ਗੁਮਰਾਹ ਜਦੋਂ ਗਿਆਨ ਇਥੇ
ਫੇਰ ਕੀ ਕਰੂ ਵਿਗਿਆਨ ਇਥੇ
ਧਰਮੀ ਬਣਦੇ ਫਿਰਦੇ ਸਾਰੇ
ਕੌਣ ਬਣੂ ਇਨਸਾਨ ਇਥੇ
ਮਜੵਬੀ ਜ਼ਹਿਰ ਮਨਾ ਤੇ ਛਾਈ
ਵੰਡ ਲਏ ਨੇ ਭਗਵਾਨ ਇਥੇ
ਮੁਕੀ ਕੁਰਵਤ ਦੁਸ਼ਮਣ ਲੱਗਣ
ਬਾਈਬਲ ਅਤੇ ਕੁਰਾਨ ਇਥੇ
ਮੌਤ ਦੇ ਸੌਦੇ ਕਰਨ ਲੱਗ ਪਈ
ਧਰਮਾ ਵਾਲੀ ਦੁਕਾਨ ਇਥੇ
ਆਖਰੀ ਸਾਂਹ ਸ਼ਰਾਫ਼ਤ ਲੈਂਦੀ
ਐਸ਼ ਕਰਨ ਸ਼ੈਤਾਨ ਇਥੇ
ਭੂੱਖੇ ਢਿੱਡ ਨੂੰ ਪੈਂਦੀਆਂ ਲੱਤਾਂ
ਰੱਜਿਆਂ ਲਈ ਪੁੱਨ ਦਾਨ ਏਥੇ
ਸੱਚ ਸਿਦਕ ਦਾ ਹੋਇਆ ਸੌਦਾ
ਬਣ ਗਿਆ ਝੂਠ ਮਹਾਨ ਏਥੇ
ਪਰਵਚਨਾ ਵਿਚ ਉਲਝੇ ਲੋਕੀ
ਡੇਰਿਆਂ ਵਾਲਾ ਤੂਫ਼ਾਨ ਇਥੇ
ਲੋਕਤੰਤਰ ਲੋਕਾਂ ਦਾ ਦੁਸ਼ਮਣ
ਮੁੱਲ ਵਿੱਕਦਾ ਮੱਤਦਾਨ ਇਥੇ
ਕਲਾ ਰੁਲ ਰਹੀ ਕੱਖਾਂ ਵਾਂਗਰ
ਸਿਫਾਰਸ਼ੀ ਹਰ ਸਨਮਾਨ ਇਥੇ
ਮਰਦ ਜਾਤ ਦੀ ਫੋਕੀ ਚੌਧਰ
ਰੁੱਲਦੀ ਫਿਰੇ ਰਕਾਨ ਇਥੇ
ਜੋ ਹਿਰਿਆਂ ਦੀ ਡੋਲੀ ਆਵੇ
ਉਹ ਦੁਲਹਨ ਪਰਵਾਨ ਇਥੇ
ਖ਼ਾਹਿਸ਼ਾਂ ਵਾਲੇ ਘਰ ਨਾ ਦਿਸਦੇ
ਇੱਟ ਪੱਥਰਾਂ ਦੇ ਮਕਾਨ ਇਥੇ
ਬਿੰਦਰਾ ਜਾਤ ਦੇ ਕਰਨ ਵਿਖਾਵੇ
ਖੋਖਲੇ ਸਭ ਖਾਨਦਾਨ ਇਥੇ