ਮੇਰਾ ਪੰਜ ਕੁ ਸਾਲਾਂ ਦਾ ਬੇਟਾ ਅਮਨ ਸਵੇਰੇ ਦਰਾਂ `ਚੋਂ ਅਖ਼ਬਾਰ ਚੁੱਕ ਮੇਰੇ ਵੱਲ ਆਉਂਦਾ ਬੋਲਿਆ, `ਪਾਪਾ, ਆ ਅਖ਼ਬਾਰ `ਚ ਤਾਂ ਗਲਤ ਲਿਖਿਆ।` ` ਉਹ ਕਿਵੇਂ ? ` ਮੈਂ ਚਾਹ ਦੀ ਚੁਸਕੀ ਲੈਦਿਆਂ ਬੜੀ ਮੁਸ਼ਕਿਲ ਨਾਲ ਆਪਣੀ ਹਸੀ ਰੋਕਦਿਆਂ ਪੁੱਛਿਆ ਕਿਉਕਿ ਅਮਨ ਅਜੇ ਕੁੱਝ ਦਿਨਾਂ ਤੋਂ ਹੀ ਅੱਖਰ ਜੋੜ ਪੜਨਾ ਸਿੱਖਿਆ ਸੀ ਜਿਸ ਕਾਰਨ ਕਈ ਵਾਰੀ ਉਹ ਜਲਦਬਾਜ਼ੀ ਵਿੱਚ ਸ਼ਬਦਾਂ ਨੂੰ ਗਲਤ ਪੜ੍ਹ ਜਾਂਦਾ ਤੇ ਮਤਲਬ ਕੁੱਝ ਹੋਰ ਨਿਕਲ ਜਾਣ ਤੇ ਅਸੀਂ ਹੱਸ ਪੈਂਦੇ ਤੇ ਅਮਨ ਸ਼ਰਮਾ ਜਿਹਾ ਜਾਂਦਾ। ਅਚਾਨਕ ਅਖ਼ਬਾਰ ਦੇਖਦੇ ਅਮਨ ਦੇ ਚਿਹਰੇ ਤੇ ਚਿੰਤਾਂ ਦੀਆਂ ਲਕੀਰਾਂ ਉਘੜ ਆਈਆਂ। `` ਚਿੱਟਾ ਖੂਨ `` ਕਹਿਕੇ ਅਮਨ ਇੱਕਦਮ ਚੁੱਪ ਹੋ ਗਿਆ। ਮੈਂ ਹੈਰਾਨ ਹੋਇਆ ਕੁੱਝ ਕਹਿੰਦਾ ਉਸਤੋਂ ਪਹਿਲਾਂ ਹੀ ਉਹ ਫਿਰ ਬੋਲਿਆ `` ਪਾਪਾ, ਇਹ ਕਿਵੇਂ ਹੋ ਸਕਦੈ ? ਖੂਨ ਦਾ ਰੰਗ ਤਾਂ ਲਾਲ ਹੁੰਦੈ, ਨਾਲੇ ਜਦੋਂ ਮੇਰੇ ਇੱਕ ਦਿਨ ਪੈਰ ਤੇ ਸੱਟ ਲੱਗੀ ਸੀ ਤੇ ਮੇਰਾ ਖੂਨ ਵੀ ਲਾਲ ਰੰਗ ਦਾ ਹੀ ਨਿਕਲਿਆ ਸੀ। `` ਜਦੋਂ ਮੇਰੇ ਕੁੱਝ ਸਮਝ ਨਾ ਪਿਆ ਤਾਂ ਮੈਂ ਅਮਨ ਤੋਂ ਅਖ਼ਬਾਰ ਫੜ੍ਹ ਕੇ ਦੇਖਿਆ। ਅਖ਼ਬਾਰ ਦੀ ਮੋਟੇ ਅੱਖਰਾਂ ਵਾਲੀ ਮੁੱਖ ਸੁਰਖੀ ਸੀ `` ਖੂਨ ਹੋਇਆ ਚਿੱਟਾ `` ਭਰਾ ਨੇ ਜ਼ਮੀਨ ਦੇ ਟੁਕੜੇ ਲਈ ਭਰਾ ਨੂੰ ਬੇਰਹਿਮੀ ਨਾਲ ਵੱਢਿਆ। ਅਮਨ ਆਪਣੇ ਸਵਾਲ ਦੇ ਜੁਆਬ ਵਿੱਚ ਮੇਰੇ ਵੱਲ ਉਤਸੁਕਤਾ ਨਾਲ ਦੇਖ ਰਿਹਾ ਸੀ। ਪਰ ਮੈਂ ਅਮਨ ਤੋਂ ਅੱਖਾਂ ਚੁਰਾ ਰਿਹਾ ਸੀ ਕਿਉਕਿ ਮੈਨੂੰ ਅਮਨ ਦੇ ਇਸ ਮਾਸੂਮ ਪਰ ਮੇਰੇ ਲਈ ਬੇਹੱਦ ਮੁਸ਼ਕਿਲ ਸਵਾਲ ਦਾ ਕੋਈ ਜੁਆਬ ਨਹੀਂ ਅਹੁੜ ਰਿਹਾ ਸੀ।