ਕੁੜੀ ਕਨੇਡਾ ਦੀ (ਕਿਸ਼ਤ3) (ਨਾਵਲ )

ਅਨਮੋਲ ਕੌਰ   

Email: iqbal_it@telus.net
Address:
Canada
ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


7

ਰਾਤ ਨੂੰ ਸੌਣ ਦਾ ਪੱਕਾ ਇੰਤਜ਼ਾਮ ਮੈਂ ਉੱੱਪਰ ਕਮਰੇ ਵਿਚ ਸੋਫੇ ਤੇ ਹੀ ਕਰ ਲਿਆ ਸੀ।ਇਕ ਹੋਰ ਕੰਬਲ ਮੈ ਉੱਥੇ ਰੱਖ ਲਿਆ ਸੀ। ਸਵੇਰੇ ਉੱਠਦੇ ਸਾਰ ਹੀ ਕੰਬਲ ਮੈਂ ਤਹਿ ਲਾ ਕੇ ਅਲਮਾਰੀ ਵਿਚ ਰੱਖ ਦਿੰਦਾ ਅਤੇ ਸਿਰਹਾਣਾ ਹਰਨੀਤ ਦੇ ਬੈਡ ਉੱਪਰ।ਇਕ ਦਿਨ ਸਿਰਹਾਣਾ ਰੱਖਣ ਦਾ ਚੇਤਾ ਹੀ ਭੁੱਲ ਗਿਆ।ਰਾਣੋ ਉੱਪਰ ਕਮਰੇ ਸਾਫ ਕਰਨ ਚਲੀ ਗਈ। ਉਸ ਨੇ ਸਿਰਹਾਣਾ ਸੋਫੇ ਤੇ ਦੇਖਿਆ ਤਾਂ ਉਸ ਨੂੰ ਸ਼ੱਕ ਹੋ ਗਿਆ। ਉਸ ਵੇਲੇ ਅਸੀ ਸਾਰਾ ਪ੍ਰੀਵਾਰ ਰਸੋਈ ਵਿਚ ਹੀ ਗੋਭੀ ਦੇ ਪਰੌਂਠੇ ਦਹੀਂ ਨਾਲ ਸਵਾਦ ਵਧਾਂਉਂਦੇ ਖਾ ਰਹੇ ਸਾਂ। ਉਪਰੋ ਆਉਂਦੀ ਰਾਣੋ ਸਿਧਾ ਹੀ ਬੋਲੀ, " ਨਵਾਂ ਨਵਾਂ ਵਿਆਹ ਹੋਇਆ ਹੈ ਜੁਦਾ ਜੁਦਾ ਸੌਂਣ ਵੀ ਲੱਗ ਪਏ।" ਮੈਨੂੰ ਤਾਂ ਪਤਾ ਹੀ ਨਾ ਲੱਗੇ ਕਿ ਕੀ ਬੋਲਾਂ। ਗੋਭੀ ਦੇ ਪਰੌਂਠੇ ਦਾ ਸਵਾਦ ਇਕਦਮ ਕੁੜਤੱਣ ਵਿਚ ਬਦਲ ਗਿਆ, ਪਰ ਹਰਨੀਤ ਗੱਲ ਸੰਭਾਲਦੀ ਬੋਲੀ, " ਮਨਮੀਤ ਤਾਂ ਅਰਲੀ ਮੋਰਨਿੰਗ ਹੀ ਉੱਠ ਜਾਂਦੇ ਨੇ ਅਤੇ ਬੁੱਕ ਪੜ੍ਹਨੀ ਸ਼ੁਰੂ ਕਰ ਦੇਣਗੇ, ਮੇਰੀ ਨੀਂਦ ਵੀ ਖਰਾਬ ਕਰਨਗੇ, ਮਂੈ ਇਹਨਾਂ ਨੂੰ ਕਿਹਾ ਕਿ ਤੁਸੀ ਨਾਲਦੇ ਰੂਮ ਵਿਚ ਜਾ ਕੇ ਬੁੱਕ ਪੜ੍ਹ ਲਿਆ ਕਰੋ, ਮੈਨੂੰ ਸੌਣ ਦਿਆ ਕਰੋ।"
ਮੈਂ ਉਸ ਦੇ ਜ਼ਵਾਬ ਉੱਪਰ ਹੈਰਾਨ ਹੁੰਦਾ ਮੁਸਕ੍ਰਾ ਪਿਆ ਅਤੇ ਉਹ ਵੀ ਮੁਸਕ੍ਰਾ ਪਈ।ਦਾਦੀ ਜੀ ਸਾਨੂੰ ਮੁਸਕ੍ਰਾਂਦਿਆ ਦੇਖ ਬੋਲੇ, " ਰਾਣੋ, ਬਸ ਤੂੰ ਵੀ ਝੱਟ ਹੀ ਰਾਈ ਦਾ ਪਹਾੜ ਬਣਾ ਲੈਂਦੀ ਆ , ਦੱਸ ਭਲਾਂ, ਸੁੱਖੀ-ਸਾਂਦੀ ਉਹਨਾਂ ਕਾਹਨੂੰ ਅਲੱਗ ਸੌਣਾ।"
" ਆਹੋ, ਰਾਣੋ ਸੋਚ ਕੇ ਬੋਲਿਆ ਕਰ।" ਮੈਂ ਵੀ ਆਪਣੀ ਸੁਰ ਦਾਦੀ ਜੀ ਨਾਲ ਰਲਾਉਂਦਿਆ ਕਿਹਾ, " ਸਾਡਾ ਅਜੇ ਹੁਣ ਵਿਆਹ ਹੋਇਆ, ਇਹ ਸਾਨੂੰ ਅਲੱਗ ਵੀ ਸਲਾਉਣ  ਲੱਗ ਪਈ।"
ਅਸੀ ਅਜੇ ਇਹ ਗੱਲਾਂ ਕਰ ਹੀ ਰਹੇ ਸਾਂ ਕਿ ਬਾਹਰਲਾ ਗੇਟ ਖੜਕਿਆ।ਦੇਖਾਂ ਤਾਂ ਦੋ ਕੁ ਪਿੰਡ ਦੇ ਨਿਆਣੇ ਤੁਰੇ ਆਉਣ।ਉਹਨਾਂ ਵਿਚੋਂ ਆਉਂਦਾ ਇਕ ਬੋਲਿਆ, " ਮਨੀਤ ਚਾਚਾ, ਖੁਸਰੇ ਆਏ ਆ,ਉਹ ਸਾਨੂੰ ਪੁੱਛਦੇ ਸੀ ਕਿ ਵਿਆਹ ਵਾਲੇ ਘਰ ਸਾਨੂੰ ਲੈ ਚਲੋ।"
" ਆ ਜਾਉ, ਆ ਜਾਉ।" ਦਾਦੀ ਜੀ ਖੁਸ਼ ਹੁੰਦੇ ਬੋਲੇ, " ਲਾਉ ਰੋਣਕਾ"
ਚਾਰ ਜਣੇ ਦੋ ਢੋਲਕੀ ਵਾਲੇ ਅਤੇ ਦੋ ਨੱਚਣ ਵਾਲੇ ਤਾੜੀਆਂ ਮਾਰਦੇ ਅੱਖਾਂ ਨਾਲ ਇਸ਼ਾਰੇ ਕਰਦੇ ਸਾਡੇ ਵਿਹੜੇ ਲੱਗੇ ਨੱਚਣ। ਉਹਨਾਂ ਦੀ ਅਵਾਜ਼ ਸੁਣ ਕੇ ਆਂਢ-ਗੁਵਾਂਢ ਵੀ ਇਕੱਠਾ ਹੋ ਗਿਆ। ਮੇਰੀਆਂ ਚਾਚੀਆਂ ਤਾਈਆਂ ਮੇਰੇ ਝੂਠੇ ਵਿਆਹ ਦੀਅ ਵੇਲਾਂ  ਕਰਾਉਣ  ਲੱਗ ਪਈਆਂ।ਇਹ ਸਾਰਾ ਡਰਾਮਾਂ ਦੇਖ ਮੈਨੂੰ ਗੁੱਸਾ ਚੜ੍ਹੇ।ਪਰ ਹਰਨੀਤ ਅਰਾਮ ਨਾਲ ਆਪਣੇ ਬਾਹਰਲੇ ਕੈਮਰੇ ਨਾਲ ਉਹ ਦੀ ਮੂਵੀ ਬਣਾਈ ਜਾਵੇ। ਖੁਸਰੇ ਮੂਵੀ ਬਣਦੀ ਦੇਖ ਹੋਰ ਵੀ ਟੱਪਣ।ਫਿਰ ਉੁਹ ਹਰਨੀਤ ਦੀ ਬਾਂਹ ਫੜ੍ਹ ਕੇ ਨਾਲ ਨਚਾਉਣ ਦੀ ਕੋਸ਼ਿਸ਼ ਕਰਨ।ਮੇਰੇ ਤੋਂ ਰਿਹਾ ਨਾ ਗਿਆ ਮੈ ਕਹਿ ਦਿੱਤਾ, " ਇਹ ਦੀ ਬਾਂਹ ਛੱਡ ਦਿਉ। ਤੁਸੀ ਆਪ ਨੱਚੀ ਜਾਵੋ।"
" ਸਰਦਾਰਾ, ਨਾਰ ਤਾਂ ਤੇਰੀ ਸੁਲਫੇ ਦੀ ਲਾਟ ਵਰਗੀ ਆ,ਨੱਚ ਲੈਣ ਦੇ ਸਾਡੇ ਨਾਲ।" ਉਹਨਾਂ ਵਿਚੋਂ ਇਕ ਨੇ ਕਿਹਾ, " ਤੂੰ ਤਾਂ ਇਹਦੇ ਨਾਲ ਸਾਰੀ ਉਮਰ ਰਹਿਣਾ ਏ ਥੋੜ੍ਹਾ ਚਿਰ ਸਾਡੇ ਨਾਲ ਵੀ ਨੱਚ ਲੈਣ ਦੇ।"
ਮੇਰਾ ਦਿਲ ਕਰੇ ਕਹਾਂ ਤੁਹਾਡੇ ਪਿਉ ਨਾਲ ਰਹਿਣਾ ਇੰਨੇ ਸਾਰੀ ਉਮਰ।ਉਹਨਾਂ ਵਲੋਂ ਉਚੀ ਅਵਾਜ਼ ਵਿਚ ਗਾਇਆ ਜਾਂਦਾ ਗਾਣਾ 'ਮੇਰਾ ਕਲ੍ਹੱ ਦਾ ਕਾਲਜ਼ਾ ਦੁਖਦਾ ਵੇ' ਨੇ ਮੇਰੀ ਅਵਾਜ਼ ਨਿਕਲਣ ਹੀ ਨਾ ਦਿੱਤੀ।
ਜਦੋਂ ਇਹ ਸਾਰਾ ਤਮਾਸ਼ਾ ਖਤਮ ਹੋਇਆ ਤਾਂ ਉਹ ਬਹਿ ਗਏ ਭਸੂਰੀ ਪਾ ਕੇ ਅਸੀ ਉਹ ਲੈਣ, ਅਸੀ ਆ ਲੈਣਾ। ਦਾਦੀ ਜੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ ,ਪਰ ਉਹ ਤਾਂ ਅੱਗੇ ਤੋਂ ਅੱਗੇ ਵਧੀ ਹੀ ਜਾਣ।ਮੈਂ ਤਾਂ ਪਹਿਲਾਂ ਹੀ ਬਹੁਤ ਦੁਖੀ ਸਾਂ ਕਿ ਝੂਠੇ ਵਿਆਹ ਨੇ ਕਿਵੇ ਗਧੀ-ਗੇੜ ਵਿਚ ਮੈਂਨੂੰ ਪਾਇਆ ਹੈ।ਉਹਨਾਂ ਦੀਆਂ ਹਰਕਤਾਂ ਦੇਖ ਮੈਨੂੰ ਹੋਰ ਵੀ ਗੁੱਸਾ ਚੜ੍ਹ ਗਿਆ ਅਤੇ ਮੈਂ ਕਹਿ ਵੀ ਦਿੱਤਾ, " ਦੋੜੌ ਇਥੋਂ ਕੁਝ ਨਹੀ ਮਿਲਣਾ ਤਹਾਨੂੰ।"
ਉਹਨਾਂ ਨੇ ਮੇਰੀ ਗੱਲ ਦਾ ਬੁਰਾ ਮਨਾਇਆ ਅਤੇ ਮੂੰਹ ਵੱਟ ਕੇ ਸਭ ਕੁਝ ਛੱਡ ਕੇ ਤੁਰ ਪਏ।  ਦਾਦੀ ਜੀ ਅਤੇ ਚਾਚੀ ਜੀ ਫਿਰ ਉਹਨਾਂ ਦੇ ਤਰਲੇ ਕਰਨ ਲੱਗੀਆਂ। ਮੈਂ ਫਿਰ ਬੋਲ ਪਿਆ, " ਜਾਣ ਦਿਉ ਜੇ ਜਾਂਦੇ ਆ।
" ਇਹਨਾਂ ਨੂੰ ਖਾਲੀ ਨਹੀ ਜਾਣ ਦੇਈਦਾ।" ਦਾਦੀ ਜੀ ਬੋਲੇ, " ਸਰਾਫ ਦੇ ਸਕਦੇ ਨੇ।"
"ਕਿਤੇ ਨਹੀ ਇਹਨਾਂ ਲਾਲਚੀਆਂ ਦਾ ਸਰਾਫ ਲੱਗਣ ਲੱਗਾ।" ਮੈਂ ਕਿਹਾ, " ਤੁਸੀ ਦੇਖਿਉ ਉਹ ਛੇਤੀ ਹੀ ਮੁੜ ਕੇ ਆਉਣਗੇ, ਮੁਫਤ ਦਾ ਸਮਾਨ ਛੱਡ ਕੇ ਨਹੀ ਜਾਣ ਲੱਗੇ।"
ਉੁਹ ਹੀ ਗੱਲ ਹੋਈ। ਉਹ ਛੇਤੀ ਹੀ ਮੁੜ ਆਏ ਅਤੇ ਆਪਣੀਆਂ  ਹੀ ਨਿਕਾਰੀਆਂ ਵਸਤਾਂ ਚੁੱਪ-ਚਾਪ ਲੈ ਕੇ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਮੇਰਾ ਧਿਆਨ ਹਰਨੀਤ ਵੱਲ ਚੱਲਿਆ ਗਿਆ। ਦੇਖਾਂ ਤਾਂ ਉਹ ਰਾਣੋ  ਨਾਲ ਗੱਲਾਂ ਕਰਨ ਵਿਚ ਮਸਤ ਸੀ।ਅੱਜ ਸਵੇਰੇ ਹੀ ਹਰਨੀਤ ਦੇ ਪਿੰਡ ਜਾਣ ਦਾ ਪ੍ਰੋਗਰਾਮ ਬਣਿਆ ਸੀ ਕਿaਂਕਿ ਹਰਨੀਤ ਦੇ ਦਾਦੀ ਜੀ ਕੈਨੇਡਾ ਨੂੰ ਵਾਪਸ ਜਾ ਰਹੇ ਸਨ।ਇਸ ਵਿਸ਼ੇ 'ਤੇ ਹੀ ਰਾਣੋ ਅਤੇ ਹਰਨੀਤ ਗੱਲਾਂ ਕਰ ਰਹੀਆਂ ਸਨ।
"ਹਰਨੀਤ, ਤੇਰੇ ਦਾਦੀ ਜੀ ਅਤੇ ਭਰਾ ਨੇ ਹੀ ਕੈਨੇਡਾ ਨੂੰ ਮੁੜਨਾ ਜਾਂ ਸਾਰਿਆ ਨੇ"? ਰਾਣੋ ਪੁੱਛਣ ਲੱਗੀ, " ਤੂੰ ਤਾਂ ਅਜੇ ਸਾਡੇ ਕੋਲ ਹੀ ਰਹੇਗੀ।"
" ਮੇਰੇ ਦਾਦੀ ਜੀ, ਮੇਰਾ ਭਰਾ ਅਤੇ ਮੇਰੀ ਭੈਣ ਹੀ ਜਾ ਰਹੇ ਨੇ।" ਹਰਨੀਤ ਨੇ ਦੱਸਿਆ, " ਮੈਂ ਆਪਣੇ ਮੱਮੀ- ਡੈਡੀ ਨਾਲ ਹੀ ਜਾਵਾਂਗੀ।"
" ਚਲੋ ਫਿਰ ਪਾ ਲਉ ਕੱਪੜੇ।" ਦਾਦੀ ਜੀ ਨੇ ਕਿਹਾ, " ਫਿਰ ਕਿਤੇ ਲੇਟ ਹੀ ਨਾ ਹੋ ਜਾਈਏ।"
ਜਦੋਂ ਅਸੀ ਉਹਨਾਂ ਦੇ ਪਿੰਡ ਪਹੁੰਚੇ ਤਾਂ ਹਰਨੀਤ ਦੇ ਪ੍ਰੀਵਾਰ ਨੇ ਸਾਡੇ ਘਰਦਿਆਂ ਨਾਲ ਹਰਿਮੰਦਰ ਸਾਹਿਬ ਦੇ ਦਰਸ਼ਨਾ ਦੀ ਤਿਆਰੀ ਕਰ ਲਈ।ਹਰਨੀਤ ਮੇਰੇ ਨਾਲ ਹੀ ਕਾਰ ਵਿਚ ਬੈਠੀ।ਦੋ ਕਾਰਾਂ ਹੋਣ ਦੇ ਵਾਬਜ਼ੂਦ  ਸਵਾਰੀਆਂ ਜ਼ਿਆਦਾਂ ਹੋ ਗਈਆਂ ਸਨ।ਇਸ ਕਰਕੇ ਹਰਨੀਤ ਨੂੰ ਮੇਰੇ ਨਾਲ ਲੱਗ ਕੇ ਬਹਿਣਾ ਪਿਆ। ਭਾਵੇ ਉਹ ਮੇਰੀ ਕੁੱਝ ਵੀ ਨਹੀ ਸੀ ਲੱਗਦੀ, ਫਿਰ ਵੀ ਇਕ ਅਜ਼ੀਵ ਛੋਹ ਮੈਨੂੰ ਮਹਿਸੂਸ ਹੋ ਰਹੀ ਸੀ।
ਹਰਿਮੰਦਰ ਸਾਹਿਬ ਦੀ ਡਿਊੜੀ ਵਿਚ ਹੀ ਪੈਰ ਪਾਇਆ ਸੀ ਕਿ ਹਰਨੀਤ ਦੇ ਮਾਮਾ ਜੀ ਜੋ ਗੁਰਸਿੱਖ ਸਨ ਬੋਲੇ, " ਸਾਰਿਆਂ ਨੂੰ ਬੇਨਤੀ ਹੈ ਕਿ ਹਰ ਕਦਮ ਧਿਆਨ ਨਾਲ ਰੱਖਿਆ ਜਾਵੇ।" ਸਾਰੇ ਹੈਰਾਨ ਹੋਏ ਉਹਨਾਂ ਦੇ ਮੂੰਹ ਵੱਲ ਦੇਖਣ ਲੱਗੇ। ਹਰਨੀਤ ਦੀ ਮੱਮੀ ਨੇ ਤਾਂ ਕਹਿ ਵੀ ਦਿੱਤਾ, " ਵੀਰੇ,ਤੂੰ ਇਹ ਕੀ ਗੱਲ ਕੀਤੀ, ਸਾਰੇ ਸ਼ਰਧਾ-ਭਾਵਨਾ ਨਾਲ ਹੀ ਯਾਤਰਾ ਕਰਨਗੇ।"
" ਭੈਣ ਤੂੰ ਮੇਰੀ ਗੱਲ ਸਮਝੀ ਨਹੀ।" ਹਰਨੀਤ ਦੇ ਮਾਮਾ ਜੀ ਨੇ ਸਮਝਾਉਣ ਦੇ ਯਤਨ ਨਾਲ ਕਿਹਾ, " ਮੇਰਾ ਭਾਵ ਹੈ ਕਿ ਇਸ ਥਾਂ ਦੀ ਹਰ ਇਟ ਥੱਲੇ ਸ਼ਹੀਦਾ ਦੇ ਸਿਰ ਹਨ,ਸਾਨੂੰ ਇਹ ਗੱਲ ਧਿਆਨ ਵਿਚ ਰੱਖ ਕੇ ਪ੍ਰਕਰਮਾ ਕਰਨੀ ਚਾਹੀਦੀ ਆ।"
" ਸਿੰਘ ਜੀ, ਤੁਸੀ ਚੋਰਾਸੀ ਵਾਲਾ ਫੱਟ ਨਾ ਹੀ ਛੇੜੋ ਤਾਂ ਚੰਗਾ ਹੈ।" ਹਰਨੀਤ ਦਾ ਕਾਮਰੇਡ ਚਾਚਾ ਜੋ  ਮਾਮੇ ਦੇ ਸੁਭਾਅ ਤੋਂ ਜਾਣੂ ਸੀ ਕਹਿਣ ਲੱਗਾ, " ਚੋਰਾਸੀ ਲੰਘੀ ਨੂੰ ਬਹੁਤ ਚਿਰ ਹੋ ਗਿਆ।"
" ਤੁਹਾਡੇ ਲਈ ਚਿਰ ਹੋ ਗਿਆ ਹੋਵੇਗਾ।" ਸਿੰਘ ਨੇ ਇਕਦਮ ਮੋੜਵਾ ਜ਼ਵਾਬ ਦਿੱਤਾ, " ਸਾਡੇ ਦਿਲਾਂ ਦੇ ਫਟ ਤਾਂ ਅਜੇ ਵੀ ਟੱਸ ਟੱਸ ਕਰ ਰਹੇ ਨੇ।"
" ਮੈ ਸਹਿਮਤ ਹਾਂ ਤੁਹਾਡੇ ਨਾਲ ਜੋ ਚੌਰਾਸੀ  ਵਿਚ ਹੋਇਆ, ਉਹ ਬਹੁਤ ਮਾੜਾ ਹੋਇਆ, " ਚਾਚਾ ਥੌੜ੍ਹਾ ਅਜਿਹਾ ਬਹਿਂਸ ਦੇ ਮੂਡ ਵਿਚ ਬੋਲਿਆ, " ਨਾ ਭਿੰਡਰਾਵਾਲਾ ਇੱਥੇ ਹਥਿਆਰ ਲੈ ਕੇ ਬੀਹੰਦਾ, ਨਾ ਹਮਲਾ ਹੁੰਦਾ।"
" ਪੈਂਤੀ ਹੋਰ ਗੁਰੂ ਘਰਾਂ ਵਿਚ ਵੀ ਹਮਲੇ ਹੋਏ ਉੱਥੇ ਕਿਹੜਾ ਭਿੰਡਰਾਵਾਲਾ ਬੈਠਾ ਸੀ।" ਸਿੰਘ ਨੇ ਥੌੜ੍ਹੀ ਉੱਚੀ ਅਵਾਜ਼ ਵਿਚ ਕਿਹਾ, " ਤੁਹਾਡੇ ਵਰਗਿਆ ਨੂੰ ਪੂਰਾ ਗਿਆਨ ਤਾਂ ਹੁੰਦਾ ਨਹੀ ਬਸ..।" ਮਾਮੇ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਹਰਨੀਤ ਦੇ ਡੈਡੀ ਬੋਲ ਪਏ, " ਇਸ ਟੋਪਿਕ ਤੇ ਗੱਲ ਆਪਾਂ ਘਰ ਜਾ ਕੇ ਕਰਾਂਗੇ।" 
" ਮੈ ਹੁਣੇ ਜਿਹੇ ਕਿਤਾਬ ਪੜ੍ਹੀ, ਜਿਸ ਵਿਚ ਸਬੂਤਾਂ ਦੇ ਅਧਾਰ ਉੱਪਰ ਲਿਖਿਆ ਹੈ।" ਮੇਰੇ ਭਾਪਾ ਜੀ ਦੱਸਣ ਲੱਗੇ, " ਸਾਰੀ ਆਰਮੀ ਨੂੰ ਹਮਲਾ ਕਰਨ ਤੋਂ ਪਹਿਲਾ ਬਹੁਤ ਵੱਡੀ ਗਿਣਤੀ ਵਿਚ ਸ਼ਰਾਬ ਦੀਆਂ ਬੋਤਲਾ ਪਿਲਾਈਆਂ ਗਈਆਂ,ਫੌਜ ਦੀ ਗਿਣਤੀ ਵੀ ਏਨੀ ਸੀ ਜਿਵੇ ਪਾਕਿਸਤਾਨ 'ਤੇ ਹਮਲਾ ਕਰਨਾ ਹੋਵੇ।"
" ਸੱਚੀ।" ਹਰਨੀਤ ਦੇ ਚਾਚੇ ਨੇ ਪਿਤਾ ਜੀ ਵੱਲ ਇਸ ਤਰਾਂ ਦੇਖਿਆ ਜਿਵੇ ਉਸ ਨੂੰ ਇਸ ਗੱਲ ਦਾ ਯਕੀਨ ਆ ਗਿਆ ਹੋਵੇ ਅਤੇ ਬਹੁਤ ਹੈਰਾਨੀ ਵਿਚ ਕਹਿਣ ਲੱਗਾ, " ਤੁਸੀ ਮੈਨੂੰ ਇਹ ਕਿਤਾਬ ਜ਼ਰੂਰ ਦਿਉ ਮੈ ਪੜ੍ਹਗਾ।"
ਬਾਕੀ ਵੀ ਹਮਲੇ ਨੂੰ ਕੋਸਦੇ ਹੋਏ ਗੱਲਾਂ ਕਰਨ ਲੱਗੇ।ਮੈਂ ਵੀ ਉਹਨਾਂ ਦੀਆਂ ਗੱਲਾਂ ਵਿਚ ਹਿਸਾ ਲੈਣਾ ਚਾਹੁੰਦਾ ਸੀ, ਪਰ ਮੇਰੀ ਤਾਂ ਆਪਣੀ ਜ਼ਮੀਰ ਨੇ ਮੈਨੂੰ ਫਿਰ ਵੰਗਾਰਨਾ ਸ਼ੁਰੂ ਕਰ ਦਿੱਤਾ, " ਕਿਹੜੇ ਮੂੰਹ ਨਾਲ ਇਸ ਪਵਿਤੱਰ ਸਥਾਨ ਦੇ ਦਰਸ਼ਨ ਕਰ ਰਿਹਾ ਏ॥" ਇਸ ਰੂਹਾਨੀਅਤ ਵਾਲੇ ਸਥਾਨ 'ਤੇ ਆ ਕੇ ਝੂਠੇ ਵਿਆਹ ਦਾ ਮਣਾ ਮੂਹੀ ਭਾਰ ਮੇਰੀ ਰੂਹ ਨੂੰ ਅਤੇ ਮੇਰੇ ਸਰੀਰ ਨੂੰ ਢਾਉਂਣ ਲੱਗਾ।ਝੂਠ ਦੀ ਮੈਲ  ਨਾਲ ਮੈਨੂੰ ਆਪਣਾ ਅੰਦਰ- ਬਾਹਰ ਕਾਲਾ ਲੱਗਿਆ।ਸਭ ਆਪਣੀਆਂ ਗੱਲਾਂ ਵਿਚ ਮਸਤ ਸਨ, ਪਰ ਮੇਰਾ ਦਿਲ ਝੂਠ ਨਾਲ ਕੀਤੇ ਇਕਰਾਰ ਵਿਚ ਧਾਹਾਂ ਮਾਰਦਾ ਜਾਪਿਆ।ਕਿਸੇ ਨਾਲ ਬਗ਼ੈਰ ਗੱਲ-ਬਾਤ ਕੀਤੇ ਮੈਂ ਇਸ਼ਨਾਨ ਕਰਨ ਦੇ ਬਹਾਨੇ  ਸਰੋਵਰ ਦੇ ਨਿਰਮਲ ਜਲ ਵਿਚ ਵੜ ਇਸ ਤਰਾਂ ਪਿੰਡਾਂ ਮਲ ਮਲ ਨਹਾਉਣ ਲੱਗਾ ਜਿਵੇ ਝੂਠ ਦੀ ਮੈਲ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੋਵਾਂ।ਨਾਲ ਆਏ ਬੰਦੇ ਥੌੜਾ ਹੈਰਾਨ ਵੀ ਹੋਏ, ਪਰ ਮੇਰੇ ਦਾਦੀ ਜੀ ਨੇ ਉਸ ਵੇਲੇ ਹੀ ਕਹਿ ਦਿੱਤਾ, " ਇਸ ਨੂੰ ਗੁਰੂ ਘਰਾਂ ਨਾਲ ਬਹੁਤ ਹੀ ਸ਼ਰਧਾ ਹੈ, ਸਰੋਵਰ ਵਿਚ ਹਮੇਸ਼ਾ ਪਿਆਰ ਅਤੇ ਸ਼ਰਧਾ ਨਾਲ ਹੀ ਇਸ਼ਨਾਨ ਕਰਦਾ ਹੈ।"
" ਤੁਸੀ ਕਿਸਮਤ ਵਾਲੇ ਹੋ।" ਹਰਨੀਤ ਦੇ ਦਾਦੀ ਜੀ ਬੋਲੇ, " ਨਹੀ ਤਾਂ,ਅੱਜਕਲ ਦੇ ਮੁੰਡੇ ਤਾਂ ਗੁਰੂ ਘਰ ਜਾਣ ਤੋਂ  ਵੀ ਕੰਨੀ ਕਤਰਾਂਉਦੇ ਆ।"
ਅੱਜ ਇੱਥੇ ਆਉਣ ਤੋਂ ਕੰਨੀ ਤਾਂ ਮਂੈ ਵੀ ਕਤਰਾ ਰਿਹਾ ਸੀ,ਪਰ ਉਸ ਦੀ ਵਜਹ ਵੱਖਰੀ ਸੀ। ਝੂਠਾ ਮੁੱਖ ਗੁਰੂ ਦੇ ਸਾਹਮਣੇ ਕਰਨਾ ਮੈਨੂੰ  ਅੱਗੇ ਨਾਲੋਂ ਵੀ ਜ਼ਿਆਦਾ ਔਖਾ ਲੱਗ ਰਿਹਾ ਸੀ।ਮਨਮੋਹਕ ਕੀਰਤਨ ਦੀ ਅਵਾਜ਼ ਸਾਰੀ ਫਿਜ਼ਾ ਵਿਚ ਰਸ ਘੋਲ ਰਹੀ ਸੀ।ਆਉਂਦੀਆਂ- ਜਾਂਦੀਆਂ ਸੰਗਤਾਂ ਦੇ ਮੁੱਖ ਖੁਸ਼ੀ ਨਾਲ ਚਮਕਦੇ ਹਾਸੇ ਵੰਡਦੇ ਦਿਸ ਰਹੇ ਸਨ।ਕਈ ਗੁਰਮੁੱਖ ਵੀਰ ਧੰਨ ਗੁਰੂ ਰਾਮ ਦਾਸ ਜੀ, ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕਰਦੇ ਦਰਬਾਰ ਸਾਹਿਬ ਵੱਲ ਵੱਧ ਰਹੇ ਸਨ। ਉਹਨਾਂ ਦੇ ਮਗਰ ਮੈਂ ਵੀ ਧੰਨ ਗੁਰੂ ਰਾਮ ਦਾਸ ਜੀ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦਾਂ ਤੁਰਦਾ ਗਿਆ, ਪਰ ਮੇਰੀ ਆਤਮਾ ਫਿਰ ਮੇਰੇ ਜੁਤੀਆਂ ਮਾਰਦੀ ਬੋਲੀ, ਬਗਲ ਮੇ ਛੁਰੀ ਮੂੰਹ ਮੇ ਰਾਮ ਰਾਮ।' ਆਤਮਾ ਨੂੰ ਟਾਲੇ ਪਾਉਂਦਾ ਮੈਂ ਇਸ ਸੁਨਹਿਰੀ ਹਰਿਮੰਦਰ ਦੀ ਚਮਕ ਦੇਖਣ ਲੱਗਾ ਜੋ ਸੂਰਜ ਨੂੰ ਵੀ ਫਿਕਾ ਪਾ ਰਹੀ ਸੀ।ਗੁਰੂ ਕੋਲੋ ਮੁਆਫੀਆਂ ਮੰਗਦਾ ਛੇਤੀ ਹੀ ਮੈ ਇਸ ਪਵਿਤੱਰ ਸਥਾਨ ਦੀ ਸੁੰਦਰਤਾ ਵਿਚ ਗੁਆਚ ਗਿਆ।
ਮੱਥਾ ਟੇਕ ਕੇ ਬੈਠਾ ਵੀ ਮੈਂ ਇਹ ਹੀ ਸੋਚੀ ਗਿਆ,ਹਰਨੀਤ ਕਹਿੰਦੀ ਸੀ ਕਿ ਪੰਜਾਬੀ ਆਮ ਝੂੱਠੇ ਵਿਆਹ ਕਰਵਾ ਕੇ ਬਾਹਰਲੇ ਮੁਲਕ ਜਾ ਰਿਹੇ ਨੇ, ਕੀ ਉਹ ਵੀ ਅੰਦਰੋਂ ਇੰਨਾ ਹੀ ਤੰਗ ਹੋਣਗੇ, ਜਿੰਨਾ ਮੈਂ?ਫਿਰ ਮੈਨੂੰ ਆਪਣੇ ਪਿੰਡ ਦੇ ਗੁਰਦੁਆਰੇ ਦੇ ਭਾਈ ਜੀ ਦੀ ਗੱਲ ਯਾਦ ਆ ਗਈ ਉਹ ਇਕ ਵਾਰੀ ਕਹਿ ਰਿਹੇ ਸਨ ਕਿ ਕਈਆਂ ਦੀ ਆਤਮਾ ਹੁੰਦੀ ਹੀ ਨਹੀ, ਉਹ ਮਰ ਗਈ ਹੁੰਦੀ ਆ, ਉਦਾਂ ਦੇ ਲੋਕਾਂ ਨੂੰ ਪਾਪ, ਪੁੰਨ ਦਾ ਕੋਈ ਫਰਕ ਹੀ ਨਹੀ ਹੁੰਦਾ, ਉਹਨਾਂ ਨੂੰ ਸਿਰਫ ਆਪਣੇ ਸੁਆਰਥ ਦਾ ਪਤਾ ਹੁੰਦਾ ਹੈ ਕਿ ਇਸ ਨੂੰ ਕਿਵੇਂ ਸਿਧ ਕਰਨਾ ਹੈ।ਖੋਰੇ ਹੁਣ ਮੈਂ ਵੀ ਉਹਨਾਂ ਵਿਚੋਂ ਆਂ, ਇਹ ਸੋਚਦਾ ਅੱਖਾਂ ਮੀਟ ਕੇ ਬੈਠ ਗਿਆ।
ਪੱਵਿਤਰ ਸਥਾਨ ਦੇ ਦਰਸ਼ਨ ਕਰ ਕੇ ਘਰ ਨੂੰ ਮੁੜਨ ਲੱਗੇ ਤਾਂ ਹਰਨੀਤ ਦੇ ਮਾਮੇ ਦੀ ਕੁੜੀ ਨੇ ਸਾਨੂੰ ਟਿਚਰ ਨਾਲ ਕਿਹਾ, " ਤੁਸੀ  ਬਾਬੇ ਦੇ ਆਏ ਹੋ ਕੁੱਝ ਸੁੱਖ-ਸੱਖ ਲਉ।"
ਮੈਂ ਹਰਨੀਤ ਵੱਲ ਦੇਖਿਆ, ਫਿਰੌਜ਼ੀ ਚੂਨੀ ਸਿਰ ਤੇ ਲਈ ਬਹੁਤ ਹੀ ਸੋਹਣੀ ਲੱਗੀ। ਉਸ ਨੇ ਆਪਣੀ ਮੁਸਕ੍ਰਾਉਣ ਵਾਲੀ ਅਦਾ ਵਿਚ ਜ਼ਵਾਬ ਦਿੱਤਾ, " ਅਸੀ ਜੋ ਸੁੱਖਣਾ ਸੀ ਸੁੱਖ ਲਿਆ,ਤੂੰ ਸੁੱਖ ਕਿ ਤੇਰੇ ਹੱਥਾਂ ਤੇ ਵੀ ਮਹਿੰਦੀ ਲੱਗ ਜਾਵੇ।"
ਮੈ ਕਹਿਣ ਹੀ ਲੱਗਾ ਸੀ, " ਉਦਾ ਦੀ ਤਾਂ ਨਾ ਹੀ ਲੱਗੇ, ਜਿਦਾ ਦੀ ਤੂੰ ਲਾਈ ਹੈ।" aਦੋਂ ਹੀ ਹਰਨੀਤ ਨੇ ਵੱਡੇ ਵੱਡੇ ਝੂਮਣਾ ਵਾਲੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ ਤਾਂ ਇਹ ਗੱਲ ਮੇਰੇ ਦਿਮਾਗ ਵਿਚੋਂ ਨਿਕਲ ਹੀ ਗਈ।ਜਦੋਂ ਵੀ ਹਰਨੀਤ ਮੈਨੂੰ ਇਸ ਤਰਾਂ ਦੇਖਦੀ ਹੈ, ਪਤਾ ਨਹੀ ਮੈਨੂੰ ਕੀ ਹੋ ਜਾਂਦਾ, ਮੈਨੂੰ ਇਸ ਤਰਾਂ ਮਹਿਸੂਸ ਹੁੰਦਾ ਜਿਵੇ ਮੇਰੇ ਦਿਲ ਦੀ ਹਰਕਤ ਬੰਦ ਹੋਣ ਜਾ ਰਹੀ ਏ ਅਤੇ ਮੇਰੇ ਦਿਮਾਗ ਵਿਚੋਂ ਸਭ ਕੁੱਝ ਨਿਕਲ ਕੇ ਇਕ ਖਾਲੀ ਕਾਪੀ ਵਰਗਾ ਬਣ ਜਾਦਾਂ।ਇਕ ਸੋਚ ਜ਼ਰੂਰ ਆਉਂਦੀ ਕਿ ਜਦੋਂ ਮੈ ਹਰਨੀਤ ਵੱਲ ਦੇਖਦਾ ਹਾਂ,ਉਸ ਦਾ ਵੀ ਇਹ ਹੀ ਹਾਲ ਹੁੰਦਾ ਹੈ ਕਿ ਨਹੀ, ਪਰ ਜੇ ਹੁੰਦਾ ਤਾਂ ਕੋਈ ਅਸਾਰ ਤਾਂ ਨਜ਼ਰ ਪੈ ਹੀ ਜਾਂਦਾ, ਕਹਿੰਦੇ ਨੇ ਕਿ ਆਪੇ ਮੈ ਰੱਜੀ-ਪੁੱਜੀ ਆਪੇ ਮੇਰੇ ਬੱਚੇ ਜਿਊਣ, ਉਹ ਹੀ ਮੇਰਾ ਹਾਲ ਸੀ, ਆਪਣੇ ਮਨ ਵਿਚ ਆਪ ਹੀ ਬੇਕਾਰ  ਅੰਦਾਜ਼ੇ ਲਗਾਉਦਾਂ ਰਹਿੰਦਾ।
ਪਿੰਡ ਨੂੰ ਮੁੜਦਿਆਂ ਹਰਨੀਤ ਦੇ ਡੈਡੀ ਨੇ ਬਹੁਤ ਹੀ ਆਪਣੇਪਣ ਨਾਲ ਕਿਹਾ, " ਅੱਜ ਰਾਤ ਸਾਡੇ ਰਹਿ ਕੇ ਜਾਇਉ, ਤਹਾਨੂੰ ਪਿੰਡ ਜਾਣ ਨੂੰ ਹਨੇਰਾ ਹੋ ਜਾਣਾ ਹੈ।"
" ਇੰਨਾ ਨਹੀ ਫਰਕ ਪੈਣਾ।" ਮੈ ਆਪਣੀ ਘੜੀ ਵੱਲ ਦੇਖ ਕੇ ਕਿਹਾ, " ਹੋਰ ਘੰਟੇ ਨੂੰ ਅਸੀ ਪਿੰਡ ਪਹੁੰਚ ਜਾਣਾ ਹੈ।"
ਹਰਨੀਤ ਨਾ ਰੁਕਣ ਦਾ ਕਾਰਨ ਜਾਣਦੀ ਹੋਈ ਨੇ ਝੱਟ ਹੀ ਕਹਿ ਦਿੱਤਾ, " ਕੋਈ ਨਹੀ ਡੈਡੀ, ਜਦੋਂ ਦਿੱਲੀ ਨੂੰ ਜਾਣਾ ਹੈ, aਦੋਂ ਇਹ ਇਕ ਦਿਨ ਪਹਿਲਾਂ ਆ ਜਾਣਗੇ।"
" ਜਾਣ ਨੂੰ ਦਿਨ ਵੀ ਕਿੰਨੇ ਕੁ ਰਹਿ ਗਏ ਨੇ" ਉਸ ਦੀ ਮੱਮੀ ਨੇ ਕਿਹਾ, " ਤੂੰ ਤਾਂ ਰਹਿ ਪਾ, ਜਵਾਈ ਸਾਹਿਬ ਦੀ ਤਾਂ ਮਰਜ਼ੀ ਹੈ।"
 ਸਾਡੇ ਦੋਹਾਂ ਲਈ ਬਿੱਲੀ ਭਾਣੇ ਛਿੱਕਾ ਟੁੱਟਣ ਦੀ ਗੱਲ ਹੋਈ, ਹਰਨੀਤ ਦੀ ਮੱਮੀ ਦੇ ਬੋਲ ਅਜੇ ਮੂੰਹ ਵਿਚ ਹੀ ਸਨ ਕਿ ਉਹ ਇਕਦੱਮ ਬੋਲੀ, " ਹਾਂ ਮੈ ਰੁੱਕ ਜਾਂਦੀ ਹਾਂ, ਇਹ ਉਸ ਦਿਨ ਰਹਿ ਜਾਣਗੇ।"
ਇਸ ਫੈਂਸਲੇ  ਵਿਚ ਸਾਡੇ ਪ੍ਰੀਵਾਰ ਵਿਚੋਂ ਕੋਈ ਵੀ ਨਾ ਬੋਲਿਆ। ਬੋਲਣਾ ਵੀ ਕੀ ਸੀ ਕੈਨੇਡਾ ਵਾਲਿਆਂ ਦੇ ਸਾਹਮਣੇ।
ਪਿੰਡ ਨੂੰ ਆਉਣ ਲੱਗਿਆਂ ਹਰਨੀਤ ਦੇ ਦਾਦੀ ਜੀ ਮੈਂਨੂੰ ਬਹੁਤ ਹੀ ਪਿਆਰ ਨਾਲ ਮਿਲੇ ਅਤੇ ਜਦੋਂ ਕੁਝ ਰੁਪੀਏ ਦੇਣ ਲੱਗੇ ਤਾਂ ਮੈਂ ਕਹਿ ਦਿੱਤਾ, " ਤੁਸੀ ਪੀਸਆਂ ਦੀ ਖੇਚਲ ਨਾ ਕਰੋ।"
" ਕਾਕਾ, ਕੱਲ੍ਹ ਨੂੰ ਮੈਂ ਵਾਪਸ ਚਲੇ ਜਾਣਾ ਹੈ।" ਉਹਨਾਂ ਮੇਰੀ ਕੰਡ ਪਲੋਸਦਿਆਂ ਕਿਹਾ, " ਇਹ ਪੈਸੇ ਨਹੀ ਮੇਰਾ ਪਿਆਰ ਹੈ।"
ਮੈ ਦਾਦੀ ਜੀ ਵੱਲ ਦੇਖਿਆ ਤਾਂ ਉਹ ਹਰਨੀਤ ਦੇ ਭਰਾ ਅਤੇ ਭੈਣ ਨੂੰ ਵੀ ਪੈਸਿਆਂ ਦਾ ਪਿਆਰ ਦੇ ਰਿਹੇ ਸਨ। ਇਹ ਦੇਖ ਕੇ ਮੈਂ ਚੁੱਪ ਕਰਕੇ ਪੈਸੇ ਆਪਣੀ ਜੇਬ ਵਿੱਚ ਪਾ ਲਏ। ਛੇਤੀ ਹੀ ਸਾਰਿਆਂ ਨੂੰ ਸਤ-ਸਲਾਮ ਕਰਕੇ ਅਸੀ ਆਪਣੇ ਪਿੰਡ ਨੂੰ ਮੁੜ ਪਏ। 
ਰਸਤੇ ਵਿਚ ਜਾਂਦਿਆ ਬੀਜ਼ੀ ਨੇ  ਕਿਹਾ, " ਕਾਕਾ, ਤੂੰ ਵੀ ਰੁੱਕ ਜਾਣਾ ਸੀ।"
" ਕੋਈ ਨਹੀ।" ਮੈ ਕਿਹਾ, "ਮੇਰਾ ਰੁਕਣਾ ਕਿਹੜਾ ਜ਼ਰੂਰੀ  ਸੀ।"
" ਮੈਨੂੰ ਲੱਗਦਾ ਹਰਨੀਤ ਵੀ ਰੁਕਣਾ ਨਹੀ ਸੀ ਚਾਹੁੰਦੀ।" ਭਾਪਾ ਜੀ ਆਪਣਾ  ਹੀ ਅੰਦਾਜ਼ਾ ਲਾਉਂਦੇ ਬੋਲੇ, " ਮਜ਼ਬੂਰਨ ਉਹਨੂੰ ਰੁਕਨਾ ਪਿਆ।"
" ਮਨਮੀਤ ਤੋਂ ਬਗ਼ੈਰ ਠਹਿਰਨਾ ਉਸ ਨੂੰ ਚੰਗਾ ਨਹੀ ਸੀ ਲੱਗ ਰਿਹਾ।" ਦਾਦੀ ਜੀ ਬੋਲੇ, " ਜਦੋਂ ਅਸੀ ਉੱਥੋਂ ਤੁਰੇ ਉਸ ਦਾ ਮੂੰਹ ਨਿਕਾ ਜਿਹਾ ਹੋ ਗਿਆ।"
ਇਹ ਗੱਲਾਂ ਸੁਣ ਕੇ ਮੈਨੂੰ ਹਾਸਾ ਵੀ ਆਵੇ ਅਤੇ ਗੁੱਸਾ ਵੀ,  ਜੀਅ ਕਰੇ ਕਿ ਇਹਨਾਂ ਨੂੰ ਦੱਸਾਂ ਕਿ ਉਸ ਨੂੰ ਚਾਅ ਚੜ੍ਹਿਆ ਪਿਆ ਸੀ ਪੇਕੇ ਰਹਿਣ ਦਾ, ਤੁਹਾਨੂੰ ਹੀ ਉਸ ਦਾ ਮੂੰਹ ਨਿੱਕਾ ਜਿਹਾ ਲੱਗਿਆ,ਮੈਨੂੰ ਤਾਂ ਉਸ ਦਾ ਚਿਹਰਾ ਦੋਗਲਾ ਲੱਗਾ।ਲੇਕਿਨ ਇਹ ਸਾਰੀਆਂ ਗੱਲਾਂ ਜਿੱਥੋਂ ਉਭਰੀਆਂ ਸਨ ਉੱਥੇ ਹੀ ਜੀਪ ਦੇ ਰੇਸ ਪੈਡਲ ਨਾਲ ਦੱਬਦਾ ਪਿੰਡ ਵੱਲ ਵਧੀ ਗਿਆ।
ਘਰ ਪਹੁੰਚਦਿਆਂ ਹੀ ਪਿਤਾ ਜੀ ਨੇ ਕਿਹਾ," ਹਰਨੀਤ ਤੋਂ ਬਗ਼ੈਰ ਘਰ ਕਿੰੰਨਾ ਸੁੰਨਾ ਲੱਗਦਾ ਆ।"
ਕੋਈ ਸਬੰਧ ਨਾ ਹੋਣ ਦੇ ਬਾਵਜ਼ੂਦ ਘਰ ਤਾਂ ਮੈਨੂੰ ਵੀ ਸੁੰਨਾ ਲੱਗਾ, ਪਰ ਫਿਰ ਵੀ ਮੈ ਕਹਿ ਦਿੱਤਾ, "ਚੰਗਾ ਹੋਇਆ, ਪੇਕਿਆ ਦੇ ਰਹਿ ਪਈ, ਉਸ ਦੇ ਕੈਨੇਡਾ ਜਾਣ ਤੋਂ ਬਾਅਦ ਸੁੰਨ ਝੱਲਣ ਦੇ ਆਦੀ ਤਾਂ ਹੋ ਜਾਉਂਗੇ।"
" ਅਸੀ ਤਾਂ ਹੋ ਹੀ ਜਾਵਾਂਗੇ।" ਪਿਤਾ ਜੀ ਨੇ ਹੱਸਦੇ ਹੋਏ ਕਿਹਾ, " ਤੂੰ ਆਪਣੀ ਗੱਲ ਕਰ।"
" ਮੈ ਤਾਂ ਮੋਜ਼ੀ ਹਾਂ।" ਮੈ ਵੀ ਹੱਸਦੇ ਜ਼ਵਾਬ ਦਿੱਤਾ, " ਅੱਜ ਇੱਥੇ, ਕੱਲ ਕੈਨੇਡਾ ਹੋਵਾਂਗਾ।"
" ਕਾਕਾ, ਹਰਨੀਤ ਹੈ ਹੀ ਬੜੀ ਸਮਝਦਾਰ ਕੁੜੀ।" ਦਾਦੀ ਜੀ ਨੇ ਕਿਹਾ, " ਲਿਆਕਤ ਤਾਂ ਉਸ ਦੀ ਬਣਤਰ ਵਿਚ ਹੀ ਭਰੀ ਪਈ ਹੈ।"
ਇਸ ਗੱਲ ਤੋਂ ਤਾਂ ਮੈ ਵੀ ਹੈਂਰਾਨ ਸਾਂ ਕਿ ਇੰਨੇ ਚੰਗੇ ਵਿਵਹਾਰ ਵਾਲੀ ਕੁੜੀ ਕੋਲ ਬੁਆਏ ਫਰੈਂਡ ਕਿਵੇ ਹੈ।ਭਾਂਵੇ ਮਂੈ ਸੱਚ-ਮੁਚ ਹੀ ਉਸ ਦੇ ਤੌਰ-ਤਰੀਕੇ ਤੋਂ ਪ੍ਰਭਾਵਿਤ ਹੋਇਆ ਸੀ,ਪਰ ਮੈ ਦਾਦੀ ਜੀ ਦੀ ਗੱਲ ਦਾ ਕੋਈ ਜ਼ਵਾਬ ਨਾ ਦਿੱਤਾ ਤਾਂ ਦਾਦੀ ਜੀ ਫਿਰ ਬੋਲੇ, " ਮਨਮੀਤ ਕੱਲ੍ਹ ਨੂੰ ਹੀ ਜਾ ਕੇ ਹਰਨੀਤ ਨੂੰ ਲੈ ਆਈ।"
" ਕੀ ਗੱਲਾਂ ਕਰਦੇ ਹੋ?" ਮੈਂ ਗੁੱਸੇ ਨਾਲ ਦਾਦੀ ਜੀ ਨੂੰ ਕਿਹਾ, " ਕੱਲ੍ਹ ਨੂੰ ਤਾਂ ਹਰਨੀਤ ਦੀ ਦਾਦੀ ਜੀ ਅਤੇ ਉਸ ਦੇ ਭੈਣ-ਭਰਾ ਕੈਨੇਡਾ ਨੂੰ ਵਾਪਸ ਜਾ ਰਹੇ ਨੇ ਅਤੇ ਮੈਂ ਹਰਨੀਤ ਨੂੰ ਲੈਣ ਤੁਰ ਪਵਾਂ।"
" ਹਰਨੀਤ ਦੇ ਭੈਣ-ਭਰਾ ਹੁਣ ਤੇਰੇ ਸਾਲਾ- ਸਾਲੀ ਆ।" ਭਾਪਾ ਜੀ ਹੱੱਸ ਕੇ ਬੋਲੇ, " ਤੇਰੇ ਵੀ ਉਹ ਹੁਣ ਕੁਝ ਲੱਗਦੇ ਨੇ।ਇਕੱਲੀ ਹਰਨੀਤ ਦੇ ਨਹੀ।"
ਭਾਪਾ ਜੀ ਦੀ ਗੱਲ ਉਹਨਾਂ ਦੇ ਹਿਸਾਬ ਨਾਲ ਠੀਕ ਹੀ ਕੀਤੀ ਸੀ, ਪਰ ਮੇਰੇ ਝੂੱਠੇ ਰਿਸ਼ਤੇ ਦੇ ਹਿਸਾਬ ਨਾਲ ਉਹ ਮੇਰੇ ਕੁਝ ਵੀ ਨਹੀ ਸੀ ਲੱਗਦੇ,ਪਰ ਭਾਪਾ ਜੀ ਦੀ ਗੱਲ ਦਾ ਜ਼ਵਾਬ ਦੇਂਦੇ ਮੈਂ ਕਿਹਾ, " ਹੁਣ ਮੇਰੇ ਇਕੱਲੇ ਦੇ ਹੀ ਨਹੀ ਕੁੱਝ ਲੱਗਦੇ,ਤੁਹਡੇ ਵੀ ਕੁੱਝ ਲੱਗਦੇ ਨੇ।"
" ਮੇਰੇ ਤਾਂ ਉਹ ਸਾਰਾ ਕੁੱਝ ਹੀ ਹੈ।" ਭਾਪਾ ਜੀ ਨੇ ਭਾਵਕ ਹੁੰਦਿਆਂ ਕਿਹਾ, " ਮੇਰੇ ਕਿਹੜੇ ਹੋਰ ਧੀਆਂ-ਪੁੱਤ ਨੇ ।ਤੂੰ ਹੀ ਮੇਰਾ ਸਭ ਕੁਝ ਹੈ, ਇਸ ਲਈ ਤੇਰੀ ਪਤਨੀ ਦੇ ਸਾਕ-ਸਬੰਧੀ ਜੋ ਕੁਝ ਤੇਰੇ ਲਈ ਹੈ, ਉਸ ਤੋਂ ਵੱਧ ਕੇ ਉਹ ਮੇਰੇ ਲਈ ਨੇ।"
ਭਾਪਾ ਜੀ ਦੀ ਇਸ ਗੱਲ ਨੇ ਮੈਂਨੂੰ ਧੁਰ ਅਦੰਰੋਂ ਹਿਲਾ ਕੇ ਰੱਖ ਦਿੱਤਾ। ਕਹਿਣਾ ਚਾਹੁੰਦਾ ਸਾਂ ਕੇ ਇਸ ਝੂਠ ਦੀ ਵਲਗਨ ਨੂੰ ਸੱਚ ਨਾ ਸਮਝਣਾ, ਪਰ ਕਹਿੰਦਾ ਕਿਵੇ?
" ਹਾਂਜੀ, ਹਾਂ ਜੀ।" ਕਰਦਾ ਥੱਲੇ ਨੂੰ ਧੋਣ ਸੁੱਟੀ ਆਪਣੇ ਸੋਣ ਵਾਲੇ ਕਮਰੇ ਵੱਲ ਤੁਰ ਪਿਆ।

8                             


ਦੋ ਕੁ ਦਿਨਾਂ ਬਾਅਦ ਹਰਨੀਤ ਦੇ ਮੱਮੀ- ਡੈਡੀ ਆਪ ਹੀ ਹਰਨੀਤ ਨੂੰ ਸਾਡੇ ਪਿੰਡ ਛੱਡਣ ਆਏ ਤਾਂ ਦਾਦੀ ਜੀ ਕਹਿਣ ਲੱਗੇ, " ਅੱਜ ਮਨਮੀਤ ਨੇ ਇਸ ਨੂੰ ਲੈਣ ਹੀ ਜਾਣਾ ਸੀ, ਤੁਸੀ ਵਾਧੂ ਦੀ ਖੇਚਲ ਕੀਤੀ।"
" ਅਸੀ ਢਿਲਵਾ ਨੂੰ ਜਾਣਾ ਸੀ।" ਹਰਨੀਤ ਦੇ ਡੈਡੀ ਨੇ ਦੱਸਿਆ, " ਤੁਹਾਡੇ ਪਿੰਡ ਦੇ ਕੋਲੋ ਹੀ ਲੰਘਣਾ ਸੀ।"
" ਅਸੀ ਸੋਚਿਆ।" ਹਰਨੀਤ ਦੀ ਮੱਮੀ ਨੇ ਦੱਸਿਆ, " ਹਰਨੀਤ  ਨੂੰ ਤੁਹਾਡੇ ਕੋਲ ਛੱਡ ਜਾਵਾਂਗੇ ਅਤੇ ਅਸੀ ਅੱਗੇ ਚਲੇ ਜਾਵਾਂਗੇ।"
" ਵਧੀਆ ਕੀਤਾ।" ਭਾਪਾ ਜੀ ਕਹਿਣ ਲੱਗੇ, " ਸਾਡੇ ਭੂਆ ਜੀ ਕਈ ਵਾਰੀ ਕਹਿ ਚੁੱਕੇ ਨੇ ਕਿ ਬਹੂ ਦੇ ਕੇਨੈਡਾ ਜਾਣ ਤੋਂ ਪਹਿਲਾਂ ਪਹਿਲਾਂ ਸਾਡੇ ਵੀ ਗੇੜਾ ਮਾਰ ਜਾਇਉ, ਚਲੋ ਕੱਲ ਨੂੰ ਇਹ ਭੂਆ ਜੀ ਵੱਲ ਜਾ ਆਉਣਗੇ।"
 ਚਾਹ-ਪਾਣੀ ਪੀ ਕੇ ਹਰਨੀਤ ਦੇ ਮੱਮੀ- ਡੈਡੀ ਢਿਲਵਾਂ ਨੂੰ ਚਲੇ ਗਏ। ਰਾਤ ਦੀ ਰੋਟੀ ਬੀਜ਼ੀ ਬਣਾਉਣ ਲੱਗੇ ਤਾਂ ਹਰਨੀਤ ਬੋਲੀ, " ਬੀਜ਼ੀ ਮੈ ਤੁਹਾਡੀ ਹੈਲਪ ਕਰਾਂਵਾਂ।"
"ਕੋਈ ਨਹੀ ਪੁੱਤ, ਮੈ ਬਣਾ ਲੈਣੀ ਆ।" ਦਾਦੀ ਜੀ ਨੇ ਕਿਹਾ, " ਤੁਸੀ ਖੂਹ ਵੱਲ ਗੇੜਾ ਕੱਢ ਆਉ।"
" ਜਾ ਮਨਮੀਤ, ਹਰਨੀਤ ਨੂੰ ਆਪਣਾ ਮੁਰੱਬਾ ਹੀ ਦਿਖਾ ਲਿਆ।" ਭਾਪਾ ਜੀ ਨੇ ਵੀ ਨਾਲ ਹੀ ਹਾਮੀ ਭਰਦਿਆਂ ਕਿਹਾ, " ਇਹਨੂੰ ਵੀ ਪਤਾ ਹੋਣਾ ਚਾਹੀਦਾ ਆ ਕਿ ਆਪਣੇ ਖੇਤ ਕਿੱਥੇ ਆ।" ਮੈ ਉੱਪਰੋ ਉੱਪਰੋ ਸੁਲਾ ਮਾਰਦੇ ਪੁੱਛਿਆ, " ਹਰਨੀਤ ਜਾਣਾ ਖੇਤਾ ਨੂੰ?" 
ਉਸ ਨੇ ਆਗਿਆਕਾਰੀ ਪਤਨੀ ਦਾ ਸਬੂਤ ਦਿੰਦੇ ਕਿਹਾ, " ਤੁਹਾਡੀ ਮਰਜ਼ੀ।"
ਖੇਤਾਂ ਨੂੰ ਤੁਰਨ ਲੱਗਿਆਂ  ਹਰਨੀਤ ਆਪਣੀ ਜੈਕਟ ਪਾਉਣ ਲੱਗੀ ਤਾਂ ਦਾਦੀ ਜੀ ਕਹਿਣ ਲੱਗੇ, " ਪੁੱਤ, ਆਪਣਾ ਗੁਲਾਬੀ ਸ਼ਾਲ ਲੈ ਲਾ, ਜਿਹੜਾ ਤੈਨੂੰ ਅਸੀ ਦਿੱਤਾ ਆ।" 'ਅੱਛਾ ਜੀ' ਕਹਿ ਉਹ ਆਪਣੇ ਉੱਪਰ ਵਾਲੇ ਕਮਰੇ ਵਿਚੋਂ ਸ਼ਾਲ ਲੈਣ ਚਲੀ ਗਈ। ਦਾਦੀ ਜੀ ਹੌਲੀ ਅਜਿਹੀ ਮੇਰੇ ਕੰਨ ਕੋਲ ਕਹਿਣ ਲੱਗੇ, " ਬਾਹਰ ਨਿਕਲਣ ਤੋਂ ਪਹਿਲਾਂ ਹਰਨੀਤ ਨੂੰ ਕਹੀਂ ਕਿ ਆਪਣਾ ਸਿਰ ਢੱਕ ਲਵੇ।" ਮੈ ਤਾਂ ਸੋਚ ਹੀ ਰਿਹਾ ਸੀ ਕਿ ਉਸ ਨੂੰ ਇਹ ਗੱਲ ਕਿਵੇ ਕਹਾਂ, ਦੇਖਾਂ ਤਾਂ ਪਿਉ ਦੀ ਧੀ ਨੇ ਪਹਿਲਾਂ ਹੀ ਚੁੰਨੀ ਨਾਲ ਸਿਰ ਢੱਕਿਆ ਹੋਇਆ ਸੀ ਅਤੇ ਸ਼ਾਲ ਦੀ ਸਵਾਰ  ਕੇ ਬਾਹਾਂ ਉੱਪਰ ਦੀ ਬੁੱਕਲ ਮਾਰੀ ਹੋਈ ਸੀ। ਜਿਸ ਨੂੰ ਦੇਖ ਕੇ ਦਾਦੀ ਜੀ ਫੁੱਲੇ ਨਹੀ ਸੀ ਸਮਾ ਰਹੇ ।
ਰਸਤੇ ਵਿਚ ਜਿਹੜਾ ਵੀ ਜਾਨ-ਪਹਿਚਾਨ ਵਾਲਾ ਮਿਲਦਾ ਮੈ ਉਹਨਾਂ ਦੀ ਮੁਲਕਾਤ ਹਰਨੀਤ ਨਾਲ  ਨਾਲੋ ਨਾਲ ਕਰਾ ਰਿਹਾ ਸੀ।ਹਰਨੀਤ ਵੀ ਬਹੁਤ ਹੀ ਚੰਗੇ ਢੰਗ ਨਾਲ ਐਕਟਿੰਗ ਕਰਦੀ ਲੋਕਾਂ ਨੂੰ ਆਦਰ ਨਾਲ ਬੁਲਾ ਰਹੀ ਸੀ। ਸ਼ਾਹਾਂ ਦੀ ਹਵੇਲੀ ਕੋਲ ਦੀ ਲੰਘਣ ਲੱਗੇ ਤਾਂ ਤਾਇਆ ਮੇਹਰੂ ਮਿਲ ਗਿਆ।ਹਰਨੀਤ ਨੇ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਈ ਤਾਂ ਕਹਿਣ ਲੱਗਾ, " ਕਾਕਾ, ਮੰਨ ਗਏ ਤੇਰੀ ਪਸੰਦ ਨੂੰ, ਆ ਤੁਹਾਡੀ ਪਹਿਲੀ ਜੋੜੀ ਹੀ ਦੇਖੀ ਆ ਜਿਹੜੇ ਇਕ ਦੂਜੇ ਤੋਂ ਉੱਪਰ ਆ, ਨਹੀ ਤਾਂ ਕੈਨੇਡਾ ਦੇ ਹੋਏ ਰਿਸ਼ਤਿਆਂ ਵਿਚ ਜੋੜੀਆਂ ਜੱਗ ਥੌੜ੍ਹੀਆਂ ਅਤੇ ਨਰੜ ਬਥੇੜੇ ਹੁੰਦੇ ਆ।"
" ਮੈਂ ਹਾਂ ਜੀ, ਹਾਂ ਜੀ" ਕਰਦਾ ਅੱਗੇ ਲੰਘ ਗਿਆ। 
ਖੇਤਾਂ ਦੇ ਬੰਨਿਆ ਉੱਤੋਂ ਲੰਘਦੇ ਮਹਿਸੂਸ ਹੋਇਆ ਜਿਵੇ ਸਰੋਂ ਦੀਆਂ ਹਰਆਲੀ ਭਰੀਆਂ ਗੰਦਲਾਂ ਵੀ ਪੁੱਛ ਰਹੀਆਂ ਹੋਣ, 'ਇਹ ਤੇਰੇ ਨਾਲ ਕੌਣ ਆ? ਮੈ ਆਪਣੇ ਮਨ ਵਿਚ ਹੀ ਮੁਸਕ੍ਰਾ ਕਿ ਜ਼ਵਾਬ ਦਿੱਤਾ, ਤੁਹਾਡੀ ਹੀ ਭੈਣ ਲੱਗਦੀ ਹੈ।ਹਵਾ ਦਾ ਨਰਮ ਜਿਹਾ ਬੁਲਾ ਆਇਆ ਤਾਂ ਗੰਦਲਾ ਇਕਦਮ ਹਿਲੀਆਂ ਮੈਨੂੰ ਇੰਝ ਲੱਗਾ ਜਿਵੇ ਉਹ ਮੇਰੇ ਜ਼ਵਾਬ 'ਤੇ ਹੱਸੀਆਂ ਹੋਣ।ਹਰਨੀਤ ਨੇ ਵੀ ਹੱਥ ਨਾਲ ਹੌਲੀ ਅਜਿਹੇ ਉਹਨਾਂ ਨੂੰ ਇਸ ਤਰਾਂ ਛੂਇਆ ਜਿਵੇ ਕਹਿ ਰਹੀ ਹੋਵੇ, " ਮਰਜਾਨੀਆਂ ਕਿੰਨੀਆਂ ਸ਼ੈਤਾਨ ਨੇ, ਕਿਉਂਕਿ ਉਸ ਦੇ ਮੁੱਖ 'ਤੇ ਅਜੀਵ ਅਜਿਹੀ ਲਾਲੀ ਭਾਅ ਮਾਰ ਰਹੀ ਸੀ।ਜੋ ਚੜ੍ਹਦੇ ਸੂਰਜ ਦੀ ਲਾਲੀ ਨਾਲ ਮਿਲਦੀ ਲੱਗੀ।ਬੇਸ਼ੱਕ ਇਹ ਸ਼ਾਮ ਦਾ ਸਮਾਂ ਸੀ।ਫਿਰ ਇਸ ਲਾਲੀ ਨੂੰ ਹੀ ਸਵਾਲ ਬਣਾ ਕੇ ਮੈ ਹਰਨੀਤ ਨੂੰ ਬਲਾਉਣ ਦਾ ਜ਼ਤਨ ਕੀਤਾ, "ਤਹਾਨੂੰ ਚੜ੍ਹਦੇ ਸੂਰਜ ਦੀ ਲਾਲੀ ਚੰਗੀ ਲੱਗਦੀ ਹੈ ਜਾਂ ਛਿਪਣ ਵਾਲੇ ਸੂਰਜ ਦੀ"?
ਹਰਨੀਤ ਨੇ ਹੈਰਾਨ ਹੋ ਕੇ ਮੇਰੇ ਵੱਲ ਦੇਖਿਆ।ਸ਼ਾਇਦ ਸੋਚਦੀ ਹੋਵੇਗੀ ਕਿ ਇਹ ਕਿਹੋ ਅਜਿਹੀਆਂ ਬੇਤੁਕੀਆਂ ਗੱਲਾਂ ਕਰਨ ਲਗ ਜਾਂਦਾ ਹੈ।ਫਿਰ ਥੌੜ੍ਹਾ ਜਿਹਾ ਠਹਿਰ ਕੇ ਬੋਲੀ, " ਚੜ੍ਹਦੇ ਸੂਰਜ਼ ਦੀ।"
ਜਾਣ ਕੇ ਪੰਗਾ ਪਾਉਣ ਦੀ ਆਦਤ ਅਨੁਸਾਰ ਮੈ ਕਿਹਾ, " ਛਿਪੇ ਸੂਰਜ ਦੀ ਕਿਉਂ ਨਹੀ"?
" ਨੈਗਟਿਵ ਲੋਕਾਂ ਨੂੰ ਛਿੱਪੇ ਸੂਰਜ ਦੀ ਲਾਲੀ ਸਹੋਣੀ ਲੱਗਦੀ ਆ।" ਉਸ ਨੇ ਇਹ ਗੱਲ ਇਸ ਤਰਾਂ ਕੀਤੀ ਜਿਵੇ ਮੈਨੂੰ ਸੁਣਾ ਰਹੀ ਹੋਵੇ, " ਪੋਜ਼ਟਿਵ ਲੋਕਾ ਨੂੰ ਚੜ੍ਹਦੇ ਸੂਰਜ ਦੀ।"
ਉਸ ਦੇ ਜ਼ਵਾਬ ਨਾਲ ਮੈ ਭਾਂਵੇ ਥੌੜ੍ਹਾ- ਬਹੁਤਾ ਸਹਿਮਤ ਵੀ ਸੀ, ਫਿਰ ਵੀ ਮੈ ਕਿਹਾ, " ਸੁਦੰਰਤਾ ਤਾਂ ਦੋਨਾਂ ਲਾਲੀਆਂ ਦੀ ਹੀ ਬਹੁਤ ਹੁੰਦੀ ਹੈ।"
" ਮੈ ਕਦੋਂ ਕਿਹਾ ਦੋਨਾ ਦੀ ਸੁੰਦਰਤਾ ਵਿਚ ਕੋਈ ਫਰਕ ਹੁੰਦਾ ਆ।" ਹਰਨੀਤ ਨੇ ਜ਼ਵਾਬ ਦਿੱਤਾ, " ਮੈਨੂੰ ਜੋ ਪਸੰਦ ਸੀ ਮੈ ਤਾਂ ਉਹ  ਕਹਿ ਦਿੱਤਾ।"
" ਵੈਸੇ ਮੈਨੂੰ ਸੂਰਜ ਡੁੱਬਣ ਦਾ ਦ੍ਰਿਸ਼ ਵੀ ਬਹੁਤ ਵਧੀਆ ਲੱਗਦਾ ਹੈ ਅਤੇ ਸੂਰਜ ਚੜ੍ਹਨ ਦਾ ਵੀ।" ਮੈ ਆਪ ਹੀ ਬੋਲੀ ਗਿਆ, " ਸੂਰਜ ਡੁੱਬਣ ਵੇਲੇ ਵੀ ਮੇਰੀ ਥਿੰਕਇੰਗ ਨੈਗਟਿਵ ਨਹੀ ਹੁੰਦੀ ਕਿਉਂਕਿ ਮੈਂਨੂੰ ਇਹ ਆਸ ਹੁੰਦੀ ਹੈ ਕਿ ਇਸ ਨੇ ਸੇਵਰ ਨੂੰ ਫਿਰ ਚੜ੍ਹ ਪੈਣਾ ਆ।"
 ਉਸ ਨੇ ਮੇਰੀ  ਇਹ ਗੱਲ ਅਣਗੋਲਦਿਆਂ ਕਿਹਾ, " ਮੈ ਅੱਜ ਆਉਣਾ ਤਾਂ ਨਹੀ ਸੀ, ਪਰ ਮੱਮੀ ਹੋਣੀ ਕਹਿਣ ਲੱਗ ਪਏ ਕਿ ਅਸੀ ਉਧਰ ਹੀ ਜਾਣਾ ਹੈ, ਤੂੰ ਵੀ ਸਾਡੇ ਨਾਲ ਹੀ ਚੱਲ ਪਾ,ਤੈਨੂੰ ਸਹੋਰੇ ਪਿੰਡ ਛੱਡ ਦੇਵਾਂਗੇ।"
ਦਿਲ ਕਰੇ ਕਿ ਕਹਿ ਦੇਵਾ, 'ਫਿਰ ਨਾ ਆਉਂਦੀ' ਇਹ ਗੱਲ ਮੈ ਆਪਣੇ ਸੰਘ ਵਿਚੋ ਬਾਹਰ ਨਾ ਆਉਣ ਦਿੱਤੀ ਸਿਰਫ ਇੰਨਾ ਹੀ ਕਿਹਾ, " ਤੁਸੀ ਉਹਨਾਂ ਨੂੰ ਦੱਸ ਦੇਣਾ ਸੀ ਕਿ ਆਪ ਜਾਣਾ ਨਹੀ ਚਾਹੁੰਦੇ।"
" ਮੈ ਸਿਟਪਉਡ ਨਹੀ ਹਾਂ, ਜੋ ਇਹ ਕਹਿ ਕੇ ਉਹਨਾ ਨੂੰ ਕੋਈ ਸ਼ੱਕ ਪਾ ਦਿੰਦੀ।"
ਮੈਨੂੰ ਉਸ ਦੀਆਂ ਗੱਲਾਂ 'ਤੇ ਗੁੱਸਾ ਵੀ ਚੜ੍ਹ ਰਿਹਾ ਸੀ,ਪਰ ਚੁੱਪ ਕਰਕੇ ਉਸ ਬਰਾਬਰ ਪੈਰ ਧਰਦਾ ਅਤੇ ਗੁੱਸੇ ਨੂੰ ਪਰੇ ਧਕਦਾ ਤੁਰੀ ਗਿਆ।

ਮੋਟਰ 'ਤੇ ਪਹੁੰਚੇ ਤਾਂ ਭਈਏ ਨੇ ਮੰਜ਼ਾ ਅੱਧੀ ਧੁੱਪੇ ਅੱਧੀ ਛਾਵੇ ਡਾਅ ਦਿੱਤਾ ਅਤੇ ਆਪ ਕਹੀ ਚੁੱਕ ਕੇ ਨੱਕਾ ਮੁੜਨ ਚੱਲਿਆ ਗਿਆ।ਮੈਂ ਮੰਜ਼ੇ ਦੀ ਪੌਂਦ ਵਾਲੇ ਪਾਸੇ ਲੱਤਾ ਲਮਕਾ ਕੇ ਬੈਠ ਗਿਆ। ਹਰਨੀਤ ਅਜੇ ਵੀ ਖੜ੍ਹੀ ਆਲ-ਦੁਆਲਾ ਦੇਖ ਰਹੀ ਸੀ। ਫਿਰ ਮੈਂ ਹੀ ਕਿਹਾ, " ਬਹਿ ਜਾਉ ਜੀ।" ਉਹ ਕੁਝ ਕਹੇ ਬਗ਼ੈਰ ਮੰਜ਼ੇ ਦੇ ਸਿਰਹਾਣੇ ਵਾਲੇ ਪਾਸੇ ਚੌਂਕੜੀ ਮਾਰ ਕੇ ਬੈਠ ਗਈ।ਹੁਣ ਮੈ ਵੀ ਚੁੱਪ ਅਤੇ ਹਰਨੀਤ ਵੀ ਚੁੱਪ ਸੀ। ਮੈ ਗੱਲ ਚਲਾਉਣ ਦੇ ਬਹਾਨੇ ਨਾਲ ਕਿਹਾ, " ਉਹ ਨਿਆਈ ਤੱਕ ਆਪਣੇ ਹੀ ਖੇਤ ਆ।"
" ਅੱਛਾ, ਹੋਣਗੇ।" ਉਸ ਨੇ ਮੋਢੇ ਅਜਿਹੇ ਚੁੱਕਦੇ ਕਿਹਾ, " ਮੈਨੂੰ ਕੋਈ ਇੰਨਟਰਸਟ ਨਹੀ।"
ਮੈਨੂੰ  ਦੁਬਾਰਾ ਗੁੱਸਾ ਚੜ੍ਹ ਗਿਆ ਕਿ ਬਾਕੀਆਂ ਦੇ ਸਾਹਮਣੇ ਕਿਵੇ ਸ਼ਰੀਫ ਬਣੀ ਰਹਿੰਦੀ,ਉਸ ਤਰਾਂ ਕਿੰਨਾ ਰੁੱਖਾ ਬੋਲਦੀ ਆ, ਪਰ ਕਸੂਰ ਮੇਰਾ ਹੀ ਸੀ ਮੈ ਭੁੱਲ ਜਾਦਾਂ ਸਾਂ ਕਿ ਉਹ ਦੂਜਿਆ ਦੇ ਸਾਹਮਣੇ ਤਾਂ ਬਹੂ ਦਾ ਰੋਲ ਹੀ ਪਲੇਅ ਕਰਦੀ ਹੈ ਅਤੇ ਅਸਲੀ ਜ਼ਿੰਦਗੀ ਮੇਰੇ ਸਾਹਮਣੇ  ਹੀ ਜ਼ਿਊਂਦੀ ਹੈ।ਫਿਰ ਵੀ ਮੈ ਗੁੱਸੇ ਵਿਚ ਕਿਹਾ, " ਬੇਸ਼ੱਕ ਆਪਣਾ ਵਿਆਹ ਝੂਠਾ ਆ, ਪਰ ਇਹਦਾ ਇਹ ਮਤਲਵ ਨਹੀ ਕਿ ਤੁਸੀ ਰੋਹਬ ਨਾਲ ਬੋਲੋ।"
" ਮੈ ਕਿਵੇ ਬੋਲਣਾ ਹੈ ਜਾਂ ਕਿਦਾਂ ਬੋਲਣਾ ਹੈ ਮੈਨੂੰ ਦੱਸਣ ਦੀ ਲੋੜ ਨਹੀ।"
" ਲੋੜ ਤਾਂ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਆ।" ਮੈ ਗੰਭੀਰ ਹੁੰਦੇ ਕਿਹਾ, " ਇਹ ਵੱਖਰੀ ਗੱਲ ਆ ਕਿ ਹਰ ਲੋੜ ਆਪਣੀ ਕਿਸਮ ਦੀ ਹੁੰਦੀ ਆ।"
" ਮੇਰੇ ਤੇ ਇਹ ਅਹਿਸਾਨ ਜਿਤਾਉਣ ਦੀ ਟਰਾਈ ਨਾ ਕਰੋ ਕਿ ਮੈ ਲੋੜ ਕਰਕੇ ਤੁਹਾਡੇ ਨਾਲ ਵਿਆਹ ਕੀਤਾ।"
" ਲੋੜ ਕਰਕੇ ਹੀ ਕੀਤਾ।" ਮੈ ਮੁਸਕ੍ਰਾ ਕੇ ਕਿਹਾ, " ਹੋਰ ਕਿਤੇ ਤੁਸੀ ਮੇਰੇ ਨਾਲ ਲਵ-ਮੈਰਿਜ਼ ਕੀਤੀ ਆ।"
" ਤੁਸੀ ਵੀ ਤਾਂ ਲੋੜ ਕਰਕੇ ਹੀ ਕੀਤਾ।" ਉਸ ਨੇ ਆਪਣਾ ਮੱਥਾ ਇਕੱਠਾ ਕਰਕੇ ਕਿਹਾ, "ਲਵ ਮੈਰਿਜ਼ ਤਾਂ ਮੈ ਜਿਸ ਨਾਲ ਕਰਨੀ ਆ, ਉਸੇ ਨਾਲ ਹੀ ਕਰਾਂਗੀ।"
" ਮੈ ਕਿਹੜਾ ਮੁਕਰਦਾ, ਮੈ ਤਾਂ ਸਾਫ ਕਹਿੰਦਾ ਹਾਂ ਕਿ ਕੈਨੇਡਾ ਜਾਣ ਦੀ ਲੋੜ ਕਰਕੇ ਹੀ ਮੈ ਝੂਠਾ ਵਿਆਹ ਕੀਤਾ।"
" ਉ.ਕੇ ਆ ਫਿਰ, ਮੈ ਵੀ ਲੋੜ ਕਰਕੇ ਕੀਤਾ।"
" ਬੰਦੇ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਆ।"
" ਗੱਲਤੀ ਤਾਂ ਮੈ ਕੋਈ ਨਹੀ ਕੀਤੀ।"
" ਮੈ ਤਾਂ ਕੀਤੀ ਆ।"
" ਉਹ ਤੁਹਾਡੀ ਪਰੋਬਲਮ ਹੈ, ਮੇਰੀ ਨਹੀ।"
" ਉਹ ਤਾਂ ਮੈਨੂੰ ਪਤਾ, ਬਾਹਰਲੀਆਂ ਕੁੜੀਆਂ ਬਹੁਤ ਖੁਦਗਰਜ਼ ਹੁੰਦੀਆਂ।"
" ਪੰਜਾਬ ਦੇ ਮੁੰਡਿਆਂ ਨੂੰ ਜੇ ਇਸ ਗੱਲ ਦਾ ਪਤਾ ਹੈ ਤਾਂ ਫਿਰ ਬਾਹਰੋਂ ਆਈਆਂ ਕੁੜੀਆਂ ਦੇ ਮਗਰ ਮਗਰ ਕਿਉਂ ਫਿਰਦੇ ਆ।"
" ਮੈਂ ਤਾਂ ਕਿਸੇ ਦੇ ਮਗਰ ਨਹੀ ਫਿਰਿਆ।"
" ਫਿਰ ਕੇ ਦੇਖ ਲੈਣਾ ਸੀ ਸ਼ਾਇਦ ਕੋਈ ਮਿਲ ਜਾਂਦੀ।"
" ਇਕ ਨੇ ਹੀ ਹੱਥ ਖੜੇ ਕਰਾਏ ਹੋਏ ਆ, ਹੋਰ ਕਿਸੇ ਮਗਰ ਫਿਰ ਕੇ ਕੀ ਲੈਣਾ।"
" ਮੈਂ ਤਾਂ ਸੋਚਦੀ ਸੀ ਕਿ ਤੁਸੀ ਬਹੁਤ ਇਨੋਸੈਨਟ ਪਰਸਨ ਹੋ, ਪਰ ਤੁਸੀ ਕਾਫੀ ਸਮਾਰਟ ਹੋ।"
" ਸਮਾਰਟ ਨਾਲ ਸਮਾਰਟ  ਹੋਣਾ ਹੀ ਪੈਂਦਾ।"
" ਸਮਾਰਟ ਰਹੋ ਜਾਂ ਸਟੂਪਿਡ ਮੈਨੂੰ ਕੋਈ ਫਰਕ ਨਹੀ।" ਉਸ ਨੇ ਹੱਥ ਜੋੜਦੇ ਕਿਹਾ, " ਮੇਰੀ ਤਾਂ ਇਹ ਰੁਕੈਸਟ ਹੈ ਕਿ ਥੌੜਾ ਜਿਹਾ ਟਾਈਮ ਲੰਘਾ ਦਿਉ, ਫਿਰ ਤੁਹਾਡੀ ਮੇਰੀ ਛੁੱਟੀ।"
aਦੋਂ ਹੀ ਭਈਆ ਨੱਕਾ ਮੋੜ ਕੇ ਆ ਗਿਆ।ਉਸ ਨੇ ਹਰਨੀਤ ਦੇ ਜੁੜੇ ਹੱਥਾਂ ਨੂੰ ਦੇਖਦਿਆਂ ਕਿਹਾ, " ਸਰਦਾਰ ਜੀ, ਆਪ ਹੋ ਕਿਸਮਤ ਵਾਲੇ, ਦੇਖਾ ਬੀਬੀ ਜੀ, ਆਪ ਕੇ ਸਾਥ ਕੈਸੇ ਨਿਮਰਤਾ ਸੇ ਪੇਸ਼ ਆਤੇ ਹੈ।"
" ਵੋਹ ਤੋ ਹੈ।" ਮੈ ਕਿਹਾ, " ਮੈ ਕਿਸਮਤ ਵਾਲਾ ਹੂੰ।"
" ਸੱਚ ਬੋਲਤਾ ਹੂੰ।" ਭਈਏ ਨੇ ਹਰਨੀਤ ਦੀ ਹੋਰ ਵਡਿਆਈ ਕਰਨ ਦੇ ਮੂਡ ਵਿਚ ਕਿਹਾ, " ਕੈਨੇਡਾ ਸੇ ਆਇਆ ਲੜਕੀ ਇਤਨੀ ਅੱਛਾ, ਮੈਨੇ ਤੋਂ ਪੰਜਾਬ ਮੇ ਕੋਈ ਐਸਾ ਲੜਕੀ ਨਹੀ ਦੇਖਾ।"
" ਸਾਰੀ ਦੁਨੀਆਂ ਮੇ ਐਸੀ ਲੜਕੀ ਨਹੀ ਹੋਗੀ।" ਮੈ ਭਈਏ ਨੂੰ ਦਸ ਰਿਹਾ ਸੀ, " ਜੋ ਜੇ ਕਰ ਰਹੀ ਹੈ ਜਾਂ ਕੀਆ ਹੈ ਅੋਰ ਕੋਈ ਲੜਕੀ ਨਹੀ ਕਰ ਸਕਤੀ, ਵੱਡਾ ਸਾਹਸ ਅੋਰ ਹਿੰਮਤ ਹੈ ਇਸ ਮੇ।"
ਭਈਆ ਮੁਸਕ੍ਰਾ ਕੇ ਬੋਲਿਆ," ਸਰਦਾਰ ਜੀ, ਵੋਹ ਤੋ ਆਪ ਜੀ ਜਾਣਤੇ ਹੋਗੇ।"
ਹਰਨੀਤ ਨੂੰ ਮੇਰੀ ਗੱਲ ਦਾ ਗੁੱਸਾ ਲੱਗਾ।ਉਹ ਮੰਜ਼ੇ ਤੋ ਉੱਠਦੀ ਕਹਿਣ ਲੱਗੀ, " ਮੈ ਘਰ ਨੂੰ ਜਾ ਰਹੀ ਹਾਂ।"
ਮੈਂ ਵੀ ਉਸ ਦੇ ਨਾਲ ਹੀ ਘਰ ਨੂੰ ਮੁੜ ਪਿਆ। ਉਹ ਤੇਜ਼ ਤੇਜ਼ ਕਦਮ ਪੁੱਟ ਰਹੀ ਸੀ ਅਤੇ ਮੈਂ ਉਸ ਦੇ ਨਾਲ ਕਦਮ ਮਿਲਾਉਂਦਾ ਉਸ ਦਾ ਹਮਕਦਮ ਬਨਣ ਦਾ ਯਤਨ ਕਰਦਾ ਤੁਰਨ ਲੱਗਾ। ਸਾਰੇ ਰਸਤੇ ਉਹ ਕੁਝ ਵੀ ਨਾ ਬੋਲੀ ਅਤੇ ਮੈ ਵੀ ਚੁੱਪ ਰਿਹਾ।
ਘਰ ਜਾ ਕੇ ਉਸ ਨੇ ਰੋਟੀ ਵੀ ਥੋੜ੍ਹੀ ਹੀ ਖਾਧੀ ਅਤੇ ਛੇਤੀ ਹੀ ਆਪਣੇ ਕਮਰੇ ਵੱਲ ਜਾਂਦੀ ਦਾਦੀ ਜੀ ਨੂੰ ਬੋਲੀ, " ਬੀਜ਼ੀ, ਮੈ ਸੋਣ ਜਾ ਰਹੀ ਹਾਂ। ਮੈ ਗੁਡ ਫੀਲ ਨਹੀ ਕਰ ਰਹੀ।"
" ਨਾ ਪੁੱਤ, ਗੁੱਡ ਫੀਲ ਨੂੰ ਕੀ ਹੋਇਆ।"
" ਬੀਜੀ, ਜਾ ਲੈਣ ਦਿਉ।" ਮੈਂ ਵਿਚੋਂ ਹੀ ਬੋਲਿਆ, " ਇਸ ਦਾ ਸਿਰ ਦੁੱਖਦਾ ਹੈ।"
" ਬਾਹਰ ਠੰਡ ਲਗ ਗਈ ਹੋਵੇਗੀ।" ਭਾਪਾ ਜੀ ਨੇ ਅੰਦਾਜ਼ਾ ਲਾਇਆ, " ਸਿਰ ਤੇ ਸਕਾਫ ਬਨ ਕੇ ਬਾਹਰ ਜਾਣਾ ਸੀ।"
" ਚਾਹ ਬਣਾ ਕੇ ਦੇਵਾਂ।" ਦਾਦੀ ਜੀ ਨੇ ਪੁੱਛਿਆ, " ਨਾਲ ਗੋਲੀ ਲੈ ਲਈ।"
" ਇਟਸ ਉ.ਕੇ, ਮੈਂ ਸੋਂ ਕੇ ਠੀਕ ਹੋ ਜਾਣਾ ਹੈ।"
ਰਾਣੋ ਰਸੋਈ ਵਿਚ ਭਾਡੇ ਮਾਜ਼ਦੀ ਇਹ ਸਭ ਗੱਲਾਂ ਸੁਣ ਰਹੀ ਸੀ।ਪਿਛਲੇ ਕਮਰੇ ਦੀ ਅਲਮਾਰੀ ਵਿਚੋਂ ਜਦੋਂ ਮੈਂ ਕਿਤਾਬਾ ਲੈ ਕੇ ਮੁੜਿਆ ਤਾਂ ਰਾਣੋ ਹੌਲੀ ਅਜਿਹੀ ਦਾਦੀ ਜੀ ਨੂੰ ਕਹਿ ਰਹੀ ਸੀ, " ਬੀਬੀ, ਮੈਨੂੰ ਲੱਗਦਾ ਬਹੂ ਦਾ ਪੈਰ ਭਾਰੀ ਆ।"
" ਨਹੀ ਰਾਣੋ , ਇੰਨਾ ਕੁ ਮੈਨੂੰ ਵੀ ਪਤਾ ਆ ਬਾਹਰਲੀਆਂ ਕੁੜੀਆਂ ਏਡੀ ਛੇਤੀ ਪੈਰ ਭਾਰੀ ਨਹੀ ਹੋਣ ਦੇਂਦੀਆਂ।" ਦਾਦੀ ਜੀ ਹੱਸਦੇ ਹੋਏ ਕਹਿਣ ਲੱਗੇ, " ਵਿਆਹ ਨੂੰ ਤਾਂ ਅਜੇ ਮਹੀਨਾ ਵੀ ਨਹੀ ਹੋਇਆ,ਰਾਣੋ ਤੂੰ ਵੀ ਬਸ…।"
ਮੈ ਗੱਲਾਂ ਨਾ ਸੁਨਣ ਦਾ ਦਿਖਾਵਾ ਕਰਦਾ, ਦੁੱਧ ਦਾ ਗਿਲਾਸ ਚੁੱਕ ਪੌੜੀਆਂ ਚੜ੍ਹਨ ਹੀ ਲੱਗਾ ਸੀ ਕਿ ਦਾਦੀ ਜੀ ਨੇ ਪਿਛੋਂ ਅਵਾਜ਼ ਮਾਰੀ, " ਹਰਨੀਤ ਲਈ ਦੁੱਧ ਲੈ ਜਾਹ।"
" ਬੀਜ਼ੀ, ਹਰਨੀਤ ਨੇ ਦੁੱਧ ਨਹੀ ਪੀਣਾ।" ਮੈ ਪਹਿਲੀ ਪੌੜੀ 'ਤੇ ਪੈਰ ਧਰਦੇ ਕਿਹਾ, " ਉਹ ਤਾਂ ਸੋਂ ਵੀ ਗਈ ਹੋਵੇਗੀ।"               

                                    
9


ਸਵੇਰੇ ਉੱਠਦੇ ਸਾਰ ਹੀ ਭਾਪਾ ਜੀ ਕਹਿਣ ਲੱਗੇ, " ਮਨਮੀਤ, ਅੱਜ ਭੂਆ ਜੀ ਦੇ ਜਾਹ ਹੀ ਆਉ।"
ਮੇਰੇ ਜ਼ਵਾਬ ਦੇਣ ਤੋਂ ਪਹਿਲਾਂ ਹੀ ਹਰਨੀਤ ਬੋਲ ਪਈ, " ਹਾਂ ਜੀ, ਭਾਪਾ ਜੀ, ਆਪਾਂ ਸਭ ਚਲਦੇ ਹਾਂ।"
" ਨਾ ਪੁੱਤ, ਤੂੰ ਤਾਂ ਮਨਮੀਤ ਹੀ ਜਾਹ ਆਉ।" ਦਾਦੀ ਜੀ ਨੇ ਕਿਹਾ, " ਸਾਡਾ ਜਾਣਾ ਜ਼ਰੂਰੀ ਨਹੀ।"
" ਕੋਈ ਨਹੀ, ਬੀਜ਼ੀ ਤੁਸੀ ਵੀ ਚੱਲ ਪਉ।" ਮੈ ਕਿਹਾ, " ਜੀਪ ਲੈ ਚਲਦੇ ਹਾਂ, ਭਾਪਾ ਜੀ ਤੁਸੀ ਵੀ ਚਲੋ।"
" ਤੁਸੀ ਦੋਨੋ ਇਕੱਲੇ ਕਿਤੇ ਵੀ ਨਹੀ ਗਏ।" ਦਾਦੀ ਜੀ ਕਹਿਣ ਲੱਗੇ, " ਝੋਟੇਕੁੱਟਾਂ ਦਾ ਮੁੰਡਾ ਤਾਂ ਵਹੁਟੀ ਨੂੰ ਲੈ ਕੇ ਸ਼ਿਮਲੇ-ਸ਼ੁਮਲੇ ਵੀ ਗਿਆ।"
" ਜਾਣ ਨੂੰ ਤਾਂ ਅਸੀ ਵੀ ਜਾ ਸਕਦੇ ਸੀ।" ਹਰਨੀਤ ਇਕਦਮ ਬੋਲੀ, " ਪਰ ਟਾਈਮ ਹੈ ਨਹੀ।"
" ਚਲੋ ਭੂਆ ਜੀ ਦੇ ਤਾਂ ਤੁਸੀ ਦੋਨੋ ਜਾਹ ਆਵੋ।" ਭਾਪਾ ਜੀ ਨੇ ਕਿਹਾ, " ਜੀਪ ਲਿਜਾਣ ਦੀ ਲੋੜ ਨਹੀ , ਆਹ ਲਾਗੇ ਹੀ ਤਾਂ ਉਹਨਾਂ ਦਾ ਪਿੰਡ ਆ, ਹੁਣੇ ਹੀ ਸਕੂਟਰ ਤੇ ਨਿਕਲ ਜਾਉ, ਰਾਤ ਨੂੰ ਵੇਲੇ ਸਿਰ ਘਰ ਨੂੰ ਆ ਜਾਇਉ।"
" ਹਾਂ ਜੀ, ਅੱਜ ਹੀ ਜਾ ਸਕਦੇ ਹਾਂ।" ਹਰਨੀਤ ਨੇ ਕਿਹਾ, " ਕੱਲ੍ਹ ਨੂੰ ਤਾਂ ਡੈਡੀ ਹੋਰੀ ਮੈਂਨੂੰ ਵਾਪਸ ਵੀ ਲੈ ਜਾਣਾ ਹੈ।" 
"ਅੱਛਾ।" ਦਾਦੀ ਜੀ ਨੇ ਹੈਰਾਨ ਹੁੰਦੇ ਕਿਹਾ, " ਸਾਡੇ ਕੋਲ ਹੋਰ ਥੌੜ੍ਹਾ ਚਿਰ ਰਹਿ ਲੈਂਦੀ।"
" ਬੀਜ਼ੀ, ਰਹਿਣ ਨੂੰ ਤਾਂ ਮੇਰਾ ਦਿਲ ਵੀ ਬਹੁਤ ਕਰਦਾ ਆ।" ਹਰਨੀਤ ਨੇ ਮੇਰੇ ਵੱਲ ਦੇਖ ਕੇ ਕਿਹਾ, "ਮੇਰੇ ਕਈ ਕੰਮ ਕਰਨ ਵਾਲੇ ਆ, ਮਨਮੀਤ ਵੀ ਕਹਿੰਦੇ ਸੀ ਕਿ ਇਹ ਸਾਰੇ ਕੰੰਮ ਤੂੰ ਆਪਣੇ ਪਿੰਡ ਰਹਿ ਕੇ ਕਰ ਲੈ।"
ਮੈਂ ਹੱਕਾ-ਬੱਕਾ ਹੋਇਆ ਹਰਨੀਤ ਦੇ ਮੂੰਹ ਵੱਲ ਝਾਕੀ ਗਿਆ।ਉਸ ਵੇਲੇ ਹੀ ਬਰਾਂਡੇ ਦੀ ਅੰਗੀਠੀ ਉੱਪਰ ਪਏ ਰੇਡਿਉ ਤੋਂ ਗਾਣਾ ਵਜਣ ਲੱਗਾ ' ਮੈਂਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾ ਦਾ, ਨੀ ਉਹ ਵਾਂਗ ਸ਼ੁਦਾਈਆਂ ਝਾਕੇ…।' ਮੇਰਾ ਦਿਲ ਕਰੇ ਕਿ ਰਡਿਉ ਚੁੱਕ ਕੇ ਵਿਹੜੇ ਵਿਚ ਮਾਰਾ ਕਿ ਇਸ ਨੂੰ ਵੀ ਆ ਹੀ ਸਮਾਂ ਲੱਭਾ ਮੇਰੇ ਹਾਲਾਤ ਨਾਲ ਖਿਲਵਾੜ ਕਰਨ ਦਾ।ਅਜੇ ਗੁੱਸੇ ਨਾਲ ਰੇਡਿਉ ਵੱਲ ਦੇਖ ਹੀ ਰਹਾਂ ਸੀ ਕਿ ਦਾਦੀ ਜੀ ਬੋਲੇ, " ਮਨਮੀਤ,ਹੁਣ ਤੇਰੀ ਜ਼ਿੰਮੇਵਾਰੀ ਬਣਦੀ ਆ,ਹਰਨੀਤ ਦੇ ਸਾਰੇ ਕੰਮ ਕਰਾਉਣ ਦੀ,ਤੂੰ ਕਿਵੇ ਕਹਿ ਦਿੱਤਾ ਕਿ ਇਹ ਆਪਣੇ ਪਿੰਡ ਰਹਿ ਕੇ ਕਰੇ?"
" ਮੈਨੂੰ ਪਤਾ ਹੈ ਮੇਰੀ ਕੀ ਜ਼ਿੰਮੇਵਾਰੀ ਹੈ।" ਮੈਂ ਰੇਡਿਉ ਦੀ ਅਵਾਜ਼ ਹੌਲੀ ਕਰਦੇ ਕਿਹਾ, " ਹਰਨੀਤ ਨੂੰ ਸਮਝਾਉ ਕਿ ਇਹਦੀ ਕੀ ਜ਼ਿੰਮੇਵਾਰੀ ਹੈ?"
" ਬੀਜ਼ੀ, ਇਹ ਦੋਨੋ ਹੀ ਬਹੁਤ ਸਿਆਣੇ ਨੇ।" ਭਾਪਾ ਜੀ ਨੇ ਗੱਲ ਵਿਗੜਨ ਦੇ ਡਰ ਤੋਂ ਕਿਹਾ, " ਪੜ੍ਹੇ-ਲਿਖੇ ਨੇ,ਜਿਵੇ ਵੀ ਇਹ ਕੋਈ ਕੰਮ ਕਰਨ ਦਾ ਫੈਂਸਲਾ ਕਰਦੇ ਨੇ, ਕਰਨ ਦਿਆ ਕਰੋ, ਆਪਾਂ ਕਹਾਤੋ ਇੰਨਾਂ ਦੀਆਂ ਗੱਲਾਂ ਵਿਚ ਪੈਣਾ।"
" ਹਾਂ ਜੀ ਭਾਪਾ ਜੀ,ਤੁਸੀ ਠੀਕ ਕਹਿੰਦੇ ਹੋ।" ਹਰਨੀਤ ਇਕਦਮ ਬੋਲੀ, " ਅਸੀ ਹਰ ਡਸੀਜ਼ਨ ਸਲਾਹ ਨਾਲ ਹੀ ਬਣਾਈਦਾ ਹੈ।"
ਹਰਨੀਤ ਦੀ ਇਸ ਗੱਲ ਉੱਪਰ ਮੈਨੂੰ ਹਾਸਾ ਵੀ ਆਇਆ ਅਤੇ ਗੁੱਸਾ ਵੀ, ਪਰ ਆਪਣਾ ਮੂੰਹ ਬੰਦ ਰਖਿਆ ਅਤੇ ਬਾਹਰਲੇ ਗੇਟ ਵੱਲ ਨੂੰ ਤੁਰ ਪਿਆ।ਪਿੱਛੋਂ ਦਾਦੀ ਜੀ ਦੀ ਅਵਾਜ਼ ਮੈਨੂੰ ਜ਼ਰੂਰ ਸੁਣੀ ਜੋ ਕਹਿ ਰਹੇ ਸਨ, " ਬਾਹਰੋਂ ਛੇਤੀ ਮੁੜ ਆਈ, ਜੇ ਬੀਬੀ ਦੇ ਜਾਣਾ ਹੈ ਤਾਂ ਵੇਲੇ ਨਾਲ ਹੀ ਤੁਰਿਉ।ਰਾਮੂ ਨੂੰ ਕਹਿ ਕੇ ਪੱਕੇ ਪੱਕੇ ਮਾਲਟੇ ਤੁੜਵਾ ਲਿਆਂਈ ਬੀਬੀ ਲਈ ।"
ਮੈਂ ਮੁਰੱਬਉ ਛੇਤੀ ਹੀ ਵਾਪਸ ਆ ਗਿਆ।ਹਰਨੀਤ ਸਾਹਮਣੇ ਹੀ ਕੁਰਸੀ ਦੇ ਉੱਪਰ ਤਿਆਰ ਬਰ ਤਿਆਰ ਬੈਠੀ ਕੋਈ ਰਸਾਲਾ ਪੜ੍ਹਦੀ ਦਿਸੀ।ਮਾਲਟੇ ਦਾਦੀ ਜੀ ਫੜਾ, ਚੁੱਪ-ਚਾਪ ਉਸ ਦੇ ਕੋਲੋ ਦੀ ਲੰਘ ਕੇ  ਤਿਆਰ ਹੋਣ ਲਈ ਆਪਣੇ ਕਮਰੇ ਵਿਚ ਦਾਖਲ ਹੋ ਗਿਆ।

ਸੂਰਜ ਦੀ ਟਿਕੀ ਅਜੇ ਚੁਬਾਰੇ ਦੇ ਖੱਬੇ ਹੱਥ ਹੀ ਪੁੰਹਚੀ ਸੀ ਕਿ ਹਰਨੀਤ ਨੂੰ ਸਕਟੂਰ 'ਤੇ ਬੈਠਾ ਭੂਆ ਜੀ ਦੇ ਪਿੰਡ ਨੂੰ ਤੁਰ ਪਿਆ। ਅਜੇ ਪਿੰਡ ਦਾ ਬਸੀਮਾ ਹੀ ਟੱਪਿਆ ਸੀ ਕਿ ਹਰਨੀਤ ਬੋਲ ਪਈ, " ਭੂਆ ਦੇ ਪਿੰਡ ਨੂੰ ਜਾਣਾ ਇਮਪੋਰਟੈਂਟ ਸੀ, ਤੁਸੀ ਕੋਈ ਬਾਹਨਾ ਨਹੀ ਸੀ ਲਾ ਸਕਦੇ।"
" ਤੁਸੀ ਨਹੀ ਸੀ ਜਾਣਾ ਚਾਹੁੰਦੇ ਤਾਂ ਕਹਿ ਦਿੰਦੇ।"
" ਮੈਂ ਤਾਂ ਬਹੁਤ ਕਿਹਾ ਭਾਪਾ ਜੀ ਨੂੰ ਤੁਸੀ ਵੀ ਨਾਲ ਚਲੋ ਪਰ ਉਹ ਤਾਂ ਮੰਨੇ ਹੀ ਨਾ।"
" ਇਸ ਵਿਚ ਮੇਰਾ ਤਾਂ ਕੋਈ ਕਸੂਰ ਨਹੀ।"
" ਆਖਰੀ ਵਾਰ ਤੁਹਾਡੇ ਰੈਲਟਿਵ ਦੇ ਜਾ ਰਹੀ ਹਾਂ, ਇਸ ਤੋਂ ਬਾਅਦ ਆਪ ਹੀ ਆਪਣੇ ਘਰਦਿਆਂ ਨੂੰ ਸਮਝਾ ਦਿਉ ਕਿ ਮੈਂ ਕਿਸੇ ਭੂਆ- ਮਾਸੀ ਦੇ ਨਹੀ ਜਾਣਾ।"
" ਹੋਰ ਕਿਤੇ ਜਾਣ ਲਈ ਤਾਂ ਤੁਹਾਡੇ ਕੋਲ ਟਾਈਮ ਹੀ ਨਹੀ ਹੋਣਾ।" ਮੈਂ ਤੇਜ਼ੀ ਨਾਲ ਮੋੜ ਕੱਟਦੇ ਕਿਹਾ, " ਕੱਲ ਨੂੰ ਤਾਂ ਤੁਸੀ ਆਪਣੇ ਡੈਡੀ ਨਾਲ ਚਲੇ ਹੀ ਜਾਣਾ ਆ।"
ਤੇਜ਼ੀ ਨਾਲ ਮੋੜ ਕੱਟਣ ਕਾਰਨ ਉਹ ਇਕ ਪਾਸੇ ਨੂੰ ਉਲਰਣ ਜਿਹੀ ਲੱਗੀ ਤਾਂ ਇਕਦਮ ਉਸ ਨੇ ਮੇਰੇ ਮੋਢੇ ਨੂੰ ਫੜ੍ਹ ਲਿਆ, ਪਰ ਫਿਰ ਇਕਦਮ ਇਸ ਤਰਾਂ ਛੱਡ ਦਿੱਤਾ ਜਿਵੇ ਕਰੰਟ ਵਜਿਆ ਹੋਵੇ।
" ਕੱਲ੍ਹ ਨੂੰ ਮੈਂ ਆਪਣਾ ਸਾਰਾ ਸਮਾਨ ਲੈ ਜਾਣਾ ਹੈ।" ਉਸ ਨੇ ਦੱਸਿਆ, " ਜਾਣ ਦੀ ਵੀ ਤਿਆਰੀ ਕਰਨੀ ਆ।"
" ਇਸ ਦਾ ਮਤਲਵ ਤੁਸੀ ਮੁੜ ਸਾਡੇ ਪਿੰਡ ਨਹੀ ਆਉਂਦੇ।"
" ਮਸੀ ਤਾਂ ਮੈਂ ਇਹ ਟਾਈਮ ਪੂਰਾ ਕਰ ਰਹੀ ਹਾਂ।" ਉਸ ਨੇ ਔਖਾ ਜਿਹਾ ਸਾਹ ਲੈ ਕੇ ਕਿਹਾ, " ਹਰ ਥਾਂ ਮੈਨੂੰ ਹੀ ਐਕਸਕਿਊਜ਼ ਬਣਾਉਣਾ ਪੈਂਦਾ ਆ, ਤੁਸੀ ਤਾਂ ਕੁੱਝ ਬੋਲਦੇ ਹੀ ਨਹੀ। ਤੁਹਾਨੂੰ ਰਿਮੈਂਵਰ ਰੱਖਣਾ ਚਾਹੀਦਾ ਕਿ ਆਪਾਂ ਦੋ ਸਟਰੇਂਜਰ ਹਾਂ।"
" ਅੱਗੇ ਤੋਂ ਕੋਸ਼ਿਸ਼ ਕਰਾਂਗਾ।"
ਭੂਆ ਜੀ ਦੇ ਘਰ ਦੇ ਆਲੇ-ਦੁਆਲੇ ਚਾਰ ਦੁਆਰੀ ਤਾਂ ਸੀ, ਪਰ ਕੰਧਾ ਨੂੰ ਕੋਈ ਗੇਟ ਜਾਂ ਦਰਵਾਜ਼ਾ ਨਹੀ ਸੀ। ਇਸ ਲਈ ਮੈਂ ਸਿੱਧਾ ਹੀ ਅੱਧੇ ਕੱਚੇ ਅਤੇ ਅੱਧੇ ਪੱਕੇ ਵਿਹੜੇ ਵਿਚ ਸਕੂਟਰ ਲੈ ਗਿਆ।ਭੁਆ ਜੀ ਵਿਹੜੇ ਵਿਚਲੇ ਅਮਰੂਦਾ ਦੇ ਬੂਟੇ ਦੇ ਕੋਲ ਹੀ, ਕੱਪੜੇ ਉੱਪਰ ਸੁਕਣ ਲਈ ਪਾਈਆਂ ਮਾਹਾਂ ਦੀਆਂ ਬੜੀਆਂ ਵਿਚ ਹੱਥ ਫੇਰਦੇ ਪੀੜੀ 'ਤੇ ਬੈਠੇ ਦਿੱਸੇ।ਸਾਨੂੰ ਦੇਖ ਕੇ ਇਕਦਮ ਉੱਠ ਕੇ ਸਾਡੇ ਵੱਲ ਨੂੰ ਆ ਗਏ।ਸਕੂਟਰ ਦੀ ਅਵਾਜ਼ ਸੁਣ ਕੇ ਉਹਨਾਂ ਦੀ ਨੂੰਹ ਵੀ ਅੰਦਰੋਂ ਨਿਕਲ ਕੇ ਵਿਹੜੇ ਵਿਚ ਆ ਗਈ। ਭੂਆ ਜੀ ਦੇ ਗੋਡਿਆ ਨੂੰ ਮੈਂ ਹੱਥ ਲਾਉਣਾ ਹੀ ਸੀ।ਹਰਨੀਤ ਨੇ ਵੀ ਨਾਲ ਹੀ ਉਹਨਾਂ ਦੇ ਪੈਰ ਛੁਹੇ। ਭੂਆ ਜੀ ਨੇ ਅਸੀਸਾਂ ਦੀ ਝੜੀ ਲਾ ਦਿੱਤੀ, ਬੁਢ ਸੁਹਾਗਣ ਹੋਵੇ, ਪ੍ਰਮਾਤਾਮਾ ਤੈਨੂੰ ਲਾਲ ਦੇਵੇ ਆਦਿ।ਹਰਨੀਤ ਉਹਨਾਂ ਨੂੰ ਥੈਂਕਉ ਥੈਂਕਊ ਕਹੀ ਜਾਵੇ।ਸਾਡੇ ਆਉਣ ਦਾ ਭੂਆ ਜੀ ਨੂੰ ਤਾਂ ਚਾਅ ਚੜ੍ਹਨਾ ਹੀ ਸੀ, ਉਹਨਾਂ ਦੀ ਨੂੰਹ ਵੀ ਬਹੁਤ ਖੁਸ਼ ਹੋਈ।ਰਸੋਈ ਦੇ ਅੱਗੇ ਭਾਂਡੇ ਮਾਜ਼ਦੀ ਭਈਆਨੀ ਨੂੰ ਭੁਆ ਜੀ ਕਹਿਣ ਲੱਗੇ, " ਸਰੀਤਾ, ਖੂਹ ਕੋ ਜਾਉ, ਸਰਦਾਰ ਨੂੰ ਦੱਸਣਾ ਕੇ ਮਨਮੀਤ ਆਇਆ ਹੈ ਬਹੂ ਲੇ ਕੇ।"
ਚਾਹ ਪਿਲਾਉਣ ਤੱਕ ਖੂਹ ਤੋਂ ਬੰਦੇ ਵੀ ਆ ਗਏ। ਥੌੜ੍ਹਾ ਚਿਰ ਬੈਠ ਕੇ ਸਭ ਗੱਪਾਂ ਮਾਰਦੇ ਰਹੇ।ਬਾਅਦ ਵਿਚ ਉਹਨਾਂ ਛੇਤੀ ਹੀ ਰੋਟੀ ਬਣਾ ਲਈ।ਸਾਨੂੰ ਦੋਹਾਂ ਨੂੰ ਇਕ ਥਾਲੀ ਵਿਚ ਖਾਣ ਲਈ ਦਿੱਤੀ ਤਾਂ ਮੈਂ ਝੱਟ ਕਹਿ ਦਿੱਤਾ, " ਭੂਆ ਜੀ, ਹਰਨੀਤ ਨੂੰ ਅਲੱਗ ਰੋਟੀ ਪਾ ਦਿਉ।"
" ਕਿਉਂ।" ਭੂਆ ਜੀ  ਦੀ ਨੂੰਹ ਹੈਰਾਨ ਹੁੰਦੀ ਬੋਲੀ, " ਸਾਡੇ ਸਾਹਮਣੇ ਖਾਂਦਿਆ ਸੰਗ ਲੱਗਦੀ ਆ।"
" ਨਹੀ ਮੇਰਾ ਗਲਾ ਖਰਾਬ ਹੈ।" ਮੈ ਬਹਾਨਾ ਲਾਇਆ, " ਜ਼ੁਕਾਮ ਜਿਹਾ ਹੋਣ ਨੂੰ ਫਿਰਦਾ।"
ਮੇਰੀ ਗੱਲ ਉਹਨਾਂ ਨੂੰ ਸੱਚੀ ਲੱਗੀ ਅਤੇ ਉਹਨਾਂ ਸਾਨੂੰ ਵੱਖ ਵੱਖ ਰੋਟੀ ਪਾ ਦਿਤੀ। ਇਸ ਗੱਲੋਂ ਮੇਰੇ ਦਾਦੀ ਜੀ ਚੰਗੇ ਸਨ, ਉਹਨਾਂ ਸਾਨੂੰ ਦੋਹਾਂ ਨੂੰ  ਨਾ ਤਾਂ ਕਦੇ ਇਕੱਠੀ ਰੋਟੀ ਪਾ ਕੇ ਦਿੱਤੀ ਅਤੇ ਨਾ ਹੀ ਇਕੱਠੇ ਰੋਟੀ ਖਾਣ ਨੂੰ ਕਿਹਾ।
ਭੂਆ ਜੀ ਦੇ ਘਰੋਂ ਮੁੜੇ ਤਾਂ ਉਹਨਾਂ ਸਾਨੂੰ ਸੰਤਰਿਆਂ ਦੇ ਝੋਲੇ ਭਰ ਕੇ ਫੜਾ ਦਿੱਤੇ ਕਿਉਂਕਿ ਉੁਹਨਾਂ ਦੇ ਸੰਤਰਿਆਂ ਦੇ ਬਾਗ ਸਨ।
" ਆ ਤਾਂ ਭੁਆ ਜੀ ਵਟਾਂਦਰਾ ਹੀ ਹੋ ਗਿਆ।" ਸੰਤਰਿਆਂ ਦਾ ਝੋਲਾ ਫੜ੍ਹਦੇ ਕਿਹਾ, " ਤੁਸੀ ਸਾਨੂੰ ਸੰਤਰੇ ਦੇ ਦਿੱਤੇ ਅਤੇ ਤਹਾਨੂੰ ਮਾਲਟੇ।"
"ਪੁੱਤ, ਜ਼ਿੰਮੀਦਾਰਾਂ ਲਈ ਇਹ ਹੀ ਸੁਗਾਤਾਂ ਹੁੰਦੀਆਂ ਨੇ।" ਭੂਆ ਜੀ ਨੇ ਕਿਹਾ, " ਇਹਨਾਂ ਸੁਗਾਤਾਂ ਰਾਹੀ ਹੀ ਅਸੀ ਆਪਣਾ ਮੋਹ ਵੰਡਾਉਂਦੇ ਹਾਂ।"
ਮੈਨੂੰ ਅਤੇ ਹਰਨੀਤ ਨੂੰ ਪਹਿਲੀ ਵਾਰੀ ਜਾਣ ਕਰਕੇ ਪਿਆਰ ਵੀ ਦਿੱਤਾ। ਹਰਨੀਤ ਨੇ ਆਪਣਾ ਸੂਟ ਮੋੜ ਦਿੱਤਾ, ਪੈਸੇ ਪਿਆਰ ਵਜੋਂ ਰੱਖ ਲਏ।ਭੂਆ ਜੀ ਦੇ ਪ੍ਰੀਵਾਰ ਦਾ ਪਿਆਰ ਭਰਿਆ ਵਤੀਰਾ ਨਾਲ ਲੈ ਕੇ ਅਸੀ ਆਪਣੇ ਪਿੰਡ ਨੂੰ ਮੁੜ ਪਏ।
ਰਸਤੇ ਵਿਚ ਹਰਨੀਤ ਨੇ ਆਪ ਹੀ ਫਿਰ ਗੱਲ ਸ਼ੁਰੂ ਕਰ ਕੀਤੀ, " ਥੈਂਕਸ, ਤੁਸੀ ਰੋਟੀ ਇਕੱਠੇ ਖਾਣ ਦਾ ਐਕਸਕਿਊਜ਼ ਬਹੁਤ ਸੋਹਣਾ ਬਣਾਇਆ।"
" ਦੈਟਸ ਆਲ ਰਾਈਟ।" ਮੈ ਕਿਹਾ, " ਬਹਾਨੇ ਤਾਂ ਬਥੇੜੇ ਘੜਣੇ ਆਉਂਦੇ ਆ, ਅੱਗੇ ਹੀ  ਇਕ ਵੱਡੇ ਝੂਠ ਨੇ ਮਿਧ ਕੇ ਰੱਖਿਆ ਹੋਇਆ ਆ, ਇਸ ਲਈ ਹੋਰ ਝੂਠ ਬੋਲਣ ਤੋਂ ਬਚਦਾ ਰਹਿੰਦਾ ਹਾਂ।"
" ਚਲੋ ਹੁਣ ਤਾਂ ਥੌੜਾ ਟਾਈਮ ਹੀ ਆ।" ਹਰਨੀਤ ਨੇ ਬੇਪਰਵਾਹੀ ਨਾਲ ਕਿਹਾ, " ਮੈਨੂੰ ਤਾਂ ਝੂਠ-ਝਾਠ ਕੋਈ ਬੋਦਰ ਨਹੀ ਕਰਦਾ।"
" ਝੂਠ ਨੇ ਝੂਠ ਹੀ ਰਹਿਣਾ ਹੈ ਕਿਸੇ ਨੂੰ ਬੋਦਰ ਕਰੇ ਜਾਂ ਨਾ।" ਮੈਂ ਕਿਹਾ, " ਉਸ ਤਰਾਂ ਵੀ ਜ਼ਮੀਰ ਵਾਲਿਆਂ ਨੂੰ ਬੋਦਰ ਕਰਦਾ ਹੈ, ਬੇਜ਼ਮੀਰਿਆਂ ਨੂੰ ਤਾਂ ਕੁੱਝ ਵੀ ਬੋਦਰ ਨਹੀ ਕਰਦਾ।"
" ਏ ਮਿਸਟਰ, ਮੇਰੇ ਨਾਲ ਗੱਲ ਸੰਭਾਲ ਕੇ ਕਰੋ।" ਹਰਨੀਤ ਗੁੱਸੇ ਵਿਚ ਬੋਲੀ, " ਇਸ ਝੂਠ ਨੇ ਕਿਸੇ ਦਾ ਨੁਕਸਾਨ ਨਹੀ ਕੀਤਾ, ਅਸੀ ਆਪਣੇ ਭਲੇ ਲਈ ਝੂਠਾ ਵਿਆਹ ਕੀਤਾ ਆ।"
" ਤੁਹਾਡਾ ਤਾਂ ਭਲਾ ਹੋ ਹੀ ਜਾਏਗਾ।" ਮੈ ਆਪਣੇ ਧੜਕਦੇ ਦਿਲ ਨਾਲ ਕਿਹਾ, " ਮੇਰਾ ਕੀ ਹਾਲ ਹੋਣਾ? ਉਹ ਤਾਂ ਮੈਨੂੰ ਵੀ ਨਹੀ ਪਤਾ।"
aਦੋਂ ਹੀ ਸਕੂਟਰ ਇਕ ਛੋਟੀ ਨਾਲੀ ਦੇ ਉੱਪਰੋਂ ਦੀ ਲੰਘਿਆ ਤਾਂ ਗੰਦੇ ਛਿੱਟੇ ਹਰਨੀਤ ਦੀ ਸਲਵਾਰ ਦੇ ਪੁਹੰਚਿਆ ਉੱਪਰ ਪੈ ਗਏ।ਇਸ ਕਰਕੇ ਉਹ ਹੋਰ ਵੀ ਗੱਸੇ ਵਿਚ ਬੋਲੀ, " ਤਹਾਨੂੰ ਗੰਦਗੀ ਵਾਲੇ ਦੇਸ਼ ਵਿਚੋਂ ਕੱਢ ਕੇ ਕੈਨੇਡਾ ਲਿਜਾ ਰਹੀ ਹਾਂ ਅਜੇ ਭਲਾ ਹੋਇਆ ਹੀ ਨਹੀ।"
" ਜੋ ਸੁੱਖ ਗੰਗੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ।" ਮੈ ਕਿਹਾ, " ਸਾਨੂੰ  ਤਾਂ ਇਹ ਹੀ ਦੇਸ਼ ਚੰਗਾ ਲੱਗਦਾ ਹੈ, ਉਹ ਮਜ਼ਬੂਰੀ ਆ ਕਿ ਬਾਹਰ ਜਾਣਾ ਪੈਂਦਾ ਆ।"
" ਮਜ਼ਬੂਰੀ ਕਾਹਦੀ, ਸੁੱਖ ਨੂੰ ਹੀ ਜਾਂਦੇ ਆਂ।" ਉਸ ਨੇ ਕਿਹਾ, " ਨਾਲੇ ਇਹੋ ਅਜਿਹੀਆਂ ਗੱਲਾਂ ਕਰਨ ਦੀ ਲੋੜ ਨਹੀ, ਜਿਹੜੀ ਕੁਮਿਟਮਿੰਟ ਕੀਤੀ ਹੈ, ਉਸ ਤੇ ਕਾਇਮ ਰਹੋ।"
" ਕੁਮਿਟਮਿੰਟ ਕਰਕੇ ਹੀ ਤਹਾਨੂੰ ਸਕੂਟਰ ਦੇ ਘਰੀਸੀ ਫਿਰਦਾ ਹਾਂ।" ਮੈ ਵੀ ਗੁੱਸੇ ਵਿਚ ਹੀ ਜ਼ਵਾਬ ਦਿੱਤਾ, " ਪੁਆੜਾ ਤਾਂ ਤੁਹਾਡੇ ਵਲੋਂ ਹੀ ਪਿਆ।"
" ਹੁਣ ਤੁਹਾਨੂੰ ਬੜੀਆਂ ਗੱਲਾਂ ਆਉਣ ਲੱਗ ਪਈਆਂ, ਉਸ ਵੇਲੇ ਕਿਉਂ ਨਾ ਬੋਲੇ ਜਦੋਂ ਮੈ ਤੁਹਾਡੇ ਨਾਲ ਡੀਲ ਕੀਤੀ ਸੀ।"
" ਲਾਲਚ ਵਿਚ ਫਸ ਗਿਆ ਸੀ।"
" ਫਿਰ ਫਸੋ ਰਹੋ।"
ਫਸੀ ਨੂੰ ਕੀ ਫਟਕਣਾ ਸੀ। ਇਸ ਲਈ ਮੈ ਚੁੱਪ ਕਰਨ ਵਿਚ ਹੀ ਆਪਣਾ ਭਲਾ ਸਮਝਿਆ।

ਚਲਦਾ...