‘ਡਾਕਟਰ ਸਾਹਿਬ, ਤੁਹਾਡੇ ਇਸ ਹਸਪਤਾਲ ‘ਚ ਰੋਜਾਨਾ ਤਕਰੀਬਨ 5-7 ਡਿਲਿਵਰੀ ਕੇਸ ਹੁੰਦੇ ਨੇ। ਤੁਸੀਂ ਇਨ੍ਹਾਂ ਸਭ ਦਾ ਨਾਰਮਲ ਡਿਲਿਵਰੀ ਦੀ ਥਾਂ ‘ਤੇ ਸਜੇਰੀਅਨ (ਵੱਡਾ ਅਪ੍ਰੇਸ਼ਨ) ਕਰੋ ਤੇ ਲਿਖੋ ਸਾਡੀ ਦਵਾਈਆਂ ਦੀ ਸਜੇਰੀਅਨ ਕਿੱਟ ਅਤੇ ਬਦਲੇ ‘ਚ ਲਉ ਇੱਕ ਮਹੀਨੇ ‘ਚ ਸਿੰਗਾਪੁਰ ਦਾ ਟੂਰ ਪ੍ਰੀਵਾਰ ਸਮੇਤ।’ ਇੱਕ ਦਵਾਈਆਂ ਦੀ ਨਿੱਜੀ ਕੰਪਨੀ ਦਾ ਸੇਲਜਮੈਨ(ਰਿਪਰਜੈਂਟੇਟਿਵ) ਸਰਜਨ ਸ਼ੁਕਲਾ ਨੂੰ ਚੰਗੀ ਤਰ੍ਹਾਂ ਸਮਝਾਉਂਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਡਾਕਟਰ ਸ਼ੁਕਲਾ ਉਸਦੀ ਕਿੱਟ ਨੂੰ ਪਰਾਂ ਕਰਦੇ ਹੋਏ ਬੋਲੇ, ਓ ਭਾਈ ਵੀਰ* ਮੇਰੇ ਕੋਲ ਪ੍ਰਮਾਤਮਾ ਦਾ ਦਿੱਤਾ ਸਭ ਕੁੱਝ ਹੈ। ਲੱਖ ਰੁਪਏ ਮਹੀਨਾ ਮੇਰੀ ਤਨਖਾਹ ਹੈ। ਚੰਗੀ ਵਧੀਆ ਮੇਰੀ ਕੋਠੀ ਹੈ, ਕਾਰ ਹੈ, ਬੀਵੀ-ਬੱਚੇ ਨੇ। ਮੌਜ ਕਰਦੇ ਆਂ ਹੋਰ ਕੀ ਚਾਹੀਦੈ। ਇਸ ਲਾਲਚ ਦਾ ਕੋਈ ਅੰਤ ਨਹੀਂ। ਮੈਂ ਅੱਜ ਤੱਕ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਤੇ ਫਿਰ ਜੋ ਕੇਸ ਨਾਰਮਲ ਹੋ ਸਕਦੈ ਮੈਂ ਆਪਣੇ ਲਾਲਚ ਲਈ ਉਸਦਾ ਵੀ ਸਜੇਰੀਅਨ ਕਰਾਂ, ਮੇਰੀ ਆਤਮਾ ਇਜਾਜ਼ਤ ਨਹੀਂ ਦਿੰਦੀ।
ਤੇ ਸੇਲਜਮੈਨ ਆਪਣਾ ਵਿਜਟਿੰਗ ਕਾਰਡ ਡਾਕਟਰ ਕੋਲ ਰੱਖ ਕੇ ਤੁਰ ਪਿਆ। ਉਦੋਂ ਹੀ ਡਾਕਟਰ ਦੇ ਫੋਨ ਦੀ ਘੰਟੀ ਵੱਜੀ। ਫੋਨ ਡਾਕਟਰ ਸ਼ੁਕਲਾ ਦੇ ਦੋਸਤ ਡਾਕਟਰ ਦਿਸਾਈ ਦਾ ਸੀ। ਜਿਸਨੇ ਦੱਸਿਆ ਕਿ ਸਿੰਗਾਪੁਰ ਦੇ ਟੂਰ ‘ਤੇ ਹਾਂ ਪ੍ਰੀਵਾਰ ਸਮੇਤ ਪੂਰੇ ਦਸ ਦਿਨਾਂ ਲਈ। ਕਿਸੇ ਕੰਪਨੀ ਨੇ ਟੂਰ ਦਿੱਤਾ ਸੀ ਤੇ ਇਹ ਕੰਪਨੀ ਵਾਲੇ ਸੇਵਾ ਪਾਣੀ ਬੜਾ ਵਧੀਆ ਕਰਦੇ ਨੇ ਬੱਸ ਲਹਿਰਾਂ ਲਾ ਛੱਡੀਆਂ ਨੇ....। ਇਸ ਤੋਂ ਅੱਗੇ ਦੀਆਂ ਗੱਲਾਂ ਡਾਕਟਰ ਸ਼ੁਕਲਾ ਦੇ ਸਿਰ ਤੋਂ ਉੱਪਰ ਦੀ ਗੁਜਰਨ ਲੱਗ ਗਈਆਂ ਤੇ ਡਾਕਟਰ ਨੇ ਸਾਹਮਣੇ ਪਏ ਵਿਜਟਿੰਗ ਕਾਰਡ ਨੂੰ ਚੁੱਕਿਆ ਤੇ ਫੋਨ ਕੀਤਾ, ‘ਟੂਰ ਦਾ ਪ੍ਰਬੰਧ ਅਡਵਾਂਸ ‘ਚ ਕਰ, ਸਜੇਰੀਅਨ ਆ ਕੇ ਹੀ ਸ਼ੁਰੂ ਕਰਾਂਗੇ।’
ਡਾਕਟਰ ਸ਼ੁਕਲਾ ਨੇ ਆਪਣੀ ਕੁਰਸੀ ਤੋਂ ਖੜ੍ਹੇ ਹੋ ਕੇ ਆਪਣੇ ਕਮੀਜ ਦੇ ਕਾਲਰ ਇਸ ਤਰ੍ਹਾਂ ਉੱਚੇ ਕੀਤੇ ਜਿਵੇਂ ਇਹ ਜਿੰਦਗੀ ਦੀ ਪਹਿਲੀ ਜਿੱਤ ਹੋਵੇ। ਮੈਂ ਇਹ ਸਭ ਦੇਖ ਕੇ ਕਰਾਹ ਉੱਠਿਆ ਤੇ ਬਦਹਵਾਸ ਹੀ ਚੀਖਿਆ, “ਵਾਹ ਓ ਮੇਰਿਆ ਡਾਹਡਿਆ ਰੱਬਾ* ਅੱਜ ਇਹ ਦੂਸਰਾ ਰੱਬ ਤਾਂ ਹਾਰ ਗਿਆ।”