ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ (ਲੇਖ )

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy accutane uk

buy accutane 10mg uk

How to Take Amoxicillin

amoxicillin over the counter
ਬਾਪੂ ਵਾਹਵਾ ਲੰਮੀ ਉਮਰ ਭੋਗ ਕੇ ਇਸ ਦੁਨੀਆ ਤੋਂ ਗਿਆ।ਡੰਗੋਰੀ ਤਾਂ ਉੱਸ ਨੇ ਭਾਂਵੇਂ ਸਾਰੀ ਉਮਰ ਨਹੀਂ ਫੜੀ ,ਪਰ ਉੱਸ ਦੀ ਵੱਖਰੀ ਦਿੱਖ ਦਰਸਾਉਣ ਵਾਲਾ ਨਿੱਗਰ ਖੂੰਡਾ ਅਖੀਰ ਤੱਕ ਉਸ ਦੇ ਨਾਲ ਹੀ ਰਿਹਾ।ਅੰਤਮ ਸਮੇਂ ਤੱਕ ਬਾਪੂ ਛੋਟੇ ਪੁੱਤਰ ਦੇ  ਘਰ ਹੀ ਰਿਹਾ,ਕਿਉਂਕਿ ਉੱਸ ਨੇ ਦੋਵੇਂ ਨੂੰਹ ਪੁੱਤਰ ਦੋਵੇਂ ਹੀ ਸਰਕਾਰੀ ਮੁਲਾਜ਼ਮ ਹੋਣ ਕਰਕੇ ਰੋਜ਼ ਸਵੇਰੇ ਆਪਣੀ ਨੌਕਰੀ ਤੇ ਚਲੇ ਜਾਂਦੇ ਸਨ ਅਤੇ ਸ਼ਾਮੀਂ ਘਰ ਵਾਪਸ ਆਉਂਦੇ ਸਨ। ਘਰ ਦੀ ਸਾਰੀ  ਜ਼ਿੰਮੇ ਵਾਰੀ ਬੇਬੇ ਦੀ ਹੁੰਦੀ।ਸਾਰਾ ਦਿਨ ਬਾਪੂ ਵਿਹੜੇ ਵਿੱਚ ਧਰੇਕ ਦੀ ਛਾਂਵੇਂ ਮੰਜੇ ਤੇ ਲੇਟਿਆ ਰਹਿ ਕੇ ਜਾਂ ਵਿਹੜੇ ਵਿੱਚ ਫਿਰ ਤੁਰ ਕੇ  ਖੂੰਡਾ ਖੜਕਾਂਦਾ ਕਾਂਵਾਂ ਚਿੜੀਆਂ ਨੂੰ ਉਡਾਂਦਾ ਵਾਹਿ ਗਰੂ 2 ਕਰਦਾ  ਘਰ ਦੀ ਰਾਖੀ ਵੀ ਕਰਦਾ ਸੀ।
                      ਬਾਪੂ ਫੌਜੀ ਹੋਣ ਕਰਕੇ ਰੋਟੀ ਖਾਣ ਤੋਂ ਪਹਿਲਾਂ ਇੱਕ ਹਲਕਾ ਜਿਹਾ ਪੈਗ ਲਾਉਣ ਦਾ ਵੀ ਸ਼ੌਕੀਨ ਸੀ। ਇਨੀ ਕੁ ਪੀਣ ਨੂੰ ਉਹ ਦੁਆਈ ਮੁਆਫਕ  ਕਿਹਾ ਕਰਦਾ ਸੀ। ਸਵੇਰੇ ਤੜਕ ਸਾਰ ਉਠਣਾ ਅਤੇ ਨਿੱਤ ਨੇਮ ਕਰਨ ਤੋਂ  ਤੋਂ ਬਾਅਦ ਗੁਰਦੁਆਰੇ ਜਾਣਾ ਵੀ ਉੱਸ ਦਾ ਪੱਕਾ ਨੇਮ ਸੀ।ਇਹ ਕੰਮ ਉੱਸ ਨੇ ਜਦ ਤੀਕ ਉਹ ਫਿਰਨੋਂ ਤੁਰਨੋਂ ਆਰੀ ਨਹੀਂ ਸੀ ਹੋ ਗਿਆ ਨਹੀਂ ਸੀ ਛੱਡਿਆ। ਗੁਰਦੁਆਰੇ ਦਾ ਗ੍ਰੰਥੀ ਆਪਣਾ ਨਿੱਤ ਨੇਮ ਕਰਕੇ ਗੁਰਦੁਆਰੇ ਦਾ ਦਰਵਾਜ਼ਾ ਬੰਦ ਕਰਕੇ ਚਲਾ ਜਾਂਦਾ। ਵਡੇਰੀ ਉਮਰ ਹੋਣ ਤੇ ਬਾਪੂ ਜ਼ਰਾ ਦੇਰ ਨਾਲ ਹੀ ਗੁਰਦੁਆਰੇ ਜਾਂਦਾ ਤਾਂ ਗੁਰਦੁਆਰੇ  ਤੇ ਜੰਦਰਾ ਲੱਗਾ ਵੇਖ ਕੇ ਉੱਸ ਨੂੰ ਭਾਈ ਜੀ ਤੇ ਬੜਾ ਗੁੱਸਾ ਆਉਂਦਾ ਅਤੇ ਉਹ ਮੈਨੂੰ ਭਾਈ ਜੀ ਨੂੰ ਸਮਝਾਉਣ ਲਈ ਕਹਿੰਦਾ।ਮੈਂ ਬਾਪੂ ਦੇ ਗੁੱਸੇ ਵਾਲੇ ਸੁਭਾਅ ਨੂੰ ਜਾਣ ਕੇ ਬਾਪੂ ਨੂੰ ਕਹਿੰਦਾ ਬਾਪੂ ਜੀ ਕੋਈ ਗੱਲ ਨਹੀਂ ਮੈਂ ਭਾਈ ਜੀ ਨੂੰ ਆਪੇ ਕਹਿ ਦਿਆਂਗਾ।ਇੱਕ ਦਿਨ ਉਹ  ਕਿਸੇ ਕੰਮ ਸਾਡੇ ਘਰ ਆਇਆ ਤਾਂ ਬਾਪੂ ਨੇ ਭਾਈ ਜੀ ਨੂੰ ਆਪਣੀ ਮੁਸ਼ਕਲ ਦੱਸੀ।ਗਰੰਥੀ ਜੀ ਨੂੰ ਅਜੇ ਵੀ ਬਹੁਤੇ ਲੋਕ ਸਤਿਕਾਰ ਨਾਲ ਭਾਈ ਜੀ ਜਾਂ ਬਾਬਾ ਜੀ ਹੀ ਕਹਿ ਕੇ ਬੁਲਾਉਂਦੇ ਹਨ। ਭਾਈ ਜੀ ਬਾਪੂ ਦੀ ਗੱਲ ਸੁਣ ਕੇ ਭਾਈ ਜੀ ਕਹਿਣ ਲੱਗੇ ਬਾਪੂ ਜੀ ਤੁਹਾਡੀ ਗੱਲ ਬਿਲਕੁੱਲ ਠੀਕ ਹੈ,ਪਰ ਇੱਸ ਵਿੱਚ ਮੇਰੀ ਵੀ ਮਜਬੂਰੀ ਹੈ। ਅੱਜ ਕੱਲ ਚੋਰ  ਤਾਂ ਗੁਰੂ ਘਰਾਂ ਨੂੰ ਨਹੀਂ ਵੀ ਬਖਸ਼ਦੇ, ਜੇ ਕੁੱਝ ਐਸੀ ਮਾੜੀ ਘਟਨਾ ਵਾਪਰ ਜਾਏ ਤਾਂ ਜ਼ਿੰਮੇਵਾਰੀ ਤਾਂ ਫਿਰ ਮੇਰੀ ਹੀ ਹੈ। ਬਾਪੂ ਭਾਈ ਜੀ ਦੀ ਇਹ ਗੱਲ ਸੁਣ ਕੇ ਬੋਲਿਆ ਕੋਈ ਗੱਲ ਨਹੀਂ ਤੂੰ ਗੁਰੂ ਘਰ ਨੂੰ ਜੰਦਰਾ ਨਾ ਮਾਰਿਆ ਕਰ ,ਜੇ ਕੋਈ ਇੱਸ ਕਰਕੇ ਨੁਕਾਸਾਨ ਕਿਤੇ ਹੋ ਵੀ ਗਿਆ ਤਾਂ ਸਾਰਾ ਹਰਜਾਨਾ ਮੈਂ ਭਰੂੰ, ਇਹ ਸਾਰੇ ਪੁਆੜੇ ਦੀ ਜੜ੍ਹ ਤਾਂ ਗੁਰੂ ਘਰ ਦੀਆਂ ਗੋਲਕਾਂ ਹੀ ਹਨ।ਮੈਂ ਭਾਈ ਜੀ ਨੂੰ ਬਾਪੂ ਦੀ ਮਜਬੂਰੀ ਦੱਸੀ ਤਾਂ  ਭਾਈ ਸੱਤ ਬਚਨ  ਕਹਿਕੇ ਚਲਾ ਗਿਆ। ਹੁਣ ਤੱਕ ਰੱਬ ਦੀ ਮਿਹਰ ਹੀ ਰਹੀ ਹੈ ਪ੍ਰਧਾਨਗੀਆਂ ਤੋਂ ਝਗੜੇ ਝਾਂਜੇ ਤਾਂ ਆਮ ਹੁੰਦੇ ਹੀ ਰਹਿੰਦੇ ਹਨ,ਪਰ ਗੋਲਕ ਦੀ ਚੋਰੀ ਤੋਂ ਬਚਾਅ ਹੀ ਰਿਹਾ ਹੈ।
                    ਛੁੱਟੀ ਵਾਲੇ ਦਿਨ ਜਦੋਂ  ਬਾਪੂ ਦੀ ਖ਼ਬਰ ਸੁਰਤ ਲੈਣ ਲਈ ਮੈਂ ਜਦੋਂ ਬਾਪੂ ਕੋਲ ਜਾਂਦਾ ਤਾਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦਾ ਤਾਂ ਬਾਪੂ ਮੇਰੇ ਮੋਢੇ ਪਲੋਸਦਾ ਮੈਨੂੰ ਕੋਲ ਬੈਠਣ ਲਈ ਕਹਿੰਦਾ ਤਾਂ ਮੈਂ ਬਾਪੂ ਨੂੰ ਕਹਿੰਦਾ, ਬਾਪੂ ਮੈਂ ਜ਼ਰਾ ਬੰਬੀ ਵੱਲ ਫੇਰਾ ਮਾਰ  ਆਵਾਂ ਤਾਂ ਬਾਪੂ ਕਹਿੰਦਾ ਤੂੰ ਜ਼ਰਾ ਕਦੇ ਮੇਰੇ ਕੋਲ ਵੀ ਬਹਿ ਜਾਇਆ ਕਰ। ਉਹ ਨਿੱਕਾ  ਆਉਂਦਾ ਹੈ ਤਾਂ ਆਉਂਦੇ ਸਾਰ ਹੀ ਖੇਤਾਂ ਵੱਲ ਚਲਾ ਜਾਂਦਾ ਹੈ,ਉੱਸ ਦੀ ਘਰ ਵਾਲੀ ਵੀ  ਆਉਂਦਿਆਂ ਹੀ ਰੰਬੀ ਫੜ ਕੇ ਵਾੜੀ ਵਿੱਚ ਜਾ ਵੜਦੀ ਹੈ।ਮਾਂ ਤੇਰੀ ਦਾ ਸਾਰਾ ਦਿਨ ਚੁੱਲ੍ਹਾ ਚੌਂਕਾ ਹੀ ਪੂਰਾ ਨਹੀਂ ਪੂਰਾ ਹੁੰਦਾ।ਤੂੰ ਆਉਨੈਂ ਤਾਂ ਪੈਰੀਂ ਹੱਥ ਲਾ ਕੇ ਦੌੜਨ ਦੀ ਕਰਦੈਂ,ਮੈਨੂੰ ਪੈਰੀਂ ਹੱਥ ਲੁਆਉਣ ਦਾ ਚਾਅ  ਨਹੀਂ ,ਮੈਨੂੰ ਤਾਂ ਤੁਹਾਡੇ ਨਾਲ  ਕੋਲ ਬੈਠ ਕੇ ਕੁੱਝ ਪਲ ਗੱਲਾਂ ਕਰਨ ਦੀ ਭੁੱਖ ਹੈ।ਘਰ ਵਿੱਚ ਕਿਹੜਾ ਨਿੱਕਾ ਨਿਆਣਾ ਹੈ ਜਿੱਸ ਨੂੰ ਕੋਲ ਬੁਲਾ ਕੇ ਕੁੱਝ ਗੱਲ ਬਾਤਾਂ ਕਰ ਲਿਆ ਕਰਾਂ।ਮੇਰੇ ਲਈ ਤਾਂ ਇਹ ਚਿੜੀਆਂ ਜਨੌਰ ਹੀ  ਹਨ ਜਿਹੜੇ ਸਾਰਾ ਦਿਨ ਹੀ ਮੋੜਨ ਦੇ ਬਾਵਜੂਦ ਵੀ ਮੇਰੇ ਆਲੇ ਦੁਆਲੇ ਘੁੰਮਦੇ ਫਿਰਦੇ ਮੇਰਾ ਹਨ।ਇਸੇ ਬਹਾਨੇ ਮੈਂ ਇਨ੍ਹਾਂ ਨਾਲ ਆਪ ਮੁਹਾਰੇ ਕਈ ਗੱਲਾਂ ਕਰਦਾ ਰਹਿੰਦਾ ਹਾਂ।ਬਾਪੂ ਦੀ ਇਹ ਗੱਲ ਵੱਲ ਉਦੋਂ  ਘੱਟ ਹੀ ਧਿਆਨ ਦੇਂਦਾ ਪਰ ਜਦੋਂ ਹੁਣ  ਮੈਂ ਆਪ ਜੀਵਨ ਦੇ ਉਸ ਸਫਰ ਵੱਲ ਜਿਉਂ 2 ਵਧਦਾ  ਰਿਹਾਂ ਤਾਂ ਹੌਲੀ 2 ਬਹੁਤ ਕੁੱਝ ਆਪੇ ਹੀ ਸਮਝ ਆ ਰਿਹਾ ਹੈ ਤੇ ਬਾਪੂ ਦੀਆਂ ਗੱਲਾਂ ਵੀ ਚੇਤੇ ਆਉਣ  ਲੱਗ ਪਈਆਂ ਹਨ।
            ਬਾਪੂ ਬੇਬੇ ਦੀ ਨਿੱਕੀ 2 ਗੱਲੇ ਆਮ ਨੋਕ ਝੋਕ ਹੁੰਦੀ ਰਹਿੰਦੀ ਸੀ ਜੋ ਕਿਸੇ ਵੇਲੇ ਫਾਲਤੂ ਕਲੇਸ਼ ਦਾ ਕਾਰਣ ਵੀ ਬਣ ਜਾਂਦੀ। ਇੱਕ ਵਾਰ ਬਾਪੂ ਐਵੇਂ ਕਿਸੇ ਛੋਟੀ ਮੋਟੀ ਗੱਲ ਤੋਂ ਘਰ  ਦਿਆਂ ਨਾਲ ਗੁੱਸੇ ਹੋ ਗਿਆ ਮੇਰੇ ਕਹਿਣ ਤੇ ਬਾਪੂ ਮੇਰੇ ਕੋਲ ਰਹਿਣ ਲਈ ਮੰਨ ਗਿਆ।ਮੈਂ ਬਾਪੂ ਨੂੰ ਕਿਹਾ ਕਿ ਤੁਸੀਂ ਜਿੱਥੇ ਵੀ ਜਾਣਾ ਹੋਵੇ ਆਪਣੀ ਮਰਜ਼ੀ ਨਾਲ ਆਓ ਜਾਓ,ਪਰ ਘਰੋਂ ਸਮੇਂ ਸਿਰ ਚਾਹ  ਪਾਣੀ ਰੋਟੀ ਟੁੱਕ ਖਾ ਕੇ ਜਾਇਆ ਕਰੋ।ਪਰ ਬਾਪੂ ਆਜ਼ਾਦ ਬੰਦਾ ਸੀ। ਬਹੁਤਾ ਚਿਰ ਮੇਰੇ ਕਹਿਣ ਤੇ ਵੀ ਚਾਹ ਪਾਣੀ ਦਾ ਛਾਹ ਵੇਲੇ ਦਾ ਸਮਾਂ ਲੰਘਣ ਤੇ ਵੀ ਦੇਰ ਕਰਕੇ ਘਰ ਮੁੜਦਾ,ਪੁੱਛਣ ਤੇ ਕਹਿੰਦਾ ਹਾਂ ਸਚ ਮੈਨੂੰ ਫਲਾਣਾ ਆਪਣੇ ਘਰ ਲੈ ਗਿਆ।ਤੇ ਨਾਂਹ 2 ਕਰਦੇ  ਚਾਹ ਪਿਆ ਦਿੱਤੀ ਗੱਲਾਂ ਬਾਤਾਂ ਕਰਦੇ ਘਰ ਆਉਣ ਵਿੱਚ ਦੇਰੀ ਹੋ ਗਈ।ਮੈਂ ਚੁੱਪ ਰਹਿ ਕੇ ਐਵੇਂ ਰਾਹ ਜਾਂਦਾ ਕਲੇਸ਼ ਸਹੇੜਨ ਤੋਂ ਡਰਦਾ ਸਾਂ। ਕੁਝ ਦਿਨਾਂ ਤੋਂ ਬਾਅਦ ਬਾਪੂ ਕੁੜੀਆਂ ਜਦ ਘਰ ਆਈਆਂ ਤੇ ਬਾਪੂ ਨੂੰ ਫਿਰ ਨਿੱਕੇ ਦੇ ਘਰ ਜਿੱਥੇ ਬੇਬੇ ਰਹਿੰਦੀ ਸੀ ਲੈ ਗਈਆਂ।ਬਾਪੂ ਭਾਂਵੇਂ ਸਾਨੂੰ ਸਾਰਿਆਂ ਨੂੰ ਪੱਲੇ ਨਹੀਂ ਸੀ ਬਨ੍ਹਦਾ ਪਰ ਧੀਆਂ ਦਾ ਕਿਹਾ ਨਹੀਂ  ਮੋੜਦਾ ਸੀ।ਉਨ੍ਹਾਂ ਨੂੰ ਤਾਂ ਉਹ  ‘ਧੀਆਂ ਰੱਬ ਜੇਹੀਆਂ’ ਕਿਹਾ ਕਰਦਾ ਸੀ।
             ਇੱਕ ਦਿਨ ਪਿੰਡ ਦੇ ਕੁੱਝ ਬੰਦੇ ਬਾਪੂ ਕੋਲ ਆਏ ਤੇ ਕਹਿਣ ਲੱਗੇ ਕਿ ਬਾਪੂ ਅਸੀਂ ਤੇਰੇ ਕੋਲ ਤਾਂ ਆਏ ਹਾਂ ਕਿ ਤੈਨੂੰ ਗੁਰਦੁਆਰੇ ਦਾ ਪ੍ਰਧਾਨ ਬਨਾਉਣਾ ਹੈ।ਬਾਪੂ ਕਹਿਣ ਲੱਗਾ ਤੁਸੀਂ ਪ੍ਰਧਾਨ ਬਨਾਉਣ ਲਈ ਕਹਿ ਰਹੇ ਹੋ, ਮੈਂ ਤਾਂ ਅਜੇ ਪੂਰਾ ਸਿੱਖ ਵੀ ਨਹੀਂ ਬਣ ਸਕਿਆ,ਤੁਸੀਂ ਇੱਸ ਕੰਮ ਲਈ ਕੋਈ ਹੋਰ ਬੰਦਾ ਲੱਭੋ,ਇੱਥੇ ਅੱਗੇ ਕਿਹੜੇ ਪ੍ਰਧਾਨਗੀ ਦੇ ਭੁੱਖੇ ਬੰਦਿਆਂ ਦੀ ਘਾਟ ਹੈ। ਰੱਤਾ ਠਹਿਹੋ ਚਾਹ ਪਾਣੀ ਦਾ ਵੇਲਾ ਹੈ,ਚਾਹ ਪੀ ਕੇ ਜ਼ਰੂਰ ਜਾਇਓ।ਨਾਲੇ ਇੱਕ ਜ਼ਰੂਰੀ  ਗੱਲ ਹੋਰ ਕਿ ਅੱਗੇ ਤੋਂ ਮੇਰੇ ਕੋਲ ਕਿਸੇ ਹੋਰ ਸੇਵਾ ਲਈ ਜੀਅ ਸਦਕੇ ਆਇਓ ਪਰ ਇੱਸ ਕੰਮ ਲਈ ਮੁੜ  ਖੇਚਲ ਨਾ ਕਰਿਓ। ਚੰਗਾ ਬਾਪੂ ਚਾਹ ਕਿਤੇ ਫਿਰ ਸਹੀ, ਕਹਿ ਕੇ ਬੰਦੇ ਜਿੱਧਰੋਂ ਆਏ ਸਨ ਚੁਪ  ਚੁਪੀਤੇ ਚਲੇ ਗਏ।
            ਬਾਪੂ ਨੇ ਜ਼ਿੰਦਗੀ ਦੇ ਕਈ ਬਦਲਦੇ ਰੰਗ ਰੂਪ ਵੇਖੇ,ਉੱਸ ਪਾਸ ਜ਼ਿੰਦਗੀ ਦਾ ਕੌੜਾ, ਸੱਚ ਤਲਖ ਤਜਰਬੇ ਸਨ ।ਚੰਗੇ ਲੋਕਾਂ ਦੀ ਸੰਗਤ ਚੋਂ  ਚੰਗੇ ਵਿਚਾਰਾਂ ਦੀ ਪ੍ਰਾਪਤ ਕੀਤੀ ਹੋਈ ਮਿਠਾਸ ਵੀ  ਸੀ।ਜਵਾਨੀ ਵੇਲੇ ਦੀਆਂ ਬੇਮਿਸਾਲ ਕਈ ਹੋਈਆਂ ਬੀਤੀਆਂ ਗੱਲਾਂ ਦਾ ਵੱਡਾ ਭੰਡਾਰ ਵੀ ਸੀ,ਦੇਸ਼ ਦੀ ਵੰਡ ਵੇਲੇ ਦੀਆਂ ਲੂੰ ਕੰਡੇ ਕੰਡੇ ਕਰਨ ਵਾਲੀਆਂ ਵੇਖੀਆਂ ਸੁਣੀਆਂ ਹੋਈਆਂ ਬੀਤੀਆਂ ਗੱਲਾਂ, ਉੱਸ ਦੀ ਫੌਜ ਦੀ ਨੌਕਰੀ ਵੇਲੇ ਅੰਗ੍ਰੇਜ਼ ਰਾਜ ਵੇਲੇ ਜੰਗ ਦੀਆਂ ਜੋਸ਼ੀਲੀਆਂ ਕਹਾਣੀਆਂ, ਤੇ ਹੋਰ ਵੀ ਬਹੁਤ ਕੁੱਝ,ਸੀ ਪਰ ਉਨ੍ਹਾਂ ਨੂੰ ਸੁਣਨ ਸੁਣਾਉਣ ਲਈ ਕਿਸੇ ਪਾਸ ਹੁਣ ਸਮਾਂ ਨਹੀਂ ਸੀ। ਰੁਝੇਵਿਆਂ ਮਾਰੀ ਇੱਸ ਦੁਨੀਆਂ ਵਿੱਚ ਸੁਣਾਉਣ ਵਾਲਿਆਂ ਵਿੱਚ ਬਾਪੂ ਵਰਗੇ ਤਾਂ ਬਹੁਤ ਹਨ ਪਰ ਸੁਣਨ ਵਾਲਿਆਂ ਦੀ ਵੱਡੀ ਘਾਟ ਸੀ।ਕਈ ਤਾਂ ਇਹ ਵੀ ਕਹਿੰਦੇ ਕਿ ਬਾਪੂ ਤਾਂ ਵਿਹਲਾ ਹੈ ਹੁਣ ਇੱਸ ਕੋਲ ਬੈਠ ਕੇ ਸਾਰੇ ਕੰਮ ਧੰਦੇ ਛੱਡ ਕੇ ਫਾਲਤੂ ਸਮਾਂ ਕੌਣ ਗੁਆਵੇ। ਪਰ ਬਾਪੂ ਦਾ ਗਿਲਾ ਹੁਣ ਮੈਨੂੰ ਸੱਚਾ ਲੱਗਦਾ ਹੈ। ਮੇਰਾ ਇੱਕ ਦੂਰ ਨੇੜੇ ਦਾ ਸਾਕ ਸਬੰਧੀ ,ਨਰਿੰਦਰ, ਜੋ ਹੁਣ ਇਸ ਦੁਨੀਆਂ ਵਿੱਚ ਨਹੀਂ,ਉਹ ਜਦੋਂ ਵੀ ਸਾਡੇ ਘਰ ਆਉਂਦਾ ਤਾਂ ਬਾਪੂ ਕੋਲ ਜ਼ਰੂਰ ਕੁਝ ਪਲ ਬੈਠਦਾ ,ਅਤੇ ਬਾਪੂ ਦੀਆਂ ਗੱਲਾਂ  ਜ਼ਰੂਰ ਸੁਣਦਾ, ਅਤੇ ਵਿੱਚ 2 ਹੁੰਗਾਰਾ ਵੀ ਕਦੇ ਕਦੇ ਭਰਦਾ ਰਹਿੰਦਾ। ਮੈਂ ਜਦ ਉੱਸ ਨੂੰ ਪੁੱਛਦਾ ਕਿ ਸੁਣੀਆਂ ਬਾਪੂ ਦੀਆਂ ਪੁਰਾਣੀਆਂ ਗੱਲਾਂ ਤਾਂ ਉਹ ਹੱਸ ਕੇ ਕਹਿੰਦਾ ਥੋੜ੍ਹੀਆਂ ਸੁਣੀਆਂ ਪਰ ਬਹੁਤੀਆਂ ਨਹੀਂ ਸੁਣੀਆਂ ਪਰ ਬਾਪੂ ਕੋਲ ਇਨਾ ਸਮਾਂ ਬੈਠ ਕੇ ਜੇ ਬਾਪੂ ਖੁਸ਼ ਹੋ ਗਿਆ ਤਾਂ ਇਹ ਘਾਟੇ ਵਾਲਾ ਸੌਦਾ ਨਹੀਂ,ਬਜ਼ੁਰਗਾਂ ਦੀ ਖੁਸ਼ੀ ਜੇ ਉਨ੍ਹਾਂ ਕੋਲ ਕੁੱਝ ਪਲ ਬੈਠ ਕੇ ਉਨ੍ਹਾਂ ਨੂੰ ਮਿਲ ਜਾਏ ਤਾਂ ਇੱਸ ਵਿੱਚ ਸਾਡਾ ਕੀ ਜਾਂਦਾ ਹੈ ।                                                                                                                       
           ਹੁਣ ਬਾਪੂ ਉਮਰ ਦੇ ਦੱਸ ਦਹਾਕੇ ਪਾਰ ਕਰ ਚੁਕਾ ਸੀ। ਉਹ ਹੌਲੀ 2 ਹੰਘੂਰਾ ਮਾਰਨ ਲਗ ਪਿਆ ਸੀ। ਸਾਰੇ ਘਰ ਦੇ ਉਨ੍ਹਾਂ ਦੇ ਹੰਘੂਰੇ ਤੋਂ ਤੰਗੀ ਜਿਹੀ ਵੀ ਮਹਿਸੂਸ ਕਰਨ ਲੱਗ ਪਏ ਸਨ।ਇੱਕ ਦਿਨ ਮੈਂ ਬਾਪੂ ਦਾ ਹਾਲ ਪੁੱਛਣ ਲਈ ਗਿਆ ਤਾਂ ਉਹ ਗੱਲੇ 2 ਲੰਮੇ 2 ਸਾਹ ਲੈਂਦੇ ਹੰਘੂਰਾ ਮਾਰ ਰਹੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਬਾਪੂ ਜੀ ਹੰਗੂਰਾ ਮਾਰਨ ਦੀ ਥਾਂ ਵਾਹਿਗੁਰੂ 2 ਕਰਿਆ ਕਰੋ ਖਾਂ, ਤਾਂ ਕਹਿਣ  ਲੱਗਾ ਕਿ ਕੀ ਕਰਾਂ ਕਹਿੰਦਾ ਤਾਂ ਇਹੀ ਹਾਂ ਪਰ ਵਾਹਿਗਰੂ ਦੀ ਥਾਂ ਜਿੰਨਾ ਮਰਜ਼ੀ ਜਤਨ ਕਰਾਂ ਹੁਣ ਤਾਂ ਬਦੋ ਬਦੀ ਹੰਘੂਰਾ ਹੀ ਨਿਕਲਦਾ ਹੈ।
                 ਜਦੋਂ ਲੰਮੀ ਉਮਰ ਭੋਗ ਕੇ ਬਾਪੂ ਅਤੇ ਬੇਬੇ ਦੋਵੇਂ ਇੱਕੱਠੇ ਇੱਕੋ ਦਿਨ ਹੀ ਇੱਸ ਫਾਨੀ ਸੰਸਾਰ  ਨੂੰ ਸਦਾ ਵਾਸਤੇ ਅਲਵਿਦਾ ਕਹਿ ਗਏ ਤਾਂ ਉਨ੍ਹਾਂ ਦੀ ਇੱਸ ਅਣੋਖੀ ਮੌਤ ਨੂੰ ਜਿਨ੍ਹਾਂ ਨੇ ਸੁਣਿਆ ਸੁਣ ਕੇ ਬੜੇ ਹੈਰਾਨ ਹੋਏ।ਅਤੇ ਬਹੁਤ ਸਾਰੇ ਦੂਰ ਦੁਰਾਡੇ ਥਾਂਵਾਂ ਤੋਂ ਲੋਕ ਜਿਨ੍ਹਾਂ ਨੇ ਸੁਣਿਆ ਉਨ੍ਹਾਂ ਦੇ ਸਸਕਾਰ ਤੇ ਆਏ। ਉਨ੍ਹਾਂ ਦੀ ਅੰਤਮ ਅਰਦਾਸ ਵੇਲੇ ਉਨ੍ਹਾਂ ਦੀ ਕੋਈ ਫੋਟੋ ਨਾ ਮਿਲੇ।ਆਖਰ ਭਜ ਦੌੜ ਕਰਨ ਤੇ ਉਨ੍ਹਾਂ ਦੀ ਮੇਰੇ ਵੱਡੇ ਪੁੱਤਰ ਦੇ ਬ੍ਰਾਤ ਦੀ ਮਿਲਣੀ ਵੇਲੇ ਦੀ ਫੁੱਲਾਂ ਦੇ ਹਾਰਾਂ ਵਾਲੀ ਫੋਟੋ  ਮਿਲ ਹੀ ਗਈ।ਇਸੇ ਤਰ੍ਹਾ ਬੇਬੇ ਦੀ ਫੋਟੋ ਵੀ ਇਕ ਐਲਬਮ ਵਿੱਚੋਂ ਮਿਲ ਗਈ ਦੋਹਾਂ  ਨੂੰ ਇਕੱਠੀਆਂ ਕਰਕੇ ਫੋਟੋ ਗ੍ਰਾਫਰ ਨੇ  ਇੱਕ ਫੋਟੋ ਬਨਾ ਦਿੱਤੀ।ਜੋ ਅਜੇ ਵੀ ਇਕ ਕਮਰੇ ਵਿੱਚ ਉਨ੍ਹਾਂ ਦੇ ਨਿੱਤ ਨੇਮ ਕਰਨ ਵਾਲੇ ਗੁਰਬਾਣੀ ਦੇ ਗੁਟਕੇ ਸੰਚੀਆਂ ਅਤੇ ਹੋਰ ਧਾਰਮਕ ਪੁਸਤਕਾਂ, ਸ੍ਰੀ ਸਾਹਿਬ,ਅਤੇ ਵਿਸ਼ੇਸ਼ ਕਰਕੇ ਉਨ੍ਹਾਂ ਦਾ ਖੂੰਡਾ ਅਤੇ ਉਨ੍ਹਾਂ ਦੀ ਫੋਟੋ , ਸੱਭ ਕੁੱਝ ਸੰਭਾਲ ਕੇ ਰੱਖਿਆ ਹੋਇਆ ਹੈ।  
          ਬਾਪੂ ਵਾਂਗ ਹੌਲੀ ਹੌਲੀ ਮੈਂ ਵੀ ਉਮਰ ਦੀ ਪੌੜੀ ਦੇ ਅੱਠਵੇਂ ਡੰਡੇ ਨੂੰ  ਪਾਰ ਕਰਨ ਲਈ ਜੀਵਣ ਦੇ  ਅਗਲੇ ਡੰਡੇ ਤੇ ਪੈਰ ਰੱਖਣ ਲਈ ਜਿਵੇਂ ਫਲਿੰਘਿਆਂ ਹੋਇਆ ਹਾਂ।ਕਦੇ 2 ਸੋਚਦਾ ਹਾਂ ਕਿ ਬਾਪੂ ਤਾਂ ਫੌਜ ਵਿੱਚ ਦੂਜੇ ਸੰਸਾਰ ਯੁੱਧ ਵਿੱਚ ਹਿੱਸਾ ਲੈ ਕੇ ਘਰ ਪਰਤ ਆਇਆ ਸੀ।ਪਰ ਮੈਂ ਤਾਂ ਆਪਣੇ ਉਮਰ ਦੇ ਇੱਸ ਆਖਰੀ ਸਮੇਂ ਵਿਦੇਸ਼ ਵਿੱਚ ਦਿਨ ਕਟੀ ਕਰ ਰਿਹਾ ਹਾਂ।ਕੀ ਪਤਾ ਕਦੋਂ ਤੇ ਕਿਵੇਂ ਤੇ ਕਿੱਥੇ ਜੀਵਣ ਦੀ ਪਉੜੀ ਦਾ ਆਖਰੀ ਪੌਡਾ ਹੱਥੋਂ ਛੁੱਟ ਕੇ  ਕਿੱਥੇ ਪਟਕਾ ਦੇਵੇ। ਇੱਸ ਠੰਡੇ ਦੇਸ਼ ਵਿੱਚ ਜਦੋਂ ਕਿਤੇ  ਸਰਦੀ ਲੱਗਣ ਕਰ ਕੇ ਸਿਹਤ ਵਿਗੜ ਜਾਂਦੀ ਹੈ ਤਾਂ ਬੰਦ ਗਰਮ ਕਮਰੇ ਵਿੱਚ ਜਦੋਂ ਵਾਹਿਗੁਰੂ ਕਹਿਣਾ ਔਖਾ ਹੋ ਜਾਂਦਾ ਹੈ ਪਰ ਹੰਘੂਰਾ ਤਾਂ  ਆਪ ਮੁਹਾਰੇ ਹੀ ਨਿਕਲ ਜਾਂਦਾ ਹੈ। ਓਦੋਂ ਪਤਾ ਨਹੀਂ ਕਿਉਂ ਇਵੇਂ ਲਗਦਾ ਹੈ ਜਿਵੇਂ ਮੇਰੇ ਇਨ੍ਹਾਂ ਹੰਗੂਰਿਆਂ ਵਿੱਚ ਬਾਪੂ ਦੇ ਬੁਢੇਪੇ ਵੇਲੇ  ਦੇ ਹੰਗੂਰਿਆਂ ਦੀ ਆਵਾਜ਼  ਸਾਂਝ ਪਾ ਰਹੀ ਹੋਵੇ। ਸੋਚਦਾ ਹਾਂ, ਕਿ ਕੀ ਪਤਾ,  ਜੀਵਣ ਸਫਰ ਦਾ ਅੰਤ ਕਦੋਂ ਕਿੱਥੇ ਅਤੇ ਕਿੱਸ ਹਾਲਤ ਵਿੱਚ ਹੋਵੇ ਪਰ ਬਾਪੂ ਹੁਣ ਕਦੇ ਕਦੇ 2 ਬੜਾ ਯਾਦ ਆਉਂਦੈ।