ਠਰੀ ਅੱਗ ਦਾ ਸੇਕ
(ਪੁਸਤਕ ਪੜਚੋਲ )
ਪੁਸਤਕ ---ਠਰੀ ਅੱਗ ਦਾ ਸੇਕ
ਲੇਖਕ --- ਜਸਪਾਲ ਮਾਨਖੇੜਾ
ਪ੍ਰਕਾਸ਼ਕ ----ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਪੰਨੇ ----107 ਮੁਲ ----150 ਰੁਪਏ
ਮਾਲਵੇ ਦੇ ਪ੍ਰਸਿਧ ਕਹਾਣੀਕਾਰ ਜਸਪਾਲ ਮਾਨਖੇੜਾ ਦਾ ਇਹ ਤੀਜਾ ਕਹਾਣੀ ਸੰਗ੍ਰਿਹਿ ਹੈ। ਇਸ ਤੋਂ ਪਹਿਲਾਂ ਉਸ ਦੇ ਦੀਆਂ ਦੋ ਕਿਤਾਬਾਂ ਆ ਚੁਕੀਆਂ ਹਨ ਅਣਗਿਣਤ ਵਰ੍ਹਾ ਤੇ ਬਸਰੇ ਦੀ ਲਾਮ । ਹਥਲੇ ਕਹਾਣੀਆਂ ਸੰਗ੍ਰਹਿ ਵਿਚ ਵਿਚ ਉਸ ਦੀਆਂ ਸੱਤ ਬਿਹਤਰੀਨ ਲੰਮੇ ਅਕਾਰ ਦੀਆਂ ਕਹਾਣੀਆਂ ਹਨ । ਕਹਾਣੀਆਂ ਵਿਚ ਲੇਖਕ ਕਿਸੇ ਨਾ ਕਿਸੇ ਰੂਪ ਵਿਚ ਖੜਾ ਹੈ । ਕੁਝ ਪਾਤਰ ਹਨ ਜਿਨ੍ਹਾਂ ਦੀ ਸੋਚ ਲੇਖਕ ਨਾਲ ਮਿਲਦੀ ਹੈ । ਕਹਾਣੀਕਾਰ ਦਾ ਸਮੁੱਚਾ ਨਜ਼ਰੀਆ ਕਿਰਤੀ ,ਕਾਮੇ ਤੇ ਮਿਹਨਕਸ਼ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਣ ਕਰਕੇ ਉਹ ਉਂਨ੍ਹਾ ਦੀ ਜ਼ਿੰਦਗੀ ਸੰਘਰਸ਼ ਕਰਦੇ ਵਿਖਾਉਂਦਾ ਹੈ । ਸਿਰਲੇਖ ਵਾਲੀ ਕਹਾਣੀ ਦਾ ਪਾਤਰ ਦੀਪਕ ਕਚਹਿਰੀ ਵਿਚ ਕੰਮ ਕਰਦਾ ਹੈ। ਉਸ ਨੂੰ ਬੋਲੀ ਹੋਣ ਤੇ ਐਨ ਮੌਕੇ ਦੀ ਦੁਕਾਨ ਮਿਲ ਜਾਂਦੀ ਹੈ । ਲੋਕ ਵਧਾਈ ਦਿੰਦੇ ਹਨ । ਵਿਚ ਈਰਖਾ ਕਰਨ ਵਾਲੇ ਵੀ ਹਨ । ਕਹਾਣੀ ਵਿਚ ਉਸ ਦੇ ਬਾਪ ਦਾਦੇ ਦੀ ਜ਼ਿੰਦਗੀ ਦਾ ਜ਼ਿਕਰ ਹੈ । ਬਾਪ ਨਿਕੇ ਹੁੰਦੇ ਦਾ ਮਰ ਜਾਂਦਾ ਹੈਂ । ਮਾਮਾ ਪਾਲਦਾ ਹੈ। ਸਮਾ ਲੰਘਦਾ ਹੈ ।ਵਿਆਹ ਹੋ ਜਾਂਦਾ ਹੈ। ਪਰ ਪਤਨੀ ਲਛਮੀ ਤੇ ਪੁਤਰ ਵਿਕੀ ਉਸ ਨੂੰ ਛਡ ਕੇ ਹੋਰ ਰਿਸ਼ਤੇਦਾਰ ਕੋਲ ਚਲੇ ਜਾਂਦੇ ਹਨ । ਪ੍ਰਾਪਤ ਕਰਨ ਲਈ ਉਹ ਸੰਘਰਸ਼ ਕਰਦਾ ਹੈ। ਇਸ ਨੂੰ ਲੇਖਕ ਠਰੀ ਅੱਗ ਵਿਚੋਂ ਸੇਕ ਦੀ ਤਲਾਸ਼ ਕਹਿੰਦਾ ਹੈ ।(ਪੰਨਾ 29) ਕਹਾਣੀ ਕਾਹਦੇ ਵਾਸਤੇ ਵਿਚ ਵਡੀ ਧੀ ਵਿਆਹੀ ਹੋਈ ਹੈ ।ਵਿਆਹ ਦੇ ਮਸਲੇ ਤੇ ਛੋਟੀ ਮਾਡਰਨ ਧੀ ਦਾ ਮਾਂ ਬਾਪ ਨਾਲ ਸੰਵਾਦ ਤੇ ਤਕਰਾਰ ਕਹਾਣੀ ਦਾ ਪੂਰਾ ਕੈਨਵਸ ਹੈ । ਇਸ ਵਿਚਲੇ ਪੀੜ੍ਹੀ ਅੰਤਰ ਨੂੰ ਲੇਖਕ ਨੇ ਬਹੁਤ ਵਧੀਆ ਸਿਰਜਿਆ ਹੈ । ਰਿਸ਼ਤਿਆਂ ਵਿਚਲਾ ਸਵਾਰਥ ਉਘੜਦਾ ਹੈ ਜਦੋਂ ਵਡੀ ਧੀ ਜਵਾਈ ਬਾਪ ਕੋਲੋਂ ਜ਼ਮੀਨ ਲੈਣਾ ਦਾ ਸੁਝਾਅ ਦਿੰਦੇ ਹਨ ਜਿਸ ਤੇ ਉਂਨ੍ਹਾ ਦੀ ਕੋਈ ਨਿਜੀ ਅਦਾਰਾ ਖੋਲ੍ਹਣ ਦੀ ਯੋਜਨਾ ਹੈ । ਸੁਣ ਕੇ ਬਾਪ ਦਾ ਨਸ਼ਾਂ ਲਹਿ ਜਾਂਦਾ ਹੈ।" ਗਲ ਗੂਠਾ" ਵਿਚ ਪੁਤਰ ਦੇ ਮਜ਼ਬੂਰ ਕਰਨ ਤੇ ਜਾਨ ਨਾਲੋਂ ਪਿਆਰੀ ਜ਼ਮੀਨ ਬਾਪ ਨੂੰ ਵੇਚਣੀ ਪੈਂਦੀ ਹੈ । ਲੋਕ ਟਿਚਰਾਂ ਵੀ ਕਰਦੇ ਹਨ ਤੇ ਹੌਸਲਾ ਵੀ ਦਿੰਦੇ ਹਨ । ਪਾਤਰ ਮਨਸਿਕ ਤਨਾਓ ਵਿਚ ਹੈ । ਉਹ ਇਸ ਨੂੰ ਦੂਰ ਕਰਨ ਲਈ ਧਾਂਰਮਿਕ ਯਾਤਰਾ ਤੇ ਤੁਰ ਜਾਂਦਾ ਹੈ। " ਪੈਰਾਂ ਹੇਠ ਸ਼ੂਕਦੇ ਭੁਚਾਲ" ਵਿਚ ਅਫਸਰ ਲੋਕ ਸਰਪੰਚ ਤੇ ਪੂੰਜੀਵਾਦੀ ਵਰਗ ਦਾ ਕਮਜ਼ੋਰ ਤੇ ਦਲਿਤ ਲੋਕਾਂ ਦੇ ਮਸਲਿਆਂ ਦਾ ਤਕਰਾਰ ਹੈ । ਚਾਂਦਨੀ ਕਿਥੇ ਹੈ ,ਖੂਹ ਖਾਤਾ ,ਤੇ ਨਾੜਾ ਵਿਚ ਜੰਮਿਆਂ ਖੂਂਨ ਸੰਗ੍ਰਹਿ ਦੀਆ ਚੰਗੀਆਂ ਕਥਾਂਵਾਂ ਹਨ । ਡਾ ਰਵਿੰਦਰ ਸਿੰਘ ਸੰਧੂ ਨੇ ਕਹਾਣੀਆਂ ਦੇ ਸੰਦਰਭ ਵਿਚ ਭਾਵਪੂਰਤ ਵਿਚਾਰ ਲਿਖੇ ਹਨ । ਪੁਸਤਕ ਦਾ ਭਰਪੂਰ ਸਵਾਗਤ ਹੈ ।