ਜਿੰਨਾ ਕਮੀਆਂ ਵਿਚ ਮੈਂ ਪਲਿਆਂ , ਵਡਾ ਹੋਇਆਂ,
ਉਹਨਾਂ ਕਮੀਆਂ ਦੀ ਤਕਲੀਫ਼ ਦਾ ਅਹਿਸਾਸ ਮੇਰੇ ਆਪਣੇ ਨਾ ਕਰਨ,
ਇਹ ਸੋਚ ਲੈ ਕੇ ਮੈਂ ਨਿੱਤ-ਦਿਨ ਤੁਰ ਪੈਂਦਾ ਹਾਂ,
ਝੁਕੇ ਹੋਏ ਮੋਢਿਆਂ ਉਪਰ,
ਥੱਕੇ ਹੋਏ ਦਿਮਾਗ ਨਾਲ,
ਭਾਰੇ ਕਦਮਾਂ ਨੂੰ ਖਿੱਚਦਾ ਹੋਇਆ,
ਜ਼ਿਮੇਦਾਰੀਆਂ ਦਾ ਬੋਝ ਲਈ,
ਮੈਂ ਨਿਰੰਤਰ ਚਲ ਰਿਹਾ ਹਾਂ ...................
ਸ਼ਾਮ ਨੂੰ ਮੁੜਦਾ ਹੈ ਘਰ,
ਦਰਵਾਜ਼ੇ ਤੇ ਸਵਾਗਤ ਕਰਦੀ ਹੈ,
ਧੀ ਰਾਣੀ,
ਮਿੱਠੀ ਮੁਸਕਾਨ,
ਪਾਣੀ ਦੇ ਗਲਾਸ ਦੇ ਨਾਲ।
ਵੇਹੜੇ ਵਿਚ ਬੈਠੀ ਪਤਨੀ,
ਸਵਾਲੀ ਨਜਰਾਂ ਨਾਲ ਤੱਕਦੀ ਹੋਈ,
ਜਿਵੇਂ ਪੁੱਛਦੀ ਹੋਵੇ,
ਇੰਨੇ ਥੱਕੇ ਮੋਢੇ ਕਿਊਂ ਨੇ,
ਇੰਨੇ ਭਾਰੀ ਕਦਮ ਕਿਉਂ ਚਲ ਰਿਹਾ ਹਾਂ ਮੈਂ,
ਕੋਲ ਬੈਠਾ ਪੁੱਤਰ ਦੇਖ ਰਿਹਾ ਮਾਂ-ਬਾਪ ਦੋਹਾਂ ਦੇ ਮੁੱਖ ਵੱਲ,
ਜਿਵੇਂ ਕਹਿਣਾ ਚਾਹੁੰਦਾ ਹੋਵੇ,
ਫਿਕਰ ਨਾ ਕਰੋ,
ਮੈਂ ਵੰਡ ਲਵਾਂਗਾ ਭਾਰ ਮੋਢਿਆਂ ਦਾ,
ਮੈਂ ਪੈਰਾ ਦੀ ਤਕਲੀਫ਼ ਸਮਝਦਾ ਹਾਂ, ................
ਸਭ ਮੈਨੂੰ ਆਪਣੇ ਆਪਣੇ,
ਆਪ੍ਣੇਪਨ ਦਾ ਅਹਿਸਾਸ ਕਰਵਾਉਣ ਵਿਚ ਯਤਨਸ਼ੀਲ ਹਨ।
ਆਪਣੀਆਂ ਆਪਣੀਆਂ ਖਵਾਇਸ਼ ਨੂੰ ਲੁਕੋ ਕੇ,
ਸਭ ਝੂਠੀ ਮੁਸਕਾਨ ਦੇ ਰਹੇ ਨੇ,
ਅਖਾਂ ਵਿਚਲੀ ਨਮੀਂ ਨੂੰ ਮੈਂ ਲੁਕਾਉਣ ਦੀ ਕੋਸ਼ਿਸ਼ ਵਿਚ,
ਸਖ਼ਤ ਹੋ ਰਿਹਾ ਹਾਂ ਮੈਂ ਸਭਨਾ ਨਾਲ,
ਪਰ ਅੰਦਰੋਂ ਮੈਂ ਡਰਦਾ ਹਾਂ,
ਮੇਰੀ ਅਖਾਂ ਦੀ ਨਮੀ ਦੇਖ ਨਾ ਲੈਣ ਇਹ ਸਭ.....................
ਧੀ ਰਾਣੀ ਰੋਟੀ ਪਰੋਸ ਰਹੀ ਹੈ,
ਇਕ ਕੌਲੀ ਦਾਲ ਦੇ ਨਾਲ,
ਠੰਡੇ ਪਾਣੀ ਦੇ ਗਲਾਸ ਦੇ ਨਾਲ,
ਪਖੇ ਦੀ ਹਵਾ ਮੈਨੂੰ ਆਵੇ,
ਇਸ ਲਈ ਕੁਰਸੀ ਪੱਖੇ ਥਲੇ ਲਾ ਦਿਤੀ ਹੈ,
ਮੈਂ ਗਰਾਹੀ ਭੰਨੀ ਹੈ,
ਇਕ ਕਟੋਰੀ ਦਾਲ ਵਿਚ ਲਾਉਣ ਲਈ
ਪਰ ਕੋਲ ਪਈ ਫਿਕਰਾਂ ਦੀ ਕਟੋਰੀ ਵਿਚ ਬੁਰਕੀ ਡੁਬੋ ਡੁਬੋ
ਨਿਗਲ ਰਿਹਾ ਹਾਂ ਮੈਂ
ਪੁਤ ਨੂੰ ਪੜਾਉਣ ਦਾ ਫਿਕਰ
ਧੀ ਨੂੰ ਪੜਾ-ਲਿਖਾ ਕੇ ਪਰਾਏ ਘਰ ਤੋਰਨ ਦਾ ਫਿਕਰ
ਜਿਸਨੇ ਜ਼ਿੰਦਗੀ ਕੱਟ ਲਈ ਮੇਰੀ ਅਧਿ ਅਧੂਰੀ ਕਮਾਈ ਵਾਲੀ ਜ਼ਿੰਦਗੀ ਨਾਲ
ਇਸ ਮਰਜਾਣੀ ਨੂੰ ਆਖਰੀ ਵਕ਼ਤ ਕੁਝ ਚੰਗਾ ਦੇਣ ਦਾ ਫਿਕਰ .............
ਉਗਲ ਨਿਗਲ ਕੇ ਰੋਟੀ ਮੁਕਾ ਕੇ
ਮੈਂ ਮੰਜਾ ਲਭ ਲੈਂਦਾ ਹਾਂ
ਨੀਂਦ ਨਹੀ ਆਉਂਦੀ
ਕਿਊਂਕਿ ਹੁਣ ਹੈ ਕਲ ਦੇ ਨਵੇ ਦਿਨ ਦਾ ਫਿਕਰ
ਉੰਗਦਿਆਂ , ਪਾਸੇ ਮਾਰਦਿਆਂ
ਕਦ ਅਖ ਲਗੀ ਤੇ ਕਦ ਸੂਰਜ ਚੜ ਆਇਆ ਸਿਰ ਤੇ
ਪਤਾ ਨਹੀ ਚਲ ਰਿਹਾ .......................................
ਤਿਆਰ ਹੋ ਕੇ
ਭਾਰੀ ਕਦਮਾਂ ਤੇ ਡਿਗੇ ਮੋਢਿਆਂ ਨਾਲ ਮੈਂ ਫਿਰ ਤੁਰ ਪੈਂਦਾ ਹਾਂ
ਜ਼ਿਮੇਦਾਰੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਵਿਚ
ਪਰਿਵਾਰ ਨੂੰ ਖੁਸ਼ੀਆਂ ਤੇ ਸੁਰਖਿਆ ਦੇਣ ਕੀ ਕੋਸ਼ਿਸ਼ ਵਿਚ
ਕਦ ਪੁੜ-ਪੁੜੀਆਂ ਵਿਚਲੀ ਕਾਲਸ ਸਿਆਹ ਹੋ ਗਈ
ਮੈਨੂੰ ਤਾ ਪਤਾ ਵੀ ਨਹੀ ਚਲਿਆ
ਅੱਜ ਸ਼ੀਸ਼ਾ ਦੇਖਿਆ ਤਾ ਏਹਸਾਸ ਹੋਇਆ
ਮੇਰੇ ਝੁਕੇ ਮੋਢੇ
ਮੇਰੀ ਪੁੜ-ਪੁੜੀਆਂ ਦੀ ਸਿਆਹ ਪੱਟੀ
ਮੈਨੂੰ ਖੁੱਦਾਰ ਹੋਣ ਦਾ ਇਸ਼ਾਰਾ ਦੇ ਰਹੀ ਹੈ
ਮੈਂ ਚਲ ਰਿਹਾ ਹਾਂ
ਨਿਰੰਤਰ
ਅਨਥਕ ......