ਐਂਤਕੀ ਵੀ ਝੋਨੇ ਦੀ ਲਵਾਈ ਨੇ ਇੱਕੋ ਦਮ ਜੋਰ ਫੜ੍ਹ ਲਿਆ, ਤੇ ਮਜਦੂਰਾਂ ਦੀ ਘਾਟ ਹੋਣ ਕਰਕੇ ਮੈਂ ਤੇ ਜੱਸਾ ਸਵੇਰੇ-ਸਵੇਰੇ ਹੀ ਬਿਹਾਰ ਤੋਂ ਆਉਣ ਵਾਲੀ ਲੇਬਰ ਦੀ ਝਾਕ 'ਚ ਬਠਿੰਡੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਗੱਡੀ ਵੀ ਆ ਚੁੱਕੀ ਸੀ ਪਰ ਉਥੇ ਆਏ ਬਿਹਾਰੀ ਮਜਦੂਰਾਂ ਦੀ ਪਹਿਲਾਂ ਨਾਲੋਂ ਆਮਦ ਬਹੁਤ ਘੱਟ ਸੀ ਹੋਰ ਜਿਮੀਂਦਾਰ ਵੀ ਉਥੇ ਪਹੁੰਚੇ ਹੋਏ ਸੀ ਉਹ ਵੀ ਇਹਨਾਂ ਦੀ ਖਿੱਚਾਧੂਹੀ ਜਿਹੀ ਕਰੀ ਜਾ ਰਹੇ ਸਨ। ਕੋਈ ਬਾਂਹ ਫੜ ਕੇ ਪਾਸੇ ਲੈ ਜਾਂਦਾ ਤੇ ਕੋਈ ਉਹਨਾਂ ਦਾ ਬੈਗ ਵਗੈਰਾ ਫੜਨ ਦੀ ਕੋਸ਼ਿਸ਼ ਕਰਦਾ ਕਾਫੀ ਜੱਦੋ ਜਹਿਦ ਤੋਂ ਬਾਅਦ ਸਾਨੂੰ ਸੱਤ ਅੱਠ ਬੰਦੇ ਮਿਲ ਗਏ ਅਸੀਂ ਉਨ੍ਹਾਂ ਨਾਲ ਗੱਲ ਮੁਕਾ ਕੇ ਜੀਪ 'ਚ ਬਿਠਾ ਲਏ ਤੇ ਪਿੰਡ ਵੱਲ ਨੂੰ ਤੁਰ ਪਏ ਰਸਤੇ ਵਿੱਚ ਜੱਸੇ ਨੇ ਆਪੋਣੀ ਆਦਤ ਮੁਤਾਬਕ ਉਹਨਾਂ ਨਾਲ ਇਧਰ ਉਧਰ ਦੀਆਂ ਗੱਲਾਂ ਬਾਤਾਂ ਤੋਰ ਲਈਆਂ ਗੱਲਾਂ ਗੱਲਾਂ 'ਚ ਜੱਸਾ ਪੁੱਛ ਬੈਠਾ ਕਿ ਹੁਣ ਥੋਡੀ ਪੰਜਾਬ ਆਉਣ ਦੀ ਗਿਣਤੀ ਕਿਊਂ ਘਟਦੀ ਜਾਂਦੀ ਹੈ ਨਾਲੇ ਸਾਰੇ ਬੁੜੇ ਠੇਰੇ ਹੀ ਆਉਂਦੇ ਹੋ ਪਹਿਲਾਂ ਵਾਂਗ ਜਵਾਨ ਮੁੰਡੇ ਖੁੰਡੇ ਕਿਉਂ ਆਉਣੋ ਹਟ ਗਏ? ਕੀ ਉਥੇ ਕਾਰਖਾਨੇ ਵਗੈਰਾ ਲੱਗ ਗਏ ਜਾਂ ਉਧਰ ਵੀ ਝੋਨਾ ਜਿਆਦਾ ਲੱਗਣ ਪਿਆ ਤਾਂ ਉਹਨਾਂ ਵਿੱਚੋਂ ਇੱਕ ਬੋਲਿਆ ਨਹੀਂ ਸਰਦਾਰ ਜੀ ਕੋਈ ਕਾਰਖਾਨੇ ਨਹੀਂ ਲਗੇ ਵਹਾਂ ਅਬ ਹਮਾਰੇ ਲੋਗ ਜਵਾਨ ਲੜਕੋਂ ਕੋ ਪੰਜਾਬ ਭੇਜਨੇ ਸੇ ਡਰਤੇ ਹੈ ਕਿ ਪੰਜਾਬ ਜਾ ਕਰ ਹਮਾਰੇ ਬੱਚੇ ਭੀ ਕਹੀਂ ਚਿੱਟਾ , ਸਮੈਕ , ਹੈਰੋਇਨ ਜੈਸੇ ਕਈ ਦੂਸਰੇ ਨਸ਼ੋਂ ਕੇ ਜਾਲ ਮੇਂ ਨਾ ਫਸ ਜਾਏਂ ਔਰ ਬਿਹਾਰੀਉਂ ਪਰ ਭੀ ਨਸ਼ੇੜੀ ਹੋਨੇ ਕਾ ਲੇਬਲ ਲਗ ਜਾਏ ਯਹੀ ਵਜਾਹ ਹੈ । ਉਹਦੀ ਦਲੀਲ ਸੁਣ ਕੇ ਅਸੀਂ ਤਾਂ ਜਿਵੇਂ ਬੈਹੇ ਪਾਣੀ 'ਚ ਬਹਿ ਗਏ ਤੇ ਇੱਕ ਦੂਜੇ ਵੱਲ ਬਿੱਟਰ ਬਿੱਟਰ ਝਾਕਣ ਲਾਗੇ ਸਾਨੂੰ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਸੁੱਝ ਰਿਹਾ ਸੀ।