ਮੋੜਵੀਂ ਭਾਜੀ
(ਮਿੰਨੀ ਕਹਾਣੀ)
"ਆਹ ਕੰਮ ਤੁਸੀ ਬੜਾ ਮਾੜਾ ਕਰ ਰਹੇ ਹੋ…."
" ਕਿਹੜਾ ਕੰਮ ਭਗਵੰਤ ਕੋਰੇ…?"
"ਆਹ ਲਿਫਾਫੇ 'ਚ ਪਾ ਲੇ ਸ਼ਗਨ ਭੇਜਣਾ…।"
'ਸ਼ਗਨ ਤਾ ਲਿਫਾਫੇ 'ਚ ਹੀ ਪਾ ਕੇ ਭੇਜੀ ਦਾ ਹੈ…"
"ਉਹ ਤਾਂ ਮੈਨੂੰ ਵੀ ਪਤਾ ਹੈ।ਸਰਦਾਰ ਜੀ ਮੇਰੇ ਕਹਿਣ ਦਾ ਮੱਤਲਬ ਹੈ ਕਦੀ ਕਿਸੇ ਰਿਸ਼ਤੇਦਾਰ ਨੂੰ ਖੁਦ ਵੀ ਮਿਲ ਲਿਆ ਕਰੋ, ਆਪ ਸ਼ਗਨ ਪਾ ਕੇ ਆਇਆ ਕਰੋ।ਕੋਈ ਪੈਸਿਆ ਦਾ ਭੁੱਖਾ ਨਹੀ ਇੱਜ਼ਤ ਮਾਣ ਵੀ ਕੋਈ ਚੀਜ਼ ਹੁੰਦੀ ਹੈ ….।"
"ਤੇਰਾ ਮੱਤਲਬ ਮੈਂ ਹਰ ਕਿਸੇ ਦੇ ਘਰ ਜਾ ਕੇ ਸ਼ਗਨ ਦਿੰਦਾ ਫਿਰਾ, ਤੇਰੇ ਮਗਰ ਲੱਗਾ ਹੈ ਜਿੰਮੀਦਾਰੀ ਹੋ ਚੁੱਕੀ,ਤੈਨੂੰ ਪਤਾ ਹੈ, ਮੇਰਾ ਸਮਾਂ ਕਿੰਨਾਂ ਕੀਮਤੀ ਹੈ, ਇੱਕ-ਇੱਕ ਮਿੰਟ ਦੇ ਪੈਸੇ ਕਮਾਉਂਦਾ ਹੈ।"
"ਤੁਸੀਂ ਕਦੀ ਕਿਤੇ, ਗਏ ਵੀ ਹੋ, ਕੱਲ੍ਹ ਨੂੰ ਤੁਸੀ ਵੀ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਹੈ"
"ਜਿਹੜੀ ਭਾਜੀ ਤੁਸੀਂ ਪਾਉਗੇ ਉਹੋ ਭਾਜੀ ਤੁਹਾਨੂੰ ਮਿਲੇਗੀ….."
"ਤੇਰੀਆ ਫਾਲਤੂ ਗੱਲਾਂ ਲਈ ਮੇਰੇ ਕੋਲ ਟਾਈਮ ਨਹੀ…."
"ਸਰਦਾਰ ਜੀ ਬੰਦਾ ਬੰਦਿਆਂ ਨਾਲ ਵੱਡਾ ਹੁੰਦਾ ਹੈ ਇੱਕਲਾ ਨਹੀਂ…."
"ਬੰਦੇ ਕੋਲ ਪੈਸੇ ਹੋਣ ਤਾਂ ਸਭ ਅੱਗੇ ਪਿੱਛੇ ਤੁਰਦੇ ਹਨ ਬੰਦਾ ਪੈਸੇ ਨਾਲ ਹੀ ਵੱਡਾ ਹੁੰਦਾ ਹੈ…।"
"ਤੁਹਾਡੇ ਨਾਲ ਗੱਲ ਕਰਨ ਦਾ ਛੱਤੀਆਂ ਦਾ ਘਾਟਾ ਹੈ….।" ਸਰਦਾਰਨੀ ਖਿੱਝ ਕੇ ਬੋਲੀ।
ਸਮਾਂ ਆਪਣੀ ਚਾਲੇ ਚਲਦਾ ਗਿਆ, ਜਿਮੀਦਾਰ ਜਸਪਾਲ ਸਿੰਘ ਦੇ ਬੱਚੇ ਜਵਾਨ ਹੋ ਗਏ।ਜਿਮੀਦਾਰ ਨੇ ਆਪਣੀ ਕੁੱੜੀ ਦਾ ਵਿਆਹ ਰੱਖਿਆ।ਸ਼ਹਿਰ ਦਾ ਵੱਡਾ ਅਤੇ ਮਹਿੰਗਾ ਪੈਲਸ ਕੀਤਾ ਗਿਆ।ਸੱਜਣਾ ਮਿੱਤਰਾਂ ਨੂੰ ਸੱਦੇ ਪੱਤਰ ਭੇਜੇ ਗਏ, ਜਿਮੀਦਾਰ ਨੇ ਸੋਚਿਆ ਪੈਲਸ ਬੰਦਿਆ ਨਾਲ ਭਰ ਜਾਵੇਗਾ ਬੱਲੇ ਬੱਲੇ ਹੋ ਜਾਵੇਗੀ। ਸਮਾਂ ਆਇਆ ਪੈਲਸ ਵਿੱਚ ਬੰਦਾ ਤਾਂ ਟਾਵਾ ਟਾਵਾ ਹੀ ਆਇਆ ਪਰ ਲਿਫਾਫਿਆ ਦੀ ਮਾਰ ਭਰਮਾਰ ਲੱਗ ਗਈ।ਪੈਲਸ ਖਾਲੀ-ਖਾਲੀ ਹੀ ਰਿਹਾ।