ਮਾਂਪੇ ਤੱਕਦੇ ਰਹਿੰਦੇ ਬੱਚੇ ਤੁਰ ਜਾਂਦੇ ਨੇ।
ਪਰਬਤ ਵਰਗੇ ਨਸ਼ਿਆਂ ਕਰਕੇ ਖੁਰ ਜਾਂਦੇ ਨੇ।
ਦਿਲ ਦੇ ਫੱਟ ਨਾ ਪੁਰਦੇ ਬੱਚਿਆਂ ਦੀ ਮੌਤਾਂ ਦੇ,
ਬਾਕੀ ਸਾਰੇ ਫੱਟ ਤਾਂ ਫਿਰ ਵੀ ਪੁਰ ਜਾਂਦੇ ਨੇ।
ਮਿਲਦੀਆਂ ਦਾਤਾਂ ਸੁਰ ਵਾਲੀਆਂ ਵਿਰਲੇ ਹੀ।
ਚੰਗੇ ਉਹ ਜੋ ਹੋਰਾਂ ਨੂੰ ਦੇ ਗੁਰ ਜਾਂਦੇ ਨੇ।
ਬਹਿ ਜਾਂਦਾ ਹੈ ਉਹ ਤਾਂ ਚੁੱਕ ਕਲਮ ਰਾਤਾਂ ਨੂੰ,
ਖਬਰੇ ਉਸਨੂੰ ਕੀ ਫੁਰਨੇ ਜੀ ਫੁਰ ਜਾਂਦੇ ਨੇ।
ਗਾਉਂਦਾ ਗਾਉਂਦਾ ਰੱਬ ਦੇ ਦਰਸ਼ਨ ਕਰਵਾ ਦੇਵੇ,
ਜਿਸ ਦਿਨ ਉਸਦੇ ਲੱਗ ਦਿਲ ਤੋਂ ਸੁਰ ਜਾਂਦੇ ਨੇ।
ਜੋ ਨਾ ਕਰਦੇ ਬਣਦੇ ਯਤਨ ਵਕਤ ਦੇ ਰਹਿੰਦੇ,
ਵਕਤੇ ਦੀਆਂ ਠੰਡਾਂ ਵਿੱਚ ਉਹ ਠੁਰ ਜਾਂਦੇ ਨੇ।