਚਾਨਣ ਹੋਇਆ ਚਾਚੇ ਨੇ ਤਿੰਨ ਚਾਰ ਸੋਟੀਆ ਸੱਪ ਦੇ ਹੋਰ ਮਾਰੀਆ ਤੇ ਮਾਰ ਕੇ ਥੱਲੇ ਸੁੱਟ ਲਿਆ। "ਚੱਲ ਚੱਕ ਕਹੀ 'ਤੇ ਟੋਆ ਪੁੱਟ ਦੱਬੀਏ ਇਹਨੂੰ ਤੇਰੇ ਪਤੰਦਰ ਨੂੰ" ਚਾਚੇ ਨੇ ਜੈਤੂ ਲਿਹਜੇ ਵਿੱਚ ਕਿਹਾ।ਇਸ ਤਰ੍ਹਾਂ ਕਰਦੇ ਕਰਾਉਂਦੇ ਅਤੇ ਤਾਰਾਂ ਨੂੰ ਠੀਕ ਕਰਦੇ ਹੋਏ ਇੱਕ ਵਜ ਗਿਆ । ਫੇਰ ਮੋਟਰ ਪਾਣੀ ਨਾ ਚੱਕੇ। 
" ਲੈ ਬਈ! ਮੁੰਡਿਆ ਤੈਨੂੰ ਹੁਣ ਪਿੰਡ ਨੂੰ ਜਾਣਾ ਪਵੇਗਾ। ਸੈੱਲ ਲੈ ਕੇ ਆਉਣੇ ਪੈਣਗੇ ਘਰੋ>" ਚਾਚੇ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋ ਮਿੱਟੀ ਹੀ ਨਿਕਲ ਗਈ। ਮੈਂ ਤਾਂ ਅਜੇ ਸੱਪ ਵਾਲੇ ਕਾਂਡ ਦੇ ਸਦਮੇ 'ਚੋ ਨੀਂ ਨਿਕਲਿਆ ਸੀ। ਚਾਚੇ ਨੇ ਇੱਕ ਹੋਰ ਬਿਜਲੀ ਮੇਰੇ ਉੱਤੇ ਸੁੱਟ ਦਿੱਤੀ। " ਚਾਚਾ! ਇੰਨ੍ਹੇ ਨੇਰੇ………ਇੱਕ ਵੱਜਿਆ ਪਿਆ………..ਇੰਨੀ ਦੂਰ ਪਿੰਡ" ਮੈਂ ਚਾਚੇ ਦਾ ਤਰਲਾ ਕੀਤਾ।।ਪਰ ਚਾਚੇ ਤੇ ਮੇਰੇ ਕਿਸੇ ਮਿੰਨਤ ਤਰਲੇ ਦਾ ਅਸਰ ਨਾ ਹੋਇਆ। ਮੈਂ ਸਾਇਕਲ ਚੁੱਕ ਕੇ ਪਿੰਡ ਨੂੰ ਚਲ ਪਿਆ।ਕਾਲੀ ਸੰਘਣੀ ਰਾਤ ਕੁੱਝ ਵੀ ਦੂਰੋ ਨਾ ਦਿਸੇ। ਆਲੇ ਦੁਆਲੇ ਦੀ ਝਾੜੀਆਂ ਇੰਝ ਲੱਗਣ ਜਿਵੇਂ ਕੋਈ ਬੰਦਾ ਲੁਕ ਕੇ ਬੈਠਾ ਹੁੰਦਾ। ਮੋੜਾ ਵਾਲੀ ਮੋਟਰ ਲੰਘ ਕੇ ਰਾਹ ਵਿੱਚ ਇੱਕ ਬਰੋਟਾ ਆਉਂਦਾ । ਜਿਸ ਬਾਰੇ ਬਹੁਤ ਸਾਰੀਆਂ ਕਹਾਣੀਆਂ ਪ੍ਰਚੱਲਤ ਸਨ। ਮੇਰਾ ਮੱਘਰ ਚਾਚਾ ਜੋ ਬਚਪਨ ਤੋਂ ਹੀ ਸੀਰੀ ਰਲਦਾ ਆ ਰਿਹਾ ਸੀ। ਉਹ ਕਈ ਵਾਰ ਸਾਨੂੰ ਗੱਲਾਂ ਸੁਣਾਉਣ ਲੱਗ ਜਾਂਦਾ। " ਬਈ! ਇਸ ਬਰੋਟੇ ਤੇ ਸਲੇਡਾ ਰਹਿੰਦਾ,ਇੱਕ ਵਾਰ ਜਦੋਂ ਮੈਂ ਗਿੰਦਰ ਕਿਆਂ ਨਾਲ ਰਲਿਆ ਹੋਇਆ ਸੀ, ਤਾਂ ਮੇਰੇ ਮਗਰ ਹੀ ਪੈ ਗਿਆ। ਕਦੇ ਢੱਠਾ ਬਣ ਜੇ …..ਕਦੇ ਬੰਂਦਾ ਬਣ ਜੇ…ਕਦੇ ਤੀਵੀਂ ਬਣਜੇ….ਕਦੇ ਮੇਰੇ ਮੂਹਰੇ………..ਕਦੇ ਮੇਰੇ ਪਿੱਛੇ। ਮੈਂ ਤਾਂ ਮਸ਼ਾ ਰੱਬ ਰੱਬ ਕਰਕੇ ਜਾਨ ਬਚਾਈ।" ਚਾਚੇ ਮੱਘਰ ਦੀ ਸੁਣਾਈ ਹੋਈ ਕਹਾਣੀ ਨੇ ਮੇਰੀ ਪੈਡਲ ਮਾਰਨ ਦੀ ਸ਼ਕਤੀ ਹੀ ਨਸ਼ਟ ਕਰ ਦਿੱਤੀ। ਉੱਪਰੋਂ ਮੋਟਰ ਵਾਲੇ ਚਾਚੇ ਦਾ ਡਰ।ਮੈਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਗਿਆ ਅਤੇ ਆਪਣੀ ਸਾਰੀ ਤਾਕਤ ਇੱਕਠੀ ਕਰਕੇ ਜਿੰਨਾ ਜੋਰ ਲਾ ਸਕਦਾ ਸੀ ਲਾ ਕੇ ਸਾਇਕਲ ਨੂੰ ਭਜਾਇਆ ਇੰਝ ਹੀ ਪਤਾ ਲੱਗਿਆ ਕਿ ਬਰੋਟਾ ਪਾਰ ਕਰ ਲਿਆ।
ਮੈਂ ਿਪੰਡ ਆ ਕੇ ਚਾਚੇ ਕੇ ਦਰਾਂ ਵਿੱਚ ਖੜ੍ਹ ਕੇ ਜਿਉਂ ਹਾਕਾਂ ਮਾਰਨ ਲੱਗਿਆ ਕੋਈ ਮੇਰੀ ਸੁਣੇ ਹੀ ਨਾ…ਸੁਣਦਾ ਵੀ ਕੋਣ। ਇੱਕ ਤਾਂ ਗਰਮੀ ਦੀ ਰੁੱਤ ਉੱਤੋਂ ਡੇਢ-ਪੋਣੇ ਦੋ ਦਾ ਟਾਈਮ ……ਇੱਕ ਕੁੱਤਿਆ ਦੇ ਭੌਕਣ ਦਾ ਸ਼ੋਰ ਸ਼ਰਾਬਾ। ਉੱੱਤੋਂ ਦਾਤੀ ਫਰੇ ਪੱਖਿਆ ਦਾ ਰੋਲ੍ਹਾ। ਮੇਰੀਆਂ ਹਾਕਾਂ ਤਾਂ ਜਿਵੇਂ ਘੁੱਪ ਹਨ੍ਹੇਰਾ ਵਿੱਚ ਕਿਤੇ ਅਲੋਪ ਹੀ ਹੋਈ ਜਾਣ।ਜਦੋਂ ਨਾ ਕਿਸੇ ਸੁਣੀ ਤਾਂ ਗੁਆਂਢੀਆਂ ਦੀ ਪੌੜੀ ਚੜ੍ਹ ਕੇ ਜਾਣ ਲੱਗਿਆ ਜੋ ਸਾਡੀ ਹੀ ਬਿਰਾਦਰੀ ਦੇ ਸਨ, ਤਾਂ ਗੁਆਢੀਆਂ ਨੇ ਰੋਲ੍ਹਾ ਪਾ ਤਾ ………..ਚੋਰ…….ਚੋਰ……….."ਨਹੀਂ ਤਾਈ ਮੈਂ ਚੋਰ ਨੀਂ………ਮੈਂ ਤਾਂ ਕਰਤਾਰੀ ਦਾ ਮੁੰਡਾ………ਨਾਇਬਬਬਬ….ਨਾਇਬ ਹਾਂ"।
"ਵੇ! ਤੈਂਨੂੰ ਕੀ ਬਿਪਤਾ ਪੈ ਗਈ ਇੰਨੀ ਰਾਤ ਨੂੰ ਕੋਠੇ ਟੱਪਦਾ ਫਿਰਦਾ……….ਕੀ ਹੋ ਗਿਆ। ਸਭ ਠੀਕ ਤਾਂ ਹੈ"। ਤਾਈ ਨੇ ਗੁੱਝੀ ਤੇ ਅਪਣਤ ਵਾਲੇ ਲਿਹਜ਼ੇ ਵਿੱਚ ਪੁੱਛਿਆ।" ਤਾਈ……..ਮੇਹਰ ਚਾਚੇ ਕੀ ਮੋਟਰ ਖਰਾਬ ਹੋ ਗਈ। ਘਰੋਂ ਸੈੱਲ ਲੈਣ ਆਇਆ । ਇਹ ਸਾਰੇ ਸੁੱਤੇ ਪਏ ਨੇ…ਸੋਡੇ ਕੋਠੇ ਦੀ ਜਾ ਕੇ ਜਗਾਉਨਾ"।ਮੈਂ ਆਪਣਾ ਪੱਖ ਤਾਈ ਨੂੰ ਦੱਸਿਆ।
ਕਾਫੀ ਜੱਦੋ ਜਹਿਦ ਕਰਨ ਤੋਂ ਬਾਅਦ ਮੈ ਸੈੱਲ ਲੈ ਕੇ  ਫੇਰ ਝੀਂਡੇ ਵੱਲ ਨੂੰ ਸਾਇਕਲ ਦਾ ਰੁੱਖ ਕਰ ਦਿੱਤਾ।ਪਿੰਡ ਦੇ ਸ਼ਮਸ਼ਾਨ ਘਾਟ ਕੋਲ ਜਾ ਕੇ ਫੇਰ ਮੇਰਾ ਸਰੀਰ ਸੁੰਨ ਹੋਣ ਲੱਗ ਪਿਆ। ਬੱਚਿਆਂ ਵਾਲਾ ਡਰ ਜੋ ਮੇਰੇ ਅੰਦਰ ਕਿਤੇ ਲੁਕ ਕੇ ਬੈਠਾ ਸੀ। ਆਪਣਾ ਰੰਗ ਦਿਖਾਉਣ ਲੱਗ ਗਿਆ। ਇਸੇ ਉਦੇੜ ਬੁਣ ਵਿੱਚ ਮੈਂ ਫੇਰ ਉਸੇ ਸਲੇਡੇ ਵਾਲੇ ਬਰੋਟੇ ਕੋਲ ਜਾ ਪਹੁੰਚਿਆ। ਜਿਉਂ ਹੀ ਮੇਰਾ ਸਾਇਕਲ ਬਰੋਟੇ ਦੇ ਥੱਲੇ ਪਹੁੰਚਿਆ…..ਸਾਇਕਲ ਦੀ ਚੈਨ ਉੱਤਰ ਗਈ। ਮੇਰੀ ਕੂਕ ਨਿਕਲ ਗਈ। ਜੋ ਰਾਤ ਦੇ ਹਨ੍ਹੇਰੇ ਵਿੱਚ ਪਤਾ ਨੀਂ ਕਿਤੇ ਗੁੰਮ ਹੋ ਗਈ। ਮੈਂ ਸਾਇਕਲ ਰੋਕਿਆ ਨਾ………..ਉਸੇ ਤਰ੍ਹਾਂ ਲਹੀ ਹੋਈ ਚੈਨ ਨਾਲ ਹੀ ਡੰਡੇ ਹੋ ਕੇ ਚਲਾਉਣ ਲੱਗ ਗਿਆ ਅਤੇ ਇਸੇ ਤਰ੍ਹਾ ਡਿੱਗਦਾ ਪੈਂਦਾ। ਮੋੜਾ ਵਾਲੀ ਮੋਟਰ ਕੋਲ ਜਾ ਪਹੁੰਚਿਆ……….ਮੂੰਹ ਵਿੱਚ ਵਾਹਿਗੁਰੂ ਵਾਹਿਗੂਰੁ ਕਰਦਾ ਸਾਇਕਲ ਦੀ ਚੈਨ ਚੜਾਉਣ ਲੱਗ ਗਿਆ। ਨਿਗਾਹ ਪਿੱਛੇ ਰਹਿ ਗਏ ਬਰੋਟੇ ਵੱਲ ……..ਜਿਉਂ ਚੈਨ ਠੀਕ ਕਰਕੇ ਪੈਂਡਲ ਘੁੰਮਾਇਆ। ਮੇਰੀ ਉਂਗਲ ਚੈਂਨ ਵਿੱਚ ਆ ਗਈ ਅਤੇ ਫੇਰ ਮੇਰੀ ਚੀਕ ਨਿਕਲ ਗਈ । ਉਂਗਲ ਵਿੱਚੋਂ ਖੁਨ ਵਗਣ ਲੱਗ ਗਿਆ।ਮੈਂ ਦਮਾ ਦਮਾ ਉਂਗਲ ਤੇ ਮਿੱਟੀ ਲਾ ਕੇ ਸਾਇਕਲ ਫੇਰ ਪੀਰਾਂ ਵਾਲੀ ਮੋਟਰ ਵੱਲ ਨੂੰ ਭਜਾ ਲਿਆ।ਜਾ ਕੇ ਸੈੱਲ ਚਾਚੇ ਨੂੰ ਫੜ੍ਹਾ ਕੇ ਮੈਂ ਉੱਚੀ ਉੱਚੀ ਹੋਣ ਲੱਗ ਪਿਆ। ਚਾਚਾ ਮੈਂਨੂੰ ਚੁੱਪ ਕਰਾਵੇ………….ਮੇਰੀਆਂ ਧਾਹਾਂ ਨਿਕਲੀ ਜਾਣ।
ਉਹ ਰਾਤ ਅਤੇ ਅੱਜ ਦੀ ਰਾਤ ਜਦੋਂ ਮੈਂ ਏ.ਸੀ.ਕਮਰੇ ਵਿੱਚ ਬੈਠਾ ਐੱਲ.ਈ.ਡੀ. ਲਾਈਟ ਦੇ ਚਾਨਣ ਵਿੱਚ ਇਸ ਰਚਨਾ ਨੂੰ ਕਲ਼ਮ ਬੱਧ ਕਰ ਰਿਹਾ ਸੀ ਤਾਂ ਮੋੱਲੋ-ਮੱਲੀ ਅੱਜ ਵੀ ਮਿਹਨਤ ਦਾ ਮੋਤੀ ਮੇਰੀ ਅੱਖ ਵਿੱਚ ਛਲਕ ਪਿਆ।ਜਦੋਂ ਵੀ ਉਹ ਰਾਤ ਚੇਤੇ ਆਉਂਦੀ ਹੈ। ਮੇਰੀ ਰੂਹ ਕੰਬ ਜਾਂਦੀ ਹੈ….ਭਾਵੇਂ ਅੱਜ ਸਮਝ ਆ ਚੁੱਕੀ ਹੈ ਕੇ ਕੋਈ ਭੂਤ ਪ੍ਰੇਤ ਜਾ ਸਲੇਡਾ ਨਹੀਂ ਹੁੰਦਾ ਪਰ ਉਸ ਰਾਤ ਨੇ ਇੰਨਾਂ ਸਬਕ ਜਰੂਰ ਸਿਖਾ ਦਿੱਤਾ ਕਿ ਜ਼ਿੰਦਗੀ ਵਿੱਚ ਕੁੱਝ ਬਣਨਾ ਹੈ। ਇਸ ਕਰਕੇ ਅੱਜ  ਅਧਿਆਪਕ ਦੀ ਸੇਵਾ ਪ੍ਰਾਪਤ ਕਰਕੇ ਉਹ ਕੀਤੀ ਹੋਈ ਮਿਹਨਤ-ਮੁਸ਼ਕਤ ਤੇ ਬਹੁਤ ਫਖਰ ਮਹਿਸੂਸ ਹੁੰਦਾ ਹੈ।