ਇਕ ਇਕ ਕਰਕੇ ਝਾੜ ਰਿਹਾ ਹੈਂ ਪੱਤੇ ਟਾਹਣੀ 'ਤੋਂ |
ਵਿੱਥ ਬਣਾਈ ਜਾਵੇਂ ਅਜਕਲ੍ਹ ਕੁਦਰਤ ਰਾਣੀ ਤੋਂ |
ਮੱਖਣ ਕਿਸ ਨੇ ਕੱਢਿਆ ਦੱਸਦੇ ਰਿੜਕੇ ਪਾਣੀ ਤੋਂ,
ਤੰਦ ਸੁਲਝਾਉਣੀ ਹੈ ਔਖੀ ਉਲਝੀ ਤਾਣੀ ਤੋਂ |
ਪੈਂਦੀ ਪੱਲੇ ਧੂੜ ਹਮੇਸ਼ਾਂ ਮਿੱਟੀ ਛਾਣੀ ਤੋਂ,
ਪੁੱਛ ਕੇ ਤੁਰਦੈ ਟੱਬਰ ਸਾਰਾ ਨੂੰਹ ਸਿਆਣੀ ਤੋਂ |
ਲੋੜ ਪਈ 'ਤੇ ਖੜ੍ਹ ਜਾਵੇ ਜੋ ਬਣਕੇ ਢਾਲ ਸਦਾ,
ਰੱਖ ਦੈ ਸਦਾ ਉਮੀਦ ਅਜੇਹੀ ਹਾਣੀ, ਹਾਣੀ ਤੋਂ |
ਧਰਮ ਧਰਾਤਲ ਉੱਤੇ ਕਾਬਜ਼ ਹੋਏ ਕੁਰਹਿਤੀ ਨੇ,
ਦੂਰ ਗਏ ਹਨ ਏਸੇ ਕਰਕੇ ਲੋਕੀ ਬਾਣੀ ਤੋਂ |
ਕਿਸਮਤ ਨਾਲੋਂ ਮੇਹਨਤ ਦਾ ਫਲ ਮਿੱਠ ਸੁਆਦਾ ਹੈ,
ਬਚ ਕੇ ਰਹਿਣਾ ਬੇਹਤਰ ਹੁੰਦਾ ਵੇਹਲੜ ਢਾਣੀ ਤੋਂ |
ਔਕੜ ਝਲ ਝਲ ਜਾਣੀ ਗੱਲ ਇਹ 'ਬੋਪਾਰਾਏ ' ਨੇ,
ਮੰਜਿਲ ਆ ਜੇ ਨੇੜੇ ਦਿਲ ਵਿਚ ਪੱਕੀ ਠਾਣੀ ਤੋਂ |