ਕੁੜੀ ਕਨੇਡਾ ਦੀ (ਕਿਸ਼ਤ 7) (ਨਾਵਲ )

ਅਨਮੋਲ ਕੌਰ   

Email: iqbal_it@telus.net
Address:
Canada
ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


order abortion pill philippines

buy abortion pill xn--sorpendlerklub-sqb.dk abortion pill ph

22

ਮੇਰੀ ਮਿਹਨਤ ਕੀਤੀ ਵਰ ਆਈ । ਦੇਬੀ ਅਤੇ ਹਰਜੀਤ ਦੀ ਗੱਲ ਸਿਰੇ ਚੜ੍ਹ ਗਈ । ਮੇਰੇ ਕੈਨੇਡਾ ਜਾਣ ਤੋਂ ਪਹਿਲਾਂ ਪਹਿਲਾਂ ਦੇਬੀ ਵਿਆਹ ਦੇ ਬੰਧਨ ਵਿਚ ਵੱਜਣਾ ਚਾਹੁੰਦਾ ਸੀ।ਮੇਰਾ ਵੀਜ਼ਾ ਆਇਆ ਸੁਣ ਦੇਬੀ ਹੋਰਾਂ ਵੀ ਵਿਆਹ  ਰੱਖ ਲਿਆ। ਵੀਜ਼ਾ ਆਉਣ ਤੇ ਮੈਂ ਹਰਨੀਤ ਨੂੰ ਫੋਨ ਕੀਤਾ, " ਕੱਲ੍ਹ ਹੀ ਮੇਰਾ ਵੀਜ਼ਾ ਆਇਆ।"
" ਬਹੁਤ ਚੰਗਾ ਹੋਇਆ।" ਉਸ ਨੇ ਰਸਮੀ ਤੌਰ ਤੇ ਕਿਹਾ, " ਫਿਰ ਕਦੋਂ ਆ ਰਹੇ ਹੋ?"
" ਮੇਰੇ ਦੋਸਤ ਦਾ ਵਿਆਹ ਹੈ, ਦੇਖ ਕੇ ਆਵਾਂਗਾ।"
" ਵਿਆਹ ਦੇਖਣਾ ਜ਼ਰੂਰੀ ਆ।" ਉਸ ਨੇ ਚਾਣਚੱਕ ਕਿਹਾ, " ਇਕ -ਦੋ ਮਹੀਨੇ ਤੋਂ ਪਹਿਲਾਂ ਤਾਂ ਨਹੀ ਆਉਂਦੇ।"
ਮੇਰਾ ਦਿਲ ਕਰੇ ਕਿ ਕਹਾਂ ਕੀ ਗੱਲ ਉਦਾਸ ਹੋ ਗਈ? ਆਪਣੇ ਦਿਲ ਨੂੰ ਚੁੱਪ ਕਰਾਉਂਦਾ ਹੋਇਆ ਹਰਨੀਤ ਨੂੰ ਪੁੱਛਣ ਲੱਗਾ, " ਕੀ ਗੱਲ ਕੋਈ ਕਾਹਲੀ ਆ।"
" ਕਾਹਲੀ ਤਾਂ ਹੈ ਹੀ।" ਉਸ ਨੇ ਜ਼ਵਾਬ ਦਿੱਤਾ, " ਤੁਹਾਡੇ ਆਉਣ ਤੇ ਹੀ ਅਗਾਂਹ ਗੱਲ ਤੁਰਨੀ ਆ।"
" ਤੁਸੀ ਅਗਾਂਹ ਗੱਲ ਤੋਰ ਲਉ, ਮੈਂ ਤਾਂ ਆ ਹੀ ਜਾਵਾਂਗਾ।"
" ਤੁਸੀ ਸਮਝਦੇ ਨਹੀ।" ਉਸ ਨੇ ਔਖਾ ਜਿਹਾ ਸਾਹ ਲੈ ਕੇ ਕਿਹਾ, " ਮੈਂਨੂੰ ਪਹਿਲਾਂ ਤੁਹਾਡੇ ਨਾਲ ਕੁੱਝ ਸਮਾਂ ਰਹਿਣਾ ਪੈਣਾ ਆ, ਫਿਰ ਹੀ ਡੀਵੋਰਸ ਹੋਵੇਗਾ।"
ਉਸ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ, ਘਰ ਵਿਚ ਕੋਈ ਨਹੀ। ਇਸ ਲਈ ਡੀਵੋਰਸ ਬਾਰੇ ਖੁੱਲ੍ਹ ਕੇ ਗੱਲ ਕਰ ਰਹੀ ਸੀ।
" ਵਿਆਹ ਹੁੰਦੇ ਸਾਰ ਹੀ ਮੈਂ ਆ ਜਾਵਾਂਗਾ।" ਮੇਰੇ ਮੂੰਹ ਵਿਚੋਂ ਆਪਣੇ ਆਪ ਹੀ ਨਿਕਲ ਗਿਆ, " ਕੋਈ ਚੀਜ਼ ਚਾਹੀਦੀ ਹੋਵੇ ਤਾਂ ਦਸ ਦੇਣਾ, ਮੈਂ ਆਉਂਦਾ ਹੋਇਆ ਲੈ ਆਵਾਂਗਾ।"
" ਸਾਨੂੰ ਤਾਂ ਕੁੱਝ ਨਹੀ ਚਾਹੀਦਾ, ਤੁਸੀ ਆਪਣੇ ਲਈ ਲੈ ਆਉਣਾ।"
" ਉਹ ਤਾਂ ਲਿਆਵਾਂਗਾ ਹੀ।"
" ਤੁਹਾਡਾ ਕੋਈ ਇਧਰ ਰਿਸ਼ਤੇਦਾਰ ਹੈ?" ਉਸ ਨੇ ਪੁੱਛਿਆ , "ਜਾਂ ਕੋਈ ਫਰੈਂਡ ਬਗ਼ੈਰਾ?"
" ਕੋਈ ਕਰੀਬੀ ਰਿਸ਼ਤੇਦਾਰ ਤਾਂ ਨਹੀ।" ਮੈਂ ਸੋਚਦਿਆਂ ਕਿਹਾ, " ਰਿਸ਼ਤੇ ਵਿਚੋਂ ਲੱਗਦੇ ਭੂਆ ਜੀ ਦਾ ਲੜਕਾ ਹੈ।"
" ਤੁਹਾਨੂੰ ਉਹ ਜਾਣਦਾ ਹੀ ਹੋਵੇਗਾ।"
" ਹਾਂਜੀ , ਜਾਣਦਾ ਹੈ, ਪਰ ਤੁਸੀ ਕਿਉਂ ਪੁੱਛ ਰਹੇ ਹੋ?"
" ਜਦੋਂ ਤੁਸੀ ਕੈਨੇਡਾ ਆਵੋਂਗੇ ਤਾਂ ਉਹ ਵੀ ਤੁਹਾਡੀ ਹੈਲਪ ਕਰ ਸਕਦਾ ਆ।"
" ਤੁਸੀ ਫਿਕਰ ਨਾ ਕਰੋ, ਮੈ ਤੁਹਾਡੇ ਕੋਲੋ ਕੋਈ ਸਹਾਇਤਾ ਨਹੀ ਲਵਾਂਗਾ।"
" ਮੇਰਾ ਮੀਨ ਇਹ ਨਹੀ ਸੀ।"
" ਤੁਹਾਡਾ ਜੋ ਵੀ ਮਤਲਵ ਹੈ ਮੈਂ ਸਮਝਦਾ ਹਾਂ।" ਮੈਂ ਖਿਝ ਕੇ ਕਿਹਾ, " ਮੈਂ ਕੋਈ ਬੇਵਕੂਫ ਨਹੀ।"
" ਇਟ ਇਜ਼ ਗੁਡ ਇਫ ਜੂ ਅੰਡਰਸਟੈਂਡ ਮੀ, ਪਰ ਹਰ ਪਰੋਬਲਮ ਈਜ਼ਲੀ ਵੀ ਸੋਲਵ ਕਰ ਸਕਦੇ ਹਾਂ, ਗੁੱਸੇ ਨਾਲ ਤਾਂ ਹੋਣੀ ਨਹੀ।"
ਹਰ ਪਰੋਬਲਮ, ਇਹ ਦੋ ਸ਼ਬਦ ਮੈਂ ਫਿਰ ਨਹੀ ਸੀ ਸਮਝਿਆ, ਮੈਨੂੰ ਤਾਂ ਉਸ ਪਰੋਬਲਮ ਦਾ ਹੀ ਪਤਾ ਸੀ, ਜਿਸ ਵਿਚ ਮੈਂ ਫਸਿਆ ਹੋਇਆ ਸੀ। ਗੱਲ ਮਕਾਉਣ ਦੇ ਹਿਸਾਬ ਨਾਲ ਕਿਹਾ, " ਚੰਗਾ ਫਿਰ, ਟਿਕਟ ਰੱਖ ਕੇ ਫੋਨ ਕਰਾਂਗਾ।"
" ਥੈਂਕਸ ਉ.ਕੇ ਵਾਏ।" ਉਸ ਨੇ ਕਿਹਾ ਅਤੇ ਫੋਨ ਰੱਖ ਦਿੱਤਾ।
" ਹਰਨੀਤ ਦਾ ਫੋਨ ਸੀ।" ਪਿੱਛੇ ਖਲੋਤੇ ਦਾਦੀ ਜੀ ਨੇ ਪੁੱਛਿਆ, " ਕੀ ਕਹਿੰਦੀ ਸੀ।"
" ਬਸ ਕੁੱਝ ਨਹੀ ਕਹਿੰਦੀ ਸੀ।"
" ਹੈ ਸਿਆਣੀ ਕੁੜੀ।" ਪਹਿਲਾਂ ਵਾਂਗ ਦਾਦੀ ਜੀ ਨੇ ਫਿਰ ਸਿਫਤ ਕੀਤੀ, " ਬਹੁਤੀ ਦੇਰ ਫੋਨ 'ਤੇ ਗੱਲਾਂ ਨਹੀ ਕਰਦੀ, ਪਤਾ ਹੈ ਉਸ ਨੂੰ ਫੋਨ ਕਰਨ ਤੇ ਕਿੰਨਾ ਖਰਚਾ ਆ ਜਾਂਦਾ ਆ।"
" ਸੱਚੀ ਬਹੁਤ ਹੀ ਸਿਆਣੀ ਕੁੜੀ ਹੈ।" ਮੈਂ ਵਿੰਅਗ ਨਾਲ ਕਿਹਾ, " ਉਹਦੇ ਜਿੰਨੀ ਸਿਆਣੀ ਤਾਂ ਸਾਰੇ ਕੈਨੇਡਾ ਵਿਚ ਨਹੀ ਹੋਣੀ।"
ਮੇਰੀ ਇਸ ਗੱਲ ਤੇ ਦਾਦੀ ਜੀ ਖੁਸ਼ ਹੁੰਦੇ ਬੋਲੇ, " ਦਸ ਤਾਂ ਸਹੀ ਕਹਿੰਦੀ ਕੀ ਸੀ"?
" ਕਹਿੰਦੀ ਸੀ, ਛੇਤੀ ਆ ਜਾਉ।"
" ਕਿੰਨਾ ਚਿਰ ਤਾਂ ਹੋ ਗਿਆ ਤੁਹਾਨੂੰ ਵਿਛੜਿਆਂ ਨੂੰ।" ਦਾਦੀ ਜੀ ਕਹਿਣ ਲੱਗੇ, " ਸਮਝਦਾਰ ਹੋਣ ਕਰਕੇ ਫੋਨ ਤੇ ਬਹੁਤਾ ਰੋਣ-ਧੋਣ ਨਹੀ ਕਰਦੀ, ਧੀਰਜ ਨਾਲ ਵਿਛੋੜਾ ਸਹਿ ਰਹੀ ਆ।"
" ਹਾਂ ਜੀ, ਉਹ ਤਾਂ ਧੀਰਜ ਵਾਲੀ ਆ, ਤੁਹਾਡਾ ਪੋਤਾ ਹੀ ਗੁੱਸੇ ਵਾਲਾ ਆ।" ਮੈਂ ਗੁੱਸੇ ਵਿਚ ਹੀ ਕਿਹਾ, " ਕੱਲ ਨੂੰ ਸਾਡੇ ਵਿਚ ਕੋਈ ਲੜਾਈ ਹੋਈ ਤਾਂ ਇਹ ਹੀ ਇਲਜ਼ਾਮ ਲੱਗਣਾ ਆ, ਮੇਰੇ ਤੇ।"
" ਰੱਬ ਨਾ ਕਰੇ ਤੁਹਾਡੇ ਵਿਚ ਕਦੇ ਲੜਾਈ ਹੋਵੇ, ਪਰ ਮਾੜੀ- ਮੋਟੀ ਤਾਂ ਮੀਆਂ ਬੀਬੀ ਵਿਚ ਹੁੰਦੀ ਹੀ ਰਹਿੰਦੀ ਆ, aਦੋਂ ਤੂੰ ਆਪਣਾ ਗੁੱਸਾ ਕਾਬੂ ਰੱਖੀ।"
" ਬੀ- ਜੀ, ਤੁਸੀ ਉਹ ਟਾਈਮ ਦੱਸੋ ਜਦੋਂ ਮੈਂ ਆਪਣਾ ਗੁੱਸਾ ਕਾਬੂ ਨਾ ਰੱਖਿਆ ਹੋਵੇ।"
" ਸਾਡੇ ਸਾਹਮਣੇ ਤਾਂ ਤੂੰ ਹਮੇਸ਼ਾ ਠੀਕ ਹੀ ਹੁੰਦਾ ਆ।" ਦਾਦੀ ਜੀ ਨੇ ਦੱਸਿਆ, " ਹਰਨੀਤ ਨੇ ਮੈਨੂੰ ਦਸਿਆ ਸੀ ਕਿ ਉਸ ਨਾਲ ਤੂੰ ਕਾਫੀ ਗੁੱਸੇ ਵਿਚ ਬੋਲਦਾ ਆ।"
" ਹਰਨੀਤ ਨੂੰ ਤੁਸੀ ਹੁਣ ਜਾਣਨ ਲੱਗੇ ਹੋ, ਮੈਨੂੰ ਕਦੋਂ ਦੇ ਜਾਣਦੇ ਹੋ? ਪਰ ਹੁਣ ਤੁਹਾਨੂੰ ਮੇਰੇ ਨਾਲੋ ਉਸ ਤੇ ਜ਼ਿਆਦਾ ਯਕੀਨ ਹੈ।"
" ਕਾਕਾ, ਜੇ ਆਪਾਂ ਉਸ ਤੇ ਯਕੀਨ ਕਰਾਂਗੇ ਤਾਂ ਹੀ ਉਹ ਸਾਡੇ ਤੇ ਕਰੇਗੀ।ਨਾਲੇ ਉਸ ਨੂੰ ਪੁੱਛ ਲੈਣਾ ਸੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ…।"
" ਕੁੱਝ ਨਹੀ ਚਾਹੀਦਾ ਉਸ ਨੂੰ।" ਮੈਂ ਵਿਚੋਂ ਹੀ ਬੋਲਿਆ, " ਸਭ ਚੀਜ਼ਾ ਉਧਰ ਮਿਲ ਜਾਂਦੀਆਂ ਨੇ।"
" ਨਾ ਸੱਚ, ਤੂੰ ਕਹਿੰਦਾ ਸੀ,  ਅੱਜ ਸ਼ਹਿਰ ਨੂੰ ਜਾਣਾ ਆ ਦੇਬੀ ਹੋਰਾਂ ਨਾਲ?" ਦਾਦੀ ਜੀ ਨੇ ਪੁੱਛਿਆ, "  ਉਹਨਾਂ ਵਿਆਹ ਲਈ ਹੀ ਕੋਈ ਚੀਜ਼ਾਂ- ਵਸਤਾਂ ਲੈਣ ਜਾਣਾ ਹੋਵੇਗਾ?"
" ਲਾਲੇ ਹਰਮੇਸ਼ ਦੇ ਜਾਣਾ ਆ, ਬਰੀ ਖ੍ਰੀਦਣ ਵਾਸਤੇ।" ਮਂੈ ਦੱਸਿਆ , " ਦੇਬੀ ਕਹਿੰਦਾ ਸੀ ਭਰਜਾਈ ਅਤੇ ਬੀਬੀ ਨੂੰ ਦੁਕਾਨ ਤੇ ਛੱਡ ਦੇਵਾਂਗੇ, ਆਪਾਂ ਜੁਤੀਆਂ ਵਾਲਿਆਂ ਦੇ ਜਾ ਆਵਾਂਗੇ।"
"ਤਾਂਹੀ ਤਾਂ ਮੈ ਪੁੱਛ ਰਹੀ ਸੀ।" ਦਾਦੀ ਜੀ ਨੇ ਹੁਕਮ ਕੀਤਾ, " ਲਾਲੇ ਤੋਂ ਦੋ-ਚਾਰ ਵਧੀਆ ਸੂਟ ਹਰਨੀਤ ਲਈ ਲੈ ਲਈ, ਜਾਣ ਲੱਗਾ ਕੁਛ ਤਾਂ ਲੈ ਕੇ ਜਾਵੇਗਾ ਉਸ ਲਈ।"
" ਤੁਹਾਨੂੰ ਦੱਸਿਆ ਤਾਂ ਹੈ, ਉਹ ਕਹਿੰਦੀ ਹੈ ਉਸ ਨੂੰ ਕੁੱਝ ਨਹੀ ਚਾਹੀਦਾ।"
" ਕਹਿਣ ਨੂੰ ਉਹ ਲੱਖ ਵਾਰੀ ਕਹੀ ਜਾਵੇ।" ਦਾਦੀ ਜੀ ਨੇ ਗੱਲ ਦੋ ਟੁੱਕ ਕਰਦੇ ਕਿਹਾ, " ਇਹ ਸਾਡਾ ਫਰਜ਼ ਬਣਦਾ ਆ ਅਸੀ ਉਸ ਨੂੰ ਕੁਛ ਭੇਜੀਏ।"
" ਮੈਨੂੰ ਸੂਟਾਂ-ਸਾਟਾ ਬਾਰੇ ਕੁੱਝ ਨਹੀ ਪਤਾ।" ਮੈ ਦੱਸਿਆ, " ਇਹ ਕੰਮ ਤੁਸੀ ਆਪ ਹੀ ਕਰੋ।"
" ਦੇਬੀ ਨੂੰ ਪੁੱਛ ਲੈ, ਜੇ ਜੀਪ ਵਿਚ ਥਾਂ ਹੋਵੇ ਤਾਂ ਮੈ ਵੀ ਨਾਲ ਬੈਠ ਜਾਂਦੀ ਹਾਂ।" ਦਾਦੀ ਜੀ ਨੇ ਨਾਲ ਹੀ ਗੋਦਰੇਜ਼ ਦੀ ਅਲਮਾਰੀ ਵਿਚੋਂ ਆਪਣਾ ਪਰੈਸ ਕਰਕੇ ਟੰਗਿਆ ਸੂਟ ਬਾਹਰ ਕੱਢਦੇ ਕਿਹਾ, " ਉਹਨਾਂ ਦੀ ਸਲਾਹ ਨਾਲ ਹਰਨੀਤ ਲਈ ਸੁਹਣੇ ਕੱਪੜੇ ਬਣ ਜਾਣਗੇ।"
" ਥਾਂ ਹੈਗਾ, ਜੇ ਜਾਣਾ ਚਾਹੁੰਦੇ ਹੋ ਤਾਂ ਹਣੇ ਹੀ ਤੁਰ ਪਉ।"
ਦਿਲੋਂ ਮੈ ਕੱਪੜਿਆ ਦੇ ਵਾਧੂ ਖਰਚ ਦੇ ਹੱਕ ਵਿਚ ਬਿਲਕੁਲ ਨਹੀ ਸੀ, ਪਰ ਮਜ਼ਬੂਰੀ ਬਸ ਦਾਦੀ ਜੀ ਨੂੰ ਨਾਲ ਲਿਜਾਣਾ ਹੀ ਪਿਆ। ਦੇਬੀ ਦੇ ਘਰ ਲਾਗੇ ਮੱਘਰ ਦੀ ਦੁਕਾਨ ਕੋਲ ਝੀਰਾਂ ਦਾ ਅਮਲੀ ਬੰਸੀ ਮਿਲ ਪਿਆ। ਦਾਦੀ ਜੀ ਦੇ ਗੋਡਿਆਂ ਨੂੰ ਹੱਥ ਲਾਉਂਦਾ ਬੋਲਿਆ, " ਸਰਦਾਰਨੀ ਸ਼ਹਿਰ ਨੂੰ  ਚੱਲੇ।"
" ਆਹੋ, ਸ਼ਹਿਰ ਨੂੰ ਹੀ ਚੱਲੇ ਆਂ, ਦੇਬੀ ਹੋਰਾਂ ਨਾਲ।" ਦਾਦੀ ਜੀ ਨੇ ਕਿਹਾ, " ਤੂੰ ਸੁਣਾ ਤੇਰਾ ਕੀ ਹਾਲ-ਚਾਲ ਆ?"
" ਬਾਬੇ ਦੀ ਫੁੱਲ ਕ੍ਰਿਪਾ ਆ ਸਰਦਾਰਨੀ।" ਬੰਸੀ ਨੇ ਕੰਨਾ ਕੋਲ ਲੰਮਕਦੇ ਉਲਝੇ ਵਾਲਾ ਨੂੰ ਆਪਣੇ ਸਿਰ ਦੇ ਦੁਆਲੇ ਲਪੇਟੇ ਪਰਨੇ ਥੱਲੇ ਕਰਦੇ ਕਿਹਾ, " ਮਨਮੀਤ ਦਾ  ਬਾਹਰਲਾ ਕੰੰਮ ਬਣ ਗਿਆ।"
" ਹਾਂ ਬਣ ਗਿਆ।" ਮੈਂ ਸਿਧਾ ਹੀ ਕਿਹਾ, " ਤੂੰ ਦਸ ਤੈਨੂੰ ਕੀ ਚਾਹੀਦਾ ਆ?"
" ਤੇਰੇ ਬਾਹਰ ਜਾਣ ਤੇ ਮੇਰੀ ਵੀ ਟੋਹਰ ਬਣ ਜਾਣੀ ਆ।ਮੈਨੂੰ ਇਦਾ ਦੀ ਪਤਲੂਣ ਚਾਹੀਦੀ ਆ।" ਉਸ ਨੇ ਮੇਰੇ ਪਾਈ ਜ਼ੀਨ ਨੂੰ ਹੱਥ ਲਾਉਂਦੇ ਕਿਹਾ, " ਦੇਬੀ ਦੇ ਵਿਆਹ ਤੇ ਪਾਉਣੇ ਨੂੰ।"
" ਮਾਮੇ ਕੰਨੀ ਨੰਤੀਆ ਭਾਣਜਾ ਆਫਰਿਆ ਫਿਰੇ।" ਦਾਦੀ ਜੀ ਹੱਸਦੇ ਹੋਏ ਕਹਿਣ ਲੱਗੇ, " ਮਨਮੀਤ ਬਾਹਰ ਜਾ ਰਿਹਾ ਅਤੇ ਵਿਆਹ ਦੇਬੀ ਦਾ, ਨਵੀ ਪੈਂਟ ਤੈਨੂੰ ਚਾਹੀਦੀ ਆ,ਤੂੰ ਤਾਂ ਇਸ ਤਰਾਂ ਕਰ ਰਿਹਾ ਏ ਜਿਵੇ ਤੇਰਾ ਵਿਆਹ ਹੋਵੇ।"
" ਸਰਦਾਰਨੀਏ ਹਾਅ ਕੀ ਗੱਲ ਕੀਤੀ।" ਬੰਸੀ ਨੇ ਆਪਣੇ ਮੋਢੇ ਉਤਾਂਹ ਨੂੰ ਚੁੱਕ ਕੇ ਕਿਹਾ, " ਮੈਨੂੰ ਤਾਂ ਰੋਜ਼ ਰਿਸ਼ਤੇ ਆਉਂਦੇ ਆ, ਮੈਂ ਆਪ ਹੀ ਨਹੀ ਵਿਆਹ ਕਰਾਂਉਦਾ।" ਉਸ ਦੀ ਇਹ ਗੱਲ ਹੱਟੀ ਤੇ ਖੜ੍ਹੇ ਬੰਦਿਆ ਨੇ ਵੀ ਸੁਣ ਲਈ ਸੀ। ਉਹ ਵੀ ਹੱਸ ਪਏ। ਰਾਮਗੜ੍ਹੀਆਂ ਦਾ ਸ਼ੇਰੂ ਬੋਲ ਵੀ ਪਿਆ, " ਬੀਬੀ ਜੀ, ਲੋਕੀ ਤਾਂ ਇਸ ਸ਼ਹਿਜਾਦੇ ਤੇ ਤਰਲੇ ਕਰਦੇ ਰਿਸ਼ਤਾ ਕਰਨ ਨੂੰ, ਇਹਦੇ ਵਰਗਾ ਵਰ ਕਿਤੇ ਲੱਭ ਸਕਦਾ ਆ।"
" ਸ਼ੇਰੂ ਨਾ ਕਰ ਮੈਨੂੰ ਟਿਚਰਾਂ।" ਬੰਸੀ ਉਸ ਨੂੰ ਖਿੱਝ ਕੇ ਕਹਿਣ ਲੱਗਾ, " ਤੇਰੇ ਭਾਣੇ ਮੈਂ ਝੂਠ ਬੋਲਦਾ ਆ, ਮੇਰੀ ਬੀਬੀ ਨੂੰ ਪੁੱਛ ਲੈ ਕੱਲ ਹੀ  ਮੈਨੂੰ  ਰਿਸ਼ਤਾ ਆਇਆ ਕੁੜੀ ਮਾਸ਼ਟਰਨੀ ਲੱਗੀ ਦਾ।"
" ਮਾਸਟਰਨੀ ਛੱਡ ਡਾਕਰਟਨੀਆਂ ਦੇ ਰਿਸ਼ਤੇ ਆਉਂਦੇ ਆ।" ਸ਼ੇਰੂ ਵੀ ਉਸ ਵਾਂਗ ਖਿੱਝ ਕੇ ਬੋਲਿਆ, "ਗਪੋੜੀ ਕਿਸੇ ਥਾਂ ਦਾ।"
" ਸ਼ੇਰੂ ਫਿਰ ਨਾ ਕਹੀਂ ਮੈਂ ਤੇਰੀ ਬੇਇਜ਼ਤੀ ਕਰਤੀ।" ਬੰਸੀ ਉਸ ਵੱਲ ਹੱਥ ਕਰਕੇ ਕਹਿਣ ਲੱਗਾ, " ਤੈਨੂੰ ਤਾਂ ਕੋਈ ਵਿਆਹ ਬਾਰੇ ਨ ਪੁੱਛਦਾ ਨਹੀ, ਉਏ ਤੂੰ ਕੀ ਸਮਝਦਾ ਮੈਨੂੰ ਵੀ ਕੋਈ ਨਹੀ ਪੁੱਛਦਾ, ਕਮੀਨਾ ਕਿਸੇ ਥਾਂ ਦਾ।"
" ਕੁਤਿਆ, ਕਮੀਨਾ ਤੂੰ ਆ।" ਸ਼ੇਰੂ ਉਸ ਦੇ ਕੋਲ ਆਉਂਦਾ ਬੋਲਿਆ, " ਕੰਮ ਨਾ ਕਾਰ ਕੋਈ,ਦਾਰੂ ਪੀ ਲਈ, ਅਫੀਮ ਖਾ ਲਈ, ਗੱਪਾਂ ਮਾਰ ਲਈਆਂ।"
" ਤੇਰੇ ਪੱਲਿਉਂ ਤਾਂ ਨਹੀ ਪੀਂਦਾ, ਨਾਲੇ ਸ਼ੇਰੂ ਤੈਂਨੂੰ ਮੰਨਣਾ ਪੈਣਾ ਆ, ਪਈ ਮੈਨੂੰ ਰਿਸ਼ਤੇ ਆਉਂਦੇ ਆ।" ਬੰਸੀ ਰੋਣਹਾਕਾ ਹੋਇਆ ਬੋਲਿਆ, " ਨਹੀ ਤਾਂ ਮੈ ਤੈਨੂੰ ਸਬੂਤ ਦੇ ਦਿਊਂ।"
ਦਾਦੀ ਜੀ ਨੇ ਗੱਲ ਮਕਾਉਣ ਦੇ ਢੰਗ ਨਾਲ ਕਿਹਾ, " ਬੰਸੀ ਜੇ ਤੈਨੂੰ ਰਿਸ਼ਤੇ ਆਉਂਦੇ ਆ ਤਾਂ ਚੁੱਪ ਕਰਕੇ ਵਿਆਹ ਕਰਵਾ ਲੈ, ਆਪੇ ਸਾਰਿਆਂ ਨੂੰ ਪਤਾ ਲੱਗ ਜਾਵੇਗਾ।"
" ਬੀਬੀ ਜੀ, ਮੈਨੂੰ ਕਿਤੇ ਹਲਕੇ ਕੁੱਤੇ ਨੇ ਵੱਢਿਆ ਆ ਜਿਹੜਾ ਮੈ ਵਿਆਹ ਕਰਵਾ ਲਵਾਂ।" ਬੰਸੀ ਨੇ ਹੱਸਦੇ ਹੋਏ ਕਿਹਾ, " ਮੇਰੀ ਅਕਲ ਕਿਤੇ ਚਰਨ ਗਈ ਆ ਜੋ ਮੈ ਇਦਾ ਕਰਾਂ।"
ਉਸ ਦੀ ਗੱਲ ਸੁਣ ਕੇ ਉੱਥੇ ਖੜੇ ਮੇਰੇ ਵਰਗੇ ਵਿਆਹੇ ਬੰਦੇ ਵੀ ਸ਼ਰਮੀਦੇ ਜਿਹੇ ਹੋ ਗਏ। ਕੋਈ ਨਾ ਬੋਲਿਆ, ਸਿਰਫ ਦਾਦੀ ਜੀ ਹੀ ਬੋਲੇ, " ਫਿੱਟੇ ਮੂੰਹ ਤੇਰੇ, ਖੋਦਿਆ ਪਹਾੜ ਤੇ ਨਿਕਲਿਆ ਚੂਹਾ।"
" ਬੀਬੀ ਜੀ, ਚਲੋ ਕੁੱਝ ਨਾ ਕੁੱਝ ਤਾਂ ਨਿਕਲਿਆ ਆ।" ਬੰਸੀ ਨੇ ਮੇਰੀ ਪੈਂਟ ਵੱਲ ਦੇਖ ਕੇ ਕਿਹਾ, " ਭਾਅ, ਆਹ ਪਤਲੂਣ ਮੈਨੂੰ ਦੇ ਜਾਂਈ ਬਾਹਰ ਜਾਂਦਾ।"
" ਬੀਬੀ ਜੀ, ਐਂਵੇ ਨਹੀ ਮੈ ਇਸ ਨੂੰ ਕਮੀਨਾ ਕਹਿੰਦਾ।" ਸ਼ੇਰੂ ਫਿਰ ਬੋਲਿਆ, " ਝੂੱਠਾ ਕਿਸੇ ਥਾਂ ਦਾ।"
" ਤੇਰਾ ਪਿਉ ਝੂਠਾ।" ਬਂੰਸੀ ਉਸ ਨੂੰ ਪੈ ਗਿਆ, " ਤੂੰ ਝੂਠਾ, ਤੇਰਾ ਸਾਰਾ ਖਾਨਦਾਨ ਝੂਠਾ।"
ਦੋਨਾ ਨੇ ਲੜਨਾ ਸ਼ੁਰੂ ਕਰ ਦਿੱਤਾ।ਅਸੀ ਉਹਨਾਂ ਨੂੰ ਕੁੱਝ ਨਹੀ ਕਿਹਾ ਅਤੇ ਚੁੱਪ-ਚਾਪ ਦੇਬੀ ਦੇ ਘਰ ਨੂੰ ਤੁਰ ਪਏ।                  
        ਘਰ ਦੀ ਡਿਊੜੀ ਦੇ ਅੱਧਾ ਖੁਲ੍ਹਾ ਅਤੇ ਅੱਧਾ ਭੀੜੇ ਦਰਵਾਜ਼ੇ ਵਿਚ ਦੀ ਲੰਘਦੇ ਵਿਹੜੇ ਵਿਚ ਗਏ ਤਾਂ ਸਾਹਮਣੀ ਕੰਧ ਨੂੰ ਪਲਸਤਰ ਕਰਦੇ ਤਾਰੇ ਨੇ ਸਾਨੂੰ ਦੇਖਿਆ ਤਾਂ ਕਹਿਣ ਲੱਗਾ," ਆ ਜਾਉ, ਆ ਜਾਉ ਲੰਘ ਆਉ, ਦੇਬੀ ਹਵੇਲੀ ਨੂੰ ਗਿਆ ਜੀਪ ਲੈਣ।"
aਦੋਂ ਹੀ ਦੇਬੀ ਦੀ ਭਰਜਾਈ ਕੁਲਜੀਤ ਰਸੌਈ ਵਿਚੋਂ ਨਿਕਲ ਆਈ ਤਾਂ ਦਾਦੀ ਜੀ ਦੇ ਪੈਰਾਂ ਨੂੰ ਮੱਥਾ ਟੇਕਦੀ ਕਹਿਣ ਲੱਗੀ, " ਸਤਿ ਸ੍ਰੀ ਅਕਾਲ, ਬੀਜੀ।"
" ਗੁਰੂ ਭਲਾ ਕਰੇ।" ਦਾਦੀ ਜੀ ਨੇ ਉਸ ਦੇ ਸਿਰ ਤੇ ਪਿਆਰ ਦੇਂਦੇ ਕਿਹਾ, " ਬਚਨ ਕੌਰ ਕਿਧਰ ਗਈ?"
" ਬੀਬੀ ਜੀ ਕੱਪੜੇ ਬਦਲ ਰਹੇ ਨੇ ਪਿਛਲੇ ਕਮਰੇ ਵਿਚ, ਬੈਠੋ ਤੁਸੀ।" ਉਸ ਨੇ ਡਿੱਠੇ ਮੰਜ਼ੇ ਦੇ ਕੋਲ ਕੁਰਸੀ ਲਿਆਂਉਂਦੇ ਕਿਹਾ, " ਚਾਹ ਬਣਾਵਾਂ।"
" ਚਾਹ ਤਾਂ ਅਸੀ ਪੀਣੀ ਨਹੀ।" ਮੈਂ ਕਿਹਾ, " ਭਾਬੀ ਜੀ, ਹੁਣ ਆਪਾਂ ਤੁਰ ਹੀ ਪੈਂਦੇ ਆ।"
" ਦੇਬੀ ਆਉਣ ਵਾਲਾ ਹੋਵੇਗਾ।" ਬਰਾਂਡੇ ਦੀ ਅੰਗੀਠੀ ਤੇ ਪਏ ਪਰਸ ਨੂੰ ਚੁੱਕਦੇ ਉਸ ਨੇ ਕਿਹਾ ਅਤੇ ਨਾਲ ਹੀ ਉਸ ਨੇ ਆਪਣੀ ਸੱਸ ਨੂੰ ਅਵਾਜ਼ ਮਾਰੀ, " ਬੀਬੀ ਜੀ , ਆ ਜਾਉ, ਮਨਮੀਤ ਹੋਰੀ ਆ ਗਏ ਨੇ।"
" ਮੱਥਾ ਟੇਕਦੀ ਆਂ ਬੀਜੀ।" ਬਚਨ ਕੌਰ ਨੇ ਆਉਂਦਿਆ ਹੀ ਆਖਿਆ, " ਵਿਆਹ ਵਿਚ ਅਜੇ ਇੰਨੇ ਦਿਨ ਪਏ ਨੇ ਸਾਡੀ ਤਾਂ ਹੁਣੇ ਹੀ ਭੂਤਨੀ ਭੁੱਲੀ ਹੋਈ ਆ।"
" ਜੇ ਗਜ਼-ਬਜ਼ ਕੇ ਵਿਆਹ ਕਰਨਾ ਹੋਵੇ ਤਾਂ ਇਦਾ ਹੀ ਹੁੰਦੀ ਆ।" ਤਾਰਾ ਮਿਸਤ੍ਰੀ ਸੀਮਿੰਟ ਕੰਧ ਉੱਪਰ ਲਾਉਂਦਾ ਬੋਲਿਆ, " ਜੇ ਮਨਮੀਤ ਵਾਂਗੂ ਕਰਨਾ ਹੋਵੇ ਤਾਂ ਫਿਰ ਹੋਰ ਗੱਲ ਆ।"
" ਤਾਰਿਆ, ਤੇਰੀ ਗੱਲ ਦਾ ਕੀ ਮਤਲਵ ਆ।" ਦਾਦੀ ਜੀ ਨੇ ਇਕ-ਦਮ ਕਿਹਾ, " ਮਨਮੀਤ ਦੇ ਵਿਆਹ ਵਿਚ ਕੀ ਕਮੀ ਰਹਿ ਗਈ?"
" ਬੀਬੀ ਜੀ, ਤੁਹਾਡੀ ਤਾਂ ਨਾ ਹਿੰਗ ਲੱਗੀ ਨਾ ਫਟਕੜੀ ਤੇ ਰੰਗ ਵੀ ਚੋਖਾ ਆ ਗਿਆ।" ਤਾਰੇ ਨੇ ਸਾਫ ਹੀ ਕਿਹਾ, " ਵਿਆਹ ਵੀ ਦਿਨਾਂ ਵਿਚ ਹੀ ਕਰ ਲਿਆ, ਹੋਰ ਦੋ ਸਾਲਾ ਨੂੰ ਤੁਹਾਡਾ ਟੱਬਰ ਬਾਹਰ ਚਲੇ ਜਾਵੇਗਾ।"
" ਬਾਹਰੋ ਆਏ ਬੰਦਿਆ ਕੋਲ ਟਾਈਮ ਹੀ ਉਨਾ ਕੁ ਹੁੰਦਾ ਹੈ।" ਮੈਂ ਕਿਹਾ, " ਇਸ ਲਈ ਮਹਿਨਿਆਂ ਦੀ ਥਾਂ ਵਿਆਹ ਦਿਨਾਂ ਵਿਚ ਹੀ ਕਰਨਾ ਪੈਂਦਾ ਹੈ।"
" ਤਾਰਿਆ, ਆਪਣੇ ਵਲੋਂ ਤਾਂ ਅਸੀ ਪੂਰਾ ਜਤਨ ਕੀਤਾ ਕਿ ਵਿਆਹ ਸੋਹਣਾ ਹੋਵੇ।" ਦਾਦੀ ਜੀ ਬੋਲੇ, " ਛੇਤੀ ਕਾਰਨ ਹੋ ਸਕਦਾ ਹੈ, ਕੁੱਝ ਕਮੀਆ-ਪੇਸ਼ੀਆਂ ਰਹਿ ਗਈਆਂ ਹੋਣ।"
" ਬੀਜੀ, ਲੱਗਦਾ ਹੈ, ਤਾਰਾ ਸਾਡੇ ਨਾਲ ਕਿਸੇ ਗਲੋਂ ਨਰਾਜ਼ ਹੈ।" ਮੈਂ ਦਾਦੀ ਜੀ ਨੂੰ ਦੱਸਿਆ, "  ਇਸ ਕਰਕੇ ਇਸ ਨੂੰ ਮੇਰਾ ਵਿਆਹ ਪਸੰਦ ਨਹੀ ਆਇਆ।"
" ਹੋਰ ਕੀ।" ਤਾਰੇ ਨੇ ਸਪਸ਼ੱਟ ਦੱਸਿਆ, " ਵਿਆਹ ਤੋਂ ਤੀਸਰੇ ਕੁ ਦਿਨ ਮੈਂ ਸਰਦਾਰ ਜੀ ਨੂੰ ਬੰਬੀ ਤੇ ਮਿਲਿਆ ਤਾਂ ਮੈ ਵਧਾਂਈਆ ਦਿੱਤੀਆਂ।"
" ਫੇਰ"? ਦਾਦੀ ਜੀ ਨੇ ਅੰਦਾਜ਼ਾ ਲਾਉਂਦਿਆ ਆਖਿਆ, " ਬਲਜਿੰਦਰ ਨੇ ਤੈਨੂੰ ਸ਼ਰਾਬ ਨਹੀ ਪਿਲਾਈ ਹੋਣੀ।"
" ਹੋਰ ਕੀ।" ਤਾਰਾ ਤੇਸੀ ਲੁਹਾਂਡੇ ਵਿਚ ਰੱਖਦਾ ਬੋਲਿਆ, " ਸਰਦਾਰ ਨੇ ਮੈਨੂੰ ਕਿਹਾ ਤੈਨੂੰ ਰਮ ਦੀ ਬੋਤਲ ਦੇਵਾਂਗਾ, ਅੱਜ ਦਿੰਦਾਂ ਆ।"
" ਸਿਰਫ ਆ ਹੀ ਗੱਲ ਸੀ।" ਮੈ ਹੱਸਦੇ ਹੋਏ ਕਿਹਾ, " ਦੱਸ ਤੈਨੂੰ ਕਿੰਨੀਆ ਬੋਤਲਾਂ ਚਾਹੀਦੀਆਂ ਨੇ।"
"ਇਕ ਹੀ ਲਿਆ ਦਿਉ ਤਾਂ ਬੜੀ ਮੇਹਰਬਾਨੀ ਆ।" ਤਾਰਾ ਖੁਸ਼ ਹੁੰਦਾ ਬੋਲਿਆ, " ਫਿਰ ਤਾਂ ਮੈ ਵੀ ਮਨੂੰ ਪਈ ਤੁਹਾਡਾ ਵਿਆਹ ਵੀ ਸੋਹਣਾ ਹੋਇਆ।"
" ਕਿਸੇ ਨੂੰ ਕਿਸੇ ਨਾਲ, ਲਾਗਣ ਨੂੰ ਲਾਗ ਨਾਲ।" ਮਾਸੀ ਬਚਨ ਕੌਰ ਨੇ ਕਿਹਾ, " ਤਾਰੇ ਨੂੰ ਤਾਂ ਸ਼ਰਾਬ ਨਾਲ ਆ ਜੇ ਮਿਲ ਗਈ ਤਾਂ ਸਭ ਕੁਛ ਵਧੀਆ,  ਨਹੀ ਮਿਲੀ ਤਾਂ ਕੁਛ ਵੀ ਨਹੀ ਚੰਗਾ।"
" ਅੱਜ ਸ਼ਹਿਰ ਜਾ ਕੇ ਪਹਿਲਾਂ ਇਹਦੇ ਲਈ ਬੋਤਲ ਖ੍ਰੀਦ ਲਈ, ਮਨਮੀਤ।" ਦਾਦੀ ਜੀ ਹੱਸਦੇ ਹੋਏ ਬੋਲੇ, " ਕੱਪੜੇ ਬਾਅਦ ਵਿਚ ਖ੍ਰੀਦਾਂਗੇ।"
" ਬੀਜ਼ੀ, ਚੰਗਾ ਹੋਇਆ ਤੁਸੀ ਵੀ ਨਾਲ ਆ ਗਏ।" ਬਚਨ ਕੌਰ ਨੇ ਕਿਹਾ, " ਤਾਰੇ ਨੇ ਤਾਂ ਵਿਚ ਆਪਣਾ ਹੀ ਝਮੇਲਾ ਪਾ ਲਿਆ, ਮੈਂ ਕਹਿਣ ਵਾਲੀ ਸੀ , ਤੁਹਾਡੀ ਸਲਾਹ ਨਾਲ ਬਰੀ ਹੋਰ ਵੀ ਵਧੀਆ ਬਣ ਜਾਵੇਗੀ।"
" ਮੈਂ ਵੀ ਮਨਮੀਤ ਦੀ ਵਹੁਟੀ ਲਈ ਦੋ-ਚਾਰ ਸੂਟ ਲੈਣੇ ਆ।" ਦਾਦੀ ਜੀ ਨੇ ਆਉਣ ਦਾ ਕਾਰਨ ਦੱਸਦੇ ਕਿਹਾ, " ਇਕੱਠਾ ਕੱਪੜਾ ਖ੍ਰੀਦਣ ਨਾਲ ਭਾਅ ਵੀ ਸੋਹਣਾ ਮਿਲ ਜਾਂਦਾ ਆ।"
ਗੱਲਾਂ ਕਰਦਿਆਂ ਤੇ ਦੇਬੀ ਵੀ ਜੀਪ ਲੈ ਕੇ ਆ ਗਿਆ ਅਸੀ ਸਾਰੇ ਸ਼ਹਿਰ ਨੂੰ ਤੁਰ ਪਏ।
                                

 23

]


 ਹਰਮੇਸ਼ ਲਾਲੇ ਦੀ ਵੱਡੀ ਦੁਕਾਨ ਵਿਚ ਪੈਰ ਪਾਇਆ ਹੀ ਸੀ ਕਿ ਲਾਲਾ ਆਪਣੀ ਗੱਦੀ ਛੱਡਦਾ ਉੱਠ ਖੜਾ ਹੋਇਆ।ਉਸ ਦਾ ਵੱਡਾ ਢਿੱਡ ਇਕਦਮ aੱਤੇ-ਥੱਲੇ ਹੋਇਆ। ਮਿਠੀ ਜ਼ਬਾਨ ਵਿਚ ਸਾਡੀ ਆਉ-ਭਗਤ ਕਰਦਾ ਆਪਣੇ ਕੋਲ ਕੰਮ ਕਰਦੇ ਛੋਟੇ ਲਾਲ ਨੂੰ ਕਹਿਣ ਲੱਗਾ, " ਦੌੜ ਕੇ ਵਗ ਜਾ, ਠੰਡਾ ਲੈ ਕੇ ਆ ਸੂ, ਦੇਖ ਕੌਣ ਆਇਆ?"
ਛੇਤੀ ਹੀ ਛੋਟੇ ਲਾਲ ਠੰਡੇ ਦੇ ਨਾਲ ਨਾਲ ਖਾਣ ਨੂੰ ਵੀ ਲੈ ਆਇਆ।ਹਰਮੇਸ਼ ਲਾਲਾ ਜਿਹੜੇ ਵੀ ਕੱਪੜੇ ਦਿਖਾਲਦਾ ਨਾਲ ਹੀ ਕੱਪੜੇ ਦੀਆਂ ਸਿਫਤਾਂ ਦੇ ਪੁੱਲ ਬਨੀ ਜਾਂਦਾ ਅਤੇ ਬਾਅਦ ਵਿਚ ਕੱਪੜੇ ਦੀ ਕੀਮਤ ਦੱਸਦਾ ਤਾਂ ਬੀਬੀਆਂ ਇਕ-ਦੂਜੇ ਦੇ ਮੂੰਹ ਵੱਲ ਨੂੰ ਦੇਖਣ ਲੱਗ ਜਾਂਦੀਆਂ। ਬਹੁਤੇ ਕੱਪੜਿਆ ਦੇ ਨਾਮ ਫਿਲਮੀ ਨਾਵਾਂ ਤੇ ਸਨ। ਮਂੈ ਵਿਚੋਂ ਬਿਲਕੁਲ ਵੀ ਨਹੀ ਸੀ ਚਾਹੁੰਦਾ ਕਿ ਦਾਦੀ ਜੀ ਹਰਨੀਤ ਲਈ ਬਹੁਤ ਮੰਹਿਗੇ ਕੱਪੜੇ ਖ੍ਰੀਦਣ, ਪਰ ਇਹ ਗੱਲ ਕਿਵੇ ਕਹਾਂ? ਮੈਨੂੰ ਪਤਾ ਨਹੀ ਸੀ ਲੱਗ ਰਿਹਾ।ਕੱਪੜੇ ਖ੍ਰੀਦਣ ਅਤੇ ਭਾਅ ਬਣਾਉਣ ਦਾ ਲੰਮਾ ਕੰਮ ਦੇਖ ਮੈ ਅਤੇ ਦੇਬੀ ਉੱਥੋਂ ਖਿਸਕ ਗਏ।
  ਕਾਫੀ ਦੇਰ ਬਾਅਦ ਤਾਰੇ ਲਈ ਰਮ ਦੀ ਬੋਤਲ ਖ੍ਰੀਦ ਕੇ ਅਤੇ ਦੋ-ਚਾਰ ਹੋਰ ਕੰੰਮ ਮੁਕਾ ਕੇ,  ਘੁੰਮ-ਫਿਰ ਕੇ ਆਏ ਤਾਂ ਦੇਖਿਆ, ਬੀਬੀਆ ਅਜੇ ਵੀ ਉੱਥੇ ਹੀ ਬੈਠੀਆਂ ਸਨ, ਪਰ ਇੰਨਾ ਸ਼ੁਕਰ ਸੀ, ਉਹਨਾਂ ਖ੍ਰੀਦਦਾਰੀ ਦਾ ਕੰਮ ਮੁਕਾ ਲਿਆ ਸੀ।
" ਆ ਜਾਉ, ਕਾਕਾ, ਤੁਸੀ ਵੀ ਕੱਪੜੇ ਦੇਖ ਲਉ।" ਦਾਦੀ ਜੀ ਨੇ ਸਾਨੂੰ ਕਿਹਾ, " ਫਿਰ ਨਾ ਕਹਿਉ ਕਿ ਸਾਡੀਆਂ ਵਹੁਟੀਆਂ ਨੂੰ ਕੱਪੜੇ ਸੁਹਣੇ ਨਹੀ ਲੈ ਕੇ ਦਿੱਤੇ।"
" ਇਹ ਮਹਿਕਮਾ ਬੀਬੀਆਂ ਦਾ ਹੈ।" ਦੇਬੀ ਨੇ ਹੱਸਦੇ ਹੋਏ ਕਿਹਾ, " ਜੋ ਵੀ ਤੁਸੀ ਕੀਤਾ ਹੋਵੇਗਾ ਵਧੀਆ ਹੀ ਹੋਵੇਗਾ।"
" ਬਹੁਤ ਹੀ ਸਸਤੇ ਭਾਅ ਦਿੱਤੇ ਸੂ।" ਲਾਲਾ ਰੁਪਈਆਂ ਦੀਆ ਥੱਦੀਆਂ ਗੱਲੇ ਵਿਚ ਪਾਉਂਦਾ ਬੋਲਿਆ, " ਸਾਰੇ ਸ਼ਹਿਰ ਭੀਤਰ ਐਸਾ ਕਪੜਾ ਅੋਰ ਐਸਾ ਭਾਅ ਨਾ ਮਿਲਣਾ ਸੂ।"
" ਸਾਰਾ ਸ਼ਹਿਰ ਛੱਡ ਸਾਰੇ ਪੰਜਾਬ ਵਿਚ ਨਹੀ ਮਿਲਣਾ।" ਦੇਬੀ ਨੇ ਹੱਸਦੇ ਹੋਏ ਕਿਹਾ, " ਇਸ ਲਈ ਤਾਂ ਤੇਰੀ ਦੁਕਾਨ 'ਤੇ ਆਏ ਹਾਂ।"
" ਇਸ ਬਾਤ ਦੀ ਕਦਰ ਹੈ।" ਲਾਲੇ ਨੇ ਦੱਸਿਆ, " ਮੈਨੂੰ ਪਤਾ ਹੈ, ਆਪ ਮੇਰੀ ਦੁਕਾਨ ਮੇ ਹੀ ਆਉਂਦੇ ਸੂ, ਇਸ ਲਈ ਅੱਛੇ ਭਾਅ ਦਿਆ ਸੂ।"
" ਪੈਸਾ ਵੀ ਅੱਛਾ ਲਿਆ ਸੂ।" ਕੁਲਜੀਤ ਭਾਬੀ ਜੀ ਹੱਸਦੀ ਹੋਈ ਕਹਿਣ ਲੱਗੀ, " ਲਾਲਾ ਜੀ, ਗੱਲਾਂ ਤੁਸੀ ਇਸ ਤਰਾਂ ਕਰ ਰਿਹੇ ਹੋ, ਜਿਵੇ ਮੁਫਤ ਹੀ ਕੱਪੜਾ ਦਿੱਤਾ ਹੋਵੇ।"
" ਲਉ ਜੀ , ਇਹ ਵੀ ਕੋਈ ਬਾਤ ਸੂ।" ਲਾਲੇ ਨੇ ਜ਼ਵਾਬ ਦਿੱਤਾ, " ਮੈ ਪੈਸਾ ਅਬੀ ਵਾਪਸ ਕਰ ਦਿੰਦਾ ਸੂ, ਦੇਬੀ ਮੇਰਾ ਵੀ ਤੋ ਬੇਟਾ ਸੂ।"
" ਇਕ ਗੱਲ ਸੇਠ ਜੀ।" ਦਾਦੀ ਜੀ ਨੇ ਹੱਸਦਿਆ ਕਿਹਾ, " ਤੁਸੀ ਗੱਲਾਂ ਵਿਚ ਨਹੀ ਕਿਸੇ ਨੂੰ ਵਾਰੇ  ਆਉਣ ਦਿੰਦੇ।"
" ਬੀਜ਼ੀ।" ਇਹ ਗੱਲਾਂ ਦਾ ਖੱਟਿਆ ਤਾਂ ਖਾਦੇ ਆ।"  ਮਾਸੀ ਬਚਨ ਕੌਰ ਨੇ ਕਿਹਾ, " ਦੁਕਾਨਦਾਰੀ ਵੀ ਇਹਨਾ ਲੋਕਾਂ ਦੇ ਵਸ ਦੀ ਗੱਲ ਆ।"
" ਹੋਰ ਕਿਤੇ ਜੱਟਾਂ ਨੇ ਕਰ ਲੈਣੀ।" ਕੁਲਜੀਤ ਭਾਬੀ ਨੇ ਵੀ ਨਾਲ ਹੀ ਗੱਲ ਰਲਾ ਦਿੱਤੀ, " ਜੱਟਾਂ ਨੂੰ ਤਾਂ ਮਿਠਾ ਹੀ ਬੋਲਣਾ ਨਹੀ ਆਉਂਦਾ, ਦੁਕਾਨਦਾਰੀ ਤਾਂ ਦੂਰ ਦੀ ਗੱਲ।"
" ਭਾਬੀ, ਐਵੇ ਨਾ ਜੱਟਾ ਨੂੰ ਨਿੰਦੀ ਜਾਇਆ ਕਰ।" ਦੇਬੀ ਨੇ ਕੱਪੜਿਆਂ ਵਾਲੇ ਬੈਗ ਚੁੱਕਦੇ ਕਿਹਾ, " ਕੁਛੜ ਬਹਿ ਕੇ ਹੀ ਦਾੜੀ ਪੁੱਟਣ ਲੱਗ ਪੈਂਦੀ ਏ।"
" ਦੇਬੀ, ਤੂੰ ਕਾਹਤੇ ਗੁੱਸਾ ਕਰਦਾ ਆ।" ਦਾਦੀ ਜੀ ਨੇ ਕਿਹਾ, " ਭਾਬੀ ਆਪ ਵੀ ਤਾਂ ਜੱਟਾਂ ਵਿਚੋਂ ਹੀ ਆ।"
ਲਾਲਾ ਗੁੱਝਾ ਜਿਹਾ ਹਾਸਾ ਹੱਸਿਆ ਤੇ ਸਾਨੂੰ ਤੋਰ ਕੇ ਧੰਨਵਾਦ ਕਰਦਾ ਹੋਇਆ ਫਿਰ ਗੱਦੀ ਉੱਪਰ ਬੈਠ ਗਿਆ।
ਮਾਸੀ ਬਚਨ ਕੌਰ  ਉਥੋਂ ਨਿਕਲ ਕੇ ਦਰਜ਼ੀ ਦੀ ਦੁਕਾਨ ਵਿਚ ਬੜ ਗਈ।ਉਸ ਦੇ ਪਿੱਛੇ ਹੀ ਭਾਬੀ ਅਤੇ ਦਾਦੀ ਜੀ ਵੀ ਚਲੇ ਗਏ। ਇਸ ਦਰਜ਼ੀ ਕੋਲ ਹਰਨੀਤ ਦਾ ਪਹਿਲਾ ਨਾਪ ਵੀ ਸੀ।ਮਾਸੀ ਬਚਨ ਕੌਰ ਨੇ ਤਾਂ ਆਪਣੀ ਨੂੰਹ ਹਰਜੀਤ ਲਈ ਕੱਪੜੇ ਸਿਉਣੇ ਦੇਣੇ ਹੀ ਸੀ। ਦਾਦੀ ਜੀ ਨੇ ਵੀ ਆਪਣੀ ਪੋਤਨੂੰਹ ਲਈ ਸੂਟ ਸਿਉਣੇ ਦੇ ਦਿੱਤੇ।ਤ੍ਰਕਾਲਾ ਦੀ ਧੁੱਪ ਲੁਕਣ ਲੱਗ ਪਈ ਸੀ ਅਤੇ ਹੇਨੇਰਾ ਵਧਣਾ ਸ਼ੁਰੂ ਹੋ ਗਿਆ ਜਦੋਂ ਅਸੀ ਘਰ ਨੂੰ ਵਾਪਸ ਤੁਰੇ।

24  

 
ਦੇਬੀ ਦੇ ਵਿਆਹ ਵਾਲੇ ਦਿਨਾਂ ਤੋਂ ਬਾਅਦ  ਦੀ ਟਿਕਟ ਰੱਖ ਕੇ ਹਰਨੀਤ ਦੇ ਘਰ ਫੋਨ ਕੀਤਾ ਤਾਂ ਹਰਨੀਤ ਦੇ ਭਰਾ ਨੇ ਫੋਨ ਚੁਕਿਆ, " ਸਤਿ ਸ੍ਰੀ ਅਕਾਲ ਜੀ।" ਉਸ ਨੇ ਬਹੁਤ ਹੀ ਅਪਨੱਤ ਨਾਲ ਕਿਹਾ, " ਕਦੋਂ ਆ ਰਹੇ ਹੋ।"
" ਆਉਣ ਦੀ ਤਾਰੀਕ ਦੱਸਣ ਕਰਕੇ ਹੀ ਫੋਨ ਕੀਤਾ ਆ।" ਮਂੈ ਕਿਹਾ, " ਇਸੇ ਮਹੀਨੇ ਦੀ ੨੫ ਤਾਰੀਕ ਨੂੰ ਛੇ ਵਜੇ ਵੈਨਕੂਵਰ ਦੇ ਏਅਰ-ਪੋਰਟ ਤੇ ਉਤਰਾਂਗਾ।"
" ਠੀਕ ਹੈ, ਮੈ ਹਰਨੀਤ ਦੀਦੀ ਨੂੰ ਦਸ ਦੇਵਾਂਗਾ।"
" ਆਪਣੇ ਮੱਮੀ –ਡੈਡੀ ਨੂੰ ਵੀ ਦਸ ਦੇਣਾ।"  ਮਨ ਵਿਚ ਡਰ ਸੀ ਕਿ ਕਿਤੇ ਹੋਰ ਨਾ ਹਰਨੀਤ ਮੈਨੂੰ ਲੈਣ ਹੀ ਨਾ ਆਵੇ ਇਸ ਲਈ ਕਿਹਾ, " ਤੁਸੀ ਵੀ ਜ਼ਰੂਰ ਏਅਰ-ਪੋਰਟ ਆਉਣਾ।"
" ਅਸੀ ਸਭ ਆਵਾਂਗੇ।" ਉਸ ਨੇ ਕਿਹਾ, " ਤੁਸੀ ਕਿਸੇ ਗੱਲ ਦੀ ਵਰੀ ਨਹੀ ਕਰਨਾ।"
ਮੇਰੇ ਦਿਲ ਵਿਚ ਆਇਆ ਕਿ ਕਹਾਂ ਵਰੀ ਤਾਂ ਤੇਰੀ ਭੈਣ ਦੀ ਆ। ਪਤਾ ਨਹੀ ਉਸ ਨੇ ਮੇਰੇ ਨਾਲ ਕੀ ਵਰਤਾਉ ਕਰਨਾ ਆ, ਪਰ ਇਸ ਗੱਲ ਨੂੰ ਆਪਣੇ ਮੂੰਹ ਵਿਚ ਹੀ  ਦੱਬ ਦੇ ਕਿਹਾ, " ਵਰੀ ਤਾਂ ਕੋਈ ਨਹੀ, ਪਹਿਲੀ ਵਾਰੀ ਆਉਣਾ ਕਰਕੇ ਜਰਾ…।"
" ਉਹ ਵਿਚੋਂ ਹੀ ਬੋਲਿਆ, " ਦੀਦੀ ਨੂੰ ਤਾਂ ਤੁਹਾਡੇ ਆਉਣ ਦਾ ਬਹੁਤ ਹੀ ਚਾਅ ਹੈ।"
" ਹਾ, ਚਾਅ ਤਾਂ ਹੋਵੇਗਾ ਹੀ, ਉਸ ਦਾ ਮਤਲਬ ਜਿਉਂ ਪੂਰਾ ਹੋ ਜਾਣਾ।" ਮੇਰੇ ਮੂੰਹ ਵਿਚੋਂ ਨਿਕਲ ਗਿਆ। ਫਿਰ ਗੱਲ ਬਦਲਣ ਲਈ ਕਿਹਾ, " ਉਦਾਂ ਤਾਂ ਆਪਾਂ ਸਭ ਮਤਲਬ ਕਰਕੇ ਹੀ ਇਕ-ਦੂਸਰੇ ਨਾਲ ਬੱਝੇ ਪਏ ਆਂ।"
" ਦੀਦੀ ਨੇ ਤਾਂ ਅਲੱਗ ਬੇਸਮਿੰਟ ਵੀ ਲੈ ਲਈ ਹੈ।" ਹਰਨੀਤ ਦੇ ਭਰਾ ਟੋਨੀ ਨੇ ਦੱਸਿਆ, " ਡੈਡੀ ਹੋਰੀ ਤਾਂ ਕਿਹਾ ਸੀ ਕਿ ਸਾਡੇ ਵਿਚ ਹੀ ਰਹੀ ਜਾਇਉ, ਪਰ ਦੀਦੀ ਕਹਿੰਦੀ ਕਿ ਦੂਰ ਰਹਿ ਕੇ ਜ਼ਿਆਦਾ ਪਿਆਰ ਰਹਿੰਦਾ ਹੈ।"
" ਇਸ ਤਰਾਂ ਦੀਆਂ ਗੱਲਾਂ ਵਿਚ ਤਾਂ ਤੁਹਾਡੀ ਦੀਦੀ ਉਸਤਾਦ ਹੈ।" ਮੈ ਗੱਲ ਸਮਝਦੇ ਹੋਏ ਕਿਹਾ, " ਉਸ ਨੂੰ ਪਤਾ ਹੈ ਇਕੱਠੇ ਰਹਿ ਕੇ ਇਕ-ਦੂਜੇ ਦੇ ਭੇਦ ਸਾਹਮਣੇ ਆ ਜਾਂਦੇ ਨੇ, ਅਲੱਗ ਰਹਿਣ ਨਾਲ ਲੁਕੇ ਰਹਿੰਦੇ ਨੇ"।
" ਇਸ ਤਰਾਂ ਦੀ ਗੱਲ ਨਹੀ।" ਉਸ ਨੇ ਕਿਹਾ, " ਉਹ ਕਹਿੰਦੀ ਸੀ ਕਿ ਬੇਸੰਿਮੰਟ ਵਿਚ ਤੁਸੀ ਵੀ ਫਰੀ ਮਹਿਸੂਸ ਕਰੋਂਗੇ।"
"  ਮੇਰਾ ਖਿਆਲ ਤਾਂ ਉਹ ਬਹੁਤ ਰੱਖਦੀ ਹੈ।" ਮੈ ਵਿੰਅਗ ਨਾਲ ਕਿਹਾ, " ਜਿਹੜਾ ਵੀ ਕਦਮ ਚੁੱਕਦੀ ਹੈ, ਮੈਨੂੰ ਮੁਖ ਰੱਖ ਕੇ ਚੁੱਕਦੀ ਆ।"
" ਅਸੀ ਵੀ ਇਹੀ ਹੀ ਚਾਹੁੰਦੇ ਹਾਂ ਕਿ ਉਹ ਅੋਲਵੇਜ਼ ਤੁਹਾਡਾ ਖਿਆਲ ਇੰਝ ਹੀ ਰੱਖੇ।" ਛੋਟੀ ਉਮਰ ਦੇ ਬਾਵਜੂਦ ਵੀ ਮੁੰਡੇ ਨੇ ਸਿਆਣੀ ਗੱਲ ਕੀਤੀ, " ਮੱਮੀ ਡੈਡੀ ਵੀ ਉਹਨੂੰ ਇਹ ਹੀ ਸਮਝਾਉਂਦੇ ਰਹਿੰਦੇ ਨੇ।"
" ਚਲੋ, ਉਹ ਤਾਂ ਇਧਰ ਆ ਕੇ ਹੀ ਪਤਾ ਲੱਗੇਗਾ ਕਿ ਉਹ ਮੱਮੀ ਡੈਡੀ ਨੂੰ ਸੁਣਦੀ ਵੀ ਹੈ ਜਾਂ ਨਹੀ।" ਮੈਂ ਹੱਸਦੇ ਹੋਏ ਕਿਹਾ, " ਵੈਸੇ ਤਾਂ ਪੰਜਾਬ ਆ ਕੇ ਵਿਆਹ ਵੀ ਤੇਰੀ ਮੱਮੀ- ਡੈਡੀ ਦੀ ਮਰਜ਼ੀ ਨਾਲ ਹੀ ਕੀਤਾ।"
" ਪਹਿਲਾਂ ਤਾਂ ਨਹੀ ਸੀ ਮੰਨਦੀ।" ਟੋਨੀ ਨੇ ਸੱਚੀ ਗੱਲ ਦੱਸੀ, " ਕਹਿੰਦੀ ਸੀ ਕਿ ਕੈਨੇਡਾ ਵਿਚ ਹੀ ਵਿਆਹ ਕਰਾਉਣਾ ਹੈ।"
" ਅੱਛਾ, ਮੈਂ ਦਿਲਚਸਪੀ ਲੈਂਦੇ ਕਿਹਾ, "ਫਿਰ ਕਰ ਦੇਣਾ ਸੀ।"
" ਪਤਾ ਨਹੀ।" ਭੋਲੇਪਨ ਵਿਚ ਉਸ ਨੇ ਜ਼ਵਾਬ ਦਿੱਤਾ, " ਫਿਰ ਆਪ ਹੀ ਮੰਨ ਗਈ ਕਿ ਜਿਵੇ ਤੁਸੀ ਕਹਿੰਦੇ ਹੋ ਉਹ ਹੀ ਠੀਕ ਹੈ।" 
"  ਤੇਰੀ ਦੀਦੀ ਕਿਤੇ ਗਈ ਲੱਗਦੀ ਆ।" ਮੈਂ ਪੁੱਛਿਆ, " ਕਿੱਥੇ ਗਈ ਹੈ?
ਮੇਰੇ ਮਨ ਵਿਚ ਤਾਂ ਇਹ ਗੱਲ ਸੀ ਕਿ ਆਪਣੇ ਬੁਆਏ- ਫਰੈਂਡ ਨੂੰ ਮਿਲਣ ਗਈ ਹੋਵੇਗੀ, ਪਰ ਉਸ ਨੇ ਮੇਰੀ ਸ਼ੱਕ ਦੂਰ ਕਰਦਿਆਂ ਕਿਹਾ, " ਕੰਮ ਤੇ ਹੀ ਗਈ ਹੈ।"
" ਚੰਗਾ ਫਿਰ,ਆਈ ਨੂੰ ਦਸ ਦੇਣਾ।"
" ਉ. ਕੇ।"
" ਵਾਏ।" ਕਹਿ ਕੇ ਫੋਨ ਰੱਖਿਆ ਹੀ ਸੀ ਕਿ ਰਾਣੋ ਝਾੜੂ ਲਾਉਣ ਲਈ ਕਮਰੇ ਵਿਚ ਆ ਗਈ ਤਾਂ ਪੁੱਛਣ ਲੱਗੀ, " ਮਨਮੀਤ, ਵਹੁਟੀ ਨਾਲ ਗੱਲਾਂ ਕਰਕੇ ਹੱਟਿਆ।"
" ਹਾਂ, ਤੂੰ ਦੱਸ ਕੀ ਕਹਿਣਾ।" ਰਾਣੋ ਨਾਲ ਗੱਲ ਕਰਨ ਦੇ ਤਾਰੀਕੇ ਨਾਲ ਮੈ ਕਿਹਾ, " ਤੈਨੂੰ ਕੋਈ ਤਕਲੀਫ?"
" ਮੈਨੂੰ ਕਾਹਨੂੰ ਤਕਲੀਫ ਹੋਵੇ।" ਰਾਣੋ ਨੇ ਵੀ ਖਿੱਝ ਕੇ ਕਿਹਾ, " ਤਕਲੀਫ ਹੋਵੇ ਮੇਰੇ ਦੁਸ਼ਮਣਾ ਨੂੰ, ਨਾ ਤੇਰੇ ਨਾਲ ਵਹੁਟੀ ਲੜ ਤਾਂ ਨਹੀ ਪਈ, ਜਿਹੜਾ ਤੂੰ ਖਿਝਿਆ ਪਿਆ ਆ।"
" ਉਹ ਤੇਰੇ ਵਰਗੀ ਨਹੀ।" ਇਹ ਭੁੱਲਦੇ ਹੋਏ ਕਿ ਹਰਨੀਤ ਮੇਰੀ ਵਹੁਟੀ ਨਹੀ ਹੈ ਮੈ ਕਿਹਾ, " ਪਤਾ ਉਹ ਕਿੰਨਾ ਸੋਹਣਾ ਬੋਲਦੀ ਆ।"
" ਮੈ ਮਾੜਾ ਬੋਲਦੀ ਆ?"
" ਇਹ ਤਾਂ ਤੂੰ ਕਾਕੇ ਦੇ ਭਾਪੇ ਕੋਲੋ ਪੁੱਛ।" ਮੈਂ ਹੱਸਦੇ ਹੋਏ ਕਿਹਾ, " ਇਹ ਤਾਂ ਉਹ ਹੀ ਦੱਸ ਸਕਦਾ ਏ।"
" ਆ ਦੇਖ ਲਉ, ਬੀਬੀ।" ਉਸ ਨੇ ਦਾਦੀ ਜੀ ਨੂੰ ਅਵਾਜ਼ ਮਾਰਦਿਆ ਕਿਹਾ, " ਮਨਮੀਤ ਹੱਟਦਾ ਨਹੀ ਮੈਨੂੰ ਛੇੜਨੋ।"
 ਛੱਲੀ ਭੁੰਨਦੇ ਦਾਦੀ ਜੀ ਨੇ ਪੁੱਛਿਆ, " ਕੁੜੇ, ਕੀ ਕਹਿੰਦਾ ਮਨਮੀਤ।"
" ਕਾਕੇ ਦੇ ਭਾਪੇ ਨਾਲ ਛੇੜਦਾ ਆ।"
 ਮੈਂ ਤਾਂ ਹੱਸਣਾ ਹੀ ਸੀ, ਦਾਦੀ ਜੀ ਵੀ ਉਸ ਦੀ ਗੱਲ ਸੁਣ ਕੇ ਹੱਸਦੇ ਹੋਏ ਕਹਿਣ ਲੱਗੇ, " ਕਮਲੀ ਆ ਤੂੰ ਵੀ, ਦਸ ਹੋਰ ਕਿਹਦੇ ਨਾਲ ਛੇੜੇ?"
ਰਾਣੋ ਨੂੰ ਆਪਣੀ ਕਹੀ ਹੋਈ ਗੱਲ ਦਾ ਅਹਿਸਾਸ ਹੋਇਆ ਤਾਂ ਚੁੱਪ ਕਰਕੇ ਤੇਜ਼ ਤੇਜ਼ ਝਾੜੂ ਲਾਉਣ ਲੱਗ ਪਈ।
" ਮਨਮੀਤ ਤੂੰ, ਰਾਣੋ ਦੀਆਂ ਗੱਲਾਂ ਛੱਡ।" ਦਾਦੀ ਜੀ ਮੈਨੂੰ ਭੁੱਜੀ ਛੱਲੀ ਫੜ੍ਹਾਉਂਦੇ ਹੋਏ ਕਹਿਣ ਲੱਗੇ, " ਆਪਣਾ ਕੱਪੜਾ- ਵਸਤ ਹੁਣੇ ਹੀ ਅਟੈਚੀਆਂ ਵਿਚ ਰੱਖਣ ਲੱਗ ਜਾ, ਫਿਰ ਦੇਬੀ ਦਾ ਵਿਆਹ ਸ਼ੁਰੂ ਹੋ ਜਾਣਾ, ਤੈਂ ਉਸ ਵਿਚ ਰੁਝ ਜਾਣਾ ।
" ਪਿਤਾ ਜੀ  ਬਾਹਰੋਂ ਆਉਂਦੇ ਤਾਂ ਰੱਖ ਲੈਂਦੇ ਆ।"
" ਜਦੋਂ ਦੀ ਤੇਰੀ ਟਿਕਟ ਰੱਖੀ ਆ, ਬਲਜਿੰਦਰ ਤਾਂ ਬਾਹਰ ਜ਼ਿਆਦਾ ਰਹਿਣ ਲੱਗ ਪਿਆ।" ਦਾਦੀ ਜੀ ਨੇ ਕਿਹਾ, " ਦਿਲੋਂ ਉਹ ਤੇਰੇ ਜਾਣ ਕਰਕੇ ਉਦਾਸ ਆ।"
" ਪਿਤਾ ਜੀ, ਤਾਂ ਐਵੇ ਹੀ ਉਦਾਸ ਹੋ ਜਾਂਦੇ ਨੇ।" ਮੈਂ ਆਪਣੀਆਂ ਅੱਖਾ ਵਿਚਲੇ ਪਾਣੀ ਨੂੰ ਬਾਹਰ ਆਉਣ ਤੋਂ ਰੋਕਦੇ ਕਿਹਾ, " ਆਪ ਹੀ ਤਾਂ ਕਹਿੰਦੇ ਹੁੰਦੇ ਸੀ ਕਿ ਬਾਹਰ ਨਿਕਲ ਜਾਵੇਗਾਂ ਤਾਂ ਤੇਰੀ ਜ਼ਿੰਦਗੀ ਵਧੀਆ ਹੋਵੇਗੀ।"
" ਮਾਪਿਆ ਨੂੰ ਕਿਸੇ ਪਾਸੇ ਵੀ ਚੈਣ ਨਹੀ ਆਉਂਦਾ।" ਦਾਦੀ ਉਦਾਸ ਜਿਹੀ ਅਵਾਜ਼ ਵਿਚ ਬੋਲੇ, " ਕੀ ਕਰੀਏ, ਇਸ ਵੇਲੇ ਤਾਂ ਮਾਪਿਆ ਦੀ ਹਾਲਤ ਸੱਪ ਦੇ ਮੂੰਹ ਵਿਚ ਕੋੜ-ਕਿਰਲੀ ਵਰਗੀ ਹੋ ਜਾਂਦੀ ਆ।"
" ਤੁਸੀ ਆਪ ਹੀ ਤਾਂ ਕਹਿੰਦੇ ਰਹਿੰਦੇ ਹੋ, ਜਹਾਂ ਦਾਣੇ ਤਹਾਂ ਖਾਣੇ।"
" ਹੈ ਤਾਂ ਅਨੰਜਲ ਦਾ ਹੀ ਸਾਰਾ ਚੱਕਰ।" ਦਾਦੀ ਜੀ ਨੇ ਆਪਣੀਆ ਅੱਖਾਂ ਤੇ ਆਪਣੇ ਦੁੱਪਟੇ ਦਾ ਲੜ ਫੇਰਦੇ ਕਿਹਾ, " ਜਿਥੇ ਜਿਥੇ ਪਰਮਾਤਮਾ ਨੇ ਲੇਖਾ ਲਿਖਿਆ ਆ , ਉੱਥੇ ਜਾਣਾ ਹੀ ਪੈਣਾ ਆ, ਵਾਹਿਗੁਰੂ ਤੈਨੂੰ ਰਾਜ਼ੀ ਰੱਖੇ, ਤੇਰੀ ਲੰਮੀ ਲੰਮੀ ਉਮਰ ਕਰੇ।"
" ਇਹ ਗੱਲਾਂ ਪਿਤਾ ਜੀ ਨੂੰ ਵੀ ਦੱਸਿਆ ਕਰੋ।" ਮੈ ਦਾਦੀ ਜੀ ਨੂੰ ਜੱਫੀ ਪਾਉਂਦੇ ਕਿਹਾ, "  ਮੈਂ ਤਾਂ ਸਾਲ ਬਾਅਦ ਹੀ ਤੁਹਾਨੂੰ ਮਿਲ ਜਾਇਆ ਕਰਨਾ ਆ।"
" ਬਲਜਿੰਦਰ ਨੂੰ ਮੈਂ ਸਮਝਾ ਲੈਣਾ ਆ।" ਦਾਦੀ ਜੀ ਨੇ ਆਪਣੇ-ਆਪ ਤੇ ਭਰੋਸਾ ਕਰਦੇ ਕਿਹਾ, " ਜਦੋਂ ਤੁਹਾਡੇ ਬੱਚੇ ਹੋ ਗਏ, ਉਹ ਤੁਸੀ ਸਾਡੇ ਕੋਲ ਛੱਡ ਦਿਉ, ਤੁਸੀ ਮੀਆਂ- ਬੀਬੀ ਕੰਮ ਕਰਿਉ।"
ਦਾਦੀ ਜੀ ਦੇ ਇਸ ਗੱਲ ਦਾ ਮੇਰੇ ਕੋਲ ਕੋਈ ਢੁਕਵਾ ਜ਼ਵਾਬ ਨਾ ਹੋਣ ਕਾਰਣ ਮੈ ਕਿਹਾ, " ਤੁਸੀ ਮੇਰੀਆਂ ਨਵੀਆ ਕਮੀਜ਼ਾ ਰਾਣੋ ਕੋਲੋ ਪਰੈਸ ਕਰਵਾ ਕੇ ਅਟੈਚੀਕੇਸ ਵਿਚ ਰੱਖਵਾ ਦੇਣੀਆਂ।"
" ਤੂੰ ਜਿਹੜੇ ਕੱਪੜੇ ਵੀ ਖੜਨੇ ਆ।" ਦਾਦੀ ਜੀ ਨੇ ਮੈਨੂੰ ਦੱਸਿਆ, " ਉਹ ਸਾਰੇ ਬਾਹਰ ਮੰਜ਼ੇ ਤੇ ਰੱਖ ਦੇ, ਅਸੀ ਸਾਰੇ ਹੀ ਪਰੈਸ ਕਰਕੇ ਤੇਰੇ ਅਟੈਚੀਕੇਸ ਵਿਚ ਰੱਖ ਦੇਵਾਂਗੀਆਂ, ਜਿਹੜਾ ਪੈਂਟ-ਕੋਟ ਦੇਬੀ ਦੇ  ਵਿਆਹ 'ਤੇ ਪਾਉਣਾ ਆ, ਉਹ ਵੀ ਦੇ-ਦੇ, ਪਰੈਸ ਫੇਰ ਦਈਏ।"
" ਉਹ ਤਾਂ ਮੈ ਸ਼ਹਿਰੋਂ ਪਰੈਸ ਕਰਵਾ ਕੇ, ਉੱਪਰ ਚੁਬਾਰੇ ਵਿਚ ਟੰਗ ਲਿਆ ਆ, ਸ਼ਾਹਿਦ ਜਾਣ ਲੱਗਾ ਵੀ ਮੈ ਉਹ ਹੀ ਪਾ ਜਾਵਾਂ।"
ਦਾਦੀ ਜੀ ਬਾਹਰ ਵਾਲੀ ਬੈਠਕ ਵਲ ਚੱਲ ਪਏ ਅਤੇ ਮੈ ਕੱਪੜੇ ਕੱਢਣ ਲਈ ਚੁਬਾਰੇ ਵੱਲ ਨੂੰ ਤੁਰ ਪਿਆ।

25 



 ਦੇਬੀ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਦੀ ਸ਼ਾਮ ਨੂੰ ਵਾਹਵਾ ਇਕੱਠ ਹੋ ਗਿਆ।ਦੇਬੀ ਦੇ ਨਾਨਕਿਆਂ ਤੋਂ ਆਏ ਪ੍ਰਾਉਣਿਆ ਵਿਚ ਇਕ ਕੁੜੀ ਜੋ ਦੇਬੀ ਦੇ ਮਾਮੇ ਦੀ ਕੁੜੀ ਦੀ ਸਹੇਲੀ ਲੱਗਦੀ ਸੀ।ਇਧਰ-ਉਧਰ ਫਿਰਦੀ ਇਕ ਦੋ ਵਾਰ ਮੈਨੂੰ ਦੇਖ ਚੁੱਕੀ ਸੀ, ਪਰ ਮੇਰਾ ਜਦੋਂ ਦਾ ਵਿਆਹ ਹੋਇਆ ਕੁੜੀਆਂ ਵਿਚ ਦਿਲਚਸਪੀ ਘੱਟ ਗਈ ਸੀ। ਇਹ ਵੱਖਰੀ ਗੱਲ ਆ ਕਿ ਵਿਆਹ ਭਾਂਵੇ ਝੂੱਠਾ ਹੀ ਹੈ।ਅੱਜ ਮੈਂ ਆਪਣੇ ਝੂੱਠੇ ਵਿਆਹ ਬਾਰੇ ਸੋਚ ਕੇ ਦੇਬੀ ਦੇ ਸੱਚੇ ਵਿਆਹ ਦਾ ਅਨੰਦ ਗਵਾਉਣਾ ਨਹੀ ਸੀ ਚਾਹੁੰਦਾ। ਇਸ ਲਈ ਜ਼ਨਾਨੀਆਂ ਵੱਲੋਂ ਕੱਢੀ ਜਾਂਦੀ ਜਾਗੋ ਦੇਖਣ ਲੱਗਾ।ਜਾਗੋ ਨਾਲ ਨੱਚਦੀਆ –ਗਾਉਂਦੀਆਂ ਦੋਹ- ਚਹੋਂ ਘਰੀ ਜਾਗੋ ਦੇ ਦੀਵਆਂ ਵਿਚ ਤੇਲ ਪਵਾਉਣ ਗਈਆਂ।ਫਿਰ ਲਹੌਰੀਆਂ ਦੀ ਨੁੱਕਰ ਤੋਂ ਵਾਪਸ ਆ ਗਈਆਂ।ਘਰ ਆ ਕੇ ਉਹਨਾਂ ਇਕੱਠੀਆਂ ਹੋ ਕੇ ਗਿੱਧੇ ਅਤੇ ਸਿੱਠਣੀਆਂ ਦਾ ਚੰਗਾ ਰੰਗ ਬੰਨਿਆ।ਗਿੱਧੇ ਵਿਚ ਦੇਬੀ ਦੇ ਮਾਮੇ ਦੀ ਕੁੜੀ ਦੀ ਸਹੇਲੀ  ਨੇ ਮੇਰੇ ਵੱਲ ਦੇਖ ਕੇ ਬੋਲੀ ਪਾਈ, ਗਭਰੂ ਜੱਟਾਂ ਦਾ ਪੁੱਤ ਛੈਲ-ਛਬੀਲਾ, ਲੰਘ ਗਿਆ ਕੋਲੋ ਦੀ ਚੁੱਪ ਕਰਕੇ,ਨੀ ਮੇਰਾ ਲੈ ਗਿਆ ਕਾਲੇਜੇ ਦਾ ਰੁੱਗ ਭਰ ਕੇ। ਪਰੇ ਆਉਂਦੇ ਦੇਬੀ ਨੇ ਬੋਲੀ ਸੁਣ ਲਈ ਅਤੇ ਹੌਲੀ ਅਜਿਹੀ ਮੈਨੂੰ ਕੂਣੀ ਮਾਰਦਿਆ ਕਹਿਣ ਲੱਗਾ, " ਕੀ ਇਰਾਦਾ ਆ, ਤੂੰ ਇਥੇ ਖੜ੍ਹਾ ਆ, ਬਾਹਰ ਵਿਹੜੇ ਵਿਚ ਮੁੰਡੇ ਭੰਗੜੇ ਦੀ ਤਿਆਰੀ ਖਿਚ ਰਹੇ ਨੇ।"
" ਮੇਰਾ ਤਾਂ ਕੋਈ ਇਰਾਦਾ ਨਹੀ।" ਮੈ ਮੁਸਕ੍ਰਾ ਕੇ ਕਿਹਾ, " ਕਿਸੇ ਹੋਰ ਦਾ ਕੋਈ ਇਰਾਦਾ ਹੋਵੇ ਤਾਂ ਮਂੈ ਕਹਿ ਨਹੀ ਸਕਦਾ।"
ਅਸੀ ਦੋਵੇ ਹੱਸਦੇ ਹੋਏ ਘਰ ਦੇ ਬਾਹਰਲੇ ਵਿਹੜੇ ਵੱਲ ਤੁਰ ਪਏ ਜਿੱਥੇ ਮੁੰਡੇ ਇਕੱਠੇ ਹੋ ਕੇ ਢੋਲ ਦੇ ਤਾਲ ਉੱਪਰ ਭੰਗੜਾ ਪਾਉਣ ਲੱਗ ਪਏ ਸਨ। ਜ਼ਨਾਨੀਆਂ ਆਪਣਾ ਗਿੱਧਾ ਛੱਡ ਭੰਗੜਾ ਦੇਖਣ ਆ ਗਈਆਂ। ਦੇਬੀ ਦੇ ਮਾਮੇ ਦੀ ਕੁੜੀ, ਦੇਬੀ ਨੂੰ ਇਕ ਪਾਸੇ ਲੈ ਕੇ ਗੱਲਾਂ ਕਰਦੀ ਮੇਰੇ ਵੱਲ ਵੀ ਦੇਖ ਰਹੀ ਸੀ। ਇਸ ਗੱਲ ਵੱਲ ਮੈ ਬਹੁਤਾ ਧਿਆਨ ਨਹੀ ਸੀ ਦਿੱਤਾ।
ਛੇਤੀ ਹੀ ਦੇਬੀ ਮੇਰੇ ਕੋਲ ਆ ਕੇ ਖਲੋ ਗਿਆ ਅਤੇ ਹੌਲੀ ਜਿਹੀ ਕਹਿਣ ਲੱਗਾ, " ਉਹ ਕੁੜੀ ਨੂੰ ਤੂੰ ਜਾਣਦਾ।"
" ਕਿਹੜੀ ਕੁੜੀ ਨੂੰ"?
" ਉਹ ਹੀ ਗੁਲਾਬੀ ਸੂਟ ਵਾਲੀ, ਜਿਹੜੀ ਬੋਲੀ ਪਾਉਂਦੀ ਸੀ।"
" ਨਹੀ।"
" ਪਰ, ਉਹ ਤੈਨੂੰ ਜਾਣਦੀ ਆ।"
" ਉਹ ਕਿਵੇ?"
" ਪਤਾ ਨਹੀ, ਦੀਸ਼ੀ ਨੇ ਮੈਨੂੰ ਹੁਣੇ ਹੀ ਦੱਸਿਆ, ਉਹਦੀ ਸਹੇਲੀ ਕਹਿੰਦੀ ਹੈ ਕਿ ਉਸ ਨੇ ਤੈਂਨੂੰ ਕਿਤੇ ਦੇਖਿਆ ਲੱਗਦਾ ਆ।"
" ਉਸ ਨੇ ਮੈਨੂੰ ਕਿੱਥੇ ਦੇਖਿਆ ?" ਮੈ ਗੁਲਾਬੀ ਸੂਟ ਵਾਲੀ ਕੁੜੀ ਨੂੰ ਧਿਆਨ ਨਾਲ ਦੇਖਦੇ ਕਿਹਾ, " ਵੈਸੇ ਜਦੋਂ ਆਪਾਂ ਨੂੰ ਕੋਈ ਚੰਗਾ ਲੱਗਦਾ ਆ, ਉਹ ਸਾਨੂੰ ਦੇਖਿਆ ਹੀ ਲੱਗਦਾ ਹੁੰਦਾ ਹੈ।"
" ਇਹ ਵੀ ਤੇਰੀ ਗੱਲ ਠੀਕ ਹੈ।" ਦੇਬੀ ਹੱਸਦਾ ਹੋਇਆ ਕਹਿਣ ਲੱਗਾ, " ਉਦਾਂ ਤਾਂ ਮੈ ਦੀਸ਼ੀ ਨੂੰ ਕਹਿ ਦਿਤਾ ਕਿ ਆਪਣੀ ਸਹੇਲੀ ਨੂੰ ਦਸ ਦੇ ਕਿ ਜਿਹੜਾ ਉਸ ਨੂੰ ਦੇਖਿਆ ਲਗਦਾ ਹੈ, ਉਸ  'ਤੇ ਕਿਸੇ ਹੋਰ ਮੋਹਰ ਲੱਗ ਚੁੱਕੀ ਆ।"
" ਮੋਹਰ ਭਾਂਵੇ ਫਿਕੀ ਹੀ ਲੱਗੀ ਹੋਵੇ।" ਮੈ ਹੱਸਦੇ ਜਿਹੇ ਕਿਹਾ, " ਕੋਈ ਨਹੀ ਕਰ ਲੈਂਦੇ ਹਾਂ ਦੀਸ਼ੀ ਦੀ ਸਹੇਲੀ ਨਾਲ ਵੀ ਗੱਲ।"
" ਹੀਰ ਵਰਗੀ ਕੁੜੀ ਨਾਲ ਤੇਰਾ ਵਿਆਹ ਹੋਇਆ ਆ।" ਦੇਬੀ ਨੇ ਮੇਰੇ ਮੋਢੇ ਤੇ ਅਪਣਾ ਸੱਜਾ ਹੱਥ ਮਾਰਦੇ ਕਿਹਾ, " ਐਂਵੇ ਗੱਲਾਂ ਬਣਾਈ ਜਾਂਦਾ ਏ।"
" ਤਾਂਹੀਉਂ ਤੇ ਸੈਦੇ ਵਰਗਾ ਮੇਰਾ ਹਾਲ ਆ।" ਰੋਕਦਿਆਂ ਰੋਕਦਿਆਂ ਮੇਰੇ ਮੂੰਹੋਂ ਨਿਕਲੇ ਸ਼ਬਦਾ ਨੂੰ ਬਦਲਣ ਲਈ ਮਂੈ ਕਿਹਾ, " ਇਹ ਕੁੜੀ ਵੀ ਕਿਤੇ ਸੱਸੀ ਨਾਲੋ ਘੱਟ ਆ।"
ਦੇਬੀ ਨੇ ਮੇਰੇ ਦੂਸਰੇ ਫਿਕਰੇ ਦਾ ਕੋਈ ਧਿਆਨ ਨਹੀ ਦਿੱਤਾ।ਸਗੋਂ ਪਹਿਲੇ ਕਹੇ ਲਫਜ਼ਾ ਨੂੰ ਲੈ ਕੇ ਗੰਭੀਰ ਜਿਹਾ ਹੋ ਕੇ ਕਹਿਣ ਲੱਗਾ, " ਤੇਰਾ ਹਾਲ ਸੈਦੇ ਵਰਗਾ, ਮਂੈ ਸਮਝਿਆ ਨਹੀ।"
ਪਹਿਲਾਂ ਤਾਂ ਦਿਲ ਕਰੇ ਆਪਣਾ ਭੇਦ ਦੇਬੀ ਕੋਲ ਖੋਲ੍ਹ ਹੀ ਦਿਆਂ, ਮੇਰਾ ਬੋਝ ਵੀ ਕੁੱਝ ਹਲਕਾ ਹੋ ਜਾਵੇਗਾ। ਫਿਰ ਸੋਚਿਆ ਇਸ ਦਾ ਵਿਆਹ ਹੈ, ਮੈ ਤਾਂ ਪਰੇਸ਼ਾਨ ਹੀ ਹਾਂ, ਇਸ ਨੂੰ ਕਿਉਂ ਗਧੀ-ਗੇੜ ਵਿਚ ਪਾਉਣਾ। ਝੂਠ ਬੋਲਣ ਵਿਚ ਤਾਂ ਮੈ ਪਰਪੱਕ ਹੋ ਹੀ ਗਿਆ ਸੀ, ਨਾਲੇ ਕਹਿੰਦੇ ਆ ਨਾ, ਮਰੇ ਤੇ ਮੁਕਰੇ ਦਾ ਕਿਸੇ ਨੇ ਕੀ ਫੜ੍ਹ ਲੈਣਾ। ਇਸ ਲਈ ਮੈ ਮੁਕਰਦੇ ਹੋਏ ਕਿਹਾ, " ਮੈ ਸੈਦਾ ਤਾਂ ਨਹੀ ਕਿਹਾ, ਰਾਂਝਾ ਕਿਹਾ।"
" ਨਹੀ ਤੂੰ ਸੈਦਾ ਕਿਹਾ।" ਦੇਬੀ ਨੇ ਘੁੱਟ ਲਾਈ ਹੋਣ ਕਾਰਨ ਮਗਰ ਹੀ ਪੈ ਗਿਆ ਅਤੇ ਜੋ ਉਸ ਦੇ ਅੰਦਰ ਸੀ ਬਾਹਰ ਆਉਣ ਲੱਗਾ, " ਮੈ ਇਹ ਨੋਟਿਸ ਕੀਤਾ ਆ, ਤੈਨੂੰ ਵਿਆਹ ਤੋਂ ਬਾਅਦ ਬਹੁਤ ਖੁਸ਼ ਕਦੇ ਨਹੀ ਦੇਖਿਆ।"
" ਜਿਸ ਦੀ ਹੀਰ ਵਰਗੀ ਜ਼ਨਾਨੀ ਦੋ-ਚਾਰ ਦਿਨ ਕੋਲ ਰਹਿ ਕੇ ਦੂਰ ਚਲੀ ਗਈ ਹੋਵੇ, ਉਹ ਖੁਸ਼ ਕਿਵੇ ਰਹਿ ਸਕਦਾ ਹੈ?"
" ਨਹੀ ਗੱਲ ਹੋਰ ਆ।"
" ਕੋਈ ਗੱਲ ਨਹੀ।" ਉਸ ਨੂੰ ਪਿਛੋਂ ਲਾਉਣ ਮੈਂ ਲਈ ਕਿਹਾ, " ਜੇ ਕੋਈ ਹੋਰ ਗੱਲ ਹੁੰਦੀ ਤਾਂ ਤੇਰੇ ਕੋਲੋਂ ਥੌੜ੍ਹਾ ਲੁਕਾ ਕੇ ਰੱਖਣੀ ਸੀ।"
" ਅਜੇ ਵੀ ਦਸ ਦੇ।" ਦੇਬੀ ਫਿਰ ਬੋਲਿਆ, " ਜੇ ਤੇਰਾ ਮਨ ਖੁਸ਼ ਨਹੀ ਤਾਂ ਦਫਾ ਕਰ ਕੈਨੇਡਾ ਵਾਲੀ ਨੂੰ, ਗੁਲਾਬੀ ਸੂਟ ਵਾਲੀ ਨਾਲ ਤੇਰੀ ਗੰਢ-ਤੁੱਪ ਕਰਵਾ ਦਿੰਦੇ ਆਂ।"
" ਨਹੀ ਮੈ ਖੁਸ਼ ਹਾਂ।"
" ਜਿਹਨੂੰ ਤੂੰ ਸੱਸੀ ਵਰਗੀ ਕਹਿੰਦਾ ਆ, ਉਹਦਾ ਹੀ ਪੂਨੂੰ ਬਣ ਜਾ।"
" ਫਿਰ ਉਸ ਨੂੰ ਪੁਨੂੰ ਵਾਂਗ ਛੱਡ ਕੇ ਕੈਨੇਡਾ ਤੁਰ ਜਾਵਾਂ।" ਮੈ ਸ਼ਰੀਫ ਬਣਦਿਆਂ ਕਿਹਾ, " ਭਰਾਵਾ, ਹੁਣ ਤਾਂ ਜਿਹਦੇ ਹੋ ਚੁਕੇ, ਹੋ ਚੁਕੇ।"
" ਨਹੀ ਗੱਲ ਹੋਰ ਆ।"
" ਪਤਦੰਦਰਾ, ਤੇਰੇ ਅੱਗੇ ਹੱਥ ਜੋੜਦਾ।" ਮੈ ਆਪਣੇ ਦੋਨੋ ਹੱਥ ਉਸ ਦੇ ਅੱਗੇ ਜੋੜਦਿਆਂ ਕਿਹਾ, " ਹੋਰ ਕੋਈ ਗੱਲ ਨਹੀ।"
" ਖਾ ਸੰਹੁ।"
" ਉਹ ਕਾਹਦੀਆਂ ਸੰਹਾਂ ਖਾਣ ਲੱਗੇ ਹੋਏ ਹੋ।" ਦੇਬੀ ਦੇ ਤਾਇਆ ਜੀ ਨੇ ਆਉਂਦਿਆ ਹੀ ਕਿਹਾ, " ਚਲੋ ਹੁਣ ਉੱਠੋ, ਸਵੇਰੇ ਜੰਝ ਲੈ ਕੇ ਵੀ ਢੁਕਣਾ ਆ।"
ਮੈ ਦਿਲ ਦੇ ਵਿਚ ਹੀ ਤਾਇਆ ਜੀ ਦਾ ਧੰਨਵਾਦ ਕੀਤਾ ਕਿ ਦੇਬੀ ਉਥੋਂ ਉੱਠ ਖੜਾ ਹੋਇਆ,ਪਰ ਜਾਂਦਾ ਜਾਂਦਾ ਫਿਰ ਮੂੰਹ ਵਿਚ ਬੁੜਬੁੜਾ ਰਿਹਾ ਸੀ ਕਿ , ਗੱਲ ਕੋਈ ਹੋਰ ਆ।'
ਕਹਿੰਦੇ ਨੇ ਨਾ ਦਾਈਆਂ ਕੋਲੋ ਪੇਟ ਗੁੱਝੇ ਨਹੀ ਰਹਿੰਦੇ। ਦੇਬੀ ਮੇਰੇ ਬਚਪਨ ਦਾ ਦੋਸਤ ਹੋਣ ਕਾਰਨ ਮੇਰੀ ਨਸ ਨਸ ਤੋਂ ਜਾਣੂ ਸੀ ਭਾਂਵੇ ਮੈ ਭੇਦ ਨੂੰ  ਲੁਕਾਉਣ ਲਈ ਕੁੱਝ ਹੱਦ ਤੱਕ ਸਫਲ ਹੋ ਗਿਆ ਸਾਂ।
ਸਿਆਣਿਆ ਨੇ ਜੋਰ ਲਾ ਕੇ ਮਹਿਫਲ ਖੰਡਾਂ ਦਿੱਤੀ ਸੀ ਨਹੀ ਤਾਂ ਭਾਂਵੇ ਸਾਰੀ ਰਾਤ ਹੀ ਜਾਗਦੇ ਰਹਿੰਦੇ।ਇਸ ਗੱਲ ਨੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਸਿਆਣਿਆ ਦੇ ਸਿਰ 'ਤੇ ਹੀ ਇਹੋ ਜਿਹੇ ਸਮਾਗਮ ਕਾਮਯਾਬ ਹੁੰਦੇ ਨੇ, ਨਹੀ ਤਾਂ ਜ਼ਵਾਨੀ ਨੱਚਣ –ਕੁਦਣ  ਵਿਚ ਇੰਨਾ ਰਚ ਜਾਂਦੀ ਹੈ ਕਿ ਬਾਕੀ ਜ਼ਿੰਮੇਵਾਰੀ ਭੁੱਲ ਹੀ ਜਾਂਦੀ ਹੈ।ਪਿੰਡ ਦੀਆਂ ਜ਼ਨਾਨੀਆਂ ਆਡ-ਗੁਵਾਂਢ ਨੂੰ ਸਿਠਣੀਆਂ ਦਿੰਦੀਆਂ, ਗੁਵਾਢੀਉਂ ਜਾਗਦੇ ਕਿ ਸੁੱਤੇ' ਕਹਿੰਦੀਆਂ ਘਰਾਂ ਨੂੰ ਤੁਰ ਪਈਆਂ। ਮਂੈ ਵੀ ਹਨੇਰਾ ਹੋਣ ਕਾਰਨ ਦਾਦੀ ਜੀ ਦਾ ਹੱਥ ਫੜ੍ਹ ਉਹਨਾਂ ਨੂੰ ਗਲੀਆਂ  ਵਿਚੋਂ ਲੰਘਉਂਦਾ ਛੇਤੀ ਹੀ ਘਰ ਆ ਗਿਆਂ।ਪਿਤਾ ਜੀ ਪਹਿਲਾਂ ਹੀ ਆ ਗਏ ਹੋਣ ਕਾਰਨ ਸੋਂ ਵੀ ਗਏ ਸਨ।ਦਾਦੀ ਜੀ ਆਪਣੇ ਕਮਰੇ ਵਿਚ ਚਲੇ ਗਏ ਅਤੇ ਮਂੈ ਹੌਲੀ ਹੌਲੀ ਚੁਬਾਰੇ ਦੀਆ ਪੌੜੀਆਂ ਚੜ੍ਹ ਗਿਆ।


26
                              
                 
ਦੇਬੀ ਦੇ ਵਿਆਹ ਵਾਲੇ ਦਿਨ ਤੋਂ ਦੂਸਰੇ ਦਿਨ ਸਵੇਰੇ ਹੀ ਨੰਦੂ ਨਾਈ ਬਾਹਰਲਾ ਗੇਟ ਖੋਲ੍ਹ ਅੰਦਰ ਆਉਂਦਾ ਦਾਦੀ ਜੀ ਨੂੰ ਕਹਿਣ ਲੱਗਾ, "ਸਰਦਾਰਨੀ, ਦੇਬੀ ਨੇ ਸੁਨੇਹਾ ਘੱਲਿਆ ਸੂ,ਪਈ ਤਿਆਰ ਹੋ ਕੇ ਉਧਰ ਆ ਜਾਉ, ਤੁਹਾਨੂੰ ਮਿਲਣੀ ਤੇ ਖੜ੍ਹਨਾ ਆ।"
" ਨੰਦੂ, ਉਹਨਾਂ ਦਾ ਤਾਂ ਆਪਣਾ ਸ਼ਰੀਕਾ ਹੀ ਬੇਥੇੜਾ ਆ।"
" ਬੀਬੀ, ਮੈਨੂੰ ਨਹੀ ਪਤਾ,ਉਹਨਾਂ ਮੈਨੂੰ ਭੇਜਿਆ ਪਈ ਦਸ ਆ, ਮੈ ਆ ਗਿਆ।"
" ਕੋਈ ਨਹੀ ਨੰਦੂ ਤਾਇਆ ਅਸੀ ਆਉਂਦੇ ਹਾਂ।" ਮਂੈ ਨਲਕੇ ਕੋਲ ਬੁਰਸ਼ ਉੱਤੇ ਕੋਲਗੇਟ ਪੇਸਟ ਪਾਉਂਦੇ ਕਿਹਾ, " ਦਾਦੀ ਜੀ, ਕੋਈ ਗੱਲ ਨਹੀ, ਜੇ ਉਹ ਚਾਹੁੰਦੇ ਆ ਤਾਂ ਆਪਾਂ ਜਾਹ ਆਉਂਦੇ ਆ।"
" ਆ ਜਾਹ ਨੰਦੂ ਬਹਿ ਜਾ।" ਦਾਦੀ ਜੀ ਨੇ ਕਿਹਾ, " ਚਾਹ ਪੀ ਲੈ।"
" ਚਾਹ ਤਾਂ ਸੀਰਨੀ ਨਾਲ ਮੈ ਦੇਬੀ ਦੇ ਘਰੋਂ ਪੀ ਆਇਆ।" ਨੰਦੂ ਨੇ ਕਿਹਾ, " ਤੁਸੀ ਪਹੁੰਚ ਜਾਇਉ ਟੈਮ ਨਾਲ।"
ਨੰਦੂ ਦੇ ਜਾਣ ਤੋਂ ਬਾਅਦ ਦਾਦੀ ਜੀ ਕਹਿਣ ਲੱਗੇ, " ਕਾਕਾ, ਮਂੈ ਤਾਂ ਚਾਹੁੰਦੀ ਨਹੀ ਸਾਂ ਜਾਣਾ, ਨਾਲੇ ਆਪਾਂ ਤਾਂ ਉਹਨਾਂ ਨੂੰ ਮਿਲਣੀ ਤੇ ਲੈ ਕੇ ਨਹੀ ਸੀ ਗਏ, ਏਦਾ ਜਾਂਦਿਆਂ ਸ਼ਰਮ ਜਿਹੀ ਆਉਂਦੀ ਆ।"
" ਮੇਰੇ ਵਲੋਂ ਤਾਂ ਭਾਂਵੇ ਸਾਰੇ ਪਿੰਡ ਨੂੰ ਲੈ ਜਾਂਦੇ।" ਠੰਡੇ ਪਾਣੀ ਦੇ ਛਿੱਟੇ ਅੱਖਾਂ ਨੂੰ ਮਾਰਦਿਆਂ ਕਿਹਾ, " ਤੁਸੀ ਜੋਰ ਲਾਇਆ ਸੀ ਕਿ ਕੁੜੀ ਵਾਲਿਆਂ ਦਾ ਖਰਚ ਨਹੀ ਕਰਵਾਉਣਾ।"
" ਮੈਂ ਹੁਣ ਵੀ ਕਹਿੰਦੀ ਆ ਇਸ ਤਰਾਂ ਵਾਧੂ ਖਰਚ ਵਾਲੇ ਰਿਵਾਜ਼ ਘਟਾਉਣੇ ਚਾਹੀਦੇ ਆ।"
" ਆਪ ਤੁਸੀ ਹੁਣ ਵੀ ਹਰਨੀਤ ਲਈ ਇੰਨੇ ਮੰਹਿਗੇ ਸੂਟ ਲੈ ਲਏ ਨੇ।"
" ਮਨਮੀਤ, ਤੇਰੇ ਦਿਮਾਗ ਨੂੰ ਕੀ ਹੋ ਗਿਆ।" ਦਾਦੀ ਜੀ ਨੇ ਧਿਆਨ ਨਾਲ ਮੇਰੇ ਵੱਲ ਦੇਖ ਕੇ ਕਿਹਾ, " ਹਰਨੀਤ ਇਸ ਘਰ ਦੀ ਨੂੰਹ ਆ, ਉਸ 'ਤੇ ਖਰਚ ਕਰਨਾ ਸਾਡਾ ਫਰਜ਼ ਆ, ਨਾਲੇ ਮੈ ਗੱਲ ਖਰਚ ਵਾਲੇ ਰੀਤੀ- ਰਿਵਾਜ਼ਾ ਦੀ ਕਰ ਰਹੀ ਸੀ, ਤੂੰ ਵਿਚ ਹਰਨੀਤ ਨੂੰ ਲੈ ਆਇਆ।"
" ਹਰਨੀਤ ਨੂੰ ਵੀ ਤੁਸੀ ਹੀ ਮੇਰੀ ਜ਼ਿੰਦਗੀ ਵਿਚ ਲਿਆਂਦਾ।" ਪਤਾ ਨਹੀ ਕਿਉਂ ਮਂੈ ਦਾਦੀ ਜੀ ਨਾਲ ਬਹਿਂਸ ਦੇ ਮੂਡ ਵਿਚ ਬੋਲਿਆ, " ਹਰਨੀਤ ਨਾ ਹੋਈ, ਮਮੀਰੇ ਦੀ ਗੰਡੀ ਹੋਈ।"
" ਅਸੀ ਲਿਆਂਦਾ ਤੇਰੀ ਜ਼ਿੰਦਗੀ ਵਿਚ।" ਦਾਦੀ ਜੀ ਨੇ ਜਰਾ ਉੱਚੀ ਅਵਾਜ਼ ਵਿਚ ਕਿਹਾ, " ਤੁਸੀ ਦੋਨਾਂ ਨੇ ਵੱਖਰੇ ਕਮਰੇ ਵਿਚ ਜਾ ਕੇ ਆਪ ਫੈਂਸਲਾ ਕੀਤਾ।"
" ਕਾਹਲੀ ਤਾਂ ਤੁਹਾਨੂੰ ਸੀ ਸਾਰੇ ਟੱਬਰ ਨੂੰ ਕਿ ਮੈ ਬਾਹਰ ਚੱਲਿਆ ਜਾਵਾਂ।"
aਦੋਂ ਹੀ ਰਾਣੋ ਆ ਗਈ ਅਤੇ ਆਉਂਦੀ ਹੀ ਬੋਲੀ, " ਹਾਏ, ਮਨਮੀਤ ਨੂੰ ਫਿਰ ਦੌਰਾ ਪੈ ਗਿਆ।"
" ਰਾਣੋ, ਮੈਨੂੰ ਤਾਂ ਆਪ ਸਮਝ ਨਹੀ ਆਉਂਦੀ, ਮੁੰਡੇ ਨੂੰ ਹੋ ਕਿ ਗਿਆ?"
" ਬੀਬੀ, ਇਹਨੂੰ ਉਹ ਬਿਮਾਰੀ ਨਾ ਹੋ ਗਈ ਹੋਵੇ, ਜਿਹੜੀ ਬੱਕਰੀਆਂ ਵਾਲੀ ਕੁੜੀ ਨੂੰ ਸੀ।"
ਇਹ ਸਭ ਸੁਣ ਕੇ ਮੈਨੂੰ ਹੋਰ ਗੁੱਸਾ ਚੜ੍ਹ ਗਿਆ, ਪਰ ਇਸ ਡਰੋਂ ਕਿ ਰਾਣੋ ਨੇ ਤਾਂ ਸਾਰੇ ਪਿੰਡ ਵਿਚ ਡੌਂਡੀ ਪਿੱਟ ਦੇਣੀ ਕਿ ਮਨਮੀਤ ਨੂੰ ਦੌਰੇ ਪੈਂਦੇ ਨੇ। ਅੱਗੇ ਨਾਲੋ ਥੌੜ੍ਹੀ ਧੀਮੀ ਅਵਾਜ਼ ਵਿਚ ਕਿਹਾ, " ਰਾਣੋ, ਬੱਕਰੀਆਂ ਵਾਲੀ ਕੁੜੀ ਨੂੰ ਹਿਸਟਰੀਆ ਦੇ ਦੌਰੇ ਪੈਂਦੇ ਸੀ, ਵਿਆਹ ਤੋਂ ਬਾਅਦ ਉਹ ਠੀਕ ਵੀ ਹੋ ਗਈ ਆ।"
" ਤੈਨੂੰ ਵੀ ਤਾਂ ਇਹੀ ਬਿਮਾਰੀ ਆ, ਹਰਨੀਤ ਕੋਲ ਜਾਣ 'ਤੇ ਤੂੰ ਵੀ ਠੀਕ ਹੋ ਜਾਣਾ।"
" ਸੱਚੀ ਰਾਣੋ, ਇਹ ਹੀ ਗੱਲ ਆ।" ਦਾਦੀ ਜੀ ਨੇ ਲੰਮਾ ਜਿਹਾ ਸਾਹ ਖਿੱਚ ਕੇ ਕਿਹਾ, " ਤੂੰ ਹੁਣ ਸੱਚੀ ਸੁਖ ਲੈ ਡੇਰੇ ਵਾਲੇ ਬਾਬੇ ਦੇ।"
" ਰਾਣੋ, ਖਬਰਦਾਰ ਜੇ ਤੂੰ ਕੁੱਝ ਸਿੱਖਆ।" ਬਾਹਰੋਂ ਆਉਂਦੇ ਭਾਪਾ ਜੀ ਬੋਲੇ, " ਬੀਜ਼ੀ ਹੁਣ ਕੀ ਨਹੀ ਪੂਰਾ ਹੋਇਆ।"
" ਭਾਪਾ ਜੀ, ਤੁਸੀ ਘਬਰਾਉ ਨਾ।" ਮੈਂ ਹਲੀਮੀ ਵਿਚ ਕਿਹਾ, " ਸਭ ਠੀਕ-ਠਾਕ ਆ, ਬਾਹਰ ਜਾਣ ਦਾ ਚੇਤਾ ਕਰਕੇ ਉਦਾਸ ਹੋ ਗਿਆ ਸਾਂ, ਫਿਰ ਇਹ ਉਦਾਸੀ ਗੁੱਸੇ ਵਿਚ ਬਦਲ ਗਈ, ਬੀਜ਼ੀ ਨਾਲ ਬਹਿਂਸ ਪਿਆ।"
" ਬੀਜ਼ੀ, ਤਹਾਨੂੰ ਪਤਾ ਤਾਂ ਹੈ ਬਾਹਰ ਜਾਣ ਕਰਕੇ ਨਿਆਣਾ ਉਦਰ ਤਾਂ ਜਾਂਦਾ ਹੀ ਆ।"
" ਪੁੱਤ, ਉਦਰਣ ਦਾ ਤਾਂ ਕੋਈ ਨਹੀ।" ਦਾਦੀ ਜੀ ਨੇ ਪਿਆਰ ਨਾਲ ਕਿਹਾ, " ਇਹ ਤਾਂ ਹਰਨੀਤ ਨੂੰ ਕਹਿਣ ਲੱਗ ਪਿਆ ਕਿ ਅਸੀ ਉਸ ਨੂੰ ਇਹਦੀ ਜ਼ਿੰਦਗੀ ਵਿਚ ਲੈ ਕੇ ਆਏ ਹਾਂ।"
" ਬੀਜ਼ੀ ਹਰਨੀਤ ਦਾ ਤਾਂ ਉਦਾ ਬਹਾਨਾ ਹੀ ਸੀ।" ਮਂੈ ਗੱਲ ਬੱਦਲਣ ਲਈ ਕਿਹਾ, " ਜਾਣ ਕਰਕੇ ਦਿਲ ਭਰਿਆ ਸੀ, ਸੋ ਹਰਨੀਤ ਦਾ ਬਹਾਨਾ ਲਾ ਦਿੱਤਾ ਕਿ ਉਹਦੇ ਕਰਕੇ ਹੀ ਮੈਨੂੰ ਬਾਹਰ ਜਾਣਾ ਪੈਣਾ ਆ।"
ਰਾਣੋ ਹੱਸਦੀ ਹੋਈ ਬੋਲੀ, " ਬੀਬੀ, ਚੇਤੇ ਤਾਂ ਇਹਨੂੰ ਹਰਨੀਤ ਆਉਂਦੀ ਰਹਿੰਦੀ ਆ, ਬਹਾਨੇ ਲਾ ਲਾ ਸਾਡੇ ਨਾਲ ਲੜਦਾ ਆ ਕਹਿੰਦੇ ਨਹੀ ਹੁੰਦੇ ਕਿ ਰੌਂਦੀ ਖਸਮਾਂ ਨੂੰ ਨਾਮ ਲੈ ਲੈ ਭਰਾਵਾਂ ਦੇ।"
ਰਾਣੋ ਦੀ ਗੱਲ ਉੱਪਰ ਸਾਰੇ ਮੁਸਕ੍ਰਾ ਪਏ। ਮੈ ਮੁਸਕਰਾਂਉਦੇ ਹੋਏ ਦਾਦੀ ਜੀ ਨੂੰ ਕਿਹਾ, " ਚਲੋ ਹੋ ਜਾਉ ਫਿਰ ਤਿਆਰ ਜਾ ਆਈਏ, ਦੇਬੀ ਦੇ ਸਹੁਰਿਆਂ ਦੇ ਵੀ।"
ਦਾਦੀ ਜੀ ਨੇ ਕਿਹਾ," ਕਾਕਾ, ਇਸ ਤਰਾਂ ਕਰ, ਤੂੰ ਹੀ ਜਾ ਆ।"
" ਮਿਲਣੀ ਤੇ ਜਾਣਾ ਆ"? ਪਿਤਾ ਜੀ ਨੇ ਪੁੱਛਿਆ, " ਉਹਨਾਂ ਕਿਹਾ ਤਹਾਨੂੰ ਆਉਣ ਲਈ।"
" ਕਿਹਾ ਤਾਂ ਹੈ।" ਦਾਦੀ ਜੀ ਨੇ ਜ਼ਵਾਬ ਦਿੱਤਾ, " ਪਰ, ਮੈਂ ਤਾਂ ਕਹਿੰਦੀ ਆਂ , ਇਹ ਹੀ ਜਾ ਆਵੇ, ਐਵੇ ਕਾਹਨੂੰ  ਮਿਲਣੀ ਦਾ ਸਿਰ ਉੱਪਰ ਵਾਧੂ ਦਾ ਭਾਰ ਚੜ੍ਹਾਉਣਾ, ਅਗਲੇ ਸਾਡੀਆਂ ਮਨਾਉਤਾਂ ਕਰਦੇ ਫਿਰਨ-ਗੇ।"
" ਚਲੋ ਕੋਈ ਨਹੀ ਮੈਂ ਹੀ ਜਾ ਆਉਂਦਾ।" ਇਹ ਕਹਿ ਕੇ ਮੈ ਤਿਆਰ ਹੋਣ ਲਈ ਆਪਣੇ ਕਮਰੇ ਵਿਚ ਚੱਲਿਆ ਗਿਆ।
 ਤਿਆਰ ਹੋ ਕੇ ਦੇਬੀ ਦੇ ਘਰ ਵੱਲ ਨੂੰ ਗਿਆ ਤਾਂ ਫਿਰਨੀ ਉੱਤੇ ਹੀ ਦੇਬੀ ਦੇ ਮਾਮੇ ਦੀ ਕੁੜੀ ਦੀਸ਼ੀ ਤਾਂ ਉਸ ਦੀ ਸਹੇਲੀ ਗੁਲਾਬੀ ਸੂਟ ਵਾਲੀ ਮਿਲ ਪਈਆਂ, ਜੋ ਦੇਬੀ ਦੇ ਘਰ ਵੱਲ ਹੀ ਜਾ ਰਹੀਆਂ ਸਨ।ਬੇਸ਼ੱਕ ਅੱਜ ਉਸ ਨੇ ਬਦਾਂਮੀ ਰੰਗ ਦਾ ਸੂਟ ਪਾਇਆ ਸੀ, ਪਰ ਅਸੀ ਉਸ ਦਾ ਨਾਮ ਗੁਲਾਬੀ ਸੂਟ ਵਾਲੀ ਹੀ ਰੱਖਿਆ ਸੀ।ਸਤਿ ਸ੍ਰੀ ਅਕਾਲ ਤੋਂ ਬਾਅਦ ਗੁਲਾਬੀ ਸੂਟ ਵਾਲੀ ਬੋਲੀ, " ਕੱਲ੍ਹ ਦੀ ਮੈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀ, ਪਰ ਤੁਸੀ ਕੋਈ ਮੌਕਾ ਹੀ ਨਹੀ ਦਿੱਤਾ।"
" ਕੱਲ੍ਹ ਵਿਆਹ ਵਿਚ ਮਂੈ ਤਾਂ ਤਹਾਨੂੰ ਦੇਖਿਆ ਹੀ ਨਹੀ।" ਮੈ ਸਾਫ ਝੂਠ ਬੋਲਿਆ, " ਮੈ ਸੋਚਿਆ ਸ਼ਾਇਦ ਤੁਸੀ ਚਲੇ ਗਏ।"
" ਮੈਂ ਵਿਆਹ ਦੇਖੇ ਬਿਨਾਂ ਹੀ ਚਲੇ ਜਾਣਾ ਸੀ" ਉਹ ਹੱਸਦੀ ਹੋਈ ਬੋਲੀ, " ਮਂੈ ਤਾਂ ਤਹਾਨੂੰ ਦੇਖਦੀ ਵੀ ਰਹੀ, ਪਰ..।"
" ਕੱਲ ਜੰਝ ਵਿਚ ਕਈ ਜਣੇ ਤਾਂ ਸ਼ਰਾਬੀ ਹੋ ਗਏ।" ਮੈਂ ਬਹਾਨਾ ਲਾਇਆ, " ਮੈ ਤਾਂ ਉਹਨਾਂ ਦੀ ਸੇਵਾ- ਸੰਭਾਲ ਵਿਚ ਗੁਆਚਾ ਰਿਹਾ।"
" ਤੁਹਾਡੀ ਜੰਝ ਸੱਚੀ ਪਹਿਲਾਂ ਚੜ੍ਹ ਚੁਕੀ ਹੈ?" ਉਹ ਹੱਸਦੀ ਅਜਿਹੀ ਬੋਲੀ, " ਜਾਂ ਐਵੇਂ ਬਹਾਨੇ- ਬਾਜ਼…।"
" ਕੁੜੇ,ਰੱਜ਼ੀ, ਤੈਨੂੰ ਮੈ ਦੱਸਿਆ ਤਾਂ ਹੈ ਕਿ ਮਨਮੀਤ ਦਾ ਵਿਆਹ ਹੋ ਚੁੱਕਿਆ ਹੈ।" ਦੀਸ਼ੀ ਬੋਲੀ, " ਤੈਂਨੂੰ ਮੇਰੇ 'ਤੇ ਯਕੀਨ ਨਹੀ।"
" ਹਾਂ ਜੀ।" ਮੈ ਕਿਹਾ, " ਦੀਸ਼ੀ ਨੇ ਠੀਕ ਹੀ ਦੱਸਿਆ।"
" ਬੜੀ ਕਿਸਮਤ ਵਾਲੀ ਹੈ, ਜਿਸ ਨਾਲ ਤੁਹਾਡਾ ਵਿਆਹ ਹੋਇਆ।" ਰੱਜ਼ੀ ਬੋਲੀ, " ਮੋਤੀ ਦਾਨ ਕੀਤੇ ਹੋਣੇ ਨੇ ਉਸ ਕਰਮਾਂ ਵਾਲੀ ਨੇ।"
" ਇਹ ਤਾਂ ਜੀ ਉਹ ਹੀ ਦੱਸ ਸਕਦੀ ਹੈ ਕਿ ਉਸ ਨੇ ਮੋਤੀ ਦਾਨ ਕੀਤੇ ਜਾਂ ਕੋਲੇ।" ਮੈ ਮੁਸਕ੍ਰਾ ਕੇ  ਕਿਹਾ, " ਬਾਏ ਦਾ ਵੇ, ਤੁਸੀ ਕਿਉਂ ਇਹ ਸਭ ਗੱਲਾਂ ਕਰ ਰਿਹੇ ਹੋ।"
" ਤੁਹਾਡੀ ਪਰਸਨੈਲਟੀ ਨੇ ਤਾਂ ਇਮਪਰੈਸ ਕੀਤਾ ਹੀ ਸੀ।" ਰੱਜ਼ੀ ਨੇ ਡੂੰਘਾ ਸਾਹ ਲੈ ਕੇ ਕਿਹਾ, " ਤੁਹਾਡਾ ਆਚਰਨ ਵੀ ਬਹੁਤ ਉੱਚਾ ਹੈ।"
" ਪਰਸਨੈਲਟੀ ਤਾਂ ਸਾਹਮਣੇ ਦਿੱਸਦੀ ਹੈ।" ਦੀਸ਼ੀ ਬੋਲੀ, " ਆਚਰਨ ਦਾ ਕਿਵੇ ਪਤਾ ਲੱਗਿਆ?"
" ਜਿਸ ਦਿਨ ਦੀ ਮੈਂ ਵਿਆਹ 'ਤੇ ਆਈ ਹੋਈ ਆ।" ਉਸ ਨੇ ਆਪ ਹੀ ਦੱਸਿਆ, " ਮੈਂ ਇਹਨਾਂ ਨੂੰ ਚੋਰੀ-ਛੁਪੇ ਕਈ ਵਾਰੀ ਦੇਖ ਚੁੱਕੀ ਹਾਂ, ਪਰ ਇਹ ਸ੍ਰੀ ਮਾਨ ਜੀ ਟੱਸ ਤੋਂ ਮਸ ਨਹੀ ਹੋਏ।"
" ਉਹ ਜੀ, ਮਂੈ ਐਡਾ ਵੀ ਸ਼ਰੀਫ ਨਹੀ।" ਮੈ ਹੱਸਦੇ ਹੋਏ ਕਿਹਾ, " ਸ਼ਾਦੀ-ਸ਼ੁਦਾ ਹੋਣ ਕਾਰਨ ਤੁਹਾਡੇ ਵੱਲ ਬਹੁਤਾ ਧਿਆਨ ਨਹੀ ਦਿੱਤਾ।"
" ਇਸੇ ਕਰਕੇ ਤਾਂ ਕਹਿ ਰਹੀ ਹਾਂ ਕਿ ਤੁਹਾਡਾ ਆਚਰਣ ਉੱਚਾ ਹੈ।" ਉਹ ਮਿੰਨਾ ਜਿਹਾ ਹਾਸਾ ਹੱਸਦੀ ਬੋਲੀ, " ਬਹੁਤ ਲੋਕੀ ਅਜਿਹੇ ਨੇ ਜੋ ਵਿਆਹੇ-ਵਰੇ ਹੋਣਗੇ,ਪਰ ਝਾਕੀ ਦੂਜੀਆਂ ਜ਼ਨਾਨੀਆਂ ਵੱਲ ਜਾਣਗੇ।"
" ਰੱਜ਼ੀ, ਉਹ ਤਾਂ ਆਦਤਾਂ ਹੁੰਦੀਆਂ ਨੇ।" ਦੀਸ਼ੀ ਬੋਲੀ, " ਬੁੱਢੇ-ਬਾਬੇ ਬਣ ਜਾਣਗੇ, ਪਰ ਇਹੋ ਜਿਹੀਆਂ ਆਦਤਾਂ ਨਾ ਛੱਡਣਗੇ, ਅਖੇ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ।"
" ਭਾਈ ਜੀ ਇਕ ਵਾਰੀ ਦੱਸ ਰਿਹੇ ਸਨ।" ਮੈ ਭਾਈ ਜੀ ਕੋਲੋ ਸੁਣੀ ਗੱਲ ਦੱਸਣ ਲੱਗਾ, " ਗੁਰੂ ਜੀ ਕਹਿੰਦੇ ਕਿ ਹੁਣ ਤੂੰ ਲੁਕ- ਲੁਕ ਕੇ ਪਰਾਈਆਂ ਇਸਤਰੀਆਂ ਦੇਖਦਾ, ਪਰ ਜਦੋਂ ਤੇਰਾ ਲੇਖਾ ਧਰਮਰਾਏ ਦੇ ਅੱਗੇ ਹੋਣਾ ਆ, ਫਿਰ ਕੋਣ ਤੇਰਾ ਪਰਦਾ ਢਾਕੇ, ਸੋ ਸ਼ਾਦੀ-ਸ਼ੁਦਾ ਆਦਮੀ ਨੂੰ ਇਸ ਤਰਾਂ ਨਹੀ ਕਰਨਾ ਚਾਹੀਦਾ।"
" ਤੁਸੀ ਸੱਚ-ਮੁੱਚ ਹੀ ਗਰੇਟ ਹੋ।" ਰੱਜ਼ੀ  ਨੇ ਫਿਰ ਮੇਰੀ ਤਾਰੀਫ ਕੀਤੀ, " ਅੱਜਕਲ੍ਹ ਦੇ ਜ਼ਮਾਨੇ ਵਿਚ ਇਸ ਤਰਾਂ ਦੇ ਵਿਚਾਰ ਕਿਸੇ ਕਿਸੇ ਵਿਰਲੇ ਕੋਲ ਹੀ ਹੋਣਗੇ।"
" ਨਾ ਜੀ ਮੈਂ ਨਾਚੀਜ਼ ਕੀ ਚੀਜ਼ ਹਾਂ।" ਮੈਂ ਹੱਸਦੇ ਹੋਏ ਕਿਹਾ, " ਦੁਨੀਆ ਤਾਂ ਪਰੇ ਤੋਂ ਪਰੇ ਪਈ ਹੈ।"
" ਖੈਰ, ਬਹੁਤ ਵਧੀਆ ਜੀ, ਆਪ ਦਾ ਵਿਆਹ ਹੋ ਚੁੱਕਾ ਆ।" ਰੱਜ਼ੀ ਨੇ ਵੀ ਹੱਸ ਕੇ ਕਿਹਾ, " ਨਾ ਹੋਇਆ ਹੁੰਦਾ ਤਾਂ ਸ਼ਾਇਦ ਮੇਰਾ ਨੰਬਰ ਲੱਗ ਜਾਂਦਾ।"
ਉਸ ਦੀ ਇਸ ਗੱਲ 'ਤੇ ਮੈਂ ਮੁਸਕ੍ਰਾਇਆ ਅਤੇ ਕਿਹਾ, " ਦਾਦ ਦਿੰਦਾਂ ਹਾਂ ਆਪ ਜੀ ਦੇ ਖੁਲ੍ਹੇ ਸੁਭਾਅ ਦੀ, ਜੇ ਕੁਆਰਾ ਹੁੰਦਾ ਸ਼ਾਇਦ ਮਂੈ ਵੀ ਆਪ ਦੀ ਹਾਂ ਵਿਚ ਹਾਂ ਮਿਲਾ ਦਿੰਦਾਂ।"
" ਰੱਬ ਕਰੇ ਤੁਹਾਡਾ ਵਿਆਹ ਠੀਕ ਰਹੇ।" ਦੀਸ਼ੀ ਬੋਲੀ, " ਜੇ ਕਿਤੇ ਗੜ- ਬੜ ਹੋਈ ਤਾਂ ਮੇਰੀ ਸਹੇਲੀ ਨੂੰ ਜ਼ਰੂਰ ਯਾਦ ਰੱਖੀ।"
" ਨਾ ਜੀ, ਸਾਡੀ ਖਾਤਰ ਕਿਸੇ ਦਾ ਘਰ ਨਾ ਪੱਟ ਹੋਵੇ।" ਰੱਜ਼ੀ ਬੋਲੀ, " ਵਸਦੇ-ਰਸਦੇ ਰਹੋ, ਮੈ ਤੁਹਾਡੇ ਵਰਗੇ ਨੇਕ ਇਨਸਾਨ ਲਈ ਇਹ ਹੀ ਅਰਦਾਸ ਕਰਾਂਗੀ।"
ਮੈਂ ਥੈਂਕਸ ਕਿਹਾ ਅਤੇ ਅਸੀ ਤਿੰਨੇ ਹੀ ਦੇਬੀ ਦੇ ਘਰ ਅੰਦਰ ਦਾਖਲ ਹੋ ਗਏ।
ਸਾਰੇ ਤਿਆਰ ਹੀ ਸਨ, ਦੋ ਕਾਰਾਂ ਇਕ ਵੈਨ ਭਰਕੇ ਦੇਬੀ ਦੇ ਸਹੁਰਿਆਂ ਨੂੰ ਤੁਰ ਪਏ।

...ਚਲਦਾ...