ਰਹੱਸਵਾਦੀ ਕਵਿਤਰੀ ਸੁਰਜੀਤ ਕੌਰ (ਲੇਖ )

ਉਜਾਗਰ ਸਿੰਘ   

Email: ujagarsingh48@yahoo.com
Cell: +91 94178 13072
Address:
India
ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੁਰਜੀਤ ਕੌਰ ਪੰਜਾਬੀ ਦੀ ਬਹੁਪੱਖੀ ਸਾਹਿਤਕਾਰ ਹੈ। ਉਸ ਦੀਆਂ ਕਵਿਤਾਵਾਂ, ਕਹਾਣੀਆਂ ਅਤੇ ਲੇਖ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੇ ਹਨ। ਆਧੁਨਿਕਤਾ ਦੇ ਦੌਰ ਵਿਚ ਵਿਚਰ ਰਹੀ, ਉਹ ਉੱਚੀਆਂ ਕਦਰਾਂ ਕੀਮਤਾਂ ਦੀ ਪੁਰਜ਼ੋਰ ਵਕਾਲਤ ਕਰਦੀ ਹੈ। ਉਸ ਦੀਆਂ ਕਹਾਣੀਆਂ, ਲੇਖਾਂ ਅਤੇ ਕਵਿਤਾਵਾਂ ਦੇ ਵਿਸ਼ੇ ਇਸਤਰੀ ਜਾਤੀ 'ਤੇ ਹੋ ਰਹੇ ਅਨਿਆਏ ਅਤੇ ਔਰਤ ਮਨ ਦੀ ਉਥਲ ਪੁਥਲ ਨਾਲ ਸੰਬੰਧਤ ਹਨ।  ਇਸਤਰੀਆਂ ਦੇ ਦੁੱਖਾਂ ਤੇ ਦਰਦਾਂ ਨੂੰ ਉਹ ਬੜੇ ਹੀ ਸਲੀਕੇ ਅਤੇ ਪ੍ਰਬੀਨਤਾ ਨਾਲ ਆਪਣੀਆਂ ਕਵਿਤਾਵਾਂ ਅਤੇ ਕਹਾਣੀਆਂ ਦਾ ਵਿਸ਼ਾ ਬਣਾਉਂਦੀ ਹੈ। ਉਹ ਇਸਤਰੀਆਂ ਨੂੰ ਜਮਾਂਦਰੂ ਹੀ ਕਵਿਤਰੀਆਂ ਸਮਝਦੀ ਹੈ ਕਿਉਂਕਿ ਔਰਤ ਮਾਂ, ਭੈਣ, ਧੀ, ਪਤਨੀ ਦੇ ਰੂਪ ਵਿਚ ਜਦੋਂ ਲੋਰੀਆਂ ਦਿੰਦੀ ਹੈ ਉਹ ਕਵਿਤਾ ਦਾ ਆਗਾਜ਼ ਹੁੰਦਾ ਹੈ। ਉਸ ਦੀਆਂ ਕਵਿਤਾ ਦੀਆਂ ਤਿੰਨ ਪੁਸਤਕਾਂ 'ਸ਼ਿਕਸਤ ਰੰਗ' (2006), 'ਹੇ ਸਖ਼ੀ' ਲੰਬੀ ਕਵਿਤਾ (2011) ਅਤੇ 'ਵਿਸਮਾਦ' (2015) ਪ੍ਰਕਾਸ਼ਤ ਹੋ ਚੁੱਕੀਆਂ ਹਨ। ਕਵਿਤਾ ਸੁਰਜੀਤ ਕੌਰ ਦਾ ਸ਼ੌਕ ਹੈ, ਜ਼ਿੰਦਗੀ ਦੇ ਅਥਾਹ ਤਜ਼ਰਬੇ ਅਤੇ ਇਸਤਰੀ ਜਾਤੀ ਦੀ ਮਾਨਸਿਕਤਾ ਵਿਚ ਹੋ ਰਹੇ ਦਵੰਧ ਦਾ ਪ੍ਰਤੀਬਿੰਬ ਹੈ। ਉਸ ਦੀਆਂ ਕਵਿਤਾਵਾਂ ਵਿਚ ਜੀਵਨ ਦੇ ਸਾਰੇ ਰੰਗਾਂ ਦੀ ਖ਼ੁਸ਼ਬੂ ਅਤੇ ਮਹਿਕ ਆਉਂਦੀ ਹੈ। ਔਰਤ ਨੂੰ ਉਹ ਸਿਰਜਣਾਤਿਮਿਕ ਸ਼ਕਤੀ ਮੰਨਦੀ ਹੈ ਪ੍ਰੰਤੂ ਔਰਤ ਆਪਣੀ ਅਹਿਮੀਅਤ ਦੀ ਪਛਾਣ ਨਹੀਂ ਕਰਦੀ। ਉਸ ਨੇ ਡਾ.ਕੰਵਲਜੀਤ ਕੌਰ ਢਿਲੋਂ ਨਾਲ ਮਿਲ ਕੇ ਉਤਰੀ ਅਮਰੀਕਾ ਦੀਆਂ 47 ਕਵਿਤਰੀਆਂ ਦੀ ਇਕ 'ਕੂੰਜਾਂ' ਨਾਂ ਦੀ ਪੁਸਤਕ  ਸੰਪਾਦਿਤ ਕੀਤੀ ਹੈ, ਜੋ 2014 ਵਿਚ ਪ੍ਰਕਾਸ਼ਿਤ ਹੋਈ ਹੈ। ਉਹ ਸਾਰਾ ਸੰਸਾਰ ਹੀ ਇਸਤਰੀ ਦੀ ਦੇਣ ਸਮਝਦੀ ਹੈ। ਉਸ ਦੀ ਕਵਿਤਾ ਦਾ ਰਹੱਸ ਸਮਝਣਾ ਕਈ ਵਾਰ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਘੱਟ ਲਫ਼ਜਾਂ ਵਿਚ ਡੂੰਘੀ ਗੱਲ ਕਰ ਜਾਂਦੀ ਹੈ।  ਕਈ ਵਾਰ ਉਸ ਦੀਆਂ ਕਵਿਤਾਵਾਂ ਵਿਚ ਚਿੰਤਨ ਭਾਰੂ ਹੋ ਜਾਂਦਾ ਹੈ। ਸੁਰਜੀਤ ਕੌਰ ਦੀਆਂ ਕਵਿਤਾਵਾਂ ਦੀ ਸ਼ਬਦਾਵਲੀ ਸਰਲ ਪ੍ਰੰਤੂ ਸੰਕੇਤਕ ਹੈ। ਛੋਟੇ ਛੋਟੇ ਫਿਕਰਿਆਂ ਵਿਚ ਵੱਡੀ ਗੱਲ ਕਹਿ ਜਾਂਦੀ ਹੈ। ਉਸਦੀ ਸ਼ੈਲੀ ਰਹੱਸਵਾਦੀ ਹੈ। ਉਸ ਦੀਆਂ ਕਵਿਤਾਵਾਂ ਗੰਭੀਰ ਵਿਸ਼ਿਆਂ ਤੇ ਸੰਜੀਦਗੀ ਦੀਆਂ ਬੁਝਾਰਤਾਂ ਪਾਉਂਦੀਆਂ ਹਨ।
                         ਕਦੇ ਇਸ ਗੱਲ ਦੀ ਜੇ
                         ਰਤਾ ਸਮਝ ਆ ਜਾਵੇ
                         ਕਿ ਬੁਲਬੁਲਾ ਕੋਈ
                         ਕਿੰਝ ਹੋਂਦ 'ਚ ਆਵੇ
                         ਕੁਝ ਪਲ ਮਚਲੇ
                         ਤੇ ਬਿਨਸ ਜਾਵੇ
                         ਬਸ ਇਹੀ ਕਹਾਣੀ ਆਪਣੀ ਵੀ।
ਉਸਦਾ ਜਨਮ ਦਿੱਲੀ ਵਿਖੇ ਇਜ.ਗੁਰਬਖ਼ਸ਼ ਸਿੰਘ ਅਤੇ ਮਾਤਾ ਨਿਰੰਜਨ ਕੌਰ ਦੇ ਘਰ ਹੋਇਆ। ਉਸ ਸਮੇਂ ਉਸ ਦੇ ਪਿਤਾ ਦਿੱਲੀ ਵਿਚ ਸਿਵਿਲ ਇਜਿਨੀਅਰ ਸਨ। ਪਿਤਾ ਦੀ ਸੇਵਾ ਮੁਕਤੀ ਤੋਂ ਬਾਅਦ ਉਹ 1972 ਵਿਚ ਜਲੰਧਰ ਜਿਲ੍ਹੇ ਦੇ ਆਪਣੇ ਜੱਦੀ ਪਿੰਡ ਡਰੌਲੀ ਖ਼ੁਰਦ ਆ ਗਏ। ਉਸ ਨੇ ਡਰੌਲੀ ਕਲਾਂ ਵਿਖੇ ਗੁਰੂ ਨਾਨਕ ਖਾਲਸਾ ਕਾਲਜ ਵਿਚ ਦਾਖ਼ਲਾ ਲੈ ਲਿਆ ਅਤੇ ਏਥੋਂ ਹੀ 1975-76 ਵਿਚ ਬੀ.ਏ.ਆਨਰਜ਼ ਪਾਸ ਕੀਤੀ। ਇਥੇ ਹੀ ਆਪਨੇ ਪ੍ਰੈਪ ਵਿਚ ਪੰਜਾਬੀ ਪੜ੍ਹਨੀ ਤੇ ਲਿਖਣੀ ਸਿਖੀ। ਬੀ.ਏ.ਆਨਰਜ਼ ਵਿਚੋਂ ਉਹ ਯੂਨੀਵਰਸਿਟੀ ਵਿਚੋਂ ਦੂਜੇ ਨੰਬਰ ਤੇ ਆਈ। ਐਮ.ਏ.ਪੰਜਾਬੀ ਕਰਨ ਲਈ ਡੀ.ਏ.ਵੀ.ਕਾਲਜ ਜਲੰਧਰ ਵਿਚ ਦਾਖ਼ਲਾ ਲੈ ਲਿਆ, ਇਥੇ ਵੀ ਯੂਨੀਵਰਸਿਟੀ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਥੇ ਹੀ ਪਿੰ੍ਰਸੀਪਲ ਸੰਤ ਸਿੰਘ ਸੇਖੋਂ ਦੀ ਨਾਵਲ ਕਲਾ ਤੇ ਡਿਜ਼ਰਟੇਸ਼ਨ ਲਿਖੀ। ਇਸ ਤੋਂ ਬਾਅਦ 1980-82 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ.ਫਿਲ. ਕੀਤੀ ਅਤੇ ਕਮਲਾ ਨਹਿਰੂ ਕਾਲਜ, ਫਗਵਾੜਾ ਵਿਚ ਪੰਜਾਬੀ ਦੀ ਲੈਕਚਰਾਰ ਲੱਗ ਗਈ। ਉਹ 1980 ਵਿਚ  ਉਸਦਾ ਪਿਆਰਾ ਸਿੰਘ ਕੁੱਦੋਵਾਲ ਨਾਲ ਵਿਆਹ ਹੋ ਗਿਆ। ਸੁਰਜੀਤ ਕੌਰ ਦੀ ਮਾਤਾ ਪੰਜਾਬੀ ਸਾਹਿਤ ਦੀ ਪਾਠਕ ਹੋਣ ਕਰਕੇ ਪ੍ਰੋ.ਮੋਹਨ ਸਿੰਘ ਦੀਆਂ ਕਵਿਤਾਵਾਂ ਬੱਚਿਆਂ ਨੂੰ ਸੁਣਾਉਂਦੇ ਰਹਿੰਦੇ ਸਨ। ਘਰ ਦਾ ਸਾਹਿਤਕ ਮਾਹੌਲ ਸੁਰਜੀਤ ਕੌਰ ਨੂੰ ਕਵਿਤਾ ਲਿਖਣ ਲਈ ਪ੍ਰੇਰਨਾ ਬਣਿਆ। ਕਾਲਜ ਵਿਚ ਉਹ ਕਵਿਤਾਵਾਂ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦੀ ਤੇ ਇਨਾਮ ਜਿੱਤਦੀ ਰਹੀ। ਫਿਰ ਉਸ ਨੂੰ ਕਾਲਜ ਦੇ ਰਸਾਲੇ ਦੀ ਪੰਜਾਬੀ ਸ਼ਾਖਾ ਦੇ ਵਿਦਿਆਰਥੀ ਸੰਪਾਦਕ ਦੀ ਜ਼ਿੰਮੇਵਾਰੀ ਦਿੱਤੀ ਗਈ। ਕਾਲਜ ਸਮੇਂ ਹੀ ਰੇਡੀਓ ਤੋਂ ਯੁਵਵਾਣੀ ਪ੍ਰੋਗਰਾਮ ਵਿਚ ਕਵਿਤਾਵਾਂ ਪੜ੍ਹਨ ਦਾ ਵੀ ਮੌਕਾ ਮਿਲਿਆ। ਕਾਲਜ ਦੇ ਪ੍ਰਿੰਸੀਪਲ ਗੁਰਦਿਆਲ ਸਿੰਘ ਫੁੱਲ ਸਨ। ਡਾ.ਆਤਮਜੀਤ ਸਿੰਘ ਅਤੇ ਡਾ.ਪ੍ਰਿਤਪਾਲ ਸਿੰਘ ਮਹਿਰੋਕ ਕਵਿਤਾ ਲਿਖਣ ਲਈ ਉਸਦੇ ਮਾਰਗ ਦਰਸ਼ਕ ਬਣੇ। ਜ਼ਿੰਦਗੀ ਦੇ ਅਨੇਕ ਹਾਦਸਿਆਂ ਅਤੇ ਉਦਾਸੀ ਨੇ ਆਪ ਨੂੰ ਕਵਿਤਾ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਕਲਮ ਹੱਥ ਫੜਾਈ। 1980 ਤੋਂ 85 ਤੱਕ ਗੁਰੂ ਨਾਨਕ ਫਿਫਥ ਸੈਨੇਟਰੀ ਸਕੂਲ ਮਸੂਰੀ, 1986 ਤੋਂ 95 ਤੱਕ ਥਾਈਲੈਂਡ ਦੇ ਬੈਂਗਕਾਕ ਸ਼ਹਿਰ ਵਿਚ ਸਿਖ ਇਟਰਨੈਸ਼ਨਲ ਸਕੂਲ ਵਿਚ ਬਤੌਰ ਅਧਿਆਪਕਾ ਅਤੇ ਮੁਖ ਅਧਿਆਪਕਾ ਨੌਕਰੀ ਕੀਤੀ। 1989 ਵਿਚ ਆਪ ਦੇ ਘਰ ਸਪੁੱਤਰ ਫਤਿਹਜੀਤ ਸਿੰਘ ਨੇ ਜਨਮ ਲਿਆ ਜੋ ਚੰਗਾ ਗਾਇਕ ਹੈ। ਫ਼ਤਿਹਜੀਤ ਸਿੰਘ ਨੇ ਪੰਜਾਬੀ ਫ਼ਿਲਮਾਂ ਵਿਚ ਵੀ ਗੀਤ ਗਾਏ ਹਨ। 1995 ਵਿਚ ਉਹ ਅਮਰੀਕਾ ਦੇ ਕੈਲੇਫੋਰਨੀਆਂ ਸੂਬੇ ਵਿਚ ਚਲੀ ਗਈ ਤੇ ਉਥੇ 2009 ਤੱਕ ਰਹੀ, ਜਿਥੇ ਉਹ ਇਕ ਅਦਾਰੇ ਦੀ ਵਾਈਸ ਪ੍ਰੈਜ਼ੀਡੈਂਟ ਰਹੀ। ਉਸ ਤੋਂ ਬਾਅਦ ਉਹ ਕੈਨੇਡਾ ਚਲੀ ਗਈ। ਪ੍ਰਵਾਸ ਵਿਚ ਰਹਿੰਦਿਆਂ ਉਹ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਨਾਲ ਜੁੜੀ ਰਹੀ, ਜਿਸ ਕਰਕੇ ਉਸ ਦੀ ਸਾਹਿਤਕ ਰੁਚੀ ਪ੍ਰਫੁਲਤ ਹੋਈ। ਉਸਦਾ ਜ਼ਿੰਦਗੀ ਦਾ ਵਿਸ਼ਾਲ ਤਜਰਬਾ ਇਕ ਸੁਦ੍ਰਿੜ੍ਹ ਸਾਹਿਤਕਾਰ ਬਣਾਉਣ ਵਿਚ ਸਹਾਈ ਹੋਇਆ। ਇਸ ਖੇਤਰ ਵਿਚ ਆਪ ਦੇ ਸਾਹਿਤਕ ਪਤੀ ਪਿਆਰਾ ਸਿੰਘ ਕੁੱਦੋਵਾਲ ਦਾ ਸਹਿਯੋਗ ਰਿਹਾ, ਜਿਸ ਕਰਕੇ ਆਪ ਦੀਆਂ ਕਵਿਤਾਵਾਂ ਵਿਚ ਹੋਰ ਨਿਖ਼ਾਰ ਆਇਆ ਕਿਉਂਕਿ ਸਾਹਿਤਕ ਮਾਹੌਲ ਸਿਰਜਣਾ ਲਈ ਸਾਰਥਕ ਸਾਬਤ ਹੁੰਦਾ ਹੈ। ਆਪਦੇ ਪਤੀ ਵੀ ਪੰਜਾਬੀ ਦੇ ਸ਼ਾਇਰ ਹਨ। ਸੁਰਜੀਤ ਕੌਰ ਵਾਰਤਕ, ਆਲੋਚਨਾ ਅਤੇ ਹਾਇਕੂ ਲਿਖਦੀ ਹੈ। ਸੁਰਜੀਤ ਕੌਰ ਸਮਾਜ ਸੇਵਾ ਦਾ ਕੰਮ ਵੀ ਕਰਦੇ ਹਨ, ਉਹ ਇਸਤਰੀਆਂ ਦੀ ਸੰਸਥਾ 'ਦਿਸ਼ਾ' ਦੀ ਚੇਅਰਪਰਸਨ ਹੈ। ਆਪ ਅਮਰੀਕਾ ਵਿਚੋਂ ਪ੍ਰਕਾਸ਼ਤ ਹੋਣ ਵਾਲੇ ਰਸਾਲੇ 'ਸਮੁੰਦਰੋਂ ਪਾਰ' ਦੀ ਸਹਾਇਕ ਸੰਪਾਦਕ ਅਤੇ ਰੇਡੀਓ ਤੇ ਗੀਤ ਸੰਗੀਤ ਦੇ ਪ੍ਰੋਗਰਾਮ ਦਾ ਸੰਚਾਲਨ ਵੀ ਕਰਦੀ ਰਹੀ। ਸੁਰਜੀਤ ਕੌਰ ਅਨੁਸਾਰ ਕਵਿਤਾ ਉਸ ਨੂੰ ਉਦਾਸੀ ਦੇ ਆਲਮ ਵਿਚੋਂ ਬਾਹਰ ਕੱਢਦੀ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਇਸਤਰੀ ਦੇ ਮਨ ਦੀਆਂ ਵੱਖ –ਵੱਖ ਅਵਸਥਾਵਾਂ ਦੇ ਰੰਗ ਬਖੇਰਦੀਆਂ ਹਨ। ਉਸਨੇ ਪ੍ਰਵਾਸੀ ਪੀੜਾ ਦੇ ਦਰਦ ਨੂੰ ਬਹੁਤ ਹੀ ਸੁਖਾਵੇਂ ਢੰਗ ਨਾਲ ਲਿਖਕੇ ਨਵੀਂ ਪਿਰਤ ਪਾਈ ਹੈ ਕਿਉਂਕਿ ਦਰਦ ਐਧਰ ਅਤੇ ਓਧਰਲੇ ਪੰਜਾਬ ਵਿਚ ਦੋਹਾਂ ਨੂੰ ਹੈ ਪ੍ਰੰਤੂ ਪੰਜਾਬੀਆਂ ਨੂੰ ਪੈਸੇ ਦੀ ਤਾਂਘ ਅਤੇ ਘਰੇਲੂ ਸਮੱਸਿਆਵਾਂ ਦਾ ਦਰਦ ਸਤਾ ਰਿਹਾ ਹੈ। ਪਰਵਾਸੀਆਂ ਨੂੰ ਪੰਜਾਬ ਦੇ ਪਿਆਰ ਦਾ ਦਰਦ ਤੰਗ ਕਰ ਰਿਹਾ ਹੈ। ਪਰਵਾਸੀ ਪੈਸੇ ਕਮਾਉਣ ਦੇ ਚੱਕਰ ਵਿਚ ਹੀ ਉਲਝਿਆ ਰਹਿੰਦਾ ਹੈ। ਰਿਸ਼ਤੇ ਨਾਤੇ ਖ਼ਤਰੇ ਵਿਚ ਪੈ ਰਹੇ ਹਨ। ਵਿਦੇਸ਼ਾਂ ਵਿਚ ਭਾਵਨਾਵਾਂ ਤੇ ਸੁਪਨੇ ਢਹਿ ਢੇਰੀ ਹੋ ਰਹੇ ਹਨ। ਉਸ ਦੀ ਕਵਿਤਾ ਵਿਚ ਧਰਮ ਨੂੰ ਮੁਖ ਰੱਖਿਆ ਗਿਆ ਹੈ ਪ੍ਰੰਤੂ ਧਰਮ ਕਵਿਤਾ ਅਤੇ ਵਿਚਾਰਧਾਰਾ ਤੇ ਭਾਰੂ ਨਹੀਂ ਪੈਂਦਾ, ਧਰਮ ਦੇ ਠੇਕੇਦਾਰਾਂ ਤੋਂ ਵੀ ਉਹ ਕੰਨੀ ਕਤਰਾਉਂਦੀ ਨਜ਼ਰ ਆਉਂਦੀ ਹੈ। ਉਸ ਦੀਆਂ ਕਵਿਤਾਵਾਂ ਪੰਜਾਬ ਦੇ ਸੰਤਾਪ ਦਾ ਵੀ ਜ਼ਿਕਰ ਕਰਦੀਆਂ ਹੋਈਆਂ ਸਬਰ, ਸੰਤੋਖ ਦਾ ਰਾਹ ਅਪਣਾਉਂਦਿਆਂ ਸ਼ਾਂਤੀ , ਸਦਭਾਵਨਾ, ਮਹਿਕਾਂ ਅਤੇ ਮੁਹੱਬਤਾਂ ਬਖੇਰਨ ਦੀ ਤਾਕੀਦ ਕਰਦੀ ਹੈ। ਸੁਰਜੀਤ ਦਾ ਵੱਖ ਵੱਖ ਵਿਚਾਰਧਾਰਾਵਾਂ ਦਾ ਅਥਾਹ ਗਿਆਨ ਹੋਣ ਕਰਕੇ ਵੀ ਉਹ ਆਪਣੀ ਕਵਿਤਾ ਵਿਚ ਸਮਤੁਲ ਰੱਖਦੀ ਹੈ। ਮਨ ਦੀਆਂ ਇਛਾਵਾਂ ਨੂੰ ਸੰਭਾਲਣ ਲਈ ਆਪਣੇ ਅੰਦਰੋਂ ਹੀ ਸ਼ਕਤੀ ਪ੍ਰਾਪਤ ਕਰਨ ਨੂੰ ਤਰਜੀਹ ਦਿੰਦੀ ਹੈ। ਬਨਾਵਟੀਪਣ ਤੋਂ ਬਚਣ ਲਈ ਪ੍ਰੇਰਨਾ ਕਰਦੀ ਹੈ। ਰੋਜ਼ਾਨਾ ਜ਼ਿੰਦਗੀ ਦੇ ਵਰਤਾਰੇ ਵਿਚੋਂ ਬਿੰਬ ਤੇ ਚਿੰਨ੍ਹ ਲੈ ਕੇ ਕਵਿਤਾ ਨੂੰ ਸਰਲ ਤੇ ਸਾਰਥਿਕ ਬਣਾਉਂਦੀ ਹੈ। ਉਸ ਦੀਆਂ ਕਵਿਤਾਵਾਂ ਦਾ ਆਧਾਰ ਸੱਚ, ਸਿਆਣਪ, ਸੁਘੜਤਾ ਅਤੇ ਨਿਰਸੁਆਰਥ ਹੈ। ਸੁਰਜੀਤ ਦੀ ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਉਸ ਦੀਆਂ ਕਵਿਤਾਵਾਂ ਨਿੱਜ ਤੋਂ ਪਰੇ ਦੀ ਗੱਲ ਕਰਦੀਆਂ ਹਨ। ਔਰਤ ਘਰ ਤਾਂ ਵਸਾਉਂਦੀ ਹੈ ਪ੍ਰੰਤੂ ਉਸਦਾ ਆਪਣਾ ਕੋਈ ਘਰ ਨਹੀਂ ਹੁੰਦਾ, ਹਮੇਸ਼ਾ ਉਸ ਨੂੰ ਬੇਗਾਨੀ ਧੀ ਹੀ ਕਿਹਾ ਜਾਂਦਾ ਹੈ। ਉਸ ਦੀ ਜ਼ਿੰਦਗੀ ਬਾਂ-ਬਾਪ, ਸੱਸ-ਸਹੁਰਾ, ਪਤੀ-ਪੁਤਰ, ਭਰਾ, ਪ੍ਰੇਮੀ ਅਤੇ ਦੋਸਤ ਦੇ ਅਧੀਨ ਹੀ ਰਹਿੰਦੀ ਹੈ। ਇਨ੍ਹਾਂ ਸਾਰਿਆਂ ਦੇ ਦਰਦ ਹਰਨ ਕਰਦੀ ਰਹਿੰਦੀ ਹੈ। ਉਹ ਭਾਵੇਂ ਕਿਤਨੇ ਵੱਡੇ ਅਹੁਦੇ ਤੇ ਪਹੁੰਚ ਜਾਵੇ ਪ੍ਰੰਤੂ ਇਸਤਰੀ ਹੋਣ ਦਾ ਸੰਤਾਪ ਹੰਢਾਉਂਦੀ ਰਹਿੰਦੀ ਹੈ। ਸੁਰਜੀਤ ਹਰ ਔਰਤ ਦੀ ਅਵਾਜ਼ ਬਣਦੀ ਹੈ। ਉਹ ਖ਼ੁਸ਼ੀਆਂ, ਗ਼ਮੀਆਂ, ਖ਼ੁਸ਼ਬੋਆਂ, ਮਹਿਕਾਵਾਂ, ਉਮੰਗਾਂ, ਅਰਮਾਨਾ ਅਤੇ ਮੁਹੱਬਤਾਂ ਦੀ ਸ਼ਾਇਰਾ ਹੈ, ਜਿਹੜੀ ਲੋਕਧਾਰਾ ਵਿਚੋਂ ਬਿੰਬਾਂ ਅਤੇ ਚਿੰਨ੍ਹਾ ਦੀ ਵਰਤੋਂ ਕਰਦੀ ਹੋਈ ਆਪਣੇ ਸ਼ਬਦਾਂ ਨੂੰ ਮੋਤੀਆਂ ਦੀ ਤਰ੍ਹਾਂ ਕਵਿਤਾ ਦੀ ਮਾਲਾ ਵਿਚ ਪਰੋ ਦਿੰਦੀ ਹੈ। ਉਸ ਦੀ ਕਵਿਤਾ ਅਨੁਸਾਰ ਔਰਤਾਂ ਦੀ ਜ਼ਿੰਦਗੀ ਦੁਖਾਂ, ਕਲੇਸ਼ਾਂ, ਮੁਸ਼ਕਲਾਂ, ਹਾਦਸਿਆਂ ਨਾਲ ਭਰੀ ਪਈ ਹੈ ਪ੍ਰੰਤੂ ਇਹ ਮੁਸ਼ਕਲਾਂ ਹਰ ਮੋੜ ਤੇ ਪਹਾੜ ਬਣਕੇ ਖੜ੍ਹ ਜਾਂਦੀਆਂ ਹਨ, ਇਨ੍ਹਾਂ ਨੂੰ ਲਿਤਾੜਕੇ ਅੱਗੇ ਲੰਘਣਾ ਹੀ ਔਰਤ ਦੀ ਦਲੇਰੀ ਦਾ ਪ੍ਰਤੱਖ ਪ੍ਰਮਾਣ ਹੈ। ਵਿਆਹ ਤੋਂ ਪਹਿਲਾਂ ਕੁੜੀਆਂ ਅਨੇਕਾਂ ਸੁਪਨੇ ਸਿਰਜਦੀਆਂ ਹਨ ਪ੍ਰੰਤੂ ਵਿਆਹ ਤੋਂ ਬਾਅਦ ਉਨ੍ਹਾਂ ਦੇ ਸੁਪਨੇ ਟੁੱਟ ਜਾਂਦੇ ਹਨ, ਦਾਜ ਦੇ ਸੰਦੂਕ ਨਾਂ ਦੀ ਕਵਿਤਾ ਵਿਚ ਉਹ ਲਿਖਦੀ ਹੈ।
                        ਇਸ ਸੰਦੂਕ ਵਿਚ
                        Îਮੁਹੱਬਤਾਂ ਦੀ ਥਾਂ
                        ਕਿੰਨੀਆਂ ਲੜਾਈਆਂ 
                        ਜਮ੍ਹਾ ਹੋ ਗਈਆਂ ਹਨ।
ਔਰਤ ਦੇ ਦਿਲ ਵਿਚ ਕੀ ਵਾਪਰ ਰਿਹਾ, ਉਹ ਬਾਹਰ ਭਾਫ਼ ਨਹੀਂ ਨਿਕਲਣ ਦਿੰਦੀ, ਹਓਕੇ ਤੇ ਹੰਝੂ ਹੀ ਉਸ ਦੇ ਪੱਲੇ ਪੈਂਦੇ ਹਨ।
                        ਔਰਤ ਸ਼ੋ ਪੀਸ ਹੈ
                        ਕੁਛ ਰਿਸ਼ਤਿਆਂ ਤੇ
                        ਕੁਛ ਰਵਾਇਤਾਂ
                        ਦੀ ਮੁਥਾਜ
                        ਆਪਣੇ ਆਪ ਨੂੰ
                        ਰਿਸ਼ਤਿਆਂ ਦੀ ਕੰਧ 'ਤੇ
                         ਟਿਕਾ ਕੇ ਰੱਖਿਐ।
         ਸੁਰਜੀਤ ਕੌਰ ਨੇ ਆਪਣੀ ਪੁਸਤਕ ' ਹੇ ਸਖੀ ' ਇਕ ਲੰਮੀ ਕਵਿਤਾ ਦੇ ਰੂਪ ਵਿਚ ਪਾਠਕਾਂ ਨੂੰ ਜ਼ਿੰਦਗੀ ਕੀ ਹੈ, ਕਿਉਂ ਹੈ, ਸਾਡਾ ਜ਼ਿੰਦਗੀ ਬਾਰੇ ਕੀ ਵਿਚਾਰ ਹੋਣਾ ਚਾਹੀਦਾ ਹੈ? ਲਈ ਸੋਚਣ, ਸਮਝਣ, ਚੇਤੰਨ ਕਰਨ, ਅੰਤਰ ਝਾਤ ਮਾਰਨ ਅਤੇ ਆਤਮ ਮੰਥਨ ਕਰਨ ਲਈ ਪ੍ਰੇਰਨਾ ਦੇ ਕੇ ਵੰਗਾਰਦੀ ਹੈ। ਉਸ ਅਨੁਸਾਰ ਜੇਕਰ ਇਨਸਾਨ ਜ਼ਿੰਦਗੀ ਨੂੰ ਸਮਝਕੇ ਅੰਤਰ ਝਾਤ ਮਾਰੇ ਤਾਂ ਸਾਰੇ ਦੁਖਾਂ ਕਲੇਸ਼ਾਂ, ਲਾਲਸਾਵਾਂ, ਇਦਰੀਆਂ ਦੇ ਮੋਹ ਜਾਲ ਤੋਂ ਮੁਕਤੀ ਪਾ ਕੇ ਜੀਵਨ ਸਫ਼ਲਾ ਕਰ ਸਕਦਾ ਹੈ। ਇਹ ਕਵਿਤਾ ਸੋਚ ਤੋਂ ਸ਼ੁਰੂ ਹੋ ਕੇ ਸੋਚ ਬਦਲਣ ਤੇ ਆ ਕੇ ਖ਼ਤਮ ਹੋ ਜਾਂਦੀ ਹੈ। ਉਸ ਅਨੁਸਾਰ ਇਨਸਾਨ ਸਾਰੀ ਉਮਰ ਜੀਵਨ ਵਿਚ ਕੀ ਵਾਪਰਿਆ? ਅਤੇ ਕੀ ਵਾਪਰੇਗਾ? ਉਸ ਦਾ ਇਨਸਾਨ ਨੂੰ ਕੀ ਲਾਭ ਤੇ ਹਾਨੀ ਹੋਵੇਗੀ ? ਰੱਬ ਹੈ ਵੀ ਕਿ ਨਹੀਂ? ਜੇ ਹੈ ਤਾਂ ਕਿਥੇ ਹੈ? ਇਸੇ ਚੱਕਰ ਵਿਚ ਲੰਘਾ ਦਿੰਦਾ ਹੈ। ਵਰਤਮਾਨ ਵੱਲ ਇਨਸਾਨ ਧਿਆਨ ਨਹੀਂ ਦਿੰਦਾ, ਇਸੇ ਕਰਕੇ ਉਹ ਮਾਨਸਿਕ ਉਲਝਣਾ ਵਿਚ ਉਲਝਿਆ ਰਹਿੰਦਾ ਹੈ। ਸੁਰਜੀਤ ਦੀ ਕਵਿਤਾ ਸਮੇਂ ਦੀ ਸਹੀ ਵਰਤੋਂ ਕਰਨ ਦੀ ਪ੍ਰੇਰਨਾ ਦਿੰਦੀ ਹੈ। ਸੱਚ ਦੀ ਪ੍ਰਾਪਤੀ ਹੀ ਇਨਸਾਨ ਦੀ ਪ੍ਰਾਪਤੀ ਹੈ। ਰੱਬ ਨੂੰ ਕਿਧਰੇ ਲੱਭਣ ਦੀ ਲੋੜ ਨਹੀਂ, ਅੰਤਰਝਾਤ ਮਾਰੋ ਤੇ ਰੱਬ ਤੁਹਾਡੇ ਕੋਲ ਹੈ, ਅਰਥਾਤ ਮਨ ਤੇ ਕਾਬੂ ਪਾ ਲਵੋ, ਸਾਂਤੀ ਤੇ ਚੈਨ ਮਿਲੇਗੀ ਤੇ ਜੀਵਨ ਸਫਲ ਹੋਵੇਗਾ। ਸੁਰਜੀਤ ਨੇ ਇਹ ਸਿੱਟਾ ਆਪਣੀ ਜ਼ਿੰਦਗੀ ਦੇ ਡੂੰਘੇ ਤਜ਼ਰਬੇ ਦੇ ਆਧਾਰ ਤੇ ਕੱਢਿਆ ਹੈ। ਉਸ ਦੀ ਪੁਸਤਕ 'ਵਿਸਮਾਦ ' ਬਾਕੀ ਦੋਵਾਂ ਪੁਸਤਕਾਂ ਨਾਲੋਂ ਵੱਖਰੀ ਹੈ। ਉਸ ਦੀਆਂ ਕਵਿਤਾਵਾਂ ਨੂੰ ਵਰਤਮਾਨ ਸਮਾਜਕ ਤਬਦੀਲੀ ਦੀ ਪ੍ਰਤੀਕ ਕਿਹਾ ਜਾ ਸਕਦਾ ਹੈ। ਅੱਜ ਦੇ ਲੜਕੇ ਅਤੇ ਲੜਕੀਆਂ ਦੀ ਆਧੁਨਿਕ ਤਕਨਾਲੋਜੀ ਦੇ ਆਉਣ ਨਾਲ ਸਮਾਜ ਵਿਚ ਵਿਚਰਣ ਦੀ ਸੋਚ ਬਦਲ ਗਈ ਹੈ। ਲੋਕ ਫੋਕੀ ਵਾਹਵਾ ਸ਼ਾਹਵਾ ਦੇ ਪਿੱਛੇ ਮੁਖੌਟੇ ਪਾਈ ਭੱਜੇ ਫਿਰਦੇ ਹਨ ਅੰਦਰੋਂ ਹੋਰ ਤੇ ਬਾਹਰੋਂ ਹੋਰ-
                            ਕੱਚ ਤਾਂ ਮੈਂ ਨਹੀਂ ਸਾਂ
                             ਪਰ ਜਦ ਵੀ ਟੁੱਟੀ
                             ਕਿਰਚ ਕਿਰਚ ਹੋ ਖਿਲਰ ਗਈ
                              ਮੁਖੌਟਿਆਂ 'ਚੋਂ
                              ਮਾਇਨਿਆਂ ਦੇ ਕੁਝ 
                              ਨਵੇਂ ਸੂਰਜ ਉਦੈ ਹੋ ਗਏ।
ਕਵਿਤਰੀ ਨੂੰ ਵਿਦੇਸ਼ ਤੋਂ ਆ ਕੇ ਮਹਿਸੂਸ ਹੋ ਰਿਹਾ ਹੈ ਪੰਜਾਬ ਵਿਚ ਸਭਿਅਤਾ, ਸਭਿਆਚਾਰ, ਵਿਰਸਾ, ਵਿਵਹਾਰ ਅਤੇ ਪਹੁੰਚ ਤੇ ਆਧੁਨਿਕਤਾ ਦੇ ਪ੍ਰਭਾਵ ਅਧੀਨ ਤਬਦੀਲੀ ਆ ਗਈ ਹੈ।