ਠੇਕਾ:-ਸਰਕਾਰੀ ਪ੍ਰਾਇਮਰੀ ਸਕੂਲ ਭਾਅ ਜੀ, ਕਿਵੇਂ ਅੱਜ ਉਦਾਸ ਜਿਹੇ ਲੱਗਦੇ ਹੋ, ਚਿਹਰੇ ਤੇ ਬੜੀ ਮਾਯੂਸੀ ਜਿਹੀ ਛਾਈ ਹੋਈ ਐ…ਸੁੱਖ ਤਾਂ ਹੈ…?
ਸਕੂਲ: ਠੇਕਾ ਸ਼ਰਾਬ ਭਾਅ ਜੀ, ਸੁੱਖ ਸੁਖ ਕਾਹਦੀ ਹੋਣੀਂ ਐਂ, ਮੇਰੀ ਹਾਲਤ ਤਾਂ ਦਿਨੋ-ਦਿਨ ਪਤਲੀ ਪੈਂਦੀ ਜਾ ਰਹੀ ਐਂ, ਖੰਭਾਂ ਵਾਂਗ ਨਿੱਤ ਉਭਰ ਰਹੇ ਪ੍ਰਾਈਵੇਟ ਸਕੂਲਾਂ ਨੇ ਮੇਰੀਆਂ ਕਦਰਾਂ-ਕੀਮਤਾਂ ਨੂੰ ਬਦ ਤੋਂ ਬਦਤਰ ਕਰਦਿਆਂ ਗੁੱਠੇ ਲਗਾਇਆ ਜਾ ਰਿਹਾ ਐ… ਤੁਸੀਂ ਸੁਣਾਉ ਠੇਕਾ ਭਾਅ ਜੀ, ਤੁਹਾਡੇ ਕਿਵੇਂ ਦਿਨ ਗੁਜ਼ਰ ਰਹੇ ਹਨ।
ਠੇਕਾ:- ਸਕੂਲ ਭਾਅ ਜੀ, ਆਏ ਦਿਨ ਕਾਟੋ ਫੁੱਲਾਂ 'ਤੇ ਖੇਡਦੀ ਐ, ਸਵੇਰੇ ਦਿਨ ਚੜ੍ਹਨ ਤੋਂ ਲੈ ਕੇ ਰਾਤੀਂ ਦੇਰ ਰਾਤ ਤੱਕ ਬੱਲੇ-ਬੱਲੇ ਐ…ਲੋਕ ਭੱਜੇ-ਭੱਜ ਮੇਰੇ ਵੱਲ ਨੂੰ ਆਉਂਦੇ ਐ…।
ਸਕੂਲ: ਠੇਕਾ ਭਾਅ ਜੀ, ਸਾਡਾ ਤਾਂ ਟਾਈਮ ਸਵੇਰੇ ਗਰਮੀ-ਸਰਦੀ ਮਸਾਂ ਅੱਠ ਘੰਟੇ ਦੇ ਕਰੀਬ ਹੁੰਦਾ ਹੈ। ਪ੍ਰੰਤੂ ਸਾਡੇ ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਵੀ ਸਾਨੂੰ ਕੋਈ ਤਵੱਜੋ ਨਹੀਂ ਮਿਲਦੀ…, ਬੱਚਿਆਂ ਦੀ ਜ਼ਿੰਦਗੀ ਨੂੰ ਪਾਰਸ ਬਣਾਉਣ ਲਈ ਤਨੋ-ਮਨੋ ਸੇਵਾ ਕਰਨ ਲਈ ਰੁੱਝੇ ਰਹਿੰਦੇ ਹਨ, ਜੋ ਮੇਰੇ ਪੈਰੋਕਾਰ ਸਾਡੀ ਮਾਤ ਭਾਸ਼ਾ ਪੰਜਾਬੀ ਦੇ ਨਾਲ-ਨਾਲ ਦੂਸਰੀਆਂ ਭਾਸ਼ਾਵਾਂ ਵੀ ਗ੍ਰਹਿਣ ਕਰਵਾਉਂਦੇ ਹਨ ਅਤੇ ਮੇਰੇ ਮੁੱਖ ਗੇਟ ਦੀਵਾਰ ਤੇ ਵੀ ਇਹੀ ਲਿਖਿਆ ਹੋਇਆ ਹੈ। ਕਿ ਪੜ੍ਹਨ ਲਈ ਆਵੋ, ਸੇਵਾ ਲਈ ਜਾਵੋ, ਉੱਚ ਮੰਜ਼ਿਲਾਂ ਪਾਵੋ ਅਤੇ ਦੋ ਸੌ ਦੇ ਕਰੀਬ ਬੱਚਿਆਂ ਦੀ ਜ਼ਿੰਦਗੀ ਲਈ ਮੈਂ ਫਿਕਰਮੰਦ ਹਾਂ…।
ਠੇਕਾ:- ਸਕੂਲ ਭਾਅ ਜੀ, ਮੇਰੇ ਅੰਦਰ ਤਾਂ ਸਿਰਫ ਇੱਕ ਮਾਚੜ ਜਿਹਾ ਪ੍ਰਵਾਸੀ ਮਜ਼ਦੂਰ ਇਨਸਾਨ ਹੀ ਕੰਮਕਾਰ ਚਲਾਉਂਦਾ ਹੋਇਆ ਬੱਚਿਆਂ ਦੇ ਸਭ ਲੋੜਵੰਦ ਮਾਪਿਆਂ ਨੂੰ ਪੜ੍ਹਨੇ ਪਾ ਰਿਹਾ ਹੈ, ਨਾਲੇ ਭਾਅ ਜੀ ਬੋਤਲਾਂ ਤੇ ਚਿਤਾਵਨੀ ਲਿਖੀ ਹੁੰਦੀ ਹੈ। ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਤੇ ਫੇਰ ਵੀ ਅਨਪੜ੍ਹ ਤਾਂ ਛੱਡੋ। ਪੜ੍ਹੇ ਲਿਖੇ ਵੀ ਅੱਖਾਂ ਮੀਟ ਕੇ ਗਟ-ਗਟ ਕਰ ਜਾਂਦੇ ਹਨ, ਲੰਘਦੇ ਅਤੇ ਮੇਰੇ ਮੁਰੀਦ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਤੋਤੇ ਵਾਂਗੂੰ ਰਟਦੇ ਰਹਿੰਦੇ ਹਨ।
ਸਕੂਲ: ਭਾਅ ਜੀ, ਮੇਰਾ ਮਨ ਤਾਂ ਕੁਝ ਏਸ ਗੱਲੋਂ ਵੀ ਡਹਿਲਿਆ ਹੋਇਆ ਪਿਐ, ਕਿ ਮੇਰੇ ਅੰਦਰ ਬੱਚਿਆਂ ਲਈ ਠੰਡੇ ਪਾਣੀ ਵਾਸਤੇ ਵਾਟਰ ਫਿਲਟਰ, ਬਿਜਲੀ ਕੱਟ ਤੋਂ ਇਨਵੈਟਰ,ਜਰਨੇਟਰ ਅਤੇ ਹੋਰ ਕਾਫੀ ਬੁਨਿਆਦੀ ਸਹੂਲਤਾਂ ਦੀ ਕਮੀ ਕਾਫੀ ਦੇਰ ਤੋਂ ਲਟਕ ਰਹੀ ਹੈ। ਪਰ ਸਕੂਲ ਕਮੇਟੀ ਬਣਾ ਕੇ ਫੌਕੀ ਸ਼ੋਹਰਤ ਖੱਟਣ ਵਾਲੇ ਕੁਝ ਲੋਕ ਆਪਸੀ ਕਿੜਾ ਕੱਢਦੇ ਹੋਏ ਕਦੇ ਮੇਰੇ ਦੁਪਹਿਰ ਦੇ ਖਾਣੇ 'ਚ, ਕਦੇ ਸਿੱਖਿਆ ਮਿਆਰ, ਕਦੇ ਸਕੂਲੀ ਗਰਾਂਟ, ਕਦੇ ਸਾਫ ਸਫਾਈ ਨੂੰ ਮੁੱਖ ਰੱਖ ਛੋਟੀ ਮੋਟੀ ਗੱਲ ਨੂੰ ਤੂਲ ਦੇ ਕੇ ਅੰਬਰਾਂ ਤੱਕ ਢੋਲ ਵਜਾ ਦਿੰਦੇ ਹਨ। ਮੇਰੇ ਅੰਦਰ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਮੁਫਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਅਧਿਆਪਕਾਂ ਦੇ ਰੋਟੀ ਵਾਲੇ ਡੱਬਿਆਂ ਨੂੰ ਵੀ ਜੰਗਾਲ ਲੱਗ ਗਿਆ ਹੈ। ਲੋੜ ਪੈਣ ਤੇ ਕੋਈ ਸਕੂਲ ਵੱਲ ਝਾਕਦਾ ਨਹੀਂ ਅਤੇ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਵੀ ਲਏ ਜਾਂਦੇ ਹਨ।ਮੇਰੀ ਛੱਤ ਹੇਠ ੭੦ ਫੀਸਦੀ ਗਰੀਬ ਜਾਤੀਆਂ ਨਾਲ ਸਬੰਧਤ ਬੱਚੇ ਪੜਦੇ ਹਨ। ਅਤੇ ਅਧਿਆਪਕਾਂ ਦੇ ਬੱਚੇ ਵੀ ਮੈਨੂੰ ਛੱਡ ਪ੍ਰਾਈਵੇਟ ਸਕੂਲਾਂ ਨੂੰ ਪਹਿਲ ਦਿੰਦੇ ਹਨ।ਪ੍ਰੰਤੂ ਜੋ ਸਾਡਾ ਸਤਿਕਾਰ ਕਰਦਾ ਹੈ, ਉਹ ਉੱਚ ਬੁਲੰਦੀਆਂ ਛੂੰਹਦਾ ਹੈ।
ਠੇਕਾ:- ਭਾਅ ਜੀ, ਤੁਸੀ ਘੋਗੜ ਸੋਚ ਦੀ ਨਿੱਕੀ-ਮੋਟੀ ਟੋਕ-ਟਕਾਈ ਕਾਰਨ ਐਨਾ ਮਾਨਸਿਕ ਪ੍ਰੇਸ਼ਾਨ ਨਾ ਹੋਇਆ ਕਰੋ, ਕਿਸੇ ਨੇ ਲੋੜ ਪੈਣ 'ਤੇ ਨਈ ਨਾਲ ਖੜਨਾਂ, ਸਭ ਚੌਧਰ ਕਰਨ ਲਈ ਜ਼ੋਰ ਅਜ਼ਮਾਈ ਕਰਦੇ ਨੇ, ਨਾਲੇ ਤੁਸੀਂ ਬੱਚਿਆਂ ਨੂੰ ਮੁਫਤ ਖਾਣਾ ਦਿੰਦੇ ਹੋ, ਚੰਗੀ ਖਾਸੀਅਤ ਹੈ, ਪ੍ਰੰਤੂ ਸਾਡੀ ਵੀ ਇੱਕ ਖਾਸੀਅਤ ਇਹ ਹੈ। ਕਿ ਮੇਰੇ ਨਾਲ ਲੱਗਦਾ ਅਹਾਤਾ ਬੱਚਿਆਂ ਦੇ ਮਾਪਿਆਂ ਨੂੰ ਮੁਰਗ ਮਸਾਲੇ, ਅੰਡੇ ਅਤੇ ਬਾਕੀ ਪਦਾਰਥਾਂ ਨਾਲ ਭਰਪੂਰ ਕਰਦਾ ਹੋਇਆ ਡਾਹਢੀ ਕਮਾਈ ਕਰਦਾ ਹੈ। ਪਰ ਭਾਅ ਜੀ ਮੇਰੇ ਰਖਵਾਲੇ ਮੇਰੇ ਦਿਨ ਆਲੇ-ਦੁਆਲੇ ਦਿਨ ਰਾਤ ਘੁੰਮਦੇ ਰਹਿੰਦੇ ਹਨ ਤੇ ਮੇਰੇ ਅੰਦਰ ਫਰਿਜ਼ਰ ਦੀ ਸੁਵਿਧਾ ਉਪਲਬਧ ਹੈ। ਬੀਅਰ, ਠੰਡੀ ਕਰਵਾ ਕੇ ਪਿਲਾਈ ਦੀ ਐ…।ਮੇਰੇ ਅੰਦਰ ਸਭ ਜਾਤ-ਪਾਤ ਦਾ ਸਤਿਕਾਰ ਬਰਾਬਰ ਹੈ।ਆਮ ਹੀ ਦੇਖਣ ਨੂੰ ਮਿਲਦਾ ਹੈ। ਕਿ ਜੂਠ-ਮੂਠ ਨੂੰ ਪਹਿਲ ਦਿੰਦੇ ਹੋਏ ਕਈ-ਕਈ ਪਿਆਕੜ ਇੱਕ ਹੀ ਗਿਲਾਸ ਵਿੱਚ ਸਾਂਝ ਦੀ ਮਿਸਾਲ ਕਾਇਮ ਕਰਦੇ ਹਨ।ਅਤੇ ਜੋ ਮੇਰੇ ਮੁੱਖ ਦੀਵਾਰ ਤੇ ਅੱਠ ਇੰਚ ਦੀ ਜਾਲੀ ਵਾਲੀ ਮੋਰੀ ਹੈ।ਉਹ ਸਾਰਿਆਂ ਨੂੰ ਆਪਣੇ ਵਿਚਕਾਰ ਦੀ ਲਗਾਉਣ ਲਈ ਕਾਰਗਰ ਸਿੱਧ ਹੋ ਰਹੀ ਹੈ।
ਸਕੂਲ: ਠੇਕਾ ਭਾਅ ਜੀ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨਾ ਹੋਈਏ, ਤਾਂ ਕੀ ਕਰੀਏ ੫ ਸਾਲ ਹੋਗੇ ਕਿਸੇ ਦਿਖ ਸੰਵਾਰਨ ਲਈ ਨੇ ਰੰਗ-ਰੋਗਨ ਵੀ ਨਹੀਂ ਕਰਵਾਇਆ, ਅਸੀਂ ਹੋਣਹਾਰ ਬੱਚਿਆਂ ਦਾ ਹੌਂਸਲਾ ਅਫਜ਼ਾਈ ਵੀ ਕਰਦੇ ਹਾਂ, ਸਾਲ ਬਾਅਦ ਆਉਂਦੇ ੩੧ ਮਾਰਚ ਨੂੰ ਕਈਆਂ ਦਾ ਭਵਿੱਖ ਚੰਗਾ ਤੇ ਕਈਆਂ ਦਾ ਭਵਿੱਖ ਮਾੜਾ ਵੀ ਹੋ ਨਿੱਬੜਦਾ ਹੈ। ਕੀ ਕਦੇ ਤੁਹਾਡੇ ਨਾਲ ਵੀ ਚੰਗੀ-ਮਾੜੀ ਕਾਰਗੁਜ਼ਾਰੀ ਦੀਆਂ ਘਟਨਾਵਾਂ ਵਾਪਰਦੀਆਂ ਹਨ…?
ਠੇਕਾ:- ਸਕੂਲ ਭਾਅ ਜੀ, ਸਾਡੇ ਲਈ ਤਾਂ ਸਭ ਘਟਨਾਵਾਂ ਜਾਂ ਇਛਾਵਾਂ ਸਦਾ ਚੰਗੀਆਂ ਹੀ ਹੋ ਨਿੱਬੜ ਦੀਆਂ ਹਨ। ਮੇਰੇ ਆਲੇ-ਦੁਆਲੇ ਨੂੰ ਪਰੀਆਂ ਵਾਂਗ ਹਾਰ-ਸ਼ਿੰਗਾਰ ਕੇ ਰੱਖਿਆ ਜਾਂਦਾ ਹੈ, ਅਸੀਂ ਕੁਝ ਮੁਫਤ ਤਾਂ ਨਹੀਂ,ਪ੍ਰੰਤੂ ੩੧ ਮਾਰਚ ਦਿਨ ਸਾਡਾ ਵੀ ਸ਼ੁੱਭ ਹੁੰਦਾ ਹੈ।ਅਸੀਂ ਸਸਤੇ ਭਾਅ ਦੇ ਪਿਆਕੜਾਂ ਨੂੰ ਮੌਜਾਂ ਲਗਾ ਕੇ ਫੇਰ ਵੀ ਚੋਖੀ ਕਮਾਈ ਕਰ ਜਾਂਦੇ ਹਾਂ…ਕਦੇ ਜ਼ਿਆਦਾ ਟੈਨਸ਼ਨ ਨਹੀਂ ਲਈ।
ਸਕੂਲ:- ਠੇਕਾ ਭਾਅ ਜੀ, ਹੁਣ ਅਗਲੀ ਗੱਲ ਕਦੇ ਫੇਰ ਸਹੀ, ਪਰ ਇੱਕ ਗੱਲ ਕਰਨੀਂ ਭੁੱਲ ਗਿਆ ਸਾਂ, ਕਿ ਸਾਡੀ ਇੱਕ ਹੋਰ ਖਾਸ਼ੀਅਤ ਇਹ ਵੀ ਹੈ। ਕਿ ਅਸੀਂ ਹੋਣਹਾਰ ਬੱਚਿਆਂ ਨੂੰ ਵਜੀਫਾ ਵੀ ਮੁਹੱਈਆ ਕਰਦੇ ਹਾਂ।
ਠੇਕਾ:- ਸਕੂਲ ਭਾਅ ਜੀ, ਵਜ਼ੀਫਾ ਮੁਹੱਈਆ ਕਰਨਾ ਤਾਂ ਤੁਹਾਡੀ ਸਿਰਫ ਫੋਕੀ ਸ਼ੋਹਰਤ ਹੈ। ਕਿਉਂਕਿ ਸ਼ਰਾਬ ਉੱਪਰ ਸਿੱਖਿਆ ਵਿਭਾਗ ਲਈ ਕੁਝ ਟੈਕਸ ਫੰਡ ਲਗਾਇਆ ਹੋਇਆ ਹੈ, ਜਿਸ ਕਰਕੇ ਪੈਸਾ ਸਾਡਾ, ਨਾਮ ਤੁਹਾਡਾ… ਚਲੋ ਚੰਗਾ ਫਿਰ ਸਕੂਲ ਭਾਅ ਜੀ, ਕਦੇ ਫੇਰ ਸਹੀ, ਬਾਏ…ਬਾਏ…ਟਾਟਾ…।