ਜਗਤਾਰ ਕੈਨੇਡਾ ਤੋਂ 10 ਸਾਲ ਬਾਅਦ ਆਪਣੇ ਵਤਨ ਮਿਲਣ ਆਇਆ ਸੀ । ਕੁਝ ਦਿਨ ਆਰਮ ਕਰਨ ਤੋਂ ਬਾਅਦ ਉਹ ਆਪਣੇ ਦੋਸਤ ਭਾਗ ਸਿੰਘ ਨੂੰ ਮਿਲਣ ਉਸਦੇ ਘਰ ਗਿਆ। ਉਸਦੇ ਦੋਸਤ ਭਾਗ ਸਿੰਘ ਨੇ ਬੜੀ ਗਰਮ ਜੋਸ਼ੀ ਨਾਲ ਉਸ ਦਾ ਸਵਾਗਤ ਕੀਤਾ ਚਾਹ ਪਾਣੀ ਪੀਣ ਤੋਂ ਬਾਅਦ ਭਾਗ ਸਿੰਘ ਨੇ ਜਗਤਾਰ ਨੂੰ ਮੋਟਰਸਾਈਕਲ ਤੇ ਬਿਠਾ ਕੇ ਖੇਤ ਵੱਲ ਲੈ ਗਿਆ ਜਿਥੇ ਉਹ ਨਿੱਕੇ ਹੁੰਦੇ ਇਕੱਠੇ ਮੱਝਾਂ ਚਾਰਦੇ , ਪੱਠੇ ਵੱਢਦੇ ਆਦਿ ਕੰਮ ਕਰਦੇ । ਹੁਣ ਜਗਤਾਰ ਨੂੰ ਖੇਤਾਂ ਵਿਚ ਪਹਿਲਾਂ ਵਰਗੀ ਰੌਣਕ ਨਹੀਂ ਸੀ ਦਿਸੀ ਤੇ ਖੇਤ ਦਰੱਖਤਾਂ ਤੋਂ ਸੱਖਣੇ ਰੁੱਖੇ ਜਿਹੇ ਲੱਗ ਰਹੇ ਸੀ। ਭਾਗ ਸਿੰਘ ਨੇ ਮੋਟਰਸਾਈਕਲ ਤੋਂ ਉੱਤਰ ਕੇ ਦੋ ਮੂਲੀਆਂ ਪੁੱਟ ਲਿਆਂਦੀਆਂ ਉਨ੍ਹਾਂ ਨੂੰ ਗਲਾਸ ਨਾਲ ਛਿੱਲ ਕੇ ਕੱਟ ਲਿਆ ਅਤੇ ਫਿਰ ਘਰ ਦੀ ਕੱਢੀ ਦੀ ਬੋਤਲ ਚੁੱਕ ਲਿਆਂਦੀ ਤੇ ਬੈਂਚ ਤੇ ਰੱਖ ਦੋ ਸਟੀਲ ਦੇ ਗਲਾਸ ਤੇ ਸਿਲਵਰ ਦੀ ਪਤੀਲੀ ਵਿਚ ਪਾਣੀ ਪਾ ਲਿਆਦਾਂ। ਦੋਨ੍ਹਾਂ ਗਲਾਸਾਂ ਵਿਚ ਪੈੱਗ ਪਾ ਕੇ ਇਕ ਜਗਤਾਰ ਨੂੰ ਫੜਾ ਦਿੱਤਾ ਅਤੇ ਦੂਜੇ ਨਾਲ ਚੇਅਰਸ ਕੀਤੀ। ਭਾਗ ਸਿੰਘ ਨੇ ਇਕੋ ਸਾਹੇ ਗਿਲਾਸ ਖਾਲੀ ਕਰ ਦਿੱਤਾ ਪਰ ਜਗਤਾਰ ਨੇ ਇਕ ਘੁੱਟ ਭਰ ਕੇ ਗਿਲਾਸ ਵਾਪਸ ਰੱਖ ਦਿੱਤਾ ਤੇ ਉਸ ਵਿਚ ਪਾਣੀ ਪਾਉਣ ਲੱਗਾ । ਦਸ ਬਾਰ੍ਹਾਂ ਸਾਲ ਬਾਅਦ ਪੀਤੀ ਘਰ ਦੀ ਕੱਢੀ ਸ਼ਰਾਬ ਉਹਦੇ ਅੰਦਰ ਚੀਰ ਪਾਉਂਦੀ ਜਾਂਦੀ ਸੀ । ਪੈੱਗ ਰੱਖ ਜਗਤਾਰ ਕਹਿਣ ਲੱਗਾ , “ ਭਾਗ ਸਿਓਂ ਤੁਸੀ ਤਾਂ ਇਥੇ ਐਸ਼ ਕਰਦੇ ਓ, ਐਸ਼। ਅਸੀਂ ਤਾਂ ਸਾਰੀ ਦਿਹਾੜੀ ਕੰਮ ਹੀ ਕੰਮ ਕਰਦੇ ਹਾਂ। ਹਫਤਾ ਹਫਤਾ ਤਾਂ ਤੇਰੀ ਭਰਜਾਈ ਨਾਲ ਵੀ ਗੱਲ ਨਹੀਂ ਹੁੰਦੀ। ਮਾਂ ਪਿਉੇ ਨਾਲ ਤਾਂ ਮਹੀਨਾ ਮਹੀਨਾ ਲੰਘ ਜਾਂਦਾ ਗੱਲ ਕੀਤਿਆਂ।”
ਭਾਗ ਸਿੰਘ ਨੇ ਇਕ ਪੈੱਗ ਹੋਰ ਖਾਲੀ ਕੀਤਾ ਮੂਲੀ ਖਾਣ ਲੱਗ ਪਿਆ । ਫੇਰ ਕਹਿਣ ਲੱਗਾ, “ਜਗਤਾਰ ਸਿਓਂ ਦੁੱਖ ਤਾਂ ਸਾਨੂੰ ਵੀ ਬਥੇਰੇ ਨੇ। ਮੈਨੂੰ ਤਾਂ ਲੱਗਦਾ ਤੇਰੇ ਤੋਂ ਵੀ ਜਿਆਦਾ । ਤੇਰੇ ਤਾਏ ਭਾਵ ਮੈਂ ਆਪਣੇ ਬਾਪ ਨੂੰ ਬੁਲਾਇਆ ਪੂਰੇ ਦੋ ਮਹੀਨੇ ਲੰਘ ਗਏ। ਉਹ ਦਾਰੂ ਪੀਣੋ ਰੋਕਦਾ । ਇਸੇ ਕਰਕੇ ਮੈਂ ਉਹਨੂੰ ਦੋ ਮਹੀਨਿਆਂ ਤੋਂ ਬਲਾਉਣਾ ਈ ਛੱਡ ਦਿੱਤਾ ਅਤੇ ਤੇਰੀ ਭਰਜਾਈ ਨੂੰ ਵੀ ਮੇਰੇ ਨਾਲ ਬੋਲੀ ਨੂੰ 15-20 ਦਿਨ ਹੋ ਗਏ । ਉਹ ਵੀ ਦਾਰੂ ਤੋਂ ਨਫ਼ਰਤ ਕਰਦੀ ਹੈ। ਆਪ ਹੀ ਘਰ ਜਾ ਰੋਟੀ ਛਾਬੇ ਵਿਚੋਂ ਚੁੱਕ ਕੇ ਖਾਈ ਦੀ ਏ।”
“ਯਾਰ ਇਹ ਤਾਂ ਤੇਰਾ ਈ ਕਸੂਰ ਆ ਤੂੰ ਨਾ ਪੀਆ ਕਰ , ਜੇ ਤੂੰ ਨਾ ਪੀਵੇਂ ਨਾ ਤਾਇਆ ਲੜੈ ਨਾ ਭਰਜਾਈ ।”
“ ਜਗਤਾਰ ਸਿਓਂ , ਜਿਸ ਤਨ ਲਾਗੇ ਸੋ ਹੀ ਜਾਣੇ। ਕਿਸੇ ਨੂੰ ਕੀ ਪਤਾ ਮੈਂ ਕਿਉਂ ਪੀਂਦਾ ਹਾਂ । ਲੈ ਸੁਣ, ਮੇਰੇ ਕੋਲ ਚਾਰ ਏਕੜ ਜ਼ਮੀਨ ਸੀ । ਇਕ ਏਕੜ ਵੇਚ ਕੇ ਭੈਣ ਦਾ ਵਿਆਹ ਕਰ ਦਿੱਤਾ । ਇਕ ਏਕੜ ਦੇ ਪੈਸੇ ਜਵਾਕਾਂ ਦੀ ਪੜ੍ਹਾਈ ਤੇ ਖਰਚ ਹੋ ਗਏ।ਜੋ ਮੇਰੇ ਸਿਰ ਵਿਆਜੂ ਹਨ ਤੇ ਉਹ ਦਿਨ ਰਾਤ ਕੌੜੀ ਵੇਲ੍ਹ ਵਾਂਗ ਵਧ ਰਹੇ ਹਨ । ਹੁਣ ਜਵਾਕਾਂ ਨੂੰ ਨੌਕਰੀ ਨੀ ਮਿਲਦੀ ਕਰਜਾ ਸਿਰ ਚੜ੍ਹ ਗਿਆ ਹੈ। ਨਿੱਕਾ ਮੋਟਾ ਉਹ ਕੰਮ ਕਰਕੇ ਰਾਜੀ ਨਹੀਂ। ਇਹ ਸੋਚ ਕੇ ਮੈਨੂੰ ਬਿਨ ਪੀਤੀ ਦੇ ਨੀਂਦ ਨਹੀਂ ਆਉਂਦੀ । ਜਦੋਂ ਅਖਬਾਰ ਵਿਚ ਕਿਸੇ ਕਿਸਾਨ ਦੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖਬਰ ਪੜ੍ਹਦਾ ਹਾਂ ਤਾਂ ਮੈਨੂੰ ਮੇਰੇ ਗਲ ਵਿਚ ਰੱਸਾ ਪੈਂਦਾ ਨਜਰ ਆਉਂਦਾ ਹੈ। ਜਦੋਂ ਕਿਸੇ ਕਿਸਾਨ ਦੀ ਸਪਰੇਅ ਪੀ ਕੇ ਖੁਦਕੁਸ਼ੀ ਦੀ ਖਬਰ ਆਉਂਦੀ ਹੈ ਤਾਂ ਮੇਰੀਆਂ ਅੱਖਾਂ ਅੱਗੇ ਸਪਰੇਅ ਵਾਲੀ ਸ਼ੀਸ਼ੀ ਘੁੰਮਣ ਲੱਗਦੀ ਹੈ। ਤੈਨੂੰ ਪਿਓ ਜਾਂ ਤੀਵੀ ਹਫਤਾ ਹਫਤਾ ਨਾ ਮਿਲਣ ਦੇ ਡਾਲਰ ਮਿਲਦੇ ਆ ਤੇ ਸਾਨੂੰ ਆਹ……… ।