ਆਖਰੀ ਹਉਕਾ (ਕਹਾਣੀ)

ਜਸਬੀਰ ਮਾਨ   

Email: jasbirmann@live.com
Address:
ਸਰੀ British Columbia Canada
ਜਸਬੀਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਅਜੇ ਆਪਣੀ ਮੌਰਨਿੰਗ ਸ਼ਿਫਟ ਸ਼ੁਰੂ ਕਰਨੀ ਸੀ।ਸੈਂਡੀ ਆਪਣੀ ਨਾਈਟ ਸ਼ਿਫਟ ਖਤਮ ਕਰ ਚੁੱਕੀ ਸੀ।ਉਹ ਕਮਰੇ ਵਿਚੋਂ ਤੂਫਾਨ ਵਾਂਗ ਨਿਕਲ਼ੀ ਤੇ ਯੁਟਿਲਟੀ ਰੂਮ ਦੀਆਂ ਚਾਬੀਆਂ ਦਾ ਗੁੱਛਾ ਜ਼ੋਰ ਦੇਣੇ ਮੇਰੀ ਹੱਥੇਲ਼ੀ ਉੱਤੇ ਧਰ ਬੋਲੀ, "ਉਹ ਬਹੁਤ ਟਫ… ਹੈ…ਤੇਰੀ ਅੰਮਾ… ਬਹੁਤ… ਟਫ ਹੈ।"
ਉਂਝ ਤਾਂ ਉਹ ਹਰ ਰੋਜ਼ ਹੀ ਏਨੀ ਕਾਹਲ਼ੀ ਵਿਚ ਹੋਇਆ ਕਰਦੀ ਸੀ ਕਿਉਂਕਿ ਉਹ ਲਗਾਤਾਰ ਦੋ ਸ਼ਿਫਟਾਂ ਲਗਾਉਂਦੀ ਸੀ।ਇਸ ਸ਼ਿਫਟ ਤੋਂ ਬਾਅਦ ਵੀ ਉਸਨੇ ਕਿਸੇ ਹੋਰ ਪਾਸੇ ਕੰਮ ਤੇ ਲੱਗਣਾ ਹੁੰਦਾ ਸੀ।ਪਰ ਅੱਜ ਤਾਂ ਉਸਦਾ ਮੈਨੂੰ ਇਕ ਵੱਖਰਾ ਜਿਹਾ ਹੀ ਰੂਪ ਦਿਖਾਈ ਦਿੱਤਾ।
ਉਹ ਗੁੱਸੇ ਭਰੀ ਆਵਾਜ਼ ਵਿਚ ਆਹ ਮੈਨੂੰ ਕੀ ਆਖ ਗਈ!
"ਉਹ ਬਹੁਤ ...ਟਫ… ਹੈ..ਤੇਰੀ ਅੰਮਾ.. ਬਹੁਤ.. ਟਫ.. ਹੈ।"
ਮੇਰੀ ਅੰਮਾ ਯਾਨੀ ਮੇਰੀ ਮਾਂ।ਮੇਰੀ ਮਾਂ ਨੇ ਇਹਨੂੰ ਕੀ ਕਹਿ ਦਿੱਤਾ?ਇਹਨੇ ਤਾਂ ਫੋਟੋ ਵੀ ਨਹੀਂ ਵੇਖੀ ਹੋਣੀ ਮੇਰੀ ਮਾਂ ਦੀ..।ਮੈਂ ਅਜੇ ਇਹਨਾ ਸੋਚਾਂ ਵਿਚ ਡੁੱਬੀ ਹੀ ਸੀ ਤੇ ਮੈਨੂੰ ਰਜਿਸਟਰਡ ਨਰਸ ਲੀਟਾ ਨੇ ਬੁਲਾ ਲਿਆ।ਜੋ ਨਰਸਿੰਗ ਸਟੇਸ਼ਨ ਤੇ ਬੈਠੀ ਰਿਪੋਰਟ ਦੇਣ ਲਈ ਮੇਰਾ ਇੰਤਜ਼ਾਰ ਕਰ ਰਹੀ ਸੀ।ਉਸ ਨੇ ਵੀ ਸੈਂਡੀ ਦਾ ਇਹ ਰਵੱਈਆ ਵੇਖ ਲਿਆ ਸੀ ਕਿਉਂਕਿ ਮੈਂ ਨਰਸਿੰਗ ਸਟੇਸ਼ਨ ਦੇ ਨਜ਼ਦੀਕ ਹੀ ਖੜ੍ਹੀ ਸੀ।
"ਜੈਸ ਕੱਲ ਸਾਡੇ ਕੋਲ਼ ਇਕ ਨਵੀਂ ਰੈਜ਼ੀਡੈਂਟ ਆਈ ਹੈ।ਉਸਦਾ ਨਾਂ ਅਮਰਜੀਤ ਕੌਰ ਸਿੱਧੂ ਹੈ।" ਆਰ. ਐਨ. ਲੀਟਾ ਮੇਰੇ ਵੱਲ ਵੇਖ ਕੇ ਆਖਣ ਲੱਗੀ।ਉਹ ਮੇਰੇ ਚਿਹਰੇ ਦੇ ਹਾਵ-ਭਾਵ ਵੇਖ ਕੇ ਜਾਣ ਗਈ ਸੀ ਕਿ ਮੈਨੂੰ ਪਤਾ ਲੱਗ ਗਿਆ ਕਿ ਉਹ ਰੈਜ਼ੀਡੈਂਟ ਪੰਜਾਬੀ ਔਰਤ ਹੈ।
'ਰੈਜ਼ੀਡੈਂਟਸ' ਨਰਸਿੰਗ ਹੋਮ ਵਿਚ ਉਹਨਾਂ ਨੂੰ ਆਖਿਆ ਜਾਂਦਾ ਹੈ ਜੋ ਬਜ਼ੁਰਗ ਆਪਣਾ ਘਰ- ਵਾਰ ਛੱਡ ਕੇ ਇਥੋਂ ਦੇ ਬਸ਼ਿੰਦੇ ਹੋ ਜਾਂਦੇ ਹਨ ਜਾਂ ਫਿਰ ਪਰਿਵਾਰ ਵੱਲੋਂ ਉਹਨਾਂ ਨੂੰ ਇੱਥੇ ਛੱਡ ਦਿੱਤਾ ਜਾਂਦਾ ਹੈ ਤਾਂ ਕਿ ਉਹ ਜ਼ਿੰਦਗੀ ਦੇ ਆਖਰੀ ਪੜਾਅ ਵਿਚ ਪੂਰੀਆਂ ਸਹੂਲਤਾਂ ਨੂੰ ਮਾਣ ਸਕਣ।ਜਿਹੜੀਆਂ ਕਿ ਘਰੇ ਕਈ ਵਾਰੀ ਅਸੰਭਵ ਹੁੰਦੀਆਂ ਹਨ।
"ਓਹ! ਅੱਛਾ, ਇਸੇ ਕਰਕੇ ਹੀ ਸੈਂਡੀ ਮੈਨੂੰ ਆਖ ਰਹੀ ਸੀ ਤੇਰੀ… ਅੰਮਾ।ਤੇਰੀ ਅੰਮਾ ਬਹੁਤ ਟਫ ਹੈ।ਉਹਦੀ ਭਾਸ਼ਾ ਸੈਂਡੀ ਨੂੰ ਸਮਝ ਨਹੀਂ ਆਈ ਹੋਵੇਗੀ ।" ਮੈਂ ਹੱਸਦੀ ਹੋਈ ਨੇ ਲੀਟਾ ਨੂੰ ਆਖਿਆ।
"ਹਾਂ,ਜੈਸ ਸੱਚਮੁੱਚ ਹੀ ਉਹ ਔਰਤ ਬਹੁਤ ਹੀ ਟਫ ਹੈ।ਸਾਨੂੰ ਸਾਰੀ ਰਾਤ ਉਸਨੇ ਟਿਕਣ ਨਹੀਂ ਦਿੱਤਾ।ਕੱਲ ਦੀ ਨੇ ਕੁਝ ਖਾਧਾ-ਪੀਤਾ ਵੀ ਨਹੀਂ।ਦਵਾਈ ਵੀ ਮੇਰੇ ਹੱਥੋਂ ਆਪਣਾ ਹੱਥ ਮਾਰ ਕੇ ਸਾਰੀ ਡੁਲ੍ਹਾ ਦਿੱਤੀ।ਉੱਚੀ-ਉੱਚੀ ਚੀਕਾਂ ਮਾਰਦੀ ਹੈ।ਰੋਂਦੀ ਹੈ।ਬਾਹਰ ਨਿਕਲਣ ਲਈ ਦਰਵਾਜ਼ੇ ਭੰਨਦੀ ਹੈ।ਫਿਰ ਸਿਰ ਦਰਵਾਜ਼ੇ ਵਿਚ ਮਾਰਦੀ ਹੈ।ਮੱਥਾ ਵੇਖੀਂ ਜਾ ਕੇ ਉਸਦਾ, ਕਿੰਝ ਜ਼ਖਮੀ ਹੋਇਆ ਪਿਆ ਹੈ।ਮੈਨੇਜਮੈਂਟ ਨੂੰ ਵੀ ਰਿਪੋਰਟ ਕਰ ਦਿੱਤੀ ਹੈ। ਦੂਸਰੇ ਰੈਜੀਡੈਂਟ ਵੀ ਵਿਚਾਰੇ ਉਸ ਤੋਂ ਬਹੁਤ ਪਰੇਸ਼ਾਨ ਹੋਏ ਪਏ ਹਨ।ਅੱਜ ਫੈਮਿਲੀ ਮੈਂਬਰਜ਼ ਨੂੰ ਬੁਲਾਉਣਾ ਹੈ।ਤੈਨੂੰ ਵੀ ਉਹਨਾਂ ਨਾਲ਼ ਗੱਲਬਾਤ ਕਰਨੀ ਪਵੇਗੀ।ਕਿਉਂਕਿ ਇੱਥੇ ਤੇਰੇ ਤੋਂ ਬਗੈਰ ਪੰਜਾਬੀ ਬੋਲਣ ਵਾਲ਼ਾ ਹੋਰ ਕੋਈ ਨਹੀਂ ਹੈ।" ਲੀਟਾ ਨੇ ਸ਼ਿਫਟ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਪੂਰੀ ਰਿਪੋਰਟ ਦੇ ਦਿੱਤੀ ਸੀ।
ਲੀਟਾ ਦੀ ਗੱਲ ਸੁਣ ਕੇ ਪ੍ਰੇਸ਼ਾਨੀ ਮੇਰੇ ਚਿਹਰੇ ਤੇ ਝਲਕਣ ਲੱਗੀ ਸੀ।ਮੈਂ ਉਸ ਰੈਜ਼ੀਡੈਂਟ ਵਾਰੇ ਸੋਚਾਂ ਵਿਚ ਪੈ ਗਈ।ਕਰਿਸਟਾ ਮੇਰੀ ਪਾਟਨਰ ਜੋ ਸਭ ਕੁਝ ਮੇਰੇ ਪਿੱਛੇ ਖੜ੍ਹੀ ਸੁਣ ਰਹੀ ਸੀ, ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਹੌਂਸਲਾ ਦਿੰਦੀ ਹੋਈ ਨੇ ਮੈਨੂੰ ਕਿਹਾ, "ਜੈਸ ਤੂੰ ਚਿੰਤਾ ਨਾ ਕਰ।ਤੂੰ ਅੱਜ ਸਿਰਫ ਉਸਨੂੰ ਹੀ ਵੇਖ। ਮੈਂ ਦੂਸਰੇ ਸਾਰੇ ਰੈਜ਼ੀਡੈਂਟਸ ਖੁਦ ਹੀ ਸੰਭਾਲ਼ ਲਵਾਂਗੀ।"
"ਧੰਨਵਾਦ ਕਰਿਸਟਾ।ਤੂੰ ਬਹੁਤ ਹੀ ਚੰਗੀ ਹੈਂ।ਚੱਲ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਉਸਦੇ ਕਮਰੇ ਵਿਚ ਉਸਨੂੰ ਵੇਖਣ ਚੱਲੀਏ।" ਮੈਂ ਕਰਿਸਟਾ ਦਾ ਸੱਜਾ ਹੱਥ ਫੜ੍ਹ ਉਸਨੂੰ ਘੁੱਟਦੀ ਹੋਈ ਨੇ ਕਿਹਾ।ਲੀਟਾ ਵੀ ਸਾਡੇ ਨਾਲ਼ ਤੁਰ ਪਈ।
"ਸੱਤ ਸ਼੍ਰੀ ਅਕਾਲ ਅੰਟੀ।"
ਮੈਂ ਉਸ ਨਵੀਂ ਰੈਜ਼ੀਡੈਂਟ ਦੇ ਕਮਰੇ ਦਾ ਦਰਵਾਜ਼ਾ ਖੋਲਦੀ ਹੋਈ ਨੇ ਉੱਚੀ ਆਵਾਜ਼ ਵਿਚ ਕਿਹਾ।
ਉਹ ਬੈੱਡ ਤੇ ਪੈਰਾਂ ਵਾਲੇ ਪਾਸੇ ਸਿਰ ਰੱਖੀ ਪਈ ਸੀ ਤੇ ਰੋਂਦੀ ਆਵਾਜ਼ ਵਿਚ ਛੱਤ ਵੱਲ ਤੱਕ,ਕੁਝ ਬੋਲ ਰਹੀ ਸੀ।ਮੇਰੀ ਆਵਾਜ਼ ਸੁਣ ਉਹ ਇਕਦਮ ਤ੍ਰਭਕ ਕੇ aੁੱਠੀ । ਉਸਨੇ ਮੇਰੇ ਮੂੰਹ ਵੱਲ ਵੇਖ ਕੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ।ਉਸ ਸਮੇਂ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਹ ਮੇਰੀ ਆਪਣੀ ਮਾਂ ਹੋਵੇ।ਮੈਂ ਉਸ ਨੂੰ ਆਪਣੇ ਕਲਾਵੇ ਵਿਚ ਇੰਝ ਲੈ ਲਿਆ ਜਿਵੇਂ ਮੈਂ ਉਸਨੂੰ ਜਨਮ ਤੋਂ ਜਾਣਦੀ ਹੋਵਾਂ।ਮੈਂ ਉਸ ਦੇ ਸਿਰ ਤੇ ਹੱਥ ਫੇਰਨ ਲੱਗੀ।ਉਸ ਵਿਚੋਂ ਪਸੀਨੇ ਤੇ ਪਿਸ਼ਾਬ ਦੀ ਬੋਅ ਆ ਰਹੀ ਸੀ।ਉਹ ਮੈਨੂੰ ਚੁੰਬੜ ਕੇ ਹਉਕੇ ਲੈ ਕੇ ਰੋਂਦੀ ਹੋਈ ਪੁੱਛਣ ਲੱਗੀ। 
"ਮੇਰੀ ਰਾਜੀ…ਮੇਰੀ ਰਾਜੀ…ਕਿੱਥੇ ਹੈ?ਮੇਰਾ…ਰਾਣਾ…ਉਹ.. .ਕਦ ਆਵੇਗਾ?ਮੈਂ ਉਹਨਾਂ ਕੋਲ਼ ਘਰ ਜਾਣਾ ਹੈ।"
ਉਹਦਾ ਰੋਣਾ ਰੁਕਣ ਦਾ ਨਾ ਹੀ ਨਹੀਂ ਸੀ ਲੈ ਰਿਹਾ।ਪਰਲ-ਪਰਲ ਵਹਿੰਦੇ ਹੰਝੂਆਂ ਨੇ ਉਹਨੂੰ ਗੱਚ ਕਰ ਦਿੱਤਾ ਸੀ।ਉਹ ਵਾਰ-ਵਾਰ ਇਹੋ ਹੀ ਦੁਹਰਾਈ ਜਾ ਰਹੀ ਸੀ।
"ਮੇਰੀ ਰਾਜੀ… ਕਿੱਥੇ ਹੈ?ਮੇਰਾ ਰਾਣਾ… ਕਦ ਆਵੇਗਾ?"
"ਰਾਜੀ ਵੀ ਆਵੇਗੀ।ਰਾਣਾ ਵੀ ਆਵੇਗਾ।ਮੈਂ ਉਹਨਾਂ ਨੂੰ ਜ਼ਰੂਰ ਲੈ ਕੇ ਆਵਾਂਗੀ।ਮੈਂ ਹੁਣੇ ਹੀ ਉਹਨਾਂ ਨੂੰ ਫੋਨ ਕਰਦੀ  ਹਾਂ।" ਇਸ ਤਰ੍ਹਾਂ ਆਖ ਕਿ ਮੈਂ ਉਸ ਨੂੰ ਧਰਵਾਸ ਦਿੰਦੀ ਤੇ ਉਸ ਨੂੰ ਰੋਣੋ ਚੁੱਪ ਕਰਵਾਉਂਦੀ।ਉਹ ਘੜੀ ਦੀ ਘੜੀ ਤਾਂ ਚੁੱਪ ਹੋ ਜਾਂਦੀ ਪਰ ਫਿਰ ਉਹੀ ਹਟਕੋਰੇ ਲੈ- ਲੈ ਕੇ ਰੋਣ ਲੱਗਦੀ।ਲੀਟਾ ਤੇ ਕਰਿਸਟਾ ਵੀ ਉੱਥੇ ਖੜ੍ਹੀਆਂ ਉਸ ਨੂੰ ਤਰਸ ਭਰੀਆਂ ਨਜ਼ਰਾਂ ਨਾਲ਼ ਚੁੱਪ-ਚਾਪ ਵੇਖ ਰਹੀਆਂ ਸਨ।ਉਹਨਾਂ ਨੇ ਵੀ ਸ਼ਾਇਦ ਇਸ ਤਰ੍ਹਾਂ ਦਾ ਰੈਜ਼ੀਡੈਂਟ ਇਸ ਫੀਸਿਲਟੀ ਵਿਚ ਪਹਿਲੀ ਵਾਰੀ ਵੇਖਿਆ ਹੋਣਾ ।ਕਿਉਂਕਿ ਇਹ ਇਕ ਅਸਿਸਟਿਡ ਲਿਵਿੰਗ ਫੀਸਿਲਟੀ ਸੀ।ਇੱਥੇ ਬਹੁਤੇ ਰੈਜ਼ੀਡੈਂਟ ਆਪਣੀ ਮਰਜ਼ੀ ਨਾਲ਼ ਆਉਂਦੇ ਹਨ।ਉਹਨਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ।ਉਹ ਇੱਥੇ ਆ ਕਿ ਬਹੁਤ ਖੁਸ਼ ਹੁੰਦੇ ਹਨ ਤੇ ਜਿਹੜੇ ਡਮੈਨਸ਼ੀਆ ਵਾਲ਼ੇ ਹੁੰਦੇ ਹਨ।ਉਹਨਾਂ ਨੂੰ ਕੋਈ ਬਹੁਤਾ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਹਨ।ਘਰੇ ਹਨ ਜਾਂ ਫਿਰ ਏਥੇ ਹਨ।  
ਭੁੱਖ, ਉਨੀਦਰੇ ਤੇ ਰੋਣ ਕਾਰਨ ਉਸਦੀ ਸ਼ਕਲ ਵਿਗੜੀ ਪਈ ਸੀ।ਉਂਝ ਉਹ ਕੋਈ ਜ਼ਿਆਦਾ ਬੁੱਢੀ ਨਹੀ ਸੀ।ਮਸਾਂ ਸੱਤਰ ਕੁ ਸਾਲ ਦੀ ਹੀ ਉਹਦੀ ਉਮਰ ਸੀ।ਕਿਸੇ ਗਹਿਰੇ ਦੁੱਖ ਦੀ ਝੰਭੀ ਹੋਈ ਜਾਪਦੀ ਸੀ ਪਰ ਰਿਪੋਰਟ ਵਿਚ ਡਾਕਟਰ ਡਮੈਨਸ਼ੀਆ ਦੱਸ ਰਹੇ ਸਨ।ਉਹ ਗੋਰੀ ਚਿੱਟੀ ਪਤਲੀ ਉੱਚੀ ਲੰਮੀ ਸੀ।ਉਹਦੀ ਬਣਤਰ ਵੀ ਕਿਸੇ ਗੋਰੀ ਤੋਂ ਘਟ ਨਹੀਂ ਸੀ।ਪਰ ਪਰੇਸ਼ਾਨੀ ਜਾਂ ਬੀਮਾਰੀ ਨੇ ਉਸ ਦੀ ਦਿੱਖ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ।
ਉਸ ਨੂੰ ਥੋੜ੍ਹਾ ਜਿਹਾ ਸ਼ਾਂਤ ਹੋਈ ਨੂੰ ਵੇਖ ਲੀਟਾ ਉਸ ਲਈ ਦਵਾਈ ਅਤੇ ਜੂਸ ਲੈ ਆਈ।ਰਾਜੀ ਅਤੇ ਰਾਣੇ ਦੇ ਆਉਣ ਦਾ ਭਰੋਸਾ ਦੇ ਅਸੀਂ ਉਸ ਨੂੰ ਸਾਰਾ ਜੂਸ ਤੇ ਦਵਾਈ ਪਿਲ਼ਾ ਦਿੱਤੀ।ਕਰਿਸਟਾ ਆਪਣੇ ਕੰਮ ਲੱਗ ਗਈ ਸੀ ਕਿਉਂਕਿ ਅੱਜ ਉਸਨੇ ਮੇਰੇ ਵਾਲ਼ੇ ਰੈਜ਼ੀਡੈਂਟਸ ਦੀ ਸੰਭਾਲ਼ ਵੀ ਕਰਨੀ ਸੀ।।
ਲੀਟਾ ਆਪਣੀ ਸ਼ਿਫਟ ਖਤਮ ਕਰ ਕੇ ਘਰ ਨੂੰ ਚਲੀ ਗਈ ਸੀ।ਉਸ ਦੀ ਥਾਂ ਤੇ ਦੂਸਰੀ ਰਜਿਸਟਰਡ ਨਰਸ ਮਾਰੀਆ ਆ ਗਈ ਸੀ।ਮਾਰੀਆ ਨੇ ਵੀ ਲੀਟਾ ਤੋਂ ਪੂਰੀ ਰਿਪੋਰਟ ਲੈ ਕੇ ਅੱਜ ਮੇਰੀ ਪੂਰੀ ਡਿਊਟੀ ਉਸ ਇਕੱਲੀ ਤੇ ਲਾ ਦਿੱਤੀ ਸੀ।
ਮੈਨੂੰ ਵੀ ਉਹ ਉਸ ਦਿਨ ਫੀਸਿਲਟੀ ਵਿਚ ਦੂਸਰੇ ਰੈਜ਼ੀਡੈਂਟਸ ਦੇ ਮੁਕਾਬਲੇ ਵਿਚ ਬਹੁਤ ਟਫ ਲੱਗ ਰਹੀ ਸੀ।ਕਦੇ-ਕਦੇ ਉਸ ਤੇ ਗੁੱਸਾ ਆਉਂਦਾ।ਕਦੇ ਉਸ ਤੇ ਤਰਸ ਆਉਂਦਾ।ਇੰਝ ਹੀ ਲੇਲੇ-ਪੇਪੇ ਕਰਕੇ ਮੈਂ ਉਸ ਨੂੰ ਖਾਣਾ ਖੁਵਾ ਦਿੱਤਾ ਸੀ ਤੇ ਨਹਾਉਣ ਦੇ ਲਈ ਵੀ ਰਾਜ਼ੀ ਕਰ ਲਿਆ ਸੀ।ਮੇਰੀ ਪਾਟਨਰ ਕਰਿਸਟਾ ਤੇ ਆਰ. ਐਨ. ਮਾਰੀਆ ਮੇਰੇ ਕੋਲ਼ੋਂ ਵਾਰ-ਵਾਰ ਉਸ ਦੀ ਰਿਪੋਰਟ ਪੁੱਛ ਰਹੀਆਂ ਸਨ।ਉਸਦੇ ਵਾਰ-ਵਾਰ ਬਦਲਦੇ ਵਿਹਾਰ ਨੂੰ ਵੇਖ ਕੇ ਕਦੇ ਤਾਂ ਮੈਂ ਉਹਨਾਂ ਨੂੰ ਖੁਸ਼ ਹੋ ਕਿ ਦੱਸਦੀ ਕਿ ਉਹ ਹੁਣ ਠੀਕ ਹੈ,ਅੰਡਰ ਕੰਟਰੋਲ ਹੈ ਤੇ ਕਦੇ ਦੱਸਦੀ ਕਿ ਉਹ ਸੱਚਮੁੱਚ ਹੀ ਬਹੁਤ ਟਫ ਹੈ।ਅਖੀਰ ਮੈਂ ਉਸ ਦਿਨ ਉਸਨੂੰ ਨਵਾਉਣ ਤੇ ਖਵਾਉਣ-ਪਿਲਾਉਣ ਵਿਚ ਕਾਮਯਾਬ ਹੋ ਗਈ ਸੀ।ਉਹ ਨਹਾਉਣ ਪਿੱਛੋ ਸੌਂ ਗਈ ਸੀ।ਉਸ ਸਮੇਂ ਮੈਨੂੰ ਵੀ ਥੋੜ੍ਹਾ ਆਰਾਮ ਮਿਲ਼ਿਆ ਸੀ।
ਇੰਝ ਹੀ ਉਸਨੂੰ ਇੱਥੇ ਆਇਆਂ ਕਈ ਦਿਨ ਲੰਘ ਗਏ ਸਨ।ਪਰ ਉਸ ਦੇ ਵਿਹਾਰ ਵਿਚ ਕੋਈ ਖਾਸ ਤਬਦੀਲੀ ਨਹੀਂ ਸੀ ਆਈ।ਉਹ ਰਾਜੀ ਅਤੇ ਰਾਣੇ ਨੂੰ ਚੌਵੀ ਘੰਟੇ ਯਾਦ ਕਰਦੀ।ਉੱਚੀ-ਉੱਚੀ ਰੋਂਦੀ।ਆਪਣਾ ਸਿਰ ਭੰਨਦੀ।ਆਪਣਾ ਢਿੱਡ ਭੰਨਦੀ।ਯਾਨੀ ਪੂਰਾ ਚੀਕ-ਚਿਹਾੜਾ ਪਾਉਂਦੀ।ਸਾਰਾ ਸਟਾਫ ਅਤੇ ਦੂਜੇ ਰੈਜ਼ੀਡੈਂਟਸ ਉਸ ਤੋਂ ਅੱਕੇ ਪਏ ਸਨ।ਉਸ ਦੇ ਨੇੜੇ ਜਾਣ ਨੂੰ ਕੋਈ ਵੀ ਤਿਆਰ ਨਹੀਂ ਸੀ ਹੁੰਦਾ।ਕਿਉਂਕਿ ਜਦ ਕੋਈ ਉਸ ਨਾਲ਼ ਥੋੜ੍ਹਾ ਜਿਹਾ ਵੀ ਧੱਕਾ ਕਰਦਾ ਤਾਂ ਉਹ ਮਾਰਦੀ ਵੀ ਸੀ।ਪੂਰੀ ਫਿਸਿਲਟੀ ਵਿਚ ਉਹ ਇੱਕ ਹਊਆ ਸੀ।ਉੱਥੇ ਉਸ ਲਈ ਇਕ ਮੈਂ ਹੀ ਸੀ ਜੋ ਉਸਨੂੰ ਮਨਾ ਸਕਦੀ ਸੀ,ਖਿਲ਼ਾ-ਪਿਲ਼ਾ ਸਕਦੀ ਸੀ ਤੇ ਨਵ੍ਹਾ ਸਕਦੀ ਸੀ।
   ਫਿਰ ਇਕ ਦਿਨ ਇਕ ਔਰਤ ਜਿਸ ਦਾ ਨਾਂ ਸ਼ਰਨਜੀਤ ਸੀ, ਉਸਨੂੰ  ਨਰਸਿੰਗ ਹੋਮ ਵਿਚ ਵੇਖਣ ਲਈ ਆਈ ।ਉਸਦੇ ਨਾਲ਼ ਉਸਦੀ ਕੋਈ ਦੂਰ ਦੀ ਰਿਸ਼ਤੇਦਾਰੀ ਸੀ।ਬੜੀ ਦਰਦ ਭਰੀ ਕਹਾਣੀ ਸੁਣਾਈ ਸੀ ਉਸ ਨੇ ਉਸਦੀ।
"ਸਰਕਾਰੀ ਸਕੂਲ ਵਿਚ ਇਹ ਦੋਹੇਂ ਪਤੀ-ਪਤਨੀ ਅਧਿਆਪਿਕ ਸਨ।ਬੜੀ ਸੁਹਣੀ ਸਰਕਾਰੀ ਨੌਕਰੀ ਸੀ ਇਹਨਾਂ ਦੋਹਾਂ ਦੀ।ਦੋ ਹੀ ਬੱਚੇ ਸਨ।ਦੋਹੇਂ ਹੀ ਵਧੀਆ ਸਕੂਲ ਵਿਚ ਪੜ੍ਹਦੇ ਸਨ।ਬੱਸ ਬੈਠਿਆਂ-ਬੈਠਿਆਂ ਦੇ ਪਤਾ ਨਹੀਂ ਕੀ ਦਿਮਾਗ ਵਿਚ ਆਈ ਕਿ ਪੋਆਇੰਟ ਸਿਸਟਮ ਤੇ ਅਪਲਾਈ ਕਰ ਦਿੱਤਾ।ਬਣ ਵੀ ਝੱਟ ਹੀ ਗਿਆ।ਸਾਰੀ ਫੈਮਲੀ ਕਨੇਡਾ ਆ ਗਈ। ਦੋ-ਚਾਰ ਸਾਲ ਤਾਂ ਵਧੀਆ ਲੰਘੇ।ਆਪ ਵੀ ਦੋਹੇਂ ਜਾਣੇ ਕੰਮ ਕਰਦੇ ਸਨ।ਬੱਚੇ ਵੀ ਵੱਡੇ ਸਨ ਉਹ ਵੀ ਕੰਮਾਂ ਤੇ ਲੱਗ ਗਏ ।ਘਰ ਵੀ ਲੈ ਲਿਆ ।ਫਿਰ ਅਚਾਨਕ ਇਹਨਾਂ ਦਾ ਇਕ ਪੇਂਡੂ ਮੁੰਡਾ ਇੰਡੀਆ ਤੋਂ ਵਿਜ਼ਟਰ ਵੀਜ਼ੇ ਤੇ ਆ ਗਿਆ।"
ਸ਼ਰਨਜੀਤ ਨੇ ਇਕ ਲੰਮਾ ਹੌਕਾ ਲੈ ਕੇ ਕਹਾਣੀ ਨੂੰ ਅੱਗੇ ਤੋਰਦਿਆਂ ਕਿਹਾ ," ਉਸ ਕਲਮੂੰਹੇਂ ਦੇ ਐਸੇ ਚੰਦਰੇ ਪੈਰ ਇਹਨਾਂ ਦੇ ਘਰ ਚ' ਪਏ ਕਿ ਘਰ ਹੀ ਪੱਟਿਆ ਗਿਆ।"
"ਘਰ ਹੀ ਪੱਟਿਆ ਗਿਆ! ਉਹ ਕਿਵੇਂ?" ਮੇਰੇ ਅੰਦਰੋਂ ਜਾਨਣ ਦੀ ਉਤਸੁਕਤਾ ਪੈਦਾ ਹੋਈ।
"ਉਹ ਇੰਝ"
ਸ਼ਰਨਜੀਤ ਅੱਗੇ ਦੱਸਣ ਲੱਗੀ," ਉਹ ਮੁੰਡਾ ਇੰਡੀਆ ਤੋਂ ਕੱਚਾ ਆਇਆ ਸੀ।ਇੱਥੋਂ ਦੇ ਰਹਿਣ ਦੇ ਰੰਗ-ਢੰਗ ਤੇ ਸ਼ਾਨ-ਸ਼ੌਕਤ ਨੂੰ ਵੇਖ ਕੇ ਉਹਦਾ ਮਨ ਬਦਲ ਗਿਆ।ਉਹਨੇ ਕਈ ਤਰ੍ਹਾਂ ਦੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਕਿ ਕਿਵੇਂ ਨਾ ਕਿਵੇਂ ਮੈਂ ਇੱਥੇ ਪੱਕਾ ਹੋ ਜਾਵਾਂ।ਪੱਕੇ ਹੋਣ ਲਈ ਅਖੀਰ ਉਸਨੇ ਇਹਨਾਂ ਦੀ ਕੁੜੀ ਨੂੰ ਆਪਣੇ ਜਾਲ਼ ਵਿਚ ਫਸਾ ਲਿਆ।ਕੁੜੀ ਅਜੇ ਨਿਆਣੀ ਸੀ।ਮਸਾਂ ਵੀਹਾਂ ਕੁ ਵਰ੍ਹਿਆਂ ਦੀ ਹੀ ਸੀ।ਉਹ ਵੀ ਕਮਲ਼ੀ ਉਸ ਦੇ ਮਗਰ ਲੱਗ ਗਈ ।ਇਕ ਦਿਨ ਜਦੋਂ ਇਹਨਾਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਇਹਨਾਂ ਨੇ ਕੁੜੀ ਨੂੰ ਬਹੁਤ ਸਮਝਾਇਆ ਤੇ ਉਸ ਮੁੰਡੇ ਤੋਂ ਦੂਰ ਰਹਿਣ ਲਈ ਕਿਹਾ ਤਾਂ ਕੁੜੀ ਨੇ ਸਭ-ਕੁਝ ਉਸ ਮੁੰਡੇ ਨੂੰ ਦੱਸ ਦਿੱਤਾ।ਉਹ ਉਸੇ ਰਾਤ ਹੀ ਕੁੜੀ ਨੂੰ ਮਗਰ ਲਾ ਆਪਣੇ ਨਾਲ਼ ਲੈ ਗਿਆ ।ਉਸ ਨਾਲ਼ ਕੋਰਟ ਮੈਰਿਜ਼ ਕਰਵਾ ਲਈ।ਇਸ ਗੱਲ ਦੀ ਖਬਰ ਤਾਂ ਸਾਰੇ ਪਿੰਡ ਵਿਚ ਅੱਗ ਵਾਂਗ ਫੈਲ ਗਈ ਕਿ ਮਾਸਟਰ ਦੀ ਕੁੜੀ ਨੇ ਘਰੋਂ ਭੱਜ ਕੇ ਫਲਾਣਿਆਂ ਦੇ ਮੁੰਡੇ ਨਾਲ਼ ਵਿਆਹ ਕਰਵਾ ਲਿਆ।ਭਾਵ ਪਿੰਡ ਦੀ ਕੁੜੀ ਨੇ ਪਿੰਡ ਦੇ ਮੁੰਡੇ ਨਾਲ਼ ਹੀ ਵਿਆਹ ਕਰਵਾ ਲਿਆ।ਬੱਸ ਉਸੇ ਦਿਨ ਤੋਂ ਹੀ ਇਹਨਾਂ ਦੇ ਘਰ ਦੀ ਬਰਬਾਦੀ ਸ਼ੁਰੂ ਹੋ ਗਈ।"
"ਬਰਬਾਦੀ..ਉਹ ਕਿਵੇਂ?" ਮੇਰੇ ਮੂੰਹੋਂ ਆਪ ਮੁਹਾਰੇ ਨਿਕਲ਼ਿਆ।
"ਇਹਨਾਂ ਦੋਹਾਂ ਨੇ ਤਾਂ ਏਨੀ ਸ਼ਰਮ ਮੰਨੀ ਕਿ ਅੰਦਰੇ ਹੀ ਵੜ ਗਏ।ਨਾ ਕਿਸੇ ਪਿੰਡ ਵਾਲ਼ੇ ਨਾਲ਼ ਸ਼ਰਮ ਦੇ ਮਾਰੇ ਕੋਈ ਗੱਲ ਕਰਨ ਤੇ ਨਾਂ ਹੀ ਕਿਸੇ ਰਿਸ਼ਤੇਦਾਰ ਨਾਲ਼।ਮੁੰਡਾ ਇਹਨਾਂ ਦਾ ਪੂਰਾ ਜਵਾਨ ਸੀ।ਜੋ ਪੂਰਾ ਫਿਰਨ-ਤੁਰਨ ਵਾਲ਼ਾ ਸੀ।ਉਹ ਸਮਾਜ ਭਲਾਈ ਦੇ ਕੰਮਾਂ ਵਿਚ ਬਹੁਤ ਭਾਗ ਲੈਂਦਾ ਹੁੰਦਾ ਸੀ।ਪਿੰਡ ਦੇ  ਬਹੁਤੇ ਮੁੰਡੇ ਉਸਦੇ ਦੋਸਤ ਸਨ।ਉਹ ਸਾਰੇ ਰਲ਼ ਕੇ ਸਾਲ ਵਿਚ ਇਕ ਦਿਨ ਪਿੰਡ ਦਾ ਇਕੱਠ ਕਰਿਆ ਕਰਦੇ ਸਨ।ਇੰਝ ਹੀ ਇਹਨਾਂ ਦੇ ਪਿੰਡ ਦੇ ਪ੍ਰੋਗਰਾਮ ਵਿਚ ਮੁੰਡਿਆਂ ਦੀ ਆਪਸ ਵਿਚ ਕਿਸੇ ਗੱਲੋਂ ਬਹਿਸ ਹੋ ਗਈ।ਵਿਚੋਂ ਹੀ ਕਿਸੇ ਮੁੰਡੇ ਨੇ ਉਹਦੀ ਭੈਣ ਦੀ ਗੱਲ ਕਰ ਦਿੱਤੀ।ਬੱਸ ਫਿਰ ਕੀ ਸੀ।ਗਰਮ ਖੂਨ ਸੀ ਖੌਲ ਗਿਆ।ਉਸੇ ਦਿਨ ਤੋਂ ਹੀ ਮੁੰਡੇ ਨੇ ਸਹੁੰ ਖਾ ਲਈ ਕਿ ਮੈਂ ਦੋਹਾਂ ਨੂੰ ਛੱਡਣਾ ਨਹੀਂ।ਦਿਨ-ਰਾਤ ਉਸਨੇ ਭੈਣ ਤੇ ਉਸ ਮੁੰਡੇ ਨੂੰ ਲੱਭਣ ਲਈ ਇਕ ਕਰ ਦਿੱਤਾ।ਮਾਪਿਆਂ ਤੋਂ ਚੋਰੀ ਗੰਨ ਦਾ ਲਾਈਸੈਂਸ ਵੀ ਲੈ ਲਿਆ।ਅਖੀਰ ਲੱਭਦੇ-ਲਭਾਉਂਦੇ ਨੇ ਉਹਨਾਂ ਨੂੰ ਵਿਨੀਪੈਗ ਵਿਚੋਂ ਲੱਭ ਲਿਆ।ਦੋਹੇਂ ਜਾਣੇ ਕਿਸੇ ਸਟੋਰ ਨੂੰ ਚੱਲੇ ਸਨ।"
"ਫਿਰ ਕੀ ਹੋਇਆ?"
ਮੈਂ ਧੀਮੀ ਆਵਾਜ਼ ਵਿਚ ਪੁਛਿਆ।
"ਹੋਣਾ ਕੀ ਸੀ।ਉਹੀ ਹੋਇਆ ਜਿਸਦਾ ਡਰ ਸੀ।ਉਹਨੇ ਕੱਢ ਦਿੱਤੀਆਂ ਗੋਲ਼ੀਆਂ ਦੋਹਾਂ ਦੇ ਵਿਚੋਂ ਦੀ। ਥਾਂਏ ਹੀ ਦੋਹੇਂ ਮਾਰ ਦਿੱਤੇ।" 
ਕਹਾਣੀ ਸੁਣਾਉਂਦੀ ਸ਼ਰਨਜੀਤ ਆਪਣੀਆਂ ਭਿੱਜੀਆਂ ਅੱਖਾਂ ਆਪਣੇ ਪਰਸ ਵਿਚੋਂ ਰੁਮਾਲ ਕੱਢ ਸਾਫ ਕਰਨ ਲੱਗੀ ਤੇ ਮੈਂ ਆਪਣੇ ਅੰਦਰ ਚੱਲਦੀਆਂ ਗੋਲ਼ੀਆਂ ਮਹਿਸੂਸ ਕਰਨ ਲੱਗੀ।ਡਰ ਨਾਲ਼ ਸੁੰਨ ਹੋਈ ਤੋਂ ਮੇਰੇ ਕੋਲ਼ੋ ਅੱਗੋਂ ਕੁਝ ਹੋਰ ਬੋਲਿਆ ਨਾ ਗਿਆ।ਉਹ ਵਿਚਾਰੀ ਖੁਦ ਹੀ ਮੈਨੂੰ ਦੱਸਣ ਲੱਗੀ,"ਫਿਰ ਇਹਨਾਂ ਦੇ ਬੇਟੇ ਨੂੰ ਵੀਹ ਸਾਲ ਦੀ ਸਜ਼ਾ ਹੋਈ।ਸਤਾਈ ਸਾਲ ਦੀ ਉਮਰ ਸੀ ਉਦੋਂ ਉਸ ਦੀ ਤੇ ਵੀਹ ਸਾਲ ਦੀ ਸਜ਼ਾ…।ਵਧੇਰੇ ਵਕੀਲ ਕੀਤੇ ਕਿ ਕਿਵੇਂ ਨਾ ਕਿਵੇਂ ਘਟ ਜਾਵੇ ਪਰ ਕੁਛ ਵੀ ਨਾ ਬਣਿਆ।ਕਨੂੰਨ ਜਿਉਂ ਇੱਥੋਂ ਦੇ ਏਨੇ ਸਖਤ ਨੇ।"
ਉਸ ਦੀ ਕਹਾਣੀ ਅਜੇ ਖਤਮ ਨਹੀਂ ਸੀ ਹੋਈ ਮੈਂ ਵਿਚੋਂ ਹੀ ਪੁੱਛ ਲਿਆ।
"ਅਜੇ ਹੋਰ ਕਿੰਨੀ ਸਜ਼ਾ ਬਾਕੀ ਰਹਿੰਦੀ ਐ?"
"ਦੋ ਢਾਈ ਸਾਲ ਅਜੇ ਬਾਕੀ  ਰਹਿੰਦੇ ਨੇ…।ਜੁੱਗੜੇ ਹੋ ਗਏ …ਜਾਣੈ…ਗਏ ਨੂੰ।"
ਫਿਰ ਉੱਥੇ ਇਕਦਮ ਚੁੱਪ ਪਸਰ ਗਈ।ਨਾ ਉਹ ਕੁਝ ਬੋਲੀ ਨਾ ਮੈਂ ਬੋਲੀ। ਦੋਨੋ ਹੀ ਪੂਰੀ ਤਰ੍ਹਾਂ ਗੰਭੀਰ ਹੋ ਗਈਆਂ ਸਾਂ।
ਆਪਣੀ ਚੁੱਪੀ ਤੋੜਦਿਆਂ ਉਹ ਆਖਣ ਲੱਗੀ ,"ਸਜ਼ਾ ਪੂਰੀ ਹੋਣ ਤੇ ਉਹਨਾਂ ਨੇ ਉਹਨੂੰ ਇੱਥੇ ਰਹਿਣ ਤਾਂ ਦੇਣਾ ਨਹੀਂ ਇੰਡੀਆ ਵਾਪਸ ਭੇਜ਼ ਦੇਣਾ ਹੈ। ਇਹ ਵੀ ਵਿਚਾਰੇ ਉਦੋਂ ਇੰਡੀਆ ਚਲੇ ਜਾਣਗੇ…"।
"ਕੀ ਪਰਸਨੈਲਿਟੀ ਸੀ ਇਹਨਾਂ ਦੀ।ਪਿੰਡ ਦੇ ਲੋਕ ਤੇ ਰਿਸ਼ਤੇਦਾਰ ਇਹਨਾਂ ਦੋਹਾਂ ਤੋਂ ਪੁੱਛਿਆਂ ਬਿਨਾ ਕੋਈ ਕੰਮ ਨਹੀਂ ਸੀ ਕਰਦੇ।ਆਹ ਕੁੜੀ ਕੁਲਿਹਣੀ ਨੇ ਇਹਨਾਂ ਦਾ ਵੈਰ ਲੈ ਲਿਆ ਤੇ ਆਹ ਹਾਲ ਬਣਾ ਦਿੱਤਾ।"
ਕਹਾਣੀ ਸੁਣਾਉਂਦੀ ਸ਼ਰਨਜੀਤ ਆਪਣੇ ਮੱਥੇ ਤੇ ਹੱਥ ਮਾਰ ਦੱਸਣ ਲੱਗੀ।
ਅਸੀਂ ਦੋਹਾਂ ਨੇ ਫਿਰ ਲੰਮੇ ਹਉਕੇ ਲਏ ਤੇ ਫਿਰ ਇਕ ਦਮ ਕੁਝ ਸਮੇਂ ਲਈ ਫਿਰ ਉੱਥੇ ਚੁੱਪ ਪਸਰ ਗਈ ।ਇੰਝ ਸੰਨਾਟਾ ਛਾ ਗਿਆ ਜਿਵੇਂ ਤੂਫਾਨ ਆਉਣ ਤੋਂ ਬਾਅਦ ਸਮੁੰਦਰ ਵਿਚ ਛਾ ਜਾਂਦਾ ਹੈ।ਫਿਰ ਉਸ ਨੇ ਆਪਣੀ ਚੁੱਪੀ ਤੋੜਦਿਆਂ ਕਿਹਾ,"ਆਹ ਪਿੱਛੇ ਜਿਹੇ …ਦੋ ਕੁ ਮਹੀਨੇ ਪਹਿਲਾਂ.. ਇਹਨਾਂ ਦੇ ਹਸਬੈਂਡ ਦੀ ਮੌਤ ਹੋ ਗਈ।ਉਹ ਵਿਚਾਰੇ… ਇਹਨਾ ਨੂੰ ਸੰਭਾਲ਼ਦੇ ਸਨ।ਅਚਾਨਕ ਇਕ ਦਿਨ ਹਰਟ-ਅਟੈਕ ਦੇ ਨਾਲ਼ ਉਹ… ਵੀ ਚੱਲ ਵਸੇ…ਘਰ ਖਾਲੀ ਹੋ ਗਿਆ… ਇਹਨੂੰ ਵਿਚਾਰੀ ਨੂੰ… ਸਾਂਭਣ ਵਾਲ਼ਾ ਕੋਈ ਨਹੀਂ ਸੀ ਇਸ ਕਰਕੇ… ਇੱਥੇ ਭੇਜ਼ ਦਿੱਤਾ ।ਹੋਰ ਕਿਤੇ.. ਪੰਜਾਬੀ ਨਰਸਿੰਗ ਹੋਮ ਵਿਚ ਜਗ੍ਹਾ ਨਹੀਂ ਸੀ ਮਿਲ਼ੀ।ਅਪਲਾਈ ਤਾਂ… ਕਈ ਥਾਂਈ ਕੀਤਾ ਸੀ।ਇੱਥੇ ਵੀ ਭਲੇ ਨੂੰ ਇਕ ਕ..ਮ..ਰਾ ਖਾ..ਲੀ.. ਸੀ।ਓ..ਨੀ ਦੇਰ.. ਏ.ਥੇ ਰਹਿ ਲੈਣ..ਗੇ ਜਿੰਨੀ ਦੇਰ ਮੁੰਡੇ ਦੀ ਸਜਾ ਪੂ..ਰੀ ਨਹੀਂ ਹੁੰਦੀ।ਫਿਰ ਚਲੇ ਜਾਣਗੇ ਇੰਡੀਆ।" 
ਅੱਖੀਂ ਦੇਖੀ ਦਰਦਨਾਕ ਕਹਾਣੀ ਸੁਣਾ ਰਹੀ ਸ਼ਰਨਜੀਤ ਦੀਆਂ ਰਗਾਂ ਬੈਠ ਗਈਆਂ ਸਨ।ਉਸ ਕੋਲ਼ ਹੋਰ ਬੋਲਣ ਦੀ ਸਮਰੱਥਾ ਨਹੀਂ ਸੀ।ਮੈਂ ਉਸਨੂੰ ਫਰਿਜ ਵਿਚੋਂ ਲਿਆ ਕੇ ਜੂਸ ਪੀਣ ਨੂੰ ਦਿੱਤਾ।ਜੂਸ ਪੀ ਕੇ ਉਹ ਅੰਟੀ ਨੂੰ ਮਿਲ਼ ਦੁਆਰਾ ਵਾਪਸ ਆਉਣ ਦਾ ਵਾਅਦਾ ਕਰ ਕੇ ਚਲੀ ਗਈ।ਮੈਂ ਉੱਥੋਂ ਉੱਠ ਵਾਸ਼ਰੂਮ ਵਿਚ ਆਪਣਾ ਮੂੰਹ ਧੋ ਆਪਣੇ ਕੰਮ ਲੱਗ ਗਈ।ਅੰਟੀ ਦੀ ਦੁੱਖਭਰੀ ਕਹਾਣੀ ਸੁਣ ਮੇਰਾ ਹਿਰਦਾ ਪਰੁੰਨਿਆ ਗਿਆ ਸੀ।ਮੇਰੀ ਕੰਮ ਕਰਨ ਦੀ ਤਾਕਤ ਘਟ ਗਈ ਸੀ।ਮੈਂ ਨਰਸਿੰਗ ਸਟੇਸ਼ਨ ਤੇ ਜਾ ਕੇ ਰਜਿਸਟਰਡ ਨਰਸ ਮਾਰੀਆ ਕੋਲੋਂ ਛੁੱਟੀ ਦੀ ਮੰਗ ਕੀਤੀ।
"ਕੀ ਹੋ ਗਿਆ?" ਮਾਰੀਆ ਬੋਲੀ
"ਸਿਰ ਪੀੜ…ਨਾਲ਼ ਹੀ ਬੁਖਾਰ ਲੱਗਦਾ ਹੈ।" ਮੈਂ ਆਖਿਆ
ਮਾਰੀਆ ਨੇ ਮੇਰੇ ਮੂੰਹ ਵੱਲ ਤੱਕ ਦਿਆਂ ਹੋਇਆਂ ਕਿਹਾ,"ਸੱਚਮੁੱਚ, ਤੇਰਾ ਚਿਹਰਾ ਹੀ ਦੱਸ ਰਿਹਾ ਹੈ ਕਿ ਤੈਨੂੰ ਕੁਝ ਹੋ ਗਿਆ।"
ਮੈਂ ਅੱਖਾਂ ਭਰ ਅੰਟੀ ਦੀ ਸਾਰੀ ਕਹਾਣੀ ਅੰਗਰੇਜ਼ੀ ਵਿਚ ਟਰਾਂਸਲੇਟ ਕਰਕੇ ਮਾਰੀਆ ਨੂੰ ਉਂਝ ਹੀ ਸੁਣਾ ਦਿੱਤੀ ਸੀ ਜਿਵੇਂ ਉਸ ਔਰਤ ਨੇ ਮੈਨੂੰ ਸੁਣਾਈ ਸੀ।ਮੇਰੇ ਪਿੱਛੇ ਖੜ੍ਹੀ ਕਰਿਸਟਾ ਨੇ ਵੀ ਪੂਰੀ ਕਹਾਣੀ ਸੁਣ ਲਈ ਸੀ।ਕਹਾਣੀ ਖਤਮ ਹੋਣ ਤੇ ਉਹਨੇ ਮੇਰੇ ਮੋਢੇ ਤੇ ਹੱਥ ਧਰਦਿਆਂ ਹੋਇਆਂ ਭਰੀਆਂ ਅੱਖਾਂ ਨਾਲ਼ ਕਿਹਾ ਸੀ,"ਜੈਸ ਤੂੰ ਫਿਕਰ ਨਾ ਕਰ।ਅੱਜ ਤੋਂ ਬਾਅਦ ਆਪਾਂ ਅੰਮਾ ਦੀ ਏਨੀ ਸੇਵਾ ਕਰਾਂਗੇ ਕਿ ਉਸ ਨੂੰ ਆਪਣੇ ਸਾਰੇ ਪੁਰਾਣੇ ਦੁੱਖ ਭੁੱਲ ਜਾਣਗੇ।"
ਉਸ ਸਮੇਂ ਮੈਨੂੰ ਕਰਿਸਟਾ ਦਾ ਬਹੁਤ ਹੀ ਪਿਆਰ ਆਇਆ।ਮੈਂ ਉਸਨੂੰ ਘੁੱਟ ਕੇ ਗਲਵੱਕੜੀ ਪਾ ਲਈ।ਮਾਰੀਆ ਵੀ ਉੱਠ ਸਾਡੇ ਨਾਲ਼ ਇੰਝ ਚੁੰਬੜ ਗਈ ਜਿਵੇਂ ਉਹ ਦੱਸ ਰਹੀ ਹੋਵੇ ਚਲੋ… ਮੈਂ ਵੀ ਤੁਹਾਡੇ ਨਾਲ਼ ਹਾਂ।ਬਾਕੀ ਸਟਾਫ ਨੂੰ ਵੀ ਅਸੀਂ ਆਖਾਂਗੇ।ਬੱਸ ਉਸੇ ਹੀ ਦਿਨ ਤੋਂ ਅਸੀਂ ਅੰਟੀ ਦੀ ਰੂਹ ਨਾਲ਼ ਸੇਵਾ ਕਰਨੀ ਸ਼ੁਰੂ ਕਰ ਦਿੱਤੀ ।
ਪਹਿਲਾਂ-ਪਹਿਲਾਂ ਇਹ ਕੰਮ ਕਠਿਨ ਜ਼ਰੂਰ ਸੀ ਕਿ ਕਿਸੇ ਬੰਦੇ ਨੂੰ ਏਨੇ ਸਦਮਿਆਂ ਚ' ਬਾਹਰ ਕੱਢਣਾ।ਪਰ ਅਸੀਂ ਸਭ ਨੇ ਰਲ਼ ਕੇ ਅੰਟੀ ਦਾ ਗੁੱਸਾ,ਗਾਹਲਾਂ ਘਰੂੰਡ ਯਾਨੀ ਕਿ ਸਭ ਤਰ੍ਹਾਂ ਦਾ ਵਿਹਾਰ ਖਿੜੇ ਮੱਥੇ ਸਵੀਕਾਰ ਕੀਤਾ।
ਉਹ ਹੁਣ ਬਦਲ ਚੁੱਕੀ ਸੀ।ਇਕ ਸਾਲ ਦੇ ਵਿਚ ਹੀ ਪੂਰੀ ਤਰ੍ਹਾਂ ਬਦਲ ਚੁੱਕੀ ਸੀ।ਮਿਸਜ਼ ਸਿੱਧੂ ਹੀ ਨਹੀਂ ਬਲਕਿ ਉਹ ਹੁਣ ਸਾਰਿਆਂ ਦੀ ਅੰਮਾ ਬਣ ਚੁੱਕੀ ਸੀ।ਨਰਸਿੰਗ ਹੋਮ ਦੇ ਰੈਜ਼ੀਡੈਂਟ ਵੀ ਉਸ ਦੇ ਨਾਲ਼ ਹੁਣ ਬਹੁਤ ਖੁਸ਼ ਸਨ।ਉਹ ਬਹੁਤ ਸਾਰੇ ਪਰੋਗਰਾਮਾਂ ਵਿਚ ਹਿੱਸਾ ਲੈਂਦੀ ਸੀ।ਅੰਗਰੇਜ਼ੀ ਵੀ ਸੁਹਣੀ ਬੋਲਣ ਲੱਗ ਗਈ ਸੀ।ਉਹ ਹੁਣ ਇਸ ਨਰਸਿੰਗ ਹੋਮ ਦੀ ਹਰਮਨ ਪਿਆਰੀ ਰੈਜ਼ੀਡੈਂਟ ਬਣ ਗਈ ਸੀ।ਮੈਨੂੰ ਵੀ ਉਸਦਾ ਆਪਣੀ ਮਾਂ ਜਿੰਨਾ ਹੀ ਪਿਆਰ ਆਉਂਦਾ ਸੀ।ਮੈਂ ਆਪਣੀਆਂ ਗੱਲਾਂ ਉਸ ਨਾਲ਼ ਸਾਂਝੀਆਂ ਕਰਿਆ ਕਰਦੀ ਸੀ ਤੇ ਉਹ ਆਪਣੇ ਦੁੱਖ ਵੀ ਮੇਰੇ ਕੋਲ਼ ਰੋ ਲਿਆ ਕਰਦੀ ਸੀ।ਇੰਝ ਸਾਡੀ ਦੋਹਾਂ ਦੀ ਮਾਵਾਂ-ਧੀਆਂ ਜਿਹੀ ਹੀ ਇਕ ਸਾਂਝ ਬਣ ਗਈ ਸੀ।
ਇੰਝ ਹੀ ਇਕ ਦਿਨ ਮੈਨੂੰ ਕਿਸੇ ਹੋਰ ਨਰਸਿੰਗ ਹੋਮ ਵਿਚੋਂ ਇੰਟਰਵਿਊ ਲਈ ਕਾਲ ਆ ਗਈ।ਕਦੇ ਪਹਿਲਾਂ ਕਿਤੇ ਅਪਲਾਈ ਕੀਤਾ ਹੋਇਆ ਸੀ।ਉਹ ਨਰਸਿੰਗ ਹੋਮ ਮੇਰੇ ਘਰ ਦੇ ਨਜ਼ਦੀਕ ਹੀ ਸੀ।ਮੈਂ ਇੰਟਰਵਿਊ ਤੇ ਗਈ ਤੇ ਉਹਨਾਂ ਨੇ ਮੈਨੂੰ ਉਸੇ ਵਕਤ ਹੀ ਜੌਬ ਤੇ ਰੱਖ ਲਿਆ।ਮੈਂ ਉਹਨਾਂ ਤੋਂ ਦੋ ਕੁ ਹਫਤਿਆਂ ਦੀ ਮੁਹਲਤ ਲਈ ਤਾਂ ਕਿ ਮੈਂ ਆਪਣੀ ਪਹਿਲੀ ਜਾਬ ਤੇ ਅਸਤੀਫਾ ਦੇ ਸਕਾਂ।
ਅਗਲੇ ਦਿਨ ਅਸਤੀਫੇ ਦਾ ਨੋਟ ਦੇ ਮੈਂ ਸੋਚਾਂ ਵਿਚ ਪੈ ਗਈ ਸੀ…ਅੰਮਾ ਨੂੰ ਦੱਸਾਂ.. ਜਾਂ ਨਾ ਦੱਸਾਂ.. ਕਿ ਮੈਂ ਇੱਥੇ ਹੁਣ ਤੇਰੇ ਕੋਲ਼ ਸਿਰਫ ਦੋ ਹੀ ਹਫਤੇ ਹਾਂ।
ਨਹੀਂ..ਨਹੀਂ ਮੈਂ ਇਹ ਨਹੀਂ ਦੱਸ ਸਕਦੀ।ਉਸ ਵਿਚਾਰੀ ਦਾ ਤਾਂ ਦਿਲ ਹੀ ਟੁੱਟ ਜਾਵੇਗਾ।ਮੈਂ ਹੀ ਹਾਂ ਇੱਥੇ ਸਭ ਤੋਂ ਵੱਧ ਉਸਦੇ ਨੇੜੇ।ਮੇਰੇ ਨਾਲ਼ ਹੀ ਤਾਂ ਉਹ ਵਿਚਾਰੀ ਆਪਣੇ ਸਾਰੇ ਦੁੱਖ-ਸੁੱਖ ਸਾਂਝੇ ਕਰਦੀ ਹੈ।ਇਹ ਸੋਚਾਂ ਸੋਚਦੀ ਹੋਈ ਨੇ ਹੀ ਮੈਂ ਪੂਰੇ ਦੋ ਹਫਤੇ ਗੁਜ਼ਾਰ ਦਿੱਤੇ ਸਨ।ਮੇਰੇ ਕੋਲ਼ੋ ਅੰਟੀ/ਅੰਮਾਂ ਨੂੰ ਦੱਸਣ ਦੀ ਹਿੰਮਤ ਨਹੀਂ ਸੀ ਹੋਈ।
ਮੇਰਾ ਇਸ ਫਸਿਲਟੀ ਵਿਚ ਆਖਰੀ ਦਿਨ ਸੀ।ਮੈਂ ਹਾਲੇ ਤੱਕ ਅੰਮਾਂ ਨੂੰ ਆਪਣੇ ਵਾਰੇ ਕੁਝ ਨਹੀਂ ਸੀ ਦੱਸਿਆ ਕਿ ਮੈਂ ਇੱਥੇ ਅੱਜ ਦਾ ਹੀ ਦਿਨ ਹਾਂ।ਮੈਨੂੰ ਉਸਦੇ ਰਿਐਕਸ਼ਨ ਤੋਂ ਬਹੁਤ ਡਰ ਲੱਗਦਾ ਸੀ।ਮੈਂ ਉਸਨੂੰ ਦੁਖੀ ਨਹੀਂ ਸੀ ਵੇਖਣਾ ਚਹੁੰਦੀ।
ਪਰ, ਅਖੀਰ ਮੈਂ ਜਕਦੀ ਜਕਾਉਂਦੀ ਨੇ ਲੰਚ ਤੋਂ ਬਾਅਦ ਆਪਣਾ ਦਿਲ ਮਜਬੂਤ ਕਰਕੇ ਆਖਰ ਨੂੰ ਉਸਨੂੰ ਦੱਸ ਹੀ ਦਿੱਤਾ।
"ਅੰਟੀ, ਮੈਂ ਇਸ ਨਰਸਿੰਗ ਹੋਮ ਵਿਚੋਂ ਜਾ ਰਹੀ ਹਾਂ।ਮੈਨੂੰ ਮੇਰੇ ਘਰ ਦੇ ਲਾਗੇ ਹੀ ਹੋਰ ਨਰਸਿੰਗ ਹੋਮ ਵਿਚ ਜੌਬ ਮਿਲ ਗਈ ਹੈ।"
ਉਸਨੇ ਮੇਰੀ ਗੱਲ ਸੁਣ ਕੇ ਬੜੇ ਅਚੰਭੇ ਨਾਲ਼ ਕਿਹਾ,"ਟੂ ਬੈਡ।"
ਫਿਰ ਉਸਨੇ ਮੇਰੇ ਨਾਲ਼ ਕੋਈ ਹੋਰ ਗੱਲ ਨਾ ਕੀਤੀ।ਬੱਸ ਪਹਿਲਾਂ ਵਾਂਗ ਹੀ ਤੁਰਦੀ-ਫਿਰਦੀ ਰਹੀ।ਟੀਵੀ ਵੇਖਦੀ ਰਹੀ ਜਾਂ ਫਿਰ ਦੂਸਰੇ ਸਟਾਫ ਤੇ ਰੈਜੀਡੈਂਟਾਂ ਨਾਲ਼ ਗੱਲਾਂ-ਬਾਤਾਂ ਕਰਦੀ ਰਹੀ।ਮੈਨੂੰ ਬੜੀ ਹੈਰਾਨੀ ਹੋਈ ਕਿ ਜੋ ਚੀਜ਼ ਮੈਂ ਸੋਚਦੀ ਸੀ ਉਹ ਤਾਂ ਕੁਝ ਵੀ ਨਹੀਂ ਹੋਈ।ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਗਈ ਸੀ।ਚਾਈਂ-ਚਾਈਂ ਮੈਂ ਉਸ ਨਰਸਿੰਗ ਹੋਮ ਵਿਚ ਆਪਣਾ ਆਖਰੀ ਦਿਨ ਪੂਰਾ ਕੀਤਾ ਤੇ ਆਉਂਦੀ ਹੋਈ ਸਾਰਿਆਂ ਨੂੰ ਮਿਲ਼ ਕੇ ਵੀ ਆਈ।ਉਹਨੂੰ ਵੀ ਮਿਲ਼ ਕੇ ਆਈ।
ਇੰਝ ਹੀ ਸਮਾਂ ਲੰਘਦਾ ਗਿਆ।ਮੈਂ ਆਪਣੇ ਕੰਮਾਂ-ਕਾਰਾਂ ਤੇ ਬੱਚਿਆਂ ਵਿਚ ਰੁੱਝ ਗਈ।ਨਰਸਿੰਗ ਹੋਮ ਵਿਚ ਕਿਸੇ ਨੂੰ ਫੋਨ ਕਰਨ ਦੀ ਫੁਰਸਤ ਹੀ ਨਾ ਮਿਲ਼ੀ।ਕੰਮ ਛੱਡਣ ਤੋਂ ਤਕਰੀਬਨ ਸੱਤ-ਅੱਠ ਮਹੀਨਿਆਂ ਬਾਅਦ ਮੈਨੂੰ ਸਰੀ ਮੈਮੋਰੀਅਲ ਹਸਪਤਾਲ਼  ਬੱਚਿਆਂ ਦੇ ਵਾਰਡ ਵਿਚ ਕਰਿਸਟਾ ਮਿਲ਼ੀ।ਉਹ ਆਪਣੇ ਚਾਰ ਕੁ ਸਾਲ ਦੇ ਬੱਚੇ ਨੂੰ ਲੈ ਕੇ ਅਜੇ ਆਈ ਹੀ ਸੀ।ਜੋ ਬੀਮਾਰ ਲਗਦਾ ਸੀ।ਮੈਂ ਵੀ ਆਪਣੀ ਇਕ ਸਹੇਲੀ ਦੀ ਬੇਟੀ ਦਾ ਉਸੇ ਵਾਰਡ ਵਿਚੋਂ ਪਤਾ ਲੈ ਕਿ ਵਾਪਸ ਆ ਰਹੀ ਸੀ।ਕਰਿਸਟਾ ਨੇ ਮੈਨੂੰ ਵੇਖ ਲਿਆ ਤੇ ਦੂਰੋਂ ਹੀ ਉੱਚੀ ਦੇਣੇ ਹੱਥ ਉੱਚਾ ਕਰਕੇ ਹੈਲੋ ਜੈਸ ਆਖ ਕੇ ਮੈਨੂੰ ਬੁਲਾਇਆ।ਮੈਂ ਉਸ ਕੋਲ਼ ਚਲੀ ਗਈ।ਉਦੋਂ ਹੀ ਉਸ ਦੀ ਵਾਰੀ ਆ ਗਈ।ਉਹਨੇ ਕਾਹਲ਼ੀ ਨਾਲ਼ ਮੈਨੂੰ ਕਿਹਾ,"ਜੈਸ ਮੇਰੀ ਗੱਲ ਸੁਣੇ ਬਗੈਰ ਨਾ ਜਾਂਈ।"
ਮੈਂ ਉੱਥੇ ਵੇਟਿੰਗ ਰੂਮ ਵਿਚ ਬੈਠ ਉਸਦੀ ਉਡੀਕ ਕਰਨ ਲੱਗੀ।ਕੋਈ ਅੱਧੇ ਕੁ ਘੰਟੇ ਵਿਚ ਆਪਣੇ ਬੇਟੇ ਨੂੰ ਨਾਲ਼ ਲੈ ਕੇ ਉਹ ਆ ਗਈ।ਹਾਲ-ਚਾਲ ਪੁੱਛਣ ਤੋਂ ਬਾਅਦ ਉਹ ਮੈਨੂੰ ਪੁੱਛਣ ਲੱਗੀ,"ਜੈਸ ਕੀ ਤੈਨੂੰ ਪਤਾ… ਅੰਮਾ ਦੀ ਮੌਤ ਹੋ ਗਈ।"
" ਹੈਂ,ਨਹੀਂ,ਕਦੋਂ?" ਮੈਂ ਹੈਰਾਨ ਹੋਈ ਨੇ ਉਸਨੂੰ ਪੁੱਛਿਆ
"ਬੱਸ ਤੇਰੇ ਕੰਮ ਛੱਡਣ ਤੋਂ ਕੁਛ ਕੁ ਹਫਤੇ ਬਾਅਦ।ਮੈਂ ਤੈਨੂੰ ਕਈ ਵਾਰੀ ਫੋਨ ਕੀਤਾ ਸੀ ਇਹ ਗੱਲ ਦੱਸਣ ਦੇ ਲਈ।ਪਰ ਤੂੰ ਫੋਨ ਨਹੀਂ ਸੀ ਉਠਾਇਆ।ਤੇਰੇ ਜਾਣ ਤੋਂ ਬਾਅਦ ਉਹ ਕਈ ਵਾਰੀ ਤੈਨੂੰ ਯਾਦ ਕਰਦੀ ਸੀ।ਸਾਡੇ ਕੋਲੋਂ ਤੇਰੇ ਵਾਰੇ ਪੁੱਛਦੀ ਰਹਿੰਦੀ ਸੀ।ਤੈਨੂੰ ਮਿਲਣ ਦੀ ਗੱਲ ਵੀ ਕਰਦੀ ਸੀ"।
"ਓਹ ਅੱਛਾ ਸੱਚੀਂ!"
"ਪਰ ਕੀ ਹੋਇਆ ਸੀ ਅੰਮਾ ਨੂੰ? ਉਹ ਤਾਂ ਚੰਗੀ ਭਲ਼ੀ ਠੀਕ ਹੋ ਗਈ ਸੀ।"
"ਹਾਂ,ਤੂੰ ਠੀਕ ਆਖਦੀ ਐਂ।ਉਹ ਠੀਕ ਹੋ ਗਈ ਸੀ।ਪਰ ਇਕ ਦਿਨ ਉਹ ਸਾਰਾ ਦਿਨ ਬੈੱਡ ਤੇ ਹੀ ਰਹੀ।ਉਸਨੇ ਲੰਚ ਵੀ ਨਹੀਂ ਸੀ ਖਾਧਾ।ਰਾਤ ਦੇ ਖਾਣੇ ਵੇਲ਼ੇ ਉਸਦੇ ਰੂਮ ਵਿਚ ਮਾਰੀਆ ਉਸਨੂੰ ਦਵਾਈ ਦੇਣ ਗਈ ਸੀ।ਉਹਨੇ ਜਾ ਕੇ ਵੇਖਿਆ ਕਿ ਅੰਮਾ ਪਸੀਨੇ ਦੇ ਨਾਲ਼ ਪੂਰੀ ਤਰ੍ਹਾਂ ਭਿੱਜੀ ਪਈ ਹੈ।ਮਾਰੀਆ ਨੇ ਉਸਨੂੰ ਆਪਣੀ ਬਾਂਹ ਦਾ ਸਹਾਰਾ ਦੇ ਕੇ ਉਠਾਇਆ ਤੇ ਅੰਮਾ ਨੇ ਉਦੋਂ ਬੱਸ ਇਕ ਹੌਕਾ ਜਿਹਾ ਲਿਆ ਤੇ ਉੱਥੇ ਹੀ ਪੂਰੀ ਹੋ ਗਈ।
ਕਰਿਸਟਾ ਅਜੇ ਵੀ ਕੁਝ ਬੋਲ ਰਹੀ ਸੀ…..। ਪਰ ਮੇਰਾ ਸਰੀਰ ਸੁੰਨ ਹੋ ਗਿਆ ਸੀ।ਮੈਂ ਸੋਚ ਰਹੀ ਸੀ ਕਿ ਅੰਮਾ ਨੇ ਆਪਣੀ ਜ਼ਿੰਦਗੀ ਵਿਚ ਹੌਕੇ ਤਾਂ ਬਹੁਤ ਲਏ ਹੋਣਗੇ।ਪਰ  ਆਖਰੀ ਹੌਕਾ ਉਹਨੇ ਜ਼ਰੂਰ ਮੇਰੇ ਲਈ ਲਿਆ ਹੋਵੇਗਾ।