ਜਦ ਮੈਂ ਪਰਦੇਸ ਪੈਰ ਧਰਿਆ ਸੀ।
ਆਪਣੇ ਹੀ ਆਪ ਕੋਲੋਂ ਡਰਿਆ ਸੀ।
ਘਰ ਦੀ ਗਰੀਬੀ ਚਮਕ ਲੈ ਡਾਲਰਾਂ ਦੀ,
ਘਰ ਕਦ ਮੁੜਾਂਗਾਂ ਬਰਫ ਵਾਂਗ ਠਰਿਆ ਸੀ।
ਬਾਪੂ ਦੀ ਚਿੱਟੀ ਦਾੜੀ ਤੇ ਬੇਬੇ ਦੀ ਐਨਕ ਨੇ
ਹੌਂਸਲੇ ਤੋਂ ਟੁੱਟਿਆਂ ਨੇ ਹੌਂਸਲਾ ਭਰਿਆ ਸੀ।
ਇਕੱਲਤਾ ਦੀ ਨੇਰੀ ਵਿੱਚ ਯਾਦਾਂ ਦੇ ਚਿਰਾਗ ਜਗਾ,
ਕਰ ਯਾਦ ਪਿੰਡ ਦੀ ਮੋਟਰ ਨੂੰ ਹਜ਼ਾਰ ਵਾਰ ਮਰਿਆ ਸੀ।
ਜਿਹਨਾਂ ਪਿੰਡ ਨਹੀਂ ਸੀ ਕਿਸੇ ਦੀ ਔੜ ਝੱਲੀ
ਪੌਂਡਾਂ ਦੀ ਚਮਕ ਖਾਤਰ ਕੀ –ਕੀ ਜਰਿਆ ਸੀ।
ਕੈਦ ਹੋ ਚੁੱਕੇ ਜੋ ਸੋਨੇ ਦੇ ਪਿੰਜਰੇ ਵਿੱਚ
ਵੱਡਿਆਂ ਵੱਡਿਆਂ ਨੂੰ ਉਡਾਰੀ ਲਾ ਫੜਿਆ ਸੀ।