lyrica online usa
lyrica online canada
click buy lyrica uk
35
ਜਿਉਂ ਹੀ ਡੈਡੀ ਨੇ ਕਾਰ ਮੋੜੀ ਤਾਂ ਸਾਹਮਣੇ ਹੀ ਬਹੁਤ ਸੁੰਦਰ ਅਤੇ ਨਵੀ ਇਮਾਰਤ ਗੁਰਦੁਆਰੇ ਦੀ ਦਿਸੀ।ਪਾਰਕਿੰਗ ਲਾਟ ਕਾਰਾਂ ਨਾਲ ਭਰੀ ਦੇਖ ਕਿ ਮੱਮੀ ਨੇ ਕਿਹਾ, ਅੱਜ ਐਤਵਾਰ ਕਰਕੇ ਕਾਫੀ ਸੰਗਤ ਆਈ ਲੱਗਦੀ ਹੈ।"
" ਤੁਸੀ ਆ ਬਹੁਤ ਚੰਗਾ ਕੀਤਾ।" ਭੂਆ ਜੀ ਬੋਲੀ, " ਮਨਮੀਤ ਨੂੰ ਕਿਸੇ ਦੇ ਘਰ ਲਿਜ਼ਾਣ ਤੋਂ ਪਹਿਲਾਂ ਗੁਰੂ ਕੋਲ ਲੈ ਕੇ ਆਏ ਹੋ।"
" ਗੁਰੂ ਇਹਨਾਂ ਦਾ ਮੇਲ ਮਿਲਾਈ ਰੱਖੇ।" ਹਰਨੀਤ ਦੀ ਮੱਮੀ ਨੇ ਕਿਸੇ ਸ਼ੱਕ ਵਿਚ ਕਿਹਾ, " ਅੱਜ-ਕਲ ਦੇ ਜ਼ਮਾਨੇ ਤੋਂ ਡਰ ਹੀ ਲਗਦਾ ਰਹਿੰਦਾ ਆ, ਨਿਆਣੇ ਝੱਟ ਛੱਡ-ਛਡਾਈਆਂ ਕਰ ਲੈਂਦੇ ਨੇਂ।"
" ਬਲਦੀਸ਼, ਜੇ ਗੁਰੂ ਤੇ ਭਰੋਸਾ ਹੈ ਤਾਂ ਇਹ ਗੱਲਾਂ ਨਾ ਕਰ।" ਹਰਨੀਤ ਦੇ ਡੈਡੀ ਨੇਂ ਤਾੜਨਾ ਜਿਹੀ ਕਰਦੇ ਕਿਹਾ, " ਜਿੱਥੇ ਪਰਮਾਤਮਾ ਨੇ ਇਥੋਂ ਤਕ ਸਭ ਕੁੱਝ ਠੀਕ ਕੀਤਾ ਅਗਾਂਹ ਵੀ ਠੀਕ ਹੀ ਕਰੇਗਾ।"
ਬੇਸ਼ੱਕ ਉਹ ਆਪਣੇ ਵਲੋਂ ਇਹ ਸਾਰੀਆਂ ਗੱਲਾਂ ਹੌਲੀ ਹੌਲੀ ਕਰ ਰਹੇ ਸਨ,ਪਰ ਮੈ ਸਭ ਸੁਣਦਾ ਹੋਇਆ ਵੀ ਅਣਸੁਣਿਆ ਕਰਦਾ ਰਿਹਾ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਿਆਂ ਦੀ ਲੰਮੀ ਕਤਾਰ ਵਿਚ ਅਸੀ ਵੀ ਖੜ੍ਹ ਗਏ। ਮੈ ਜਾਣ ਜਾਣ ਕੇ ਹਰਨੀਤ ਦੇ ਨਾਲ ਨਾਲ ਚੱਲ ਰਿਹਾ ਸੀ ਤਾਂ ਜੋ ਦੇਖਣ ਵਾਲਿਆਂ ਨੂੰ ਪਤਾ ਲਗ ਜਾਵੇ ਮੈ ਹੀ ਹਰਨੀਤ ਦਾ ਪਤੀ ਹਾਂ।
ਕਈ ਗੱਲਾਂ ਸਹਿਜ ਸੁਭਾਇ ਹੋ ਜਾਂਦੀਆਂ ਨੇ ਜਿਨਾਂ ਨੂੰ ਕੋਈ ਰੋਕ ਨਹੀ ਸਕਦਾ, ਉਸ ਤਰਾਂ ਹੀ ਅੱਜ ਹੋਈ। ਦਰਬਾਰ ਹਾਲ ਵਿਚ ਮੱਥਾ ਟੇਕ ਬੈਠੇ ਹੀ ਸਾਂ ਕਿ ਗਿਆਨੀ ਜੀ ਨੇ ਕਥਾ ਕਰਨੀ ਸ਼ੁਰੂ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿਵੇ ਕਰਨਾ ਹੈ, ਇਸ ਵਿਸ਼ੇ ਤੇ ਕਥਾ ਚਲਦੀ ਵਿਚ ਗਿਆਨੀ ਜੀ ਨੇ ਕਿਹਾ, " ਅੱਜਕਲ੍ਹ ਲੋਕ ਇੱਥੇ ਤਕ ਗਿਰ ਗਏ ਨੇ ਗੁਰੂ ਗ੍ਰਥੰ ਸਾਹਿਬ ਦੀ ਹਜ਼ੂਰੀ ਵਿਚ ਝੂੱਠੇ ਵਿਆਹ ਕਰਾਉਂਦੇ ਬਿਲਕੁਲ ਵੀ ਨਹੀ ਝਿਜਕਦੇ, ਪਤਾ ਨਹੀ ਉਹਨਾਂ ਦੀ ਜ਼ਮੀਰ ਹੁੰਦੀ ਨਹੀ, ਜੋ ਗੁਰੂ ਜੀ ਦੇ ਅੱਗੇ ਬੈਠ ਕੇ ਝੂਠ ਬੋਲਦੇ ਨੇਂ।ਬਾਹਰ ਆਉਣ ਲਈ ਕੁਕਰਮ ਕਰਦੇ ਨੇ ਜਦੋਂ ਗੁਰੂ ਦੇ ਦੁਆਲੇ ਝੂਠੀਆਂ ਲਾਵਾਂ ਲੈਂਦੇ ਨੇ। ਪਰਮਾਤਮਾ ਇਹਨਾਂ ਲੋਕਾਂ ਨੂੰ ਸੁਮਤਿ ਬਖਸ਼ੇ।" ਇਹ ਗੱਲ ਸੁਣ ਮੈ ਜ਼ਨਾਨੀਆਂ ਵਿਚ ਬੈਠੀ ਹਰਨੀਤ ਵੱਲ ਦੇਖਿਆ, ਜੋ ਪਹਿਲਾਂ ਹੀ ਮੇਰੇ ਵੱਲ ਦੇਖ ਰਹੀ ਸੀ, ਪਰ ਮੇਰੇ ਦੇਖਦੇ ਸਾਰ ਹੀ ਉਸ ਨੇ ਨਜ਼ਰਾਂ ਘੁੰਮਾ ਲਈਆਂ ਤੇ ਮੱਥਾ ਟੇਕ ਕੇ ਉੱਠ ਖਲੋਤੀ। ਸ਼ਾਇਦ ਉਹ ਗਿਆਨੀ ਜੀ ਦੀਆਂ ਗੱਲਾਂ ਸੁਨਣੀਆਂ ਨਹੀ ਸੀ ਚਾਹੁੰਦੀ ਜਾਂ ਕੋਈ ਹੋਰ ਕਾਰਨ ਹੋਵੇ।ਉਸ ਨੂੰ ਦੇਖ ਡੈਡੀ ਹੋਰੀ ਵੀ ਉੱਠ ਪਏ ਤੇ ਨਾਲ ਮੈਂ ਵੀ ਉੱਠ ਖੜ੍ਹਾ ਹੋਇਆ
ਲੰਗਰ ਹਾਲ ਵੱਲ ਨੂੰ ਜਾਂਦਿਆ, ਇਕ ਜ਼ਨਾਨੀ ਜੋ ਹਰਨੀਤ ਦੀ, ਮੱਮੀ ਨਾਲ ਗੱਲਾਂ ਕਰ ਰਹੀ ਸੀ ਕਹਿਣ ਲੱਗੀ , " ਇਹ ਤੁਹਾਡਾ ਪ੍ਰਹਾਉਣਾ ਆ।"
" ਹਾਂ ਜੀ।" ਮੱਮੀ ਨੇ ਖੁੱਸ਼ ਹੋ ਕੇ ਕਿਹਾ, " ਇਹ ਕੱਲ ਹੀ ਆਏ ਨੇ।"
" ਸਤਿ ਸ੍ਰੀ ਅਕਾਲ।" ਮੈ ਹੱਥ ਜੋੜਦਿਆਂ ਕਿਹਾ।
" ਜਿੰਨੀ ਤੁਹਾਡੀ ਕੁੜੀ ਸੋਹਣੀ, ਉਨਾ ਹੀ ਤੁਹਾਡੀ ਜਵਾਈ ਸੋਹਣਾ।" ਜ਼ਨਾਨੀ ਨੇ ਕਿਹਾ, " ਟਾਈਮ ਕੱਢਿਉ,ਸਾਡੇ ਘਰ ਵੀ ਲੈ ਕੇ ਆਇਉ ਇਹਨਾਂ ਨੂੰ।"
" ਜ਼ਰੂਰ।"
" ਮੱਮੀ ਇਹ ਕੌਣ ਸੀ?" ਹਰਨੀਤ ਨੇ ਲੰਗਰ ਲੈਣ ਲੱਗੀ ਲਾਇਨ ਵਿਚ ਖਲੋਤੇ ਪੁੱਛਿਆ, " ਮੈ ਤਾਂ ਪਹਿਚਾਨੀ ਨਹੀ।"
" ਮੇਰੇ ਨਾਲ ਬੇਕਰੀ ਵਿਚ ਕੰਮ ਕਰਦੀ ਸੀ।" ਮੱਮੀ ਨੇ ਕਿਹਾ, " ਕਿਸੇ ਦਿਨ ਆਪਾਂ ਇਹਨਾਂ ਦੇ ਘਰ ਜਾ ਕੇ ਆਵਾਂਗੇ।"
" ਬੜੀ ਚੁਸਤ ਲੱਗਦੀ ਆ।" ਭੂਆ ਜੀ ਬੋਲੀ, " ਅੱਖਾਂ ਨਾਲ ਗੱਲਾਂ ਕਰਦੀ ਏ।"
" ਭੂਆ ਜੀ, ਦੇਖਣ ਨੂੰ ਹੀ ਐਸੀ ਲੱਗਦੀ ਹੈ।" ਹਰਨੀਤ ਦੀ ਮੱਮੀ ਨੇ ਦੱਸਿਆ, " ਪਰ ਹੈ ਬਹੁਤ ਨਾਇਸ।"
ਜ਼ਨਾਨੀਆਂ ਦੀ ਇਹ ਗੱਲ ਵੀ ਮੈਂਨੂੰ ਸਮਝ ਨਹੀ ਆਉਂਦੀ। ਕਿਸੇ ਦੀ ਸ਼ਕਲ ਦੇਖ ਕੇ ਅੰਦਾਜ਼ੇ ਲਗਾਉਣ ਲੱਗ ਜਾਂਦੀਆਂ ਨੇ ਕਿ ਇਨਸਾਨ ਕਿਸ ਤਰਾਂ ਦਾ ਹੈ।ਖੈਰ ਭੂਆ ਜੀ ਸਭ ਨਾਲੋ ਵੱਡੀ ਉਮਰ ਦੀ ਹੈ ਸ਼ਾਇਦ ਉਸ ਦੇ ਇਸ ਤਰਾਂ ਦੇ ਅੰਦਾਜ਼ੇ ਠੀਕ ਵੀ ਨਿਕਲਦੇ ਹੋਣ।
ਲੰਗਰ ਪੁਆ ਕੇ ਅਸੀ ਸਭ ਥਾਉ-ਥਾਈ ਬੈਠ ਗਏ।ਪਹਿਲੀ ਬੁਰਕੀ ਹੀ ਪਾਈ ਸੀ ਕਿ ਲੰਗਰ ਹਾਲ ਦੀ ਕੰਧ 'ਤੇ ਮੇਰਾ ਧਿਆਨ ਆਪਣੇ-ਆਪ ਚਲਾ ਗਿਆ, ਕਿਉਂਕਿ ਉਸ ਉੱਪਰ ਬਹੁਤ ਸਾਰੇ ਪੁਰਾਣੇ ਅਤੇ ਨਵੇ ਸ਼ਹੀਦਾਂ ਦੀਆਂ ਫੋਟੋ ਲਗੀਆਂ ਦੇਖੀਆਂ।ਪਰਾਣੇ ਸ਼ਹੀਦਾ ਦੀ ਗੱਲ ਤਾਂ ਪੰਜਾਬ ਵਿਚ ਵੀ ਚਲਦੀ ਹੀ ਰਹਿੰਦੀ ਆ, ਪਰ ਨਵੇ ਸ਼ਹੀਦਾ ਦੇ ਗੱਲ ਲੋਕੀ ਜ਼ਬਾਨ ਦੱਬ ਕੇ ਡਰਦੇ ਜਿਹੇ ਹੀ ਕਰਦੇ ਆ, ਪਰ ਇੱਥੇ ਸ਼ਰੇਆਮ ਫੋਟੋ ਦੇਖ ਕੇ ਮੈਂ ਵੀ ਹੈਰਾਨ ਹੁੰਦਾ ਹਰਨੀਤ ਦੇ ਡੈਡੀ ਨੂੰ ਪੁੱਛਣ ਲੱਗਾ, " ਇਹਨਾਂ ਨੇ ਖਾੜਕੂ ਸਿੰਘਾਂ ਦੀ ਫੋਟੋ ਲਾਈਆਂ, ਕੋਈ ਕੁੱਝ ਕਹਿੰਦਾ ਨਹੀ, ਪੁਲੀਸ ਜਾਂ ਸਰਕਾਰ?"
" ਇੱਥੇ ਤਾਂ ਸੰਗਤ ਇਹਨਾਂ ਸਿੰਘਾਂ ਦੇ ਦਿਨ ਵੀ ਮਨਾਉਂਦੀ ਆ, ਸਰਕਾਰ ਨੇ ਇਥੋਂ ਦੇ ਲੋਕਾਂ ਨੂੰ ਅਜ਼ਾਦੀ ਦੇ ਰੱਖੀ ਹੈ ਕਿ ਆਪਣੇ ਵਿਚਾਰ ਵੀ ਲੋਕਾਂ ਸਾਹਮਣੇ ਰੱਖ ਸਕਦੇ ਨੇਂ। " ਹਰਨੀਤ ਦੇ ਡੈਡੀ ਨੇ ਦੱਸਿਆ, " ਤਸਵੀਰਾਂ ਲਾਉਣ ਤੋਂ ਉਹਨਾਂ ਕੀ ਰੋਕਣਾ।"
" ਸੰਗਤ ਵੀ ਤਸਵੀਰਾਂ ਲਾਉਣ ਦੇ ਹੱਕ ਵਿਚ ਹੋਵੇਗੀ ਤਾਂ ਹੀ ਲੱਗੀਆਂ ਨੇ।"
" ਜ਼ਿਆਦਾ ਸੰਗਤ ਹੱਕ ਵਿਚ ਹੈ, ਪਰ ਕੁੱਝ ਕੁ ਲੋਕੀ ਹੈ ਜਿਹਨਾਂ ਨੂੰ ਇਸ ਗੱਲ ਦੀ ਤਕਲੀਫ ਹੈ।"
" ਗੋਰੇ ਆ।"
" ਗੋਰੇ ਤਾਂ ਸਿੱਖਾਂ ਦਾ ਇਤਹਾਸ ਸੁਣ ਕੇ ਸਿੱਖ ਕੌਮ ਦੀ ਕਦਰ ਕਰਦੇ ਨੇ, ਆਪਣੇ ਹੀ ਹੈ ਜਿਹੜੇ ਚਾਹੁੰਦੇ ਨਹੀ ਕਿ ਇਹਨਾਂ ਸ਼ਹੀਦਾਂ ਦਾ ਨਾਮ ਵੀ ਲਿਆ ਜਾਵੇ।"
" ਇੰਡੀਅਨ ਗੋਰਮਿੰਟ ਦੇ ਨਾਲਦੇ ਹੋਣਗੇ।"
" ਇਹ ਤਾਂ ਪਤਾ ਨਹੀ ਉਹ ਕਿਹਨਾਂ ਦੇ ਨਾਲਦੇ ਆ?" ਡੈਡੀ ਨੇ ਦੱਸਿਆ, " ਮੇਰੇ ਦਿਲ ਵਿਚ ਤਾਂ ਇਹਨਾਂ ਸਾਰੇ ਸ਼ਹੀਦਾਂ ਦੀ ਰਸਪੈਕਟ ਆ, ਪਈ ਉਹਨਾਂ ਆਪਣੀਆਂ ਜਾਨਾਂ ਦੂਜਿਆਂ ਲਈ ਕੁਰਬਾਨ ਕਰ ਦਿੱਤੀਆਂ, ਨਹੀ ਤਾਂ ਉਹ ਵੀ ਸਾਡੇ ਵਾਂਗ ਆਪਣੇ ਪਰਿਵਾਰ ਨਾਲ ਸੁੱਖੀ ਜੀਵਨ ਬਿਤਾ ਸਕਦੇ ਸਨ।"
" ਇਸ ਗੱਲ ਦੀ ਸੋਝੀ ਤਾਂ ਕਿਸੇ ਕਿਸੇ ਨੂੰ ਹੀ ਆਉਂਦੀ ਆ।" ਸੇਵਾਦਾਰ ਤੋਂ ਥਾਲੀ ਵਿਚ ਹੋਰ ਦਾਲ ਪਵਾਉਂਦੇ ਮੈਂ ਆਖਿਆ, " ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਹੁੰਦਾ ਕਿ ਅਸਲੀਅਤ ਕੀ ਹੈ, ਦੂਜਿਆਂ ਦੇ ਮਗਰ ਹੀ ਬੋਲੀ ਜਾਣਗੇ, ਆਪ ਕੋਈ ਖੋਜ ਕਰਨੀ ਨਹੀ,ਇਤਹਾਸ ਦਾ ਪੰਨਾ ਤਕ ਨਹੀ ਫਰੋਲਣਾ।"
ਸਾਰਿਆਂ ਨੇ ਲੰਗਰ ਬੈਠ ਕੇ ਬਹੁਤ ਹੀ ਸ਼ਰਧਾ ਨਾਲ ਛੱਕਿਆ। ਮੈਂਨੂੰ ਵੀ ਲੰਗਰ ਬਹੁਤ ਹੀ ਸਵਾਦ ਲੱਗਾ। ਖਾਲੀ ਭਾਡੇ ਚੁੱਕ ਕੇ ਧੋਣ ਨੂੰ ਰੱਖਣ ਲੱਗੇ ਤਾਂ ਉੱਥੇ ਖੜਾ ਬੰਦਾ ਬੋਲਿਆ, " ਗਿਲ ਸਾਹਬ ਇਹ, ਤੁਹਾਡੇ ਨਾਲ ਲੜਕਾ ਕੌਣ ਆ?"
" ਹਰਨੀਤ ਦਾ ਪ੍ਰਹਾਉਣਾ ਆ।" ਡੈਡੀ ਨੇ ਕਿਹਾ, " ਤੁਸੀ ਪਹਿਚਾਨਿਆ ਨਹੀ, ਤੁਸੀ ਤਾਂ ਵਿਆਹ ਦੀਆਂ ਫੋਟੋ ਵੀ ਦੇਖੀਆਂ ਸਨ।"
ਮੁਸਕ੍ਰਾਉਂਦੇ ਹੋਏ ਮੈਂ ਕਿਹਾ," ਫੋਟੋ ਤੇ ਕਈ ਵਾਰੀ ਪਤਾ ਵੀ ਨਹੀ ਲੱਗਦਾ।"
" ਹਾਂ ਜੀ, ਚੰਗਾ ਫਿਰ ਆਇਉ ਕਦੀ ਘਰ।" ਡੈਡੀ ਨੇ ਕਿਹਾ, " ਬੈਠਾਂਗੇ ਗੱਪ-ਸ਼ੱਪ ਮਾਰਾਂਗੇ।"
" ਤੁਸੀ ਪ੍ਰਹਾਉਣੇ ਨੂੰ ਲੈ ਕੇ ਆਇਉ ਸਾਡੇ ਘਰ ਵੱਲ।" ਉਸ ਨੇ ਕਿਹਾ, " ਕੱਢਿਉ ਫਿਰ ਟਾਈਮ।"
" ਜ਼ਰੂਰ , ਜ਼ਰੂਰ।" ਡੈਡੀ ਨੇ ਉੱਥੋਂ ਤੁਰਦਿਆ ਦੱਸਿਆ, " ਇਹ ਸਾਡੇ ਨਾਲ ਦੇ ਪਿੰਡ ਦਾ ਬੰਦਾ ਹੈ।"
ਹੋਰ ਵੀ ਇਸ ਤਰਾਂ ਦੇ ਹਰਨੀਤ ਹੋਰਾਂ ਨੂੰ ਜਾਣਦੇ ਕਈ ਲੋਕ ਮਿਲੇ ਜੋ ਸਾਰੇ ਹੀ ਹਰਨੀਤ ਦੇ ਪ੍ਰੀਵਾਰ ਦੀ ਇੱਜ਼ਤ ਕਰਦੇ ਦਿੱਸੇ।ਇਸ ਤੋਂ ਮੈਨੂੰ ਇਹ ਅੰਦਾਜ਼ਾ ਹੋ ਗਿਆ ਕਿ ਹਰਨੀਤ ਦਾ ਪ੍ਰੀਵਾਰ ਵਧੀਆ ਰੱਖ-ਰਸੂਖ ਵਾਲਾ ਹੈ।
ਬਾਕੀ ਤਾਂ ਸਭ ਕੁੱਝ ਮੈਨੂੰ ਠੀਕ-ਠਾਕ ਲੱਗਾ, ਪਰ ਇਕ ਗੱਲ ਤੋਂ ਹੈਰਾਨ ਸਾਂ ਕਿ ਸਾਰੇ ਇਕ – ਦੂਜੇ ਨੂੰ ਕਹਿ ਰਹੇ ਸਨ ਕਿ ਸਾਡੇ ਘਰ ਜ਼ਰੂਰ ਆਇਉ ਕਿਹਦੇ ਕਿਹਦੇ ਘਰ ਮੈਨੂੰ ਜਾਣਾ ਪਵੇਗਾ। ਵੈਨ ਵਿਚ ਬੈਠਣ ਲੱਗਿਆ ਮੈ ਕਹਿ ਵੀ ਦਿੱਤਾ, " ਇੱਥੇ ਲੋਕੀ ਆਪਸ ਵਿਚ ਬਹੁਤ ਪਿਆਰ ਕਰਦੇ ਲੱਗਦੇ ਨੇ, ਸਾਰੇ ਇਕ ਦੂਜੇ ਨੂੰ ਘਰ ਆਉਣ ਲਈ ਕਹਿ ਰਹੇ ਸਨ।"
" ਇੱਥੇ ਬਸ ਇਹ ਹੀ ਚੱਲਦਾ ਹੈ।" ਡੈਡੀ ਨੇ ਦੱਸਿਆ, " ਜਦੋਂ ਵੀ ਕੋਈ ਮਿਲਦਾ ਹੈ ਘਰ ਆਇਉ, ਘਰ ਆਇਉ ਕਹਿੰਦਾ, ਪਰ ਜਾਂਦਾ ਕੋਈ ਕਿਸੇ ਦੇ ਘੱਟ ਹੀ ਹੈ, ਨਾ ਹੀ ਕਿਸੇ ਕੋਲ ਇੰਨਾ ਟਾਈਮ ਹੁੰਦਾ ਆ, ਜਦੋਂ ਕਦੋਂ ਵੀ ਮਿਲਣਾ ਇਦਾਂ ਹੀ ਫਿਰ ਕਹਿਣਾ, ਚਾਹੇ ਛੇ ਮਹੀਨੇ ਬਾਅਦ ਮਿਲੀਏ, ਤੁਸੀ ਆਇਉ, ਅਸੀ ਆਵਾਂਗੇ,ਇਦਾ ਕਰਦਿਆਂ ਇਹ ਮਹੀਨੇ ਸਾਲਾਂ ਵਿਚ ਬਦਲ ਜਾਂਦੇ ਆ, ਪਰ ਜਾ ਕਿਸੇ ਕੋਲ ਨਹੀ ਹੁੰਦਾ।"
ਵੈਨ ਵਿਚ ਬੈਠਦਿਆ ਹੀ ਹਰਨੀਤ ਦੀ ਮੱਮੀ ਨੇ ਸਲਾਹ ਦਿੱਤੀ, " ਦਿਨ ਸੋਹਣਾ ਆ, ਮਨਮੀਤ ਨੂੰ ਸਟੇਨਲੀ ਪਾਰਕ ਵੀ ਦਿਖਾ ਦਈਏ?"
" ਉੱਥੇ ਫੁਲ ਬਹੁਤ ਸੋਹਣੇ ਹੁੰਦੇ ਆ।" ਭੂਆ ਜੀ ਨੇ ਕਿਹਾ, " ਦਿਖਾ ਦਿਉ, ਮੇਰੇ ਕੋਲੋ ਤਾਂ ਬਹੁਤਾ ਤੁਰ ਨਹੀ ਹੋਣਾ, ਮੈ ਇਕ ਥਾਂ 'ਤੇ ਬੈਠ ਜਾਵਾਂਗੀ, ਤੁਸੀ ਘੁੰਮ ਲਇਉ।"
" ਕਿਵੇ ਪੁੱਤ ਹਰਨੀਤ, ਚੱਲੀਏ ਪਾਰਕ ਨੂੰ?" ਡੈਡੀ ਨੇ ਹਰਨੀਤ ਤੋਂ ਪੁੱਛਿਆ, " ਘੁੰਮਣ ਲਈ ਦਿਨ ਤਾਂ ਵਧੀਆ ਆ।"
" ਤੁਹਾਡੀ ਮਰਜ਼ੀ ਆ।" ਹਰਨੀਤ ਨੇ ਰੁੱਖਾ ਜਿਹਾ ਕਿਹਾ, " ਅੱਗੇ ਵੀ ਜੋ ਤੁਹਾਨੂੰ ਚੰਗਾ ਲਗਦਾ ਆ, ਉਹ ਹੀ ਕਰਦੇ ਹੋ।"
ਹਰਨੀਤ ਦਾ ਡੈਡੀ ਨਿਮੋਝੌਣਾ ਜਿਹਾ ਹੋ ਗਿਆ, ਪਰ ਮੈ ਗੱਲ ਸੰਭਾਲ ਲਈ, " ਘਰ ਵਿਚ ਵੱਡੇ ਆ, ਜ਼ਿੰਦਗੀ ਦਾ ਤਜ਼ਰਬਾ ਇਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਹੈ, ਇਹਨਾਂ ਦੀ ਮਰਜ਼ੀ ਹੋ ਵੀ ਜਾਵੇ ਤਾਂ ਮੇਰੇ ਹਿਸਾਬ ਵਧੀਆ ਹੀ ਰਹੇਗੀ।"
" ਮਾਪੇ ਤਾਂ ਬੱਚਿਆ ਦਾ ਹਮੇਸ਼ਾ ਹੀ ਭਲਾ ਚਾਹੁੰਦੇ ਨੇ।" ਮੱਮੀ ਵੀ ਡੈਡੀ ਦੇ ਹੱਕ ਵਿਚ ਬੋਲੀ, " ਇਹ ਵੱਖਰੀ ਗੱਲ ਆ ਬੱਚਿਆ ਨੂੰ ਸਮਝ ਨਾ ਆਵੇ।"
" ਸਮਝ ਆ ਤਾਂ ਜਾਂਦੀ ਆ, ਪਰ ਆਉਂਦੀ ਠਹਿਰ ਕੇ ਆ।" ਭੂਆ ਨੇ ਵੀ ਨਾਲ ਕਹਿ ਦਿੱਤਾ, " ਤਾਂਹੀ ਤਾਂ ਕਹਿੰਦੇ ਨੇ ਕਿ ਅੋਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ ਵਿਚ ਹੀ ਪਤਾ ਲੱਗਦਾ ਆ॥"
ਹਰਨੀਤ ਚੁੱਪ ਕਰਕੇ ਇਹ ਸਭ ਗੱਲਾਂ ਸੁਣੀ ਗਈ, ਪਰ ਜ਼ਵਾਬ ਕਿਸੇ ਗੱਲ ਦਾ ਨਹੀ ਦਿੱਤਾ।
" ਪਾਰਕ ਨੂੰ ਹੀ ਚੱਲਦੇ ਹਾਂ।"ਹਰਨੀਤ ਦੇ ਡੈਡੀ ਨੇ ਵੈਨ ਸੜਕ ਦੇ ਖੱਬੇ ਹੱਥ ਪਾਉਂਦੇ ਕਿਹਾ, " ਮਨਮੀਤ, ਤੁਹਾਡਾ ਕੋਈ ਹੋਰ ਰਿਸ਼ਤੇਦਾਰ ਤਾਂ ਨਹੀ ਇੱਥੇ, ਉਸ ਨਾਲ ਤੁਹਾਨੂੰ ਮਿਲਵਾ ਦਿੰਦੇ।"
" ਹੋਰ ਤਾਂ ਕੋਈ ਨਹੀ।" ਮਂੈ ਆਪਣੀ ਸੀਟ ਦੇ ਸਾਹਮਣੇ ਲੱਗੇ ਸ਼ੀਸ਼ੇ ਵਿਚ ਹਰਨੀਤ ਵੱਲ ਦੇਖ ਕੇ ਕਿਹਾ, " ਤੁਸੀ ਹੀ ਮੇਰੇ ਸਭ ਕੁੱਝ ਆ।"
ਉਸ ਨੇ ਆਪਣਾ ਮੱਥਾ ਇਕੱਠਾ ਅਜਿਹਾ ਕੀਤਾ, ਪਰ ਬੋਲੀ ਫਿਰ ਵੀ ਨਾ। ਭੂਆ ਜੀ ਨੇ ਜ਼ਰੂਰ ਕਿਹਾ, " ਇਦਾ ਦਾ ਜ਼ਵਾਈ ਤਾਂ ਭਾਗਾਂ ਵਾਲਿਆਂ ਨੂੰ ਮਿਲਦਾ ਆ।"
ਹਰਨੀਤ ਨੂੰ ਪਤਾ ਨਹੀ ਕਿਸ ਗੱਲ ਦਾ ਗੁੱਸਾ ਲੱਗਾ ਇਕਦਮ ਬੋਲੀ, " ਇਹ ਕਿਹੜੇ ਘੱਟ ਲਕੀ ਨੇ ਵ, ਜਿਹਨਾ ਨੂੰ ਸਾਡੇ ਵਰਗਾ ਪ੍ਰੀਵਾਰ ਮਿਲਿਆ।"
ਦਿਲ ਕਰੇ ਪੁੱਛਾਂ ਕਿ ਕਿੰਂਨੇ ਕੁ ਦਿਨ ਲਈ ਮਿਲਿਆ,ਪਰ ਪੁੱਛ ਨਹੀ ਸੀ ਸਕਦਾ ਸੋ ਚੁੱਪ ਹੀ ਰਿਹਾਂ।
" ਸੱਚੀ ਹਰਨੀਤ, ਜੇ ਆਪਾਂ ਦੋਨੋ ਪ੍ਰੀਵਾਰ ਇਸ ਤਰਾਂ ਸੋਚੀਏ ਕਿ ਪਰਮਾਤਮਾ ਨੇ ਸਾਨੂੰ ਭਾਗਾਂ ਕਰਕੇ ਹੀ ਮਿਲਾਇਆ ਹੈ।" ਹਰਨੀਤ ਦੇ ਡੈਡੀ ਨੇ ਕਿਹਾ, " ਜੀਵਨ ਬੜਾ ਵਧੀਆਂ ਗੁਜ਼ਰੇਗਾ।"
" ਕਾਕਾ, ਹੁੰਦੀ ਤਾਂ ਸੰਜੌਗਾ ਦੀ ਹੀ ਗੱਲ ਆ।" ਭੂਆ ਜੀ ਬੋਲੀ, " ਜਿਸ ਨਾਲ ਲੇਖ ਲਿਖੇ ਹੁੰਦੇ ਆ ਰੱਬ ਆਪ ਹੀ ਮਿਲਾ ਦਿੰਦਾ ਆ।"
ਇਸ ਤਰਾਂ ਦੀਆਂ ਹੋਰ ਵੀ ਕਈ ਗੱਲਾਂ ਹੁੰਦੀਆਂ ਰਹੀਆਂ। ਮੈਂ ਵੈਨਕੂਵਰ ਸ਼ਹਿਰ ਦੀ ਸੁੰਦਰਤਾਂ ਦੇਖਦਾ ਉਹਨਾਂ ਦੀਆਂ ਗੱਲਾਂ ਵਿਚ ਵੀ ਹਾਂ ਦੀ ਹਾਂ ਮਿਲਾਉਂਦਾ ਰਿਹਾ।ਇਸ ਸ਼ਹਿਰ ਦੇ ਉੱਚੇ-ਨੀਵੇ ਪਹਾੜਾਂ ਦਾ ਮੁਕਾਬਲਾ ਹਰਨੀਤ ਦੇ ਸੁਭਾਅ ਨਾਲ ਕਰਨਾ ਲੱਗਾ।ਕੁਦਰਤ ਕਿਵੇ ਇਹ ਸੋਹਣੀਆਂ ਸੋਹਣੀਆਂ ਰਚਨਾਵਾਂ ਰਚਦੀ ਹੈ? ਕਿਵੇ ਇਹ ਮਿੱਟੀ ਦੀਆਂ ਚੀਜ਼ਾਂ ਅਤੇ ਫੁਲ-ਬੂਟਿਆਂ ਵਿਚ ਸੁੰਦਰਤਾ ਭਰ ਦਿੰਦੀ ਏ? ਮੇਰੀ ਸਮਝ ਤੋਂ ਬਾਹਰ ਸਨ।ਇਸ ਤਰਾਂ ਹਰਨੀਤ ਦੀ ਅੰਦਰਲੀ ਸੋਚ ਕੀ ਹੈ? ਮੈਂਨੂੰ ਨਹੀ ਸੀ ਪਤਾ।ਗੱਲਾਂ ਗੱਲਾਂ ਵਿਚ ਪਤਾ ਹੀ ਨਾ ਲੱਗਿਆ ਕਿ ਪਾਰਕ ਵਿਚ ਵੀ ਪਹੁੰਚ ਗਏ ਹਾਂ।
36
ਸਾਫ-ਸੁਥਰੀ ਫੁੱਲਾ ਵਾਲੀ ਪਾਰਕ ਮੈਨੂੰ ਚੰਗੀ ਲੱਗੀ। ਅਸੀ ਤਾਂ ਸਾਰੇ ਹੱਸਦੇ ਗੱਲਾਂ ਕਰਦੇ ਰਿਹੇ। ਹਰਨੀਤ ਘੁੰਮਦੀ ਤਾਂ ਸਾਡੇ ਨਾਲ ਹੀ ਰਹੀ, ਪਰ ਮੂੰਹ ਜਿਹਾ ਬਣਾ ਕੇ।ਘਰ ਜਾਣ ਲਈ ਵੈਨ ਵਿਚ ਬੈਠਣ ਲੱਗੇ ਤਾਂ ਹਰਨੀਤ ਦੇ ਡੈਡੀ ਬੋਲੇ, " ਮਰੀਨ ਸਟਰੀਟ ਵੱਲ ਦੀ ਚੱਲਦੇ ਹਾਂ,ਮਨਮੀਤ ਨੂੰ ਸਭ ਤੋਂ ਪੁਰਾਣੇ ਗੁਰੂ ਘਰ ਰੋਸ ਦੇ ਵੀ ਦਰਸ਼ਨ ਕਰਵਾ ਦਈਏ।"
" ਉਧਰ ਦੀ ਚੱਲ ਪਉ।" ਹਰਨੀਤ ਦੀ ਮੱਮੀ ਨੇ ਕਿਹਾ, " ਟਾਈਮ ਤਾਂ ਬਥੇੜਾ ਪਿਆ ਅਜੇ।"
" ਇਸ ਤੋਂ ਬਾਅਦ ਤੁਸੀ ਸੁਰਜੀਤ ਕੇ ਹੀ ਜਾਣਾ ਆ।" ਭੂਆ ਜੀ ਬੋਲੀ, " ਮੈਨੂੰ ਵੀ ਬਹੁਤ ਚਿਰ ਹੋ ਗਿਆ ਉਸ ਗੁਰਦੁਆਰੇ ਗਈ ਨੂੰ, ਮੈਂ ਵੀ ਦਰਸ਼ਨ ਕਰ ਲਊਂਗੀ।"
ਗੁਰਦੁਆਰੇ ਦੀ ਸੁੰਦਰ ਇਮਾਰਤ ਵੱਲ ਦੇਖ ਮੈ ਪੁੱਛਿਆ, " ਕਿੰਨੇ ਕੁ ਗੁਦੁਆਰੇ ਇਸ ਵੈਨਕੂਵਰ ਦੇ ਇਲਾਕੇ ਵਿਚ।"
" ਗੁਰਦੁਆਰੇ ਤਾਂ ਬਹੁਤ ਨੇ।" ਡੈਡੀ ਨੇ ਦੱਸਿਆ, " ਤੁਹਾਨੂੰ ਤਾਂ ਅਜੇ ਅਸੀ ਦੋ ਹੀ ਦਿਖਾਲੇ ਹਨ।"
" ਗੁਰਦੁਆਰੇ ਤਾਂ ਆਪਣੇ ਸਿੰਘ ਝੱਟ ਬਣਾ ਲੈਂਦੇ ਨੇ।" ਭੂਆ ਜੀ ਬੋਲੇ, " ਸਾਡੇ ਭਾਈਆ ਜੀ ਕਿਹਾ ਕਰਦੇ ਸਨ ਕਿ ਜਿੱਥੇ ਦਸ ਸਿੰਘ ਇਕੱਠੇ ਹੋ ਗਏ, ਸਮਝੋ ਉਸ ਥਾਂ ਉੱਪਰ ਗੁਰਦੁਆਰਾ ਬਣ ਗਿਆ।"
" ਗੁਰਦੁਆਰੇ ਤਾਂ ਜਿੰਨੇ ਮਰਜ਼ੀ ਬਣਾਈ ਜਾਣ।" ਹਰਨੀਤ ਦੀ ਮੱਮੀ ਕਹਿਣ ਲੱਗੀ, " ਪਰ ਰਹਿਣ ਤਾਂ ਆਪਸ ਵਿਚ ਇਤਫਾਕ ਨਾਲ।"
" ਜੱਥੇਦਾਰੀਆਂ ਦਾ ਚੌਧਰਪੁਣਾ ਛੱਡ ਕੇ ਆਪਣੇ-ਆਪ ਨੂੰ ਸੇਵਾਦਾਰ ਸਮਝਣ ਲੱਗ ਜਾਣ ਤਾਂ ਇਤਫਾਕ ਆਪਣੇ-ਆਪ ਹੀ ਆਵੇਗਾ।" ਡੈਡੀ ਨੇ ਦੱਸਿਆ, " ਪਰ ਹਊਮੇ ਛੱਡਣੀ ਇਹਨਾ ਲਈ ਔਖੀ ਹੀ ਬਹੁਤ ਹੈ।"
" ਹੈ ਤਾਂ ਔਖੀ।" ਭੂਆ ਜੀ ਨੇ ਕਿਹਾ, " ਸੁਰਜੀਤ ਦੀ ਵੀ ਇਹ ਹੀ ਗੱਲ ਆ, ਆਪਣੇ-ਆਪ ਨੂੰ ਪਤਾ ਨਹੀ ਕੀ ਸਮਝਦੀ ਆ।"
ਭੂਆ ਜੀ, ਤੁਹਾਨੂੰ ਅੱਜ ਤਾਂ ਸੁਰਜੀਤ ਬਹੁਤ ਹੀ ਚੇਤੇ ਆ ਰਹੀ ਲੱਗਦੀ ਆ।" ਹਰਨੀਤ ਦੇ ਡੈਡੀ ਨੇ ਹੱਸ ਕਿਹਾ, " ਕੋਈ ਗੱਲ ਨਹੀ ਆਪਾਂ ਛੇਤੀ ਹੀ ਚਲੇ ਜਾਣਾ ਉਹਦੇ ਕੋਲ।"
aਦੋਂ ਹੀ ਅਸੀ ਦਰਬਾਰ ਹਾਲ ਵਿਚ ਦਾਖਲ ਹੋ ਗਏ ਅਤੇ ਸਭ ਚੁੱਪ-ਚਾਪ ਗੁਰੂ ਦੇ ਦਰਸ਼ਨ ਕਰਨ ਲਈ ਤੁਰ ਪਏ।ਪ੍ਰਸ਼ਾਦ ਲੈ ਕੇ ਸਭ ਇਕੱਠੇ ਹੀ ਬੈਠ ਗਏ।
" ਭਾਈ ਜੀ ਨੇ ਕਿੰਨਾ ਸਾਰਾ ਪ੍ਰਸ਼ਾਦ ਸਾਨੂੰ ਦੇ ਦਿੱਤਾ।" ਹਰਨੀਤ ਨੇ ਮੇਰੇ ਵੱਲ ਦੇਖ ਕੇ ਕਿਹਾ, " ਮੇਰੇ ਕੋਲੋ ਤਾਂ ਖਾਹ ਵੀ ਨਹੀ ਹੋਣਾ।"
" ਕੋਈ ਨਹੀ ਮੈਨੂੰ ਦੇ ਦਿਉ।" ਮੈ ਦੋਨੋ ਹੱਥ ਉਸ ਦੇ ਅੱਗੇ ਅੱਡਦੇ ਕਿਹਾ, " ਪ੍ਰਸ਼ਾਦ ਨੂੰ ਮੈ ਕਦੇ ਨਾਂਹ ਨਹੀ ਕੀਤੀ।
ਹਰਨੀਤ ਨੇ ਅੱਧਾ ਪ੍ਰਸ਼ਾਦ ਮੈਨੂੰ ਦੇ ਦਿੱਤਾ। ਇਹ ਸਭ ਦੇਖ ਕੇ ਉਸ ਦੀ ਮੱਮੀ ਬਹੁਤ ਖੁਸ਼ ਹੋ ਰਹੀ ਸੀ। ਸੋਚਦੀ ਹੋਵੇਗੀ ਮੇਰੇ ਧੀ-ਜਵਾਈ ਵਿਚ ਕਿੰਨਾ ਪਿਆਰ ਹੈ।
" ਥੱਲੇ ਲੰਗਰ- ਹਾਲ ਵਿਚ ਜਾਣਾ?" ਹਰਨੀਤ ਦੇ ਡੈਡੀ ਨੇ ਉਸ ਦੀ ਮੱਮੀ ਨੂੰ ਪੁੱਛਿਆ, " ਕਿ ਘਰ ਨੂੰ ਚਲੀਏ।"
" ਲੰਗਰ ਤਾਂ ਆਪਾ ਛੱਕਣਾ ਨਹੀ।" ਮੱਮੀ ਨੇ ਜ਼ਵਾਬ ਦਿੱਤਾ, " ਮਨਮੀਤ ਨੂੰ ਉਸ ਤਰਾਂ ਲੰਗਰ-ਹਾਲ ਦਿਖਾ ਦਿੰਦੇ ਆ।"
ਲੰਗਰ ਹਾਲ ਦੀ ਕੰਧ ਉੱਪਰ ਇਕ ਭੱਦਰ-ਪੁਰਸ਼ ਦੀ ਤਸਵੀਰ ਲੱਗੀ ਹੋਈ ਦੇਖੀ ਤਾਂ ਮੈ ਹਰਨੀਤ ਦੇ ਡੈਡੀ ਤੋਂ ਪੁੱਛਿਆ, "ਇਹ ਕੌਣ ਨੇ?"
" ਇਹ ਸਰਦਾਰ ਮੇਵਾ ਸਿੰਘ ਹਨ।" ਹਰਨੀਤ ਦੇ ਡੈਡੀ ਨੇ ਦੱਸਿਆ, " ਇਹਨਾਂ ਦੀ ਬਦੌਲਤ ਹੀ ਅੱਜ ਆਪਾਂ ਕੈਨੇਡਾ ਵਿਚ ਹਾਂ।"
" ਪੁੱਤ, ਇਹਨਾ ਨੇ ਇਕ ਗੋਰੇ ਨੂੰ ਮਾਰਿਆ ਸੀ।" ਭੂਆ ਜੀ ਵਿਚੋਂ ਹੀ ਬੋਲੇ, " ਉਹ ਮਰਜਾਣਾ ਗੋਰਾ ਨਹੀ ਸੀ ਚਾਹੁੰਦਾ ਕਿ ਅਸੀ ਕਨੈਡਾ ਵਿਚ ਰਹੀਏ।"
ਭੂਆ ਜੀ ਜੋ ਇਤਹਾਸ ਦੱਸ ਰਹੇ ਸਨ ਮੈਨੂੰ ਕੋਈ ਸਮਝ ਨਹੀ ਆ ਰਿਹਾ ਸੀ।ਗੱਲ ਸਮਝਣ ਲਈ ਮੈਂ ਹਰਨੀਤ ਵੱਲ ਦੇਖਿਆਂ ਤਾਂ ਉਸ ਨੇ ਭਰਵੱਟਿਆ ਦੇ ਨਾਲ ਅੱਖਾਂ ਇਸ ਤਰਾਂ ਘੁੰਮਾਈਆਂ ਜਿਵੇ ਕਹਿ ਰਹੀਆਂ ਹੋਣ, ਪਤਾ ਨਹੀ।ਇਸ ਤਰਾਂ ਕਰਦਿਆਂ ਉਸ ਦੇ ਡੈਡੀ ਨੇ ਉਸ ਨੂੰ ਦੇਖ ਲਿਆ ਤਾਂ ਉਹ ਬੋਲੇ, " ਹਰਨੀਤ ਵਰਗੇ ਬਹੁਤ ਪੰਜਾਬੀ ਹਨ ਜੋ ਕੈਨੇਡਾ ਵਿਚ ਸੁੱਖ-ਸਹੂਲਤਾਂ ਲੈ ਰਹੇ ਨੇ ,ਪਰ ਇਹ ਨਹੀ ਜਾਣਦੇ ਸਾਨੂੰ ਕੈਨੇਡਾ ਵਰਗੇ ਮੁਲਕਾਂ ਵਿਚ ਬਸ਼ਿੰਦੇ ਬਨਣ ਲਈ ਕੀ ਕੁੱਝ ਕਰਨਾ ਪਿਆ।"
" ਅੱਛਾ ਜੀ।" ਮੈ ਹੈਰਾਨ ਹੁੰਦੇ ਕਿਹਾ, " ਮੈਨੂੰ ਤਾਂ ਜੀ ਆਪ ਨਹੀ ਪਤਾ।"
" ਕਾਕਾ ਤੂੰ ਤਾਂ ਅਜੇ ਹੁਣ ਆਇਆ।" ਹਰਨੀਤ ਦੀ ਮੱਮੀ ਬੋਲੀ, " ਇਹ ਤਾਂ ਉਹਨਾਂ ਦੀ ਗੱਲ ਕਰ ਰਿਹੇ, ਜੋ ਬਹੁਤ ਚਿਰ ਤੋਂ ਕੈਨੇਡਾ ਵਿਚ ਰਹਿ ਰਹੇ ਨੇ।"
ਮੇਰੀਆਂ ਅੱਖਾਂ ਅਜੇ ਵੀ ਉਸ ਸਰਦਾਰ ਯੋਧੇ ਦੀ ਤਸਵੀਰ ਨੂੰ ਨਿਹਾਰ ਰਹੀਆਂ ਸਨ। ਮਨ ਵਿਚ ਤਬੀਰਤਾ ਜਾਗ ਉੱਠੀ ਸੀ ਕਿ ਇਸ ਯੋਧੇ ਬਾਰੇ ਜਾਨਣ ਦੀ। ਇਸ ਲਈ ਮੈ ਉਤਾਵਲੇ ਹੁੰਦੇ ਹੋਏ ਹਰਨੀਤ ਦੇ ਡੈਡੀ ਵੱਲ ਦੇਖਦੇ ਅਤੇ ਤਸਵੀਰ ਵੱਲ ਇਸ਼ਾਰਾ ਕਰਦੇ ਕਿਹਾ, " ਕੀ ਤੁਸੀ ਮੈਨੂੰ ਇਹਨਾਂ ਬਾਰੇ ਥੌੜ੍ਹੀ ਬਹੁਤੀ ਜਾਣਕਾਰੀ ਦੇ ਸਕਦੇ ਹੋ?"
" ਉਸ ਟਾਈਮ ਹਾਪਕਿਨਸਨ ਨਾਮ ਦਾ ਗੋਰਾ ਬ੍ਰਿਟਸ਼ ਗੋਰਮਿੰਟ ਦਾ ਜਾਸੂਸ ਸੀ।" ਹਰਨੀਤ ਦੇ ਡੈਡੀ ਨੇ ਦੱਸਣਾ ਸ਼ੁਰੂ ਕੀਤਾ, " ਜੋ ਇਕ ਇਮੀਗਰੇਸ਼ਨ ਦੇ ਆਫੀਸਰ ਦੇ ਭੇਸ ਵਿਚ ਉਸ ਵੇਲੇ ਦੇ ਗਦਰੀ ਦੇਸ਼ ਭਗਤਾ ਦਾ ਬਹੁਤ ਨੁਕਸਾਨ ਕਰ ਰਿਹਾ ਸੀ।੧੯੦੮ ਅਕਤੂਬਰ-ਨਵੰਬਰ ਵਿਚ ਕੈਨੇਡੀਅਨ ਸਰਕਾਰ ਵਲੋਂ ਸਾਰੇ ਭਾਰਤੀਆਂ ਨੂੰ ਬਾਹਰ ਕੱਢ ਕੇ ਬਰਿਟਸ਼ ਹਾਂਡੂਰਾਸ ਭੇਜਣ ਲਈ ਘੜੀ ਸਾਜਿਸ਼ ਵਿੱਚ ਮੋਹਰੀ ਸੀ। ਹਾਪਕਿਨਸਨ ਦੀ ਸ਼ਹਿ 'ਤੇ ਹੀ ਬੇਲਾ ਸਿੰਘ ਜ਼ਿਆਣ ਨੇ ੫ ਸਤੰਬਰ ੧੯੧੪ ਨੂੰ ਕੈਨੇਡਾ ਦੀ ਗਦਰ ਪਾਰਟੀ ਦੇ ਮੁੱਖ ਲੀਡਰ ਭਾਈ ਭਾਗ ਸਿੰਘ ਭਿਖੀਵਿੰਡ ਅਤੇ ਉਸ ਦੇ ਸਾਥੀ ਭਾਈ ਬਦਨ ਸਿੰਘ ਵੈਨਕੂਵਰ ਦੇ ਗੁਰੂਘਰ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।"
" ਜਿੰਦਰ ਕਹਿੰਦਾ ਸੀ ਕਿ ਹਪਕਿਨ ਨਾਲ ਕਈ ਆਪਣੇ ਬੰਦੇ ਵੀ ਰਲੇ ਹੋਏ ਸੀ।" ਭੂਆ ਜੀ ਵਿੱਚੋਂ ਹੀ ਬੋਲ ਪਏ ਅਤੇ ਆਪਣੀ ਗੱਲ ਦਾ ਜ਼ਵਾਬ ਆਪ ਹੀ ਦਿੰਦੇ ਕਹਿਣ ਲੱਗੇ, " ਬੰਦੇ ਕਾਹਦੇ ਸੀ, ਕੁਤੇ ਸੀ, ਗਦਾਰ ਬੋਟੀ ਲਈ ਆਪਣੇ ਹੀ ਭਰਾਵਾਂ ਦੇ ਦੁਸ਼ਮਨ ਬਣ ਜਾਂਦੇ ਨੇ।"
" ਕਹਿੰਦੇ ਕਾਮਾਗਾਟਾ ਮਾਰੂ ਜ਼ਹਾਜ਼ ਨੂੰ ਵਾਪਸ ਕਰਵਾਉਣ ਵਿਚ ਹਾਪਕਿਨਸਨ ਦਾ ਹੀ ਹੱਥ ਸੀ।" ਹਰਨੀਤ ਦੀ ਮੱਮੀ ਬੋਲੀ, " ਕੰਜ਼ਰ ਸੀ ਪੂਰਾ।"
" ਅੱਛਾ।" ਹਰਨੀਤ ਦੇ ਡੈਡੀ ਆਪਣੀ ਪਤਨੀ ਵੱਲ ਦੇਖਦੇ ਹੈਰਾਨ ਹੋਏ ਬੋਲੇ, " ਮੈਂ ਤਾਂ ਸੋਚਦਾ ਸੀ ਕਿ ਤੈਨੂੰ ਰੋਟੀ ਸਬਜ਼ੀ ਬਣਾਉਣ ਤੋਂ ਬਗੈਰ ਹੋਰ ਕੁਝ ਆਉਂਦਾ ਨਹੀ, ਤੂੰ ਤਾਂ ਹਾਪਕਿਨਸਨ ਨੂੰ ਵੀ ਜਾਣਦੀ ਆ।"
" ਤਹਾਨੂੰ ਇਕ ਗੱਲ ਹੋਰ ਦਸਾਂ?" ਹਰਨੀਤ ਦੀ ਮੱਮੀ ਨੇ ਕਿਹਾ, " ਹਾਪਕਿਨਸਨ ਦੀ ਮਾਂ ਜਲੰਧਰ ਦੇ ਹਿੰਦੂ ਘਰਾਣੇ ਵਿਚੋਂ ਸੀ।"
" ਅੱਛਾ ਇਸ ਗੱਲ ਦਾ ਤਾਂ ਮੈਂਨੂੰ ਬਿਲਕੁਲ ਨਹੀ ਪਤਾ।" ਹਰਨੀਤ ਦੇ ਡੈਡੀ ਨੇ ਕਿਹਾ, " ਫਿਰ ਤਾਂ ਇਹ ਅੱਧਾ ਪੰਜਾਬੀ ਸੀ।
" ਪਿਛੱਲੇ ਹਫਤੇ ਤੁਸੀ ਜਿਹੜਾ ਪੰਜਾਬੀ ਦਾ ਪੇਪਰ ਲੈ ਕੇ ਆਏ ਸੀ, ਉਹਦੇ ਵਿਚ ਮੈਂ ਪੜ੍ਹਿਆ ਸੀ।" ਹਰਨੀਤ ਦੀ ਮੱਮੀ ਦੱਸਣ ਲੱਗੀ, " ਭਾਈ ਮੇਵਾ ਸਿੰਘ ਜੀ ਤਾਂ ਅੰਮ੍ਰਿਤਧਾਰੀ ਗੁਰਮੁੱਖ ਬੰਦੇ ਸਨ, ਬਾਣੀ ਪੜ੍ਹਨ ਵਾਲੇ, ਸਾਧੂ ਸੁਭਾਅ ਦੇ, ਹਾਪਕਿਨਸਨ ਤਾਂ ਬਹੁਤ ਹੀ ਭੁਤਰਿਆ ਪਿਆ ਸੀ, ਜਿਸ ਕਰਕੇ ਭਾਈ ਮੇਵਾ ਸਿੰਘ ਨੇ ਉਸ ਨੂੰ ਸੋਧਾ ਲਾਇਆ।"
" ਜਿੰਦਰ ਕਹਿੰਦਾ ਸੀ ਕਿ ਗਦਰੀ ਬਾਬੇ ਸਾਰੇ ਧਰਮੀ ਬੰਦੇ ਸਨ, ਆਪਣੇ ਦੇਸ ਨੂੰ ਪਿਆਰ ਕਰਨ ਵਾਲੇ।" ਭੂਆ ਜੀ ਫਿਰ ਬੋਲੀ, " ਹਪਕਿਨ ਦਾ ਚਮਚਾ ਬੇਲਾ ਜ਼ਿਊਣ ਸਾਡੇ ਪਿੰਡਾਂ ਵੱਲ ਦਾ ਸੀ, ਇਥੋਂ ਤਾਂ ਬਚ ਕੇ ਚਲਾ ਗਿਆ, ਪਰ ਸਿੰਘਾਂ ਨੇ ਉਧਰ ਪੰਜਾਬ ਵਿਚ ਜਾ ਕੇ ਇਸ ਦਾ ਪੋਟਾ ਪੋਟਾ ਵੱਡਿਆ, ਤਾਂ ਇਸ ਨੂੰ ਕੀਤੇ ਦੀ ਸਜ਼ਾ ਮਿਲੀ।"
" ਭਾਈ ਮੇਵਾ ਸਿੰਘ ਜੀ ਨੂੰ ਜਦੋਂ ਫਾਸੀਂ ਲਾਈ ਗਈ, ਤਾਂ ਬਹੁਤ ਹੀ ਚੜ੍ਹਦੀ ਕਲਾ ਵਿਚ ਸਨ।" ਹਰਨੀਤ ਦੇ ਡੈਡੀ ਨੇ ਕੁੱਝ ਚੇਤੇ ਕਰਦੇ ਕਿਹਾ, " ੧੧ਜਨਵਰੀ ੧੯੧੫ ਨੂੰ ਜਦੋਂ ਫਾਸੀ ਦੇ ਤਖਤੇ ਵੱਲ ਜਾਂਦੇ ਇਹ ਸ਼ਬਦ ਪੜ੍ਹ ਰਿਹੇ ਸਨ, ' ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ'।"
ਇਹ ਸਭ ਗੱਲਾਂ ਸੁਣ ਕੇ ਮੇਰਾ ਮਨ, ਅੱਖਾਂ ਅਤੇ ਸਿਰ ਆਪਣੇ- ਆਪ ਹੀ ਭਾਈ ਮੇਵਾ ਸਿੰਘ ਜੀ ਦੀ ਤਸਵੀਰ ਅੱਗੇ ਝੁਕ ਗਿਆ ਮੇਰੇ ਧੁਰ-ਅੰਦਰੋ ਅਵਾਜ਼ ਆਈ, ਧੰਨ ਸ਼ਹੀਦ ਅਤੇ ਧੰਨ ਉਹਨਾਂ ਦੀਆਂ ਕੁਰਬਾਨੀਆਂ। ਹਰਨੀਤ ਅਤੇ ਉਸ ਦੇ ਮੱਮੀ –ਡੈਡੀ ਸਭ ਚੁੱਪ ਹੋ ਗਏ ਸਨ। ਮੈਂਨੂੰ ਇੰਝ ਮਹਿਸੂਸ ਹੋਇਆ ਜਿਵੇ ਸਭ ਨੇ ਭਾਈ ਮੇਵਾ ਸਿੰਘ ਸ਼ਹੀਦ ਦੀ ਯਾਦ ਵਿਚ ਮੋਨ ਧਾਰਿਆ ਹੋਵੇ।
ਬਿਨਾਂ ਬੋਲੇ ਸਭ ਵੈਨ ਵਿਚ ਬੈਠ ਗਏ ਅਤੇ ਵੈਨ ਛੋਟੇ ਜਿਹੇ ਝਟਕੇ ਨਾਲ ਹਰਨੀਤ ਦੇ ਪੇਕੇ ਘਰ ਵੱਲ ਚਲ ਪਈ।
37
ਹਰਨੀਤ ਦੇ ਪੇਕੇ ਘਰ ਅਸੀ ਥੌੜ੍ਹੀ ਦੇਰ ਹੀ ਰੁੱਕੇ।ਟੋਨੀ ਅਤੇ ਲਵਲੀਨ ਨੂੰ ਲੈ ਕੇ ਚਾਚੇ-ਚਾਚੀ ਜੀ ਦੇ ਘਰ ਚਲ ਪਏ।ਭੂਆ ਜੀ ਨੇ ਵੀ ਆਪਣਾ ਝੋਲਾ ਉੱਥੋਂ ਨਾਲ ਹੀ ਲੈ ਲਿਆ ਸੀ। ਜਿਸ ਨੂੰ ਦੇਖ ਕੇ ਹਰਨੀਤ ਬੋਲੀ, " ਭੂਆ ਜੀ, ਤੁਸੀ ਅੱਜ ਹੀ ਮੁੜ ਜਾਣਾ ਆ ਐਬਸਫੋਰਡ ਨੂੰ।"
" ਹੋਰ, ਅੱਜ ਹੀ ਮੁੜ ਜਾਣਾ ਆ।" ਭੂਆ ਜੀ ਆਪਣੇ ਪੈਰਾ ਵਿਚ ਝੋਲਾ ਟਿਕਾਉਂਦੀ ਬੋਲੀ, " ਹੁਣ ਤੁਸੀ ਆਇਉ ਸਾਡੇ ਵੱਲ।"
ਇਸ ਗੱਲ ਦੇ ਜ਼ਵਾਬ ਵਿਚ ਹੋਰ ਤਾਂ ਕੋਈ ਨਾ ਬੋਲਿਆ,ਪਰ ਲਵਲੀਨ ਨੇ ਕਿਹਾ, " ਅਸੀ ਅਵਾਂਗੇ ਦੀਦੀ ਹੋਰਾਂ ਨੂੰ ਨਾਲ ਲੈ ਕੇ।"
" ਲਵਲੀਨ ਪੁੱਤ, ਮੈਂ ਤੈਨੂੰ ਅੱਗੇ ਵ ਿਕਿਹਾ ਸੀ ਕਿ ਤੂੰ ਹਰਨੀਤ ਨੂੰ ਭੈਣ ਜੀ ਕਿਹਾ ਕਰ।" ਭੂਆ ਜੀ ਪਹਿਲੀ ਕਹੀ ਗੱਲ ਉਸ ਨੂੰ ਚੇਤੇ ਕਰਾਂਉਂਦੇ ਕਹਿਣ ਲੱਗੇ," ਦੀਦੀ ਨਾ ਕਿਹਾ ਕਰ।"
" ਭੂਆ ਜੀ, ਦੀਦੀ ਅਤੇ ਭੈਣ ਜੀ ਵਿਚ ਦੱਸੋ ਕੀ ਫਰਕ ਹੈ।" ਹਰਨੀਤ ਦੀ ਮੱਮੀ ਨੇ ਹੱਸਦਿਆਂ ਕਿਹਾ, " ਮਸੀ ਤਾਂ ਇਹ ਦੀਦੀ ਕਹਿਣ ਲੱਗੀ, ਪਹਿਲਾਂ ਤਾਂ ਹਰਨੀਤ ਦਾ ਨਾਮ ਲੈ ਕੇ ਹੀ ਬਲਾਂਉਂਦੀ।"
" ਫਰਕ ਤਾਂ ਕੁਝ ਨਹੀ।" ਡੈਡੀ ਬੋਲੇ, " ਦੋਨਾਂ ਲਫਜ਼ਾ ਦਾ ਮਤਲਵ ਭੈਣ ਹੀ ਹੈ।"
" ਪੰਜਾਬੀ ਵਿਚ ਵੱਡੀ ਭੈਣ ਨੂੰ ਭੈਣ ਜੀ ਕਹਿੰਦੇ ਆ।" ਭੂਆ ਜੀ ਨੇ ਸਮਝਾਂaਦਿਆਂ ਵਾਂਗ ਕਿਹਾ , "ਸਾਡੇ ਵੇਲੇ ਤਾਂ ਵੱਡੀ ਭੈਣ ਨੂੰ ਪਹਿਲਾਂ ਬੀਬੀ ਕਹਿੰਦੇ ਸੀ, ਫਿਰ ਭੈਣ ਜੀ ਹੋ ਗਿਆ, ਹੁਣ ਸਾਰੇ ਦੀਦੀ ਹੀ ਕਹਿਣ ਲੱਗ ਪਏ।"
" ਭੂਆ ਜੀ, ਮੈਨੂੰ ਦੀਦੀ ਕਹਾਉਣਾ ਜ਼ਿਆਦਾ ਸੁਹਣਾ ਲੱਗਦਾ ਏ।" ਹਰਨੀਤ ਨੇ ਸੱਚ ਬੋਲਦਿਆਂ ਕਿਹਾ, " ਕਿੰਨਾ ਛੋਟਾ ਜਿਹਾ ਵਰਡ ਦੀਦੀ।"
" ਭੈਣ ਜੀ ਕਹਿ ਲੋ, ਬੀਬੀ ਕਹਿ ਲੋ ਜਾਂ ਦੀਦੀ।" ਹਰਨੀਤ ਦੀ ਮੱਮੀ ਬੋਲੀ, " ਗੱਲ ਇਕ ਹੀ ਹੈ,ਦੀਦੀ ਕਹਿਣ ਨਾਲ ਭੈਣ ਦਾ ਰਿਸ਼ਤਾ ਘੱਟ ਤਾਂ ਨਹੀ ਜਾਂਦਾ।"
" ਭੈਣ ਦਾ ਰਿਸ਼ਤਾ ਤਾਂ ਨਹੀ ਘੱਟਦਾ।" ਮੈਂ ਆਪਣਾ ਵਿਚਾਰ ਦੱਸਿਆ, " ਪਰ ਪੰਜਾਬੀ ਦਾ ਇਕ ਸ਼ਬਦ ਜ਼ਰੂਰ ਘੱਟ ਜਾਂਦਾ ਏ, ਹੌਲੀ ਹੌਲੀ ਪੰਜਾਬੀ ਦੇ ਸ਼ਬਦ ਭੈਣਜੀ ਨੇ ਖਤਮ ਹੋ ਜਾਣਾ ਏ ਅਤੇ ਇਸ ਦੀ ਥਾਂ ਹਿੰਦੀ ਦੇ ਸ਼ਬਦ ਦੀਦੀ ਨੇ ਲੈ ਲੈਣੀ।"
" ਲੈ ਲੈਣੀ ਕੀ, ਲੈ ਹੀ ਲਈ ਹੈ।" ਡੈਡੀ ਹੱਸਦੇ ਹੋਏ ਕਹਿਣ ਲੱਗੇ, " ਮਨਮੀਤ,ਤੁਸੀ ਪੰਜਾਬੀ ਨੂੰ ਹਿੰਦੀ ਤੋਂ ਬਚਾਉਣ ਲਈ ਕਹਿ ਰਹੇ ਹੋ, ਹੁਣ ਤਾਂ ਇੰਗਲਸ਼ ਦੇ ਕਈ ਲਫਜ਼ ਪੰਜਾਬੀ ਵਿਚ ਘੁਸਪੈਠ ਕਰ ਗਏ ਨੇ।"
" ਹਾਂ ਜੀ ਗੱਲ ਤਾਂ ਤੁਹਾਡੀ ਠੀਕ ਹੈ।" ਮੈਂ ਉਹਨਾਂ ਨਾਲ ਸਹਿਮਤ ਹੁੰਦੇ ਕਿਹਾ, " ਵੈਸੇ ਸਾਰੇ ਪੰਜਾਬੀ ਚਾਹੁਣ ਤਾਂ ਇਸ ਮਿੱਠੀ ਬੋਲੀ ਨੂੰ ਬਾਕੀ ਬੋਲੀਆਂ ਦੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਏ।"
" ਸਾਰੇ ਤਾਂ ਆਪਣੇ ਮਤਲਬ ਲਈ ਹੀ ਭੱਜੇ ਫਿਰਦੇ ਨੇ,ਪੁੱਤ।" ਭੂਆ ਜੀ ਨੇ ਸਾਫ ਹੀ ਕਹਿ ਦਿੱਤਾ, "ਪੰਜਾਬੀ ਬੋਲੀ ਦਾ ਕਿਹਨੂੰ ਫਿਕਰ?"
" ਸਾਰੀਆਂ ਬੋਲੀਆਂ ਭੈਣਾ ਹੀ ਆ।" ਹਰਨੀਤ ਦੀ ਮੱਮੀ ਫਿਰ ਬੋਲੀ, " ਬਹੁਤਾ ਨਹੀ ਫਰਕ।"
" ਫਰਕ ਤਾਂ ਹੈ।" ਭੂਆ ਜੀ ਕਿਹੜੇ ਘੱਟ ਸਨ ਬੋਲੇ, " ਬਾਕੀ ਤਾਂ ਮਾਸੀਆਂ ਆ, ਪੰਜਾਬੀ ਬੋਲੀ ਹੀ ਆ ਸਾਡੀ ਮਾਂ।"
ਭੂਆ ਜੀ ਦੀ ਗੱਲ ਉੱਪਰ ਸਾਰੇ ਹੱਸ ਪਏ, ਪਰ ਮੈਂ ਇਸ ਗੱਲ ਨਾਲ ਪ੍ਰਭਾਵਿਤ ਵੀ ਹੋਇਆਂ ਅਤੇ ਭੂਆ ਜੀ ਕਹੀ ਗੱਲ ਮੈਂਨੂੰ ਬਿਲਕੁਲ ਠੀਕ ਲੱਗੀ।
ਹਰਨੀਤ ਦੇ ਚਾਚਾ ਅਤੇ ਚਾਚੀ ਜੀ ਦੇ ਘਰ ਪੁੰਹਚੇ ਹੀ ਸਾਂ ਕਿ ਐਬਸਫੋਰਡ ਵਾਲੀ ਭੂਆ ਜੀ ਦਾ ਲੜਕਾ ਜਿੰਦਰ, ਉਸ ਦੀ ਪਤਨੀ ਤੇ ਮੁੰਡਾ ਵੀ ਉੱਥੇ ਹੀ ਆ ਗਏ। ਜਿਸ ਨੂੰ ਫੋਨ ਤੇ ਅੱਜ ਦੇ ਇਸ ਪ੍ਰੋਗਰਾਮ ਬਾਰੇ ਪਹਿਲਾ ਹੀ ਦੱਸ ਦਿੱਤਾ ਸੀ।
ਹਰਨੀਤ ਦਾ ਡੈਡੀ, ਚਾਚਾ ਅਤੇ ਜਿੰਦਰ ਤਾਂ ਪੀਣ ਲੱਗ ਪਏ। ਮੈਂ ਟੋਨੀ ਅੈਬਟਸਫੋਰਡ ਤੋਂ ਆਏ ਜਿੰਦਰ ਦੇ ਮੁੰਡੇ ਨਾਲ ਗੱਲਾਂ ਕਰਦਾ ਰਿਹਾ।ਉਹ ਇਧਰ ਦੇ ਜੰਮੇ ਬੱਚਿਆਂ ਵਾਂਗ ਪੰਜਾਬੀ ਬੋਲਦਾ ਤਾਂ ਮੈਨੂੰ ਬਹੁਤ ਸੋਹਣਾ ਲੱਗਦਾ। ਹਰਨੀਤ ਚਾਚਿਆਂ ਦੇ ਨਿਆਣਿਆ ਨਾਲ ਦੂਸਰੇ ਕਮਰੇ ਵਿਚ ਪਤਾ ਨਹੀ ਕੀ ਗੱਲਾਂ ਕਰੀ ਜਾਂਦੀ ਸੀ, ਕਿਤੇ ਕਿਤੇ ਉਸ ਦੇ ਹਾਸੇ ਦੀ ਅਵਾਜ਼ ਮੇਰੇ ਕੰਨਾਂ ਵਿਚ ਛਣਕਦੀ ਤਾਂ ਮੈ ਉਸ ਕਮਰੇ ਵੱਲ ਜ਼ਰੂਰ ਦੇਖਦਾ।
ਐਤਵਾਰ ਹੋਣ ਕਾਰਣ ਰੋਟੀ-ਪਾਣੀ ਦਾ ਕੰੰਮ ਕੱਲ ਨਾਲੋ ਅੱਜ ਪਹਿਲਾਂ ਖਤਮ ਹੋ ਗਿਆ। ਭੂਆ ਜੀ ਹੋਰੀ ਵੀ ਐਬਸਫੋਰਡ ਨੂੰ ਜਾਣ ਲਈ ਤਿਆਰ ਹੋ ਪਏ। ਜਿੰਦਰ ਦੀ ਪੀਤੀ ਹੋਣ ਕਾਰਨ, aਸੇ ਦੀ ਪਤਨੀ ਡਰਾਂਵਿੰਗ ਸੀਟ ਤੇ ਬੈਠ ਗਈ।ਕਾਰ ਵਿਚ ਬੈਠਣ ਲੱਗੇ ਭੂਆ ਜੀ ਹਰਨੀਤ ਦੇ ਮੱਮੀ ਨੂੰ ਬੋਲੇ, " ਬਲਦੀਸ਼, ਆਉਂਦੇ ਵੀਕਐਂਡ ਨੂੰ ਸਾਡੇ ਵੱਲ ਗੇੜਾ ਮਾਰ ਹੀ ਲਇਉ।"
" ਆਹੋ, ਜ਼ਰੂਰ ਆਇਉ।" ਜਿੰਦਰ ਨੇ ਕਿਹਾ, " ਮੁੰਡੇ ਨੂੰ ਫਾਰਮ-ਫੁਰਮ ਦਿਖਾਵਾਂਗੇ।"
" ਜਿਸ ਤਰਾਂ ਵੀ ਪ੍ਰੋਗਰਾਮ ਬਣਿਆ ਤੁਹਾਂਨੂੰ ਦੱਸ ਦੇਵਾਂਗੇ।" ਹਰਨੀਤ ਦੇ ਡੈਡੀ ਨੇ ਕਿਹਾ, " ਅਸੀ ਫੋਨ ਕਰਾਂਗੇ।"
ਅੱਜ ਹਰਨੀਤ ਦੀ ਚਾਚੀ ਨੇ ਕੋਈ ਵੀ ਵਾਧੂ-ਘਾਟੂ ਗੱਲ ਨਹੀ ਕੀਤੀ।ਉਸ ਦੇ ਪਤੀ ਨੇ ਉਸ ਨੂੰ ਸਮਝਾ ਰੱਖਿਆ ਸੀ ਜਾਂ ਕੰਮ ਵਿਚ ਰੁੱਝੀ ਕਰਕੇ ਚੁੱਪ ਸੀ। ਅਸੀ ਤੁਰਨ ਲੱਗੇ ਤਾਂ ਉਸ ਨੇ ਪੰਜਾਹ ਪੰਜਾਹ ਦਾ ਨੋਟ ਮੈਨੂੰ ਅਤੇ ਹਰਨੀਤ ਨੂੰ ਪਿਆਰ ਵਜੋਂ ਫੜ੍ਹਾ ਦਿੱਤਾ।ਮੈ ਸਰਿਆਂ ਦੇ ਸਾਹਮਣੇ ਆਪਣਾ ਨੋਟ ਵੀ ਹਰਨੀਤ ਨੂੰ ਹੀ ਦੇ ਦਿੱਤਾ।
ਘਰ ਜਾਣ ਲਈ ਹਰਨੀਤ ਦੇ ਡੈਡੀ ਵੈਨ ਦੀ ਡਰਾਵਿੰਗ ਸੀਟ ਵੱਲ ਵਧੇ ਤਾਂ ਹਰਨੀਤ ਇਕਦੱਮ ਬੋਲੀ, " ਡੈਡੀ ਤੁਸੀ ਨਹੀ ਵੈਨ ਚਲਾਉਣੀ, ਟੋਨੀ ਚਲਾ ਲੈਂਦਾ ਹੈ ਜਾਂ ਮੈਂ ਚਲਾ ਲੈਂਦੀ ਹਾਂ।"
" ਉਹ ਮੈਂ ਭੁੱਲ ਹੀ ਗਿਆ ਕਿ ਮੇਰੇ ਦੋ ਘੁੱਟ ਲੱਗੇ ਹੋਏ ਨੇ।" ਡੈਡੀ ਨੇ ਹੱਸਦੇ ਹੋਏ ਕਿਹਾ, " ਵੈਸੇ ਮੈਂ ਸ਼ਰਾਬੀ ਤਾਂ ਨਹੀ।"
" ਸੋਫੀ ਵੀ ਨਹੀ। ਹਰਨੀਤ ਦੀ ਮੱਮੀ ਬੋਲੀ, " ਪਤਾ ਨਹੀ ਤੁਸੀ ਇਹ ਕਲੈਣੀ ਤੁਸੀ ਕਦੋਂ ਛੱਡਣੀ ਏ।"
" ਸ਼ੁਕਰ ਆ, ਮਨਮੀਤ ਤਾਂ ਨਹੀ ਪੀਂਦੇ।" ਹਰਨੀਤ ਨੇ ਵੈਨ ਵਿਚ ਬੈਠਦੇ ਆਖਿਆ, " ਡੈਡੀ, ਤੁਸੀ ਵੀ ਹੁਣ ਛੱਡ ਹੀ ਦਿਉ।"
ਹਰਨੀਤ ਦੀਆਂ ਇਸ ਤਰਾਂ ਦੀਆਂ ਗੱਲਾਂ ਹੀ ਮੈਨੂੰ ਹੈਰਾਨੀ ਵਿਚ ਪਾ ਦੇਂਦੀਆਂ ਨੇ।ਬੇਸ਼ੱਕ ਉਹ ਇਹ ਸਭ ਐਕਟਿੰਗ ਹੀ ਐਸੀ ਕਰਦੀ ਹੈ ਪਰ ਮੇਰੇ ਮਨ ਨੂੰ ਤਾਂ ਝਾਉਲਾ ਪੈਣ ਲੱਗ ਜਾਂਦਾ ਹੈ ਕਿ ਖਬਰੇ ਇਹ ਅਸਲੀਅਤ ਹੀ ਹੈ।ਭੁਲੇਖਾ ਹੈ ਜਾਂ ਅਸਲੀਅਤ ਇਸ ਨੂੰ ਪਿੱਛੇ ਛੱਡਦੇ ਮੈਂ ਕਿਹਾ, " ਜੇ ਕਿਤੇ ਮੈਂ ਪੀਂਦਾ ਹੁੰਦਾ ਤਾਂ ਹਰਨੀਤ ਨੇ ਤਾਂ ਮੈਨੂੰ ਤਲਾਕ ਹੀ ਦੇ ਦੇਣਾ ਸੀ।"
ਵੈਨ ਚਲਾਉਂਦੀ ਹਰਨੀਤ ਨੇ ਨਾਲ ਵਾਲੀ ਸੀਟ 'ਤੇ ਬੈਠੇ ਮੇਰੇ ਵੱਲ ਗੁੱਸੇ ਵਿਚ ਤੱਕਦੀ ਬੋਲੀ, " ਇਕਲੀ ਸ਼ਰਾਬ ਹੀ ਨਹੀ ਹੁੰਦੀ ਡੀਵੋਰਸ ਦਾ ਕਾਰਨ ਹੋਰ ਵੀ ਕਈ ਆਦਤਾਂ ਹੁੰਦੀਆਂ ਨੇ।"
" ਮਾਰੀਆ ਚੰਗੀਆਂ ਆਦਤਾਂ ਤਾਂ ਹਰ ਇਨਸਾਨ ਵਿਚ ਹੀ ਹੁੰਦੀਆਂ ਨੇ।" ਮੈਂ ਵੀ ਇਕਦਮ ਬੋਲਿਆ, " ਇਹ ਤਾਂ ਸਮਝਨ ਵਾਲੇ ਤਾਂ ਕਿ ਉਸ ਨੂੰ ਸਿਰਫ ਮਾੜੀਆ ਆਦਤਾ ਹੀ ਦਿਸਦੀਆਂ ਨੇ ਜਾਂ ਚੰਗੀਆਂ ਵੀ।"
ਹਰਨੀਤ ਦੇ ਡੈਡੀ ਮੌਕਾ ਸੰਭਾਲਦੇ ਬੋਲੇ, " ਵੈਸੇ ਕਿਸੇ ਨਾਲ ਪਿਆਰ ਹੋਵੇ ਤਾਂ ਉਸ ਦੀਆ ਮਾੜੀਆਂ ਆਦਤਾਂ ਵੀ ਚੰਗੀਆਂ ਲੱਗਣ ਲੱਗ ਜਾਂਦੀਆ ਨੇ, ਜਿਵੇ ਤੇਰੀ ਮੱਮੀ ਨੂੰ ਮੇਰੀਆ ਸਾਰੀਆਂ ਆਦਤਾਂ ਹੀ ਚੰਗੀਆਂ ਲਗਦੀਆਂ ਆ।"
" ਆਹ ਸ਼ਰਾਬ ਪੀਣ ਦੀ ਆਦਤ ਮੈਂਨੂੰ ਬਿਲਕੁਲ ਨਹੀ ਚੰਗੀ ਲੱਗਦੀ।" ਮੱਮੀ ਤੇਜ਼ੀ ਨਲ ਬੋਲੇ, " ਮਾੜੀਆਂ ਆਦਤਾਂ ਤਾਂ ਹਰ ਇਕ ਨੂੰ ਹੀ ਭੈੜੀਆਂ ਲੱਗਦੀਆ ਆ।
"ਹਾਂ ਜੀ ਮੱਮੀ।" ਆਪਣੇ ਵੱਲ ਦੀ ਗੱਲ ਹੁੰਦੇ ਦੇਖ ਕੇ ਕਿਹਾ, " ਉਹ ਪਿਆਰ ਕਿੰਨਾ ਕੁ ਸਿਰੇ ਚੜ੍ਹਦਾ ਹੋਵੇਗਾ ਜੋ ਕਿਸੇ ਦੀਆਂ ਬੈਡ ਆਦਤਾਂ ਨੂੰ ਵੀ ਗੁਡ ਹੀ ਸਮਝਦਾ ਰਵੇ।"
" ਕਈ ਪਿਆਰ ਕਰਨ ਵਾਲੇ ਇੰਨੇ ਸਮਝਦਾਰ ਵੀ ਹੁੰਦੇ ਨੇ ਜੋ ਆਪਣੀ ਚੰਗੀ ਸੋਚ ਨਾਲ ਆਪਣੇ ਪਿਆਰੇ ਦੀਆਂ ਮਾੜੀਆਂ ਆਦਤਾਂ ਵੀ ਚੰਗੀਆਂ ਬਣਾ ਲੈਂਦੇ ਨੇ।" ਮੈਂ ਸਮਾਂ ਖੂੰਝਣ ਨਾ ਦਿਤਾ ਅਤੇ ਬੋਲਿਆ, " ਬਹੁਤ ਜ਼ਨਾਨੀਆਂ ਨੇ ਇਤਹਾਸ ਵਿਚ ਜਿਹਨਾਂ ਨੇ ਆਪਣੀ ਸੱਚੀ-ਸੁਚੀ ਸ਼ਕਤੀ ਨਾਲ ਆਪਣਾ ਮਾੜੇ ਪਤੀਆ ਜਾਂ ਪੁੱਤਰਾਂ ਨੂੰ ਵਧੀਆ ਇਨਸਾਨ ਬਣਾ ਦਿੱਤਾ।"
ਹਰਨੀਤ ਨੂੰ ਪਤਾ ਨਾ ਲੱਗੇ ਮੇਰੀ ਗੱਲ ਦਾ ਉੱਤਰੀ ਕੀ ਦੇਵੇ।ਇਸ ਲਈ ਡੈਡੀ ਨੂੰ ਫਿਰ ਗੱਲ ਕਹਿਣ ਦਾ ਸਮਾਂ ਮਿਲ ਗਿਆ, " ਇਹ ਗੱਲ ਤਾਂ ਮੈਂ ਦਾਵੇ ਨਾਲ ਕਹਿੰਦਾ ਹਾਂ ਕਿ ਇਨਸਾਨ ਨੂੰ ਚੰਗਾ ਬਣਾਉਣ ਵਿਚ ਮਾਂ ਬਹੁਤ ਹੱਥ ਹੁੰਦਾ ਆ, ਵੈਸੇ ਜ਼ਨਾਨੀ ਦਾ ਵੀ ਹੋ ਸਕਦਾ ਆ।"
" ਨਾ ਜੀ ਮਾਂ ਦਾ ਹੀ ਹੁੰਦਾ ਏ ਜ਼ਨਾਨੀ ਦਾ ਕਿੱਥੇ।" ਹਰਨੀਤ ਦੀ ਮੱਮੀ ਨੇ ਥੌੜ੍ਹਾ ਖਿਝ ਕੇ ਕਿਹਾ, " ਸਾਰਿਆਂ ਨੂੰ ਮਾਂ ਹੀ ਚੰਗੀ ਲੱਗਦੀ ਆ।"
ਮਾਮਲਾ ਵਿਗੜਨ ਦੇ ਡਰੋਂ ਅਤੇ ਹਾਸੇ ਵਿਚ ਗੱਲ ਪਾਉਣ ਲਈ ਮੈਂ ਇਕਦਮ ਬੋਲਿਆ, " ਜਿਵੇ ਮੱਮੀ ਜੀ, ਤੁਸੀ ਸਾਨੂੰ ਚੰਗੇ ਲੱਗਦੇ ਹੋ।"
" ਸੱਚੀ ਮਨਮੀਤ, ਤੁਹਾਡੀ ਮੱਮੀ ਬਹੁਤ ਚੰਗੀ ਆ।" ਮੇਰੀ ਸੁਰ ਨੂੰ ਸਮਝਦੇ ਹੋਏ ਡੈਡੀ ਬੋਲੇ, " ਹੁਣ ਜਿਸ ਤਰਾਂ ਮੇਰੀ ਘੁੱਟ ਲੱਗੀ ਹੋਈ ਇਹ ਫਿਰ ਵੀ ਹੈਪੀ ਆ।"
ਹਰਨੀਤ ਦੇ ਡੈਡੀ ਦੀ ਗੱਲ ਉੱਪਰ ਬਾਕੀ ਸਭ ਨੇ ਤਾਂ ਹੱਸਣਾ ਹੀ ਸੀ, ਮੱਮੀ ਵੀ ਹੱਸ ਪਏ।
ਘਰ ਲਾਗੇ ਹੋਣ ਕਰਕੇ ਛੇਤੀ ਹੀ ਹਰਨੀਤ ਦੇ ਡੈਡੀ ਦੇ ਘਰ ਪਹੁੰਚ ਗਏ।ਵੈਨ ਵਿਚੋਂ ਉਤਰਦਿਆਂ ਹਰਨੀਤ ਦੇ ਮੱਮੀ ਨੇ ਸਾਨੂੰ ਕਿਹਾ, " ਘਰ ਨੂੰ ਆ ਜਾਉ।"
" ਨਹੀ ਅਸੀ ਹੁਣ ਚਲੇ ਜਾਣਾ ਆ।" ਹਰਨੀਤ ਨੇ ਕਿਹਾ, " ਸਵੇਰੇ ਮੈ ਕੰੰਮ ਤੇ ਵੀ ਜਾਣਾ ਆ।"
" ਮਨਮੀਤ ਨੂੰ ਜਾਣ ਲੱਗੀ ਇਧਰ ਛੱਡ ਜਾਂਈ।" ਡੈਡੀ ਨੇ ਕਿਹਾ, " ਨਹੀ ਤਾਂ ਸਾਰਾ ਦਿਨ ਘਰ ਬੈਠਾ ਬੋਰ ਹੋਵੇਗਾ।"
" ਇਹਨਾਂ ਦੀ ਮਰਜ਼ੀ ਆ।" ਹਰਨੀਤ ਨੇ ਜ਼ਵਾਬ ਦਿੱਤਾ, " ਅਰਲੀ ਉੱਠ ਜਾਣਗੇ ਤਾਂ ਛੱਡ ਜਾਵਾਂਗੀ।"
" ਕੋਈ ਨਹੀ ਜੇ ਲੇਟ ਵੀ ਉੱਠੇ ਤਾਂ ਫੋਨ ਕਰ ਦੇਣਾ।" ਡੈਡੀ ਨੇ ਕਿਹਾ, " ਮੈਂ ਲੈ ਜਾਵਾਂਗਾ।
" ਉ-ਕੇ,ਵਾਏ।" ਇਹ ਕਹਿ ਅਸੀ ਕਾਰ ਵਿਚ ਬੈਠ ਗਏ।
ਹਰਨੀਤ ਦਾ ਮੂੰਹ ਮੈਨੂੰ ਫਿਰ ਉਸ ਤਰਾ ਦਾ ਹੀ ਲੱਗਾ ਜਿਵੇ ਪਾਰਕ ਵਿਚ ਸੀ। ਬਲਾਉਣ ਦੇ ਬਹਾਨੇ ਮੈ ਕਿਹਾ, " ਅੱਜ ਸੀ.ਡੀ ਨਹੀ ਲਾਉਣੀ"?
" ਨਹੀ।"
" ਕੋਈ ਗੱਲਾਂ ਕਰਨੀਆ ਆ।"
" ਨਹੀ।"
" ਲੜਾਈ ਕਰਨੀ ਆ।"
" ਨਹੀ, ਤਹਾਡੇ ਤੋਂ ਚੁੱਪ ਨਹੀ ਰਹਿ ਹੁੰਦਾ।"
" ਤੁਹਾਥੋਂ ਬੋਲ ਨਹੀ ਹੁੰਦਾ।"
" ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀ ਆਪ ਤਾਂ ਮੇਰੇ ਘਰਦਿਆਂ ਦੇ ਨਾਲ ਘਿਉ-ਖਿਚੜੀ ਹੋ ਕੇ ਰਹਿੰਦੇ ਹੋ ਤੇ ਮੈਨੂੰ ਬੇਜ਼ੀ ਨਾਲ ਗੱਲ ਕਰਨ ਤੋਂ ਵੀ ਰੋਕਦੇ ਹੋ।"
" ਤੁਹਾਨੂੰ ਗੱਲ ਕਰਨ ਦਾ ਰੀਜ਼ਨ ਦੱਸਿਆ ਤਾਂ ਸੀ ਕਿ, ਮੈ ਚਾਹੁੰਦਾ ਹਾਂ ਕਿ ਡੀਬੋਰਸ ਤੋਂ ਬਾਅਦ ਉਹਨਾਂ ਦਾ ਦਿਲ ਨਾਂ ਟੁੱਟੇ।"
" ਮੇਰੇ ਘਰਦਿਆ ਦਾ ਬੇਸ਼ੱਕ ਟੁਟ ਜਾਵੇ।"
" ਉਹਨਾਂ ਦਾ ਤਾਂ ਤੁਸੀ ਅੱਗੇ ਹੀ ਤੌੜਿਆ ਹੋਇਆ ਆ।ਉਹ ਤਾ ਹੁਣ ਆਦੀ ਹੋ ਗਏ ਇਸ ਗੱਲ ਦੇ।"
ਕਾਰ ਦਾ ਦਰਵਾਜ਼ਾ ਜ਼ੋਰ ਦੀ ਬੰਦ ਕਰਦਿਆਂ ਉਸ ਨੇ ਗੁੱਸੇ ਵਿਚ ਕਿਹਾ, " ਮੈ ਦੇਖ ਰਹੀ ਹਾਂ, ਤੁਸੀ ਅਗਾਂਹ ਅਗਾਂਹ ਹੀ ਵਧੀ ਜਾ ਰਹੇ ਹੋ।"
" ਤਰੱਕੀ ਕਰਨ ਲਈ ਅਗਾਂਹ ਵੱਧਣਾ ਹੀ ਪੈਂਦਾ ਹੈ।"
" ਦੇਖੋ, ਗੱਲ ਮੇਰੇ ਨਾਲ ਸਾਫ ਕਰੋ।" ਉਸ ਨੇ ਆਪਣਾ ਪਰਸ ਠਾਹ ਕਰਦੇ ਰਸੋਈ ਦੇ ਕਾਊਂਟਰ ਤੇ ਰੱਖਦੇ ਕਿਹਾ, " ਤੁਹਾਡਾ ਇਰਾਦਾ ਕੀ ਹੈ?"
" ਜੋ ਤੁਹਾਡਾ ਹੈ।"
" ਮੇਰਾ ਤਾਂ ਇਹ ਹੀ ਹੈ ਕਿ ਤੁਹਾਨੂੰ ਡੀਬੋਰਸ ਦੇ ਕੇ ਮੈ ਆਪਣੇ ਬੁਆਏ ਫਰੈਂਡ ਨਾਲ ਵਿਆਹ ਕਰਨਾ ਹੈ।"
" ਤੁਹਾਡਾ ਬੁਆਏ ਫਰੈਂਡ ਕਰਦਾ ਕੀ ਹੈ।" ਮੈ ਕਿਹਾ, " ਉਹ ਮੈਨੂੰ ਮਿਲਣ ਹੀ ਨਹੀ ਆਇਆ।"
" ਤੁਸੀ ਉਸ ਨੂੰ ਮਿਲ ਕੇ ਕੀ ਕਰਨਾ ਆ।"
" ਉਹਨੂੰ ਆਪਣਾ ਫਰੈਂਡ ਬਣਾਉਣਾ ਹੈ।"ਮੈ ਦੱਸਿਆ, " ਤੁਸੀ ਤਾਂ ਸ਼ਾਇਦ ਆਪਣੇ ਵਿਆਹ ਤੇ ਮੈਨੂੰ ਨਾ ਬਲਾਉ, ਜੇ ਉਹ ਮੇਰਾ ਮਿੱਤਰ ਬਣ ਗਿਆ, ਉਹ ਤਾਂ ਮੈਨੂੰ ਫਿਰ ਸੱਦ ਲਵੇਗਾ।"
ਹਰਨੀਤ ਨੂੰ ਪਤਾ ਨਹੀ ਸੀ ਲੱਗ ਰਿਹਾ ਕਿ ਉਹ ਇਹਨਾਂ ਗੱਲਾਂ ਦਾ ਕੀ ਜ਼ਵਾਬ ਵਿਚ ਮੈਂਂਨੂੰ ਕੀ ਕਹੇ। ਬਸ ਉਸ ਨੇ ਗੁੱਸੇ ਵਿਚ ਇੰਨਾ ਹੀ ਕਿਹਾ, " ਮੈ ਤੁਹਾਡੇ ਨਾਲ ਆਰਗੂਮਿੰਟ ਵਿਚ ਨਹੀ ਪੈਣਾ ਚਾਹੁੰਦੀ।"
ਉਸ ਨੇ ਫਿਰ ਵਾਸ਼ਰੂਮ ਦਾ ਦਰਵਾਜ਼ਾ ਜ਼ੋਰ ਦੀ ਬੰਦ ਕੀਤਾ। ਵਾਸ਼ਰੂਮ ਵਿਚੋਂ ਪਾਣੀ ਚੱਲਣ ਦੀ ਅਵਾਜ਼ ਆ ਰਹੀ ਸੀ।ਸ਼ਾਇਦ ਨਹਾਉਂਦੀ ਹੋਵੇਗੀ, ਇਹ ਸੋਚ ਕੇ ਮੈ ਆਪਣੇ ਕਮਰੇ ਵਿਚ ਜਾ ਕੇ ਸੌਂਣ ਲਈ ਕੱਪੜੇ ਪਾaਣ ਲੱਗਾ।ਹਰਨੀਤ ਜੋ ਮੇਰੇ ਨਾਲ ਵਰਤਾਉ ਕਰ ਰਹੀ ਸੀ ਉਸ ਤੋਂ ਕਈ ਵਾਰੀ ਤਾਂ ਇਸ ਤਰਾਂ ਹੀ ਲੱਗਦਾ ਸੀ ਕਿ ਉਹ ਆਪਣੇ ਪਹਿਲੇ ਫੈਂਸਲੇ ਤੇ ਹੀ ਪੱਕੀ ਹੈ, ਪਰ ਇਕ ਅਜ਼ੀਵ ਜਿਹੀ ਖੁਸ਼ਬੂ ਮੈਨੂੰ ਉਹਦੇ ਕੋਲੋ ਜ਼ਰੂਰ ਆਉਂਦੀ, ਜੋ ਮੈਨੂੰ ਹਿਲਾ ਜਾਂਦੀ। ਇਹ ਸੁੰਗਧ ਕਿਸੇ ਅਤਰ ਜਾਂ ਕਰੀਮ ਦੀ ਨਹੀ ਸੀ, ਸਗੋਂ ਉਸ ਦੇ ਧੁਰ-ਅੰਦਰ ਦੀ ਅਵਾਜ਼ ਸੀ ਜਿਸ ਨੂੰ ਉਹ ਮੇਰੀਆਂ ਗੱਲਾਂ ਵਾਂਗ ਹੀ ਅਣਸੁਣੀ ਕਰ ਰਹੀ ਸੀ।ਵੈਸੇ ਮੈ ਆਪਣੇ ਮਨ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਵਿਚ ਲੱਗਾ ਰਹਿੰਦਾ ਕਿ ਉਸ ਚੀਜ਼ ਦੀ ਆਸ ਨਹੀ ਰੱਖੀਦੀ ਜੋ ਆਪਣੀ ਨਾ ਹੋਵੇ, ਪਰ ਪਤਾ ਨਹੀ ਇਹ ਕਿaੁਂ ਨਹੀ ਸੀ ਸਮਝ ਰਿਹਾ?ਵਾਸ਼ਰੂਮ ਦੇ ਦਰਵਾਜ਼ੇ ਖੁਲ੍ਹੱਣ ਦੀ ਅਵਾਜ਼ ਨੇ ਮੇਰੀ ਸੋਚਾਂ ਦੀ ਲੜੀ ਤੌੜ ਦਿਤੀ।ਮੇਰੇ ਕਮਰੇ ਦੇ ਕੋਲ ਦੀ ਲੰਘਣ ਲੱਗੀ ਤਾਂ ਅੱਧ-ਭੀੜੇ ਦਰਵਾਜ਼ੇ ਵੱਲ ਦੇਖਦੀ ਬੋਲੀ, " ਗੁੱਡ ਨਾਈਟ, ਮੱਮੀ ਹੋਰਾਂ ਵੱਲ ਜਾਣਾ ਤਾਂ ਸਾਡੇ ਛੇ ਰੈਡੀ ਹੋ ਜਾਇਉ।"
ਇਹ ਗੱਲਾਂ ਹੀ ਹਰਨੀਤ ਦੀਆਂ ਮੈਨੂੰ ਚੈਣ ਨਹੀ ਲੈਣ ਦੇਂਦੀਆਂ।ਉਸ ਦੇ ਰੂਮ ਦਾ ਦਰਵਾਜ਼ਾ ਜੋ ਹੁਣ ਹੌਲੀ ਹੀ ਬੰਦ ਹੋਇਆ ਸੀ, ਪਰ ਮੈਨੂੰ ਫਿਰ ਵੀ ਸੁਣਿਆ ਸੀ। ਮੇਰਾ ਮਨ ਫਿਰ ਬੇਚੈਨ ਹੋ ਗਿਆ ਉਸ ਨਾਲ ਗੱਲਾਂ ਕਰਨ ਲਈ, ਪਰ ਬਹਾਨਾ ਕੋਈ ਨਹੀ ਸੀ ਲੱਭ ਰਿਹਾ ਉਸ ਨੂੰ ਬਲਾਉਣ ਦਾ। ਅਚਾਨਕ ਹੀ ਮੈਨੂੰ ਪੰਜਾਹ ਡਾਲਰਾਂ ਦਾ ਨੋਟ ਯਾਦ ਆ ਗਿਆ ਜੋ ਉਸ ਦੀ ਚਾਚੀ ਨੇ ਪਿਆਰ ਦਿੱਤਾ ਸੀ। ਮੈ ਇਕਦੱਮ ਉਠਿਆ ਅਤੇ ਉਸ ਦਾ ਦਰਵਾਜ਼ਾ ਖੜਕਾ ਦਿਤਾ।
" ਹੁਣ ਕੀ ਪਰੋਬਲਮ ਹੈ।" ਉਸ ਨੇ ਇਸ ਤਰਾਂ ਕਿਹਾ ਜਿਵੇ ਉਹ ਜਾਣਦੀ ਹੋਵੇ ਕਿ ਉਸ ਦਾ ਦਰਵਾਜ਼ਾ ਖੜਕੇਗਾ।
" ਪੰਜਾਹ ਡਾਲਰ ਦਾ ਨੋਟ, ਜਿਹੜਾ ਮੈ ਤਹਾਨੂੰ ਫੜਾਇਆ ਸੀ, ਉਹ ਦੇ ਦੇਵੋ।"
" ਹੁਣੇ ਹੀ ਚਾਹੀਦਾ ਆ।" ਸ਼ਾਇਦ ਬੈਡ ਤੋਂ ਉੱਠਣਾ ਨਹੀ ਸੀ ਚਾਹੁੰਦੀ, " ਸਵੇਰੇ ਦੇ ਦੇਵਾਂਗੀ।"
" ਨਹੀ ਹੁਣੇ ਹੀ ਚਾਹੀਦਾ ਆ।"
" ਹੁਣੇ ਕੀ ਕਰਨਾ ਆ।"
" ਸਵੇਰੇ ਤੁਸੀ ਤਾਂ ਕੰਮ 'ਤੇ ਚਲੇ ਜਾਣਾ ਹੈ। ਹੁਣ ਹੀ ਫੜਾ ਦਿਉ।"
ਮੇਰੀ ਜ਼ਿਦ ਦੇਖ ਕੇ ਉਸ ਨੂੰ ਫਿਰ ਗੁੱਸਾ ਚੜ੍ਹ ਗਿਆ ਲੱਗਦਾ ਸੀ, ਕਿaਂਕਿ ਉਹ ਬੋਲੀ, " ਜੇ ਤੁਸੀ ਵਾਪਸ ਹੀ ਲੈਣਾ ਸੀ ਤਾਂ ਫੜਾਇਆ ਕਿਉਂ ਸੀ?"
" ਤੁਹਾਡੇ ਰਿਸ਼ਤੇਦਾਰਾਂ ਦੇ ਸਾਹਮਣੇ ਤੁਹਾਡੀ ਭਲ ਬਣਾaਣ ਲਈ।" ਮੈਂ ਬੋਲਿਆ, " ਤਾਂ ਜੋ ਉਹ ਇਹ ਸੋਚਣ ਕਿ ਮਂੈ ਤੁਹਾਡੀ ਕਿੰਨੀ ਇੱਜ਼ਤ ਕਰਦਾਂ ਹਾਂ।"
" ਇਸ ਤਰਾਂ ਦੀ ਇੱਜ਼ਤ ਅਤੇ ਭਲ ਤੋਂ ਮੈ ਉਦਾ ਹੀ ਚੰਗੀ।" ਉਸ ਨੇ ਦਰਵਾਜ਼ੇ ਵਿਚੋਂ ਦੀ ਪੰਜਾਹ ਦਾ ਨੋਟ ਬਾਹਰ ਸੁੱਟਦਿਆ ਆਖਿਆ, " ਅੱਗੋ ਤੋਂ ਇਸ ਤਰਾਂ ਦੀਆਂ ਫੋਕੀਆਂ ਹਰਕਤਾਂ ਮੇਰੇ ਨਾਲ ਨਾ ਕਰਨੀਆ।"
" ਅੱਗੇ ਦੀ ਤਾਂ ਅੱਗੇ ਹੀ ਦੇਖੀ ਜਾਵੇਗੀ।" ਮੈਂ ਉੱਚੀ ਅਵਾਜ਼ ਵਿਚ ਕਿਹਾ, " ਨਾਲੇ ਅੱਗੇ ਕਿਹੜਾ ਆਪਾਂ ਇੱਕਠਿਆ ਰਹਿਣਾ ਆ।"
ਉਹ ਕੁੱਝ ਨਾ ਬੋਲੀ।ਅੱਗੇ ਵੀ ਜਦੋਂ ਮੈਂ ਜੁਦਾ ਰਹਿਣ ਦੀ ਗੱਲ ਕਰਦਾਂ ਹਾਂ, ਉਹ ਇਕਦਮ ਚੁੱਪ ਹੋ ਜਾਂਦੀ ਹੈ।ਇਸ ਦਾ ਮਤਲਵ ਤਾਂ ਸ਼ਾਇਦ ਉਹ ਹੀ ਜਾਣਦੀ ਹੈ, ਮੇਰਾ ਦਿਲ ਹੋਰ ਹੀ ਅਰਥ ਕੱਢਦਾ ਲੈਂਦਾ। ਅਜਿਹੀਆਂ ਗੱਲਾਂ ਬਾਰੇ ਵਿਚਾਰ ਕਰਦਾ, ਆਪਣੇ-ਆਪ ਨੂੰ ਤਸੱਲੀ ਦੇਂਦਾਂ ਭੱਵਿਖ ਬਾਰੇ ਸੋਚਦਾ ਨੀਂਦ ਵਿਚ ਜਾ ਡੁੱਬਾ।
..ਚਲਦਾ...