ਲੇਖਕ- ਡਾ ਸਰੂਪ ਸਿੰਘ ਅਲੱਗ
ਪ੍ਰਕਾਸ਼ਕ –ਅਲਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰਸਟ (ਰਜਿ ) ਲੁਧਿਆਣਾ
ਪੰਨੇ---160 ਕੀਮਤ – ਗੁਰਮਤਿ ਪ੍ਰਚਾਰ ਹਿਤ -ਮੁਫਤ ਸੇਵਾ
ਡਾ ਸਰੂਪ ਸਿੰਘ ਅੱਲਗ ਦਾ ਨਾਂਅ ਦੇਸ਼ਾਂ ਵਿਦੇਸ਼ਾਂ ਵਿਚ ਗੁਰਮਤਿ ਪ੍ਰਚਾਰਕ ਲੇਖਕ ਦੇ ਤੌਰ ਤੇ ਜਾਣਿਆ ਜਾਂਦਾ ਹੈ। ਤੇ ਗੁਰਮਤਿ ਲਿਖਤਾਂ ਦੇ ਪਾਠਕ ਉਨ੍ਹਾਂ ਨੂੰ ਪੂਰਨ ਸਤਿਕਾਰ ਦੇ ਰਹੇ ਹਨ। ਉਂਨ੍ਹਾ ਤੇ ਗੁਰੂ ਦੀ ਭਰਪੂਰ ਬਖਸ਼ਿਸ਼ ਹੈ। ਤੇ ਉਹ ਗੁਰਮਤਿ ਅਨੁਸਾਰ ਜੀਵਨ ਦੇ ਧਾਰਨੀ ਹਨ। ਕਹਿਣੀ ਤੇ ਕਰਨੀ ਦੇ ਸੂਰੇ ਹਨ। ਉਨ੍ਹਾਂ ਦੀ ਹਥਲੀ ਪੁਸਤਕ ਦਾ ਪਹਿਲਾ ਡੀਲਕਸ ਐਡੀਸ਼ਨ ਛਪ ਕੇ ਆਇਆ ਹੈ। ਜਿਸ ਦੀ ਪਾਠਕਾਂ ਵਿਚ ਚਰਚਾ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਅਲਗ ਸ਼ਬਦ ਯਗ ਦੀਆਂ ਕਈ ਕਿਤਾਬਾਂ ਦੁਨੀਆਂ ਭਰ ਦੇ ਪਾਠਕਾਂ ਤੇ ਗੁਰਮੁਖ ਪਿਆਰਿਆਂ ਤਕ ਗਈਆਂ ਹਨ। ਤੇ ਗੁਰੂ ਘਰ ਦੇ ਪ੍ਰਚਾਰਕਾਂ ਲਈ ਹਵਾਲਾ ਪੁਸਤਕਾਂ ਦਾ ਦਰਜਾ ਹਾਸਲ ਕਰ ਚੁਕੀਆਂ ਹਨ। ਇਸ ਪੁਸਤਕ ਵਿਚ ਕਲਿਯੁਗ ਦੇ ਮਹਾਨ ਅਵਤਾਰ ਮਾਨਵਤਾ ਦੇ ਮਹਾਨ ਰਹਿਬਰ ਸਚੇ ਪਾਤਸ਼ਾਂਹ, ਦੀਨ ਦੁਨੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਲੋਕਿਕ ਜੀਵਨ ਤੇ ਗੁਰੂ ਸਾਹਿਬ ਦੀ ਰਚੀ ਇਲਾਹੀ ਬਾਣੀ ਦੀ ਵਿਆਖਿਆ ਕੀਤੀ ਗਈ ਹੈ। ਪੁਸਤਕ ਵਿਚ ਗੁਰੂ ਨਾਨਕ ਸਾਹਿਬ ਦੀਆਂ ਵਡਿਆਈਆਂ ਦੇ ਪੁਨੀਤ ਦਰਸ਼ਨ ਹੁੰਦੇ ਹਨ ।ਜਿਵੇਂ ਗੁਰੂ ਨਾਨਕ ਸਾਹਿਬ ਦਾ ਸਾਕਸ਼ਾਤ ਸਰੂਪ ਸੁਭਾਇਮਾਨ ਹੈ। ਪੁਸਤਕ ਕੇਵਲ ਸ਼ਬਦ ਮਾਤਰ ਨਹੀ ਹਨ ।ਸਗੋਂ ਪੁਸਤਕ ਦੇ ਲੇਖਾਂ ਦੀ ਸ਼ੈਲੀ ਇਸ ਪ੍ਰਕਾਰ ਦੀ ਹੈ ਕਿ ਪਾਠਕ ਗੁਰੂ ਨਾਨਕ ਸਾਹਿਬ ਦੇ ਨਜ਼ਦੀਕੀ ਦਰਸ਼ਨ ਹੋਣ ਤਕ ਪਹੁੰਚ ਜਾਂਦਾ ਹੈ। ਜੇਕਰ ਪਾਠਕ ਦੀ ਦ੍ਰਿਸਟੀ ਵਿਚ ਉਹੀ ਸਚੀ ਸੁਚੀ ਭਾਵਨਾ ਤੇ ਗੁਰੂ ਸਾਹਿਬ ਪ੍ਰਤੀ ਸਤਿਕਾਰ ਹੋਵੇ ਜੋ ਪੁਸਤਕ ਦੇ ਲੇkਕ ਪਾਸ ਹੈ। ਗੁਰੂ ਸਾਹਿਬ ਦੇ ਜੀਵਨ ਦੀਆਂ ਅਲੋਕਿਕ ਘਟਨਾਵਾਂ ਦਾ ਜ਼ਿਕਰ ਇਸ ਕਦਰ ਦਿਲਚਸਪ ਹੈ ਕਿ ਪਾਠਕ ਦੀ ਬਿਰਤੀ ਵਿਚ ਚਮਤਕਾਰੀ ਤਬਦੀਲੀ ਆ ਸਕਦੀ ਹੈ। ਗੁਰਬਾਣੀ ਦੇ ਮਹਾਨ ਵਿਆਖਿਆਕਾਰ ਤੇ ਦਾਰਸ਼ਨਿਕ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਹਵਾਲੇ ਦੇ ਕੇ ਪੁਸਤਕ ਵਿਚ ਲੇਖਕ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਕਰਾਉਣ ਦਾ ਸਾਰਥਿਕ ਯਤਨ ਕੀਤਾ ਹੈ। ਗੁਰੂ ਸਾਹਿਬ ਦੇ ਸਮਕਾਲੀ ਰਾਜਨੀਤਕ ਤੇ ਸਮਾਜਿਕ ਹਾਲਤਾਂ ਦਾ ਜ਼ਿਕਰ ਕੀਤਾ ਹੈ
ਕਲਿ ਕਾਤੀ ਰਾਜੇ ਕਾਸਾਈ ਧ੍ਰਮੁ ਪੰਖ ਕਰਿ ਉਡਰਿਆ
ਕੂੜ ਅਮਾਵਸ ਸਚ ਚੰਦਰਮਾ ਦੀਸੈ ਨਾਹੀਂ ਕਹਿ ਚੜ੍ਹਿਆ (ਅੰਗ 145)
ਗਰਬਾਣੀ ਹਵਾਲਿਆਂ ਨਾਲ ਲੇਖਕ ਨੇ ਵਿਸ਼ੇ ਨੂੰ ਸਟੀਕ ਬਨਾਇਆ ਹੈ ।
ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ
ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਇ ( ਅੰਗ 141)
ਗੁਰੂ ਗਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਪਵਿਤਰ ਬਾਣੀ 19 ਰਾਗਾਂ ਵਿਚ 974 ਸ਼ਬਦਾਂ ਦੇ ਰੂਪ ਵਿਚ ਹੈ ।
ਜ਼ਿਕਰ ਹੇ ਕਿ ਜਦੋਂ ਗੁਰੂ ਨਾਨਕ ਦੇਵ ਜੀ ਮਕੇ ਵਿਚ ਗਏ ਤਾਂ ਹਾਜੀਆਂ ਨੇ ਗੁਰੂ ਸਾਹਿਬ ਨੂੰ ਸਵਾਲ ਕੀਤਾ ਕਿ ਸਾਨੂੰ ਦਸੋ ਕਿ ਹਿੰਦੂ ਚੰਗਾ ਹੈ ਕਿ ਮੁਸਲਮਾਨ? ਤਾ ਗੁਰੂ ਬਾਬੇ ਦਾ ਉਤਰ ਸੀ
ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋ ਰੋਈ ।
ਭਾਵ ਅਮਲਾਂ ਨਾਲ ਮਨੁਖ ਚੰਗਾ ਜਾਂ ਬੁਰਾ ਹੈ । ਜਾਤੀ ਭੇਦ ਉਸ ਸਚੇ ਪਾਤਸ਼ਾਂਹ ਦੇ ਦਰਬਾਰ ਵਿਚ ਕੋਈ ਮਾਇਨੇ ਨਹੀਂ ਰਖਦਾ। ਇਕ ਲੇਖ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਮਨੁਖ ਦੀ ਕਿਹੋ ਜਿਹੀ ਘਾੜਤ ਗੁਰੂ ਨਾਨਕ ਸਾਹਿਬ ਨੇ ਘੜੀ । ਇਸ ਪ੍ਰਥਾਂਇ ਜ਼ਿਕਰ ਹੈ ਕਿ ਕਿਰਤ ਕਰਨੀ ਮਨੁਖ ਦਾ ਅਸਲ ਕਰਮ ਹੈ। ਪਰ ਗੁਰੂ ਬਾਬੇ ਦੀ ਇਸ ਸਿਖਿਆ ਨੈੰ ਪੰਜਾਬ ਦੇ ਬਹੁਗਿਣਤੀ ਲੋਕ ਛਡ ਚੁਕੇ ਹਨ । ਸਮੇਂ ਦੇ ਹਾਕਮਾਂ ਵਲੋਂ ਵੀ ਕਿਰਤ ਦਾ ਸਹੀ ਨਾ ਮੁਲ ਪਾਉਣ ਕਰਕੇ ਪੰਜਾਬ ਦੇ ਲੋਕ ਵਿਦੇਸ਼ਾਂ ਵਲ ਉਡਾਰੀਆਂ ਲਾਉਣ ਲਗ ਪਏ ਹਨ । ਥਾਂ ਥਾਂ ਤੇ ਪੰਜਾਬ ਦੇ ਨਿਜੀ ਅਦਾਰਿਆਂ ਵਿਚ ਸਾਡੇ ਪੰਜਾਬੀਆਂ ਦਾ ਕਿਰਤ ਦੇ ਪਖ ਤੋਂ ਸ਼ੋਸ਼ਣ ਹੋ ਰਿਹਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦੀ ਕਿਰਤ ਕਰਨ ਦੀ ਸਿਖਿਆ ਦਾ ਵਿਦੇਸ਼ਾਂ ਵਿਚ ਸਹੀ ਮੁਲ ਪੈ ਰਿਹਾ ਹੈ । ਕਿਉਂ ਕਿ ਗੁਰੂ ਸਾਹਿਬ ਦੀਆਂ ਸਿਖਿਆਵਾਂ ਕੁੱਲ ਲੁਕਾਈ ਵਾਸਤੇ ਹਨ ਜੋ ਵੀ ਇਨ੍ਹਾਂ ਤੇ ਚਲੇਗਾ ਉਸ ਦਾ ਜੀਵਨ ਸੰਤੁਲਿਤ ਤੇ ਸਬਰ ਸੰਤੋਖ ਵਾਲਾ ਹੋਵੇਗਾ। ਜਾਤ ਤੇ ਸ਼ਹਿਰ ਜਾ ਦੇਸ਼ ਕੋਈ ਵੀ ਹੋਵੇ । ਹੁਣ ਦੇ ਮਨੁਖ ਦੀ ਭਟਕਣਾ ਦਾ ਕਾਰਨ ਵੀ ਇਹੀ ਹੈ ਕਿ ਉਹ ਗੁਰ ਉਪਦੇਸ਼ਾਂ ਤੋਂ ਦੂਰ ਹੋ ਗਿਆ ਹੈ । ਗੁਰਬਾਣੀ ਦਾ ਕਥਨ ਹੈ ਕਿ ਮਨੁਖ ਨੇ ਕਿਰਤ ਕਰਨ ਦੇ ਨਾਲ ਨਾਲ ਉਸ ਕਰਤੇ ਨੂੰ ਵੀ ਯਾਂਦ ਰਖਣਾ ਹੈ ਜਿਸ ਦੀ ਮਨੁਖ ਪੈਦਾਇਸ਼ ਹੈ। ਗੁਰੂ ਸਾਹਿਬ ਨੇ ਮਾਂ ਬੋਲੀ ਨੂੰ ਸਤਿਕਾਰ ਦਿਤਾ ਹੈ ਪਰ ਹੁਣ ਪੰਜਾਬ ਵਿਚ ਅਸੀ ਆਪਣੀ ਮਾਂ ਬੋਲੀ ਪੰਜਾਬੀ ਤੋਂ ਬੇਮੁਖ ਹੋ ਗਏ ਹਾਂ ਜਾ ਕਰ ਦਿਤੇ ਗਏ ਹਾ। ਇਸ ਪ੍ਰਸੰਗ ਵਿਚ ਸਰਕਾਰਾਂ ਵੀ ਚੁਪ ਹਨ । ਸਗੋਂ ਮਾਂ ਬੋਲੀ ਦੇ ਉਲਟ ਵਿਦੇਸ਼ੀ ਭਾਸ਼ਾਂਵਾਂ ਤੇ ਜ਼ੋਰ ਦਿਤਾ ਜਾ ਰਿਹਾ ਹੈ। ਇਹ ਯਤਨ ਗੁਰੂ ਨਾਨਕ ਵਿਚਾਰਧਾਂਰਾ ਨਾਲ ਕਤਈ ਮੇਲ ਨਹੀਂ ਖਾਂਦੇ। ਉਂਜ ਅਸੀਂ ਗੁਰੂ ਨਾਨਕ ਦੇ ਸਿਖ ਹੋਣ ਦਾ ਦਮ ਭਰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਆਪਣੀਆਂ ਚਾਰ ਉਦਾਸੀਆ ਵਿਚ ਵਿਭਿੰਨ ਦੇਸ਼ਾਂ ਤੇ ਵਖ ਵਖ ਕੌਮਾਂ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਕੌਡੇ ਰਾਕਸ਼ ਤੇ ਸਜਨ ਠਗ ਜਿਹੇ ਲੋਕਾਂ ਨੂੰ ਸਿਧੇ ਮਾਰਗ ਤੇ ਪਾਇਆ। ਉਂਨ੍ਹਾ ਵਿਚ ਸ਼ਬਦ ਦੀਆਂ ਮਧੁਰ ਧੁਨਾਂ ਨਾਲ ਇਨਸਾਨਾਂ ਵਾਲੇ ਗੁਣ ਭਰੇ ।ਇਸ ਕਿਸਮ ਦੀਆ ਸਾਖੀਆ ਦੇ ਕਈ ਹਵਾਲੇ ਪੁਸਤਕ ਵਿਚ ਹਨ । ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਮਨੁਖਤਾਵਾਦੀ ਸਿਖਿਆਵਾਂ ਚੇ ਚਲਣ ਵਾਲਿਆਂ ਨੂੰ ਗਲ ਨਾਲ ਲਾਇਆ। ਗੱਦੀ ਦੀ ਬਖਸ਼ਿਸ਼ ਵੀ ਪੁਤਰਾਂ ਦੀ ਥਾਂ ਭਾਈ ਲਹਿਣੇ ਨੂੰ ਦੇ ਕੇ ਗੁਰਮਤਿ ਸਿਧਾਤਾਂ ਉਪਰ ਪਹਿਰਾ ਦਿਤਾ। ਕੀ ਹੁਣ ਦੇ ਹੁਕਮਰਾਨਾ ਵਿਚ ਇਸ ਕਿਸਮ ਦਾ ਹੌਸਲਾ ਤੇ ਹਿੰਮਤ ਹੈ ? ਗੁਰੂ ਸਾਹਿਬ ਦਾ ਅਸੂਲ ਹੈ ਕਿ ਮਨੁਖ ਚੰਗਾ ਵਿਹਾਰ ਕਰੇ ਸਚਾਈ ਤੇ ਰਹੇ। ਨਿਮਰਤਾ ਦਾ ਪਲਾ ਫੜੇ ।
ਨਾਨਕ ਤਿਨ ਕੇ ਸੰਗ ਸਾਥ ਵਡਿਆਂ ਸਿਉਂ ਕਿਆ ਰੀਸ
ਪਰ ਹੁਣ ਤਾਂ ਅਖੋਤੀ ਵਡਿਆ(ਪੂੰਜੀਵਾਦੀਆਂ ) ਤੋਂ ਬਿਨਾ ਕੋਈ ਇਕ ਕਦਮ ਵੀ ਤੁਰ ਕੇ ਵਿਖਾਵੇ । ਇਹ ਪੁਸਤਕ ਮਨੁਖੀ ਜ਼ਿੰਦਗੀ ਦੇ ਅਨੇਕਾਂ ਸਰੋਕਾਰਾਂ ਬਾਰੇ ਗੁਰੂ ਨਾਨਕ ਬਾਣੀ ਦੀ ਦ੍ਰਿਸ਼ਟੀ ਤੋਂ ਚਾਨਣ ਪਾਉਂਦੀ ਹੈ। ਗੁਰੂ ਨਾਨਕ ਸਾਹਿਬ ਦਾ ਸਤਿਕਾਰ ਬੋਧੀਆਂ ਵਲੋਂ ਵੀ ਕੀਤਾ ਗਿਆ। ਉਨ੍ਹਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਂਰਾ ਨਾਲ ਅਥਾਹ ਲਗਨ ਸੀ। ਇਸ ਕਦਰ ਲਗਾਉ ਸੀ ਕਿ ਗੁਰੂ ਨਾਨਕ ਸਾਹਿਬ ਦੇ ਸਤਿਕਾਰ ਵਿਚ ਗੁਰਦੁਆਰਾ ਪਥਰ ਸਾਹਿਬ ਲੇਹ-- ਕਾਰਗਿਲ ਮਾਰਗ ਤੇ ਤਿਆਰ ਕਰਾਇਆ। ਜਿਸ ਬਾਰੇ 13 ਮਾਰਚ ,1994 ਦੇ ਅੰਗਰੇਜ਼ੀ ਦੇ ਟ੍ਰਿਬਿਊਨ ਵਿਚ ਇਸ ਦਾ ਜ਼ਿਕਰ ਕੀਤਾ ਗਿਆ ਹੇ ।(ਪੰਨਾ 50) ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਪ੍ਰਮਾਤਮਾ ਦਾ ਢਾਡੀ ਕਿਹਾ ।
ਹਉ ਢਾਢੀ ਕਾ ਨੀਚ ਜਾਤ ਹੋਰਿ ਉਤਮ ਜਾਤਿ ਸਦਾਇਦੇ (ਅੰਗ 468)
ਬੰਗਾਲ ਦੇ ਪ੍ਰਸਿਧ ਮਹਾਂ ਕਵੀ ਟੈਗੋਰ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਭਾਵ ਇਸ ਕਦਰ ਪਿਆ ਕਿ ਟੈਗੋਰ ਦੇ ਸ਼ਾਤੀ ਨਿਕੇਤਨ ਵਿਚ ਗੁਰੂ ਨਾਨਕ ਬਾਣੀ ਦਾ ਗਾਇਨ ਹੋਣ ਲਗ ਪਿਆ । ਇਹ ਸਾਰਾ ਜ਼ਿਕਰ ਪੁਸਤਕ ਦੇ ਕਾਂਡ 10 ਵਿਚ ਪੰਨਾ 61—67 ਤੇ ਹੈ । ਲੇਖਕ ਨੇ ਗੁਰੂ ਜੀ ਦੇ ਜੀਵਨ ਦੀਆ ਸਾਖੀਆਂ ਨੂੰ ਬਹੁਤ ਦਿਲਚਸਪ ਸ਼ੈਲੀ ਵਿਚ ਲਿਖਿਆ ਹੈ। ਇਕ ਲੇਖ ਵਿਚ ਪਤਾ ਲਗਦਾ ਹੈ ਕਿ ਜੋ ਰਬਾਬ ਮਰਦਾਨੇ ਪਾਸ ਸੀ ਉਹ ਗੁਰੂ ਸਾਹਿਬ ਦੀ ਸਤਿਕਾਰਯੋਗ ਭੈਣ ਨਾਨਕੀ ਨੇ ਹੀ ਮਰਦਾਨੇ ਨੂੰ ਦਿਤੀ ਸੀ ਤਾਂ ਜੋ ਦੋਨੋਂ ਸਾਥੀਆਂ ਦੀ ਸੰਗੀਤਕ ਸਾਂਝ ਰਹੇ। ਇਕ ਕਾਂਡ ਵਿਚ ਭਾਰਤੀ ਸੰਵਿਧਾਂਨ ਨਿਰਮਾਤਾ ਡਾ ਬੀ ਆਰ ਅੰਬੇਦਕਰ ਦਾ ਜ਼ਿਕਰ ਹੈ ਕਿ ਉਹ ਗੁਰੂ ਨਾਨਕ ਸਾਹਿਬ ਤੋਂ ਐਨੇ ਪਰਭਾਵਿਤ ਹੋਏ ਕਿ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਕਰ ਦਿਤਾ ਤੇ ਸਿਖ ਧਰਮ ਵਲ ਰੁਚਿਤ ਹੋ ਗਏ। (ਕਾਂਡ 16 ) ਪੁਸਤਕ ਦੇ ਲੇਖ --ਨਾਨਕ ਨਿਰਮਲ ਪੰਥ ਚਲਾਇਆ , ਗੁਰੂ ਨਾਨਕ ਦੇ ਨਿਆਰੇ ਚੋਜ ,ਨਾਨਕ ਕੇ ਘਰ ਕੇਵਲ ਨਾਮ , ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ,ਗੁਰੂ ਨਾਨਕ ਜਿਨ ਸੁਣਿਆ ਪੇਖਿਆ , ਇਸ ਕਦਰ ਵਿਸਮਾਦਮਈ ਸ਼ਬਦਾਂ ਦਾ ਸਮੁੰਦਰ ਹਨ ।ਕਿ ਪਾਠਕ ਵਿਚ ਰੂਹਾਨੀਅਤ ਦਾ ਜ਼ਜ਼ਬਾ ਭਰ ਜਾਂਦਾ ਹੈ । ਪੁਸਤਕ ਦੇ ਕੁਝ ਲੇਖ ਗੁਰੂ ਨਾਨਕ ਸਾਹਿਬ ਦੀਆ ਸਿਖਿਆ ਦੇਣ ਦੀਆ ਵਿਸ਼ੇਸ਼ ਨਾਟਕੀ ਜੁਗਤਾਂ ਦੀ ਜਾਣਕਾਰੀ ਦੇਣ ਵਾਲੇ ਹਨ । ਇਂਨ੍ਹਾ ਵਿਚ ਸਚਾ ਸੌਦਾ ਸਾਖੀ ,ਸਿਧਾਂ ਨਾਲ ਗੋਸ਼ਟਿ ,ਜਨੇਊ ਦੀ ਰਸਮ ,ਆਦਿ ਘਟਨਾਵਾਂ ਦਾ ਜ਼ਿਕਰ ਹੈ। ਪੰਨਾ 26---34 ਵਾਲੇ ਸ਼ਬਦ ਗੁਰੂ ਕਾਂਡ ਵਿਚ ਜਪੁਜੀ ਸਾਹਿਬ ਵਿਚ ਅੰਕਿਤ ਪੰਜ ਖੰਡਾਂ ਦਾ ਵਿਸਥਾਰ ਹੈ--- ਧਰਮ ਖੰਡ ,ਗਿਆਨ ਖੰਡ ,ਸਰਮ ਖੰਡ, ਕਰਮ ਖੰਡ. ਸਚ਼ਖੰਡ ਸਿਧ ਗੋਸ਼ਟਿ ,ਥਿਤੀ ਆਸਾ ਦੀ ਵਾਰ ਮਾਝ ਦੀ ਵਾਰ ਮਲ੍ਹਾਰ ਦੀ ਵਾਰ ਬਾਣੀਆ ਦੀ ਵਿਸਮਾਦਕ ਚਰਚਾ ਹੈ। ਪੁਸਤਕ ਗੁਰੂ ਨਾਨਕ ਬਾਣੀ ਨੂੰ ਮਨ ਹਿਰਦੇ ਵਿਚ ਵਸਾਉਣ ਵਾਲੀ ਹੈ। ਪੁਸਤਕ ਦਾ ਬਾਹਰੀ ਸਿਰਲੇਖ ਸ਼ਾਂਨਦਾਰ ਸੁਨਹਿਰੀ ਅਖਰਾਂ ਵਿਚ ਹੈ । ਪੁਸਤਕ ਪ੍ਰਕਾਸ਼ਨ ਵਿਚ ਅਲਗ ਪਰਿਵਾਰ ਵਿਚੋਂ ਰੁਪਿੰਦਰ ਕੌਰ ਸੋਨੀਆ ,ਅਲੱਗ ,ਰਮਿੰਦਰ ਦੀਪ ਸਿੰਘ ਅਲੱਗ ਜਸਬੀਰ ਸਿੰਘ ਅਲੱਗ , ਬੀਬਾ ਸੁਖਮਨੀ ਸਿੰਘ ਅਲੱਗ ,ਦਾ ਵਿਸ਼ੇਸ਼ ਸਹਿਯੋਗ ਹੈ। ਟਾਈਟਲ ਤੇ ਅਲੱਗ ਪਰਿਵਾਰ ਦੇ ਹੋਣਹਾਰ ਤੇ ਗੁਰਮਤਿ ਨਾਲ ਜੁੜੇ ਬੱਚਿਆਂ ਦੀ ਹਰਿਮੰਦਰ ਸਾਹਿਬ ਵਿਚ ਅਰਦਾਸ ਜੋਦੜੀ ਕਰਦਿਆਂ ਦੀ ਤਸਵੀਰ ਹੈ। ਵਾਹਿਗੁਰੂ ਅਲੱਗ ਪਰਿਵਾਰ ਤੇ ਮਿਹਰ ਭਰਿਆ ਹੱਥ ਰਖੇ ਤੇ ਗੁਰਮਤਿ ਪ੍ਰਚਾਰ ਲਈ ਹਿੰਮਤ ਤੇ ਉਤਸ਼ਾਹ ਦੀ ਬਖਸ਼ਿਸ਼ ਕਰੇ।