ਫੇਸ ਬੁੱਕ ਤੇ ਬਣੇ ਆਪਣੇ ਇਕ ਮਿੱਤਰ ਨੂੰ ਮਿਲਣ ਲਈ ਅੱਜ ਮੈਂ ਬੁਢਲਾਡੇ ਜਾ ਰਿਹਾ ਹਾਂ। ਪਹਿਲਾਂ ਮੈਂ ਨਵਾਂ ਸ਼ਹਿਰ ਤੋਂ ਲੁਧਿਆਣੇ ਤੇ ਫਿਰ ਲੁਧਿਆਣੇ ਤੋਂ ਬਰਨਾਲੇ ਬੱਸ ਰਾਹੀਂ ਪਹੁੰਚਦਾ ਹਾਂ। ਮੈਂ ਬਰਨਾਲੇ ਤੋਂ ਬੁਢਲਾਡੇ ਜਾਣ ਵਾਲੀ ਪੈਪਸੂ ਬੱਸ ਵਿੱਚ ਬੈਠ ਗਿਆ ਹਾਂ।ਬਰਨਾਲਾ ਅੱਡੇ ਤੋਂ ਬੱਸ ਤੁਰਨ ਵੇਲੇ ਇਸ ਵਿੱਚ ਪੰਦਰਾਂ, ਸੋਲਾਂ ਸਵਾਰੀਆਂ ਬੈਠੀਆਂ ਹਨ। ਅੱਡੇ ਤੋਂ ਬੱਸ ਦੇ ਬਾਹਰ ਨਿਕਲਣ ਪਿੱਛੋਂ ਬੱਸ ਕੰਡਕਟਰ ਟਿਕਟਾਂ ਕੱਟਣ ਲੱਗ ਪੈਂਦਾ ਹੈ। ਕੁਝ ਸਵਾਰੀਆਂ ਉਸ ਨੂੰ ਪੂਰਾ ਕਿਰਾਇਆ ਦੇ ਰਹੀਆਂ ਹਨ ਤੇ ਕੁਝ ਕਿਰਾਏ ਤੋਂ ਵੱਧ ਪੈਸੇ ਦੇ ਰਹੀਆਂ ਹਨ। ਉਹ ਸਭ ਨੂੰ ਟਿਕਟਾਂ ਦੇ ਕੇ ਬਗੈਰ ਬਕਾਇਆ ਮੋੜੇ ਅੱਗੇ ਲੰਘ ਜਾਂਦਾ ਹੈ। ਜਦੋਂ ਮੇਰੀ ਟਿਕਟ ਲੈਣ ਦੀ ਵਾਰੀ ਆਂਦੀ ਹੈ,ਤਾਂ ਮੈਂ ੧੦੦ ਰੁਪਏ ਦਾ ਨੋਟ ਕੱਢ ਕੇ ਉਸ ਵੱਲ ਵਧਾਂਦਾ ਹਾਂ। ਉਹ ਮੈਨੂੰ ਟਿਕਟ ਦੇ ਦਿੰਦਾ ਹੈ ਤੇ ਬਕਾਇਆ ੪੦ ਰੁਪਏ ਟਿਕਟ ਦੇ ਪਿੱਛੇ ਲਿਖ ਕੇ ਡਰਾਈਵਰ ਦੇ ਲਾਗੇ ਜਾ ਕੇ ਬੈਠ ਜਾਂਦਾ ਹੈ।
ਬਰਨਾਲੇ ਤੋਂ ਬੁਢਲਾਡੇ ਤੱਕ ਡੇਢ ਘੰਟੇ ਦਾ ਸਫਰ ਹੈ। ਪੌਣੇ ਘੰਟੇ ਪਿੱਛੋਂ ਮੈਂ ਤੇ ਕੁਝ ਹੋਰ ਸਵਾਰੀਆਂ ਬਕਾਇਆ ਮੰਗਦੇ ਹਾਂ। "ਠਹਿਰ ਕੇ ਦਿੰਦੇ ਆਂ,"ਕਹਿ ਕੇ ਉਹ ਨਵੀਆਂ ਚੜ੍ਹੀਆਂ ਸਵਾਰੀਆਂ ਦੇ ਟਿਕਟ ਕੱਟਦਾ ਅੱਗੇ ਲੰਘ ਜਾਂਦਾ ਹੈ।ਅੱਧੇ ਘੰਟੇ ਪਿੱਛੋਂ ਫਿਰ ਮੈਂ ਤੇ ਕੁਝ ਹੋਰ ਸਵਾਰੀਆਂ ਉਸ ਤੋਂ ਬਕਾਇਆ ਮੰਗਦੇ ਹਾਂ।ਪਰ ਉਹ ਪਹਿਲੇ ਵਾਲਾ ਜਵਾਬ ਦੇ ਕੇ ਫਿਰ ਟਿਕਟਾਂ ਕੱਟਦਾ ਅੱਗੇ ਲੰਘ ਜਾਂਦਾ ਹੈ।ਕੁਝ ਚਿਰ ਪਿੱਛੋਂ ਬੱਸ ਬੁਢਲਾਡੇ ਦੇ ਬੱਸ ਅੱਡੇ ਪਹੁੰਚ ਜਾਂਦੀ ਹੈ।ਸਾਰੀਆਂ ਸਵਾਰੀਆਂ ਹੌਲੀ ਹੌਲੀ ਬੱਸ ਚੋਂ ਉਤਰਨ ਲੱਗਦੀਆਂ ਹਨ।ਬੱਸ ਚੋਂ ਉਤਰਨ ਵੇਲੇ ਮੈਂ ਤੇ ਕੰਡਕਟਰ ਇਕ, ਦੂਜੇ ਵੱਲ ਵੇਖਦੇ ਹਾਂ। ਨਾ ਮੈਂ ਉਸ ਤੋਂ ਬਕਾਇਆ ਮੰਗਦਾ ਹਾਂ ਤੇ ਨਾ ਹੀ ਉਹ ਬਕਾਇਆ ਲੈਣ ਲਈ ਮੈਨੂੰ ਆਖਦਾ ਹੈ।ਸਾਰੀ ਬੱਸ ਖਾਲੀ ਹੋ ਜਾਂਦੀ ਹੈ। ਕੁਝ ਸਵਾਰੀਆਂ ਬਕਾਇਆ ਲੈਣ ਲਈ ਬੱਸ ਕੰਡਕਟਰ ਦੇ ਆਲੇ, ਦੁਆਲੇ ਖੜੀਆਂ ਹੋ ਜਾਂਦੀਆਂ ਹਨ।ਕੁਝ ਨੂੰ ਉਹ ਬਕਾਇਆ ਦੇ ਦਿੰਦਾ ਹੈ ਤੇ ਕੁਝ ਨੂੰ ਇਹ ਕਹਿ ਕੇ ਟਾਲ ਦਿੰਦਾ ਹੈ ਕਿ ਉਨ੍ਹਾਂ ਦੇ ਟਿਕਟਾਂ ਪਿੱਛੇ ਬਕਾਇਆ ਲਿਖਿਆ ਹੋਇਆ ਨਹੀਂ। ਏਨੇ ਚਿਰ ਨੂੰ ਮੇਰਾ ਫੇਸ ਬੁੱਕ ਤੇ ਬਣਿਆ ਮਿੱਤਰ ਮੈਨੂੰ ਆਪਣੇ ਘਰ ਲਿਜਾਣ ਲਈ ਆ ਜਾਂਦਾ ਹੈ। ਉਹ ਮੈਨੂੰ ਮੋਟਰ ਸਾਈਕਲ ਤੇ ਬੈਠਾ ਕੇ ਆਪਣੇ ਘਰ ਵੱਲ ਨੂੰ ਤੁਰ ਪੈਂਦਾ ਹੈ।