ਖਤਮ ਹੋ ਰਹੀ ਸਾਂਝੀਵਾਲਤਾ ਦੀ ਭਾਵਨਾਂ (ਲੇਖ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਇਕੀਵੀ ਸਦੀ ਦੇ ਦੌਰ ਵਿੱਚ ਅਸੀ ਜੇ ਇੱਕ ਪਾਸੇ ਬਹੁਤ ਕੁਝ ਨਵਾਂ ਹਾਸਿਲ ਕਰ ਰਹੇ ਹਾਂ ਤਾਂ ਦੂਜੇ ਪਾਸੇ ਬਹੁਤ ਕੁਝ ਗੰਵਾ ਵੀ ਰਹੇ ਹਾਂ।ਤਰੱਕੀ ਦੇ ਸਿਖਰਾਂ  ਤੱਕ ਪਹੰਚਣ ਦੀ ਹੋੜ ਵਿੱਚ ਅਸੀ ਆਪਣੇ ਪੁਰਾਣੇ ਗੁਣਾਂ ਅਤੇ ਆਪਣੇ ਵਿਰਸੇ ਤੋ ਦੂਰ ਹੁੰਦੇ ਜਾ ਰਹੇ ਹਾਂ। ਕੀ ਜਿਆਦਾ ਹਾਸਿਲ ਕਰਨ ਦੀ ਇੱਛਾ ਨੇ ਸਾਡੇ ਤੋ ਸਾਡਾ ਬਹੁਤ ਕੀਮਤੀ ਖਜਾਨਾ ਖੋਹ ਲਿਆ ਹੈ। ਜਿਸਦੀ ਘਾਟ ਨੂੰ ਕਦੇ ਪੂਰਾ ਨਹੀ ਕੀਤਾ ਜਾ ਸਕਦਾ। ਮਿਲਵਰਤਨ ਅਤੇ ਸਾਂਝੀਵਾਲਤਾ ਦੀ ਪੂੰਜੀ ਤੋ ਦਿਨ ਪ੍ਰਤੀ ਦਿਨ ਸੱਖਣਾਂ ਹੁੰਦਾ ਹੁੰਦਾ ਸਾਡਾ ਸਮਾਜ ਸਾਨੂੰ ਗਲਤ ਦਿਸ਼ਾ ਵੱਲ ਲਿਜਾ ਰਿਹਾ ਹੈ।
ਪੁਰਾਣੇ ਵੇਲਿਆਂ ਦੀ ਗੱਲ ਹੈ ਉਹਨਾਂ ਦਿਨਾਂ ਵਿੱਚ ਪਿੰਡ ਸ਼ਹਿਰ ਦੇ ਕਿਸੇ ਮੋਹਤਬਰ, ਚੋਧਰੀ, ਜੈਲਦਾਰ ਜਾ ਕਿਸੇ ਸਰਦਾਰ ਕੋਲ ਹੀ ਘੋੜੀ ਹੁੰਦੀ ਸੀ। ਉਸੇ ਦੇ ਹੱਥ ਵਿੱਚ ਡਾਂਗ ਜਿਸਨੂੰ ਖੂੰਡਾ ਕਹਿੰਦੇ ਸਨ ਹੁੰਦਾ ਸੀ। ਬਾਕੀ ਸਭ ਦਾ ਹੁੱਕਾ ਰਿਵਾਜ ਅਨੁਸਾਰ ਸਾਂਝਾ ਹੀ ਹੁੰਦਾ ਸੀ। ਸੱਥ ਜਾ ਚੋਪਾਲ ਵਿੱਚ ਸਾਂਝੇ ਹੁੱਕੇ ਦਾ ਰਿਵਾਜ ਸੀ। ਸਮਾਂ ਬਦਲ ਗਿਆ ਹਰ ਘਰ ਸਾਈਕਲ ਆ ਗਏ ਫਿਰ ਮੋਟਰ ਸਾਈਕਲ ਸਕੂਟਰ ਬਾਇਕ ਦਾ ਯੁੱਗ ਆ ਗਿਆ ਤੇ ਇਹ ਘਰ ਘਰ ਵਿੱਚ ਆ ਗਏ ਪਰ ਨਿੱਜੀ ਪੁਣੇ ਦੀ ਬਿਮਾਰੀ ਨੇ ਘਰ ਦੇ ਹਰ ਜੀਅ ਦੀ ਅਲੱਗ ਬਾਈਕ ਸਕੂਟਰ ਤੋ ਚਲਦੀ ਗੱਲ ਕਾਰ ਤੱਕ ਪਹੁੰਚ ਗਈ। ਬਹੁਤੇ ਆਮ  ਘਰਾਂ ਵਿੱਚ ਸਭ ਦੀ ਵੱਖਰੀ ਵੱਖਰੀ ਕਾਰ ਵੀ ਹੈ। ਇੱਕ ਕਮਰੇ ਦੇ ਘਰ ਨੂੰ ਜਿਸ ਵਿੱਚ ਸਬਾਤ ਹੁੰਦੀ ਸੀ ਹੁਣ ਹਰ ਜੀਅ ਲਈ ਵੱਖਰਾ ਬੈਡਰੂਮ ਹੈ ਇਥੋ ਤੱਕ ਕੇ ਵੱਖਰਾ ਹੀ ਟੋਇਲਟ ਹੈ। ਘਰ ਦੇ ਜੀਆਂ ਲਈ ਵੱਖਰਾ ਵੱਖਰਾ ਖਾਣਾ ਬਣਦਾ ਹੈ। ਪਹਿਲਾਂ ਸ਼ਾਮ ਦੀ ਚਾਹ ਇਕੋ ਵੇਲੇ ਹੀ ਬਣਦੀ ਸੀ ਪਰ ਹੁਣ ਹਰ ਜੀਅ ਦਾ ਚਾਹ ਦਾ ਵੱਖਰਾ ਹੀ ਸਮਾਂ ਤੇ ਸਵਾਦ ਹੈ ਇਸ ਤਰਾਂ ਇੱਕ ਪਰਿਵਾਰ ਹੀ ਵੱਖ ਵੱਖ ਹੋ ਗਿਆ ਹੈ। ਗੱਲ ਖਾਣਪੀਣ ਦੀ ਹੀ ਨਹੀ ਘਰ ਵਿੱਚ ਲੱਗਿਆ ਟੈਲੀਫੋਨ ਵੀ ਖਤਮ ਹੋ ਗਿਆ ਤੇ ਹਰ ਜੀਅ ਦਾ ਆਪਣਾ ਆਪਣਾ ਮੋਬਾਇਲ ਫੋਨ ਹੈ। ਸਾਂਝੇ ਪਰਿਵਾਰ ਦੇ ਰਾਸ਼ਨ ਕਾਰਡ ਦੀ ਜਗ੍ਹਾ ਨਿਜੀ ਵੋਟਰ ਕਾਰਡ, ਪੈਨ ਕਾਰਡ ਤੇ ਆਧਾਰ ਕਾਰਡ ਨੇ ਲੈ ਲਈ ਹੈ।ਸ਼ੋਸਲ ਮੀਡੀਆ ਤੇ ਹਰ ਇੱਕ ਦਾ ਵੱਖਰਾ ਵੱਖਰਾ ਫੇਸ ਬੁੱਕ, ਟਵੀਟਰ, ਈ-ਮੇਲ ਖਾਤਾ ਹੈ ਪਰ ਪਰਿਵਾਰ ਦੇ ਦੂਸਰੇ ਜੀਅ ਬਲੋਕ ਹਨ। ਹਰ ਇੱਕ ਸਖਸ਼ ਦਾ ਆਪਣਾ ਦਾਇਰਾ ਹੈ।ਜਿੱਥੇ ਵਿਆਹ ਸਾਦੀ ਵਿੱਚ ਸੱਠ ਸੱਤਰ ਮਹਿਮਾਨ ਹੁੰਦੇ ਸਨ ਜੋ ਤਕਰੀਬਨ ਰਿਸ਼ਤੇਦਾਰ ਹੀ ਹੁੰਦੇ ਸਨ ਜਾ ਇੱਕ ਅੱਧਾ ਪਰਿਵਾਰ ਦੇ ਮੁਖੀਆ ਦਾ ਪਾਗੀ (ਯਾਰ ਮਿਤੱਰ) ਜਾ ਬੇਬੇ ਦੀ ਕਿਸੇ ਚੁੰਨੀ ਵੱਟ ਭੈਣ ਦਾ ਪਰਿਵਾਰ ਹੁੰਦਾ ਸੀ। ਹੁਣ ਮਹਿਮਾਨਾਂ ਦੀ ਗਿਣਤੀ ਅੱਠ ਨੋ ਸੋ ਤੱਕ ਪਹੁੰਚ ਗਈ ਹੈ ਪਰ ਰਿਸ਼ਤੇਦਾਰ ਨਾ ਮਾਤਰ ਹੀ ਹੁੰਦੇ ਹਨ ਸਿਰਫ ਸਹਿਕਰਮੀ ਜਾ ਮਿੱਤਰ ਮੰਡਲੀ ਹੀ ਹੁੰਦੀ ਹੈ। ਰੁਸਣ ਵਾਲਿਆਂ ਵਿੱਚ ਕਰੀਬੀ ਰਿਸ਼ਤੇਦਾਰਾਂ ਦੀ ਗਿਣਤੀ ਜਿਆਦਾ ਹੁੰਦੀ ਹੈ। ਕਿਸੇ ਸਮੇ ਰਿਸ਼ਤੇਦਾਰੀ ਮਾਮੇ ਭੂਆ ਮਾਸੀ ਦੀ ਧੀ ਤਾਂ ਕੀ ਪਿੰਡ ਸਹਿਰ ਦੀ ਧੀ ਭੈਣ ਨੂੰ ਸਭ ਦੀ ਸਾਂਝੀ ਮੰਨਿਆ ਜਾਂਦਾ ਸੀ। ਧੀ ਭੈਣ ਦੇ ਵਿਆਹ ਤੇ ਸਾਰਾ ਪਿੰਡ ਆਪਣੀ ਧੀ ਭੈਣ ਸਮਝ ਕੇ ਕੰਮ ਕਰਦਾ ਸੀ ਤੇ ਯੋਗ ਇਮਦਾਦ ਵੀ ਦਿੰਦਾ ਸੀ। ਹੋਰ ਤਾਂ ਹੋਰ ਸਾਂਝੀ ਵਾਲਤਾ ਦਾ ਇਹ ਆਲਮ ਸੀ ਕਿ ਪਿੰਡ ਪੰਚਾਇਤ ਦੇ ਭਾਂਡੇ ਵੀ ਸਾਂਝੇ ਹੁੰਦੇ ਸਨ। ਥਾਲੀਆਂ ਕੋਲੀਆਂ ਗਿਲਾਸਾ ਤੋ ਲੈ ਕੇ ਕੜਾਹੇ ਟੋਪ ਪਤੀਲੇ ਪੰਚਾਇਤੀ ਹੁੰਦੇ ਸਨ। ਪਰ ਹੁਣ ਅਲੱਗ ਅਲੱਗ ਦੀ ਦੋੜ ਵਿੱਚ ਇਹ ਵਸਤੂਆਂ ਗੁਆਚ ਗਈਆਂ ਹਨ। ਸਾਂਝੇ ਭਾਂਡੇ ਹੀ ਕਿਉ ਪਹਿਲਾਂ ਕਪੜੇ ਵੀ ਸਾਂਝੇ ਹੁੰਦੇ ਸਨ ਆਮ ਕਰਕੇ ਹੀ ਇੱਕ ਦੂਜੇ ਦੇ ਕਪੜੇ ਮੰਗ ਕੇ ਪਾਕੇ ਵਿਆਹ ਸ਼ਾਦੀ ਦਾ ਬੁੱਤਾ ਸਾਰਿਆ ਜਾਂਦਾ ਸੀ। ਇਸ ਗੱਲ ਦੀ ਕੋਈ ਸ਼ਰਮ ਨਹੀ ਸੀ ਹੁੰਦੀ ਪਰ ਅੱਜ ਛੋਟਾ ਬੱਚਾ ਵੀ ਆਪਣੇ ਵੱਡੇ ਭੈਣ ਭਰਾ ਦੇ ਕਪੜੇ ਪਾਉਣ ਤੌ ਗੁਰੇਜ ਕਰਦਾ ਹੈ।ਸਾਰਾ ਪਿੰਡ ਹੀ ਵਿਆਹ ਵਿੱਚ ਕੰਮ ਕਰਾਉੰਦਾ ਸੀ ਹੁਣ ਉਹ ਗੱਲ ਨਹੀ ਰਹੀ।ਇਹ ਸਾਂਝੀਵਾਲਤਾ ਵਿਆਹ ਵਰਗੇ ਕੰਮਾਂ ਤੱਕ ਹੀ ਸੀਮਤ ਨਹੀ ਸੀ ਕਿਸੇ ਦੇ ਘਰ ਦੀ ਛੱਤ ਪੈਣੀ ਹੁੰਦੀ ਤਾਂ ਅੱਧਾ ਪਿੰਡ ਸੱਦਿਆ ਜਾਂਦਾ ਸੀ ਛੱਤ ਦੇ ਕੰਮ ਵਿੱਚ ਸਹਾਇਤਾ ਕਰਨ ਵੇਲੇ ਅਥਾਹ ਖੁਸ਼ੀ ਹੁੰਦੀ ਸੀ।ਕੱਚੇ ਕੋਠੇ ਦੀ ਸਰਕੰਡਿਆਂ ਵਾਲੀ ਛੱਤ ਪਾਕੇ ਵੀ ਪੂਰੇ ਪਿੰਡ ਨੂੰ ਚੋਲ ਖੁਆਏ ਜਾਂਦੇ ਸਨ। ਪਰ ਹੁਣ ਪੰਜ ਸੋ ਗਜ ਦੀ ਕੋਠੀ ਦਾ ਲੈਟਰ ਪਾਕੇ ਵੀ ਚਾਰ ਲੱਡੂਆਂ ਨਾਲ ਸਾਰ ਲਿਆ ਜਾਂਦਾ ਹੈ। ਨਵੀਂ ਛੱਤ ਤੇ ਚਿੜੀ ਬੰਨਕੇ ਕੋਈ ਧੀ ਧਿਆਣੀ ਲਾਗ ਲੈਣਾ ਨਹੀ ਸੀ ਭੁੱਲਦੀ। ਤੇ ਦੇਣ ਵਾਲਾ ਵੀ ਲਾਗ ਦੇਕੇ ਮਾਣ ਮਹਿਸੂਸ ਕਰਦਾ ਸੀ ਪਰ ਹੁਣ ਲੈਣ ਵਾਲੀ ਨੂੰ ਸਰੀਕਾ ਮਾਰ ਜਾਂਦਾ ਹੈ ਤੇ ਗੁਆਂਢੀ ਮਕਾਨ ਬਣਾਉਣ ਵਾਲੇ ਨਾਲ ਗੱਲ ਗੱਲ ਤੇ ਝਗੜਾ ਕਰਦੇ ਹਨ। ਸਮੂਹਿਕ ਤਿੱਥ ਤਿਉਹਾਰ ਮਨਾਉਣ ਦਾ ਸਿਸਟਮ ਖਤਮ ਹੋ ਰਿਹਾ ਹੈ। ਪਿੰਡ ਦੀ ਸੱਥ ਵਿੱਚ ਪਾਈ ਵੱਡੀ ਲੋਹੜੀ ਦੀ ਜਗ੍ਹਾ ਘਰ ਘਰ ਮੂਹਰੇ ਜਾ ਘਰ ਅੰਦਰ ਹੀ ਪਾਈਆਂ ਲੋਹੜੀਆਂ ਨੇ ਲੈ ਲਈ ਹੈ। ਸਾਰਾ ਪਿੰਡ ਨਾਲ ਮਿਲਕੇ ਹੋਲੀ ਖੇਡਣ ਵਾਲੇ ਹੁਣ ਇੱਕ ਦੂਜੇ ਤੇ ਰੰਗ ਪਾਉਣ ਤੋ ਝਿਜਕਦੇ ਹਨ। 
ਪਰਿਵਾਰ ਵਿੱਚ ਵੀ ਹੁਣ ਅਸੀ ਗੱਲ ਕਰਨ ਦੀ ਥਾਂ ਆਪਣੇ ਆਪਣੇ ਮੋਬਾਇਲ ਤੇ ਮਸਤ ਹੁੰਦੇ ਹਾਂ। ਹਜਾਰਾਂ ਦੀ ਸੰਖਿਆਂ ਵਿੱਚ ਫੇਸ ਬੁੱਕੀ ਫਰੈਂਡ ਹੋਣ ਦੇ ਬਾਵਜੂਦ ਸਾਡੇ ਨਿੱਜੀ ਮਿਤੱਰਾਂ ਦੀ ਗਿਣਤੀ ਘਟ ਰਹੀ ਹੈ। ਕੀ ਅਸੀ ਆਪਣੇ ਮਾਨਸਿਕ ਵਿਨਾਸ ਵੱਲ ਜਾ ਰਹੇ ਹਾਂ । ਇਹ ਸੋਚਣ ਤੇ ਵਿਚਾਰਣ ਦਾ ਵਿਸ਼ਾ ਹੈ। ਸਾਂਝੀਵਾਲਤਾ ਦੀ ਭਾਞਨਾ ਦਾ ਖਤਮ ਹੋਣਾ ਮਨੱਖਤਾ ਤੇ ਇਨਸਾਨੀਅਤ ਦੀ ਮੌਤ ਹੈ।ਸਾਂਝੀਵਾਲਤਾ ਦੇ ਉਪਦੇਸ਼ ਅਤੇ ਨਸੀਅਤ ਦੇਣ ਵਾਲੇ ਧਰਮ ਵੀ ਸਾਨੂੰ ਇੱਕ ਦੂਜੇ ਨਾਲੋ ਤੋੜ ਰਹੇ ਹਨ। ਜੋ ਸਾਡੀ ਮਾਨਸਿਕ ਗਿਰਾਵਟ ਦੀ ਨਿਸ਼ਾਨੀ ਹੈ।