ਟਰਾਂਟੋ:- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਮਈ ਮਹੀਨੇ ਦੀ ਇਕੱਤਰਤਾ ਨਵੇਂ ਚੁਣੇ ਗਏ ਸੰਚਾਲਕਾਂ: ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ, ਅਤੇ ਪਰਮਜੀਤ ਦਿਓਲ ਦੀ ਅਗਵਾਈ ਹੇਠ ਇੱਕ ਸਫ਼ਲ ਇਕੱਤਰਤਾ ਹੋ ਨਿੱਬੜੀ ਜਿਸ ਵਿੱਚ ਦਿੱਲੀ ਤੋਂ ਸਾਹਿਤ ਅਕੈਡਮੀ ਦੇ ਕਨਵੀਨਰ ਡਾ. ਵਨੀਤਾ, ਖੇਤੀਬਾੜੀ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫ਼ੈਸਰ ਡਾ. ਦਵਿੰਦਰ ਲੱਧੜ, ਅਤੇ ਡਾ. ਸੁਰਜੀਤ ਪਾਤਰ ਦੇ ਭਰਾ ਅਤੇ ਨਾਮਵਰ ਗਾਇਕ ਉਪਕਾਰ ਸਿੰਘ ਨਾਲ਼ ਗੱਲਬਾਤ ਹੋਈ।
ਮੀਟਿੰਗ ਸ਼ੁਰੂ ਹੋਣ 'ਤੇ ਪਿੰ੍ਰਸੀਪਲ ਸਰਵਣ ਸਿੰਘ ਵੱਲੋਂ ਕੁਲਵਿੰਦਰ ਖਹਿਰਾ ਦੇ ਪਿਤਾ ਜੀ ਦੀ ਮੌਤ 'ਤੇ ਦੁੱਖ ਦਾ ਪਰਗਟਾਵਾ ਕਰਦਿਆਂ ਹੋਇਆਂ ਦੋ ਮਿੰਟ ਦਾ ਮੌਨ ਰਖਵਾਇਆ ਗਿਆ। ਇਸਤੋਂ ਬਾਅਦ ਡਾ. ਵਨੀਤਾ ਅਤੇ ਡਾ. ਲੱਧੜ ਨੂੰ ਸਟੇਜ 'ਤੇ ਬੁਲਾਉਂਦਿਆਂ ਕੁਲਵਿੰਦਰ ਖਹਿਰਾ ਨੇ ਅਗਲੇ ਸਾਲ ਦੀਆਂ ਮੀਟਿੰਗਾਂ ਦਾ ਅਜੰਡਾ ਪੇਸ਼ ਕੀਤਾ ਜਿਸਨੂੰ ਹਾਜ਼ਰ ਮੈਂਬਰਾਂ ਵੱਲੋਂ ਪਰਵਾਨ ਕੀਤਾ ਗਿਆ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ਕਾਫ਼ਲੇ ਦਾ ਮਕਸਦ ਕੇਵਲ ਮੈਂਬਰਾਂ ਦੀ ਗਿਣਤੀ ਵਧਾਉਣਾ ਨਹੀਂ ਸਗੋਂ ਸਾਰਥਿਕ ਵਿਚਾਰ-ਚਰਚਾ ਰਾਹੀਂ ਇਸ ਗੱਲ ਦਾ ਉਪਰਾਲਾ ਕਰਨਾ ਹੈ ਕਿ ਅਸੀਂ ਪੰਜਾਬੀ, ਪੰਜਾਬੀਅਤ, ਅਤੇ ਪੰਜਾਬੀ ਸਾਹਿਤ ਦੀ ਬਿਹਤਰੀ ਲਈ ਕਿੰਨੇ ਕੁ ਫ਼ਿਕਰਮੰਦ ਹਾਂ?
ਡਾ. ਵਨੀਤਾ ਦੀ ਜਾਣ-ਪਛਾਣ ਕਰਵਾਉਂਦਿਆਂ ਕਾਫ਼ਲੇ ਦੀ ਨਵੀਂ ਬਣੀ ਮੀਡੀਆ ਸੰਚਾਲਕ ਪਰਮਜੀਤ ਦਿਓਲ ਨੇ ਕਿਹਾ ਕਿ ਡਾ. "ਵਨੀਤਾ ਜੀ ਨੂੰ ਕਵਿਤਾ ਦੀ ਗੁੜ੍ਹਤੀ ਉਨ੍ਹਾਂ ਦੀ ਭੂਆ ਸ਼ਰਨ ਮੱਕੜ ਜੀ ਨੇ ਦਿੱਤੀ। ਡਾ. ਵਨੀਤਾ ਖੁਦ ਬਹੁਤ ਵਧੀਆ ਸਿਤਾਰ-ਵਾਦਕ ਨੇ ਅਤੇ ਕਵਿਤਾ ਤੇ ਸੰਗੀਤ ਇਨ੍ਹਾਂ ਦੀ ਰੂਹ 'ਚ ਘੁਲ਼ਿਆ ਹੋਇਆ ਹੈ। ਤੇ ਕਹਿੰਦੇ ਹੁੰਦੇ ਨੇ ਕਿ ਸ਼ਬਦਾਂ ਤੇ ਸੰਗੀਤ ਦੇ ਮੇਲ਼ 'ਚੋਂ ਰੂਹਾਨੀਅਤ ਨਿਕਲਦੀ ਹੈ, ਉਹ ਰੂਹਾਨੀਅਤ, ਜੋ ਵਨੀਤਾ ਜੀ ਦੇ ਹਿੱਸੇ ਆਈ ਹੈ।"

ਡਾ. ਵਨੀਤਾ ਜੀ ਨੇ ਕਿਹਾ ਕਿ ਭਾਰਤੀ ਨਾਰੀ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੱਛਮੀ ਨਾਰੀਵਾਦ ਦਾ ਫ਼ਲਸਫ਼ਾ ਲਾਗੂ ਨਹੀਂ ਹੋ ਸਕਦਾ ਕਿਉਂਕਿ ਭਾਰਤੀ ਨਾਰੀ ਨੂੰ ਆਪਣੇ ਆਲ਼ੇ-ਦੁਆਲ਼ੇ 'ਚੋਂ ਆਜ਼ਾਦੀ ਹਾਸਿਲ ਕਰਨ ਲਈ ਆਪਣੇ ਰਾਹ ਖੁਦ ਲੱਭਣੇ ਪੈਣੇ ਨੇ। ਹਰਿਆਣਾ ਤੋਂ ਆਏ ਵਿਸ਼ਵਦੀਪ ਸਿੰਘ ਦੇ ਇਹ ਕਹਿਣ 'ਤੇ ਕਿ "ਸਮੁੱਚੀ ਮਾਨਵਤਾ ਦੀ ਅਜ਼ਾਦੀ ਦੇ ਉਪਰਾਲੇ ਬਿਨਾਂ ਔਰਤ ਦੀ ਆਜ਼ਾਦੀ ਸੰਭਵ ਨਹੀਂ", ਵਨੀਤਾ ਜੀ ਨੇ ਕਿਹਾ ਕਿ ਸਮੁੱਚੀ ਆਜ਼ਾਦੀ ਤੋਂ ਪਹਿਲਾਂ ਔਰਤ ਨੂੰ ਉਸ ਗ਼ੁਲਾਮੀ ਤੋਂ ਛੁਟਕਾਰੇ ਦੀ ਲੋੜ ਹੈ ਜੋ ਸਾਡੇ ਸੱਭਿਆਚਾਰ ਨੇ ਉਸਦੇ ਘਰ ਅੰਦਰ ਹੀ ਉਸ ਦੇ ਗਲ਼ ਪਾ ਰੱਖੀ ਹੈ (ਜਿਵੇਂ ਮਾਂ-ਬਾਪ, ਸੱਸ-ਸਹੁਰੇ, ਅਤੇ ਪਤੀ ਵੱਲੋਂ ਉਸਦੇ ਦੀਆਂ ਖਵਾਹਿਸ਼ਾਂ 'ਤੇ ਲਾਈਆਂ ਜਾ ਰਹੀਆਂ ਬੇਲੋੜੀਆਂ ਬੰਦਿਸ਼ਾਂ), ਤੇ ਉਸ ਆਜ਼ਾਦੀ ਲਈ ਕੋਈ ਇੱਕ ਫਾਰਮੂਲਾ ਲਾਗੂ ਨਹੀਂ ਹੋ ਸਕਦਾ ਕਿਉਂਕਿ ਹਰ ਘਰ ਦੀ ਸਥਿਤੀ ਵੱਖਰੀ ਹੈ। ਉਨ੍ਹਾਂ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਆਪਣੀ ਇਸ ਪਦਵੀ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਬੱਚਿਆਂ ਦੇ ਜਵਾਨ ਹੋਣ ਤੱਕ ਪੜ੍ਹਾਈ ਪੂਰੀ ਕਰਨ ਦੀ ਉਡੀਕ ਕਰਨੀ ਪਈ ਤੇ ਬਹੁਤ ਸਾਰੀਆਂ ਰੁਕਾਵਟਾਂ ਨਾਲ਼ ਨਜਿੱਠਣਾ ਪਿਆ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਗ਼ੁਲਾਮੀ ਦੀ ਤ੍ਰਾਸਦੀ ਏਥੋਂ ਤੱਕ ਫੈਲੀ ਹੋਈ ਹੈ ਕਿ ਜਦੋਂ ਜਵਾਨ ਧੀ ਘਰੋਂ ਨਿਕਲ਼ਦੀ ਹੈ ਤਾਂ ਮਾਂ ਤ੍ਰਿਹ ਜਾਂਦੀ ਹੈ। ਡਾ. ਵਨੀਤਾ ਨੇ ਦੱਿਸਆ ਕਿ ਹੁਣ ਤੱਕ ਉਹ 45 ਕਿਤਾਬਾਂ ਸਾਹਿਤ ਦੀ ਝੋਲ਼ੀ ਵਿੱਚ ਪਾ ਚੁੱਕੇ ਨੇ। ਉਨ੍ਹਾਂ ਨੇ ਆਪਣੀਆਂ ਬਹੁਤ ਹੀ ਭਾਵਪੂਰਤ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਸਾਡੇ ਬਹੁਤ ਹੀ ਸਤਿਕਾਰਤ ਕਹਾਣੀਕਾਰ ਜਰਨੈਲ ਸਿੰਘ ਵੱਲੋਂ ਦਿੱਲੀ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਪੁੱਛੇ ਜਾਣ 'ਤੇ ਵਨੀਤਾ ਜੀ ਨੇ ਕਿਹਾ ਕਿ ਦਿੱਲੀ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਪੰਜਾਬ ਦੇ ਮੁਕਾਬਲੇ ਬਹੁਤ ਹੀ ਵਧੀਆ ਹੈ ਕਿਉਂਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਸੰਭਾਲ਼ਣ ਲਈ ਏਨਾ ਕੰਮ ਨਹੀਂ ਹੋ ਰਿਹਾ ਜਿੰਨਾ ਦਿੱਲੀ ਵਿੱਚ ਹੋ ਰਿਹਾ ਹੈ। ਡਾ. ਨਾਹਰ ਸਿੰਘ ਅਤੇ ਜਗੀਰ ਸਿੰਘ ਕਾਹਲ਼ੋਂ ਵੱਲੋਂ ਪੰਜਾਬੀ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਬਾਰੇ ਕੀਤੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਡਾ. ਵਨੀਤਾ ਨੇ ਕਿਹਾ ਕਿ ਜਿਹੜੇ ਪ੍ਰੋਫ਼ੈਸਰ ਦਿਲ ਲਾ ਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਉਨ੍ਹਾਂ ਦੀਆਂ ਕਲਾਸਾਂ ਵਿੱਚ ਬੱਚਿਆਂ ਦੀ ਕੋਈ ਘਾਟ ਨਹੀਂ,ਖਦਸ਼ਾ ਉਂਦੋਂ ਪੈਦਾ ਹੁੰਦਾ ਹੈ ਜਦੋਂ ਟੀਚਰ ਹੀ ਬੱਚਿਆਂ ਦੀ ਰੁਚੀ ਵਧਾਉਣ ਲਈ ਕੋਈ ਉਪਰਾਲੇ ਨਹੀਂ ਕਰਦੇ।
ਖੇਤੀ-ਬਾੜੀ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਡਾ ਦਵਿੰਦਰ ਲੱਧੜ ਨੇ ਹਾਜ਼ਰੀ ਲਵਾਉਂਦਿਆਂ ਕਿਹਾ ਕਿ ਕਾਫ਼ਲੇ ਦੀ ਮੀਟਿੰਗ ਵਿੱਚ ਆ ਕੇ ਉਹ ਮਾਣ ਮਹਿਸੂਸ ਕਰ ਰਹੇ ਨੇ। ਔਰਤ ਦੀ ਆਜ਼ਾਦੀ ਦੇ ਵਿਸ਼ੇ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿ 35 ਸਾਲਾਂ ਦੀ ਨੌਕਰੀ ਦੌਰਾਨ ਉਨ੍ਹਾਂ ਨੇ 3500 ਤੋਂ ਵੱਧ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ ਜਿਨ੍ਹਾਂ ਵਿੱਚ ਬਹ-ਗਿਣਤੀ ਕੁੜੀਆਂ ਦੀ ਸੀ ਜਿਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਵਿੱਚ ਕੁੜੀਆਂ ਨਾਲ਼ ਪੜ੍ਹਾਈ ਵਿੱਚ ਵਿਤਕਰਾ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ਼ ਤਕਰੀਬਨ 12 ਕਿਤਾਬਾਂ ਦੇ ਖਰੜੇ ਤਿਆਰ ਪਏ ਨੇ ਪਰ ਉਨ੍ਹਾਂ ਵਿੱਚ ਲਿਖਣ ਦੀ ਰੁਚੀ ਨਹੀਂ ਰਹੀ।
ਲੰਮੇਂ ਅਰਸੇ ਤੋਂ ਕੀਨੀਆ ਵਿੱਚ ਰਹਿ ਰਹੇ ਅਤੇ 45 ਸਾਲ ਫ਼ਿਜ਼ਿਕਸ ਦੇ ਟੀਚਰ ਰਹੇ ਉਪਕਾਰ ਸਿੰਘ (ਸੁਰਜੀਤ ਪਾਤਰ ਦੇ ਛੋਟੇ ਭਰਾ) ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਲਜ ਦੇ ਦਿਨਾਂ ਤੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਕ ਸੀ ਤੇ ਸ਼ੁਰੂ ਤੋਂ ਹੀ ਉਨ੍ਹਾਂ ਨੇ ਪੰਜਾਬੀ ਨਾਮਵਰ ਸ਼ਾਇਰਾਂ ਦੇ ਨਾਲ਼ ਨਾਲ਼ ਮੁੱਖ ਰੂਪ ਵਿੱਚ ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਬਹੁਤ ਗਾਇਆ। ਉਨ੍ਹਾਂ ਕਿਹਾ ਕਿ ਕੀਨੀਆ ਤੁਰ ਜਾਣ ਤੋਂ ਬਾਅਦ ਪਾਤਰ ਜੀ ਨੇ ਉਨ੍ਹਾਂ ਨੂੰ ਖ਼ਤ ਲਿਖਿਆ ਸੀ, "ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕੀਨੀਆ ਵਿੱਚ ਵੀ ਤੂੰ ਸ਼ਿੱਦਤ ਨਾਲ਼ ਸੰਗੀਤ ਨਾਲ਼ ਜੁੜਿਆ ਰਹੇਂਗਾ।" ਉਨ੍ਹਾਂ ਕਿਹਾ ਕਿ ਉਸ ਸ਼ਿੱਦਤ ਨੂੰ ਮੈਂ ਅੱਜ ਤੱਕ ਨਿਭਾਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹਾਂ। ਉਨ੍ਹਾਂ ਨੇ ਪਾਤਰ ਸਾਹਿਬ ਦੀਆਂ ਰਚਨਾਵਾਂ ਵੀ ਸਾਡੇ ਨਾਲ਼ ਸਾਂਝੀਆਂ ਕੀਤੀਆਂ।
ਕਾਫ਼ਲਾ ਸੰਚਾਲਕ ਬ੍ਰਜਿੰਦਰ ਗੁਲਾਟੀ ਜੀ ਨੇ ਸੰਚਾਲਨਾ ਦੀਆਂ ਹੋਰ ਜ਼ਿੰਮੇਂਵਾਰੀਆਂ ਨਿਭਾਉਂਦਿਆਂ ਹੋਇਆਂ ਜਾਣਕਾਰੀ ਵੀ ਸਾਂਝੀ ਕੀਤੀ ਕਿ ਚਿੰਗਕੂਜੀ ਲਾਇਬਰੇਰੀ ਕਾਫ਼ਲੇ ਦੇ ਉਨ੍ਹਾਂ ਮੈਂਬਰਾਂ ਤੋਂ ਆਪਣੇ ਸ਼ੋਅਕੇਸ ਲਈ ਕਿਤਾਬਾਂ ਦੀ ਮੰਗ ਕਰ ਰਹੀ ਹੈ ਜਿਨ੍ਹਾਂ ਦੀਆਂ ਕਿਤਾਬਾਂ ਪਿਛਲੇ ਪੰਜ ਸਾਲਾਂ ਦੌਰਾਨ ਛਪੀਆਂ ਨੇ। ਸ਼ਿਵਰਾਜ ਸਨੀ ਅਤੇ ਰਿੰਟੂ ਭਾਟੀਆ ਜੀ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਸਾਰਿਆਂ ਦਾ ਮਨ ਮੋਹਿਆ।
ਮੀਟਿੰਗ ਵਿੱਚ ਕਿਰਪਾਲ ਪੰਨੂੰ, ਕਹਾਣੀਕਾਰਾ ਮਿੰਨੀ ਗਰੇਵਾਲ, ਜਗੀਰ ਸਿੰਘ ਕਾਹਲ਼ੋਂ, ਪ੍ਰਿੰਸੀਪਲ ਸਰਵਣ ਸਿੰਘ, ਕਮਲਜੀਤ ਨੱਤ, ਅਰਸ਼ਪ੍ਰੀਤ, ਕਰਨਦੀਪ ਕੌਰ, ਵਕੀਲ ਕਲੇਰ, ਸ਼ਰਨਜੀਤ ਸਿੰਘ, ਗੁਰਦਾਸ ਮਿਨਹਾਸ, ਅਮਰਜੀਤ ਕੌਰ ਮਿਨਹਾਸ, ਸੁਰਿੰਦਰ ਸੰਧੂ, ਗੁਰਬਚਨ ਸਿੰਘ ਚਿੰਤਕ, ਡਾ. ਜਗਮੋਹਨ ਸੰਘਾ, ਹਰਪ੍ਰੀਤ ਕੌਰ, ਅਤੇ ਓਮਨੀ ਟੀਵੀ ਤੋਂ ਸ਼ਮੀਲ ਜੀ ਸ਼ਾਮਲ ਸਨ। ਮਨਮਹੋਨ ਸਿੰਘ ਗੁਲਾਟੀ ਜੀ ਨੇ ਹਮੇਸ਼ਾਂ ਵਾਂਗ ਹੀ ਵਲੰਟੀਅਰ ਕੰਮ ਵਿੱਚ ਤਨਦੇਹੀ ਨਾਲ਼ ਹਾਜ਼ਰੀ ਲਵਾਈ। ਸਟੇਜ ਦੀ ਜ਼ਿੰਮੇਂਵਾਰੀ ਨਿਭਾਉਂਦਿਆਂ ਕੁਲਵਿੰਦਰ ਖਹਿਰਾ ਨੇ ਵਾਅਦਾ ਕੀਤਾ ਕਿ ਕਾਫ਼.ਲੇ ਦੀਆਂ ਆਉਣ ਵਾਲ਼ੀਆਂ ਮੀਟਿੰਗਾਂ ਠੀਕ ਸਮੇਂ ਸਿਰ ਸ਼ੁਰੂ ਹੋਇਆ ਕਰਨਗੀਆਂ ਜਿਸ ਲਈ ਸਭ ਦੇ ਸਹਿਯੋਗ ਦੀ ਲੋੜ ਹੈ।
ਪਰਮਜੀਤ ਦਿਓਲ