ਗੁੜ ਤੋਂ ਵੀ ਜੋ ਮਿੱਠਾ ਖਾਧੈ, ਉਸ ਦਾ ਮਾਣ ਮਜ਼ਾ!
ਜੀਭ ਨੂੰ ਆਪਣੀ ਜੇਬ 'ਚ ਪਾ ਕੇ, ਗੂੰਗਾ ਹੀ ਬਣ ਜਾ!
ਜੇ ਕੁਝ ਹਾਸਿਲ ਹੋਇਆ ਹੈ ਤਾਂ ਉਸ ਦੀ ਖੱਪ ਨਾ ਪਾ!
ਸੱਚ ਦੇ ਮਾਣਕ-ਮੋਤੀ ਕਾਲੀ ਕੰਬਲੀ ਹੇਠ ਲੁਕਾ!
ਮੈਨੂੰ ਸੌਂਪ ਬਿਗ਼ਾਨੇ ਹੱਥੀਂ, ਕਿੱਥੇ ਉਲਝ ਗਿਆ?
ਅਪਣੀ ਹੀਰ ਨੂੰ ਲੈਣ ਲਈ ਹੁਣ, ਧੀਦੋ ਖੇੜੀਂ ਆ!
ਤੈਨੂੰ ਆਪੇ ਘੱਲਿਐ ਉਸ ਨੇ, ਆਪੇ ਹੀ ਨਾ ਜਾ!
ਤੈਨੂੰ ਵਾਪਸ ਲੈਣ ਲਈ ਆਵੇਗਾ ਆਪ ਖ਼ੁਦਾ!
ਤਾਕਤ ਅਤੇ ਬੁਲੰਦੀ ਦਾ, ਕਰਦਾ ਸੀ ਮਾਣ ਬੜਾ।
ਪੈਰੀਂ ਲੱਗੀ ਸਿਓਂਕ ਤਾਂ ਪਿੱਪਲ ਮੂਧਾ ਆਣ ਪਿਆ!
ਅਪਣੇ ਬਾਪੂ ਨੂੰ ਮਿਲਣੈਂ ਤਾਂ ਉਸ ਨੂੰ 'ਵਾਜ ਲਗਾ!
ਵੇਦ-ਕਿਤੇਬਾਂ ਪੜ੍ਹ-ਪੜ੍ਹ ਐਵੇਂ ਕਾਹਨੂੰ ਕਰੇਂ ਖਪਾ?
ਸਭ ਰਾਹਾਂ ਦਾ ਰਾਹ-ਦਸੇਰਾ, ਚੌਂਕ 'ਚ ਆਪ ਖੜਾ।
ਸਭ ਧਰਮਾਂ ਦਾ ਠੇਕਾ ਨਾ ਲੈ, ਅਪਣਾ ਧਰਮ ਨਿਭਾ!
ਕਹਿਣੀ ਸੌਖੀ, ਕਰਨੀ ਔਖੀ ਹੈ ਪਰ ਐ ਮਿਤਰਾ!
ਅਪਣੀ ਕਹਿਣੀ ਤੇ ਕਰਨੀ ਨੂੰ ਸਾਵਾਂ ਰੱਖ ਸਦਾ!
ਅੰਦਰ ਵੱਜਣ ਅਨਹਦ-ਵਾਜੇ, ਅੰਦਰੇ ਝੁੰਮਰ ਪਾ!
ਬਾਹਰੋਂ ਪੱਥਰ ਹੋ ਕੇ 'ਸੰਧੂ', ਸਭ ਦੇ ਠੁੱਡੇ ਖਾ!