ਸਾਹਿਤ ਸਭਾ ਵਿਨੀਪੈਗ ਦੀ ਮੀਟਿੰਗ (ਖ਼ਬਰਸਾਰ)


ਵਿਨੀਪੈਗ --  ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ ਵਿੰਨੀਪੈਗ ( ਕੈਨੇਡਾ ) ਦੀ ਅਹਿਮ ਮੀਟਿੰਗ ਮਾਂਡਲੇ ਰੋਡ ਵਿਨੀਪੈਗ 'ਤੇ ਵਿਧਾਇਕ ਮਹਿੰਦਰ ਸਿੰਘ ਸਰਾਂ ਦੇ ਦਫਤਰ ਵਿਖੇ ਹਰਨੇਕ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਹੋਈ । ਇਸ ਵਿਚ ਪਿਛਲੇ ਮਹੀਨੇ ਡਾ: ਰਾਧਾ ਡਸੂਜਾ (ਲੰਡਨ ) ਨਾਲ ਕਰਵਾਏ ਗਏ ਰੂ-ਬਰੂ ਪ੍ਰੋਗ੍ਰਾਮ ਦੀ ਸਮੀਖਿਆ ਕੀਤੀ ਗਈ।  ਜਿਥੇ ਪ੍ਰੋਗ੍ਰਾਮ ਦੀ ਸਫਲਤਾ ਤੇ ਸੰਤੁਸ਼ਟੀ ਜਾਹਿਰ ਕੀਤੀ ਉਥੇ ਕੁਝ ਕਮੀਆਂ ਦਾ ਵੀ ਜ਼ਿਕਰ ਕੀਤਾ ਗਿਆ ਅਤੇ ਸਰੋਤਿਆਂ ਦੀ ਗਿਣਤੀ ਵਧਾਉਣ 'ਤੇ ਜੋਰ ਦਿੱਤਾ ਗਿਆ। ਸਾਥੀ ਕਮਲ ਜੀ ਨੇ  ਕਿਹਾ ਕਿ ਭਾਵੇਂ ਇਸ ਵਕਤ ਸਾਡਾ ਮੁਲਕ ਹੁਣ ਕੈਨੇਡਾ ਹੈ ਪਰ ਫਿਰ ਵੀ ਭਾਰਤ ਦੇ ਜੰਮਪਲ ਹੋਣ ਕਾਰਨ ਸਾਡਾ ਉਸ ਧਰਤੀ ਨਾਲ ਮੋਹ ਬਣਿਆ ਹੋਇਆ ਹੈ। ਅਸੀਂ ਸਾਰੇ ਹੀ ਪੰਜਾਬੀ ਪਰਵਾਸੀ ਹਮੇਸ਼ਾ ਭਾਰਤ ਅਤੇ ਪੰਜਾਬ ਦੀ ਬਿਹਤਰੀ ਲਈ ਸੋਚਦੇ ਰਹਿੰਦੇ ਹਾਂ। ਬੇਸ਼ਕ ਹੁਣ ਭਾਰਤ ਵਿਚ ਉਸ ਵਕਤ ਦੀ ਗੁਲਾਮੀ ਨਹੀਂ ਰਹੀ ਜੋ ਗਦਰੀ ਬਾਬਿਆਂ ਵੇਲੇ ਸੀ ਅਤੇ ਭਾਰਤੀਆਂ  ਨੂੰ ਬਾਹਰਲੇ ਮੁਲਕਾਂ 'ਚ ਗੁਲਾਮ ਮੁਲਕ ਦੇ ਬਾਸ਼ਿੰਦੇ ਕਿਹਾ ਜਾਂਦਾ ਸੀ ,ਫਿਰ ਵੀ ਇਕ ਅਦਿੱਖ ਗੁਲਾਮੀ ਅਤੇ  ਫਾਸ਼ੀਵਾਦ ਭਾਰਤ ਵਿਚ ਪਨਪ ਰਿਹਾ ਹੈ। ਜਿਸਦਾ ਅਸੀਂ ਇਥੇ ਰਹਿ ਕੇ ਵਿਚਾਰਧਾਰਕ ਪੱਧਰ 'ਤੇ ਵਿਰੋਧ ਕਰ ਰਹੇ ਹਾਂ। ਕਾਮਰੇਡ ਮੁਖਤਿਆਰ ਸਿੰਘ ਢੁੱਡੀ ਕੇ ਨੇ ਕਿਹਾ ਕਿ ਬਹੁ- ਕੌਮੀ ਕੰਪਨੀਆਂ ਇਸ ਵੇਲੇ ਭਾਰਤ 'ਤੇ ਰਾਜ ਕਰ ਰਹੀਆਂ ਹਨ, ਜਿਸ ਕਾਰਨ ਆਮ ਆਦਮੀ ਦੀ ਹਾਲਤ ਦਿਨੋ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪਾਰਟੀ ਜਾਂ ਪਰਧਾਨ ਮੰਤਰੀ ਕੋਈ ਵੀ ਹੋਵੇ ਇਹਨਾਂ ਦਾ ਰਿਮੋਟ ਕੰਟਰੋਲ ਬਹੁਕੌਮੀ ਕੰਪਨੀਆਂ ਕੋਲ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਪਹਿਲਾਂ ਇਹ ਰਿਮੋਟ ਟਾਟੇ ਬਿਰਲਿਆਂ ਕੋਲ ਹੁੰਦਾ ਸੀ ਅਤੇ ਹੁਣ  ਅੰਬਾਨੀਆਂ -ਅਡਾਨੀਆਂ ਕੋਲ ਹੈ। ਇਹ ਬਹੁ ਕੌਮੀ ਕੰਪਨੀਆਂ ਭਾਰਤ ਦੇ ਆਦਿਵਾਸੀਆਂ ਦੇ ਜਲ ਜੰਗਲ ਹਥਿਆਉਣ ਲਈ ਭਾਰਤੀ ਫੌਜ ਅਤੇ ਨੀਮ ਫੌਜ ਦਾ ਅੰਧਾ –ਧੁੰਧ ਦੁਰਉਪਜੋਗ ਕਰ ਰਹੀਆਂ ਹਨ।

ਸੰਘ ਪਰਿਵਾਰ ਦੇ ਰੂਪ ਵਿਚ ਦਮੋਦਰ ਦਾਸ –ਨਰਿੰਦਰ ਨਾਥ ਮੋਦੀ ਦੇਸ ਦਾ ਸਭ ਤੋਂ ਮਾੜਾ ਪਰਧਾਨ ਮੰਤਰੀ ਸਾਬਤ ਹੋਇਆ ਹੈ। ਇਸ ਨੇ ਦੇਸ਼ ਨੂੰ ਬਦਹਾਲੀ ਦੀਆਂ ਦਰਾਂ 'ਤੇ ਲਿਆ ਖੜ੍ਹਾ ਕੀਤਾ ਹੈ। ਸਰਕਾਰ ਵਲੋਂ ਕੀਤੇ ਜਾ ਰਹੇ ਮਿਥਿਹਾਸ ਦੇ ਪ੍ਰਚਾਰ ਅਤੇ ਫੈਲਾਏ ਜਾ ਰਹੇ ਅੰਧਵਿਸ਼ਵਾਸ਼ ਦੇ ਖਿਲਾਫ ਆਮ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸਾਥੀ ਬਲਜੀਤ ਖਾਨ ਨੇ ਕਿਹਾ ਕਿ ਅਸੀਂ  ਸਾਹਿਤ ਸਭਾ ਵਲੋਂ ਇਕ ਵਧੀਆ ਲਾਇਬ੍ਰੇਰੀ ਦੀ ਸਥਾਪਨਾ ਕਰਕੇ ਇਥੇ ਰਹਿੰਦੇ ਸਾਡੇ ਪੰਜਾਬੀ ਭਰਾਵਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਤਰਕਸ਼ੀਲ-ਵਿਗਿਆਨਕ ਕਿਤਾਬਾਂ ਤੋਂ ਇਲਾਵਾ ਅਸੀਂ ਹੋਰ ਵੀ ਸਾਹਿਤਕ ਪੁਸਤਕਾਂ ਪਾਠਕਾਂ ਨੂੰ ਉਪਲੱਬਧ ਕਰਵਾਈ ਤਾਂ ਕਿ ਉਹਨਾਂ ਦੀ ਪੜ੍ਹਣ 'ਚ ਵੱਧ ਤੋਂ ਵੱਧ ਰੁਚੀ ਬਣ ਸਕੇ।  ਉਹਨਾਂ ਅਜਿਹੀਆਂ ਕਿਤਾਬਾਂ ਦੀ ਸੂਚੀ ਤਿਆਰ ਕਰਨ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਅਮਰਜੀਤ ਢਿੱਲੋਂ ਦਬੜੀਖਾਨਾ ਦੇ ਕਿਹਾ ਕਿ ਜੇ ਇਹਨਾਂ ਸਾਰੀਆਂ ਕਿਤਾਬਾਂ ਦੇ ਪੀ ਡੀ ਐਫ ਵੀ ਬਣ ਜਾਣ ਤਾਂ ਪਾਠਕਾਂ ਲਈ ਹੋਰ ਵੀ ਵਧੀਆ ਸਹੂਲਤ ਹੋ ਸਕਦੀ ਹੈ। ਉਹਨਾਂ ਕਿਹਾ ਕਿ ਉਹਨਾਂ ਕੋਲ ਦੋ ਦਰਜਨ ਦੇ ਕਰੀਬ ਕਿਤਾਬਾਂ ਦੇ ਪੀ ਡੀ ਐਡ ਹਨ ਅਤੇ ਕੋਈ ਮੇਲ ਜਾਂ ਵਟਸ ਐਪ 'ਤੇ ਮੰਗਵਾ ਕੇ ਪੜ੍ਹ ਸਕਦਾ । ਉਹਨਾਂ ਪੰਜਾਬ ( ਭਾਰਤ )  ਪੁਸਤਕ ਸੱਭਿਆਚਰ ਨੂੰ ਪਰਫੁਲਤ ਕਰ ਰਹੀਆਂ ਸੰਸਥਾਵਾਂ ਦੇ ਨੁਮਾਇਦਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਵੱਧ ਪੀ ਡੀ ਐਫ ਕਿਤਾਬਾਂ ਈ ਮੇਲ ਜਾਂ ਵਟਸ ਐਪ ਰਾਹੀਂ ਉਹਨਾਂ ਤੱਕ ਪਹੁੰਦੀਆਂ ਕਰਨ । ਸਭਾ ਦੇ ਸਕੱਤਰ ਪਟਵਾਰੀ ਮੰਗਤ ਸਹੋਤਾ ਨੇ ਕਿਹਾ ਕਿ ਸਾਨੂੰ ਕੈਨੇਡਾ ਦੀਆਂ ਸਾਰੀਆਂ ਅਗਾਂਹਵਧੂ ਸੰਸਥਾਵਾਂ ਨਾਲ ਤਾਲਮੇਲ ਰਖਣਾ ਚਾਹੀਦਾ ਹੈ ਤਾਂ ਕਿ ਜਦੋਂ ਵੀ ਕੋਈ ਲੇਖਕ ਪੱਤਰਕਾਰ ਜਾਂ ਕੋਈ ਹੋਰ ਵਧੀਆ ਬੁਲਾਰਾ ਕੈਨੇਡਾ ਦੇ ਕਿਸੇ ਹੋਰ ਸੂਬੇ 'ਚ ਆਵੇ ਤਾਂ ਅਸੀਂ ਉਸਨੂੰ ਵਿਨੀਪੈਗ 'ਚ ਵੀ ਬੁਲਾ ਕੇ ਇਥੋਂ ਦੇ ਪੰਜਾਬੀਆਂ ਦੇ ਰੂ-ਬਰੂ ਕਰ ਸਕੀਏ।  ਸਾਥੀ ਹਰਿੰਦਰ ਗਿੱਲ ਮੋਗਾ ਨੇ ਕਿ ਸਾਨੂੰ ਪੁਰਾਣੀਆਂ ਕਲਾਸਿਕ ਫਿਲਮਾਂ ਦਿਖਾਉਣ ਦਾ ਵੀ ਦਰਸ਼ਕਾਂ ਨੂੰ ਇਤਜ਼ਾਮ ਕਰਨਾ ਚਾਹੀਦਾ ਹੈ।  ਉਹਨਾਂ ਬਲਰਾਜ ਸਾਹਨੀ ਦੀ  ਫਿਲਮ ਤਮਸ,ਦੋ ਵਿਘਾ ਜਮੀਨ ,ਮਦਰ ਇਡੀਆ ਆਦਿ ਦਾ ਜ਼ਿਕਾਰ ਕੀਤਾ । ਉਹਨਾਂ ਕਿਹਾ ਕਿ ਫਿਲਮਾਂ ਦੇ ਜਰੀਏ ਜਿਆਦਾ ਲੋਕ ਸਾਡੇ ਨਾਲ ਜੁੜ ਸਕਦੇ ਹਨ ਅਤੇ ਉਥੇ ਕਿਸੇ ਬੁਲਾਰੇ ਦਾ ਲੈਕਚਰ ਵੀ ਕਰਵਾਇਆ ਜਾ ਸਕਦਾ ਹੈ। ਸਾਥੀ ਦਰਸ਼ਨ ਸਿੰਘ ਵਾਂਦਰ ਨੇ ਕਿਹਾ ਸਾਨੂੰ ਸਾਹਿਤਕ ਅਤੇ ਅਗਾਂਹਵਧੂ ਗਤੀਵਿਧੀਆਂ ਜਾਰੀ ਰੱਖਣ ਲਈ ਮੀਟਿੰਗਾਂ ਅਤੇ ਬੁਲਾਰਿਆਂ ਦਾ ਸਿਲਸਿਲਾ ਜਾਰੀ ਰੱਖਣਾ ਚਾਹੀਦਾ ਹੈ। ਅਖੀਰ ਵਿਚ ਹਰਨੇਕ ਸਿੰਘ ਧਾਲੀਵਾਲ ਨੇ ਕਿਹਾ 23 ਜੂਨ ਨੂੰ ਵਿਨੀਪੈਗ ਨਾਵਲਕਾਰ ਮਿਤਰਸੈਨ ਮੀਤ ਆ ਰਹੇ ਹਨ ,ਸਾਨੂੰ ਸਾਰੇ ਮੈਂਬਰਾਂ ਨੂੰ ਉਹਨਾਂ ਨੂੰ ਸੁਨਣ ਜਾਣਾ ਚਾਹੀਦਾ ਹੈ। ਉਹਨਾਂ ਨੂੰ ਮਿਲ ਕੇ ਕੋਈ ਹੋਰ ਪਰੋਗ੍ਰਾਮ ਵੀ ਉਲੀਕਿਆ ਜਾ ਸਕਦਾ ਹੈ।  

ਅਮਰਜੀਤ ਢਿੱਲੋਂ ਦਬੜ੍ਹੀਖਾਨਾ