ਮਹੀਨਾਂ ਦੋ ਮਹੀਨੇ ਘਰ ਮਸਾਂ ਟਿਕ ਕੇ ਬੈਠ ਹੁੰਦਾ। ਤੀਜੇ ਮਹੀਨੇ ਰੁਕਸੈਕ ਮੋਢੇ ਤੇ ਪੈਰ ਕਿਸੇ ਨਵੇਂ ਰਾਹ ਪੈ ਜਾਂਦੇ ਹਨ। ਸਬੱਬੀ ਚਾਰ ਛੁੱਟੀਆਂ ਇਕੱਠੀਆਂ ਆ ਗੲੀਆਂ। ਮੈਂ, ਕਮਲ , ਮਨਪ੍ਰੀਤ, ਜਸਪ੍ਰੀਤ ਤੇ ਦਿਲਪ੍ਰੀਤ ਤੁਰ ਪਏ ਕਿਸੇ ਨਵੇਂ ਰਾਹ ਤੇ ਨਵੀਂ ਮੰਜ਼ਿਲ ਵੱਲ।
ਪਿਛਲੇ ਟਰੈਕ ਦੌਰਾਨ ਕਈ ਦਿਨ ਤੁਰਨ ਤੋਂ ਬਾਅਦ ਜਦ ਇੱਕ ਰਮਣੀਕ ਪਿੰਡ ਦੇ ਬਾਹਰ ਬਾਹਰ ਬਣੇ ਗੈਸਟ ਹਾਊਸ ਵਿੱਚ ਜਾ ਟਿਕਾਣਾ ਕੀਤਾ ਸੀ ਤਾਂ ਉਹ ਗੈਸਟ ਹਾਊਸ ਸਾਨੂੰ ਮਾਹਾਰਾਜਾ ਪਟਿਆਲਾ ਦੇ ਮਹਿਲ ਨਾਲੋਂ ਘੱਟ ਨਹੀਂ ਸੀ ਲੱਗਿਆ। ਅਸੀਂ ਸਿਫ਼ਤਾਂ ਕਰ ਹੀ ਰਹੇ ਸਾਂ ਕਿ ਸਾਡਾ ਗਾਈਡ ਸੁਭਾਸ਼ ਬੋਲਿਆ " ਇਹ ਕਾਹਦਾ ਗੈਸਟ ਹਾਊਸ ਆ ਕਦੇ ਮੇਰੇ ਪਿੰਡ ਕਰੇਰੀ ਆਇਓ ਅੰਗਰੇਜ਼ਾਂ ਦੇ ਵੇਲੇ ਦਾ ਗੈਸਟ ਹਾਊਸ ਵੇਖਕੇ ਰੂਹ ਅਸ਼ ਅਸ਼ ਕਰ ਉੱਠੇਗੀ ਤੇ ਮੇਰੇ ਪਿੰਡੋਂ ਟਰੈਕ ਆ ਦੋ ਦਿਨ ਦਾ ਕਰੇਰੀ ਝੀਲ ਬਰਫ਼ਾਂ ਲੱਦੀ।"
ਬੱਸ ਫਿਰ ਐਤਕੀ ਪਿੰਡੋਂ ਚੱਲਕੇ ਰਾਤ ਧਰਮਸ਼ਾਲਾ ਨੇੜੇ ਪਿੰਡ ਕਰੇਰੀ ਦੇ ਗੈਸਟ ਹਾਊਸ ਜਾ ਬਰੇਕਾਂ ਮਾਰੀਆਂ। ਜਦ ਗੈਸਟ ਹਾਊਸ ਅੰਦਰ ਝਾਤ ਮਾਰੀ ਤਾਂ ਇਵੇਂ ਲੱਗਿਆ ਜਿਵੇਂ ਅੰਗਰੇਜ਼ ਅਗਸਤ 1947 ਨੂੰ ਨਹੀਂ ਬਲਕਿ ਅੱਜ ਸਵੇਰੇ ਹੀ ਇੰਗਲੈਂਡ ਗਏ ਹੋਣ।ਲੱਕੜ ਦੇ ਕਮਰੇ , ਸੌ ਵਰ੍ਹੇ ਤੋਂ ਵੱਧ ਪੁਰਾਣਾ ਫਰਨੀਚਰ ਪੂਰੀ ਚਮਕ- ਦਮਕ ਨਾਲ ਸਾਡਾ ਸਵਾਗਤ ਕਰ ਰਿਹਾ ਸੀ। ਕਮਰਿਆਂ ਵਿੱਚ ਓਸ ਵੇਲੇ ਦੀਆਂ ਅੱਗ ਸੇਕਣ ਵਾਲੀਆਂ ਭੱਠੀਆਂ ਤੇ ਚਿਮਨੀਆ ਹੁਣ ਵੀ ਪੂਰੇ ਜੋਬਨ ਵਿੱਚ ਲਪਟਾਂ ਛੱਡ ਰਹੀਆਂ ਹਨ। ਸੁਭਾਸ਼ ਤੇ ਸਾਊ ਚੌਕੀਦਾਰ ਨੇ ਰੋਟੀ ਖਵਾਈ ਤੇ ਅਸੀਂ ਟਿਕੀ ਰਾਤ ਤੱਕ ਖਿੜਕੀ 'ਚੋ ਬਰਫ਼ਾ ਲੱਦੇ ਪਹਾੜਾਂ ਵੱਲ ਤੱਕਦਿਆ ਅੰਗਰੇਜ਼ਾਂ ਦੇ ਚੰਗੇ ਕੰਮਾਂ ਦੀਆਂ ਬਾਤਾਂ ਪਾਉਂਦੇ ਰਹੇ।
ਪਹਾੜ ਦੇ ਓਹਲੇ ਚੋਂ ਨਿਕਲੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਤੇ ਪੰਛੀਆਂ ਦੇ ਮਿੱਠੇ ਗੀਤਾਂ ਨਾਲ ਸਵੇਰ ਦੀ ਆਮਦ ਹੋਈ। ਸੱਚਮੁੱਚ ਜਦ ਚਾਨਣ 'ਚ ਗੈਸਟ ਹਾਊਸ ਦੇ ਦੁਆਲੇ ਚੱਕਰ ਲਾਇਆ ਤਾ ਨਿਰਾ ਕਿਸੇ ਸਵਰਗ 'ਚ ਹੋਣ ਦਾ ਭਲੇਖਾ ਪਿਆ।
ਫਿਰ ਸਮਾਨ ਬੰਨ ਕੇ ਛੇਤੀ ਹੀ ਝੀਲ ਵੱਲ ਆਪਣੀਆਂ ਮੁਹਾਰਾ ਮੋੜ ਲਈਆਂ। ਉਪਰੋਂ ਝੀਲ ਵਿੱਚੋਂ ਜੋ ਪਾਣੀ ਦਾ ਨਾਲਾ ਹੇਠਾਂ ਆਉਂਦਾ ਹੈ ਉਹਦੇ ਨਾਲ ਨਾਲ ਰਾਹ ਬਣਾਉਂਦੇ ਅਸੀਂ ਬੜੇ ਆਨੰਦ ਨਾਲ ਕੁਦਰਤ ਦੇ ਸੁਰ ਵਿੱਚ ਸੁਰ ਮਿਲਾਉਂਦੇ ਜਾ ਰਹੇ ਸਾਂ।ਰਮਣੀਕ ਜੰਗਲ ਵਿੱਚ ਦੀ ਲੰਘਦੇ ਛੇਤੀ ਹੀ ਉਚਾਈਆਂ ਫੜਦੇ ਗਏ। ਛੁੱਟੀਆਂ ਹੋਣ ਕਰਕੇ ਟੋਲੀਆਂ ਦੀਆ ਟੋਲੀਆਂ ਆਉਂਦੀਆਂ ਤੇ ਜਾਂਦੀਆਂ ਮਿਲੀਆਂ।ਪਰ ਜਿਵੇਂ ਕਿ ਹਰ ਟਰੈਕ ਜਾਂ ਦੂਰ ਦੁਰਾਡੇ ਸਫ਼ਰ 'ਚ ਮੈਨੂੰ ਕਦੇ ਕੋਈ ਪੰਜਾਬੀ ਨੀ ਟੱਕਰਿਆ। ਪਤਾ ਨੀ ਉਹਨੂੰ ਮੱਸਿਆ, ਪੁਨਿਆਂ ਮਨਾਉਣ ਤੋਂ ਹੀ ਵਿਹਲ ਨੀ ਹਜੇ।
ਦੁਪਹਿਰੇ ਇੱਕ ਪਾਣੀ ਦੇ ਤਲਾਅ ਕੋਲ ਬਣੀ ਇੱਕ ਆਰਜ਼ੀ ਦੁਕਾਨ ਆਈ ਸੁਭਾਸ਼ ਸਵੇਰੇ ਬਣਾਈਆ ਪੂਰੀਆਂ ਤੇ ਸਬਜ਼ੀ ਗਰਮ ਕਰ ਲਿਆਇਆ । ਅਜਿਹੀਆਂ ਥਾਂਵਾ ਤੇ ਬੈਠ ਕੇ ਖਾਦੀਆਂ ਰੋਟੀਆਂ ਕਈ ਕਈ ਤਾਰਿਆਂ ਵਾਲੇ ਹੋਟਲਾਂ ਦੀ ਮਹਿੰਗੀ ਰੋਟੀ ਨੂੰ ਵੀ ਮਾਤ ਪਾ ਜਾਦੀਆਂ ਹਨ।ਇਹ ਆਨੰਦ ਮਾਨਣ ਲਈ ਹੀ ਤਾਂ ਵਾਰ ਵਾਰ ਇਨ੍ਹਾਂ ਪਹਾੜਾਂ ਵੱਲ ਨੂੰ ਆਉਨੇ ਹਾਂ।
ਖੁੱਲੀ ਵਾਦੀ ਚ ਖਿੜ੍ਹੇ ਬੁਰਾਂਸ ਦੇ ਫੁੱਲਾਂ ਵੱਲ ਤਕਦਿਆਂ ਰੂਹ ਧੁਰ ਅੰਦਰ ਤੱਕ ਵਿਸਮਾਦ ਨਾਲ ਭਰ ਜਾਂਦੀ। ਕਮਲ ਆਪਣਾ ਫੋਟੋਗ੍ਰਾਫੀ ਵਾਲਾ ਝੱਸ ਪੂਰਾ ਕਰ ਰਿਹਾ ਸੀ। ਕੁਦਰਤ ਆਪਣੀ ਨਿਆਮਤ ਬੁੱਕਾਂ ਭਰ ਭਰ ਬਖਸ਼ ਰਹੀ ਸੀ ਤੇ ਅਸੀ ਓਸ ਨਿਆਮਤ ਦੇ ਇਕ ਕਤਰੇ ਨੂੰ ਤੋਂ ਵੀ ਵਿਰਵੇ ਨਹੀਂ ਸੀ ਹੋਣਾ ਚਾਉਂਦੇ ।
ਕਰਲ ਕਰਲ ਵਗਦੇ ਪਾਣੀ ਦੇ ਚਸ਼ਮੇ ਕੋਲ ਅਸੀ ਆਪਣਾ ਟੈਂਟ ਗੱਡ ਲਿਆ ਤੇ ਸੁਬਾਸ਼ ਨੇ ਕੋਲ ਬਣੀ ਗੁਫਾ ਜਿਹੀ ਚ ਚੁੱਲ੍ਹਾ ਮਗ੍ਹਾ ਲਿਆ। ਛੇਤੀ ਹੀ ਕੁੱਕਰ ਸੀਟੀਆਂ ਮਾਰਨ ਲੱਗਾ। ਹੌਲੀ ਹੌਲੀ ਸੂਰਜ ਪਹਾੜ ਦੇ ਓਹਲੇ ਹੋ ਗਿਆ ਤੇ ਹਨੇਰੇ ਨੇ ਸਾਰੇ ਆਲੇ ਦੁਆਲੇ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਬੜਾ ਅਲੌਕਿਕ ਨਜ਼ਾਰਾ ਸੀ ਇਹ। ਰਾਤ ਦੀ ਰੋਟੀ 'ਤੇ ਫਿਰ ਢਾਣੀ ਜੁੜ ਗੲੀ। ਮੋਬਾਈਲ ਨੈਟਵਰਕ ਬੰਦ , ਫਿਕਰਾਂ ਚਿੰਤਾਂਵਾਂ ਨੂੰ ਅਸੀ ਕਿਸੇ ਡੂੰਘੇ ਖੂਹ ਵਿੱਚ ਸੁੱਟ ਆਏ ਸਾਂ। ਇੱਥੇ ਸਿਰਫ਼ ਅਸੀਂ ਸਾਂ ਜਾਂ ਡੂੰਘੀ ਚੁੱਪ।ਮੱਠੀ ਮੱਠੀ ਅੱਗ ਦੁਆਲੇ ਬੈਠੇ ਸੁਭਾਸ਼ ਦਾ ਭਾਣਜਾ ਲੱਕੀ ਹਿਮਾਚਲੀ ਗੀਤ ਗੁਣਗੁਣਾ ਰਿਹਾ ਸੀ
" ਸ਼ਿਮਲੇ ਰੀਏ ਛੋਰੀਏ ਸਕਲਾ ਨੀ ਭੋਲੀਏ
ਰੰਗ ਤੇਰਾ ਹੈ ਸਾਬਲਾ ਕੇ ਹੋਂਠ ਗੁਲਾਬੀ
ਨਜ਼ਰੇ ਤੇਰੀ ਕਾਤਲਾਨਾ ਲਗਤੀ ਸਰਾਬੀ।"
ਲੱਕੀ ਦੀ ਮਿੱਠੀ ਆਵਾਜ਼ ਤੇ ਕੂਹਲੀ ਕੂਹਲੀ ਹਵਾ ਨੇ ਮਿਲਕੇ ਲੋਰੀ ਵਾਲਾ ਅਸਰ ਕੀਤਾ ਤੇ ਅਸੀਂ ਛੇਤੀ ਹੀ ਆਪਣੇ ਆਪਣੇ ਸਲੀਪਿੰਗ ਬੈਗਾਂ ਵਿੱਚ ਬੜ ਗੲੇ। ਪੰਜ ਬੰਦਿਆਂ ਨਾਲ ਟੈਂਟ 'ਚ ਪਾਸਾ ਲੈਣ ਜੋਗੀ ਵੀ ਜਗ੍ਹਾ ਨਾ ਬਚੀ। ਮੈਨੂੰ ਪੈਣਾ ਔਖਾ ਜਿਹਾ ਲੱਗਿਆ ਛੇਤੀ ਹੀ ਮੈਂ ਆਪਣਾ ਸਲੀਪਿੰਗ ਬੈਗ ਚੁੱਕ ਸੁਭਾਸ਼ ਹੁਣਾਂ ਕੋਲ ਉਸੇ ਗੁਫਾ 'ਚ ਜਾ ਪਿਆ। ਗੁਫਾ ਦੇ ਮੂੰਹ ਕੋਲ ਸਾਰੀ ਰਾਤ ਬਲਦੀ ਅੱਗ ਨੇ ਪੂਰਾ ਨਿੱਘ ਦਿੱਤਾ। ਗੁਫਾ 'ਚ ਸੌਣ ਦਾ ਵੀ ਇੱਕ ਵੱਖਰਾ ਅਨੁਭਵ ਸੀ।
ਸਵੇਰੇ ਚਾਹ-ਪਾਣੀ ਪੀ ਭਾਂਡਾ-ਟੀਡਾਂ ਸਾਂਭ ਝੀਲ ਵੱਲ ਨੂੰ ਵਧਣ ਲੱਗੇ । ਹੁਣ ਚੜਾਈ ਕੁੱਝ ਸਖਤ ਹੋ ਗਈ ,ਕਦੇ ਕਦੇ ਚਾਲ ਮੱਠੀ ਹੋ ਜਾਂਦੀ।ਘੜੀ ਪਲ ਆਰਾਮ ਕਰਦੇ ਬਾਦਾਮ ਗੁੜ ਖਾਂਦੇ ਤੇ ਨਿਰਮਲ ਜਲ ਛਕਦੇ ਫੇਰ ਦਮ ਫੜ ਜਾਂਦੇ। ਮਨਪ੍ਰੀਤ ਤੇ ਜਸਪ੍ਰੀਤ 'ਗੱਲਾਂ ਦਾ ਕੜਾਹ' ਬਣਾਉਂਦੇ ਬਣਾਉਂਦੇ ਕਾਫੀ ਪਿੱਛੇ ਰਹਿ ਗਏ । ਪਹਿਲੀ ਵਾਰ ਇਸ ਤਰਾਂ ਦੇ ਟਰੈਕ 'ਤੇ ਆਇਆ ਸਾਡਾ ਮਿੱਤਰ ਦਿਲਪ੍ਰੀਤ ਪੂਰੇ ਖੁਮਾਰ 'ਚ ਸੀ।ਉਹ ਸਭ ਤੋਂ ਮੂਹਰੇ ਹਵਾ ਨੂੰ ਗੱਲੜਕੜੀਆ ਪਾਉਂਦਾ ਜਾ ਰਿਹਾ ਸੀ। ਹੌਲੀ ਹੌਲੀ ਤੁਰਦੇ ਇੱਕ ਪਹਾੜ ਦੀ ਵੱਖੀ 'ਚੋ ਨਿਕਲਦੇ ਸਾਰ ਸਾਹਮਣੇ ਪਹਾੜ ਚਿੱਟੀ ਲੋਈ ਦੀ ਬੁੱਕਲ ਮਾਰੀ ਖੜ੍ਹੇ ਨਜ਼ਰ ਆਏ। ਪੈਰਾਂ ਥੱਲੇ ਕੁੱਝ ਦਿਨ ਪਹਿਲਾਂ ਪੲੀ ਬਰਫ਼ ਝੁਰਰ ਮੁਰਰ ਕਰ ਰਹੀ ਸੀ।ਆਖਰੀ ਹੰਭਲਾ ਮਾਰਕੇ ਹੁਣ ਅਸੀਂ ਬਰਫ਼ਾਂ ਲੱਦੇ ਪਹਾੜਾਂ ਦੇ ਪੈਰਾਂ 'ਚ ਬਣੀ ਝੀਲ ਦੇ ਕੰਢੇ 'ਤੇ ਸਾਂ। ਜੇ ਸੱਚਮੁੱਚ ਪਰੀਆਂ ਦੇ ਦੇਸ ਹੁੰਦੇ ਆ ਤਾਂ ਉਹ ਇਹੋ ਜਿਹੇ ਹੀ ਹੋਣਗੇ,ਇਹ ਮੇਰਾ ਯਕੀਨ ਹੈ।ਭੂਰੇ ਰੰਗ ਦੇ ਪਹਾੜਾਂ 'ਤੇ ਡਿੱਗੀ ਚਾਂਦੀ ਤੇ ਦੂਰ ਤੱਕ ਫੈਲੀ ਝੀਲ ,ਬੜਾ ਅਲੌਕਿਕ ਨਜ਼ਾਰਾ ਸੀ। ਝੀਲ ਦੇ ਕੰਢੇ ਇੱਕ ਮੰਦਿਰ ਹੈ ਤੇ ਇੱਕਾ ਦੁੱਕਾ ਦੁਕਾਨਾਂ, ਜਿੱਥੋਂ ਬੰਦਾ ਕੁੱਝ ਖਾਹ ਪੀ ਕੇ ਡੰਗ ਸਾਰ ਸਕਦਾ ਹੈ।ਘੜੀ ਪਲ ਆਰਾਮ ਕਰਦਿਆਂ ਸਾਡੇ ਦੂਜੇ ਸਾਥੀ ਵੀ ਆ ਪਹੁੰਚੇ। ਝੀਲ ਦੇ ਕੰਢੇ ਪਹਿਲਾਂ ਤੋਂ ਹੀ ਕੲੀ ਟੈਂਟ ਲੱਗੇ ਹੋਏ ਸਨ ਸੋ ਅਸੀਂ ਕੁਝ ਹਟਕੇ ਆਪਣਾ ਟੈਂਟ ਲਾ ਲਿਆ।ਕੋਸੀ ਕੋਸੀ ਧੁੱਪ 'ਚ ਲੱਤਾਂ ਨਸਾਲ ਕੇ ਪੈ ਗਏ ।ਪਤਾ ਹੀ ਨਾ ਲੱਗਾ ਕਦੋਂ ਅੱਖ ਲੱਗ ਗਈ ਪਤਾ ਉਦੋਂ ਲੱਗਾ ਜਦ ਲੱਕੀ ਚਾਹ ਲੈ ਆ ਸਰਾਹਣੇ ਖੜਾ ਹੋਇਆ। ਸੁਭਾਸ਼ ਰੋਟੀ ਦੇ ਆਹਰ ਲੱਗ ਗਿਆ ਤੇ ਅਸੀਂ ਇਸ ਪਰੀ ਦੇਸ਼ ਦੇ ਹਰ ਨਜ਼ਾਰੇ ਨੂੰ ਮਾਨਣ ਲਈ ਅੱਖਾਂ,ਦਿਲ ਤੇ ਦਿਮਾਗ ਦੇ ਸਭ ਖਿੜਕੀਆਂ ਦਰਵਾਜ਼ੇ ਖੋਲ ਦਿੱਤੇ। ਜਿਉਂ ਜਿਉਂ ਤਰਕਾਲਾਂ ਢਲਦੀਆ ਗੲੀਆਂ ਟੈਂਟਾ ਦੀ ਗਿਣਤੀ ਵੱਧਦੀ ਗਈ। ਝੀਲ ਦੇ ਕਿਨਾਰੇ ਇੱਕ ਨਿੱਕਾ ਜਿਹਾ ਪਿੰਡ ਵਸ ਗਿਆ। ਸੂਰਜ ਆਪਣਾ ਇੱਥੋਂ ਦਾ ਪੰਧ ਮੁਕਾ ਕੇ ਕਿਸੇ ਹੋਰ ਸਫ਼ਰ 'ਤੇ ਜਾਣ ਲਈ ਤਿਆਰ ਸੀ। ਨਜ਼ਾਰਾ ਬਚਪਨ ਵਿਚ ਸਕੂਲੇ ਪੜਦੇ ਡਰਾਇਗ ਦੀ ਕਾਪੀ 'ਚ ਬਣਾਈ ਕਿਸੇ ਪੈਟਿੰਗ ਵਰਗਾ ਸੀ। ਵੇਖਦਿਆਂ ਵੇਖਦਿਆਂ ਉਹ ਸਾਡੀਆਂ ਅੱਖਾਂ ਦੀਆਂ ਬਰੂਹਾਂ ਤੋ ਬਾਹਰ ਹੋ ਗਿਆ। ਪਰ ਆਉਂਦੀ ਰਾਤ ਨੂੰ ਕੁਦਰਤ ਦਾ ਇੱਕ ਹੋਰ ਕਰਿਸ਼ਮਾ ਹਜੇ ਬਾਕੀ ਸੀ। ਕੋਈ ਕੋਈ ਤਾਰਾ ਆਉਣ ਵਾਲੇ ਹਸੀਨ ਪਲ ਦੀ ਆਮਦ ਵਿੱਚ ਨੱਚ ਰਿਹਾ ਸੀ। ਫੇਰ ਵੇਖਦਿਆ ਵੇਖਦਿਆ ਚੜਦੇ ਪਾਸਿਓ ਪਹਾੜ ਦੀ ਬੁੱਕਲ 'ਚੋ ਚੰਨ ਭਰ ਜੋਬਨ ਦੀ ਮਸਤਾਨੀ ਚਾਲ ਨਾਲ ਸਾਡੇ ਸਾਹਮਣੇ ਆ ਖਲੋਇਆ। ਆਪ ਮੁਹਾਰੇ ਮੂੰਹੋਂ ਨਿਕਲਿਆ..
"ਬਲਿਹਾਰੀ ਕੁਦਰਤ ਵਸਿਆ।।
ਤੇਰਾ ਅੰਤੁ ਨ ਜਾਈ ਲਖਿਆ।।"
ਪੁਨਿਆਂ ਦੀ ਰਾਤ ਤੋਂ ਸਿਰਫ ਇੱਕ ਰਾਤ ਪਹਿਲਾਂ ਦੀ ਰਾਤ ਸੀ। ਚੰਨ ਦਾ ਜਲੌਅ ਝੱਲਿਆ ਨਹੀਂ ਸੀ ਜਾਂਦਾ। ਕੁਦਰਤ ਦਾ ਇਹ ਝਲਕਾਰਾ ਵੇਖਕੇ ਦਸਮ ਦੁਆਰ ਖੁੱਲ ਗਏ। ਉਹ ਪਲ ਜੋ ਓਸ ਰਾਤ ਉੱਥੇ ਜੀਅ ਲਿਆ ਵਾਰ ਵਾਰ ਹਿੱਸੇ ਨਹੀਂ ਆਉਂਦਾ। ਸ਼ਬਦਾਂ ਤੋਂ ਪਰੇ ਦੀ ਗੱਲ ਸਿਰਫ ਮਾਨਣ ਤੇ ਜਿਊਣ ਦੀ ਗੱਲ।
ਮਾਂ ਬੋਲੀ ਪੰਜਾਬੀ ਦੇ ਲਾਡਲੇ ਸ਼ਾਇਰ ਸਤਿੰਦਰ ਸਰਤਾਜ ਦੇ ਬੋਲ ਸੱਚ ਹੋ ਗੲੇ..
"ਚਾਨਣੀ ਨੇ ਪੁਨਿਆਂ 'ਤੇ ਜਲਸਾ ਲਗਾਇਆ
ਸੱਦਾ ਝੀਲ ਨੂੰ ਵੀ ਆਇਆ ਚੰਦ ਮੁੱਖ ਮਹਿਮਾਨ ਸੀ
ਰਿਸ਼ਮਾਂ ਨੇ ਦੂਧੀਆ ਜਹੀ ਪਾਈ ਸੀ ਪੌਸ਼ਾਕ
ਮਾਰੀ ਤਾਰਿਆਂ ਨੂੰ ਹਾਕ ਉਹ ਤਾਂ ਹੋਰ ਹੀ ਜਹਾਨ ਸੀ।"
ਰੋਟੀ ਤਿਆਰ ਸੀ ਠੰਡ ਵਧ ਗਈ ਪਰ ਅੱਗ ਵਲ ਰਹੀ ਸੀ। ਮੱਠਾ ਮੱਠਾ ਸੇਕ , ਤੱਤੀਆਂ ਤੱਤੀਆਂ ਰੋਟੀਆਂ ਤੇ ੳੁੱਤੋਂ ਪੈਂਦੀਆਂ ਚੰਨ ਦੀਆਂ ਰਿਸ਼ਮਾਂ ਹਰ ਬੁਰਕੀ ਨਾਲ ਅੰਦਰ ਪਹੁੰਚ ਰੂਹ ਰੁਸ਼ਨਾ ਰਹੀਆਂ ਸਨ। ਫੇਰ ਲੱਕੀ ਦੀ ਮਿੱਠੀ ਆਵਾਜ਼ ਵਿੱਚ ਹਿਮਾਚਲੀ ਗੀਤ ਏਸ ਰਾਤ ਨੂੰ ਯਾਦਗਾਰੀ ਬਣਾ ਰਹੇ ਸਨ। ਅੱਜ ਸੌਣ ਨੂੰ ਕਿਸੇ ਦਾ ਚਿੱਤ ਨਹੀਂ ਕਰ ਰਿਹਾ ਸੀ। ਮਹਿਫ਼ਲ ਜੁੜੀ ਹੋਈ ਸੀ ਰਾਤ ਡੂੰਘੀ ਹੁੰਦੀ ਗਈ ਤੇ ਠੰਡ ਵੱਧਦੀ ਗਈ। ਸਵੇਰੇ ਵਾਪਸੀ ਸੀ ਸੋ ਟੈਂਟ 'ਚ ਆ ਆਪਣੇ ਆਪਣੇ ਸਲੀਪਿੰਗ ਬੈਗਾਂ ਵਿੱਚ ਬੜਕੇ ਪੈ ਗੲੇ। ਜ਼ਿਆਦਾ ਠੰਡ ਕਾਰਨ ਅੱਜ ਪੰਜੇ ਜਣੇ ਇੱਕ ਦੂਜੇ 'ਚ ਘੁਸੜ ਕੇ ਸੌਂ ਗਏ।