ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ (ਲੇਖ )

ਮਨਜੀਤ ਤਿਆਗੀ   

Email: englishcollege@rocketmail.com
Cell: +91 98140 96108
Address:
ਮਲੇਰਕੋਟਲਾ India
ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਿੰਗੇ-ਟੇਡੇ ਤੇ ਉੱਚੇ ਨੀਵੇ ਰਸਤਿਆਂ ਨੂੰ ਪਾਰ ਕਰਕੇ ਪਹਾੜ ਦੀ ਚੋਟੀ 'ਤੇ ਝੰਡਾ ਲਹਿਰਾਉਣ ਵਾਲਿਆਂ ਨੂੰ ਹੀ ਨਾਇਕ ਕਿਹਾ ਜਾਂਦਾ ਹੈ।ਅਧਿਆਤਮ ਤੋਂ ਲੈ ਕੇ ਵਿਗਿਆਨ ਤੱਕ ਦਾ ਸਮੁੱਚਾ ਇਤਿਹਾਸ ਮਨੁੱਖ ਨੂੰ ਆਤਮ ਪ੍ਰੇਰਣਾ ਤੇ ਆਤਮਵਿਸ਼ਵਾਸ ਨਾਲ ਔਕੜਾਂ ਅਤੇ ਅਸਫ਼ਲਤਾਵਾਂ ਦਾ ਸਾਹਮਣਾ ਕਰਨ ਲਈ ਪ੍ਰੇਰਦਾ ਹੈ।ਸੰਸਾਰ ਵਿੱਚ ਆਪਣਾ ਨਾਂ ਰੌਸ਼ਨ ਕਰਨ ਵਾਲੇ ਲੋਕਾਂ ਨੂੰ ਜੀਵਨ ਦੇ ਔਖੇ ਤੋਂ ਔਖੇ ਹਾਲਾਤ ਵਿੱਚੋਂ ਗੁਜਰਨਾ ਪਿਆ ਪਰ ਉਹ ਹਾਰੇ ਨਹੀ ਇਕ ਦਿਨ ਉਹ ਅਪਣੀ ਮੰਜ਼ਿਲ ਤੇ ਪਹੁੰਚ ਹੀ ਗਏ। ਉਨ੍ਹਾਂ ਨੇ ਅਪਣਾ ਨਾਂ ਤਾਂ ਰੋਸ਼ਨ ਕੀਤਾ ਹੀ  ਸਗੋਂ ਸਮਾਜ ਲਈ ਸੁੱਖਾਂ ਦੇ ਸਾਧਨ ਵੀ ਪੈਦਾ ਵੀ ਕੀਤੇ ਤੇ ਆਤਮ ਵਿਸਵਾਸ਼ ਸਦਕਾ ਹੀ ਜ਼ਿੰਦਗੀ ਦੇ ਨਾਇਕ ਬਣੇ।ਜ਼ਿੰਦਗੀ ਇਕ ਸੰਘਰਸ਼ ਦਾ ਨਾਂ ਹੈ ਜਿਹੜਾ ਸਾਰੀ ਉਮਰ ਹੀ ਜਾਰੀ ਰਹਿੰਦਾ ਹੈ।ਜਿੱਤ-ਹਾਰ, ਸੁੱਖ-ਦੁੱਖ, ਖੁਸ਼ੀ-ਗਮੀ ਜ਼ਿੰਦਗੀ ਭਰ ਚਲਦੇ ਹਨ।ਦੁੱਖ, ਪੀੜਾ, ਕਸ਼ਟ, ਨਾਕਾਮਯਾਬੀ ਅਤੇ ਹਾਰ ਸਾਡੀਆਂ ਸੋਚਾਂ ਅਤੇ ਬਿਰਤੀ ਨੂੰ ਹਲੂਣਦੀਆਂ ਹਨ ਤੇ ਸਾਨੂੰ ਆਪਣੇ ਆਪ ਨੂੰ ਹੋਰ ਤਕੜਾ ਕਰਨ ਲਈ ਪ੍ਰੇਰਦੀਆਂ ਹਨ।
ਜਦੋਂ ਸਾਨੂੰ ਕਿਸੇ ਤਰ੍ਹਾਂ ਦਾ ਦੁੱਖ, ਗ਼ਮ ਜਾਂ ਪੀੜ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਹੀ ਅਰਥਾਂ ਵਿਚ ਪਤਾ ਹੀ ਫੇਰ ਲੱਗਦਾ ਹੈ ਕਿ ਜ਼ਿੰਦਗੀ ਸੁੱਖ ਅਤੇ ਦੁੱਖ ਦਾ ਮਿਸ਼ਰਣ ਹੈ।ਜੇਕਰ ਸੁੱਖ ਹੀ ਹੋਣ ਤਾਂ ਜ਼ਿੰਦਗੀ ਨੀਰਸ ਹੋ ਜਾਵੇਗੀ। ਮੁਸੀਬਤਾਂ  ਤੇ ਦੁੱਖ ਸਾਨੂੰ ਜ਼ਿੰਦਗੀ ਜਿਉਂਣ ਦੀ ਜਾਂਚ ਸਿਖਾਉਂਦੇ ਹਨ।ਜ਼ਿੰਦਗੀ ਵਿੱਚ ਉਹ ਵਿਅਕਤੀ ਕਮਜ਼ੋਰ ਰਹਿ ਜਾਂਦਾ ਹੈ ਜਿਸ ਨੇ ਔਕੜਾਂ ਅਤੇ ਅਸਫ਼ਲਤਾਵਾਂ ਦਾ ਸਾਹਮਣਾ ਨਾ ਕੀਤਾ ਹੋਵੇ।ਆਪਣੀਆਂ ਸੁੱਤੀਆਂ ਸ਼ਕਤੀਆਂ ਨੂੰ ਜਗਾਉਣ ਵਿੱਚ ਅਸਮੱਰਥ ਰਹਿਣ ਕਾਰਨ ਉਹ ਜ਼ਿੰਦਗੀ ਦੇ ਕਈ ਰੰਗ ਦੇਖਣ ਤੋਂ ਵਾਂਝਾ ਰਹਿ ਜਾਂਦਾ ਹੈ।ਜਿਵੇਂ ਹਵਾ ਦਾ ਉਲਟਾ ਵਹਾਅ ਪਤੰਗ ਨੂੰ ਉੱਚਾ ਜਾਣ ਵਿੱਚ ਮੱਦਦ ਕਰਦਾ ਹੈ aਸੇ ਤਰਾਂ ਔਕੜਾਂ ਸਾਨੂੰ ਅੱਗੇ ਵੱਧਣ ਵਿੱਚ ਮੱਦਦ ਕਰਦੀਆਂ ਹਨ।ਅਣਸੁਖਾਂਵੇਂ ਹਾਲਾਤਾਂ ਨਾਲ ਸੰਘਰਸ਼ ਕਰਨ ਦੀ ਥਾਂ 'ਤੇ ਤਕਲੀਫਾਂ ਤੋਂ ਘਬਰਾ ਕੇ ਸੰਘਰਸ਼ ਨੂੰ ਅਲਵਿਦਾ ਕਹਿਣਾ ਜਾਂ ਇਨ੍ਹਾਂ ਨਾਲ ਸਮਝੌਤਾ ਕਰਨਾ ਬੁਜ਼ਦਿਲੀ ਦਾ ਪ੍ਰਤੀਕ ਹੈ।ਜਿਹੜੇ ਪ੍ਰਤੀਕੂਲ ਸਥਿਤੀਆਂ ਵਿਚ ਸੰਘਰਸ਼ ਦਾ ਬਿਗਲ ਬਜਾਉਣ ਦੀ ਜੁਅਰਤ ਰੱਖਦੇ ਹਨ ਉਨ੍ਹਾਂ ਨੂੰ ਸੰਘਰਸ਼ ਵਿਚੋਂ ਹੀ ਆਨੰਦ ਮਿਲਣ ਲਗਦਾ ਹੈ।ਸੰਘਰਸ਼ ਹੀ ਉਨ੍ਹਾਂ ਦਾ ਧਰਮ ਹੋ ਨਿਬੜਦਾ ਹੈ। 
ਇਸਦੇ ਉਲਟ ਜ਼ਿੰਦਗੀ ਵਿੱਚ ਬਿਨ੍ਹਾਂ ਸੰਘਰਸ਼ ਕੀਤਿਆਂ ਸਫ਼ਲਤਾ ਦੀ ਆਸ ਰੱਖਣ ਵਾਲਾ ਇਨਸਾਨ ਕਦੇ ਵੀ ਆਪਣੀ ਮੰਜ਼ਿਲ ਪ੍ਰਾਪਤ ਨਹੀ ਕਰਦਾ। ਅਜਿਹਾ ਇਨਸਾਨ ਜਲਦੀ ਸਫ਼ਲਤਾ ਪ੍ਰਾਪਤ ਕਰਨ ਦੇ ਚੱਕਰ ਵਿਚ ਕਈ ਵਾਰ ਗ਼ਲਤ ਹੱਥਕੰਡੇ ਵਰਤਦਾ ਹੈ।ਇਸ ਤਰ੍ਹਾਂ ਉਹ ਇਕ ਸਮੱਸਿਆ ਦਾ ਹੱਲ ਕਰਦਾ-ਕਰਦਾ ਖ਼ੁਦ ਆਪਣੇ ਲਈ ਇਕ ਨਵੀਂ ਸਮੱਸਿਆ ਪੈਦਾ ਕਰ ਲੈਂਦਾ ਹੈ ਤੇ ਗ਼ਲਤੀਆਂ ਕਰਦਿਆਂ ਏਨਾਂ ਅੱਗੇ ਚਲਿਆ ਜਾਂਦਾ ਹੈ ਕਿ ਸਫ਼ਲਤਾ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਤੇ ਆਖ਼ਿਰ ਉਸ ਕੋਲ ਪਛਤਾਵੇ ਤੋਂ ਬਿਨ੍ਹਾਂ ਹੋਰ ਕੁਝ ਵੀ ਨਹੀ ਰਹਿੰਦਾ।
ਮੁਸੀਬਤਾਂ ਦਾ ਟਾਕਰਾ ਕਰੇ ਬਗੈਰ ਮਹਾਨ ਨਹੀ ਬਣਿਆ ਜਾ ਸਕਦਾ।੧੮੯੭ ਵਿਚ ਲੜੀ ਗਈ ਸਾਰਾਗੜੀ ਦੀ ਲੜਾਈ ਦਾ ਇਤਿਹਾਸ ਸਾਡੇ ਸਾਹਮਣੇ ਹੈ।ਜੇਕਰ ਹੋਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ੨੧ ਸੂਰਮਿਆਂ ਨੇ ਅਬਦਾਲੀ ਦੀ ੧੦੦੦੦ ਸੈਨਿਕਾਂ ਦੀ ਫ਼ੌਜ ਅੱਗੇ ਹਥਿਆਰ ਸੁੱਟ ਕੇ ਆਪਣੀ ਜਾਨ ਬਚਾ ਲਈ ਹੁੰਦੀ ਤਾਂ ਅੱਜ ਉਨ੍ਹਾਂ ੨੧ ਯੋਧਿਆਂ ਨੂੰ ਕੋਈ ਨਾ ਜਾਣਦਾ ਹੁੰਦਾ। ਪਰ ਉਨ੍ਹਾਂ ਮਹਾਨ ਸੂਰਬੀਰਾਂ ਨੇ ਇੰਨੀ ਵੱਡੀ  ਫ਼ੌਜ ਅੱਗੇ ਈਨ ਨਹੀ ਮੰਨੀ ਤੇ ਦਲੇਰੀ ਨਾਲ ਆਖਰੀ ਸਾਹਾਂ ਤੱਕ ਲੜਦੇ ਹੋਏ ਸ਼ਹੀਦ ਹੋਏ। ਅੱਜ ਇਨ੍ਹਾਂ ਸੂਰਮਿਆਂ ਦੀ ਕੁਰਬਾਨੀ ਨੂੰ ਸਾਰੀ ਦੁਨੀਆਂ ਸਰਧਾ ਅਤੇ ਸਤਿਕਾਰ ਨਾਲ ਸਲਾਮ ਕਰਦੀ ਹੈ।
ਜੇਕਰ ਤੁਸੀਂ ਕਦੇ ਮੁਸੀਬਤਾਂ ਵਿੱਚ ਘਿਰ ਜਾਓ ਤਾਂ ਹੌਸਲੇ ਦੇ ਸੂਰਜ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ-ਕਾਲ ਨੂੰ ਯਾਦ ਕਰੋ, ਜਿਨ੍ਹਾਂ ਨੇ ਆਪਣਾ ਸਾਰਾ ਵੰਸ਼ ਹੀ ਕੌਮ ਲਈ ਕੁਰਬਾਨ ਕਰ ਦਿੱਤਾ ਪਰ ਉਨ੍ਹਾਂ ਨੇ ਕਦੇ ਹੌਸਲਾ ਨਹੀਂ ਸੀ ਹਾਰਿਆ।ਇਸ ਕਰਕੇ ਅੱਜ  ਪੂਰੀ ਦੁਨੀਆਂ ਵਿੱਚ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੂੰ ਹੌਸਲੇ ਦੇ ਮਘਦੇ ਰੌਸ਼ਨ ਮੀਨਾਰ ਵਜੋਂ ਜਾਣਿਆ ਜਾਂਦਾ ਹੈ।ਸੰਘਰਸ਼-ਸ਼ੀਲ ਲੋਕ ਹੀ ਇਤਿਹਾਸ ਰਚਦੇ ਹਨ। 
ਇਸ  ਧਰਤੀ ਉਪਰ  ਸਭ ਤੋਂ ਸ਼ਕਤੀਸ਼ਾਲੀ  ਮਨੁੱਖ ਅਮਰੀਕਾ ਦੇ ਰਾਸ਼ਟਰਪਤੀ ਨੂੰ ਮੰਨਿਆ ਜਾਂਦਾ ਹੈ।ਇਸ ਸ਼ਕਤੀਸ਼ਾਲੀ ਅਹੁਦੇ ਨੂੰ ਹਾਸਲ ਕਰਨ ਲਈ ਇੱਕ ਮਨੁੱਖ ਸੁਪਨਾ  ਸਿਰਜਦਾ ਹੈ।ਉਸ ਵਿਅਕਤੀ ਨੂੰ ਸਾਧਨਾਂ ਦੀ ਘਾਟ ਸੀ ਪਰ ਉਸਦਾ ਨਿਸਚਾ ਦ੍ਰਿੜ ਸੀ ਅਤੇ ਦਿਲ ਆਤਮ ਵਿਸ਼ਵਾਸ਼ ਨਾਲ ਭਰਿਆ ਹੋਇਆ ਸੀ।ਉਸਨੇ ੨੧ ਵਰ੍ਹਿਆਂ ਦੀ ਉਮਰ ਵਿਚ ਵਪਾਰ ਸ਼ੁਰੂ ਕੀਤਾ ਪਰ ਸਫ਼ਲ ਨਾ ਹੋ ਸਕਿਆ।ਫਿਰ ਇਕ ਹੋਰ ਵਪਾਰ ੨੪ ਵਰ੍ਹਿਆਂ ਦੀ ਉਮਰ ਵਿਚ ਸ਼ੁਰੂ ਕੀਤਾ ।ਉਸ ਵਿਚ ਸਫ਼ਲਤਾ ਨਾ ਮਿਲੀ।੨੭ ਵਰ੍ਹਿਆਂ ਦੀ ਉਮਰ ਵਿਚ ਉਸਦਾ ਦਿਮਾਗੀ ਸੰਤੁਲਨ ਵਿਗੜ ਗਿਆ ਕਿਉਂਕਿ ਉਸਦੀ ਪ੍ਰੇਮਿਕਾ ਇਸ ਦੁਨੀਆਂ ਤੋਂ ਚਲੀ ਗਈ ਸੀ।ਸਿਹਤਮੰਦ ਹੋਣ ਪਿੱਛੋਂ ਉਸਨੇ ਸਿਆਸਤ ਵਿਚ ਹੱਥ ਅਜ਼ਮਾਉਣਾ ਸ਼ੁਰੂ ਕੀਤਾ ।੩੮ ਵਰ੍ਹਿਆਂ ਦੀ ਉਮਰ ਵਿਚ ਉਹ ਚੋਣ ਲੜਿਆ ਅਤੇ ਹਾਰ ਗਿਆ। ੪੫ ਸਾਲਾਂ ਦੀ ਉਮਰ ਸੈਨੇਟ ਦੀ ਚੋਣ ਫਿਰ ਹਾਰ ਗਿਆ।੪੭ ਸਾਲਾਂ ਦੀ ਉਮਰ ਵਿਚ ਉਹ ਉਪ-ਰਾਸ਼ਟਰਪਤੀ ਲਈ ਖੜ੍ਹਿਆ, ਫਿਰ ਵੀ ਨਾ ਜਿੱਤ ਸਕਿਆ।੪੯  ਸਾਲ ਦੀ ਉਮਰ ਵਿੱਚ ਉਹ ਫਿਰ ਹਾਰ ਗਿਆ।ਇਹ ਹਾਰਾਂ ਉਸਨੂੰ ਆਪਣੇ ਮਕਸਦ ਤੋਂ ਹਿਲਾ ਨਾ ਸਕੀਆਂ, ਨਾ ਹੀ ਉਸਦੇ ਵਿਸ਼ਵਾਸ਼ ਨੂੰ ਤੋੜ ਸਕੀਆਂ।ਨਤੀਜੇ ਵਜੋਂ ੫੨ ਸਾਲਾਂ ਦੀ ਉਮਰ ਵਿੱਚ ਚੋਣ ਜਿੱਤਿਆ ਅਤੇ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਅੱਜ ਸਾਰਾ ਵਿਸ਼ਵ ਉਸ ਨੂੰ ਅਬ੍ਰਾਹਿਮ ਲਿੰਕਨ ਦੇ ਨਾਮ ਨਾਲ ਜਾਣਦਾ ਹੈ।ਲਿੰਕਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਜਾਣਦੇ ਹਨ, ਨਾ ਕਿ ਅਨੇਕਾਂ ਵਾਰ ਹਾਰੇ ਸਿਆਸੀ ਨੇਤਾ ਜਾਂ ਅਸਫ਼ਲ ਵਪਾਰੀ ਦੇ ਤੌਰ 'ਤੇ। ਜੇਕਰ ਤੁਸੀਂ ਦ੍ਰਿੜ ਮਨ ਨਾਲ ਕਿਸੇ ਕੰਮ ਨੂੰ ਹੱਥ ਪਾਉਦੇ ਹੋ ਤਾਂ ਤੁਹਾਡੇ ਯਤਨ ਜਾਇਆ ਨਹੀ ਜਾਂਦੇ।ਅੰਤ ਸਫ਼ਲਤਾ ਤੁਹਾਡੀ ਝੋਲੀ  ਵਿੱਚ ਹੁੰਦੀ ਹੈ।ਜੇਕਰ ਬੱਲਬ ਦਾ ਖੋਜਕਾਰ ਐਡੀਸਨ ਅਸਫ਼ਲਤਾਵਾਂ ਅੱਗੇ ਹਾਰ ਮੰਨ ਲੈਂਦਾ ਤਾਂ ਅੱਜ ਅਸੀਂ ਰਾਤ ਨੂੰ ਵੀ ਦਿਨ ਵਰਗੀ ਰੌਸ਼ਨੀ ਵਿੱਚ ਨਾ ਬੈਠ ਸਕਦੇ।ਇਸ ਤਰ੍ਹਾਂ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਬ ਬੱਚਨ ਦੀ ਆਵਾਜ਼ ਨੂੰ ਸ਼ੁਰੂ 'ਚ ਆਲ ਇੰਡੀਆ ਰੇਡੀਓ ਨੇ ਰਿਜੈਕਟ ਕਰ ਦਿੱਤਾ ਸੀ ਤੇ ਉਨ੍ਹਾਂ ਦੀ ਪਹਿਲੀ ਫਿਲਮ ਸਾਤ ਹਿੰਦੁਸਤਾਨੀ ਵੀ ਬਾਕਸ ਆਫਿਸ 'ਤੇ ਅਸਫ਼ਲ ਰਹੀ। ਪਰ ਉਨ੍ਹਾਂ ਨੇ ਹਿੰਮਤ ਨਾ ਹਾਰੀ ਤੇ ਆਪਣੀ ਕਲਾ ਨੂੰ ਹੋਰ ਨਿਖਾਰਿਆ।ਨਤੀਜੇ ਵਜੋਂ ਅੱਜ ਅਮਿਤਾਬ ਬੱਚਨ ਨੂੰ ਅੱਜ ਬਾਲੀਵੁੱਡ ਦੇ ਸੁਪਰ ਹੀਰੋ ਵਜੋਂ ਜਾਣਿਆ ਜਾਂਦਾ ਹੈ।
ਸਫ਼ਲ ਉਹ ਹੁੰਦੇ ਹਨ ਜੋ ਅਸਫ਼ਲਤਾਵਾਂ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਨ।ਜਿਹੜਾ ਵਿਅਕਤੀ ਅਸਫ਼ਲ ਹੋਣ ਦੇ ਡਰ ਕਾਰਨ ਸਫ਼ਰ ਸ਼ੁਰੂ ਹੀ ਨਹੀ ਕਰਦਾ ਉਹ ਸਾਰੀ ਉਮਰ ਬੇਜਾਨ ਵਸਤੂ ਵਾਂਗ ਉਥੇ ਹੀ ਖੜ੍ਹਾ ਰਹਿ ਜਾਂਦਾ ਹੈ।ਅਸਫ਼ਲਤਾਵਾਂ ਦਾ ਸਾਹਮਣਾ ਕਰਕੇ ਹੀ ਵਿਅਕਤੀ ਮਹਾਨ ਬਣਦਾ ਹੈ।ਜੇਕਰ ਤੁਸੀਂ ਫੁੱਲਾਂ ਦੀ ਚਾਹਨਾ ਕਰਦੇ ਹੋ ਤਾਂ ਤੁਹਾਨੂੰ ਕੰਡਿਆਂ ਨੂੰ ਵੀ ਸਹਾਰਨਾ ਪਵੇਗਾ। ਹਾਂ ਪੱਖੀ ਸੋਚ ਵਾਲਾ ਵਿਅਕਤੀ ਹਮੇਸ਼ਾਂ ਚੜਦੀ ਕਲਾ ਵਿਚ ਰਹਿੰਦਾ ਹੈ।ਉਸਨੂੰ ਚੜ੍ਹਦੇ ਸੂਰਜ ਦੀ ਸੰਧੂਰੀ ਲਾਲੀ ਵਾਲਾ ਨਜ਼ਾਰਾ ਖੂਬਸੂਰਤ ਲੱਗਦਾ ਹੈ।ਜੇਕਰ ਤੁਹਾਡੇ ਅੰਦਰ  ਜ਼ਿੰਦਗੀ ਦਾ ਆਨੰਦ ਪ੍ਰਾਪਤ ਕਰਨ ਦੀ ਹਿੰਮਤ ਹੈ ਤਾਂ ਪ੍ਰਤੀਕੂਲ ਹਾਲਾਤ ਵੀ ਤੁਹਾਨੂੰ ਡਾਵਾਂਡੋਲ ਨਹੀ ਕਰ ਸਕਦੇ।ਕਈ ਵਾਰ ਤੁਸੀਂ ਕਿਸੇ ਕੰਮ ਵਿੱਚ ਪੂਰੀ ਵਾਹ ਲਾਹ ਦਿੰਦੇ ਹੋ, ਪਰ ਫਿਰ ਵੀ ਨਤੀਜੇ ਸਾਰਥਕ ਨਹੀਂ ਆਉਂਦੇ ਤਾਂ ਦਿਲ ਨਾ ਛੱਡੋ, ਕਿਉਂਕਿ ਤੂਫਾਨ ਆਉਣ 'ਤੇ ਪੱਤੇ ਝੜਦੇ ਹਨ, ਦਰੱਖਤ ਨਹੀ ਗਿਰਦੇ।ਜਿਵੇਂ ਰਾਤ ਤੋਂ ਬਾਅਦ ਦਿਨ ਜ਼ਰੂਰ ਚੜਦਾ ਹੈ, ਗਰਮੀ ਤੋਂ ਬਾਅਦ ਸਰਦੀ ਜ਼ਰੂਰ ਆਉਂਦੀ ਹੈ, ਪੱਤਝੜ ਤੋਂ ਬਾਅਦ ਬਸੰਤ ਦਾ ਆਉਣਾ ਯਕੀਨੀ ਹੈ।ਇਸੇ ਤਰ੍ਹਾਂ ਅਸਫ਼ਲਤਾਵਾਂ ਤੋਂ ਬਾਅਦ ਸਫ਼ਲਤਾ ਵੀ ਜ਼ਰੂਰ ਪ੍ਰਾਪਤ ਹੁੰਦੀ ਹੈ।ਅਸਫ਼ਲ ਹੋਣ 'ਤੇ ਖੂੰਜੇ 'ਚ ਲੱਗ ਕੇ ਬਾਣ ਦੇ ਮੰਜੇ ਤੇ  ਢੇਰੀ ਢਾਹ ਕੇ ਬੈਠਣ ਨਾਲ ਕੁਝ ਨਹੀਂ ਬਣਨ ਲੱਗਾ, ਹੌਸਲਾ ਰੱਖੋ।ਹੌਂਸਲਾ ਇਕ ਅਜਿਹਾ ਸੂਰਜ ਹੈ ਜਿਸਦੀਆਂ ਕਿਰਨਾਂ ਪੈਣ ਨਾਲ ਔਕੜਾਂ ਦਾ ਹਨ੍ਹੇਰਾ ਅਲੋਪ ਹੋ ਜਾਂਦਾ ਹੈ।ਜੇਕਰ ਤੁਸੀਂ ਔਕੜਾਂ ਫਤਿਹ ਕਰਕੇ ਮੰਜ਼ਿਲ ਪ੍ਰਾਪਤ ਕਰਦੇ ਹੋ ਤਾਂ ਤੁਹਾਡੇ ਅੰਦਰ ਆਨੰਦ ਦਾ ਪੱਧਰ ਉੱਚਾ ਤੇ ਚਿਰ ਸਥਾਈ ਹੋਵੇਗਾ।ਜੇਕਰ ਤੁਸੀਂ ਵਾਰ-ਵਾਰ ਯਤਨ ਕਰਨ ਤੇ ਵੀ ਅਸਫ਼ਲ ਹੋ ਰਹੇ ਹੋਂ ਤਾਂ ਨਵੇਂ ਨਜ਼ਰੀਏ ਨਾਲ ਸਮੱਸਿਆ ਦਾ ਹੱਲ ਤਲਾਸ਼ ਕਰੋ।ਸੋਚਣ ਦੇ ਢੰਗ ਵਿੱਚ ਤਬਦੀਲੀ ਲਿਆਉਣ ਤੇ ਤੂਹਾਨੂੰ ਸਮੱਸਿਆ ਦੇ ਕਈ ਨਵੇਂ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ।ਇਹ ਜਾਣਕਾਰੀ ਤੁਹਾਡੀ ਮੁਸ਼ਕਿਲ ਆਸਾਨ ਕਰਨ ਵਿੱਚ ਸਹਾਇਕ ਸਿੱਧ ਹੁੰਦੀ ਹੈ।