ਕਿੱਧਰ ਨੂੰ ਜਾਵੇ ਦੇਸ਼ ਮੇਰੇ ਦੀ ਜਵਾਨੀ ਯਾਰੋ,
ਹਥਿਆਰਾਂ ਤੇ ਨਸ਼ਿਆਂ ਦੀ ਇਹ ਦੀਵਾਨੀ ਯਾਰੋ।
ਅੱਤ,ਘੈਂਟ ਤੇ ਕੈਂਮ ਜਿਹੇ ਸ਼ਬਦਾਂ ਦੀ ਇਹ ਪੱਟੀ ਹੈ,
ਚੌਧਰ ਦੀ ਭੁੱਖੀ ਇਹ ਦਿਖਾਵੇ ਭਲਵਾਨੀ ਯਾਰੋ।
ਕੁਝ ਪੱਟ ਦਿੱਤੀ ਇਹ ਫੂਹੜ ਜੇਹੇ ਗੀਤਾ ਨੇ,
ਬਣਦੀ ਮਸਤਾਨੀ ਐਪਰ ਨ ਦਿਸੇ ਰਵਾਨੀ ਯਾਰੋ।
ਛੇਤੀ ਹੀ ਆ ਜਾਵੇ ਇਹ ਬਹਿਕਾਵੇ ਦੇ ਵਿੱਚ ਵੀ,
ਭੁੱਲਾਂ ਬਖਸਾਉਂਦੀ ਹੈ ਇਹ ਕਰਕੇ ਨਦਾਨੀ ਯਾਰੋ।
ਪਿਆਰ ਬੜਾ ਕਰਦੀ ਹੈ ਇਹ ਅਪਣੀ ਆਜ਼ਾਦੀ ਨੂੰ,
ਇਹ ਤਿਆਰ ਮਿਲੇ ਦੇਣ ਲਈ ਹਰ ਕੁਰਬਾਨੀ ਯਾਰੋ।
ਸ਼ਾਂਤੀ ਦਾ ਉਪਦੇਸ਼ ਦਵੇ ਤੇ ਫੈਲਾਏ ਅਸ਼ਾਂਤੀ,
ਧਰਮਾਂ ਵਿੱਚ ਰੱਲੀ ਕਿਧਰੋਂ ਇਹ ਹੈਵਾਨੀ ਯਾਰੋ।
ਭਾਲੇ ਗਿੱਲ ਇਹ ਸੱਚਾ ਸਾਥੀ ਜੇ ਬਣੇ ਰਹਿਬਰ,
ਜੇ ਮੰਜ਼ਿਲ ਮਿਲ ਜਾਵੇ, ਭਟਕੇ ਨਾ ਜਵਾਨੀ ਯਾਰੋ।