3
ਤੜਕੇ ਉਠੱਦੇ ਸਾਰ ਹੀ ਹੁਕਮ ਹੋਣ ਲੱਗ ਪਏ।ਦਾਦੀ ਜੀ ਬੋਲੇ, " ਛੇਤੀ ਹੀ ਨਹਾ ਲੈ।"
ਨਹਾ ਕੇ ਹੱਟਿਆ ਤਾਂ ਚਾਚੀ ਜੀ ਕਹਿਣ ਲੱਗ ਪਈ, " ਫੱਟੀ ਉੱਪਰ ਬੈਠ ਜਾਹ, ਮਾਮਾ ਆ ਕੇ ਤੈਨੂੰ ਉਠਾਲੇਗਾ।" ਠੰਡ ਵਿਚ ਫੱਟੀ ਉੱਪਰ ਤੌਲੀਆ ਲੇਪਟੀ ਬੈਠਾ ਠਰੂ ਠਰੂ ਕਰੀ ਜਾਵਾਂ। ਮਾਮਾ ਜੀ ਦਾ ਤਾਂ ਮੈਂਨੂੰ ਪਤਾ ਵੀ ਨਹੀ ਸੀ ਕਿੱਥੇ ਸੁੱਤੇ ਨੇ? ਇਹ ਵੀ ਨਹੀ ਸੀ ਪਤਾ ਕਿ ਰਾਤ ਦੇ ਪੈਗਾਂ ਨੇ ਮਾਮਾ ਜੀ ਨੂੰ ਉੱਠਣ ਵੀ ਦੇਣਾ ਕੇ ਕਿ ਨਹੀ।ਮਨ ਵਿਚ ਆਇਆ ਵੀ ਕਿ ਚਾਚੀ ਜੀ ਨੂੰ ਕਹਿ ਦੇਵਾਂ ਕਿ ਲੋੜ ਪਈ ਮਾਮਾ ਜੀ ਨੂੰ ਤੜਕੇ ਹੀ ਉਠਾਉਣ ਦੀ। ਪਰ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਇਸ ਤਰਾਂ ਦੇ ਸ਼ਗਨਾਂ ਕੰਮਾਂ ਵਿਚ ਮਰਦਾਂ ਦੀ ਕਿੱਥੇ ਚਲਦੀ ਹੈ?ਔਰਤਾਂ ਹੀ ਪ੍ਰਧਾਨ ਬਣੀਆਂ ਰਹਿੰਦੀਆਂ।ਸ਼ੁਕਰ ਰੱਬ ਦਾ ਕਿ ਮਾਮਾ ਜੀ ਖੇਸੀ ਦੀ ਬੁਕੱਲ ਮਾਰੇ ਛੇਤੀ ਹੀ ਆ ਗਏ ਅਤੇ ਮੈਂ ਠੰਢ ਤੋਂ ਛੇਤੀ ਹੀ ਛੁੱਟ ਗਿਆ।
ਚੁਬਾਰੇ ਤੋਂ ਤਿਆਰ ਹੋ ਕੇ ਥੱਲੇ ਉੱਤਰਿਆ ਹੀ ਸੀ ਕਿ ਭਾਬੀਆਂ ਘੇਰ ਕੇ ਬੈਠ ਗਈਆਂ ਕਿ ਸੁਰਮਾ ਪਾਉਣਾ ਹੈ। ਸੁਰਮਾ ਪੁਵਾ ਲਿਆ ਤਾਂ ਉਹ ਸੁਰਮਾਂ ਪਵਾਈ ਮੰਗਣ ਲੱਗ ਪਈਆਂ।ਮੇਰਾ ਬਿਲਕੁਲ ਵੀ ਦਿਲ ਨਾ ਕਰੇ ਇਹਨਾਂ ਕੋਈ ਪੈਸਾ ਦੇਵਾਂ। ਮੇਰੇ ਮਨ ਵਿਚੋਂ ਅਵਾਜ਼ ਵੀ ਆਈ, " ਐਵੇਂ ਨਾ ਝੂੱਠੇ ਵਿਆਹ ਲਈ ਝੱਗਾ ਚੌੜ ਕਰਾਈ ਜਾਹ।" ਮੈਂ ਮਨ ਦੀ ਅਵਾਜ਼ ਸੁਣ ਕੇ ਪੈਸੇ ਦੇਣ ਤੋਂ ਟਾਲ-ਮਟੋਲ ਕਰਨ ਲੱਗਾ, ਪਰ ਉਸ ਵੇਲੇ ਹੀ ਦਾਦੀ ਜੀ ਨੇ ਆਪਣਾ ਪਰਸ ਖੋਲ੍ਹ ਲਿਆ। ਭਾਬੀਆਂ ਨੂੰ ਪੈਸੇ ਇਸ ਤਰਾਂ ਵਰਤਾਉਣ ਲੱਗੇ ਜਿਵੇ ਸ਼ਰਾਬੀ ਸਟੇਜ਼ ਉੱਪਰ ਗਾਉਣ ਵਾਲੀ ਕੁੜੀ 'ਤੇ ਸੁੱਟਦੇ ਨੇ।ਦਾਦੀ ਜੀ ਦੀ ਇਸ ਦਿਲ-ਦਰਆਈ ਉੱਪਰ ਕਸੀਸ ਵੱਟਦਾ ਚੁੱਪ ਹੀ ਰਿਹਾ।
ਛੇਤੀ ਹੀ ਸਾਰੀਆਂ ਬੁੜੀਆਂ- ਕੁੜੀਆਂ ਗਾਉਂਦੀਆਂ ਹੋਈਆਂ ਮੈਨੂੰ ਨਾਲ ਲੈ ਗੁਰਦੁਆਰੇ ਨੂੰ ਮੱਥਾ ਟਿਕਾਉਣ ਤੁਰ ਪਈਆਂ।ਉਹ ਗਾ ਰਹੀਆਂ ਸਨ ' ਅੱਜ ਖੁਸ਼ੀ ਦਿਨ ਆਇਆ ਕੱਲਗੀਆਂ ਵਾਲੜਿਆ ਮੈਨੂੰ- ਮੈਨੂੰ, ਵਧਾਂਈਆਂ ਸੰਗਤਾ ਵਲੋਂ ਅੱਜ ਤੈਨੂੰ'। ਲੇਕਿਨ ਮੇਰੀ ਧੜਕਦੀ ਹੋਈ ਧੜਕਨ ਕਹਿ ਰਹੀ ਸੀ ਕਿ ਕੱਲਗੀਆਂ ਵਾਲੜਿਆ ਮੈ ਕਿੱਥੇ ਫੱਸ ਗਿਅ? ਭਾਈ ਜੀ ਨੇ ਜੰਝ ਤੁਰਨ ਦੀ ਅਰਦਾਸ ਗੁਰੂ ਸਾਹਿਬ ਅੱਗੇ ਕੀਤੀ ਕਿ ਜੰਝ ਚਲੀ ਹੈ ਅੰਗ- ਸੰਗ ਸਹਾਈ ਹੋਣਾ, ਆਪਣੇ ਸੇਵਕ ਦਾ ਕਾਰਜ਼ ਆਪ ਨਿਪੇੜੇ ਚਾੜ੍ਹਨਾ।ਮੇਰਾ ਮਨ ਸੱਚ-ਮੁੱਚ ਹੀ ਅਰਦਾਸ ਵਿਚ ਜੁੜ ਗਿਆ ਅਤੇ ਸੱਚੇ ਦਿਲੋਂ ਕਿਹਾ, ਹੇ ਗੁਰੂ ਦੇਵ ਜੀ ਮੈ ਤਾਂ ਸੱਚਾ ਵਿਆਹ ਕਰਨਾ ਚਾਹੁੰਦਾ ਹਾਂ, ਪਰ… ਇਸ ਤੋਂ ਬਾਅਦ ਭਾਵਕੁ ਹੋ ਗਿਆ।aਦੋਂ ਹੀ ਭਾਈ ਜੀ ਨੇ ਸਰਬੱਤ ਦੇ ਭਲੇ ਲਈ ਗੁਰੂ ਚਰਨਾ ਵਿਚ ਮੱਥਾਂ ਟੇਕਿਆ ਅਤੇ ਜੈਕਾਰਾ ਛੱਡਿਆ।ਭਾਵਕੁ ਹੋਣ 'ਤੇ ਦੋ ਹੰਝੂ ਵਦੋਵਧੀ ਮੇਰੀਆਂ ਸੁਰਮੇ ਵਾਲੀਆਂ ਅੱਖਾਂ ਵਿਚ ਆ ਟਿੱਕੇ,ਪਰ ਬਾਹਰ ਆਉਣ ਤੋਂ ਮੈ ਉਹਨਾਂ ਨੂੰ ਰੋਕੀ ਰੱਖਿਆ। ਮੇਰੇ ਚਾਚੇ ਦੀ ਨੂੰਹ ਜੋ ਕਾਫੀ ਹੁਸ਼ਿਆਰ ਆ। ਉਸ ਦੀ ਨਜ਼ਰ ਮੇਰੇ ਟਿੱਕੇ ਹੋਏ ਹੰਝੂਆ ਉੱਪਰ ਆ ਟਿਕੀ।ਮਸ਼ਕਰੀ ਕਰਦੀ ਬੋਲੀ, " ਅੱਜ ਹੀ ਤਾਂ ਨਹੀ ਕੈਨੇਡਾ ਨੂੰ ਜਾ ਰਿਹਾ ਜਿਹੜੀਆਂ ਅੱਖਾਂ ਭਰ ਲਈਆਂ। ਮੈਂ ਵੀ ਮੋੜਵਾ ਜ਼ਵਾਬ ਦਿੱਤਾ, " ਜਦੋਂ ਦਾ ਤੂੰ ਸੁਰਮਾ ਪਾਇਆ ਅੱਖਾਂ ਤਾਂ aਦੋਂ ਦੀਆਂ ਭਰੀਆਂ ਹੋਈਆਂ ਨੇ।"
"ਅਸੀ ਸੁਰਮਾ ਤਾਂ ਏਨੀ ਰੀਝ ਨਾਲ ਪਾਇਆ।" ਭਾਬੀ ਹੱਸਦੀ ਹੋਈ ਬੋਲੀ, " ਅੱਖਾਂ ਕਿਉਂ ਭਰ ਗਈਆਂ।"
" ਰੀਝ ਕੁੱਝ ਜ਼ਿਆਦਾ ਹੀ ਲਾ ਦਿੱਤੀ।" ਮੈਂ ਵੀ ਬੋਲਣੋ ਨਾ ਹੱਟਿਆ, " ਸੂਰਮਚੂ ਅੱਖਾਂ ਵਿਚ ਸੂਈ ਵਾਂਗ ਲੰਘਾ ਦਿੱਤਾ।"
" ਇਸ ਕਰਕੇ ਹੀ ਪੈਸੇ ਦੇਣ ਤੋਂ ਕੰਨੀ ਕਤਰਾਉਂਦਾ ਸੀ ।" ਭਾਬੀ ਉਸ ਵੇਲੇ ਦੀ ਗੱਲ ਚਿਤਾਰਦੀ ਬੋਲੀ, " ਭਾਬੀਆਂ ਤੋਂ ਡਰਦਾ ਹੀ ਰੋਣ ਲੱਗ ਪਿਆ,ਅੱਗੇ ਦੇਖੀ ਸਾਲੀਆਂ ਨੇ ਤੇਰਾ ਕੀ ਹਾਲ ਕਰਨਾ।"
" ਤੇਰੇ ਤੋਂ ਤਾਂ ਘੱਟ ਹੀ ਹੋਣਗੀਆਂ।"
" ਅਖੇ ਨਾਈਆ ਮੇਰੇ ਵਾਲ ਕਿੱਡੇ ਕਿੱਡੇ,ਕੋਈ ਨਹੀ ਜ਼ਜ਼ਮਾਨਾ ਅੱਗੇ ਹੀ ਆਉਣੇ ਆ।" ਭਾਬੀ ਨੇ ਪੁਰਾਣੀ ਕਹਾਵਤ ਮੇਰੇ ਅੱਗੇ ਰੱਖਦੇ ਕਿਹਾ, " ਅੱਜ ਹੀ ਪਤਾ ਲੱਗ ਜਾਣਾ ਆ ਕਿ ਭਾਬੀਆਂ ਤੇਜ਼ ਜਾਂ ਸਾਲੀਆਂ।"
ਭਾਬੀ ਨੂੰ ਕੀ ਦੱਸਦਾ ਕਿ ਸਾਰੀਆਂ ਨਾਲੋ ਤਾਂ ਉਹ ਤੇਜ਼ ਆ ਜਿਹਨੂੰ ਅੱਜ ਲੈਣ ਚੱਲਿਆਂ ਹਾਂ।
ਇਸ ਤਰਾਂ ਹੀ ਅਣਮੰਨੇ ਮਨ ਨਾਲ ਰਸਮਾਂ ਨਿਭਾਉਂਦਾ ਰੀਬਨ ਕੱਟਣ ਦੀ ਰਸਮ ਤੱਕ ਪਹੁੰਚ ਗਿਆ।ਹਰਨੀਤ ਦੀਆਂ ਭੈਣਾ ਅਤੇ ਸਹੇਲੀਆਂ ਨੇ ਮੇਰੇ ਆਲੇ-ਦੁਆਲੇ ਝੁਰਮੱਟ ਪਾ ਲਿਆ।ਕੈਂਚੀ ਤੋਂ ਬਿਨਾ ਰੀਬਨ ਕੱਟਣ ਲਈ ਕਹਿਣ।ਮੇਰੇ ਦੋਸਤ-ਮਿੱਤਰ ਹੱਸ ਹੱਸ ਉਹਨਾਂ ਨਾਲ ਗੱਲਾਂ ਕਰਦੇ ਭੁੱਲ ਚੁੱਕੇ ਸਨ ਕਿ ਉਹ ਮੇਰੀ ਮੱਦਦ ਲਈ ਆਏ ਨੇ।ਸਗੋਂ ਚਟਖਾਰੇ ਲਾ ਲਾ ਮਸ਼ਕਰੀਆ ਕਰਦੇ ਉਹਨਾਂ ਵਿਚ ਹੀ ਰੁੱਝ ਗਏ। ਦੋਸਤਾਂ ਨੂੰ ਦੇਖ ਮੇਰਾ ਸੀਨਾ ਗੁੱਸੇ ਨਾਲ ਧੁੱਖਣ ਲੱਗਾ।ਮੈ ਆਪਣੇ ਧੁੱਖਦੇ ਸੀਨੇ ਦੀ ਪ੍ਰਵਾਹ ਨਾ ਕਰਦਿਆ ਕਿਹਾ, " ਕੈਂਚੀ ਦਿਉ ਤਾਂ ਹੀ ਰੀਬਨ ਕੱਟਾਂਗੇ।"
" ਵਗ ਦੋਸਤਾਂ ਦਾ ਨਾਲ ਲੈ ਕੇ ਆਏ ਹੋ।" ਇਕ ਤੇਜ਼ ਅਜਿਹੀ ਕੁੜੀ ਨੇ ਕਿਹਾ, " ਕੈਂਚੀ ਨਹੀ ਲੈ ਕੇ ਆਏ।"
" ਤੁਹਾਡੀ ਤਾਂ ਜ਼ੁਬਾਨ ਹੀ ਕੈਂਚੀ ਵਾਂਗ ਚਲਦੀ ਹੈ।" ਸ਼ੁਕਰ ਹੈ ਮੇਰੇ ਇਕ ਮਿੱਤਰ ਦਾ ਧਿਆਨ ਮੇਰੇ ਵੱਲ ਹੋਇਆ ਤਾਂ ਉਸ ਨੇ ਜ਼ਵਾਬ ਦਿੱਤਾ, " ਤੁਸੀ ਹੀ ਰੀਬਨ ਕੱਟ ਦਿਉ।"
" ਰੀਬਨ ਕਟਾਉਣਾ ਤਾਂ ਤੁਹਾਡੇ ਕੋਲਂੋ ਹੀ ਹੈ।" ਇਕ ਹੋਰ ਨੇ ਕਿਹਾ, " ਕੈਂਚੀ ਅਸੀ ਦੇ ਦਿੰਦੇ ਹਾਂ, ਇਸ ਦੇ ਬਦਲੇ ਤੁਸੀ ਸਾਨੂੰ ਪੰਜ ਹਜ਼ਾਰ ਰੁਪੀਏ ਦੇ ਦਿਉ।"
ਪੰਜ ਹਜ਼ਾਰ ਦਾ ਨਾਮ ਸੁਣ ਮੇਰਾ ਦਿਲ ਫਿਰ ਉੱਪਰ ਵੱਲ ਨੂੰ ਉੱਛਲਿਆ, ਪਰ ਕਹਿੰਦੇ ਨੇ ਨਾ, ਫਸੀ ਤੇ ਫਟਕਣਾ ਕੀ। ਕਿੰਨੀ ਦੇਰ ਮੇਰੇ ਦੋਸਤਾਂ ਅਤੇ ਹਰਨੀਤ ਦੀਆਂ ਸਹੇਲੀਆਂ ਵਿਚ ਇਸ ਤਰਾਂ ਦੀ ਛੇੜਖਾਨੀ ਚਲਦੀ ਰਹੀ।ਜੋ ਚੰਗੇ ਪੈਸੇ ਲੈ ਕੇ ਹੀ ਬੰਦ ਹੋਈ।
ਲਾਵਾਂ ਤੇ ਬੈਠੀ ਹਰਨੀਤ ਦੀਆਂ ਭੈਣਾਂ- ਸਹੇਲੀਆਂ ਜੋ ਉਸ ਦੇ ਪਿੱਛੇ ਹੀ ਬੈਠੀਆਂ ਸਨ ਕਹਿ ਰਹੀਆਂ ਸਨ, " ਨੀਤੀ , ਤੂੰ ਕਿੰਨੀ ਲੱਕੀ ਨਿਕਲੀ, ਕਿੱਡਾ ਸੋਹਣਾ ਮੁੰਡਾ ਤੈਨੂੰ ਮਿਲਿਆ।" ਇਹ ਗੱਲ ਸੁਣ ਕੇ ਮੈਂ ਹਰਨੀਤ ਵੱਲ ਦੇਖਿਆ ਜੋ ਬਹੁਤ ਹੀ ਵਧੀਆ ਸਲੀਕੇ ਨਾਲ ਮੁਸਕ੍ਰਾ ਰਹੀ ਸੀ।ਲਾਵਾਂ ਤੋਂ ਬਾਅਦ ਹਰਨੀਤ ਦੇ ਮੱਮੀ ਡੈਡੀ ਸ਼ਗਨ ਦੇਣ ਲਈ ਸਾਡੇ ਕੋਲ ਖਲੋ ਗਏ।ਜਦੋਂ ਮੈਂ ਉਹਨਾਂ ਦੇ ਹੱਥਾਂ ਵਿਚ ਹਾਰ ਫੜ੍ਹੇ ਦੇਖੇ ਤਾਂ ਮੈਂ ਕਹਿ ਦਿੱਤਾ, " ਪਲੀਜ਼, ਗੁਰੂ ਦੀ ਹਜ਼ੂਰੀ ਵਿਚ ਮੇਰੇ ਹਾਰ ਨਾ ਪਾਇਉ।" ਹਰਨੀਤ ਦੇ ਡੈਡੀ ਨੂੰ ਮੇਰੀ ਗੱਲ ਬਹੁਤ ਹੀ ਚੰਗੀ ਲੱਗੀ। ਉਹਨਾਂ ਭਾਈ ਸਾਹਿਬ ਤੋਂ ਮਾਇਕ ਵਿਚ ਅਨਾਊਸ ਵੀ ਕਰਵਾ ਦਿੱਤਾ, " ਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਵਿਆਹਦੜ ਨੋਜ਼ੁਆਨ ਨੇ ਗੁਰੂ ਦਾ ਸਤਿਕਾਰ ਸਾਹਮਣੇ ਰੱਖਦੇ ਹੋਏ ਹਾਰ ਪਵਾਉਣ ਤੋਂ ਨਾਹ ਕਰ ਦਿੱਤੀ ਹੈ, ਕ੍ਰਿਪਾ ਕਰਕੇ ਕੋਈ ਵੀ ਮਾਈ- ਭਾਈ ਬੈਠੇ ਜੋੜੇ ਦਾ ਹਾਰ ਨਾ ਪਾਵੇ।ਇਸ ਤਰਾਂ ਦੀਆਂ ਗੱਲਾਂ ਸੋਚਣ ਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ,ਪਰ ਆਪਾਂ ਬਹੁਤੇ ਲੋਕੀ ਲਕੀਰ ਦੇ ਫਕੀਰ ਬਣੇ ਇਹੋ ਅਜਿਹੀਆਂ ਗੱਲਾਂ ਸੋਚਦੇ ਨਹੀ।" ਇਸ ਤਰਾਂ ਗੱਲਾਂ ਕਰਦੇ ਭਾਈ ਜੀ ਮੇਰੀ ਕਾਫੀ ਵਡਿਆਈ ਕਰ ਰਹੇ ਸਨ,ਪਰ ਮੇਰੇ ਅੰਦਰ ਲਾਟਾਂ ਮਚ ਰਹੀਆਂ ਸਨ ਕਿ ਮੈਂ ਆਪ ਗੁਰੂ ਦੇ ਸਾਹਮਣੇ ਝੂਠਾ ਵਿਆਹ ਕੀਤਾ।ਹਰਨੀਤ ਨੇ ਹੌਲੀ ਅਜਿਹੀ ਵਿਅੰਗ ਨਾਲ ਕਹਿ ਵੀ ਦਿੱਤਾ, " ਲਾਵਾਂ ਲੈਣ ਲੱਗੇ ਤਾਂ ਗੁਰੂ ਤੋਂ ਡਰੇ ਨਾ।"
ਦਿਲ ਕਰੇ ਕਿ ਕਹਾਂ ਕਿ ਇਹ ਗਲਤੀ ਤਾਂ ਮਜ਼ਬੂਰੀ ਬਸ ਗੁਰੂ ਦੇ ਸਾਹਮਣੇ ਕਰ ਗਿਆਂ।ਹੋਰ ਨਹੀ ਕਰਨਾ ਚਾਹੁੰਦਾ, ਪਰ ਆਲੇ-ਦੁਆਲੇ ਦਾ ਖਿਆਲ ਕਰਕੇ ਚੁੱਪ ਰਿਹਾ।ਨਹੀ ਤਾਂ ਲੋਕ ਕਹਿਣਗੇ ਕਿ ਇਹ ਨਵਾ ਜੋੜਾ ਹੁਣੇ ਕੀ ਬਕ ਬਕ ਕਰਨ ਲੱਗ ਪਿਆ।ਹਰਨੀਤ ਨੂੰ ਤਾਂ ਸਾਰਿਆਂ ਨੇ ਇਹ ਕਹਿ ਕੇ ਮੁਆਫ ਕਰ ਦੇਂਣਾ ਹੈ ਕਿ ਇਹ ਤਾਂ ਕੈਨੇਡਾ ਦੀ ਕੁੜੀ ਹੈ, ਇਸ ਵਿਚਾਰੀ ਨੂੰ ਕੀ ਪਤਾ ਕਿ ਲਾਵਾਂ 'ਤੇ ਬੈਠੇ ਬੋਲੀਦਾ ਨਹੀ।ਨਿੰਦਿਆ ਕਰਕੇ ਮੇਰੀ ਹੀ ਤਹਿ ਲਾਉਣਗੇ।ਅਜਿਹੀਆਂ ਗੱਲਾਂ ਸੋਚਦਾ ਮੁਸਕ੍ਰਉਣ ਤੋਂ ਵੱਧ ਹੋਰ ਕੁਝ ਨਾ ਕਰ ਸਕਿਆ।
ਕਾਫੀ ਦੇਰ ਤੋਂ ਚੌਕੜੀ ਮਾਰ ਕੇ ਬੈਠਣ ਨਾਲ ਮੇਰੀ ਖੱਬੀ ਲੱਤ ਸੌਂ ਗਈ।ਉਸ ਵੇਲੇ ਮੈਨੂੰ ਤਰਖਾਣਾਂ ਦੇ ਤਾਏ ਬਿਸ਼ਨੇ ਦੀ ਗੱਲ ਯਾਦ ਆਈ।ਉਸ ਨੇ ਇਕ ਵਾਰੀ ਦੱਸਿਆ ਸੀ ਕਿ ਜੇ ਖੱਬੀ ਲੱਤ ਸੋਂ ਜਾਵੇ ਤਾਂ ਸੱਜੇ ਕੰਨ ਦੀ ਕੰਨਪਟੀ ਨੂੰ ਥੱਲੇ ਨੂੰ ਖਿਚਨਾ ਅਤੇ ਜੇ ਸੱਜੀ ਲੱਤ ਸੋਂ ਜਾਵੇ ਤਾਂ ਖੱਬੀ ਕੰਨਪਟੀ ਨੂੰ।ਤਾਏ ਦੇ ਮੁਤਾਬਿਕ ਇਸ ਤਰਾਂ ਕਰਨ ਨਾਲ ਲੱਤ ਠੀਕ ਹੋ ਜਾਂਦੀ ਹੈ।ਮੈਂ ਆਲਾ-ਦੁਆਲਾ ਦੇਖ ਕੇ ਸੱਜੀ ਕੰਨਪਟੀ ਨੂੰ ਖਿਚਿਆ।ਲੱਤ ਤਾਂ ਥੌੜ੍ਹੀ ਠੀਕ ਹੋ ਗਈ,ਪਰ ਹਰਨੀਤ ਦੇ ਕੋਲ ਬੈਠੀ ਉਸ ਦੀ ਸਹੇਲੀ ਹੌਲੀ ਅਜਿਹੀ ਬੋਲੀ, " ਕੀ ਗੱਲ ਕੰਨਾਂ 'ਤੇ ਖਾਜ਼ ਕਰਨ ਲੱਗ ਪਏ, ਨਹਾ ਕੇ ਨਹੀ ਆਏ।"
ਉਸ ਦੀ ਇਸ ਗੱਲ ਦਾ ਜ਼ਵਾਬ ਦੇਣਾ ਮੈਂ ਮੁਨਾਸਿਬ ਨਾ ਸਮਝਿਆ ਅਤੇ ਸਿਰਫ ਮੁਸਕ੍ਰਾ ਕੇ ਹੀ ਦਿਖਾ ਦਿੱਤਾ।
ਲਾਵਾਂ ਤੋਂ ਉੱਠਕੇ ਜੁੱਤੀ ਪਾਉਣ ਲਈ ਜੋੜੇ ਰੱਖਣ ਵਾਲੀ ਜਗ੍ਹਾ ਤੇ ਗਿਆਂ ਤਾਂ ਦੇਖਾਂ ਮੇਰੀ ਜੁੱਤੀ ਗੁੰਮ ਸੀ।ਮੈਂ ਕੋਲ ਖੱੜ੍ਹੇ ਦੇਬੀ ਨੂੰ ਕਿਹਾ, " ਭਰਾਵਾ, ਮੇਰੀ ਤਾਂ ਜੁੱਤੀ ਨਹੀ ਲੱਭਦੀ।"
" ਹੁਣ ਜੁੱਤੀ ਕੀ ਲੱਭਣੀ, ਅਗਲੀਆਂ ਚੁੱਕ ਕੇ ਲੈ ਗਈਆਂ।" ਪਰੇ ਖਲੋਤੇ ਬਾਲੀ ਨੇ ਮੁਸਕ੍ਰਾਂਦੇ ਕਿਹਾ, " ਮੈਨੂੰ ਚੇਤਾ ਵੀ ਆਇਆ ਸੀ ਤੈਨੂੰ ਦੱਸਾਂ ਕਿ ਜੁੱਤੀ ਆਪਣੀ ਸਾਂਭ ਕੇ ਰੱਖੀ, ਪਰ ਫਿਰ ਭੁੱਲ ਹੀ ਗਿਆਂ।"
" ਤੂੰ ਤਾਂ ਸਵੇਰ ਦਾ ਲਾਲ ਕਾਂਟਿਆਂ ਵਾਲੀ ਦੇ ਸੁਪਨੇ ਵਿਚ ਗੁਅਚਿਆਂ ਫਿਰਦਾ ਏ।" ਦੇਬੀ ਹੱਸਦਾ ਹੋਇਆ ਬੋਲਿਆ, " ਜੁੱਤੀ ਸਾਂਭ ਕੇ ਰੱਖਣ ਦਾ ਚੇਤਾ ਤੈਂ ਕੀ ਕਰਾਉਣਾ ਸੀ।"
" ਲਾਲ ਕਾਂਟਿਆਂ ਵਾਲੀ ਦੀ ਸ਼ਾਨ ਸਭ ਨਾਲੋਂ ਵੱਖਰੀ ਨਹੀ ਸੀ?" ਬਾਲੀ ਨੇ ਮੋੜਵਾ ਜ਼ਵਾਬ ਬੇਸ਼ਰਮਾ ਵਾਂਗ ਦਿੱਤਾ, " ਤੂੰ ਆਪ ਹੀ ਦੱਸ, ਕਿਆ ਪਰਸਨੈਲਟੀ ਹੈ ਉਸ ਦੀ, ਵਾਹ ਪਈ ਵਾਹ"
" ਮਨਮੀਤ, ਉਹ ਤੇਰੀ ਵਹੁਟੀ ਦੀ ਮਾਂਮੇ ਜਾਂ ਚਾਚੇ ਦੀ ਕੁੜੀ ਲੱਗਦੀ ਆ।" ਦੇਬੀ ਨੇ ਹੱਸਦੇ ਕਿਹਾ, " ਬਾਲੀ ਦਾ ਰਿਸ਼ਤਾ ਕਰਾ ਦੇ।"
ਉਹਨਾਂ ਦੀਆਂ ਗੱਲਾਂ ਉੱਪਰ ਮੈਨੂੰ ਗੁੱਸਾ ਚੜ੍ਹ ਰਿਹਾ ਸੀ।ਗੁੱਸੇ ਅਤੇ ਪਰੇਸ਼ਾਨੀ ਦੇ ਰਲੇ ਮਿਲੇ ਭਾਵ ਵਿਚ ਮੈਂ ਬੋਲਿਆ, " ਤੁਸੀ ਪਤਾ ਨਹੀ ਕੀ ਗੱਲਾਂ ਕਰੀ ਜਾਂਦੇਉ, ਮੈਨੂੰ ਜੁੱਤੀ ਨਹੀ ਲੱਭਣ ਡਹੀ, ਹੁਣ ਮੈਂ ਪਾਂਵਾ ਕੀ?"
" ਮੇਰੀ ਪਾ ਲਾ।" ਦੇਬੀ ਆਪਣੀ ਜੁੱਤੀ ਲੱਭਦਾ ਹੋਇਆ ਬੋਲਿਆ, " ਲੈ ਲਉ ਕਰ ਲਉ ਘਿਉ ਨੂੰ ਭਾਡਾਂ, ਮੇਰੀ ਵੀ ਨਹੀ ਲੱਭਦੀ।"
" ਮੇਰੀ ਵੀ ਨਹੀ ਲੱਭਦੀ।" ਬਾਲੀ ਨੇ ਕਿਹਾ, " ਲੱਗਦਾ ਹੈ ਆਪਣੇ ਸਾਰਿਆਂ ਦੀਆਂ ਜੁੱਤੀਆਂ ਚੁੱਕ ਕੇ ਲੈ ਗਈਆਂ।"
ਅਸੀ ਅਜੇ ਇਹ ਗੱਲਾਂ ਹੀ ਕਰ ਰਿਹੇ ਸਨ ਕਿ ਕੁੜੀਆਂ ਦਾ ਟੋਲਾ ਉੱਥੇ ਆ ਗਿਆ। ਸਵੇਰ ਵਾਲਾ ਕੰਮ ਫਿਰ ਸ਼ੁਰੂ ਹੋ ਗਿਆ।
" ਕੀ ਲੱਭਦੇ ਹੋ?" ਲਾਲ ਕਾਂਟਿਆ ਵਾਲੀ ਬੋਲੀ, " ਕੁਝ ਗੁਆਚ ਗਿਆ ਲੱਗਦਾ।"
" ਤੈਨੂੰ ਲੱਭਦੇ ਆ।" ਬਾਲੀ ਇਕਦਮ ਬੋਲਿਆ, " ਮੇਰਾ ਮਤਲਵ ਤਹਾਨੂੰ ਲੱਭਦੇ ਸਾਂ, ਤੁਸੀ ਸਾਡੀਆਂ ਜੁੱਤੀਆਂ ਚੁੱਕ ਕੇ ਲੈ ਗਈਆਂ।"
"ਵਿਆਹੁਣ ਤਾਂ ਇਕ ਜਣਾ ਆਇਆ।" ਦੇਬੀ ਨੇ ਵੀ ਟੋਨਾ ਲਾ ਦਿੱਤਾ, " ਤੁਸੀ ਜੁੱਤੀਆਂ ਸਾਰਿਆਂ ਦੀਆਂ ਚੁੱਕ ਕੇ ਲੈ ਗਈਆਂ, ਕੀ ਇਰਾਦਾ ਹੈ ਤੁਹਾਡਾ?"
" ਸਾਨੂੰ ਤਾਂ ਇਹ ਇਕ ਕੰਜੂਸ ਹੀ ਬਥੇੜਾ।" ਇਕ ਕੁੜੀ ਨੇ ਮੇਰੇ ਵਲ ਇਸ਼ਾਰਾ ਕਰਦੇ ਕਿਹਾ, " ਅਸੀ ਹੋਰ ਤੁਹਾਡੇ ਬਾਰੇ ਕੀ ਇਰਾਦਾ ਰੱਖਣਾ।"
" ਸਾਨੂੰ ਪਤਾ ਨਹੀ ਸੀ ਕਿ ਜੀਜਾ ਜੀ ਦੀ ਜੁੱਤੀ ਕਿਹੜੀ ਹੈ।" ਹਰਨੀਤ ਦੀ ਸਕੀ ਭੈਣ ਨੇ ਸਾਫ ਹੀ ਕਿਹਾ, " ਇਸ ਲਈ ਅਸੀ ਸਾਰਿਆਂ ਦੀਆ ਜੁੱਤੀਆਂ ਹੀ ਲੈ ਗਈਆਂ।"
" ਚਲੋ ਪੈਸੇ ਕਢੋ।" ਇਕ ਹੋਰ ਨੇ ਕਿਹਾ, " ਆਪਣੀਆਂ ਜੁੱਤੀਆਂ ਲੈ ਲਉ।"
ਬੇਮਤਲਵ ਲਈ ਦਿੱਤੇ ਜਾ ਰਿਹੇ ਪੈਸੇ ਭਾਂਵੇ ਮੇਰੇ ਕਾਲਜੇ ਨੂੰ ਧੁਹ ਪਾ ਰਹੇ ਸਨ, ਫਿਰ ਵੀ ਮੈਂ ਬਾਲੀ ਹੋਰਾਂ ਨੂੰ ਕਿਹਾ, " ਜੋ ਕਹਿੰਦੀਆਂ ਹਨ, ਮੰਨ ਜਾਉ।"
" ਲੈ ਕੁੜੇ, ਲਾਂਵਾ ਲੈਣ ਤੋਂ ਬਾਅਦ ਕਿੰਨਾ ਦਲੇਰ ਬਣ ਗਿਆ।" ਪਹਿਲੀ ਕੁੜੀ ਫਿਰ ਬੋਲੀ, " ਪਹਿਲਾਂ ਡਰਦਾ ਹੋਣਾ ਕਿ ਖਬਰੇ ਰਿਵਨ ਕਟਾਈ ਦੇ ਪੈਸੇ ਲੈ ਕੇ ਫੇਰੇ ਦਿਵਾਉਣ ਹੀ ਨਾ, ਕਿਤੇ ਖਾਲੀ ਨਾ ਮੋੜ ਦੇਣ।"
ਮੈਂ ਉਸ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਦੇਬੀ ਨੂੰ ਇਸ਼ਾਰਾ ਕੀਤਾ ਕਿ ਪੈਸੇ ਦੇ ਕੇ ਗੱਲ ਮਕਾਉ।ਦੇਬੀ ਨੇ ਉਹ ਪੈਸੇ ਆਪਣੇ ਕੋਲੋ ਦੇ ਦਿੱਤੇ ਅਤੇ ਜੁੱਤੀਆਂ ਲੈ ਲਈਆਂ।
ਡੋਲੀ ਤੁਰਨ ਸਮੇਂ ਹਰਨੀਤ ਦੇ ਡੈਡੀ ਆਪਣੀ ਮਾਂ ਨੂੰ ਫੜ੍ਹ ਕੇ ਕਾਰ ਕੋਲ ਲੈ ਕੇ ਆਏ ਤਾਂ ਹਰਨੀਤ ਧਾਂਹਾ ਮਾਰ ਕੇ ਰੋਣ ਲੱਗ ਪਈ ਅਤੇ ਉਸ ਦੀ ਦਾਦੀ ਜੀ ਵੀ ਉਸ ਨੂੰ ਨਾਲ ਲਾ ਕੇ ਰੋਣ ਲੱਗ ਪਏ, ਫਿਰ ਮੇਰੇ ਮੋਢੇ ਨੂੰ ਥਪ-ਥਪੁਉਂਦੇ ਕਹਿਣ ਲੱਗੇ, " ਅਸੀ ਆਪਣੇ ਦਿਲ ਦਾ ਟੁਕੜਾ ਤੇਰੀ ਝੋਲੀ ਵਿਚ ਪਾ ਦਿੱਤਾ, ਸਾਰੀ ਉਮਰ ਇਸ ਨੂੰ ਸੰਭਾਲ ਕੇ ਰੱਖੀ।"
ਪਹਿਲਾਂ ਦਿਲ ਕੀਤਾ ਕਿ ਬੋਲਾਂ ਜੇ ਤੁਹਾਡੇ ਦਿਲ ਦਾ ਟੁਕੜਾ ਮੇਰੀ ਝੋਲੀ ਪਾੜ ਕਾ ਬਾਹਰ ਨਿਕਲ ਗਿਆ ਤਾਂ ਮੈ ਕੀ ਕਰ ਸਕਦਾ ਹਾਂ, ਪਰ ਮੈਂ ਫਿਰ ਵੀ ਕਹਿ ਦਿੱਤਾ, " ਹਾਂ ਜੀ, ਜ਼ਰੂਰ ਜੀ।"
ਕਾਰ ਤੁਰੀ ਤਾਂ ਭਾਪਾ ਜੀ ਨੇ ਪੈਸਿਆਂ ਦੀਆ ਮੁਠਾ ਭਰ ਭਰ ਕੇ ਉੱਪਰੋ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਮਨ ਕਰੇ ਕਿ ਬਾਹਰ ਨਿਕਲ ਕੇ ਉਹਨਾਂ ਦੀ ਬਾਂਹ ਫੜ ਲਵਾਂ ਅਤੇ ਕਹਾਂ, " ਡੀਬੋਰਸ ਲਈ ਕੀਤੇ ਵਿਆਹ ਲਈ ਪੈਸੇ ਦੀ ਤਬਾਹੀ ਨਾ ਕਰੋ।"
aਦੋਂ ਹੀ ਹਰਨੀਤ ਨੇ ਹਾਉਕਾ ਭਰਿਆ ਤਾਂ ਮੇਰਾ ਧਿਆਨ ਉਸ ਵੱਲ ਚਲਾ ਗਿਆ, ਜੋ ਸੱਚ-ਮੁਚ ਹੀ ਰੋ ਰਹੀ ਸੀ।ਆਪਣੇ ਬੁਆਏ-ਫਰੈਂਡ ਨੂੰ ਯਾਦ ਕਰਦੀ ਜਾਂ ਆਪਣੀ ਦਾਦੀ ਜੀ ਦੀ ਸਿਹਤ ਬਾਰੇ ਸੋਚ ਕੇ ਜਾਂ ਆਪਣੇ ਅਸਲੀ ਵਿਆਹ ਵੇਲੇ ਹੋਣ ਵਾਲੀ ਜ਼ੁਦਾਈ ਨੂੰ ਮਹਿਸੂਸ ਕਰਦੀ ਹਾਉਕੇ ਭਰ ਰਹੀ ਸੀ। ਰੋਣ ਦਾ ਕਾਰਨ ਉਹ ਹੀ ਜਾਣਦੀ ਹੋਵੇਗੀ।
4
ਮਾਂ ਨਾ ਹੋਣ ਕਾਰਨ ਮੇਰੇ ਚਾਚੀ ਜੀ ਸਾਡੇ ਤੋਂ ਪਾਣੀ ਬਾਰ ਬਾਰ ਪੀ ਰਹੇ ਸਨ।ਸਰਦਲ ਟੱਪਣ-ਸਾਰ ਹੀ ਹਰਨੀਤ ਨੇ ਸਾਰੀਆਂ ਬਜ਼ੁਰਗ ਜ਼ਨਾਨੀਆਂ ਦੇ ਪੈਰੀ ਹੱਥ ਲਾਏ ਤਾਂ ਦਾਦੀ ਜੀ ਖੁਸ਼ ਹੁੰਦੇ ਬੋਲੇ, " ਬਲਿਹਾਰੇ ਤੇਰੇ ਧੀਏ, ਕੈਨੇਡਾ ਵਰਗੇ ਦੇਸ਼ ਵਿਚ ਰਹਿ ਕੇ ਵੀ ਆਪਣੀਆਂ ਜੜ੍ਹਾ ਨਹੀ ਛੱਡੀਆਂ।"
ਵਰਾਂਡੇ ਦੀ ਚਿਪਸ ਵਾਲੀ ਫਰਸ਼ 'ਤੇ ਵਿਛਾਏ ਨਵੇ ਦਲੀਚੇ ਉੱਪਰ ਸਾਨੂੰ ਬੈਠਾ ਦਿੱਤਾ ਗਿਆ।ਤਾਏ ਦੀ ਨੂੰਹ ਮੇਰੀ ਭਰਜਾਈ ਨੇ ਦੁੱਧ ਦਾ ਗਿਲਾਸ ਮੈਨੂੰ ਫੜ੍ਹਾਂਦਿਆ ਕਿਹਾ, " ਸਾਰਾ ਨਾ ਪੀ ਜਾਂਈ, ਥੋੜ੍ਹਾ ਵਹੁਟੀ ਲਈ ਵੀ ਰਹਿਣ ਦੇਂਈ।" ਮੇਰਾ ਜੂਠਾ ਦੁੱਧ ਹਰਨੀਤ ਕਿਵੇ ਪੀਵੇਗੀ ਇਹ ਸੋਚਦਿਆਂ ਮੈ ਕਿਹਾ, " ਇਸ ਨੂੰ ਹੋਰ ਲਿਆ ਦੇਵੋ।"
"ਤੇਰੇ ਗਿਲਾਸ ਵਿਚੋਂ ਹੀ ਇਸ ਨੂੰ ਪਿਲਾਉਣਾ ਹੈ।" ਚਾਚੀ ਜੀ ਨੇ ਕਿਹਾ, " ਇਹ ਵੀ ਇਕ ਰਸਮ ਹੈ।"
" ਸਾਡੇ ਸਾਹਮਣੇ ਨਖਰੇ ਨਾ ਕਰ।" ਭਾਬੀ ਨੇ ਇਹ ਕਹਿੰਦਿਆ ਮੇਰੇ ਹੱਥੋਂ ਗਿਲਾਸ ਫੜ੍ਹ ਹਰਨੀਤ ਦੇ ਮੂੰਹ ਨੂੰ ਲਾ ਦਿੱਤਾ।ਮੈਂ ਹੈਰਾਨ ਸਾਂ ਹਰਨੀਤ ਬਿਨਾ ਕਿਸੇ ਝਿਜਕ ਦੁੱਧ ਪੀ ਗਈ।
ਥੋੜ੍ਹੇ ਪ੍ਰਹਾਉਣੇ ਤਾਂ ਵਿਆਹ ਦੀ ਰੋਟੀ ਤੋਂ ਬਾਅਦ ਘਰਾਂ ਨੂੰ ਵਾਪਸ ਚਲੇ ਗਏ ਸਨ, ਪਰ ਫਿਰ ਵੀ ਲਾਗੇ ਦੇ ਰਿਸ਼ਤੇਦਾਰ ਘਰ ਹੀ ਸਨ। ਭੂਆ ਹੋਰੀ ਤਾਂ ਚਾਚਾ ਜੀ ਘਰ ਸੋਣ ਲਈ ਜਾ ਰਹੇ ਸਨ ਤਾਂ ਦਾਦੀ ਜੀ ਉਹਨਾਂ ਨੂੰ ਕਹਿ ਰਹੇ ਸਨ, " ਬੀਬੀ, ਸਵੇਰੇ ਸਾਜਰੇ ਹੀ ਇੱਧਰ ਆ ਜਾਇਉ, ਚਾਹ ਇੱਥੇ ਆ ਕੇ ਹੀ ਪੀਉ।"
" ਮੇਰੀ ਤਾਂ ਤੜਕੇ ਹੀ ਅੱਖ ਖੁਲ੍ਹ ਜਾਂਦੀ ਹੈ।" ਭੂਆ ਜੀ ਜ਼ਵਾਬ ਦੇ ਰਹੇ ਸਨ, " ਮੈ ਤਾਂ ਗੁਰੂ ਘਰ ਮੱਥਾ ਟੇਕ ਕੇ ਸਿਧੀ ਹੀ ਆ ਜਾਊਂਗੀ, ਬਾਕੀ ਟੱਬਰ-ਟੀਰ ਮਗਰੋਂ ਆ ਜਾਵੇਗਾ।"
ਮੇਰੇ ਕਾਲਜ ਦੇ ਦੋਸਤ ਮੇਰੇ ਪਿੰਡ ਵਾਲੇ ਮਿਤਰ ਦੇਬੀ ਦੇ ਘਰ ਚਲੇ ਗਏ।ਹਰਨੀਤ ਦਾ ਭਰਾ ਅਤੇ ਚਾਚੇ ਦਾ ਮੁੰਡਾ ਵਿਆਹ ਤੋਂ ਬਾਅਦ ਜੋ ਸਾਡੇ ਨਾਲ ਹੀ ਆ ਗਏ ਸਨ।ਉਹਨਾਂ ਨੂੰ ਵੀ ਦੇਬੀ ਨਾਲ ਹੀ ਲੈ ਗਿਆ।ਇਹਨਾਂ ਨੂੰ ਨਾਲ ਆਉਂਦੇ ਦੇਖ ਕੇ ਮੈਂ ਹੈਰਾਨ ਵੀ ਸਾਂ ਅਤੇ ਹੌਲੀ ਅਜਿਹੀ ਭਾਬੀ ਨੂੰ ਪੁੱਛਿਆ, " ਇਹ ਕਿਉਂ ਸਾਡੇ ਨਾਲ ਜਾ ਰਹੇ ਨੇ?"
"ਪਹਿਲੇ ਦਿਨ ਜਦੋਂ ਕੁੜੀ ਸੁਹਰਿਆਂ ਦੇ ਜਾਵੇ ਤਾਂ ਭਰਾ ਨਾਲ ਜਾਂਦਾ ਹੈ।" ਭਾਬੀ ਹੱਸਦੀ ਹੋਈ ਮੇਰੇ ਵਾਂਗ ਹੀ ਹੌਲੀ ਅਜਿਹੀ ਬੋਲੀ, " ਤੂੰ ਫਿਕਰ ਨਾ ਕਰ,ਤਹਾਨੂੰ ਨੂੰ ਕਿੱਥੇ ਸਲਾਉਣਾ ਹੈ ਇਹ ਮੇਰਾ ਜ਼ਿੰਮਾ ਹੈ।"
ਭਾਬੀ ਨੇ ਸਾਡੇ ਸੌਣ ਦਾ ਇੰਤਜ਼ਾਮ ਉਪੱਰ ਚੁਬਾਰੇ ਦੇ ਦੋ ਕਮਰਿਆਂ ਵਿਚੋਂ ਇਕ ਵਿਚ ਕਰ ਦਿੱਤਾ।ਪਹਿਲਾਂ ਤਾਂ ਸਾਡੇ ਚੁਬਾਰੇ ਦਾ ਇਕ ਹੀ ਕਮਰਾ ਸੀ। ਪਿੱਛੇ ਅਜਿਹੇ ਭਾਪਾ ਜੀ ਨੇ ਇਕ ਹੋਰ ਨਵਾ ਕਮਰਾ ਤਿਆਰ ਕਰਵਾਇਆ ਅਤੇ ਇਸ ਵਿਚ ਹੀ ਗੁਸਲਖਾਨਾ ਵੀ ਬਣਾਇਆ ਸੀ।ਇਸ ਕਮਰੇ ਨੂੰ ਹੀ ਮੈ ਆਪਣਾ ਪੱਕਾ ਟਿਕਾਣਾ ਬਣਾ ਲਿਆ ਸੀ। ਇਸ ਵਿਚ ਹੀ ਸੋਣਾ, ਪੜ੍ਹਨਾ ਅਤੇ ਕੋਈ ਦੋਸਤ- ਮਿੱਤਰ ਵੀ ਆ ਜਾਵੇ ਤਾਂ ਇਸ ਵਿਚ ਹੀ ਬਿਠਾਉਣਾ।ਵਿਆਹ ਤੋਂ ਪਹਿਲਾਂ ਜਦੋਂ ਦਾਦੀ ਜੀ ਅਤੇ ਰਾਣੋ ਇਸ ਨੂੰ ਸਜਾਇਆ ਤਾਂ ਪਤਾ ਮੈਨੂੰ ਵੀ ਲੱਗ ਗਿਆ ਕਿ ਇਹ ਹੀ ਸਾਡਾ ਸੌਣ ਵਾਲਾ ਕਮਰਾ ਹੋਵੇਗਾ।ਪਰ ਇਸ ਕਮਰੇ ਨੂੰ ਦੇਖਦਾ ਮੈਂ ਭੁੱਲ ਹੀ ਗਿਆ ਸਾਂ ਕਿ ਨਕਲੀ ਵਿਆਹ ਨੂੰ ਸਜੇ ਕਮਰੇ ਦੀ ਕੀ ਲੌੜ?
ਭਾਬੀ ਹਰਨੀਤ ਨੂੰ ਲੈ ਕੇ ਉੱਪਰ ਚਲੀ ਗਈ। ਉੱਪਰ ਜਾਣ ਤੋਂ ਟਾਲ- ਮਟੋਲ ਕਰਦਾ ਮੈਨੂੰ ਦੇਖ ਗੁਵਾਢਣ ਤਾਈ ਜੀ ਨੇ ਸ਼ੱਕ ਅਜਿਹੀ ਨਜ਼ਰ ਨਾਲ ਮੈਨੂੰ ਦੇਖਿਆ ਤਾਂ ਮੈਂ ਪੌੜੀਆਂ ਵੱਲ ਨੂੰ ਤੁਰ ਪਿਆ।ਕਮਰੇ ਵਿਚ ਦਾਖਲ ਹੋਣ ਤੋਂ ਪਹਿਲਾਂ ਦਰਵਾਜ਼ਾ ਖੁੱਲ੍ਹੇ ਹੋਣ ਦੇ ਬਾਵਜ਼ੂਦ ਵੀ ਮਂੈ ਦਸਤੱਕ ਕੀਤੀ, " ਏਨੀ ਵੀ ਤੈਨੂੰ ਕੀ ਕਾਹਲੀ ਆ?" ਭਾਬੀ ਨੇ ਮੈਨੂੰ ਛੇੜਦਿਆਂ ਅਵਾਜ਼ ਦਿੱਤੀ, " ਆ ਜਾ, ਆ ਜਾ , ਬਗ਼ੈਰ ਕਿਸੇ ਡਰ ਦੇ।" ਮੈਂ ਦਿਖਾਵੇ ਵਜੋਂ ਮੁਸਕ੍ਰਾ ਪਿਆ।" ਮਂੈ ਜਾ ਰਹੀ ਹਾਂ।" ਭਾਬੀ ਨੇ ਵਾਰਨਿੰਗ ਅਜਿਹੀ ਦੇਂਦਿਆਂ ਆਖਿਆ, " ਦਹੀਂ ਦੇ ਫੁੱਟ ਵਰਗੀ ਵਹੁਟੀ ਮਿਲੀ ਹੈ, ਦੇਵਰ ਜੀ, ਜਰਾ ਕੁ ਸੰਭਲ ਕੇ…।" ਇਸ ਗੱਲ ਨਾਲ ਮੇਰੀ ਨਿਗਹ ਨਾ ਚਾਹੁੰਦਿਆ ਹੋਇਆ ਵੀ ਹਰਨੀਤ 'ਤੇ ਚਲੀ ਗਈ, ਜੋ ਬੁੱਲਾ ਵਿਚ ਹੱਸੀ।ਭਾਬੀ ਦੇ ਜਾਣ ਤੋਂ ਬਾਅਦ ਹਰਨੀਤ ਨੇ ਇਕਦਮ ਮੈਨੂੰ ਕਿਹਾ, " ਤੁਸੀ ਸੋਣਾ ਕਿੱਥੇ ਆ?"
ਆਪਣੇ ਸੋਣ ਦਾ ਪ੍ਰਬੰਧ ਨਾ ਕੀਤੇ ਹੋਣ ਦੇ ਵਾਬਜ਼ੂਦ ਵੀ ਮਂੈ ਕਿਹਾ, " ਤੁਸੀ ਘਬਰਾਉ ਨਾ, ਮਂੈ ਆਪਣਾ ਇੰਤਜਾਮ ਕੀਤਾ ਹੋਇਆ ਹੈ।"
" ਠੀਕ ਹੈ ਫਿਰ।" ਉਸ ਨੇ ਆਪਣੇ ਕੰਨਾ ਵਿਚੋਂ ਕਾਂਟੇ ਉਤਾਰ ਦੇ ਕਿਹਾ, "ਤੁਸੀ ਬਹੁਤ ਸੋਹਣਾ ਰੋਲ ਨਿਭਾ ਰਹੇ ਹੋ।" ਦਿਲ ਕਰੇ ਕਿ ਕਹਾਂ ਤੇਰੇ ਰੋਲ ਤੋਂ ਵਧੀਆ ਨਹੀ ਹੋ ਸਕਦਾ, ਪਰ ਮੈਂ ਚੁੱਪ ਰਿਹਾ। ਬਿਸਤਰੇ ਤੇ ਪਏ ਦੋ ਸਰਾਣਿਆ ਵਿਚੋਂ ਇਕ ਨੂੰ ਚੁੱਕਦੇ ਮਂੈ ਕਿਹਾ, " ਮਂੈ ਨਾਲ ਵਾਲੇ ਕਮਰੇ ਵਿਚ ਹੀ ਹਾਂ, ਕਿਸੇ ਚੀਜ਼ ਦੀ ਜ਼ਰੂਰਤ ਪਵੇ ਤਾਂ ਦਸ ਦੇਣਾ।" ਮੇਰੇ ਦਹਿਲੀਜ਼ ਟੱਪਣ ਦੀ ਹੀ ਦੇਰ ਸੀ ਕਿ ਅੰਦਰੋਂ ਚਿਟਕਣੀ ਲੱਗਣ ਦੀ ਅਵਾਜ਼ ਆਈ।ਨਾਲ ਵਾਲੇ ਕਮਰੇ ਵਿਚ ਸਿਰਫ ਸੋਫਾ ਤੇ ਕੁਰਸੀਆਂ ਸਨ। ਕੋਈ ਖਾਸ ਮਹਿਮਾਨ ਆਉਣ ਤੇ ਹੀ ਇਸ ਕਮਰੇ ਦੀ ਵਰਤੋਂ ਹੁੰਦੀ ਸੀ।ਕੱਪੜੇ ਬਦਲੇ ਬਿਨਾ ਹੀ ਮੈਂ ਸੋਫੇ ਤੇ ਡਿੱਗ ਅਜਿਹਾ ਪਿਆ, ਪਰ ਉਸ ਵੇਲੇ ਹੀ ਠੰਡ ਨੇ ਮੈਨੂੰ ਘੇਰਾ ਪਾ ਲਿਆ।ਸਾਰਾ ਦਿਨ ਦੀ ਥਕਾਵਟ ਨੇ ਆਪਣਾ ਜ਼ੋਰ ਪਾਇਆ ਹੋਇਆ ਸੀ।ਅਜ਼ੀਵ ਅਜਿਹੀ ਹਾਲਤ ਵਿਚ ਕੁਰਸੀਆਂ ਦੀਆਂ ਗੱਦੀਆਂ ਨਾਲ ਆਪਣੇ ਆਪ ਨੂੰ ਢੱਕਣ ਦੀ ਕੋਸ਼ਿਸ਼ ਕੀਤੀ, ਪਰ ਬੇਕਾਰ।ਠੰਡ ਤੋਂ ਬਚਨ ਲਈ ਉਪਰਾਲਾ ਕਰਦਿਆਂ ਸਾਹਮਣੀ ਕੰਧ ਵਿਚ ਬਣੀ ਅਲਮਾਰੀ ਖੋਲ੍ਹੀ ਤਾਂ ਚੰਗੇ ਭਾਗਾਂ ਨੂੰ ਇਕ ਪਰਾਣਾ ਡੱਬੀਆਂ ਵਾਲਾ ਕੰਬਲ ਲੱਭ ਪਿਆ, ਜਿਸ ਨਾਲ ਰਾਤ ਥੌੜ੍ਹਾ ਸੌਖੀ ਕੱਟੀ ਗਈ।
5
ਤੜਕੇ ਜਾਗ ਆਈ ਤਾਂ ਸੋਚਿਆ ਹੁਣੇ ਹੀ ਥੱਲੇ ਗੁਸਲਖਾਨੇ ਜਾ ਕੇ ਨਾ-ਧੋ ਆਵਾਂ ਤਾਂ ਜੋ ਕਿਸੇ ਨੰ ਸ਼ੱਕ ਨਾ ਪਵੇ।ਨਹਾ ਕੇ ਗੁਸਲਖਾਨੇ ਤੋਂ ਬਾਹਰ ਨਿਕਲਿਆ ਹੀ ਸੀ ਕਿ ਦਾਦੀ ਜੀ ਆ ਗਏ, "ਕਾਕਾ, ਤੂੰ ਹੁਣੇ ਹੀ ਉੱਠ ਖੜ੍ਹਾ ਹੋਇਆ, ਇੱਥੇ ਨਾਤਾ ,ਉੱਪਰ ਗੁਸਲਖਾਨੇ..।"
ਮੈ ਵਿਚ ਹੀ ਬੋਲ ਪਿਆ, " ਹਰਨੀਤ ਅਜੇ ਸੁੱਤੀ ਪਈ ਸੀ, ਸੋਚਿਆ ਕਾਹਨੂੰ ਖੜਕਾ ਕਰਨਾ।"
" ਤੂੰ ਵੀ ਹੋਰ ਸੌਂ ਲੈਂਦਾ।" ਦਾਦੀ ਜੀ ਨੇ ਕਿਹਾ, " ਰਾਤ ਵੀ ਸੋਣ ਨੂੰ ਕੁਵੇਲਾ ਹੋ ਗਿਆ ਹੋਵੇਗਾ, ਹੁਣ ਤਾਂ ਅਰਾਮ ਕਰ ਲੈਂਦਾ।"
" ਕੋਈ ਨਹੀ, ਮੈ ਹੁਣ ਮੁੜ ਪੈ ਜਾਂਦਾ ਹਾਂ।" ਪੌੜੀਆਂ ਵੱਲ ਨੂੰ ਜਾਂਦੇ ਕਿਹਾ, " ਹਰਨੀਤ ਨੂੰ ਉਠਾਲ ਦਿਆਂ।"
" ਨਾ ਕਾਹਨੂੰ।" ਦਾਦੀ ਜੀ ਨੇ ਜ਼ਵਾਬ ਦਿੱਤਾ, " ਕਮਲਾ ਨਾ ਹੋਵੇ ਤਾਂ, ਤੂੰ ਹੁਣ ਉੱਪਰ ਨਾ ਜਾ, ਘੜੀ ਮੁੜੀ ਉਸ ਵਿਚਾਰੀ ਦੀ ਨੀਂਦ ਖਰਾਬ ਕਰਨ ਲੱਗਾ ਆ, ਮੇਰੇ ਬਿਸਤਰੇ ਤੇ ਘੜੀ ਦੋ ਘੜੀ ਪੈ ਲਾ, ਮਂੈ ਤਾਂ ਹੁਣ ਪੈਣਾ ਨਹੀ, ਨਾਹ ਕੇ ਪਾਠ ਕਰਨ ਲੱਗੀ ਆ।"
ਮੈਂ ਅਰਾਮ ਨਾਲ ਦਾਦੀ ਜੀ ਦੇ ਬਿਸਤਰੇ ਵਿਚ ਘੂਕ ਸੋਂ ਗਿਆ।
" ਮਨਮੀਤ, ਉੱਠ ਕੇ ਵਹੁਟੀ ਲਈ ਚਾਹ ਲੈ ਜਾ।" ਭੂਆ ਜੀ ਦੀ ਅਵਾਜ਼ ਸੁਣ ਕੇ ਚਾਹ ਲੈ ਕੇ ਉੱਪਰ ਗਿਆ ਤਾਂ ਦੇਖਿਆ ਤਾਂ ਹਰਨੀਤ ਉੱਠ ਚੁੱਕੀ ਸੀ, ਪਰ ਅਜੇ ਵੀ ਆਪਣੀ ਨਾਈਟੀ ਵਿਚ ਹੀ ਸੀ। ਉਸ ਦਾ ਚਿਹਰਾ ਮੇਅਕੱਪ ਤੋਂ ਬਗ਼ੈਰ ਵੀ ਚਮਕ ਰਿਹਾ ਸੀ।ਚਾਹ ਦੇਖ ਕੇ ਕਹਿਣ ਲੱਗੀ, " ਔਰੰਜ ਜੂਸ ਮਿਲ ਸਕਦਾ ਹੈ।"
" ਥੱਲਿਉਂ ਲਿਆ ਦਿੰਦਾ ਹਾਂ।" ਵੈਸੇ ਤਾਂ ਅਸੀ ਸਾਰੇ ਸਵੇਰੇ ਚਾਹ ਹੀ ਪੀਂਦੇ ਸਾਂ, ਵਿਆਹ ਤੋਂ ਪਹਿਲਾ ਹੀ ਪਿਤਾ ਜੀ ਨੇ ਦੋ ਬੋਤਲਾਂ ਔਰੰਜ਼ ਜੂਸ ਦੀਆਂ ਇਸੇ ਕਰਕੇ ਲਿਆਏ ਸੀ ਕਿ ਕੁੜੀ ਕੈਨੇਡਾ ਦੀ ਆ।
" ਚੱਲੋ, ਕੋਈ ਗੱਲ ਨਹੀ, ਰਹਿਣ ਦਿਉ।" ਉਸ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕਿਹਾ, " ਹਾਂ, ਸੱਚ ਮਂੈ ਤੁਹਾਨੂੰ ਕਹਿਣਾ ਸੀ ਕਿ ਔਖੇ-ਸੌਖੇ ਹੋ ਕੇ ਦੋ –ਚਾਰ ਦਿਨ ਇਸ ਤਰਾਂ ਹੀ ਕੱਟ ਲਿਉ, ਫਿਰ ਮੈਂ ਚਲੇ ਹੀ ਜਾਣਾ ਹੈ, ਜੂ ਨੋ ਬਟ ਆਈ ਮੀਨ…।
" ਹਾਂ ਜੀ, ਮਂੈ ਸਮਝ ਗਿਆ।"
ਥੱਲੇ ਗਿਆਂ ਤਾਂ ਦੇਬੀ ਹਰਨੀਤ ਦੇ ਭਰਾਵਾ ਨਾਲ ਖੜਾ ਸੀ।ਉਸ ਨੇ ਮੈਨੂੰ ਦੇਖਦੇ ਸਾਰ ਹੀ ਕਿਹਾ, " ਇਹ ਵਾਪਸ ਜਾ ਰਹੇ ਸਨ ਕਿ ਮੈਂ ਕਿਹਾ ਉਧਰ ਮਿਲ ਕੇ ਜਾਇਉ।"
ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਦਾਦੀ ਜੀ ਬੋਲੇ, " ਅਸੀ ਵੀ ਤਾਂ ਠਹਿਰ ਕੇ ਤੁਹਾਡੇ ਪਿੰਡ ਜਾਣਾ ਹੈ ਸ਼ਾਡੇ ਨਾਲ ਹੀ ਚਲੇ ਜਾਇਉ।"
" ਬੀਜ਼ੀ, ਤੁਸੀ ਤਾਂ ਅਜੇ ਠਹਿਰ ਕੇ ਜਾਣਾ ਹੋਵੇਗਾ।" ਹਰਨੀਤ ਦੇ ਚਾਚੇ ਦਾ ਮੁੰਡਾ ਬੋਲਿਆ, " ਸਾਨੂੰ ਤਾਂ ਹੁਣ ਹੀ ਜਾਣਾ ਪੈਣਾ ਹੈ। ਤਾਇਆ ਜੀ ਨੇ ਤਾਂ ਸਾਨੂੰ ਕੱਲ੍ਹ ਹੀ ਮੁੜ ਆਉਣ ਨੂੰ ਕਿਹਾ ਸੀ, ਪਰ ਰਾਤ ਅਸੀ ਤੁਹਾਡੇ ਕਹਿਣ ਤੇ ਰੁਕ ਗਏ।"
"ਚਲੋ ਪੁੱਤ, ਜਿਵੇ ਤੁਹਾਡੀ ਮਰਜ਼ੀ।" ਦਾਦੀ ਜੀ ਨੇ ਕਿਹਾ, " ਪਰ ਜ਼ਰਾ ਰੁਕਿਉ,ਮੈਂ ਹੁਣੇ ਹੀ ਆਉਂਦੀ ਹਾਂ।"
ਛੇਤੀ ਹੀ ਦਾਦੀ ਜੀ ਅੰਦਰ ਗਏ ਅਤੇ ਕੱਪੜੇ ਅਤੇ ਪੈਸੇ ਲਿਆ ਕੇ ਹਰਨੀਤ ਦੇ ਭਰਾਵਾਂ ਨੂੰ ਦੇਣ ਲੱਗ ਪਏ , " ਆ ਲਉ ਪੁੱਤ ਆਪਣਾ ਸ਼ਗਨ।"
" ਅਸੀ ਨਹੀ ਕੁਝ ਲੈਣਾ।" ਹਰਨੀਤ ਦੇ ਭਰਾ ਨੇ ਕਿਹਾ, " ਡੈਡੀ ਨੇ ਸਾਨੂੰ ਗੁੱਸੇ ਹੋਣਾ ਆ।"
"ਬੀਜ਼ੀ, ਰਹਿਣ ਦਿਉ ਜੇ ਨਹੀ ਲੈਣਾ ਚਾਹੁੰਦੇ।" ਮੈਂ ਵਿਚੋਂ ਹੀ ਬੋਲਿਆ, " ਨਾਲੇ ਇਹ ਮੋਟਰਸਾਈਕਲ 'ਤੇ ਜਾ ਰਹੇ ਨੇ ਕਿੱਥੇ ਚੁੱਕੀ ਫਿਰਨਗੇ ਆਹ ਕੱਪੜਿਆਂ ਵਾਲਾ ਥੈਲਾ।"
ਮੇਰੀ ਇਸ ਗੱਲ ਉੱਪਰ ਦਾਦੀ ਜੀ ਨੇ ਘੂਰੀ ਅਜਿਹੀ ਵੱਟ ਕੇ ਮੇਰੇ ਵੱਲ ਦੇਖਿਆ ਅਤੇ ਮੈਂ ਬੋਲਣਾ ਚਾਹੁੰਦਾ ਹੋਇਆ ਵੀ ਨਾ ਬੋਲ ਸਕਿਆ।
" ਇਹ ਕਿਹੜਾ ਬਹੁਤਾ ਭਾਰਾ ਆ।" ਦਾਦੀ ਜੀ ਨੇ ਹਰਨੀਤ ਦੇ ਭਰਾ ਨੂੰ ਥੇਲਾ ਫੜਾਉਂਦੇ ਕਿਹਾ, " ਇਸ ਨੂੰ ਫੜ੍ਹ ਕੇ ਪਿੱਛੇ ਬੈਠ ਜਾਹ।"
" ਜੇ ਜ਼ਰੂਰੀ ਹੀ ਹੈ ਤਾਂ ਇਹ ਕੱਪੜੇ ਲੈ ਲੈਂਦੇ ਹਾਂ।" ਹਰਨੀਤ ਦੇ ਚਾਚੇ ਮੁੰਡੇ ਨੇ ਥੇਲਾ ਫੜ੍ਹਦੇ ਕਿਹਾ, " ਹਰਨੀਤ ਕਿੱਥੇ ਹੈ? ਜਾਣ ਤੋਂ ਪਹਿਲਾਂ ਅਸੀ ਉਸ ਨੂੰ ਵੀ ਮਿਲ ਲੈਂਦੇ।"
" ਉੱਪਰ ਹੈ।" ਦਾਦੀ ਜੀ ਨੇ ਚੁਬਾਰੇ ਵੱਲ ਇਸ਼ਾਰਾਂ ਕਰਦੇ ਕਿਹਾ, " ਮਨਮੀਤ, ਲੈ ਜਾਹ ਇਹਨਾਂ ਨੂੰ ਹਰਨੀਤ ਕੋਲ।"
ਜਦੋਂ ਉੱਪਰ ਗਏ, ਮੈਂ ਪਉੜੀਆਂ ਕੋਲੋ ਹੀ ਇਸ਼ਾਰਾ ਕਰ ਦਿੱਤਾ ਕਿ ਉਸ ਕਮਰੇ ਵਿਚ ਹਰਨੀਤ ਹੈ ਅਤੇ ਆਪ ਮੈਂ ਉਹਨੀ ਪੈਰੀ ਹੀ ਪਉੜੀਆਂ ਉਤਰਨ ਲੱਗਾ।
ਚਾਹ ਦਾ ਕੱਪ ਫੜ੍ਹ ਕੇ ਰਸੌਈ ਤੋਂ ਬਾਹਰ ਹੀ ਨਿਕਲਿਆ ਸੀ ਕਿ ਹਰਨੀਤ ਦੇ ਭਰਾ ਉਸ ਨੂੰ ਮਿਲ ਕੇ ਮੁੜ ਵੀ ਆਏ ਗਏ। ਇਨ ਕੁ ਚਿਰ ਵਿਚ ਕੈਨੇਡਾ ਵਾਲੀ ਹਾਏ-ਬਾਏ ਹੀ ਹੋਈ ਹੋਵੇਗੀ ਹੋਰ ਗੱਲ ਤਾਂ ਕੀ ਹੋਈ ਹੀ ਨਹੀ ਸਕਦੀ।ਸਾਨੂੰ ਵੀ ਸਤ-ਸਲਾਮ ਕਰਕੇ ਛੇਤੀ ਹੀ ਉਹ ਵਾਪਸ ਆਪਣੇ ਪਿੰਡ ਨੂੰ ਚਲੇ ਗਏ।
ਉਹਨਾਂ ਦੇ ਜਾਣ ਤੋਂ ਬਾਅਦ ਦਾਦੀ ਜੀ ਕਹਿਣ ਲੱਗੇ, " ਮਨਮੀਤ, ਤੂੰ ਵੀ ਛੇਤੀ ਤਿਆਰ ਹੋ ਜਾ ਅਤੇ ਹਰਨੀਤ ਨੂੰ ਕਹਿ ਉਹ ਵੀ ਤਿਆਰ ਹੋ ਜਾਵੇ,ਜਠੇਰੇ ਦੀ ਮੜ੍ਹੀ ਉੱਪਰ ਮੱਥਾ ਟੇਕ ਆਈਏ।" ਦਾਦੀ ਜੀ ਦੀਆਂ ਇਸ ਤਰਾਂ ਦੀਆਂ ਗੱਲਾਂ ਨੂੰ ਮੈਂ ਬਿਲਕੁਲ ਵੀ ਪਸੰਦ ਨਹੀ ਕਰਦਾ ਅਤੇ ਕਹਿ ਵੀ ਦਿੱਤਾ, " ਬੀਜ਼ੀ, ਤਹਾਨੂੰ ਪਤਾ ਤਾਂ ਹੈ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਮੈਂ ਕਿਸੇ ਨੂੰ ਮੱਥਾ ਨਹੀ ਟੇਕਦਾ।"
" ਜਠੇਰਿਆਂ ਦੇ ਜਾਣ ਤੋਂ ਪਹਿਲਾਂ ਅਸੀ ਗੁਰਦੁਆਰੇ ਵੀ ਜਾਣਾ ਆ।" ਦਾਦੀ ਜੀ ਨੇ ਕਿਹਾ, " ਗੁਰੂ ਨੂੰ ਤਾਂ ਪਹਿਲਾਂ ਧਿਆ ਕੇ ਫਿਰ ਹੀ ਜਠੇਰਿਆਂ ਨੂੰ ਪੂਜਣਾ ਆ।"
" ਗੁਰੂ ਨੇ ਹੀ ਦੱਸਿਆ ਹੈ ਕਿ ਮੜੀਆਂ- ਮੂਰਤੀਆਂ ਨੂੰ ਪੂਜਣ ਦਾ ਕੋਈ ਫਾਇਦਾ ਨਹੀ।" ਮੈਂ ਭਾਈ ਜੀ ਤੋਂ ਸੁਣੀਆਂ ਗੱਲਾਂ ਦਾ ਆਸਰਾ ਲੈ ਕੇ ਕਿਹਾ, " ਮੇਰਾ ਮੱਥਾ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਹੋਰ ਕਿਸੇ ਅੱਗੇ ਝੁੱਕਦਾ ਹੀ ਨਹੀ।"
" ਤੂੰ ਮੱਥਾ ਨਾ ਟੇਕੀ।" ਦਾਦੀ ਕਹਿਣ ਲੱਗੇ, " ਆਟਾ ਤਾਂ ਚੜ੍ਹਾ ਦੇਵੀ।"
" ਇਹ ਪਾਖੰਡ ਮੈਨੂੰ ਨਹੀ ਚੰਗੇ ਲੱਗਦੇ।"
" ਮਨਮੀਤ, ਏਦਾ ਨਹੀ ਕਹੀਦਾ।" ਪਿੱਛੋਂ ਆਉਂਦੀ ਮੇਰੀ ਭਾਪਾ ਜੀ ਦੀ ਭੂਆ ਨੇ ਗੱਲ ਸੁਣ ਕੇ ਕਿਹਾ, " ਜਠੇਰੇ ਗੁੱਸੇ ਹੋ ਜਾਣਗੇ।"
" ਉਹ ਕਾਹਦੇ ਜਠੇਰੇ ਜੋ ਮੇਰੀ ਇੰਂਨੀ ਕੁ ਗੱੱਲ ਸੁਣ ਕੇ ਗੁੱਸੇ ਹੋ ਜਾਣਗੇ।"
" ਬੀਜ਼ੀ, ਮਨਮੀਤ ਨੇ ਆਪੇ ਤੁਰ ਪੈਣਾ ਤੁਸੀ ਫਿਕਰ ਨਾ ਕਰੋ, " ਭਾਬੀ ( ਚਾਚੇ ਦੀ ਨੂੰਹ)ਜੋ ਪਉੜੀਆਂ ਉੱਤਰ ਰਹੀ ਸੀ ਬੋਲੀ, " ਹਰਨੀਤ ਜਾਣ ਨੂੰ ਤਿਆਰ ਆ।ਉਹ ਕਹਿੰਦੀ ਉਸ ਨੂੰ ਕੋਈ ਮਾਂਈਡ ਨਹੀ ਜਠੇਰਿਆਂ ਨੂੰ ਪੂਜਣ ਵਿਚ।"
"ਮਨਮੀਤ, ਸੁਣ ਲੈ।" ਦਾਦੀ ਜੀ ਖੁਸ਼ ਹੋ ਕੇ ਬੋਲੇ, " ਉਹ ਕੈਨੇਡਾ ਤੋਂ ਆਈ ਆ, ਫਿਰ ਵੀ ਇਹ ਗੱਲਾਂ ਮੰਨਦੀ ਆ, ਇਕ ਤੂੰ ਆ ਜੋ ਇਹਨਾਂ ਗੱਲਾਂ ਵਿਚ ਯਕੀਨ ਹੀ ਨਹੀ ਰੱਖਦਾ।"
" ਮੈਂ ਉਸ ਨੂੰ ਪੁੱਛ ਕੇ ਆਉਂਦਾ ਕਿ ਸੱਚੀ ਉਹ ਇਹਨਾਂ ਪਖੰਡਾ ਨੂੰ ਮੰਨਦੀ ਆ।" ਇਹ ਕਹਿ ਮੈਂ ਠੱਪ –ਠੱਪ ਕਰਕੇ ਚੁਬਾਰੇ ਦੀਆਂ ਪਉੜੀਆਂ ਚੜ੍ਹਨ ਲੱਗਾ।
" ਉੱਪਰ ਜਾ ਕੇ ਉਸ ਨੂੰ ਵੀ ਰੋਕ ਨਾ ਦੇਂਵੀ।" ਦਾਦੀ ਜੀ ਥੱਲਿਉ ਬੁੜਬੁੜਾ ਰਹੇ ਸਨ, " ਸ਼ੁਕਰ ਆ ਕੁੜੀ ਤਾਂ ਚੰਗੀ ਮਿਲੀ, ਜੋ ਪੁਰਾਣੀਆਂ ਗੱਲਾਂ ਮੰਨਦੀ ਆ।"
ਦਿਲ ਤਾਂ ਕਰੇ ਕਿ ਦਾਦੀ ਜੀ ਨੂੰ ਦੱਸਾਂ ਕਿ ਗੱਲਾਂ ਪੁਰਾਣੀਆਂ ਹੋਣ ਜਾਂ ਨਵੀਆਂ ਪਰ ਤੱਤ ਵਾਲੀਆਂ ਜ਼ਰੂਰ ਹੋਣੀਆਂ ਚਾਹੀਦੀਆਂ, ਫਿਰ ਤਾਂ ਮੈਂਨੂੰ ਵੀ ਮੰਨਣ ਵਿਚ ਕੋਈ ਹਰਜ਼ ਨਹੀ। ਪਰ ਮੈਂ ਕੁਝ ਨਹੀ ਕਿਹਾ ਅਤੇ ਸਿਧਾ ਹਰਨੀਤ ਦੇ ਕਮਰੇ ਵੱਲ ਨੂੰ ਤੁਰੀ ਗਿਆ। ਅੱਧਖੁਲ੍ਹੇ ਦਰਵਾਜ਼ੇ ਨੂੰ ਨਰਮ ਅਜਿਹਾ ਖੜਕਾਇਆ ਤਾਂ ਅੰਦਰੋਂ ਨਰਮ ਅਜਿਹੀ ਅਵਾਜ਼ ਆਈ, " ਕਮ ਇਨ।"
ਪੂਰਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੋਇਆ ਤਾਂ ਦੇਖਾਂ ਹਰਨੀਤ ਸਚ-ਮੁਚ ਹੀ ਤਿਆਰ ਹੋਈ ਕਿਸੇ ਫਿਲਮੀ ਹੀਰੋਇਨ ਤੋਂ ਘੱਟ ਨਹੀ ਸੀ ਲੱਗ ਰਹੀ। aਸ ਦੇ ਪਾਇਆ ਸਿਲਕ ਦਾ ਨਾਬੀ ਰੰਗਾ ਸੂਟ ਗੋਰੇ ਰੰਗ ਵਿਚ ਮਿਲ ਕੇ ਇਕ ਵੱਖਰੀ ਰੋਸ਼ਨੀ ਕਮਰੇ ਵਿਚ ਖਿਲਾਰ ਰਿਹਾ ਸੀ।ਇਸ ਰੋਸ਼ਨੀ ਤੋਂ ਆਪਣੇ ਆਪ ਨੂੰ ਬਚਾਉਂਦਾ ਮੈਂ ਬੋਲਿਆ, " ਤੁਸੀ ਜਠੇਰਿਆਂ ਦੇ ਜਾਣਾ ਮੰਨ ਗਏ।"
" ਜੈਸ।" ਉਸ ਨੇ ਮੈਂਨੂੰ ਦੇਖੇ ਬਗੈਰ ਹੀ ਕਿਹਾ, " ਤੁਹਾਡੀ ਭਾਬੀ ਜੀ ਨੇ ਪੁੱਛਿਆ ਤਾਂ ਮੈ ਕਿਹਾ, ਉ.ਕੇ।"
" ਤਹਾਨੂੰ ਪਤਾ ਹੈ ਕਿੱਥੇ ਜਾਣਾ ਹੈ।"
" ਜਠੇਰਿਆਂ ਦੇ।" ਉਸ ਨੇ ਆਪਣੇ ਨਾਈਟੀ ਦੀ ਤਹਿ ਲਾਉਂਦੇ ਕਿਹਾ, " ਭਾਬੀ ਜੀ ਕਹਿੰਦੀ ਸੀ ਕਿ ਉੱਥੇ ਆਟਾ ਪਾਉਣਾ ਆ।"
" ਆਪਣਾ ਤਾਂ ਝੂਠਾ ਵਿਆਹ ਹੋਇਆ ਆ।" ਮੈਂ ਉਸ ਵੱਲ ਨੀਝ ਨਾਲ ਦੇਖਦੇ ਕਿਹਾ, " ਮੈਂ ਤਾਂ ਇਹ ਪਾਖੰਡ ਫਿਰ ਵੀ ਨਹੀ ਸੀ ਕਰਨਾ ਜੇ ਸੱਚਾ ਹੋਇਆ ਹੁੰਦਾ।ਤੁਸੀ ਕਨੈਡਾ ਤੋਂ ਆਏ ਹੋ ਇਹੋ ਜਿਹੀਆਂ ਗੱਲਾਂ ਵਿਚ ਯਕੀਨ ਰੱਖਦੇ ਹੋ।"
" ਮੈਨੂੰ ਇਹਨਾਂ ਗੱਲਾਂ ਵਿਚ ਕੋਈ ਟਰਸਟ ਨਹੀ।" ਉਸ ਨੇ ਪਹਿਲੀ ਵਾਰੀ ਮੇਰੇ ਵੱਲ ਦੇਖ ਕੇ ਗੱਲ ਕੀਤੀ, " ਜੇ ਉੱਥੇ ਜਾਣ ਨਾਲ ਤੁਹਾਡਾ ਸਾਰਾ ਪਰੀਵਾਰ ਖੁਸ਼ ਹੋ ਜਾਂਦਾ ਤਾਂ ਆਈ ਡੋਨਟ ਮਾਈਡ ਟੂ ਗੋ।"
" ਜਿਸ ਗੱਲ ਵਿਚ ਟਰੱਸਟ ਨਾ ਹੋਵੇ ਨਹੀ ਕਰਨੀ ਚਾਹੀਦੀ।"
" ਤੁਸੀ ਕਿਸ ਟਰਸਟ 'ਤੇ ਮੇਰੇ ਨਾਲ ਵਿਆਹ ਕੀਤਾ।"
" ਕੈਨੇਡਾ ਲੰਘਾਉਣ ਦੇ ਟਰਸਟ 'ਤੇ।"
" aੁੱਥੇ ਜਾਣ ਨਾਲ ਤੁਹਾਡੀ ਫੈਮਲੀ ਖੁਸ਼ ਹੋ ਜਾਵੇਗੀ ਇਸ ਟਰਸਟ 'ਤੇ ਮੈ ਉੱਥੇ ਜਾਣਾ ਚਾਹੁੰਦੀ ਹਾਂ।"
ਇਸ ਤੋਂ ਬਾਅਦ ਮੈਂ ਕੁਝ ਵੀ ਨਾ ਬੋਲਿਆ ਅਤੇ ਚੁੱਪ ਕਰਕੇ ਨਾਲ ਵਾਲੇ ਕਮਰੇ ਵਿਚ ਤਿਆਰ ਹੋਣ ਲਈ ਚੱਲ ਪਿਆ।
ਗੁਰਦੁਆਰੇ ਜਾਣ ਤੋਂ ਜਠੇਰਿਆਂ ਦੀ ਜਗਹ 'ਤੇ ਪੁੰਹਚੇ ਤਾਂ ਸਾਨੂੰ ਅਰਡਾਰ ਦਿੱਤਾ ਗਿਆ ਕਿ ਸਤ ਸਤ ਬੁੱਕ ਆਟੇ ਦਾ ਪਾਉ। ਸੱਤ ਬੁੱਕ ਆਟੇ ਦੇ ਲੈ ਕੇ ਜਠੇਰੇ ਖੁਸ਼ ਹੋਏ ਜਾਂ ਨਹੀ ਇਹ ਤਾਂ ਪਤਾ ਨਹੀ, ਪਰ ਸਾਡੇ ਸ਼ਰੀਕੇ ਦੇ ਭਾਈਚਾਰੇ ਦੀਆਂ ਸਾਰੀਆਂ ਜ਼ਨਾਨੀਆਂ ਖੁਸ਼ ਹੋ ਗਈਆਂ।
ਜਠੇਰਿਆਂ ਤੋਂ ਵਾਪਸ ਆ ਕੇ ਛੇਤੀ ਹੀ ਹਰਨੀਤ ਦੇ ਪਿੰਡ ਨੂੰ ਫੇਰਾ ਪਾਉਣ ਲਈ ਤਿਆਰ ਹੋ ਗਏ। ਮੈਂ ਅਤੇ ਹਰਨੀਤ ਵਿਹੜੇ ਵਿਚ ਧੁੱਪੇ ਪਈਆਂ ਕੁਰਸੀਆਂ ਤੇ ਬੈਠ ਕੇ ਬਾਕੀਆਂ ਦੀ ਉਡੀਕ ਕਰਨ ਲੱਗੇ ਕਦੋਂ ਕੁ ਤੁਰਦੇ ਨੇ।ਸਾਨੂੰ ਚੁੱਪ-ਚਾਪ ਬੀਠਆਂ ਨੂੰ ਦੇਖ ਭਾਬੀ ਕੋਲ ਆ ਟਿਚਰ ਕਰਦੀ ਬੋਲੀ, " ਕੀ ਗੱਲ ਲੜਿਉਂ ਆਪਸ ਵਿਚ ਕੋਈ ਨਹੀ ਗੱਲ ਨਹੀ ਕਰਦੇ।"
ਹਰਨੀਤ ਮੁਸਕ੍ਰਾ ਪਈ ਅਤੇ ਮੈਂ ਬੋਲਿਆ, " ਆਲੇ-ਦੁਆਲੇ ਤਾਂ ਭਾਬੀ ਤੂੰ ਪੈਲਾਂ ਪਾਈ ਜਾਂਦੀ ਏ, ਤੇਰੇ ਸਾਹਮਣੇ ਕੀ ਗੱਲ ਕਰੀਏ।"
" ਲੈ ਦੱਸ।" ਭਾਬੀ ਨੇ ਸ਼ਰਮਿੰਦਗੀ ਨਾਲ ਕਿਹਾ, " ਦਿਉਰ ਦੇ ਵਿਆਹ ਦੇ ਚਾਅ ਵਿਚ ਭਾਬੀ ਨਾ ਪੈਲਾਂ ਨਾ ਪਾਊ ਤਾਂ ਹੋਰ ਕੋਣ ਪਾਊ।"
ਮੈ ਹਰਨੀਤ ਵੱਲ ਦੇਖਿਆ ਤਾਂ ਉਹ ਹੱਸ ਪਈ।ਭਾਬੀ ਵਿਚਾਰੀ ਬਰਾਂਡੇ ਵੱਲ ਨੂ ਤੁਰ ਪਈ। ਕੋਈ ਇਹ ਨਾ ਸੋਚੇ ਕਿ ਅਸੀ ਲੜੇ ਹੋਏ ਹਾਂ ਮੈਂ ਗੱਲ ਸ਼ੁਰੂ ਕੀਤੀ, " ਜਠੇਰਿਆਂ ਦੇ ਜਾਣਾ ਤਹਾਨੂੰ ਚੰਗਾ ਲੱਗਿਆ।"
" ਆਟੇ ਦੇ ਭਰ ਭਰ ਬੁਕ ਪਾਉਣੇ ਮੈਂਨੂੰ ਬਹੁਤ ਚੰਗਾ ਲਗਿਆ, " ਹਰਨੀਤ ਨੇ ਵੀ ਦੂਜਿਆਂ ਨੂੰ ਦਿਖਾਵਾ ਕਰਦੇ ਕਿਹਾ, " ਕਿੰਨਾ ਫਨ ਸੀ।" aਦੋਂ ਬਾਕੀ ਸਾਰੇ ਤਿਆਰ ਹੋ ਕੇ ਆ ਗਏ ਅਤੇ ਸਾਰੇ ਹਰਨੀਤ ਦੇ ਪਿੰਡ ਨੂੰ ਤੁਰ ਪਏ।
6
ਹਰਨੀਤ ਦੇ ਘਰ ਵੀ ਅਜੇ ਕਾਫੀ ਮਹਿਮਾਨ ਸਨ।ਜੋ ਸਭ ਸਾਡੀ ਟਹਿਲ-ਸੇਵਾ ਦਾ ਖਿਆਲ ਰੱਖਦੇ ਹੋਏ ਸਾਨੂੰ ਚਾਹ-ਪਾਣੀ,ਪਿਲਾ ਰਹੇ ਸਨ। ਖਾਨ-ਪੀਣ ਤੋਂ ਵਿਹਲੇ ਹੋਏ ਹੀ ਸੀ ਕਿ ਉੱਥੇ ਕੁੜੀਆਂ ਨੇ ਮੈਨੂੰ ਫਿਰ ਘੇਰ ਲਿਆ।ਹਰਨੀਤ ਦੇ ਚਾਚੇ ਦੀ ਕੁੜੀ ਕਹਿਣ ਲੱਗੀ, " ਸਾਡੀਆਂ ਕਲੀਚਰੀਆਂ ਕਿੱਥੇ?"
ਮੇਰਾ ਦੋਸਤ ਬਾਲੀ ਕਹਿਣ ਲੱਗਾ, " ਉਹ ਮਨਮੀਤ, ਆਪਾਂ ਕਲੀਚਰੀਆਂ ਤਾਂ ਲਿਆਂਦੀਆਂ ਹੀ ਨਹੀ।" ਮੈ ਦੱਸਣ ਲੱਗਾ ਸਾਂ ਕਿ ਦਾਦੀ ਜੀ ਕੋਲ ਹਨ, ਚਾਂਦੀ ਦੀਆਂ ਛੋਟੀਆਂ ਛੋਟੀਆਂ ਮੁੰਦਰੀਆਂ (ਕਲੀਚਰੀਆਂ)ਜੋ ਦਾਦੀ ਜੀ ਨੇ ਪਹਿਲਾਂ ਹੀ ਬਣਵਾ ਰੱਖੀਆ ਸਨ।ਪਰ ਬਾਲੀ ਨੇ ਅੱਖ ਦੇ ਇਸ਼ਾਰੇ ਨਾਲ ਚੁੱਪ ਕਰਨ ਲਈ ਕਿਹਾ ਅਤੇ ਆਪ ਹੀ ਫਿਰ ਕਹਿਣ ਲੱਗਾ, " ਆਪਾਂ ਤੋਂ ਕਿੱਡੀ ਵੱਡੀ ਗਲਤੀ ਹੋ ਗਈ, ਆਪਾਂ ਕਲੀਚਰੀਆਂ ਲਿਆਉਣੀਆਂ ਭੁੱਲ ਹੀ ਗਏ।"
" ਸ਼ੁਕਰ ਆ ਤੁਸੀ ਆਪ ਆ ਗਏ।" ਹਰਨੀਤ ਦੇ ਚਾਚੇ ਦੀ ਕੁੜੀ ਬੋਲੀ, "ਕਿਤੇ ਆਪ ਨਹੀ ਆਉਣਾ ਭੁੱਲ ਗਏ।"
" ਹੈਗੇ ਕੀ ਆ ਕੰਜੂਸ ਮੱਖੀ ਚੂਸ।" ਇਕ ਹੋਰ ਕੁੜੀ ਬੋਲੀ, " ਇਹ ਭੁੱੱਲੇ ਨਹੀ ਜਾਣ ਕੇ ਪੈਸੇ ਖਰਚਨ ਦੇ ਡਰੋਂ ਲੈ ਕੇ ਨਹੀ ਲਿਆਏ।"
" ਕਿਉਂ ਕੁੜੀਆਂ ਨੂੰ ਖਿਝਾਈ ਜਾਣੇ ਹੋ।" ਦਾਦੀ ਜੀ ਨੇ ਆਪਣੇ ਪਰਸ ਵਿਚੋਂ ਕਲੀਚਰੀਆਂ ਕੱਢਦੇ ਕਿਹਾ, " ਮੁਨੀਉ, ਆ ਲਉ ਕਲੀਚਰੀਆਂ।" ਚਾਂਦੀ ਦੀਆਂ ਕਲੀਚਰੀਆਂ ਦੇਖ ਕੇ ਹਰਨੀਤ ਦੇ ਮਾਮੇ ਦੀ ਕੁੜੀ ਬੋਲੀ, " ਅਸੀ ਤਾਂ ਸੋਨੇ ਦੀਆਂ ਕਲਚੀਰੀਆਂ ਲੈਣੀਆਂ।"
" ਚੀਜ਼ ਉਹ ਹੀ ਲੈਣੀ ਚਾਹੀਦੀ ਹੈ।" ਮੈ ਮੁਸਕ੍ਰਾਂਦਾ ਹੋਇਆ ਕੁੜੀਆਂ ਵੱਲ ਦੇਖ ਕੇ ਕਿਹਾ," ਜਿਹੜੀ ਪਿਆਰ ਨਾਲ ਦਿੱਤੀ ਜਾਵੇ, ਧਾਤਾਂ ਵਿਚ ਕੀ ਪਿਆ ਸੋਨੇ ਦੀਆ ਹੋਣ ਜਾ ਲੋਹੇ ਦੀਆਂ।"
" ਤੁਸੀ ਪਿਆਰ ਨਾਲ ਚੀਜ਼ਾਂ ਹਰਨੀਤ ਨੂੰ ਹੀ ਦੇਣੀਆਂ।" ਕੁੜੀ ਨੇ ਮੁੜਵਾ ਜ਼ਵਾਬ ਦਿੰਦੇਂ ਕਿਹਾ, " ਸਾਨੂੰ ਨਹੀ ਚਾਹੀਦੀਆਂ ਤੁਹਾਡੀਆਂ ਪਿਆਰ ਵਾਲੀਆਂ ਚੀਜ਼ਾਂ।"
ਜਦੋਂ ਮੈ ਦੇਖਿਆ ਕਿ ਕਲੀਚਰੀਆਂ ਉੱਥੇ ਹੀ ਪਈਆਂ ਹਨ ਤਾਂ ਮੈ ਕਿਹਾ, " ਬੀਜ਼ੀ, ਪਰਸ ਵਿਚ ਪਾ ਲਉ, ਇਹਨਾਂ ਨੂੰ ਨਹੀ ਚਾਹੀਦੀਆਂ।"
" ਹੁਸ਼ਿਆਰ ਨਾ ਬਣੋ, ਜੀਜਾ ਜੀ।" ਹਰਨੀਤ ਦੀ ਛੋਟੀ ਭੈਣ ਬੋਲੀ, " ਮੇਰੇ ਲਈ ਜਿਹੜੀ ਸੋਨੇ ਦੀ ਮੁੰਦਰੀ ਬਣਵਾਈ ਹੈ, ਉਹ ਤਾਂ ਦੇ ਦਿਉ।"
ਮੇਰੇ ਰੋਕਣ ਦੇ ਬਾਵਜ਼ੂਦ ਵੀ ਸੋਨੇ ਦਾ ਛੱਲਾ ਜੋ ਦਾਦੀ ਜੀ ਨੇ ਉਸ ਲਈ ਬਣਵਾਇਆ ਸੀ। ਇਕਦਮ ਕੱਢ ਕੇ ਉਸ ਨੂੰ ਫੜ੍ਹਾ ਦਿੱਤਾ।ਕੁੜੀਆਂ ਦੇਰ ਤੱਕ ਇਸ ਤਰਾਂ ਹਾਸਾ-ਮਜ਼ਾਕ ਕਰਦੀਆਂ ਰਹੀਆਂ, ਪਰ ਮੇਰਾ ਦਿਲ ਸੋਨੇ ਦੇ ਛੱਲੇ ਬਾਰੇ ਸੋਚ ਰਿਹਾ ਸੀ ਕਿ ਇਹ ਕਿਹੜੀ ਮੇਰੀ ਸਕੀ ਸਾਲੀ ਆ ਜੋ ਇਹ ਕੀਮਤੀ ਕਲੀਚੀਰੀ ਲੈ ਕੇ ਬੈਠ ਗਈ।aਦੋਂ ਹੀ ਹਰਨੀਤ ਦੀ ਦਾਦੀ ਜੀ ਨੇ ਸੋਨੇ ਦਾ ਕੜਾ ਲਿਆ ਕੇ ਮੇਰੀ ਬਾਂਹ ਵਿਚ ਪਾ ਦਿੱਤਾ। ਮੇਰੇ ਮਨ ਨੂੰ ਹੋਂਸਲਾ ਜਿਹਾ ਹੋਇਆ ਕਿ ਚਲੋ ਹਿਸਾਬ- ਕਿਤਾਬ ਬਰਾਬਰ ਹੋਣ ਲੱਗਾ, ਪਰ ਮੇਰੇ ਦਾਦੀ ਜੀ ਨੇ ਉਸ ਵੇਲੇ ਹੀ ਕੜਾ ਮੇਰੇ ਕੋਲੋਂ ਵਾਪਸ ਲੈਂਦੇ ਉਹਨਾਂ ਨੂੰ ਮੋੜਨ ਲੱਗ ਪਏ। ਅੱਗੇ ਵੀ ਮੇਰੇ ਘਰਦਿਆਂ ਨੇ ਉਹਨਾਂ ਕੋਲੋ ਕੁੱਝ ਵੀ ਨਹੀ ਸੀ ਲਿਆ। ਇਸ ਗੱਲ ਦੀ ਉਗਾਹੀ ਹਰਨੀਤ ਦੀ ਮੱਮੀ ਨੇ ਭਰੀ, " ਤੁਸੀ ਅੱਗੇ ਵੀ ਸਾਡੇ ਕੋਲੋ ਕੁੱਝ ਨਹੀ ਲਿਆ, ਅਸੀ ਹੁਣ ਇਹ ਕੜਾ ਵਾਪਸ ਨਹੀ ਲੈਣਾ।"
" ਤੁਸੀ ਸਾਨੂੰ ਹਰਨੀਤ ਦੇ ਦਿੱਤੀ, ਸਾਨੂੰ ਸਭ ਕੁੱਝ ਮਿਲ ਗਿਆ।" ਦਾਦੀ ਜੀ ਨੇ ਕਿਹਾ, " ਹੋਰ ਸਾਨੂੰ ਕੁੱਝ ਚਾਹੀਦਾ ਹੀ ਨਹੀ।"
" ਜੋ ਮਰਜ਼ੀ ਹੋ ਜਾਵੇ, ਅਸੀ ਹੁਣ ਕੜਾ ਵਾਪਸ ਨਹੀ ਲੈਣਾ।" ਹਰਨੀਤ ਦੇ ਪ੍ਰੀਵਾਰ ਨੇ ਜ਼ਿਦ ਕੀਤੀ, " ਤੁਸੀ ਆਪ ਸਾਰੇ ਕਾਰ-ਵਿਹਾਰ ਕਰ ਰਹੇ ਹੋ, ਸਾਨੂੰ ਕਿਉਂ ਰੋਕਦੇ ਹੋ?"
" ਚਲੋ ਬੀਜ਼ੀ, ਜੇ ਉਹ ਇੰਨੇ ਪਿਆਰ ਨਾਲ ਦੇ ਰਿਹੇ ਤਾਂ ਕੜਾ ਰੱਖ ਲੈਂਦੇ ਹਾਂ।" ਮੈਂ ਉਸ ਰਾਣੀ-ਹਾਰ ਦਾ ਚੇਤਾ ਕਰਦਿਆ ਜੋ ਕੜੇ ਦੇ ਬਰਾਬਰ ਅਜੇ ਵੀ ਬਹੁਤ ਭਾਰਾ ਸੀ ਕਿਹਾ, " ਜਿਸ ਤਰਾਂ ਆਪਾਂ ਹਰਨੀਤ ਨੂੰ ਨੂੰਹ ਸਮਝ ਕੇ ਗਹਿਣੇ ਦਿੱਤੇ ਨੇ, ਇਹ ਵੀ ਉਸ ਤਰਾਂ ਮੈਨੂੰ ਜਵਾਈ ਸਮਝ ਕੇ ਆਦਰ ਦੇ ਰਿਹੇ ਨੇ।"
" ਕਾਕੇ ਨੇ ਗੱਲ ਸਿਆਣੀ ਕੀਤੀ।" ਹਰਨੀਤ ਦੀ ਦਾਦੀ ਜੀ ਨੇ ਇਹ ਕਹਿੰਦਿਆ ਹੋਇਆ ਕੜਾ ਦੁਬਾਰਾ ਮੇਰੀ ਬਾਂਹ ਵਿਚ ਪਾ ਦਿੱਤਾ।
ਕੜੇ ਦੇ ਨਾਲ ਉਹਨਾਂ ਮੈਨੂੰ ਕੱਪੜੇ ਬਗੈਰਾ ਵੀ ਦਿੱਤੇ ਉਹ ਵੀ ਅਸੀ ਰੱਖ ਲਏ।ਕੱਲ਼ ਕੁੜੀਆਂ ਨੇ ਰੀਬਨ ਕੱਟਣ ਅਤੇ ਜੁੱਤੀ ਚੁੱਕਣ ਸਮੇਂ ਜੋ ਪੈਸੇ ਸਾਡੇ ਕੋਲ ਲਏ ਸਨ। ਉਹਨਾਂ ਵਿਚੋਂ ਥੌੜ੍ਹੇ- ਬਹੁਤੇ ਰੱਖ ਕੇ ਬਾਕੀ ਸਾਨੂੰ ਇਹ ਕਹਿ ਕੇ ਮੋੜ ਦਿੱਤੇ ਕਿ ਕੁੜੀਆ ਨੇ ਮਜ਼ਾਕ ਵਿਚ ਇੰਨੇ ਪੈਸੇ ਮੰਗੇ ਸਨ,ਜਿੰਨੇ ਬਣਦੇ ਸਨ ਉਹ ਅਸੀ ਰੱਖ ਲਏ। ਭਾਪਾ ਜੀ ਅਤੇ ਮੇਰੇ ਦਾਦੀ ਜੀ ਨੇ ਦੋ ਵਾਰ ਨਾ ਨੁਕਰ ਕੀਤੀ। ਮੈ ਤਾਂ ਚੁੱਪ ਹੀ ਰਿਹਾ।ਅਖੀਰ ਉਹ ਪੈਸੇ ਫਿਰ ਮੇਰੀ ਜੇਬ ਵਿਚ ਹੀ ਪਏ। ਇਸ ਤਰਾਂ ਰੋਟੀ –ਪਾਣੀ ਛੱਕਦਿਆਂ ਸ਼ਾਮ ਹੋ ਗਈ ਅਤੇ ਅਸੀ ਆਪਣੇ ਪਿੰਡ ਵੱਲ ਮੁੜ ਪਏ।
ਚਲਦਾ.......