41
ਇਕ ਦੋ ਹਫਤੇ ਇਸ ਤਰਾਂ ਹੀ ਗੁਜ਼ਰ ਗਏ।ਹਰਨੀਤ ਦੇ ਕਈ ਰਿਸ਼ਤੇਦਾਰਾਂ ਨੇ ਸਾਨੂੰ ਰੋਟੀ ਤੇ ਬੁਲਾਇਆ। ਉਸ ਦਿਨ ਮੈ ਉਸ ਨੂੰ ਕਿਹਾ ਸੀ ਕਿ ਮੈ ਨਹੀ ਜਾਣਾ, ਲੇਕਿਨ ਮੈ ਜਾਂਦਾ ਰਿਹਾ। ਕਿਸੇ ਨੂੰ ਵੀ ਮੇਰੇ ਅਤੇ ਹਰਨੀਤ ਦੇ ਰਿਸ਼ਤੇ ਉੱਤੇ ਸ਼ੱਕ ਨਹੀ ਹੋਇਆ।ਪਿੱਛਲੇ ਵੀਕਐਂਡ ਤੇ ਅਸੀ ਐਬਸਫੋਰਡ ਵਾਲੀ ਭੂਆ ਜੀ ਦੇ ਗਏ।ਗੱਲਾਂ ਗੱਲਾਂ ਵਿਚ ਭੁਆ ਜੀ ਮੁੰਡੇ ਜਿੰਦਰ ਨੇ ਕਿਹਾ, " ਜੇ ਪਰਾਉਣੇ ਨੂੰ ਅਜੇ ਕੰੰਮ ਨਹੀ ਮਿਲਦਾ ਤਾਂ ਸਾਡੇ ਕੋਲ ਛੱਡ ਜਾਉ।"
" ਇੱਥੇ ਇਹ ਕੀ ਕਰਨਗੇ।" ਹਰਨੀਤ ਦੇ ਡੈਡੀ ਨੇ ਕਿਹਾ, " ਹੁਣ ਤਾਂ ਫਾਰਮਾਂ ਵਿਚ ਵੀ ਕੰੰਮ ਨਹੀ ਹੈ।"
" ਕੋਈ ਨਹੀ ਇਹਨਾਂ ਨੂੰ ਖੇਤੀ ਕਰਨੀ ਸਿਖਾਂ ਦੇਵਾਂਗੇ।" ਜਿੰਦਰ ਨੇ ਹੱਸ ਕੇ ਕਿਹਾ, " ਹਰਨੀਤ, ਕਿਦਾਂ ਫਿਰ ਰੱਖ ਲਈਏ ਪ੍ਰਹਾਉਣੇ ਨੂੰ।"
" ਮੈਂਨੂੰ ਕੀ ਪਤਾ ਪ੍ਰਹਾਉਣੇ ਕੋਲੋ ਪੁੱਛੋ।" ਹਰਨੀਤ ਨੇ ਜ਼ਵਾਬ ਦਿੱਤਾ, "ਵੈਸੇ ਇਹ ਅਗਾਂਹ ਪੜ੍ਹਾਈ ਕਰਨ ਲਈ ਕਾਲਜ ਜਾ ਰਹੇ ਨੇਂ, ਨਾਲ ਇਹ ਆਪਣੇ ਕਾਰ ਦੇ ਲਾਈਸੈਂਸ ਲਈ ਕਿਤਾਬ ਵੀ ਪੜ੍ਹ ਰਹੇ ਆ।"
ਇਹ ਤਾਂ ਹਰਨੀਤ ਹੀ ਜਾਣਦੀ ਸੀ ਕਿ ਮੈ ਕਿਹੜੇ ਕਾਲਜ ਜਾ ਰਿਹਾ ਹਾਂ। ਕਿਉਂਕਿ ਮੈਨੂੰ ਤਾਂ ਕੁੱਝ ਨਹੀ ਸੀ ਪਤਾ।
" ਤੂੰ ਉਸ ਤਰਾਂ ਹੀ ਕਹਿ ਕਿ ਪ੍ਰਾਹਉਣੇ ਤੋਂ ਬਗ਼ੈਰ ਤੇਰਾ ਦਿਲ ਨਹੀ ਲੱਗ ਰਿਹਾ।" ਜਿੰਦਰ ਦੀ ਪਤਨੀ ਨੇ ਹੱਸ ਕੇ ਕਿਹਾ, " ਅੈਵੇਂ ਬਾਹਨੇ ਲਾਈ ਜਾਂਦੀ ਏ।"
ਉਸ ਦੀ ਗੱਲ ਨਾਲ ਸਾਰੇ ਹੱਸ ਪਏ, ਮੈ ਗੰਭੀਰ ਹੀ ਬਣਿਆ ਰਿਹਾ।ਆਉਣ ਲੱਗਿਆਂ ਉਹਨਾਂ ਨੇ ਮੈਨੂੰ ਅਲੱਗ ਪਿਆਰ ਦਿੱਤਾ ਅਤੇ ਹਰਨੀਤ ਨੂੰ ਅਲੱਗ।
ਆਉਣ ਸਮੇਂ ਕਾਰ ਵਿਚ ਬੈਠ ਦੇ ਸਾਰ ਹੀ ਮੈ ਪੈਸੇ ਹਰਨੀਤ ਨੂੰ ਫੜਾਉਣ ਲੱਗਾ ਤਾ ਉਹ ਬੋਲੀ, " ਕੋਈ ਨਹੀ ਆਪਣੇ-ਕੋਲ ਹੀ ਰੱਖ ਲਉ।"
" ਮੈ ਕਿਹੜੇ ਕਾਲਜ ਜਾ ਰਿਹਾ ਹਾਂ?"
" ਮੈ ਪਤਾ ਕਰ ਹਰੀ ਹਾਂ।"
" ਤੁਹਾਨੂੰ ਖੇਚਲ ਕਰਨ ਦੀ ਲੋੜ ਨਹੀ।" ਮੈ ਕਿਹਾ, " ਅਜੇ ਮੈ ਕਾਲਜ ਦੀ ਫੀਸ ਵੀ ਨਹੀ ਦੇ ਸਕਦਾ।"
" ਤੁਸੀ ਮੇਰੇ ਕੋਲੋ ਬੋਰਉ ਕਰ ਸਕਦੇ ਹੋ।"
" ਨਹੀ, ਤੁਸੀ ਰਹਿਣ ਦਿਉ।" ਮੈਂ ਸਾਫ ਨਾਹ ਕਰ ਦਿੱਤੀ, " ਮਨਜੀਤ ਛੇਤੀ ਹੀ ਮੇਰੇ ਲਈ ਕੋਈ ਕੰੰਮ ਲਭ ਰਿਹਾ ਹੈ, ਫਿਰ ਮੈ ਠਹਿਰ ਕੇ ਆਪ ਹੀ ਕਾਲਜ ਦਾ ਪਤਾ ਕਰ ਲਵਾਂਗਾ।"
" ਉਹ ਤਾਂ ਤੁਹਾਡੀ ਮਰਜ਼ੀ।" ਉਸ ਨੇ ਮੇਰੀ ਗੱਲ ਮੈਨੂੰ ਹੀ ਯਾਦ ਕਰਵਾਉਂਦਿਆ ਕਿਹਾ, " ਮੈਂ ਤਾਂ ਦੋਸਤੀ ਦਾ ਫਰਜ਼ ਨਿਭਾ ਰਹੀ ਸੀ।"
" ਮੈਨੂੰ ਨਹੀ ਲੱਗਦਾ ਕਿ ਆਪਣੀ ਦੋਸਤੀ ਵੀ ਨਿਭੇ।"
" ਕਿਉਂ?" ਉਸ ਕਾਰ ਦੀ ਸਪੀਡ ਹੌਲੀ ਕਰਦਿਆਂ ਪੁੱਛਿਆ, " ਦੋਸਤੀ ਅਜੇ ਸ਼ਰੂ ਵੀ ਨਹੀ ਹੋਈੇ ਤੁਸੀ ਖਤਮ ਵੀ ਕਰਨ ਤੇ ਆ ਗਏ।"
" ਵਿਆਹ ਤੋਂ ਬਾਅਦ ਕੋਈ ਵੀ ਕੁੜੀ ਕਿਸੇ ਮੁੰਡੇ ਨਾਲ ਦੋਸਤੀ ਨਹੀ ਰੱਖ ਸਕਦੀ।"
" ਕਿਉਂ?"
" ਉਸ ਦਾ ਪਤੀ ਕਦੇ ਬਰਦਾਸ਼ਤ ਨਹੀ ਕਰ ਸਕਦਾ ਕਿ ਉਸ ਪਤਨੀ ਦਾ ਕੋਈ ਮੁੰਡਾ ਦੋਸਤ ਹੋਵੇ।"
" ਸੈਂਡੀ ਇਦਾ ਦਾ ਨਹੀ।" aਸੁ ਨੇ ਸੈਂਡੀ ਦੀ ਸਿਫਤ ਕਰਦਿਆ ਕਿਹਾ, " ਉਹ ਕੈਨੇਡਾ ਦਾ ਜੰਮਿਆ ਹੋਣ ਕਾਰਣ ਬਹੁਤ ਹੀ ਬਰੋਡ ਮਾਂਈਡਡ ਹੈ।"
" ਅੱਛਾ।" ਮੈ ਕਿਹਾ, " ਫਿਰ ਤਾਂ ਤੁਸੀ ਬਹੁਤ ਹੀ ਲੱਕੀ ਹੋ।"
" ਐਵੇ ਥੌੜ੍ਹਾ ਉਸ ਨਾਲ ਵਿਆਹ ਕਰ ਰਹੀ ਹਾਂ।"
ਉਸ ਦੀ ਇਸ ਗੱਲ ਨੇ ਮੈਨੂੰ ਚੁੱਪ ਜਿਹਾ ਕਰਵਾ ਦਿੱਤਾ।ਉਹ ਆਪ ਹੀ ਫਿਰ ਬੋਲੀ, " ਹਾਂ ਸੱਚ ਤੁਸੀ ਕਹਿ ਰਹੇ ਸੀ ਕਿ ਸੈਂਡੀ ਨੂੰ ਮਿਲਣਾ ਹੈ।"
ਹਾਂ ਜੀ ਦੇ ਥਾਂ ਮੇਰੇ ਮੂੰਹੋ ਵਿਚੋਂ ਨਿਕਲਿਆ, " ਹੂੰ।"
" ਆਉਂਦੇ ਛਨੀਵਾਰ ਨੂੰ ਇਕ ਵਜੇ ਤਿਆਰ ਰਹਿਣਾ।" ਉਸ ਨੇ ਦੱਸਿਆ, " ਅਸੀ ਸਾਰੇ ਦੋਸਤ ਇਕੱਠੇ ਹੋ ਕੇ ਉਸ ਨੂੰ ਰੈਸਟੋਰੈਂਟ ਵਿਚ ਪਾਰਟੀ ਦੇ ਰਿਹੇ ਹਾਂ, ਉਸ ਦਾ ਬਰਥਡੇ ਹੈ।"
" ਤੁਹਾਡੀ ਫਰੈਂਡ ਕੀ ਨਾ ਸੀ ਉਸ ਦਾ।" ਮੈ ਜਾਣ ਕੇ ਕਿਹਾ, " ਤਨੂੰ, ਉਹ ਵੀ ਆਵੇਗੀ?"
ਉਸ ਨੇ ਕਾਰ ਨੂੰ ਬਰੇਕ ਲਾਉਂਦਿਆ ਕਿਹਾ, " ਕਿਉਂ?"
" ਕੁੜੀ ਚੰਗੀ ਲੱਗਦੀ ਆ।"
" ਫਿਰ।" ਉਸ ਨੇ ਖਿੱਝ ਕੇ ਕਿਹਾ, " ਮੇਰੀਆਂ ਫਰੈਂਡਜ ਤੋਂ ਤੁਸੀ ਦੂਰ ਹੀ ਰਹੋ।"
" ਕਿਉਂ ਏਨੀਆ ਖਤਰਨਾਕ ਨੇਂ?"
" ਪਰ ਤੁਸੀ ਉਸ ਵਿਚ ਦਿਲਚਸਪੀ ਕਿਉਂ ਦਿਖਾ ਰਹੇ ਹੋ।"
" ਮੇਰਾ ਮਤਲਵ ਸੀ ਕਿ ਤੁਸੀ ਤਾਂ ਸੈਂਡੀ ਨਾਲ ਬੀਜ਼ੀ ਹੋਣਾ ਤੇ ਮੈ…।"
ਮੇਰੀ ਗੱਲ ਉਸ ਨੇ ਪੂਰੀ ਵੀ ਨਾ ਹੋਣ ਦਿੱਤੀ ਵਿਚੋਂ ਹੀ ਬੋਲੀ, " ਹੁਸ਼ਿਆਰ ਬਣਨ ਦੀ ਕੋਸ਼ਿਸ਼ ਨਾ ਕਰੋ, ਕੱਲ੍ਹ ਨੂੰ ਤੁਸੀ ਜਾਣਾ ਹੈ ਸੈਂਡੀ ਨੂੰ ਮਿਲਣ, ਨਾ ਕੀ ਤਨੂੰ ਨੂੰ।"
" ਤੁਸੀ ਆਪ ਹੀ ਤਾਂ ਦੱਸਦੇ ਸੀ ਕਿ ਤਨੂੰ ਤੁਹਾਡੀ ਬਹੁਤ ਕਲੋਜ਼ ਫਰੈਂਡ ਹੈ।"
" ਸਿਰਫ ਮੇਰੀ ਹੀ ਕਲੋਜ਼ ਫਰੈਂਡ ਹੈ, ਤੁਹਾਡੀ ਨਹੀ।"
" ਬਣਾਉਣ ਨੂੰ ਤਾਂ ਤੁਹਾਡੇ ਤੋਂ ਵੀ ਜ਼ਿਆਦਾ ਉਸ ਨੂੰ ਕਲੋਜ਼ ਫਰੈਂਡ ਮੈ ਬਣਾ ਸਕਦਾਂ ਹਾਂ, ਪਰ…।
" ਕੀ ਪਰ…?"
" ਤੁਸੀ ਉਸ ਨੂੰ ਮੇਰੇ ਕਲੋਜ਼ ਹੋਣ ਹੀ ਨਹੀ ਦੇਣਾ ਚਾਹੁੰਦੇ।"
" ਤੁਸੀ ਉਸ ਨੂੰ ਕਲੋਜ਼ ਕਰਨਾ ਹੀ ਕਿਉਂ ਚਾਹੁੰਦੇ ਹੋ?"
" ਵਧੀਆ ਲੜਕੀ ਆ।" ਮੈ ਜਾਣ -ਬੁੱਝ ਕੇ ਕਿਹਾ, " ਉਸ ਦਿਨ ਵੀ ਬਹੁਤ ਹੀ ਪਿਆਰ ਨਾਲ ਮਿਲੀ।"
" ਮੈ ਘੱਟ ਵਧੀ…।" ਉਸ ਦੇ ਮੂੰਹ ਨਿਕਲਦੇ ਸ਼ਬਦਾਂ ਨੂੰ ਬਦਲ ਕੇ ਕਹਿਣ ਲੱਗੀ, " ਮੇਰਾ ਮਤਲਵ ਕਿ ਉਸ ਨੂੰ ਮਂੈ ਹੀ ਜਾਣਦੀ ਹਾਂ ਕਿ ਉਹ ਵਧੀਆ ਹੈ ਜਾਂ ਘਟੀਆ, ਨਾਲੇ ਜ਼ਨਾਬ ਸੈਡੀ ਦੀ ਗੱਲ ਚੱਲ ਰਹੀ ਆ ਤੁਸੀ ਖਾਹਮਖਾਹ ਤਨੂ ਵਿਚ ਲੈ ਆਏ।"
" ਬਹੁਤ ਵਾਰੀ ਗੱਲ ਸ਼ੁਰੂ ਕਿਸੇ ਹੋਰ ਮਕਸਦ ਲਈ ਹੁੰਦੀ ਆ ਅਤੇ ਨਿਬੜਦੀ ਕਿਸੇ ਹੋਰ ਮਕਸਦ ਨਾਲ।"
" ਮੇਰਾ ਤਾਂ ਖਿਆਲ ਹੈ ਕਿ ਗੱਲ ਨਿਬੇੜਨ ਲਈ ਮਕਸਦ ਚੰਗਾ ਹੋਣਾ ਚਾਹੀਦਾ।"
" ਹਾਂ ਜੀ।" ਮੈ ਸਿਧਾ ਹੀ ਕਿਹਾ, " ਜਿਵੇ ਤੁਸੀ ਵਿਆਹ ਮੇਰੇ ਨਾਲ ਕੀਤਾ,ਪਰ ਮਕਸਦ ਸੀ ਸੈਂਡੀ ਨਾਲ ਵਿਆਹ ਕਰਨ ਦਾ।"
" ਮੇਰਾ ਕੀ ਮਕਸਦ ਸੀ ਜਾਂ ਹੈ ਇਸ ਨੂੰ ਉਛਾਲਣ ਦਾ ਕੋਈ ਫਾਈਦਾ ਨਹੀ।" ਉਹ ਵੀ ਅੱਜ ਮੇਰੇ ਵਾਂਗ ਹੀ ਸਵਾਲ ਜ਼ਵਾਬ ਕਰਦੀ ਬੋਲ ਰਹੀ ਸੀ, " ਨਾਲੇ ਮੈ ਸਾਰਾ ਮੈਟਰ ਤੁਹਾਡੇ ਸਾਹਮਣੇ ਪਹਿਲਾਂ ਕਲੀਅਰ ਕਰ ਦਿੱਤਾ ਸੀ।"
ਮੇਰਾ ਦਿਲ ਤਾਂ ਕੀਤਾ ਕਿ ਇਕ-ਦੋ ਵਾਰੀ ਹੋਰ ਤਨੂ ਦਾ ਨਾਮ ਲੈ ਕੇ ਗੱਲ ਅੱਗੇ ਵਧਾਵਾਂ,ਪਰ ਮੈ ਚੁੱਪ ਹੋ ਗਿਆ ਅਤੇ ਗੱਲ ਹੋਰ ਪਾਸੇ ਪਾਉਣ ਲਈ ਕਹਿ ਵੀ ਦਿੱਤਾ, " ਕਿੰੰਨੀ ਕੁ ਦੇਰ ਲੱਗੇਗੀ ਤੁਹਾਡੀ ਬੇਸਮਿੰਟ ਵਿਚ ਪਹੁੰਚਣ ਨੂੰ।"
" ਉਹ ਬੇਸਮਿੰਟ ਤੁਹਾਡੀ ਵੀ ਹੈ।"
" ਮੈ ਸੋਚਦਾ ਮੂਵ ਹੋ ਜਾਵਾਂ।"
ਕਾਰ ਚਲਾਉਂਦੀ ਨੇ ਇਕਦਮ ਮੇਰੇ ਵੱਲ ਦੇਖ ਕੇ ਕਿਹਾ, " ਤੁਸੀ ਹੁਣੇ ਮੂਵ ਨਹੀ ਹੋ ਸਕਦੇ।"
" ਕਿਉਂ?"
" ਮੇਰੇ ਘਰਦਿਆਂ ਦੇ ਨਾਲ ਨਾਲ ਮੇਰੇ ਰਿਸ਼ਤੇਦਾਰ ਵੀ ਇਹ ਸਮਝਦੇ ਨੇ ਤੁਸੀ ਮੇਰੇ ਹਸਬੈਂਡ ਹੋ, ਤੁਸੀ ਅਲੱਗ ਰਹਿਣ ਲੱਗ ਪਏ ਤਾਂ ਉਹ ਕੀ ਸੋਚਣਗੇ?"
" ਤੁਹਾਨੂੰ ਤਾਂ ਸਗੋ ਬਹਾਨਾ ਮਿਲ ਜਾਵੇਗਾ ਕਿ ਸਾਡੀ ਲੜਾਈ ਹੋ ਗਈ ਅਸੀ ਅੱਡ ਅੱਡ ਰਹਿਣ ਲੱਗੇ।"
" ਇਹ ਸਾਰਾ ਕੁੱਝ ਮੈ ਪੇਲੈਨ ਕੀਤਾ ਹੋਇਆ ਹੈ।" ਉਸ ਨੇ ਦੱਸਿਆ ਟਾਈਮ ਆਉਣ ਤੇ ਦਸ ਦੇਵਾਂਗੀ।"
"ਟਾਈਮ ਤੋਂ ਪਹਿਲਾਂ ਹੀ ਦੱਸ ਦਿਉ।"
" ਕਿਉਂ"?
"ਕੀ ਪਤਾ ਟਾਈਮ ਆਉਣ ਉੱਪਰ ਤੁਸੀ ਕੀ ਕਹਿਣਾ।" ਮੈ ਹੱਸਦੇ ਅਜਿਹੇ ਕਿਹਾ, " ਪਹਿਲਾ ਦੱਸ ਦੇਵੋਗੇਂ ਤਾਂ ਮੈ ਉਸ ਆਉਣ ਵਾਲੇ ਸਮੇਂ ਦਾ ਸਾਹਮਣਾ ਚੰਗੀ ਤਰਾਂ ਕਰ ਲਵਾਂਗਾ।"
ਮੇਰੀ ਗੱਲ ਸੁਣ ਕੇ ਉਹ ਉੱਚੀ ਅਵਾਜ਼ ਵਿਚ ਹੱਸ ਪਈ ਅਤੇ ਮੈਨੂੰ ਇਸ ਤਰਾਂ ਮਹਿਸੂਸ ਹੋਇਆ ਕਿ ਉਸ ਦੇ ਹਾਸੇ ਦੀ ਮਹਿਕ ਰਾਤ ਦੇ ਹਨੇਰੇ ਵਿਚ ਮਿਲ ਕੇ ਕਾਰ ਦੀ ਖਿੜਕੀ ਵਿਚੋਂ ਨਿਕਲ ਕੇ ਬਾਹਰ ਸੜਕ ਉੱਪਰ ਵੀ ਫੈਲ ਗਈ ਹੋਵੇ। ਬੇਸ਼ੱਕ ਮੈ ਆਪ ਵੀ ਉਸ ਵਾਂਗ ਹੀ ਹੱਸਿਆ ਸੀ ਤਾਂ ਵੀ ਉਸ ਨੂੰ ਪੁੱਛਣ ਲੱਗਾ, " ਤੁਸੀ ਹੱਸੇ ਕਿਉਂ?"
"ਤੁਸੀ ਗੱਲ ਹੀ ਹੱਸਣ ਵਾਲੀ ਕੀਤੀ।"
"ਕੀ ਮਤਲਵ?"
" ਤੁਸੀ ਆਉਣ ਵਾਲੇ ਟਾਈਮ ਤੋਂ ਇਸ ਤਰਾਂ ਡਰ ਰਹੇ ਹੋ ਜਿਵੇ ਕੋਈ ਬੰਬ ਫਟਣਾ ਹੋਵੇ।"
"ਕਈ ਵਾਰੀ ਸਮਾਂ ਤਾਂ ਬੰਬ ਨਾਲੋ ਵੀ ਭਿਆਨਕ ਬਣ ਜਾਂਦਾ ਹੈ।"
"ਕਿਵੇ"? ਹਰਨੀਤ ਨੇ ਸਕਾਟ ਰੋਡ ਤੇ ਕਾਰ ਪਾਉਂਦੇ ਕਿਹਾ, " ਸਮੇਂ ਦਾ ਬੰਬ ਨਾਲ ਕੀ ਰਿਲਸ਼ੇਨ?
ਬਹੁਤੀ ਵਾਰੀ ਬੰਬ ਫਟਣ ਨਾਲ ਆਸੇ-ਪਾਸੇ ਲੋਕਾਂ ਦੀ ਮੌਤ ਹੋ ਜਾਂਦੀ ਆ ਅਤੇ ਉਹਨਾਂ ਨੂੰ ਪਤਾ ਵੀ ਨਹੀ ਲੱਗਦਾ ਕਿ ਬੰਬ ਫਟਿਆ ਹੈ, ਪਰ ਮਾੜਾ ਸਮਾਂ ਲੋਕਾਂ ਦੀਆਂ ਭਾਵਨਾਵਾ ਦਾ ਖਿਲਵਾੜ ਕਰ ਜਾਂਦਾ ਹੈ ਅਤੇ ਇਸ ਤਰਾਂ ਦਾ ਜ਼ਖਮ ਦੇ ਜਾਂਦਾ ਹੈ ਜੋ ਸਾਰੀ ਉਮਰ ਹੀ ਰਿਸਦਾ ਰਹਿੰਦਾ ਹੈ।"
" ਬੰਬ ਵੀ ਤਾਂ ਕਈਆਂ ਦੇ ਜ਼ਖਮ ਕਰ ਹੀ ਜਾਂਦਾ ਹੈ।" ਉਸ ਨੇ ਜ਼ਵਾਬ ਦਿੱਤਾ।
" ਵੈਸੇ ਜ਼ਖਮ ਚਾਹੇ ਬੰਬ ਦੇ ਹੋਣ ਜਾਂ ਮਾੜੇ ਸਮੇਂ ਦੇ ਬੰਦੇ ਨੂੰ ਰੋਲ ਕੇ ਰੱਖ ਦਿੰਦੇ ਨੇ।"
" ਕਈ ਵਾਰੀ ਮੈਨੂੰ ਤੁਹਾਡੀ ਥਿੰਕਇੰਗ ਨੂੰ ਅੰਡਰਸਟੈਂਡ ਕਰਨਾ ਡਿਫੀਕਲਟ ਲੱਗਦਾ ਹੈ।"
" ਇਹ ਹੀ ਤਾਂ ਪਰੋਬਲਮ ਹੈ, ਤੁਹਾਡੇ ਵਰਗੀਆਂ ਕੁੜੀਆਂ ਡੂੰਘੀ ਥਿੰਕਇੰਗ ਨੂੰ ਸਮਝ ਹੀ ਨਹੀ ਸਕਦੀਆਂ। ਬੇਸਮਝ ਜਿਹੀਆਂ।"
" ਤੁਹਾਡਾ ਕੀ ਮਤਲਵ ਮੈ ਡਮ ਆ।"
" ਉਹ ਤਾਂ ਤਹਾਨੂੰ ਹੀ ਪਤਾ ਹੋਵੇਗਾ।"
" ਮਿਸਟਰ ਮਨਮੀਤ, ਆਪਣੀ ਡੀਪ ਥਿੰਕਇੰਗ ਆਪਣੇ ਕੋਲ ਹੀ ਰੱਖੋ,ਪਰ ਅੱਜ ਤੋਂ ਬਾਅਦ ਮੈਨੂੰ ਬੇਸਮਝ ਨਹੀ ਕਹਿਣਾ।"
ਦਿਲ ਤਾਂ ਕਰੇ ਕਿ ਕਹਿ ਦੇਵਾਂ ਹੋਰ ਤੈਨੂੰ ਕੀ ਕਹਾਂ,ਪਰ ਰਾਤ ਦੀ ਚੁੱਪ ਵਿਚ ਲੜਾਈ ਵਧਾਉਣੀ ਚੰਗੀ ਨਾ ਸਮਝੀ। ਵੈਸੇ ਵੀ ਘਰ ਦੇ ਕੋਲ ਪੁੱਜਣ ਵਾਲੇ ਹੀ ਸੀ। ਇਸ ਲਈ ਸਿਰਫ ਇੰਨਾ ਹੀ ਕਿਹਾ, " ਅੱਛਾ ਜੀ।"
" ਗੁੱਡ।" ਉਸ ਨੇ ਕਾਰ ਪਾਰਕ ਕਰਦੇ ਅਤੇ ਇੰਜ਼ਣ ਨੂੰ ਬੰਦ ਕਰਦੇ ਕਿਹਾ, " ਤੁਸੀ ਛਨੀਵਾਰ ਨੂੰ ਪਾਰਟੀ ਤੇ ਜਾਣ ਲਈ ਟਾਈਮ ਤੇ ਤਿਆਰ ਹੋ ਜਾਣਾ।
42
ਸ਼ੁਕਰਵਾਰ ਦੀ ਰਾਤ ਨੂੰ ਅਸੀ ਅਜੇ ਆਪਣੇ ਕਮਰਿਆਂ ਵਿਚ ਗਏ ਹੀ ਸਾਂ ਕਿ ਫੋਨ ਵਜ ਪਿਆ। ਹਰਨੀਤ ਨੇ ਹੈਲੋ ਕਹਿ ਫੋਨ ਚੁਕਿਆ, " ਐਕਸੀਡੈਂਟ ਹੋ ਗਿਆ….… ਸੱਟਾਂ ਤੇ ਨਹੀ ਵਜੀਆਂ …. ਦੋਨੋ ਠੀਕ ਹੋ…ਅੱਛਾ ਆਉਂਦੀ ਹਾਂ ਤਹਾਨੂੰ ਲੈਣ।" ਫੋਨ ਰੱਖਦੇ ਸਾਰ ਹੀ ਹਰਨੀਤ ਮੇਰੇ ਕਮਰੇ ਵਿਚ ਸਿਧੀ ਦੌੜੀ ਆਈ, " ਛੇਤੀ ਕਰੋ ਆਪਣਾ ਬੈਡ ਖਾਲੀ ਕਰ ਦਿਉ।"
" ਕੀ ਹੋ ਗਿਆ?" ਮੈ ਘਬਰਾ ਕੇ ਪੁੱਛਿਆ, " ਕੌਣ ਆ ਰਿਹਾ ਹੈ।"
" ਐਬਸਫੋਰਡ ਵਾਲੀ ਭੂਆ ਅਤੇ ਜਿੰਦਰ ਚਾਚਾ ਜੀ।" ਹਰਨੀਤ ਨੇ ਦੱਸਿਆ, " ਉਹ ਇੱਥੇ ਕਿਤੇ ਲਾਗੇ ਹੀ ਆ। ਜਿੰਦਰ ਚਾਚੇ ਦੀ ਉਹ ਹੀ ਪੁਰਾਣੀ ਆਦਤ, ਪੀ ਕੇ ਗੱਡੀ ਚਲਾਉਣੀ।"
" ਐਕਸੀਂਡੈਟ ਹੋ ਗਿਆ?" ਮੈਂ ਅੰਦਾਜ਼ਾ ਲਾਉਂਦੇ ਨੇ ਪੁੱਛਿਆ।
" ਹਾਂ ਜੀ।" ਹਰਨੀਤ ਨੇ ਕਿਹਾ, " ਗੱਡੀ ਸਾਈਡਵਾਕ ਤੇ ਚਾੜ ਦਿਤੀ ਅਤੇ ਫਾਈਰਹੈਂਡਰਟ ਨਾਲ ਟਕਰਾ ਗਈ।"
" ਪਰ ਬੈਡ ਕਿਉਂ ਖਾਲੀ ਕਰਨਾ ਹੈ?"
" ਉਹਨਾਂ ਨੇ ਰਾਤ ਇੱਥੇ ਹੀ ਰਹਿਣਾ ਹੈ, ਉਹਨਾਂ ਦੀ ਕਾਰ ਖਰਾਬ ਹੋ ਗਈ।"
" ਉਹਨਾਂ ਨੂੰ ਐਬਸਫੋਰਡ ਛੱਡ ਆਉ।"
" ਆਹ ਕੋਈ ਟਾਈਮ ਆ ,ਉਹਨਾਂ ਨੂੰ ਐਬਸਫੋਰਡ ਛੱਡਣ ਦਾ।"
" ਆਪਣੇ ਡੈਡੀ ਦੇ ਛੱਡ ਆਉ।"
" ਉਹਨਾਂ ਦੀ ਕਾਰ ਦਾ ਐਕਸੀਡੈਂਟ ਸਾਡੇ ਘਰ ਲਾਗੇ ਹੋਇਆ ਆ।" ਹਰਨੀਤ ਨੇ ਦੱਸਿਆ, " ਉਹ ਆਪ ਹੀ ਕਹਿੰਦੇ ਸੀ ਅਸੀ ਸਵੇਰ ਨੂੰ ਚਲੇ ਜਾਵਾਂਗੇ।"
" ਮੈ ਕਿੱਥੇ ਸੌਂਵਾਗਾ?"
" ਸੋਚਦੇ ਹਾ, ਪਹਿਲਾ ਇਹ ਰੂਮ ਖਾਲੀ ਕਰੋ।"
ਮੈਂ ਛੇਤੀ ਛੇਤੀ ਬੈਡ ਬਣਾਉਂਦਾ ਜਾਣ ਕੇ ਬੋਲ ਰਿਹਾ ਸੀ, " ਪੰਜਾਬ ਵਿਚ ਤਾਂ ਬਿਨਾ ਦੱਸੇ ਪਰਾਉਣੇ ਆ ਹੀ ਜਾਂਦੇ ਆ, ਇੱਥੇ ਵੀ ਉਹ ਹੀ ਕੁੱਝ।"
" ਗੱਲਾ ਨਾ ਬਣਾਉ, ਛੇਤੀ ਰੂਮ ਸਵਾਰ ਦਿਉ।" ਹਰਨੀਤ ਆਪਣੀ ਜੁਤੀ ਪਾਉਂਦੀ ਬੋਲੀ,, " ਮੈ ਹੁਣੇ ਹੀ ਉਹਨਾਂ ਨੂੰ ਲੈ ਕੇ ਆਉਂਦੀ ਹਾਂ।"
ਆਪਣੀਆਂ ਮੋਟੀਆਂ ਮੋਟੀਆਂ ਚੀਜ਼ਾ ਛੇਤੀ ਛੇਤੀ ਕਰਕੇ ਹਰਨੀਤ ਦੇ ਰੂਮ ਵਿਚ ਸੁੱਟਣ ਲੱਗਾ। ਮੈ ਕਮਰੇ ਨੂੰ ਇਸ ਤਰਾਂ ਬਣਾ ਦਿੱਤਾ ਜਿਵੇ ਇੱਥੇ ਕੋਈ ਸੋਂਦਾ ਹੀ ਨਾ ਹੋਵੇ। ਮੈਨੂੰ ਇਹ ਵੀ ਫਿਕਰ ਨਾਲ ਹੀ ਲੱਗਾ ਹੋਇਆ ਸੀ ਕਿ ਮੈ ਕਿੱਥੇ ਸੌਂਵਾਂਗਾ?
ਛੇਤੀ ਹੀ ਹਰਨੀਤ ਉਹਨਾਂ ਨੂੰ ਲੈ ਕੇ ਆ ਗਈ। ਆਉਂਦੀ ਹੀ ਭੂਆ ਜੀ ਬੋਲੀ, " ਭਾਈ, ਸੌਰੀ ਆ, ਤਹਾਨੂੰ ਰਾਤ ਨੂੰ ਭੜਥੂ ਪਾਇਆ।"
ਮੈ ਨਾਟਕ ਕਰਦਾ ਬੋਲਿਆ, " ਤਾਂ ਕੀ ਹੋਇਆ, ਆਪਣਾ ਹੀ ਤਾਂ ਘਰ ਆ। ਸੱਟ ਤਾਂ ਨਹੀ ਲੱਗੀ।"
" ਉਹ ਤਾਂ ਪਰਮਾਤਮਾ ਦਾ ਸ਼ੁਕਰ ਆ।" ਭੂਆ ਨੇ ਆਪਣਾ ਸੱਜਾ ਮੋਢਾ ਘੁੱਟਦੇ ਆਖਿਆ, " ਇਥੌ ਜਰਾ ਦੁਖਦਾ, ਜਾਂ ਆ ਸੜ ਜਾਣਾ ਗੋਡਾ ਪਹਿਲਾਂ ਹੀ ਦੁਖਦਾ ਹੁੰਦਾ ਸੀ,ਹੁਣ ਹੋਰ ਦੁਖਣ ਲੱਗ ਪਿਆ।"
" ਠੀਕ ਹੋ ਤੁਸੀ?" ਮੈ ਭੂਆ ਨੂੰ ਫੜ੍ਹ ਕੇ ਸੋਫੇ ਤੇ ਬਿਠਾਉਂਦੇ ਪੁੱਛਿਆ, " ਪੀਣ ਨੂੰ ਕੁੱਝ ਲਿਆਂਵਾਂ?"
" ਬਸ ਕੁਛ ਨਹੀ ਚਾਹੀਦਾ।" ਭੂਆ ਨੇ ਆਪਣੀ ਚੁੰਨੀ ਦੀ ਤਹਿ ਲਾਉਂਦਿਆਂ ਆਖਿਆ, " ਮੰਜ਼ਾ ਦੇ ਦਿਉ ਮੈ ਗੋਲੀ ਲੈ ਕੇ ਡਿਗ ਪੈਣਾ ਚਾਹੁੰਦੀ ਆ।"
" ਗੋਲੀ ਕਿਹੜੀ ਖਾਣੀ ਚਾਹੁੰਦੇ ਹੋ?" ਹਰਨੀਤ ਨੇ ਪੁੱਛਿਆ, "ਟੈਨਿਉਲ ਦੇਵਾਂ?
" ਹਾਂ ਇਹ ਹੀ ਦੇ ਦੇ।" ਭੁਆ ਆਪਣੀ ਮੋਟੀ ਅਜਿਹੀ ਕੋਟੀ ਉਤਾਰਦੀ ਬੋਲੀ, "ਜਿੰਦਰ ਨੂੰ ਵੀ ਦੇ ਦੇ ਇਕ ਰਗੜਾ-ਰੁਗੜਾ ਲੱਗੀਆਂ ਠੀਕ ਹੋ ਜਾਣਗੀਆਂ।"
" ਹੋਇਆ ਕੀ।" ਮੈਂ ਭੂਆ ਨੂੰ ਪਾਣੀ ਦਾ ਗਿਲਾਸ ਦਿੰਦੇ ਕਿਹਾ, " ਆਏ ਕਿੱਥੋਂ ਹੋ?"
" ਮੇਰੇ ਫਰੈਂਡ ਦੇ ਘਰ ਪਾਰਟੀ ਸੀ।" ਜਿੰਦਰ ਚਾਚਾ ਆਪਣੀ ਕਹੂਣੀ ਤੇ ਬੈਂਡਜ਼ ਲਾਉਂਦੇ ਨੇ ਦੱਸਿਆ, " ਕਹਿੰਦਾ ਜ਼ਰੂਰ ਆਇਉ, ਕੀ ਪਤਾ ਸੀ ਆ ਮਾਂ..।?
ਜਿੰਦਰ ਚਾਚਾ ਜੀ ਦੇ ਗਾਹਲ ਕੱਢਣ ਤੋਂ ਪਹਿਲਾਂ ਹੀ ਮੈਂ ਬੋਲ ਪਿਆ, " ਜੋ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ।"
" ਕੁੱਛ ਨਹੀ ਸੀ ਹੋਣਾ।" ਭੂਆ ਗੋਲੀ ਮੂੰਹ ਵਿਚ ਪਾਉਂਦੀ ਬੋਲੀ, " ਜੇ ਜਿੰਦਰ ਡਫਦਾ ਨਾ।"
" ਬੀਬੀ, ਆ ਤੈਂਨੂੰ ਵਹਿਮ ਆ।" ਜਿੰਦਰ ਬੋਲਿਆ, " ਮੈ ਕਿੱਥੇ ਪੀਤੀ, ਬਸ ਜਗੀਰੀ ਜ਼ੋਰ ਲਾਉਣ ਲੱਗ ਪਿਆ ਤਾਂ ਮਾੜਾ ਜਿਹਾ ਸੰਘ ਗਿਲਾ ਕੀਤਾ।"
" ਕਿੰਂਨਾ ਕੁ ਸੰਘ ਗਿਲਾ ਕੀਤਾ ਮੈਨੂੰ ਸਭ ਪਤਾ।" ਭੂਆ ਜੀ ਨੇ ਪਾਣੀ ਵਾਲਾ ਗਿਲਾਸ ਸੋਫੇ ਦੇ ਕੋਲ ਥੱਲੇ ਰੱਖਦੇ ਕਿਹਾ, " ਤੂੰ ਇਹ ਜ਼ਹਿਰ ਤੋਂ ਬਗ਼ੈਰ ਰਹਿ ਹੀ ਨਹੀ ਸਕਦਾ।"
" ਹਰਨੀਤ, ਮੈ ਕਿਤੇ ਸ਼ਰਾਬੀ ਲੱਗਦਾ।" ਜਿੰਦਰ ਨੇ ਹਰਨੀਤ ਨੂੰ ਅਵਾਜ਼ ਮਾਰ ਕੇ ਪੁੱਛਿਆ ਜੋ ਇਕ ਅਲਮਾਰੀ ਵਿਚੋਂ ਸਹਰਾਣੇ ਕੱਢ ਰਹੀ ਸੀ, ਉੱੱਥੋਂ ਹੀ ਹੱਸਦੀ ਹੋਈ ਬੋਲੀ, " ਚਾਚਾ ਜੀ, ਤੁਸੀ ਤਾਂ ਸੋਫੀਆਂ ਨਾਲੋ ਵੀ ਸਿਆਣੇ ਲੱਗਦੇ ਆ।"
" ਇਹਦੇ ਵਰਗੇ ਸਿਆਣੇ ਤਾਂ।" ਭੂਆ ਖਿਝੀ ਹੋਈ ਬੋਲੀ, " ਘਰ ਘਰ ਜੰਮਣ।"
" ਬੀਬੀ, ਮੈ ਤੁਹਾਨੂੰ ਦੱਸੀ ਜਾਦਾਂ ਹਾਂ ਕਿ ਸ਼ਰਾਬ ਪੀਤੀ ਕਰਕੇ ਐਕਸੀਡੈਂਟ ਨਹੀ ਹੋਇਆ।" ਜਿੰਦਰ ਨੇ ਭੂਆ ਦੇ ਕੋਲ ਜਾ ਕੇ ਕਿਹਾ, " ਦੇਖੋ ਤਾਂ ਮੇਰੇ ਮੂੰਹ ਵਿਚੋਂ ਕਿਤੇ ਸ਼ਰਾਬ ਦੀ ਸਮਿਲ ਆਉਂਦੀ ਆ।"
" ਪਰੇ ਹੋ ਜਾ।" ਭੂਆ ਨੇ ਜਿੰਦਰ ਨੂੰ ਧੱਕਾ ਮਾਰਦੇ ਕਿਹਾ, " ਹੋਰ ਐਵੇ ਮੇਰੇ ਕੋਲੋ ਤੇਰੇ ਲਗ ਨਾ ਜਾਵੇ।"
ਭੂਆ ਅਤੇ ਜਿੰਦਰ ਨੂੰ ਦੇਖ ਕੇ ਮੈਂਨੂੰ ਦੇਬੀ ਅਤੇ ਮਾਸੀ ਦੀ ਯਾਦ ਆ ਗਈ, ਜੋ ਬਿਲਕੁਲ਼ ਇੰਝ ਹੀ ਲੜਦੇ ਹੁੰਦੇ ਸੀ।ਪਿੰਡ ਦੀ ਯਾਦ ਵਿਚੋਂ ਮੈਂਨੂੰ ਹਰਨੀਤ ਦੀ ਅਵਾਜ਼ ਨੇ ਕੱਢਿਆ, ਜੋ ਭੂਆ ਜੀ ਨੂੰ ਕਹਿ ਰਹੀ ਸੀ, " ਭੂਆ ਜੀ, ਆ ਜਾਉ, ਬੈਡ ਬਣਾ ਦਿੱਤਾ।"
" ਰਾਜ਼ੀ ਰਹੋ।" ਭੂਆ ਕਹਿੰਦੀ ਹੋਈ ਬਿਸਤਰੇ ਤੇ ਪੈ ਗਈ।
" ਮੈਨੂੰ ਸਿਹਰਾਣਾ ਦੇ ਦਿਉ।" ਜਿੰਦਰ ਨੇ ਸੋਫੇ ਵੱਲ ਇਸ਼ਾਰਾ ਕਰਦੇ ਕਿਹਾ, " ਮੈ ਤਾਂ ਇਸ ਸੋਫੇ ਤੇ ਹੀ ਪੈ ਜਾਣਾ ਆ।"
ਹਰਨੀਤ ਨੇ ਉਸ ਨੂੰ ਕੰਬਲ ਅਤੇ ਸਿਹਰਾਣਾ ਦੇ ਦਿੱਤਾ ਤੇ ਉਹ ਉੱਥੇ ਹੀ ਪੈ ਗਿਆ।
ਹਰਨੀਤ ਆਪਣੇ ਕਮਰੇ ਵਿਚ ਗਈ ਤਾਂ ਮੈਂ ਵੀ ਉਸ ਦੇ ਪਿੱਛੇ ਚਲਾ ਗਿਆ ਅਤੇ ਸਿਧਾ ਹੀ ਪੁੱਛਿਆ, " ਮੈ ਕਿੱਥੇ ਸੌਂਣਾ ਹੈ?"
ਉਹ ਹੱਸਦੀ ਹੋਈ ਵੇਪਰਵਾਹ ਬੋਲੀ, " ਮੈਨੂੰ ਕੀ ਪਤਾ।"
" ਪਤਾ ਕਿਉਂ ਨਹੀ।" ਮੈ ਉਸ ਦੇ ਬੈਡ ਉੱਪਰ ਬੈਠਦੇ ਕਿਹਾ, " ਮੈ ਇੱਥੇ ਸੌਂਵੇਗਾ।"
" ਨਹੀ, ਇੱਥੇ ਮੈ ਸੌਵਾਂਗੀ।" ਉਸ ਨੇ ਕੰਬਲ ਨੂੰ ਆਪਣੇ ਵੱਲ ਖਿਚਦੇ ਕਿਹਾ, " ਤੁਸੀ ਥੱਲੇ ਰਗ ਤੇ ਸੌਂ ਜਾਵੋ।"
" ਮੈ ਨਹੀ ਰਗ ਤੇ ਸੌਂਣਾ।" ਮੈ ਥੋੜ੍ਹਾ ਉੱਚੀ ਅਵਾਜ਼ ਵਿਚ ਕਿਹਾ, " ਉਹਨਾਂ ਪ੍ਰਹਾਉਣਿਆ ਦੀ ਸੇਵਾ ਕਰ ਰਿਹੇ ਹੋ, ਮੈ ਵੀ ਤਾਂ ਪ੍ਰਹਾਉਣਾ ਹੀ ਹਾਂ।"
ਹਰਨੀਤ ਨੇ ਉਂਗਲ ਆਪਣੇ ਬੁੱਲਾਂ ਤੇ ਰੱਖ ਕੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦੇ ਕਿਹਾ, " ਚੁੱਪ, ਹੌਲੀ ਬੋਲੋ।"
ਨਾਲ ਹੀ ਉਸ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਡਰੈਸਰ ਨੂੰ ਖਿਚੱਦੀ ਹੋਈ ਬੋਲੀ, " ਆ ਡੈਰਸਰ ਮੇਰੇ ਨਲ ਮੂਵ ਕਰਵਾਉ।"
" ਹੁਣ ਇਹਨੂੰ ਕਿੱਥੇ ਨੂੰ ਖੜ੍ਹਣਾ।"
" ਇੱਥੇ ਵਿਚਕਾਰ ਕਰਨਾ ਆ।"
ਮੈ ਡਰੈਸਰ ਨਾਲ ਮੂਵ ਕਰਵਾਉਂਦਾਂ ਹੋਇਆ ਬੋਲਿਆ, " ਤੁਸੀ ਭੂਆ ਨੂੰ ਇੱਥੇ ਜਿਉਂ ਲੈ ਆਏ, ਆਪਣੇ ਮੱਮੀ ਦੇ ਘਰ ਹੀ ਛੱਡ ਆਉਂਦੇ।"
" ਮੈ ਕਿਹਾ ਸੀ ਭੂਆ ਨੂੰ।" ਡਰੈਸਰ ਦੀ ਇਕ ਸਾਈਡ ਜ਼ਮੀਨ ਤੇ ਰੱਖਦੀ ਹਰਨੀਤ ਬੋਲੀ, " ਉਹ ਕਹਿਣ ਲੱਗੇ ਲੰਮੇ ਹੀ ਪੈਣਾ, ਹੁਣ ਤੁਹਾਨੂੰ ਤਾਂ ਜਗਾਇਆ ਹੀ ਹੈ, ਉਹਨਾਂ ਦੀ ਕਾਹਨੂੰ ਨੀਂਦ ਖਰਾਬ ਕਰਨੀ।"
" ਉਹਨਾਂ ਦੀ ਕਾਹਨੂੰ ਕਰਨੀ।" ਮੈ ਖਿੱਝ ਕੇ ਕਿਹਾ, " ਮੇਰੀ ਤਾਂ ਹੋ ਗਈ।"
" ਮੇਰੀ ਨਹੀ ਹੋਈ ਨਾਲ ।" ਹਰਨੀਤ ਜ਼ਮੀਨ ਤੇ ਗੱਦਾ ਜਿਹਾ ਸੁੱਟਦੀ ਬੋਲੀ, " ਡਰੈਸਰ ਦੇ ਇਸ ਪਾਸੇ ਗੱਦੇ ਤੇ ਮੈ ਸੌਂ ਜਾਂਦੀ ਹਾਂ, ਦੂਜੇ ਪਾਸੇ ਜਾ ਕੇ ਬੈਡ ਉੱਪਰ ਚੁੱਪ ਕਰਕੇ ਸੌਂ ਜਾਉ।"
" ਮੈ ਤਾਂ ਅਜੇ ਨਾਵਲ ਪੜ੍ਹਨਾ ਹੈ।"
" ਕੋਈ ਨਾਵਲ-ਨੁਵਲ ਨਹੀ ਪੜ੍ਹਨਾ।" ਗੱਦੇ ਤੇ ਪੈਂਦੀ ਹਰਨੀਤ ਨੇ ਆਖਿਆ, " ਲਾਈਟ ਅੋਫ ਕਰ ਦਿਉ।"
" ਮੈਂਨੂੰ ਤਾਂ ਪੜ੍ਹਨ ਤੋਂ ਬਗ਼ੈਰ ਨੀਂਦ ਨਹੀ ਆਉਣੀ।"
" ਮੈ ਲਾਈਟ ਵਿਚ ਨਹੀ ਸੌਂ ਸਕਦੀ।" ਇਹ ਕਹਿੰਦਿਆ ਉਸ ਨੇ ਬਤੀ ਬੁਝਾ ਦਿੱਤੀ। ਮੈ ਚੁੱਪ ਕਰਕੇ ਬੱਤੀ ਫਿਰ ਜਗਾ ਦਿਤੀ। ਦੋ ਕੁ ਮਿੰਟ ਇਹ ਹੀ ਖੇਲ ਚਲਦਾ ਰਿਹਾ। ਹਰਨੀਤ ਹਾਰ ਕੇ ਸਿਹਰਾਣਾ ਮੂੰਹ ਉੱਪਰ ਲੈ ਕੇ ਲੰਮੀ ਪੈ ਗਈ। ਮੈ ਹੌਲੀ ਜਿਹੀ ਡਰੈਸਰ ਦੇ ਉਪਰੋਂ ਦੇਖਿਆ, ਥੱਲੇ ਪਈ ਹਰਨੀਤ ਤੇ ਮੈਨੂੰ ਇਕਦਮ ਤਰਸ ਜਿਹਾ ਆ ਗਿਆ। ਮੈ ਬੈਡ ਤੋਂ ਉੱਤਰ ਕੇ ਘੁੰਮ ਕੇ ਉਸ ਕੋਲ ਗਿਆ ਅਤੇ ਕਿਹਾ, " ਜਾਉ ਤੁਸੀ ਆਪਣੇ ਬੈਡ ਤੇ ਸੌਂ ਜਾਉ, ਮੈ ਇੱਥੇ ਥੱਲੇ ਪੈ ਜਾਦਾਂ ਹਾਂ।"
" ਮੈ ਠੀਕ ਹਾਂ ਇੱਥੇ।" ਉਹ ਪਾਸਾ ਪਲਟਦੀ ਬੋਲੀ, " ਆਕੜ ਵੀ ਨਹੀ ਪਾਈ ਜਾਂਦੀ, ਪਹਿਲਾਂ ਰੌਲਾ ਪਾਇਆ ਸੀ ਕਿ ਬੈਡ ਤੇ ਸੋਂਣਾ ਆ, ਹੁਣ ਥੱਲੇ ਸੋਂਣਾ ਆ।"
" ਅਸੀ ਇਦਾ ਹੀ ਕਰੀਦਾ ਹੈ।" ਮੈ ਉਸ ਦੇ ਨਾਲ ਗੱਦੇ ਤੇ ਪੈਂਦਿਆ ਆਖਿਆ, " ਆਪਣੀ ਮਰਜ਼ੀ ਚਲਾਈਦੀ ਆ।"
" ਤਾਹੀਉਂ ਤਾਂ ਕੈਨੇਡਾ ਦੀਆਂ ਕੁੜੀਆਂ ਤਹਾਨੂੰ ਪਸੰਦ ਨਹੀ ਕਰਦੀਆਂ।" ਹਰਨੀਤ ਉੱਥੋਂ ਉੱਠਦੀ ਇਕਦਮ ਬੋਲੀ, " ਆਪਣੇ ਆਪ ਕਿੰਗ ਸਮਝਦੇ ਆ, ਪਰ ਮੈ ਹੁਣ ਲਾਈਟ ਨਹੀ ਜਗਾਉਣ ਦੇਣੀ।"
" ਕੈਨੇਡਾ ਦੀ ਕੁੜੀਆਂ ਦੂਸਰਿਆਂ ਦੀਆਂ ਜ਼ਿੰਦਗੀਆਂ ਵਿਚ ਹਨੇਰਾ ਕਰਨ ਜੋਗੀਆ ਹੀ ਨੇ।" ਮੈ ਵੀ ਉਸ ਦੀ ਸਾਂਗ ਲਾਉਂਦੇ ਕਿਹਾ, " ਬੱਤੀਆਂ ਬੁਝਾਉਣੀਆਂ ਆਉਂਦੀਆਂ, ਹੋਰ ਕਰਨਾ ਵੀ ਕੀ ਆਉਂਦਾ?"
" ਆ ਨੀ ਲੜਾਈਏ ਮੇਰੀ ਸਟਰੀਟ ਵਿਚੋਂ ਲੰਘ।" ਹਰਨੀਤ ਨੇ ਮੁਹਾਵਰਾ ਗਲਤ ਬੋਲਦਿਆਂ ਕਿਹਾ, " ਲੜਨ ਦਾ ਤਾਂ ਤਹਾਨੂੰ ਸ਼ੌਂਕ ਆ।"
" ਤੁਸੀ ਇਡੀਅਮ(ਮੁਹਵਾਰਾ)ਗਲਤ ਕਿਹਾ।" ਮੈਂ ਬੈਠ ਕੇ ਉਸ ਨੂੰ ਦੱਸਣ ਲੱਗਾ, " ਇਸ ਤਰਾਂ ਕਹੀਦਾ, ਆ ਨੀ ਲੜਾਈਏ ਮੇਰੇ ਵਿਹੜੇ ਵਿਚ ਦੀ ਹੋ ਕੇ ਜਾਹ।"
" ਕੁਛ ਵੀ ਹੋਵੇ।ਆਈ ਡੋਂਟ ਕੇਅਰ।" ਉਹ ਬੱਤੀ ਬੁਝਾ ਬੁੜ ਬੁੜ ਕਰਦੀ ਬੈਡ ਤੇ ਲੰਮੀ ਪੈਦੀਂ ਬੋਲੀ, " ਪਲੀਜ਼ ਹੁਣ ਬੋਲਣਾ ਨਹੀ।
ਉਸ ਦਾ ਕਹਿਣਾ ਮੰਨਦੇ ਹੋਏ ਮੈਂ ਗੱਦੇ ਉੱਪਰ ਲੰਮਾ ਪੈ ਗਿਆ। ਮੁਸਕ੍ਰਾਉਂਦਾ ਹੋਇਆ ਛੇਤੀ ਹੀ ਨੀਂਦ ਦੀ ਗੋਦ ਵਿਚ ਜਾ ਡਿਗਾ।
43
ਤੜਕੇ ਹੀ ਭੂਆ ਜੀ ਨੇ ਉੱਠ ਕੇ ਚਾਹ ਬਣਾ ਲਈ। ਫਿਰ ਕਿਸੇ ਨੂੰ ਫੋਨ ਕਰਨ ਲਗ ਪਈ। ਸਾਡੇ ਸੁਤਿਆਂ ਸੁਤਿਆਂ ਜਿੰਦਰ ਨੂੰ ਵੀ ਉਠਾਲ ਲਿਆ। ਫਿਰ ਸਾਡੇ ਦਰਵਾਜ਼ੇ ਦੇ ਕੋਲ ਆ ਕੇ ਕਹਿਣ ਲੱਗੀ, " ਹਰਨੀਤ ਅਸੀ ਚਲੇ ਹਾਂ, ਤੇਰੇ ਡੈਡੀ ਨਾਲ ਉਹ ਸਾਨੂੰ ਲੈਣ ਆ ਰਿਹਾ। ਹਰਨੀਤ ਘੁਕ ਸੁੱਤੀ ਨੇ ਕੋਈ ਉੱਤਰ ਨਾ ਦਿੱਤਾ ਤਾਂ ਮਂੈ ਕਿਹਾ, " ਚੰਗਾ ਜੀ।"
ਡਰੈਸਰ ਦੇ ਉੱਪਰ ਦੀ ਦੇਖਿਆ ਹਰਨੀਤ ਅਜੇ ਵੀ ਸੁੱਤੀ ਪਈ ਸੀ।ਛੁੱਟੀ ਵਾਲੇ ਦਿਨ ਕੈਨੇਡਾ ਵਿਚ ਲੋਕ ਕਾਫੀ ਦੇਰ ਤੱਕ ਸੁੱਤੇ ਰਹਿੰਦੇ ਨੇ।ਇਹ ਤਾਂ ਮੈਂਨੂੰ ਆਉਂਦੇ ਨੂੰ ਹੀ ਪਤਾ ਲੱਗ ਗਿਆ ਸੀ। ਹਰਨੀਤ ਨੂੰ ਸੁੱਤੀ ਰਹਿਣ ਦਿੱਤਾ ਅਤੇ ਮੈ ਤਾਂ ਆਪਣੀ ਪੰਜਾਬ ਦੀ ਪਈ ਆਦਤ ਅਨੁਸਾਰ ਸਵੇਰੇ ਹੀ ਉੱਠ ਗਿਆ। ਨਹਾ ਕੇ ਚਾਹ ਵੀ ਬਣਾ ਲਈ। ਦਿਲ ਮੇਰੇ ਮੁਕੀਆ ਮਾਰਨ ਲੱਗ ਪਿਆ ਕਿ ਹਰਨੀਤ ਨੂੰ ਉਠਾ ਲੈ, ਪਰ ਮੈ ਉਸ ਦੀਆਂ ਹੁੱਜਾਂ ਜਰਦਾ ਰਿਹਾ ਅਤੇ ਸਖਤ ਬਣਦਿਆ ਟੀਵੀ ਦੇ ਰਿਮੋਟ ਦੇ ਬਟਨ ਦੱਬੀ ਗਿਆ।ਕਿਉਂਕਿ ਮੈਂ ਆਪਣੇ ਸ਼ੁਦਾਈ ਦਿਲ ਦੀ ਗੱਲ ਨਹੀ ਸੀ ਸੁੱਨਣਾ ਚਾਹੁੰਦਾ ਜੋ ਐਵੇ ਹੀ ਪਰਾਈ ਹਰਨੀਤ ਨੂੰ ਆਪਣੀ ਬਣਾਉਣ ਤੇ ਜ਼ੋਰ ਲਾਉਂਦਾ ਰਹਿੰਦਾ ਹੈ।
ਗਿਆਰਾ ਕੁ ਵਜੇ ਹਰਨੀਤ ਉੱਠੀ।ਵਾਸ਼ਰੂਮ ਦਾ ਦਰਵਾਜ਼ਾ ਸੁਣ ਕੇ ਮੈ ਟੀ:ਵੀ ਬੰਦ ਕਰਕੇ ਆਪਣੇ ਕਮਰੇ ਵਿਚ ਚਲਾ ਗਿਆ।ਹਰਨੀਤ ਅੋਂਰਜ਼ ਜੂਸ ਦਾ ਗਿਲਾਸ ਲੈ ਕੇ ਟੀ:ਵੀ ਅੱਗੇ ਬੈਠ ਗਈ। ਉਹ ਟੀ:ਵੀ ਦੇਖੀ ਗਈ ਅਤੇ ਮੈ ਆਪਣਾ ਨਾਵਲ ਪੜ੍ਹਦਾ ਗਿਆ।ਫਿਰ ਆਪ ਹੀ ਮੇਰੇ ਦਰਵਾਜ਼ੇ ਦੇ ਕੋਲ ਆ ਕੇ ਕਹਿਣ ਲੱਗੀ, " ਮੈ ਤਿਆਰ ਹੋਣ ਲੱਗੀ ਹਾਂ, ਤੁਸੀ ਵੀ ਤਿਆਰ ਹੋ ਜਾਉ।"
" ਮੈ ਤਿਆਰ ਹੀ ਹਾਂ। ਮੈ ਆਪਣੇ ਨਾਵਲ ਦਾ ਸਫਾ ਪਲਟਦੇ ਕਿਹਾ, " ਤਿਆਰ ਹੋ ਕੇ ਦੱਸ ਦੇਣਾ, ਮੈ ਉਸ ਟਾਈਮ ਹੀ ਤੁਰ ਪਵਾਗਾਂ।"
ਸਭ ਤੋਂ ਸੁਹਣੇ ਕੱਪੜੇ ਜੋ ਕੈਨੇਡਾ ਦੇ ਸਟਾਈਲ ਨਾਲ ਮੇਲ ਖਾਦੇ ਸਨ।ਉਹ ਮੈ ਕੱਲ ਹੀ ਕੱਢ ਕੇ ਇਕ ਪਾਸੇ ਰੱਖ ਲਏ ਸਨ।ਉਹ ਪਾ ਕੇ ਮੈਂ ਫਿਰ ਨਾਵਲ ਪੜ੍ਹਨ ਲੱਗ ਪਿਆ।
ਛੇਤੀ ਹੀ ਅਸੀ ਦੋਨੋ ਸੈਡੀ ਦਾ ਬਰਥਡੇ ਮਨਾਉਣ ਚੱਲ ਪਏ।ਰਸਤੇ ਵਿਚ ਆਉਂਦੇ ਇਕ ਸ਼ਪਇੰਗ ਮਾਲ ਦੀ ਪਾਰਕਿੰਗ ਵਿਚ ਹਰਨੀਤ ਨੇ ਕਾਰ ਰੋਕ ਦੀ ਬੋਲੀ, " ਸੈਂਡੀ ਲਈ ਕੋਈ ਗਿਫਟ ਦੇਖਣਾ ਆ।"
ਮੈ ਕੁਝ ਨਾ ਬੋਲਿਆ ਅਤੇ ਚੁੱਪ ਕਰਕੇ ਬੈਠਾ ਆਲੇ-ਦੁਆਲੇ ਲੱਗੀਆਂ ਕਾਰਾਂ ਵੱਲ ਦੇਖਦਾ ਰਿਹਾ।ਹਰਨੀਤ ਕਾਰ ਵਿਚੋਂ ਨਿਕਲਦੀ ਫਿਰ ਬੋਲੀ, " ਮੈ ਤੁਹਾਡੇ ਨਾਲ ਗੱਲ ਕਰ ਰਹੀ ਹਾਂ।"
" ਸੌਰੀ, ਮੈਨੂੰ ਪਤਾ ਹੀ ਨਹੀ ਲੱਗਾ ਕਿ ਗੱਲ ਕਰ ਰਿਹੇ ਸੀ।" ਮੈ ਝੂਠ ਬੋਲਿਆ, " ਮੇਰਾ ਧਿਆਨ ਹੋਰ ਪਾਸੇ ਸੀ।"
" ਸੈਂਡੀ ਲਈ ਕੋਈ ਗਿਫਟ ਖ੍ਰੀਦਣਾ ਆ।" ਉਹ ਫਿਰ ਬੋਲੀ, " ਤੁਸੀ ਮੇਰੇ ਨਾਲ ਆਉਣਾ ਹੈ ਜਾਂ ਕਾਰ ਵਿਚ ਹੀ ਬੈਠੇ ਰਹਿਣਾ ਆ।"
" ਤੁਸੀ ਜੋ ਖ੍ਰੀਦਣਾ ਹੈ, ਖ੍ਰੀਦ ਲਉ।" ਮੈ ਉਸ ਵੱਲ ਬਗੈਰ ਦੇਖੇ ਕਿਹਾ, " ਮੈ ਇੱਥੇ ਹੀ ਠੀਕ ਹਾਂ।"
" ਤੁਸੀ ਨਾਲ ਹੀ ਆ ਜਾਉ।" ਉਸ ਨੇ ਕਿਹਾ, " ਕੀ ਪਤਾ ਮੈਨੂੰ ਕਿੰਨੀ ਦੇਰ ਲੱਗ ਜਾਵੇ, ਨਾਲੇ ਤੁਹਾਡੀ ਸਲਾਹ ਨਾਲ ਗਿਫਟ ਵੀ ਖ੍ਰੀਦ ਲਵਾਂਗੀ।"
ਉਸ ਦੀ ਇਹ ਗੱਲ ਸੁਣ ਕੇ ਮਂੈ ਹੈਰਾਨ ਹੀ ਰਹਿ ਗਿਆ ਕਿਉਂਕਿ ਉਸ ਨੇ ਮੈਂਨੂੰ ਪਹਿਲੀ ਵਾਰੀ ਮਹੱਤਵ ਦਿੱਤਾ ਸੀ।ਕਿਸੇ ਨੇ ਨਾਲ ਦੀ ਪਾਰਕ ਵਿਚ ਗੱਡੀ ਇਕਦਮ ਰੋਕੀ,ਮੈਨੂੰ ਲੱਗਾ ਜਿਵੇ ਹਰਨੀਤ ਦੀ ਗੱਲ ਨਾਲ ਮੇਰਾ ਦਿਲ ਰੁਕ ਗਿਆ ਹੋਵੇ। ਮੈ ਠੰਢਾ ਜਿਹਾ ਸਾਹ ਲੈ ਕੇ ਕਿਹਾ, " ਜਿਸ ਲਈ ਗਿਫਟ ਲੈਣਾ ਹੈ, ਉਸ ਕੋਲੋ ਹੀ ਸਲਾਹ ਲੈ ਲੈਣੀ ਸੀ।" ਮੇਰੀ ਇਸ ਗੱਲ ਉੱਪਰ ਉਹ ਖਿਝ ਗਈ ਲੱਗਦੀ ਸੀ। ਕਿਉਂਕਿ ਉਸ ਨੇ ਜ਼ੋਰ ਦੀ ਕਾਰ ਦਾ ਦਰਵਾਜ਼ਾ ਬੰਦ ਕੀਤਾ ਅਤੇ ਇਕ ਤਰਾਂ ਦੌੜਦੀ ਹੋਈ ਮਾਲ ਦੇ ਅੰਦਰ ਚਲੀ ਗਈ।
ਥੌੜ੍ਹੀ ਦੇਰ ਮੈ ਕਾਰ ਵਿਚ ਹੀ ਬੈਠਾ ਰਿਹਾ। ਫਿਰ ਕਾਰ ਵਿਚੋਂ ਨਿਕਲ ਕੇ ਆਲੇ-ਦੁਅਲੇ ਦੇਖਿਆ। ਸਾਹਮਣੇ ਵਗ ਰਹੀ ਸੜਕ ਤੇ ਕਾਰਾਂ ਦੀ ਆਵਾਜਾਈ ਬਹੁਤ ਸੀ।ਦੂਜੇ ਪਾਸੇ ਦੇਖਿਆ ਤਾਂ ਉਚੀਆਂ ਉਚੀਆਂ ਕਈ ਇਮਾਰਤਾ ਦਿਸੀਆਂ। ਠੰਡ ਵੀ ਲੱਗਣ ਲੱਗ ਪਈ। ਫਿਰ ਵੀ ਮੈ ਦੁ ਕੁ ਕਦਮ ਮਾਲ ਵੱਲ ਨੂੰ ਤੁਰਿਆ ਤਾਂ ਜੋ ਹਰਨੀਤ ਦੇ ਪਿੱਛੇ ਜਾ ਸਕਾਂ। ਫਿਰ ਸੋਚਿਆ ਪਤਾ ਨਹੀ ਕਿੱਥੇ ਗਈ ਹੋਵੇਗੀ?ਇਹ ਕਿਹੜਾ ਜਲੰਧਰ ਹੈ ਜਿੱਥੇ ਕੱਪੜਿਆਂ ਵਾਲੇ ਲਾਲੇ ਦੀ ਦੁਕਾਨ ਵਿਚ ਹਰਨੀਤ ਨੂੰ ਲੱਭ ਲਵਾਂਗਾ।ਇਸ ਤਰਾਂ ਸੋਚਦਾ ਕਦੇ ਮੈ ਕਾਰ ਵੱਲ ਤੁਰ ਪੈਂਦਾ ਅਤੇ ਕਦੇ ਮਾਲ ਵੱਲ ਦੇਖਣ ਲੱਗਦਾ। ਮੈਨੂੰ ਇਸ ਤਰਾਂ ਕਰਦੇ ਨੂੰ ਦੇਖ ਕੇ ਇਕ ਗੋਰੀ ਮੇਰੇ ਕੋਲ ਰੁਕਦੀ ਹੋਈ ਬੋਲੀ, " ਕੈਨ ਆਈ ਹੈਲਪ ਜੂ।"
" ਇਟਸ, ਉ.ਕੇ, ਆਈ ਐਮ ਜਸਟ ਵਾਕਇੰਗ।"
" ਦੈਟਸ ਗੁਡ।" ਉਸ ਨੇ ਮੁਸਕ੍ਰਾ ਕਿਹਾ।
ਇਸ ਗੱਲ ਨੇ ਮੈਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਇਹ ਗੋਰੇ ਕਿੰਨੇ ਚੰਗੇ ਨੇ, ਆਪ ਆ ਕੇ ਮੱਦਦ ਲਈ ਪੁੱਛਦੇ ਆ, ਪੰਜਾਬ ਵਿਚ ਕਿੱਥੇ ਕਿਸ ਨੇ ਇੰਝ ਪੁੱਛਣਾ ਸੀ।ਹੁਣ ਠੰਡ ਹੋਰ ਵੀ ਜ਼ਿਆਦਾ ਲੱਗਣ ਲੱਗ ਪਈ ਸੀ ਅਤੇ ਮੈ ਕਾਰ ਦੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਖੁਲਿਆ ਹੀ ਨਾ। ਮੇਰੇ ਖਿਆਲ ਉਹਨੂੰ ਜਿੰਦਾ ਲੱਗ ਗਿਆ ਸੀ। ਚਾਬੀ ਹਰਨੀਤ ਜਾਂਦੀ ਹੋਈ ਕੱਢ ਕੇ ਲੈ ਗਈ ਸੀ। ਮੇਰੇ ਹੱਥ ਠਰ ਗਏ ਸਨ। ਪਤਾ ਨਹੀ ਸੀ ਲੱਗ ਰਿਹਾ ਕਿ ਹੁਣ ਕੀ ਕਰਾਂ। ਚੰਗੇ ਭਾਗਾ ਨੂੰ ਸਾਹਮਣੇ ਹਰਨੀਤ ਆਉਂਦੀ ਦਿਸ ਪਈ।
" ਤੁਸੀ ਕਾਰ ਤੋਂ ਬਾਹਰ ਕਿਉਂ ਹੋ?" ਉਸ ਨੇ ਆਉਂਦਿਆ ਹੀ ਪੁੱਛਿਆ, " ਕੁਝ ਖ੍ਰੀਦਣਾ ਹੈ?"
" ਮੈ ਤਾਂ ਜ਼ਰਾ ਤਾਜ਼ੀ ਹਵਾ ਲੈਣ ਲਈ ਬਾਹਰ ਨਿਕਲਿਆ ਸੀ।" ਮੈ ਉਸ ਨੂੰ ਦੱਸਿਆ, " ਦੁਬਾਰਾ ਵਿਚ ਬਹਿਣ ਲੱਗਾਂ ਤਾਂ ਦੇਖਾਂ ਕਾਰ ਨੂੰ ਜਿੰਦਾ ਲੱਗ ਗਿਆ।"
"ਜਿੰਦਾ ਲਾਉਣ ਦੀ ਤਾਂ ਤਹਾਨੂੰ ਆਦਤ ਹੈ।" ਉਸ ਨੇ ਚਾਬੀ ਨਾਲ ਦਰਵਾਜ਼ਾ ਖੋਲ੍ਹਦੇ ਕਿਹਾ, " ਕਈ ਵਾਰੀ ਤੁਸੀ ਤਾਂ ਗੱਲ ਕਰਕੇ ਮੇਰੇ ਮੂੰਹ ਨੂੰ ਵੀ ਜਿੰਦਾਂ ਲਵਾ ਦਿੰਦੇ ਹੋ।"
ਉਸ ਦੀ ਇਹ ਗੱਲ ਸੁਣ ਕੇ ਮੈ ਬਹੁਤ ਹੀ ਹੈਰਾਨ ਹੋਇਆ ਕਿਉਂਕਿ ਉਸ ਨੇ ਮੇਰੇ ਵਾਂਗ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।ਜਦੋਂ ਮੈਂ ਸੈਂਡੀ ਤੋਂ ਸਲਾਹ ਲੈਣ ਦੀ ਗੱਲ ਕੀਤੀ ਸੀ, ਉਹ ਅਗਾਂਹ ਕੁੱਝ ਨਹੀ ਸੀ ਬੋਲੀ। ਉਸ ਦਾ ਮਤਲਵ ਮੈ ਸਮਝ ਗਿਆ ਸੀ।
" ਅੱਛਾ ਜੀ।" ਮੈ ਹੱਸਦੇ ਹੋਏ ਕਿਹਾ, " ਅੱਜਕਲ ਤੁਸੀ ਮੇਰੇ ਵਾਂਗ ਹੀ ਗੱਲਾਂ ਕਰਨ ਲੱਗ ਪਏ ਹੋ।"
" ਮੱਮੀ ਕਹਿੰਦੇ ਹੁੰਦੇ ਆ ਕਿ ਗੁਵਾਢੀ ਦੀ ਮਤ.."?
ਉਸ ਨੂੰ ਇਹ ਅਖਾਣ ਭੁਲ ਗਈ ਲੱਗਦੀ ਸੀ। ਇਸ ਲਈ ਮੈ ਕਿਹਾ, " ਗੁਵਾਢੀ ਦਾ ਰੂਪ ਭਾਂਵੇ ਨਾ ਆਵੇ,ਪਰ ਮਤ ਜ਼ਰੂਰ ਆ ਜਾਂਦੀ ਹੈ।"
" ਗੁਵਾਂਢੀ ਤਾਂ ਅਜੇ ਦੂਰ ਹੁੰਦਾ ਆ।" ਉਹ ਹੱਸ ਕੇ ਬੋਲੀ, " ਤੁਸੀ ਤਾਂ ਮੇਰੇ ਨਾਲ ਰਹਿੰਦੇ ਹੋ, ਤੁਹਾਡੀ ਮਤ ਤਾਂ ਮੈਨੂੰ ਆਉਣੀ ਸੀ।"
" ਪਰ ਮੈ ਤੁਹਾਡੀ ਮਤ ਨਹੀ ਲੈਣਾ ਚਾਹੁੰਦਾ।"
" ਮੇਰੀ ਮਤ ਨੂੰ ਕੀ ਹੋਇਆ ਆ।"
" ਮੈ ਕਦੋਂ ਕਿਹਾ ਕਿ ਤੁਹਾਡੀ ਮਤ ਨੂੰ ਕੁਝ ਹੋਇਆ ਆ।" ਗੱਲ ਬਦਲਦੇ ਮੈਂ ਕਿਹਾ, " ਤੁਸੀ ਤਾਂ ਬਹੁਤ ਸਿਆਣੇ ਹੋ,ਚਲੋ ਇਹ ਦੱਸੋ, ਸੈਂਡੀ ਲਈ ਕੀ ਲੈ ਕੇ ਆਏ ਹੋ।"
" ਕੈਮਰਾ ਲਿਆ ਆ।"
" ਚਲੋ ਵਧੀ ਹੋਇਆ।"
ਫਿਰ ਰੁਕ ਕੇ ਇਕਦਮ ਬੋਲੀ, " ਤੁਸੀ ਦੇਖਣਾ ਆ ਤਾਂ ਬੈਗ ਵਿਚੋਂ ਕੱਢ ਕੇ ਦੇਖ ਸਕਦੇ ਹੋ"
ਮੈ ਸੰਖੇਪ ਹੀ ਉੱਤਰ ਦਿੱਤਾ, " ਨਹੀ, ਮੈਨੂੰ ਪਤਾ ਹੈ ਕੈਮਰੇ ਕਿਸ ਤਰਾਂ ਦੇ ਹੁੰਦੇ ਆ।"
ਉਹ ਹੁਣ ਫਿਰ ਗੁੱਸੇ ਵਿਚ ਆ ਗਈ ਲੱਗਦੀ ਸੀ,ਕਿਉਂਕਿ ਉਸ ਨੇ ਇਕਦਮ ਕਾਰ ਨੂੰ ਰੇਸ ਦਿੱਤੀ ਅਤੇ ਕਾਰ ਬਹੁਤ ਹੀ ਤੇਜ਼ ਦੌੜ ਪਈ ਸੀ।ਸਾਡੇ ਦੋਹਾਂ ਵਿਚਕਾਰ ਚੁੱਪ ਮਲੋਜ਼ੋਰੀ ਆ ਕੇ ਬੈਠ ਗਈ।
ਉਹ ਕਾਰ ਦੀ ਸਪੀਡ ਵਧਾਉਂਦੀ ਘਟਾਉਂਦੀ ਗੱਡੀ ਨੂੰ ਸੜਕ 'ਤੇ ਦੜਾਉਂਦੀ ਰਹੀ। ਮੈ ਖਿੜਕੀ ਵਿਚੋਂ ਬਾਹਰ ਦੇਖਦਾ ਆਪਣੀਆਂ ਸੋਚਾਂ ਦੀਆਂ ਲਗਾਮਾਂ ਨੂੰ ਕਦੇ ਢਿਲੀਆਂ ਕਰਦਾ ਰਿਹਾ ਅਤੇ ਕਦੇ ਕੱਸਦਾ ਰਿਹਾ।
ਛੇਤੀ ਹੀ ਉਸ ਨੇ ਕਲੱਬ ਸਟਾਈਲ ਬਣੇ ਰੈਸਟੋਰੈਂਟ ਅੱਗੇ ਕਾਰ ਖੜ੍ਹੀ ਕਰਦਿਆਂ ਕਿਹਾ, " ਇੱਥੇ ਹੀ ਪਾਰਟੀ ਹੈ।"
" ਕਿੰਨੇ ਕੁ ਲੋਕੀ ਅੰਦਰ ਹੋਣਗੇ?" ਮੈ ਫਿਰ ਜਾਣ ਕੇ ਪੁੱਛਿਆ, " ਸੈਂਡੀ ਨੂੰ ਮੈਨੂੰ ਵੀ ਕੁੱਝ ਦੇਣਾ ਪੈਣਾ ਹੈ।"
" ਨਹੀ ਤੁਸੀ ਕੁੱਝ ਨਹੀ ਦੇਣਾ।" ਉਸ ਨੇ ਦੋਨੇ ਗੱਲਾਂ ਦਾ ਜ਼ਵਾਬ ਦਿੰਦੇ ਹੋਏ ਕਿਹਾ, " ਅੰਦਰ ਸਾਡੇ ਥੌੜ੍ਹੇ ਹੀ ਫਰੈਂਡ ਹੋਣਗੇ, ਹੋ ਸਕਦਾ ਹੈ ਕੁੱਝ ਹੋਰ ਲੋਕੀ ਵੀ ਖਾਣ ਆਏ ਹੋਣ।"
ਰਸਟੋਰੈਂਟ ਰੰਗ-ਬਰੰਗੀਆਂ ਲਾਈਟਾ ਨਾਲ ਸੱਜਿਆ ਪਿਆ ਸੀ।ਹਰਨੀਤ ਮੇਰੇ ਅੱਗੇ ਅੱਗੇ ਖੱਬੇ ਮੁੜ ਫਿਰ ਸੱਜੇ ਹੱਥ ਪਿੱਛੇ ਲੱਗੇ ਮੇਜ਼ਾਂ ਵਲ ਗਈ। ਸਾਹਮਣੇ ਬੈਠੀ ਤਨੂੰ ਇਕਦਮ ਉੱਠ ਕੇ ਸਾਨੂੰ ਮਿਲੀ। ਦੋ ਕੁੜੀਆਂ ਤੇ ਤਿੰਨ ਮੁੰਡੇ ਬੈਠੇ ਦਿਸੇ।ਸਾਨੂੰ ਦੇਖ ਕੇ ਉਹ ਛੇਤੀ ਨਾਲ ਉੱਠੇ ਅਤੇ ਇਕ ਦੂਜੇ ਨੂੰ ਹਾਏ ਹਾਏ ਕਰ ਰਹੇ ਸਨ ਮੈਂ ਵੀ ਉਹਨਾਂ ਵਾਂਗ ਹੀ ਹਾਏ ਹਾਏ ਕਹੀ ਗਿਆ। ਹਰਨੀਤ ਨੇ ਆਲੇ-ਦੁਆਲੇ ਦੇਖਦੇ ਕਿਹਾ, " ਸੈਂਡੀ ਨਹੀ ਆਇਆ?"
" ਉਸ ਦਾ ਫੋਨ ਆਇਆ ਸੀ, ਆ ਹੀ ਰਿਹਾ ਹੈ।" ਇਕ ਮੁੰਡੇ ਨੇ ਕਿਹਾ, " ਬੈਠੋ, ਉਨੀ ਦੇਰ ਆਪਾਂ ਡਰਿੰਕਸ ਲਈ ਆਰਡਰ ਕਰ ਦਿੰਦੇ ਹਾਂ।"
" ਤੁਸੀ ਇੱਥੇ ਆ ਜਾਉ।" ਤਨੂ ਨੇ ਕੋਲ ਪਈ ਕੁਰਸੀ ਵੱਲ ਇਸ਼ਾਰਾ ਕਰਦੇ ਮੈਨੂੰ ਕਿਹਾ, " ਹਰਨੀਤ ਤੂੰ ਉਹ ਕੋਰਨਰ ਵਾਲੀ ਕੁਰਸੀ ਤੇ ਚਲੀ ਜਾ, ਨਾਲ ਵਾਲੀ ਤੇ ਸੈਡੀ ਬੈਠ ਜਾਵੇਗਾ।"
ਹਰਨੀਤ ਆਪ ਛੇਤੀ ਨਾਲ ਜਾ ਕੇ ਤਨੂ ਦੇ ਕੋਲ ਪਈ ਕੁਰਸੀ ਉੱਪਰ ਬੈਠ ਗਈ ਅਤੇ ਮੈਨੂੰ ਇਸ਼ਾਰਾ ਕਰਦੀ ਬੋਲੀ, " ਤੁਸੀ aੱਥੇ ਜਾ ਕੇ ਬੈਠ ਜਾਉ।" ਹਰਨੀਤ ਨੇ ਮੇਰੇ ਬਾਰੇ ਨਾ ਤਾਂ ਆਪਣੇ ਦੋਸਤਾਂ ਨੂੰ ਕੁੱਝ ਦੱਸਿਆ ਅਤੇ ਨਾ ਹੀ ਉਸ ਦੇ ਦੋਸਤਾਂ ਨੇ ਮੇਰੇ ਬਾਰੇ ਪੁੱਛਿਆ,ਪਰ ਮੈਨੂੰ ਤਨੂ ਦੇ ਕੋਲ ਵੀ ਬੈਠਣ ਨਹੀ ਦਿੱਤਾ।
" ਲਉ ਸੈਂਡੀ ਆ ਵੀ ਗਿਆ।" ਤਨੂ ਨੇ ਸਾਹਮਣੇ ਆਉਂਦੇ ਮੁੰਡੇ ਵੱਲ ਦੇਖ ਕੇ ਕਿਹਾ, " ਉਸ ਦੇ ਨਾਲ ਕੈਲੀ ਵੀ ਆ ਰਹੀ ਆ।"
" ਕੈਲੀ ਤਾਂ ਸੈਂਡੀ ਦੇ ਮਗਰੋ ਲਿਥ ਹੀ ਨਹੀ ਸਕਦੀ।" ਬਿਲਊ ਜੈਕਟ ਵਾਲੇ ਮੁੰਡੇ ਨੇ ਕਿਹਾ, " ਸੈਂਡੀ ਦੀ ਬੈਸਟ ਫਰੈਂਡ ਆ।"
" ਕੈਲੀ ਤਾਂ ਸੈਂਡੀ ਦੇ ਸਿਰ ਤੇ ਐਸ਼ ਕਰਦੀ ਆ।" ਨਾਲ ਬੈਠੇ ਮੁੰਡੇ ਨੇ ਕਿਹਾ, " ਸੈਂਡੀ ਵੀ ਪਾਣੀ ਵਾਂਗ ਉਸ ਤੇ ਪੈਸੇ ਵਰਾ ਦਿੰਦਾ ਹੈ।"
" ਜੋ ਮਰਜ਼ੀ ਕਹੀ ਜਾਵੋ।" ਹਰਨੀਤ ਨੇਂ ਹੌਲੀ ਅਜਿਹੀ ਕਿਹਾ, " ਸੈਂਡੀ ਰਹਿਨਾ ਮੇਰਾ ਹੀ ਆ।"
ਸਂੈਡੀ ਦੇਖਣ ਨੂੰ ਤਾਂ ਠੀਕ ਹੀ ਸੀ, ਪਰ ਉਸ ਦੇ ਕੱਪੜੇ ਮਹਿੰਗੇ ਅਤੇ ਫੈਸ਼ਨ ਵਾਲੇ ਹੋਣ ਕਾਰਨ ਕਾਫੀ ਜੱਚਦਾ ਲੱਗਿਆ।
" ਇਹ ਮਨਮੀਤ ਨੇ।" ਹਰਨੀਤ ਨੇ ਦੱਸਿਆ, " ਇਹ ਵੀ ਤੈਨੂੰ ਮਿਲਣਾ ਚਾਹੁੰਦੇ ਸੀ।"
"ਹਾਏ।" ਸੈਂਡੀ ਨੇ ਮੇਰੇ ਵੱਲ ਹੱਥ ਵਧਾਂਉਦਿਆਂ ਕਿਹਾ, " ਹਉ ਆਰ ਜੂ।"
" ਆਈ ਐਮ ਫਾਈਨ।" ਮੈ ਜੋਸ਼ ਨਾਲ ਮਿਲਦੇ ਕਿਹਾ, " ਹਉ ਆਰ ਜੂ। ਹੈਪੀ ਬਰਥਡੇ।"
" ਥੈਕਊ।"
ਫਿਰ ਸਾਰੇ ਉਸ ਨੂੰ ਹੈਪੀ ਬਰਥਡੇ ਕਹਿਣ ਲੱਗੇ। ਹਰਨੀਤ ਉੱਠ ਕੇ ਉਸ ਕੋਲ ਗਈ ਅਤੇ ਉਸ ਨੂੰ ਜੱਫੀ ਪਾਉਂਦੀ ਬੋਲੀ, " ਹੈਪੀ ਬਰਥਡੇ,ਡੀਅਰ।"
ਉਸ ਦੀ ਇਸ ਹਰਕਤ ਦਾ ਫਾਇਦਾ ਉਠਾਦਾਂ ਮੈ ਛੇਤੀ ਨਾਲ ਉੱਠਿਆ ਅਤੇ ਤਨੂ ਦੇ ਕੋਲ ਪਈ ਹਰਨੀਤ ਵਲੋਂ ਖਾਲੀ ਕੀਤੀ ਸੀਟ ਤੇ ਬੈਠ ਗਿਆ। ਹਰਨੀਤ ਨੇ ਮੇਰੇ ਵੱਲ ਦੇਖਿਆ, ਪਰ ਬੋਲੀ ਕੁੱਝ ਨਾ।ਫਿਰ ਆਪ ਹੀ ਮੇਰੇ ਸਾਹਮਣੇ ਪਈ ਕੁਰਸੀ ਤੇ ਬੈਠ ਗਈ। ਬੈਠਦੇ ਸਮੇਂ ਅਚਾਨਕ ਹੀ ਉਸ ਦਾ ਪੈਰ ਮੇਜ਼ ਥੱਲੇ ਮੇਰੇ ਪੈਰ ਨਾਲ ਟਕਰਾ ਗਿਆ ਅਤੇ ਸੌਰੀ ਕਹਿੰਦੀ ਹੋਈ ਕੁਰਸੀ ਤੇ ਬੈਠ ਗਈ। ਰੈਸਟੋਰੈਂਟ ਵਾਲਿਆਂ ਨੇ ਇਕ ਹੋਰ ਮੇਜ਼ ਅਤੇ ਕੁਝ ਕੁਰਸੀਆਂ ਨਾਲ ਜੋੜ ਦਿੱਤੀਆਂ।ਹੁਣ ਇਸ ਵੱਡੇ ਬਣੇ ਮੇਜ਼ ਦੇ ਇਕ ਸਿਰੇ ਉੱਪਰ ਅਸੀ ਬੈਠੇ ਗਏ ਅਤੇ ਦੂਜੇ ਸਿਰੇ 'ਤੇ ਸੈਂਡੀ ਅਤੇ ਉਸ ਦੇ ਦੋਸਤ।
ਛੇਤੀ ਹੀ ਖਾਣ-ਪੀਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਪੰਜਾਬ ਵਿਚ ਮੈ ਸੁਣ ਰੱਖਿਆ ਸੀ ਕਿ ਕੈਨੇਡਾ ਵਿਚ ਕਈ ਪੰਜਾਬੀ ਕੁੜੀਆਂ ਵੀ ਸ਼ਰਾਬ ਪੀਣ ਲੱਗ ਪਈਆਂ ਨੇਂ।ਵੈਸੇ ਤਾਂ ਜਿਹੜੀਆਂ ਪੀਂਦੀਆ ਉਹ ਪੰਜਾਬ ਵਿਚ ਵੀ ਘੱਟ ਨਹੀ ਕਰਦੀਆਂ, ਪਰ ਮੈ ਫਿਰ ਵੀ ਧਿਆਨ ਨਾਲ ਦੇਖ ਰਿਹਾ ਸੀ ਕੌਣ ਕੀ ਪੀ ਰਿਹਾ ਹੈ। ਸਾਰੀਆਂ ਕੁੜੀਆਂ ਨੇ ਸੋਫਟ ਡਰਿੰਕਸ ਹੀ ਆਰਡਰ ਕੀਤੇ, ਲੇਕਿਨ ਮੈਨੂੰ ਇਹ ਨਹੀ ਪਤਾ ਲੱਗਾ ਕਿ ਉਹ ਸੱਚ ਹੀ ਪੀਂਦੀਆਂ ਨਹੀ ਜਾਂ ਮੇਰੇ ਉਥੇ ਮੌਜ਼ੂਦ ਹੋਣ ਕਾਰਨ, ਉਹਨਾਂ ਸਿਰਫ ਸੋਫਟ ਡਰਿੰਕਸ ਨੂੰ ਹੀ ਚੁਣਿਆ। ਮੁੰਡਿਆਂ ਅਤੇ ਗੋਰੀ ਨੇ ਸ਼ਰਾਬ ਦਾ ਆਰਡਰ ਦਿੱਤਾ। ਪੰਜਾਬ ਵਿਚ ਕਿਤੇ ਕਿਤੇ ਮੈ ਵੀ ਕੰਪਨੀ ਸੇਕ ਲਈ ਪੈਗ ਲੈ ਲੈਂਦਾ ਸਾਂ, ਪਰ ਅੱਜ ਮੈ ਵੀ ਸੈਵਨਅਪ ਹੀ ਆਰਡਰ ਕੀਤਾ, ਜਿਸ ਉੱਪਰ ਮੁੰਡੇ ਇਸ ਤਰਾਂ ਵਿੰਅਗ ਨਾਲ ਮੁਸਕ੍ਰਾਏ ਜਿਵੇ ਮੈ ਕੋਈ ਬਹੁਤ ਹੀ ਘਟੀਆ ਗੱਲ ਕਰ ਦਿੱਤੀ ਹੋਵੇ।ਜਦੋਂ ਕੈਲੀ ਸ਼ਰਾਬ ਪੀਣ ਲੱਗੀ ਤਾਂ ਮੈ ਹੌਲੀ ਜਿਹੀ ਤਨੂੰ ਨੂੰ ਕਿਹਾ, "ਸਾਰੀਆਂ ਹੀ ਗੋਰੀਆਂ ਸ਼ਰਾਬ ਪੀ ਲੈਂਦੀਆਂ ਨੇਂ।"
" ਜੈਸ।" ਤਨੂ ਨੇ ਕਿਹਾ, " ਤਕਰੀਬਨ ਸਾਰੀਆ ਹੀ ਇਹ ਸ਼ੌਂਕ ਰੱਖਦੀਆਂ ਨੇ।"
" ਪੱਛਮੀ ਕਲਚਰ ਵਿਚ ਕੁੜੀਆਂ ਦਾ ਪੀਣਾ ਮਾੜਾ ਨਹੀ ਸਮਝਿਆ ਜਾਂਦਾ।" ਹਰਨੀਤ ਨੇ ਕਿਹਾ, " ਇਹਨਾਂ ਲਈ ਤੇ ਇਹ ਆਮ ਜਿਹੀ ਗੱਲ ਹੈ।"
" ਤਾਂਹੀਉ ਤਾਂ ਪੱਛਮੀ ਕਲਚਰ ਦਾ ਸੂਰਜ ਅਸਤ ਹੋਣ ਦੀ ਤਿਆਰੀ ਵਿਚ ਆ।" ਮੈ ਕਿਹਾ, " ਇਹਨਾਂ ਦੀ ਸੁਸਾਇਟੀ ਵਿਚ ਇਸ ਕਰਕੇ ਲਗਾਤਾਰ ਪਰੋਬਲਮਜ਼ ਆ ਰਹੀਆਂ ਨੇਂ।"
ਮੁੰਡੇ ਆਪਣੀਆਂ ਗੱਲਾਂ ਮਸਤ ਹੋਣ ਕਾਰਨ ਸਾਡੇ ਵਿਚ ਹੋ ਰਹੀ ਵਾਰਤਾਲਾਪ ਵਲੋਂ ਅਣਭਿੱਜੇ ਸਨ।
" ਤੁਸੀ ਕਿਵੇ ਇਹ ਗੱਲ ਕਹਿ ਸਕਦੇ ਹੋ।" ਤਨੂ ਦੇ ਸੱਜੇ ਹੱਥ ਬੈਠੀ ਕੁੜੀ ਜਿਸ ਨੂੰ ਸਭ ਨਿਕੀ ਕਹਿ ਰਹੇ ਸਨ, ਮੈਨੂੰ ਪੁੱਛਦੀ ਬੋਲੀ, " ਤੁਸੀ ਤਾਂ ਅਜੇ ਇਸ ਕਲਚਰ ਦਾ ਹਿਸਾ ਵੀ ਨਹੀ ਬਣੇ।"
" ਘੋੜੀ ਤਾਂ ਨਹੀ ਚੜਿਆ,ਪਰ ਬਰਾਤ ਚੜ੍ਹਦੀ ਤਾਂ ਵੇਖੀ ਆ।" ਮੈ ਬੋਲਿਆ, " ਵੈਸੇ ਹੁਣੇ ਹੁਣੇ ਡਾਕਟਰ ਸਵਰਾਜ ਸਿੰਘ ਨੇ ਖੋਜ ਕਰਕੇ ਪੱਛਮੀ ਸਭਿਅਤਾ ਦੇ ਨਿਘਾਰ ਬਾਰੇ ਬੁਕ ਲਿਖੀ ਆ,ਜਿਸ ਵਿਚ ਇਹਨਾਂ ਸਭ ਬੁਰਆਈਆਂ ਦਾ ਜ਼ਿਕਰ ਕੀਤਾ ਹੈ।"
" ਵਟ ਆਰ ਜੂ ਡੀeੰਗ ਗਾਏਜ਼।" ਪਰੇ ਬੈਠੇ ਸੈਂਡੀ ਨੇ ਹਰਨੀਤ ਨੂੰ ਕਿਹਾ, " ਹਨੀ, ਤੂੰ ਮੇਰੇ ਕੋਲ ਇੱਥੇ ਆ ਜਾ।"
ਉਸ ਕੋਲ ਜਾਂਦੀ ਹਰਨੀਤ ਨੇ ਮੇਰੇ ਵੱਲ ਦੇਖਿਆ, ਪਰ ਮੈ ਅਣਦੇਖਿਆ ਕਰ ਦਿੱਤਾ।ਸੈਂਡੀ ਦੇ ਕੋਲ ਬੈਠਾ ਮੁੰਡਾ ਉੱਠ ਕੇ ਹਰਨੀਤ ਵਾਲੀ ਕੁਰਸੀ ਤੇ ਚਲਾ ਗਿਆ ਅਤੇ ਹਰਨੀਤ ਉਸ ਦੀ ਕੁਰਸੀ ਉੱਪਰ ਬੈਠ ਗਈ।ਕਾਫੀ ਦੇਰ ਸਾਰਿਆਂ ਵਿਚ ਹਾਸਾ- ਮਜ਼ਾਕ ਚੱਲਦਾ ਰਿਹਾ, ਵਿਚ ਵਿਚ ਮੈ ਵੀ ਹਿੱਸਾ ਲੈਂਦਾ ਰਿਹਾ।ਹੁਣ ਤਕ ਸੈਂਡੀ ਦੇ ਨਾਲ ਕੈਲੀ ਵੀ ਸ਼ਰਾਬਨ ਹੋ ਗਈ ਸੀ, ਪਰ ਅਜੇ ਵੀ ਪੀਣੋ ਨਹੀ ਸੀ ਹੱਟ ਰਹੀ। ਸੈਂਡੀ ਉਸ ਨੂੰ ਗਿਲਾਸ ਉੱਪਰ ਗਿਲਾਸ ਦੇ ਰਿਹਾ ਸੀ।
ਸ਼ਰਾਬਨ ਹੋਈ ਕੈਲੀ ਸੈਂਡੀ ਦੇ ਪੱਟਾਂ ਤੇ ਬੈਠ ਗਈ ਅਤੇ ਆਪਣੇ ਬੁੱਲ ਉਸ ਨੇ ਸੈਡੀ ਦੇ ਬੁਲਾਂ ਨਾਲ ਜੋੜੇ ਹੀ ਸਨ ਕਿ ਹਰਨੀਤ ਨੂੰ ਪਤਾ ਨਹੀ ਕੀ ਹੋ ਗਿਆ ਉਸ ਨੇ ਤਾੜ ਕਰਦੀ ਚੁਪੇੜ ਕੈਲੀ ਦੇ ਮਾਰ ਦਿੱਤੀ।ਸੈਂਡੀ ਗੁੱਸੇ ਵਿਚ ਚੀਕਦਾ ਹੋਇਆ ਹਰਨੀਤ ਨੂੰ ਬੋਲਣ ਲੱਗਾ, " ਜੂਆਰ ਸਟੂਪਿਡ, ਤੂੰ ਕੈਲੀ ਦੇ ਕਿਉਂ ਮਾਰਿਆ।"
" ਇਹ ਕੌਣ ਹੁੰਦੀ ਆ ਤੈਨੂੰ ਕਿਸ ਕਰਨ ਵਾਲੀ।" ਹਰਨੀਤ ਵੀ ਉਸ ਵਾਂਗ ਹੀ ਚੀਕੀ, " ਮੈ ਦੇਰ ਤੋਂ ਦੇਖ ਰਹੀ ਹਾਂ ਤੈਨੂੰ ਤੇ ਇਸ ਨੂੰ।"
" ਮਂੈ ਜੋ ਵੀ ਕਹਿੰਦਾ ਹਾਂ, ਉਹ ਇਹ ਮੰਨਦੀ ਆ।" ਸੈਂਡੀ ਹੋਰ ਵੀ ਉੱਚੀ ਅਵਾਜ਼ ਵਿਚ ਬੋਲਿਆ, " ਜਦੋਂ ਮੈ ਬੁਲਾਉਂਦਾ ਮੇਰੇ ਕੋਲ ਆ ਜਾਂਦੀ ਆ।"
" ਜੂ ਮੀਨ ਇਹ ਤੇਰੀ ਰਖੇਲ ਆ।"
" ਸ਼ੀ ਇਜ਼ ਨੋਟ ਲਾਇਕ ਜੂ।" ਸੈਂਡੀ ਨੇ ਸਾਫ ਕਿਹਾ, " ਜਦੋਂ ਵੀ ਮੈ ਤੈਨੂੰ ਬੁਲਾਇਆ,ਜੂ ਆਲਵੇਜ਼ ਸੇਜ ਨੋ, ਵਿਆਹ ਤੋਂ ਪਹਿਲਾਂ ਮੈ ਤੈਨੂੰ ਇਸ ਤਰਾਂ ਨਹੀ ਮਿਲ ਸਕਦੀ, ਪਰ ਕੈਲੀ …।"
" ਇਟ ਮੀਨਜ਼ ਜੂ ਲਾਇਕ ਹਰ।"
" ਜੋ ਵੀ ਹੈ, ਤੂੰ ਇਸ ਵਿਚ ਇੰਟਰਫੇਅਰ ਨਹੀ ਕਰ ਸਕਦੀ।"
" ਤੇਰੇ- ਮੇਰੇ ਫਿਰ ਕੀ ਰਿਲਸ਼ੇਨ ਹੋਏ।" ਹਰਨੀਤ ਰੌਂਦੀ ਹੋਈ ਬੋਲੀ, " ਤੇਰੇ ਕਰਕੇ ਮੈ ਆਪਣੇ ਪੈਂਟਰਸ ਨੂੰ ਧੋਖੇ ਵਿਚ ਰੱਖ ਕੇ ਮਨਮੀਤ ਨਾਲ ਝੂਠਾ ਵਿਆਹ ਕੀਤਾ।"
" ਵਿਆਹ ਤਾਂ ਮੈ ਵੀ ਤੇਰੇ ਨਾਲ ਕਰਨਾ ਮੰਗਦਾ ਸੀ।" ਸੈਂਡੀ ਨੇ ਅੱਖਾ ਕੱਢਦੇ ਕਿਹਾ, " ਤਾਂ ਜੋ ਮੇਰੇ ਪੇਰੈਂਟਸ ਨੂੰ ਵੀ ਪੰਜਾਬੀ ਡਾਟਰ ਇਨ ਲਾਅ ਮਿਲ ਜਾਂਦੀ।"
" ਉਹ, ਨਾਉ ਆਈ ਅੰਡਰਸੈਂਡ।" ਹਰਨੀਤ ਰੌਂਦੀ ਹੋਈ ਬੋਲੀ, " ਜੂ ਡੋਂਟ ਲਵ ਮੀ।"
ਮੈ ਅਤੇ ਹਰਨੀਤ ਦੇ ਬਾਕੀ ਦੇ ਫਰੈਂਡ ਕੋਸ਼ਿਸ਼ ਕਰਨ ਲੱਗੇ ਲੜਾਈ ਬੰਦ ਹੋ ਜਾਵੇ, ਪਰ ਗੱਲ ਅਗਾਂਹ ਹੀ ਵਧੀ ਗਈ।ਕੈਲੀ ਡੁਸਕਦੀ ਹੋਈ ਕਦੇ ਸੈਂਡੀ ਵੱਲ ਦੇਖੇ ਅਤੇ ਕਦੇ ਹਰਨੀਤ ਵੱਲ।
" ਮੇਰੇ ਨਾਲ ਵਿਆਹ ਤੂੰ ਆਪਣੇ ਪੇਰਂੈਟਸ ਨੂੰ ਖੁਸ਼ ਰੱਖਣ ਲਈ ਹੀ ਕਰ ਰਿਹਾ।" ਹਰਨੀਤ ਨੇ ਫਿਰ ਉੱਚੀ ਅਵਾਜ਼ ਵਿਚ ਪੁੱਛਿਆ, " ਇਸ ਨੂੰ ਉਹਨਾਂ ਦੀ ਨੂੰਹ ਕਿਉਂ ਨਹੀ ਬਣਾ ਦੇਂਦਾ।"
" ਤੂੰ ਕਦੇ ਇਹ ਵੀ ਨੋਟਿਸ ਕੀਤਾ ਕਿ ਕੈਲੀ ਨੂੰ ਮੈ ਆਪਣੀ ਜ਼ਿੰਦਗੀ ਵਿਚ ਕਿਉਂ ਲੈ ਕੇ ਆਇਆ।"
" ਮੈਨੂੰ ਕੋਈ ਲੋੜ ਨਹੀ ਇਹਨਾਂ ਵਾਧੂ ਗੱਲਾਂ ਵਿਚ ਇਨਰੈਸਟ ਲੈਣ ਲਈ।"
" ਜਦੋਂ ਦਾ ਤੂੰ ਉਸ ਡਿਪਰ ਨਾਲ ਝੂਠਾ ਵਿਆਹ ਕੀਤਾ ਆ।" ਸੈਂਡੀ ਨੇ ਮੇਰੇ ਵੱਲ ਹੱਥ ਕਰਕੇ ਕਿਹਾ, " ਤੂੰ ਚੇਂਜ਼ ਹੋ ਗਈ।"
" ਮੈ ਪਹਿਲਾਂ ਵਾਂਗ ਹੀ ਹਾਂ।" ਹਰਨੀਤ ਨੇ ਕਿਹਾ, " ਜਦੋਂ ਦੀ ਤੈਨੂੰ ਕੈਲੀ ਮਿਲੀ, ਜੂ ਚੇਂਜ਼ਡ।"
"ਤੇਰੇ ਅਤੇ ਕੈਲੀ ਵਿਚ ਬਿਗ ਡੀਫਰੈਂਸ ਆ ।"
" ਉਹ ਤਾਂ ਮੈਨੂੰ ਪਤਾ।" ਹਰਨੀਤ ਨੇ ਸਿਧਾ ਹੀ ਕਹਿ ਦਿੱਤਾ, "ਕੈਲੀ ਤਾਂ ਮਸ਼ਟੰਡੀ ਆ।"
ਕੈਲੀ ਵੀ ਆਪਣਾ ਨਾਮ ਸੁਣ ਕੇ ਵਿਚ ਬੋਲਣ ਲੱਗ ਪਈ, " ਵਟ ਜੂ ਆਰ ਸੇਇੰਗ ਟੂ ਮੀ।"
ਰੋਂਦੀ ਹੋਈ ਹਰਨੀਤ ਨੇ ਸਾਫ ਹੀ ਸੈਂਡੀ ਨੂੰ ਕਹਿਣ ਲੱਗ ਪਈ, " ਤੂੰ ਉਸ ਦਿਨ ਵੀ ਸਾਰਿਆਂ ਦੇ ਸਾਹਮਣੇ ਮੇਰੀ ਇਨਸਲਟ ਕੀਤੀ ਸੀ।"
" ਦੈਟ ਡੇ ਮੈ ਤੈਂਨੂੰ ਇੰਨਾ ਕਿਹਾ ਸੀ ਕਿ ਤੂੰ ਥੌੜ੍ਹੀ ਡੀਰੰਕ ਕਰ ਲੈ।" ਉਸ ਦਿਨ ਲੜਾਈ ਦਾ ਕਾਰਨ ਦੱਸਦਾ ਸੈਂਡੀ ਬੋਲਿਆ," ਪਰ ਤੂੰ ਤਾਂ ਏਨੀ ਸਟਬਨ ਨਿਕਲੀ ਕਿ ਤੂੰ ਮੇਰੀ ਗੱਲ ਮੰਨੀ ਨਹੀ।"
" ਤੇਰਾ ਡੀਸਜ਼ਨ ਕੀ ਹੈ ਮੇਰੇ ਬਾਰੇ।" ਹਰਨੀਤ ਫਿਰ ਚੀਕੀ, " ਕਲੀਅਰ ਕਰ।"
" ਮੈ ਤੈਨੂੰ ਸਟਲਿ ਲਵ ਕਰਦਾਂ, ਆਈ ਲਵ ਜੂ।"
ਇਹ ਸੁਣ ਕੇ ਕੈਲੀ ਹਰਨੀਤ ਨਾਲੋ ਵੀ ਉੱਚੀ ਅਵਾਜ਼ ਵਿਚ ਬੋਲੀ, " ਨੋ, ਜੂ ਲਵ ਮੀ।"
" ਹੀ ਕੈਂਟ ਲਵ ਜੂ।" ਹਰਨੀਤ ਉਸ ਨੂੰ ਝੰਝਜੋੜਦੀ ਹੋਈ ਬੋਲੀ, " ਜੂ ਆਰ ਬਿਚ।"
ਅਸੀ ਸਾਰੇ ਉਹਨਾਂ ਦੇ ਦੁਆਲੇ ਘੇਰਾ ਬੰਨ ਕੇ ਮੂਕ ਬਣ ਖੜ੍ਹੇ ਸਾਂ। ਜਦੋਂ ਕੈਲੀ ਨੇ ਵਿਚ ਸ਼ਬਦ ਸੁਣੇ ਉਹ ਕੱਪਿੜਆਂ ਤੋਂ ਬਾਹਰ ਹੁੰਦੀ ਗੰਦੀਆਂ ਗਾਹਲਾਂ ਤੇ ਉਤਰ ਆਈ।ਹਰਨੀਤ ਅਤੇ ਸੈਂਡੀ ਦੀ ਵੀ ਏਨੀ ਗੱਲ ਵੱਧ ਗਈ ਕਿ ਸੈਂਡੀ ਨੇ ਆਪਣਾ ਹੱਥ ਹਰਨੀਤ ਨੂੰ ਮਾਰਨ ਲਈ ਉਠਾਇਆ ਤਾਂ ਮੈਂ ਉਸ ਦੀ ਬਾਂਹ ਫੜ੍ਹ ਲਈ। ਉਸ ਨੇ ਮੇਰੇ ਨਾਲ ਪੰਗਾ ਲੈਣ ਦੀ ਕੋਸਿਸ਼ ਕੀਤੀ ਤਾਂ ਮੈ ਪੰਜਾਬ ਵਿਚ ਐਕਸਰਸਾਇਜ਼ ਕਰਕੇ ਬਣਾਏ ਸਰੀਰ ਦੀ ਸ਼ਕਤੀ ਉਸ ਨੂੰ ਦਿਖਾ ਦਿੱਤੀ।ਲੜਾਈ ਵੱਧ ਦੀ ਦੇਖ ਕੇ ਰੈਸਟੋਰੈਂਟ ਵਾਲਿਆਂ ਨੇ ਪੁਲੀਸ ਨੂੰ ਫੋਨ ਕਰ ਦਿੱਤਾ, ਪਰ ਪੁਲੀਸ ਆਉਣ ਤੋਂ ਪਹਿਲਾਂ ਹੀ ਸਾਰੇ ਰਫੂ -ਚੱਕਰ ਹੋ ਗਏ।
ਲੜਾਈ ਤੋਂ ਬਾਅਦ ਹਰਨੀਤ ਦੀ ਹਾਲਤ ਏਨੀ ਖਰਾਬ ਹੋ ਗਈ ਕਿ ਉਸ ਵਿਚ ਡਰਾਇਵ ਕਰਨ ਦੀ ਵੀ ਹਿੰਮਤ ਨਹੀ ਸੀ। ਮੈ ਮਨ ਬਣਾਇਆ ਕਿ ਮੈ ਹੀ ਗੱਡੀ ਚਲਾ ਲੈਂਦਾ ਹਾਂ, ਪਰ ਮੇਰੇ ਕੋਲ ਅਜੇ ਕੈਨੇਡੀਅਨ ਡਰਾਈਵਰ ਲਾਈਸੈਂਸ ਨਾ ਕਾਰਨ, ਤਨੂ ਜੋ ਸਾਡੇ ਕੋਲ ਹੀ ਖੜ੍ਹੀ ਸੀ ਬੋਲੀ, " ਮੈ ਛੱਡ ਆਉਂਦੀ ਹਾਂ।"
ਹਨੇਰੇ ਨੂੰ ਚੀਰਦੀ ਕਾਰ ਛੇਤੀ ਹੀ ਬੇਸਮਿੰਟ ਅੱਗੇ ਆ ਰੁਕੀ। ਤਨੂ ਰੋਂਦੀ ਹੋਈ ਹਰਨੀਤ ਨੂੰ ਫੜ੍ਹ ਅੰਦਰ ਲੈ ਆਈ।ਰੌਂਦੀ ਹੋਈ ਹਰਨੀਤ ਨੂੰ ਦੇਖ ਕੇ ਮੇਰਾ ਦਿਲ ਕੀਤਾ ਕਿ ਮੈ ਵੀ ਉਸ ਨੂੰ ਆਪਣੇ ਨਾਲ ਲਾ ਕੇ ਚੁੱਪ ਕਰਾਵਾਂ, ਪਰ ਮਜ਼ਬੂਰੀ ਬਸ ਥੌੜ੍ਹੀ ਦੇਰ ਪਰੇ ਖਲੋ ਉਹਨਾਂ ਨੂੰ ਦੇਖਦਾ ਰਿਹਾ, ਫਿਰ ਆਪਣੇ ਕਮਰੇ ਵਿਚ ਚਲਾ ਗਿਆ।ਮੇਰੇ ਜਾਣ ਦੀ ਦੇਰ ਹੀ ਸੀ ਕਿ ਦੋਨੋ ਸਹੇਲੀਆਂ ਦੀਆਂ ਗੱਲਾਂ ਫਿਰ ਸ਼ੁਰੂ ਹੋ ਗਈਆਂ।
" ਹਰਨੀਤ,ਮੇਰੀ ਸਲਾਹ ਮੰਨ।" ਤਨੂ ਨੇ ਕਿਹਾ, " ਸੈਂਡੀ ਨਾਲ ਵਿਆਹ ਕਰਨ ਦਾ ਫੈਂਸਲਾ ਤਿਆਗ ਦੇ।"
" ਪਰ, ਮੈ ਉਸ ਨੂੰ ਪਿਆਰ ਕਰਦੀ ਹਾਂ।" ਹਰਨੀਤ ਦੇ ਇਹ ਬੋਲ ਜਦੋਂ ਮੈ ਸੁਣੇ ਤਾਂ ਮੇਰਾ ਦਿਲ ਜਿਵੇ ਧੜਕਨੋ ਹੀ ਬੰਦ ਹੋ ਗਿਆ ਹੋਵੇ,ਪਰ ਮੈ ਫਿਰ ਵੀ ਆਪਣੇ ਦਿਲ 'ਤੇ ਹੱਥ ਰੱਖ ਕੇ ਖੜ੍ਹਾ ਉਹਨਾਂ ਦੀਆਂ ਗੱਲਾਂ ਸੁਣਦਾ ਗਿਆ।
" ਪਰ, ਮੈਨੂੰ ਨਹੀ ਲਗੱਦਾ ਕਿ ਉਹ ਤੈਨੂੰ ਪਿਆਰ ਕਰਦਾ ਹੈ।"
" ਉਹ ਕਹਿੰਦਾ ਤਾਂ ਸੀ ਕਿ ਆਈ ਲਵ ਜੂ।"
" ਤੈਂਨੂੰ ਪਤਾ ਉਹ ਕੈਲੀ ਨੂੰ ਵੀ ਇਹ ਕਹਿੰਦਾ ਏ।"
" ਉਸ ਦੇ ਪੇਰੈਂਟਸ ਤਾਂ ਮੈਨੂੰ ਹੀ ਚਾਹੁੰਦੇ ਨੇਂ।" ਰੌਂਦੀ ਹੋਈ ਹਰਨੀਤ ਬੋਲੀ, " ਨਹੀ ਮੈ ਸੈਂਡੀ ਨੂੰ ਪਿਆਰ ਕਰਦੀ ਹਾਂ।"
" ਜੇ ਤੂੰ ਹੀ ਸੈਂਡੀ ਪਿਆਰ ਕਰਦੀ ਤਾਂ ਫਿਰ ਵੀ ਉਸ ਨਾਲ ਵਿਆਹ ਦਾ ਸੁਪਨਾ ਲੈਣਾ ਛੱਡ ਦੇ।"
"ਕਿਉਂ।"
" ਇਕ ਫਿਲਾਸਫਰ ਨੇ ਕਿਹਾ ਹੈ ਕਿ ਕੁੜੀ ਨੂੰ ਉਸ ਨਾਲ ਵਿਆਹ ਨਹੀ ਕਰਨਾ ਚਾਹੀਦਾ ਜਿਸ ਨੂੰ ਉਹ ਪਿਆਰ ਕਰਦੀ ਹੈ, ਬਲਕਿ ਉਸ ਨਾਲ ਕਰਨਾ ਚਾਹੀਦਾ ਹੈ ਜੋ ਉਸ ਨੂੰ ਪਿਆਰ ਕਰਦਾ ਹੈ।"
" ਸੈਂਡੀ ਨੇ ਮੇਰੇ ਨਾਲ ਜ਼ਿੰਦਗੀ ਨਿਭਾਉਣ ਦਾ ਵਾਅਦਾ ਕੀਤਾ ਸੀ।"
" ਆਪਣੇ ਪੇਰੈਂਟਸ ਨੂੰ ਪੰਜਾਬੀ ਨੂੰਹ ਦੇਣ ਦਾ ਵਆਦਾ ਨਿਭਾਉਣ ਖਾਤਰ ਤੇਰੇ ਨਾਲ ਨਾਟਕ ਕੀਤਾ।ਤਨੂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਬੋਲੀ, " ਉਸ ਦਿਨ ਮੈ ਤੈਂਨੂੰ ਕਿਹਾ ਸੀ ਕਿ ਤੈਨੂੰ ਇਕ ਗੱਲ ਦੱਸਣੀ ਏ, ਪਰ ਤੇਰੇ ਪੁੱਛਣ ਤੇ ਉਹ ਗੱਲ ਟਾਲ ਗਈ ਸੀ ਤਾਂ ਜੋ ਤੇਰਾ ਦਿਲ ਨਾ ਟੁੱਟੇ।"
" ਇਸ ਤੋਂ ਵੱਧ ਮੇਰਾ ਦਿਲ ਕੀ ਟੁੱਟਣਾ ਏ ਤੂੰ ਅੱਜ ਉਹ ਗੱਲ ਵੀ ਦੱਸ ਹੀ ਦੇ।"
" ਡਰੱਗ ਦੇ ਧੰਦੇ ਵਿਚ ਵੀ ਸੈਂਡੀ ਇਨਬੋਲਵ ਹੈ।" ਇਹ ਗੱਲ ਸੁਨਣ ਤੇ ਮੈ ਦਰਵਾਜ਼ੇ ਦੀ ਬਿਰਲ ਵਿਚੋਂ ਹਰਨੀਤ ਨੂੰ ਦੇਖਣ ਦੀ ਕੋਸ਼ਿਸ਼ ਕੀਤੀ। ਉਸ ਦੀਆਂ ਵੱਡੀਆਂ ਅੱਖਾਂ ਜਿਵੇ ਖੁਲ੍ਹੀਆਂ ਹੀ ਰਹਿ ਗਈਆਂ ਹੋਣ, ਰੋਣਾ ਭੁਲ ਕੇ ਹੈਰਾਨ ਹੁੰਦੀ ਬੋਲੀ, " ਤੈਨੂੰ ਕਿਵੇ ਪਤਾ ਲੱਗਾ?"
" ਮੈਨੂੰ ਕਿਵੇ ਪਤਾ ਲੱਗ ਗਿਆ, ਇਹ ਗੱਲ ਛੱਡ।" ਤਨੂ ਨੇਂ ਕਿਹਾ," ਤੂੰ ਇਹ ਸੋਚ ਕਿ ਸੈਂਡੀ ਨਾਲ ਰਿਲੇਸ਼ਨ ਰੱਖਣੇ ਜਾਂ ਤੋੜਨੇ।"
ਹਰਨੀਤ ਫਿਰ ਰੋਂਦੀ ਬੋਲੀ, "ਮੈ ਕਦੀ ਸੋਚਿਆ ਵੀ ਨਹੀ ਸੀ ਕਿ ਸੈਂਡੀ ਇਸ ਤਰਾਂ ਦਾ ਨਿਕਲੇਗਾ।"
ਮੇਰਾ ਦਿਲ ਕਰੇ ਕਿ ਕਹਾਂ ਡੁੱਲੇ ਬੇਰਾਂ ਦਾ ਅਜੇ ਵੀ ਕੁੱਝ ਨਹੀ ਵਿਗੜਿਆ, ਪਰ ਮੈ ਚੁੱਪ ਕੀਤਾ ਉਹਨਾਂ ਦੀ ਹੀ ਵਾਰਤਾਲਾਪ ਸੁਣੀ ਗਿਆ।ਛੇਤੀ ਹੀ ਤਨੂ ਨੇ ਹਰਨੀਤ ਦਾ ਰੋਣਾ ਕਾਬੂ ਵਿਚ ਲੈ ਆਂਦਾ।ਇਸ ਤੋਂ ਬਾਅਦ ਉਹਨਾਂ ਵਿਚ ਕੀ ਗੱਲ-ਬਾਤ ਹੋਈ ਮੈਨੂੰ ਨਹੀ ਪਤਾ।ਉਹ ਦੋਨੋ ਕਮਰੇ ਵਿਚ ਚਲੀਆਂ ਗਈਆਂ। ਥੌੜ੍ਹੀ ਦੇਰ ਬਾਅਦ ਬਾਹਰਲਾ ਦਰਵਾਜ਼ਾ ਖੁਲ੍ਹਣ ਦੀ ਅਵਾਜ਼ ਆਈ। ਮੈ ਖਿੜਕੀ ਵਿਚੋਂ ਦੇਖਿਆ ਤਨੂ ਜਾ ਰਹੀ ਸੀ।ਅੱਜ ਕੀ ਹੋਇਆ ਇਹ ਸੋਚਦਾ ਹੋਇਆ ਮੈ ਆਪਣੇ ਹੀ ਕਮਰੇ ਵਿਚ ਇਧਰ-ਉਧਰ ਫਿਰਦਾ ਰਿਹਾ। ਇਸ ਪਰੇਸ਼ਾਨੀ ਤੋਂ ਬਚਣ ਲਈ ਮੈ ਆਪਣਾ ਸ਼ੁਰੂ ਕੀਤਾ ਨਾਵਲ ਪੜ੍ਹਨ ਲੱਗ ਪਿਆ, ਫਿਰ ਪਤਾ ਨਹੀ ਕਦੋਂ ਪੜ੍ਹਦਾ ਪੜ੍ਹਦਾ ਸੌਂ ਗਿਆ।
੪੪
ਅਗਲੇ ਦਿਨ ਸਵੇਰੇ ਹੀ ਫੋਨ ਵਜਿਆ।ਹਰਨੀਤ ਨੇ ਫੋਨ ਚੁਕਿਆ, " ਹੈਲੋ।"
" ਨਹੀ, ਮੈ ਤੇਰੇ ਨਾਲ ਗੱਲ ਨਹੀ ਕਰਨੀ ਚਾਹੁੰਦੀ….ਸੌਰੀ ਕਹਿਣ ਨਾਲ ਬੰਦੇ ਦੀਆਂ ਆਦਤਾਂ ਨਹੀ ਬਦਲ ਜਾਂਦੀਆਂ।" ਇਹਨਾਂ ਗੱਲਾਂ ਤੋਂ ਮੈ ਅੰਦਾਜ਼ਾ ਲਾ ਲਿਆ ਕਿ ਸੈਂਡੀ ਦਾ ਫੋਨ ਹੈ। ਮੈ ਬੈਡ ਤੋਂ ਉੱਠ ਫਿਰ ਦਰਵਾਜ਼ੇ ਨਾਲ ਲਗ ਖਲੋ ਗਿਆ।ਫੋਨ ਤੇ ਹੋ ਰਹੀਆਂ ਗੱਲਾਂ ਨੂੰ ਸੁਨਣ ਲੱਗਾ…ਤੇਰੇ ਮੇਰੇ ਰਿਲੇਸ਼ਨ ਖਤਮ….ਤੇਰੇ ਪੇਰੈਂਟਸ ਤੈਨੂੰ ਪਰੋਪਰਟੀ ਇਸ ਕਰਕੇ ਹੀ ਦੇਣਗੇ ਜੇ ਤੂੰ ਪੰਜਾਬੀ ਕੁੜੀ ਨਾਲ ਵਿਆਹ ਕਰਾਏ ਤਾਂ ਬੇਥੇੜੀਆਂ ਪੰਜਾਬੀ ਕੁੜੀਆਂ ਨੇ ਸਰੀ ਵਿਚ ਜਾ ਕੇ ਲਭ ਲੈ….ਤੇਰੇ ਨਾਲ ਝੂਠਾ ਵਿਆਹ ਕਰਾ ਲਵਾਂ ਤੇ ਪਰੋਪਰਟੀ ਮਿਲਣ ਤੇ ਤੂੰ ਮੈਨੂੰ ਪੈਸੇ ਦੇ ਕੇ ਡਿਵੋਰਸ ਕਰੇਂਗਾ…ਤੂੰ ਮੈਨੂੰ ਆਪਣੀ ਪਰੋਪਰਟੀ ਕਰਕੇ ਹੀ ਲਵ ਕਰਦਾ ਆ….ਨਹੀ ਮੈ ਕਿਸੇ ਨਾਲ ਨਹੀ ਵਿਆਹ ਕਰਵਾਉਣਾ, ਮਨਮੀਤ ਇੱਥੇ ਨਹੀ ਰਹਿੰਦਾ… ਮੇਰੇ ਮਨਮੀਤ ਨਾਲ ਕੋਈ ਰਿਲੇਸ਼ਨ ਨਹੀ… ਤੂੰ ਡਰਾਵੇ ਅਤੇ ਧਮਕੀਆਂ ਨਾ ਦੇ…ਤੂੰ ਮੇਰੇ ਨਾਲ ਇਸ ਤਰਾਂ ਕੀਤਾ ਤਾਂ ਮੈ ਪੁਲੀਸ ਨੂੰ ਦਸ ਦੇਣਾ, ਜ਼ੂ ਸ਼ਟਅਪ..'।
ਇਸ ਤੋਂ ਬਾਅਦ ਹਰਨੀਤ ਨੇ ਇੰਨੇ ਜੋਰ ਨਾਲ ਫੋਨ ਰਸੋਈ ਦੇ ਕਾਊਟਰ 'ਤੇ ਸੁੱਟਿਆ, ਜਿਸ ਦੀ ਅਵਾਜ਼ ਸਾਰੇ ਘਰ ਵਿਚ ਗੂੰਜੀ। ਮੈਂ ਕਮਰੇ ਤੋਂ ਬਾਹਰ ਨਿਕਲ ਆਇਆ। ਹਰਨੀਤ ਸੋਫੇ 'ਤੇ ਸਿਰ ਫੜੀ ਬੈਠੀ ਦਿਸੀ।ਮੈਂ ਉਸ ਤੋਂ ਥੌੜ੍ਹੀ ਵਿੱਥ ਉੱਪਰ ਖਲੋ ਗਿਆ ਅਤੇ ਬੋਲਿਆ ਕੁਝ ਨਾ। ਉਸ ਨੇ ਅੱਗੇ ਪਏ ਮੇਜ਼ ਉੱਪਰੋ ਟਿਸ਼ੂਆਂ ਦਾ ਡੱਬਾ ਆਪਣੇ ਵੱਲ ਖਿੱਚਿਆ ਅਤੇ ਉਸ ਵਿਚੋਂ ਇਕ ਟਿਸ਼ੂ ਲੈ ਕੇ ਆਪਣੀਆਂ ਅੱਖਾਂ ਪੂੰਝਨ ਲੱਗ ਪਈ।ਮੈਂ ਚੁੱਪ-ਚਪੀਤਾ ਉਸ ਵੱਲ ਦੇਖਦਾ ਰਿਹਾ।ਫਿਰ ਉਸ ਨੇ ਇਕ ਵੱਡਾ ਹਾਉਕਾ ਲਿਆ ਅਤੇ ਮੇਰੇ ਵੱਲ ਦੇਖਿਆ। ਉਸ ਦੇਖਣੀ ਵਿਚ ਦਇਆ ਦੀ ਤਸਵੀਰ ਦੇਖ ਕੇ ਮੈਂ ਉਸ ਦੇ ਬਿਲਕੁਲ ਨੇੜੇ ਪਹੁੰਚ ਗਿਆ।
ਉਸ ਦੇ ਨਾਲ ਸੋਫੇ ਉੱਪਰ ਬੈਠਦਿਆਂ ਮੈਂ ਪੁੱਛਿਆ, " ਸੈਂਡੀ ਦਾ ਫੋਨ ਸੀ।"
"ਜੈਸ।" ਉਸ ਨੇ ਗੁੱਸੇ ਵਿਚ ਹੀ ਜ਼ਵਾਬ ਦਿੱਤਾ, " ਕੁਤੇ..ਕਮੀਨੇ ਸੈਂਡੀ ਦਾ ਫੋਨ ਸੀ।"
" ਜਿਸ ਨੂੰ ਪਿਆਰ ਕਰੀਏ ਉਸ ਦੇ ਲਈ ਇਸ ਤਰਾਂ ਦੇ ਭੈੜੇ ਸ਼ਬਦ ਨਹੀ ਬੋਲੀਦੇ।" ਮੈਂ ਜਾਣ ਕੇ ਬਲਦੀ ਤੇ ਤੇਲ ਪਾਉਂਦਿਆ ਕਿਹਾ, "ਅਮੀਰ ਬੰਦਾ ਆ, ਐਵੇਂ ਨਹੀ ਕਿਸੇ ਨੂੰ ਇਸ ਤਰਾਂ ਕਹੀਦਾ, ਉਹ ਤਹਾਨੂੰ ਪਿਆਰ ਕਰਦਾ ਏ।"
" ਮੇਰੇ ਜਖਮਾਂ ਤੇ ਲੂਣ ਨਾ ਛਿੜਕੋ।" ਹਰਨੀਤ ਹੋਰ ਵੀ ਗੁੱਸੇ ਵਿਚ ਬੋਲੀ, " ਮੈ ਕਿਸੇ ਨੂੰ ਪਿਆਰ-ਬਿਆਰ ਨਹੀ ਕਰਦੀ।"
" ਚਲੋ ਇਹ ਤਾਂ ਵਧੀਆਂ ਤੁਸੀ ਕਿਸੇ ਨੂੰ ਪਿਆਰ ਨਹੀ ਕਰਦੇ।" ਮਂੈ ਪੱਛਿਆ, " ਪਰ ਇਹ ਤਾਂ ਦੱਸ ਦਿਉ ਕਿ ਸੈਂਡੀ ਕਹਿੰਦਾ ਕੀ ਸੀ। ਤੁਸੀ ਲੜਾਈ ਵਿਚ ਮੇਰਾ ਨਾਮ ਵੀ ਲੈ ਰਿਹੇ ਸੀ।"
" ਬਕਬਾਸ ਕਰਦਾ ਸੀ।" ਹਰਨੀਤ ਨੇ ਦੱਸਿਆ, " ਲੜਾਈ ਹੋਈ ਦਾ ਕਾਰਨ ਤੁਹਾਨੂੰ ਸਮਝਦਾ ਹੈ।"
" ਫਿਰ ਤੁਸੀ ਕਹਿ ਦਿੱਤਾ ਕੇ ਮਂੈ ਇੱਥੇ ਰਹਿੰਦਾ ਹੀ ਨਹੀ।"
" ਮੈਂ ਨਹੀ ਚਾਹੁੰਦੀ ਕਿ ਮੇਰੇ ਕਰਕੇ ਤੁਸੀ ਕਿਸੇ ਟਰਾਬਿਲ ਵਿਚ ਫਸੋ ਅਤੇ ਉਹ ਤੁਹਾਨੂੰ ਕੋਈ ਨੁਕਸਾਨ ਪੁਹੁੰਚਾਵੇ।"
" ਟਰਾਬਿਲ ਵਿਚ ਤਾਂ ਮੈ ਫਸ ਹੀ ਚੁੱਕਾ ਹਾਂ।" ਮੈ ਉਸ ਦੀਆਂ ਅੱਖਾਂ ਵਿਚ ਦੇਖ ਕੇ ਕਿਹਾ, " ਤੁਹਾਡੀ ਖਾਤਰ ਨੁਕਸਾਨ ਵੀ ਝੱਲ ਲਵਾਗਾਂ।"
" ਪਰ ਆਪਣਾ ਤਾਂ ਕੋਈ ਰਿਸ਼ਤਾ ਨਹੀ।" ਹਰਨੀਤ ਨੇ ਮੈਨੂੰ ਟੋਹਦਂੇ ਹੋਏ ਕਿਹਾ, " ਫਿਰ ਤੁਸੀ ਮੇਰੀ ਖਾਤਰ ਕਿਉਂ ਨੁਕਸਾਨ ਝੱਲਣ ਲਈ ਰਾਜ਼ੀ ਹੋ।"
" ਤੁਹਾਡੇ ਅਤੇ ਮੇਰੇ ਵਿਚਾਲੇ ਇਨਸਾਨੀਅਤ ਦਾ ਤਾਂ ਰਿਸ਼ਤਾ ਹੈ।" ਮੈ ਹੁਸ਼ਿਆਰ ਬਣਦੇ ਜ਼ਵਾਬ ਦਿੱਤਾ, " ਉਸ ਰਿਸ਼ਤੇ ਦੀ ਖਾਤਰ ਮੈ ਕੁੱਝ ਵੀ ਕਰ ਸਕਦਾ ਹਾਂ।"
" ਤੁਸੀ ਐਵੇਂ ਨਾ ਮੇਰੀ ਖਾਤਰ ਔਖੇ ਹੋਵੋ।"
ਉਸ ਦੀਆਂ ਗੱਲਾਂ ਵਿਚੋਂ ਮੈਨੂੰ ਹੁਣ ਸਹੋਣੀ ਖਸ਼ਬੂ ਆਉਣ ਲੱਗ ਪਈ ਸੀ। ਜੋ ਪਹਿਲਾਂ ਕਦੇ ਨਹੀ ਸੀ ਆਈ। ਪਰ ਉਸ ਦੇ ਅੰਦਰ ਕਿਸ ਫੁੱਲ ਦੀ ਖਸ਼ਬੂ ਹੈ ਅਜੇ ਵੀ ਮੇਰੀ ਸਮਝ ਤੋਂ ਬਾਹਰ ਸੀ।ਮੇਰਾ ਮਤਲਵ ਕੈਨੇਡਾ ਵਾਲੇ ਫੁਲ ਨੂੰ ਪਸੰਦ ਕਰਦੀ ਹੈ ਜਾਂ ਪੰਜਾਬ ਵਾਲੇ ਨੂੰ। ਮੇਰੇ ਮਨ ਨੇ ਮੈਨੂੰ ਕਿਹਾ ਕਿ ਲਗਦਾ ਹੈ ਇਹ ਤੈਨੂੰ ਚਾਹੁਣ ਲਗ ਪਈ ਏ,ਕਹਿਣ ਨੂੰ ਇਹ ਗੱਲ ਮਂੈ ਕਹਿ ਵੀ ਸਕਦਾ ਸੀ, ਪਰ ਫਿਰ ਮੇਰਾ ਮਨ ਆਪ ਹੀ ਅੜ ਗਿਆ ਅਤੇ ਬੋਲਿਆ, " ਜੇ ਇਹ ਆਪਣੇ ਆਪ ਨੂੰ ਸਮਝਦੀ ਹੈ,ਇਸ ਦੇ ਕਹਿਣ ਵਾਂਗ ਆਕੜ ਸਾਡੇ ਵਿਚ ਵੀ ਘੱਟ ਨਹੀ, ਹੁਣ ਪਹਿਲਾਂ ਇਸ ਦੇ ਮੂੰਹੋਂ ਹੀ ਕਢਵਾਵਾਗੇ ਕਿ ਮੈ ਤੈਂਨੂੰ ਪਿਆਰ ਕਰਦੀ ਹਾਂ।"
"ਮਨ ਦੀਆ ਮਨ ਵਿਚ ਰਹਿਣ ਦੇ।" ਮੇਰੇ ਦਿਮਾਗ ਨੇ ਮੈਨੂੰ ਸਮਝਾਇਆ, " ਸਬਰ ਕਰ।"
ਦਿਮਾਗ ਦੀ ਗੱਲ ਸੁਣਦੇ ਹੋਏ ਮੈ ਹਰਨੀਤ ਨੂੰ ਕਿਹਾ, " ਸੈਂਡੀ ਹੋਰ ਕੀ ਕਹਿੰਦਾ ਸੀ।"
" ਕੁੱਛ ਨਹੀ ਸੀ ਕਹਿੰਦਾ।" ਹਰਨੀਤ ਨੇ ਥੌੜ੍ਹੇ ਢੈਲੇ ਹੁੰਦੇ ਕਿਹਾ, "ਕਹਿੰਦਾ ਤੈਂਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਵਾਂਗਾ।"
" ਉਹ ਇੰਝ ਵੀ ਕਰ ਸਕਦਾ ਹੈ।"
" ਨਹੀ ਉਹ ਇੰਝ ਨਹੀ ਕਰ ਸਕਦਾ"॥
" ਇਹੋ ਜਿਹੇ ਲੋਕ ਘਟੀਆ ਕੰਮ ਕਰਨ ਲੱਗੇ ਦੇਰ ਨਹੀ ਕਰਦੇ ਹੁੰਦੇ।"
ਇਹਨਾਂ ਹੀ ਕਿਹਾ ਸੀ ਕਿ ਦੋ ਕਾਰਾਂ ਚੀਕਦੀਆਂ ਹੋਈਆਂ ਬੇਸਮਿੰਟ ਦੇ ਅੱਗੇ ਆ ਰੁਕੀਆਂ। ਹਰਨੀਤ ਨੇ ਪਰਦਾ ਚੁਕ ਕੇ ਦੇਖਦੀ ਹੋਈ ਘਬਰਾਈ ਹੋਈ ਬੋਲੀ, " ਸੈਂਡੀ ਸੱਚੀ ਆ ਗਿਆ।"
ਬੇਸਮਿੰਟ ਦਾ ਖੁਲ੍ਹਾ ਦਰਵਾਜ਼ਾ ਦੇਖ ਉਸ ਨੂੰ ਲਾਉਣ ਲਈ ਦੌੜਾ। ਹਰਨੀਤ ਨੇ ਕਾਹਲੀ ਨਾਲ ੯੧੧ ਕੀਤਾ। ਸੈਡੀ ਨੇ ਜ਼ੋਰ ਜ਼ੋਰ ਦੀ ਦਰਵਾਜ਼ਾ ਖੜਕਾਇਆ ਨਾਲ ਹੀ ਅਰਾਟ ਜਿਹਾ ਪਾਉਂਦਾ ਬੋਲਿਆ, " ਦਰਵਾਜ਼ਾ ਖੋਲ੍ਹ , ਤੇਰਾ ਜਾਰ-ਬੇਲੀ ਆਇਆ ਹੈ।" ਮੈ ਹਰਨੀਤ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਪਰ ਉਹ ਉਹਦੇ ਵਾਂਗ ਹੀ ਇੰਗਲਸ਼ ਵਿਚ ਗਾਹਲਾ ਕੱਢਦੀ ਬੋਲੀ, " ਦਫਾ ਹੋ ਜਾ ਇਥੋਂਂ।"
ਉਹਨਾਂ ਨੇ ਜ਼ੋਰ ਦੀ ਦਰਵਾਜ਼ੇ ਨੂੰ ਧੱਕਾ ਮਾਰਿਆ, ਹਲਕੀ ਜਿਹੀ ਲਕੜੀ ਦਾ ਬਣਿਆ ਦਰਵਾਜ਼ਾ ਟੁਟ ਕੇ ਉਹ ਗਿਆ ਅਤੇ ਉਹ ਦਗੜ ਦਗੜ ਕਰਦੇ ਅੰਦਰ ਆ ਗਏ।ਸੈਂਡੀ ਮੈਨੂੰ ਸਾਹਮਣੇ ਖੜੇ ਦੇਖ ਹੈਰਾਨ ਹੁੰਦਾ ਹਰਨੀਤ ਨੂੰ ਬੋਲਿਆ, " ਜ਼ੂਅਰ ਲਾਇਅਰ।" ਸੈਂਡੀ ਨੇ ਹਰਨੀਤ ਦੀ ਬਾਂਹ ਨੂੰ ਹੱਥ ਪਾ ਲਿਆ ਅਤੇ ਜ਼ਬਰਦਸਤੀ ਬਾਹਰ ਵੱਲ ਖਿਚੱਣ ਲੱਗਾ।ਸੈਂਡੀ ਦੇ ਹੱਥ ਲਾਉਣ ਦੀ ਦੇਰ ਹੀ ਸੀ ਕਿ ਮੇਰਾ ਖੂਨ ਗੁੱਸੇ ਨਾਲ ਉਬਲਣ ਲੱਗਾ। ਗੁੱਸੇ ਨਾਲ ਮੇਰੇ ਸਰੀਰ ਦੀ ਨਾੜ ਨਾੜ ਸੈਂਡੀ ਨੂੰ ਸਬਕ ਸਿਖਾਉਣ ਲਈ ਤਨ ਗਈ।ਮੈ ਇਕ ਤਰਾਂ ਉੱਡਦਾ ਹੋਇਆ ਸੈਂਡੀ ਵੱਲ ਗਿਆ ਅਤੇ ਜਬਰਦਸਤ ਘਸੁੰਨ ਉਸ ਦੀਆਂ ਨਾਸਾ 'ਤੇ ਜੜਿਆ। ਉਹ ਚੱਕਰ ਜਿਹਾ ਖਾ ਕੇ ਘੁੰਮ ਗਿਆ। ਉਸ ਦੇ ਦੋ ਦੋਸਤ ਮੇਰੇ ਵੱਲ ਆਏ ਅਤੇ ਧੱਕਾ ਮਾਰ ਕੇ ਮੈਨੂੰ ਜ਼ਮੀਨ ਉੱਪਰ ਸੁੱਟ ਦਿੱਤਾ। ਪਹਿਲਾਂ ਕਬੱਡੀ ਦਾ ਖਡਾਰੀ ਰਿਹਾ ਹੋਣ ਕਾਰਨ ਇਕ ਗੁਰ ਮੈਨੂੰ ਚੇਤੇ ਆ ਗਿਆ,ਜ਼ਬਰਦਸਤ ਲੱਤਾਂ ਦੀ ਕੈਂਚੀ ਇਕ ਨੂੰ ਮਾਰੀ ਅਤੇ ਉਹ ਮੂਧੇ ਮੂੰਹ ਡਿਗ ਗਿਆ।ਉਹਨਾਂ ਦੇ ਖਾਧੇ ਪੀਜ਼ੇ ਬਰਗਰ ਮੇਰੇ ਮੱਖਣ ਦੇ ਪੇੜਿਆਂ ਅਤੇ ਦੁੱਧ ਦੇ ਕੰਗਣੀ ਵਾਲੇ ਗਿਲਾਸਾਂ ਸਾਹਮਣੇ ਫਿਕੇ ਪੈਣ ਲੱਗੇ।ਪਿੰਡ ਦੇ ਸਕੂਲ ਦੀ ਗਰਾਊਂਡ ਵਿਚ ਭਾਰ ਚੁੱਕ ਚੁੱਕ ਕੇ ਬਣਾਇਆ ਮੇਰਾ ਸਰੀਰ ਇਸ ਵਕਤ ਮੇਰਾ ਸਹਾਈ ਬਣਨ ਲੱਗਾ।ਉਹਨਾਂ ਦੀਆਂ ਬੀਅਰਾ ਪੀਤੀਆਂ ਪਸੀਨੇ ਦੇ ਰੂਪ ਵਿਚ ਬਾਹਰ ਆਉਣ ਲੱਗੀਆਂ।ਸੈਡੀ ਦੇ ਨੱਕ ਵਿਚੋਂ ਲਹੂ ਚੋਣ ਲੱਗਾ। ਖੂੰਜੇ ਵਿਚ ਦੋਹਾਂ ਹੱਥਾਂ ਨਾਲ ਨੱਕ ਨੂੰ ਫੜੀ ਮੇਰੇ ਵੱਲ ਇਸ ਤਰਾਂ ਝਾਕ ਰਿਹਾ ਸੀ ਜਿਵੇ ਕਹਿ ਰਿਹਾ ਹੋਵੇ ਕਿੱਥੇ ਇਸ ਪੰਤਦਰ ਨਾਲ ਪੰਗਾ ਲੈ ਲਿਆ।ਉਹ ਅਤੇ ਉਸ ਦੇ ਦੋਸਤ ਇਕ ਐਫ ਸ਼ਬਦ ਵਾਲੀ ਗਾਹਲ ਵਾਰ ਵਾਰ ਦੁਹਾਰਾਉਣ ਲੱਗੇ ਤਾਂ ਮੈਨੂੰ ਪਤਾ ਹੀ ਨਾ ਲੱਗਾ ਕਦੋਂ ਮੈ ਪੰਜਾਬੀ ਗਾਲਾਂ ਦਾ ਉਹਨਾ ਉਪਰ ਮੀਂਹ ਵਰਸਾ ਦਿੱਤਾ। ਹਾਲਾਂ ਕਿ ਪਹਿਲਾਂ ਮੈ ਕਦੇ ਘੱਟ ਹੀ ਕਿਸੇ ਨੂੰ ਗਾਹਲ ਕੱਢੀ ਸੀ। ਸਗੋਂ ਗਾਹਲਾਂ ਕੱਢਣ ਦੇ ਵਿਰੋਧ ਵਿਚ ਸਾਂ। ਮੇਰੀਆਂ ਗਾਹਲਾਂ ਨੇ ਉਹਨਾਂ ਦਾ ਐਫ ਸ਼ਬਦ ਬੰਦ ਕਰਵਾ ਦਿੱਤਾ ਸੀ। ਮੇਰੇ ਗੁੱਸੇ ਦੀ ਹਨੇਰੀ ਅਜੇ ਠੱਲੀ ਨਹੀ ਸੀ ਕਿ ਬਾਹਰ ਪੁਲੀਸ ਦੇ ਸਾਈਰਨ ਕੂਕਨ ਲੱਗੇ।
ਪੁਲੀਸ ਨੇ ਸਾਡੀ ਜਾਰੀ ਲੜਾਈ ਵਿਚ ਹੀ ਸਾਨੂੰ ਹੱਥਕੜੀਆਂ ਲਾ ਲਈਆਂ।ਮੈ ਪੁਲੀਸ ਨੂੰ ਬਹੁਤ ਹੈਰਾਨੀ ਨਾਲ ਦੇਖ ਰਿਹਾ ਸੀ ਕਿਉਂਕਿ ਉਹਨਾਂ ਦੇ ਗੱਲ ਕਰਨ ਦਾ ਢੰਗ ਪੰਜਾਬ ਦੀ ਪੁਲੀਸ ਤੋਂ ਬਹੁਤ ਹੀ ਵੱਖਰਾ ਅਤੇ ਪਿਆਰ ਵਾਲਾ ਸੀ।ਹਰਨੀਤ ਰੋ ਰੋ ਕੇ ਉਹਨਾਂ ਨੂੰ ਸਾਰੀ ਗੱਲ ਦਸ ਰਹੀ ਸੀ।
ਹਰਨੀਤ ਦੀ ਗੱਲ ਸੁਣ ਕੇ ਉਹਨਾਂ ਮੈਨੂੰ ਛੱਡ ਦਿੱਤਾ, ਸੈਂਡੀ ਅਤੇ ਉਸ ਦੇ ਦੋ ਬੰਦਿਆਂ ਨੂੰ ਹੱਥਕੜੀਆਂ ਵਿਚ ਹੀ ਲੈ ਗਈ।
"ਥੈਂਕਸ।" ਮੈ ਰੋਂਦੀ ਹਰਨੀਤ ਵੱਲ ਦੇਖ ਕੇ ਕਿਹਾ, " ਜੋ ਤੁਸੀ ਅੱਜ ਸੱਚ ਦਾ ਪੱਖ ਲਿਆ॥"
" ਅੱਜ ਤੋਂ ਬਾਅਦ ਸਾਡੇ ਦੋਹਾਂ ਵਿਚ ਸੱਚ ਹੀ ਚੱਲੇਗਾ।" ਉਸ ਨੇ ਆਪਣੀ ਰੋਂਦੀ ਅਵਾਜ਼ ਵਿਚ ਕਿਹਾ, " ਝੂਠ ਨੇ ਤਾਂ ਬਹੁਤ ਪਰੋਬਲਮ ਦਿੱਤੀ।"
ਦਿਲ ਕਰੇ ਕਿ ਕਹਾਂ ਸ਼ੁਕਰ ਹੈ ਤੈਨੂੰ ਸੱਚ ਅਤੇ ਝੂਠ ਦੇ ਅੰਤਰ ਦਾ ਪਤਾ ਤਾਂ ਲੱਗਾ, ਪਰ ਮੈ ਚੁੱਪ ਹੀ ਰਿਹਾ ਅਤੇ ਉਹ ਫਿਰ ਬੋਲੀ, " ਸੌਰੀ।"
ਉਸ ਦੀ ਸੌਰੀ ਸਮਝਦਾ ਹੋਇਆਂ ਵੀ ਨਾ ਸਮਝਿਆਂ। ਸਗੋਂ ਆਪਣੇ ਕਮਰੇ ਵਿਚ ਜਾ ਕੇ ਪੈਕਇੰਗ ਕਰਨ ਲੱਗ ਪਿਆ।ਅਟੈਚੀ ਰਸੋਈ ਵਿਚ ਰੱਖ, ਟੈਕਸੀ ਵਾਲੇ ਨੂੰ ਫੋਨ ਘੰਮਾਉਣ ਹੀ ਲੱਗਾਂ ਸੀ ਕਿ ਹਰਨੀਤ ਸੋਫੇ ਤੋਂ ਉੱਠ ਦੋੜਦੀ ਹੋਈ ਮੇਰੇ ਕੋਲ ਆਈ, " ਤੁਸੀ ਕਿੱਥੇ ਜਾ ਰਿਹੇ ਹੋ?"
" ਕਿਤੇ ਵੀ ਜਾਂਵਾ।" ਫੋਨ ਨੂੰ ਕੰਨ ਨਾਲ ਲਾ ਕੇ ਕਿਹਾ, "ਤੁਸੀ ਕਿਉਂ ਪੁੱਛ ਰਿਹੇ ਹੋ, ਜਦੋਂ ਕਿ ਆਪਾਂ ਵਿਚ ਕੋਈ ਰਿਸ਼ਤਾ ਹੀ ਨਹੀ।"
" ਰਿਸ਼ਤਾ ਕਹਿਣ ਨਾਲ ਨਹੀ ਬਣਾਉਣ ਨਾਲ ਹੁੰਦਾਂ ਹੈ।"
" ਆਪਾਂ ਤਾਂ ਹੁਣ ਨਾ ਰਿਸ਼ਤਾ ਕਹਿਣਾ ਅਤੇ ਨਾ ਬਣਾਉਣਾ ਹੈ" ਮੈ ਜਾਣ ਕੇ ਉਪਰੇ ਮਨ ਨਾਲ ਕਿਹਾ, " ਬਸ ਹੁਣ ਚਲੇ ਹੀ ਜਾਣਾ ਹੈ।"
" ਤੁਸੀ ਇੱਥੇ ਨਹੀ ਰਹਿਣਾ।"
" ਨਹੀ।"
" ਕਿੱਥੇ ਚਲੇ ਜਾਣਾ ਹੈ, ਵੇਅਰ ਆਰ ਜੂ ਗੋਇੰਗ।"
" ਮੈ ਪੰਜਾਬ ਨੂੰ ਵਾਪਸ ਚਲੇ ਜਾਣਾ ਹੈ।"
" ਤੁਹਾਨੂੰ ਪਤਾ ਤੁਸੀ ਅਜੇ ਪੱਕੇ ਨਹੀ ਹੋਏ।"
" ਮੈ ਪੱਕੇ ਹੋਣਾ ਵੀ ਨਹੀ ਚਾਹੁੰਦਾ।"
" ਤੁਸੀ ਤਾਂ ਅਜੇ ਕੈਨੇਡਾ ਵੀ ਨਹੀ ਦੇਖਿਆ।"
" ਜੋ ਕੈਨੇਡਾ ਦਾ ਮੈ ਦੇਖਣਾ ਸੀ, ਉਹ ਦੇਖ ਲਿਆ।"
" ਤੁਸੀ ਇਸ ਤਰਾਂ ਨਹੀ ਜਾ ਸਕਦੇ।"
" ਕਿਉਂ।"
" ਤੁਹਾਨੂੰ ਮੇਰੇ ਨਾਲ ਡੀਲ ਕਰਨੀ ਪੈਣੀ ਆ।"
" ਪਹਿਲੀ ਡੀਲ ਕੀਤੀ ਨੂੰ ਪੁਛਤਾ ਰਿਹਾ ਹਾਂ, ਹੁਣ ਹੋਰ ਨਵੀ ਕਿਹੜੀ ਡੀਲ ਆ ਗਈ।"
" ਮੇਰੇ ਨਾਲ ਸੱਚਾ ਵਿਆਹ ਕਰਨਾ ਪੈਣਾ ਹੈ।" ਉਸ ਨੇ ਮੁਸਕ੍ਰਾ ਕੇ ਕਿਹਾ, " ਕੈਨੇਡਾ ਆਉਣ ਲਈ ਝੂਠਾ ਵਿਆਹ ਕੀਤਾ ਅਤੇ ਪੰਜਾਬ ਵਾਪਸ ਜਾਣ ਲਈ ਸੱਚਾ ਕਰਨਾ ਪੈਣਾ ਹੈ।"
" ਮੈ ਜਾਣ ਕੇ ਕਿਹਾ, " ਉਹ ਕਿਉਂ?"
" ਕਿਉਂ ਕਿ ਮੈ ਇਹ ਚਾਹੁੰਦੀ ਹਾਂ।"
" ਪਹਿਲਾਂ ਵੀ ਉਹ ਹੀ ਹੋਇਆ ਸੀ।" ਮੈ ਤੁਸੀ ਤੋਂ ਤੂੰ ਵੱਲ ਜਾਂਦੇ ਨੇ ਕਿਹਾ, " ਜੋ ਤੂੰ ਚਾਹੁੰਦੀ ਸੀ, ਪਰ ਹੁਣ ਉਹ…।"
ਉਹ ਵਿਚੋਂ ਹੀ ਬੋਲੀ, " ਅੱਜ ਵੀ ਉਹ ਹੀ ਹੋਵੇਗਾ ਜੋ ਮੈ ਚਾਹੁੰਦੀ ਹਾਂ।"
" ਕਿaੁਂ?"
ਉਹ ਬਿਲਕੁਲ ਮੇਰੇ ਨੇੜੇ ਆ ਗਈ ਤੇ ਮੇਰੀਆਂ ਅੱਖਾਂ ਵਿਚ ਦੇਖਦੀ ਬੋਲੀ, " ਕਿਉਂਕਿ ਮੇਰਾ ਦਿਲ ਕਹਿੰਦਾ ਏ।"
" ਕੀ ਕਹਿੰਦਾ ਏ ਤੇਰਾ ਦਿਲ?"
" ਇਹ ਹੀ ਕਿ ਤੁਸੀ ਪੰਜਾਬ ਨੂੰ ਵਾਪਸ ਨਾ ਜਾਉ।"
" ਫਿਰ ਕਿੱਥੇ ਜਾਵਾਂ?"
" ਕੈਨੇਡਾ ਵਿਚ ਹੀ ਰਹੋ।"
" ਕਿਸ ਕਾਰਨ ਕਰਕੇ।"
" ਕਿਉਂਕਿ ਮੈ ਤਹਾਨੂੰ ਪਸੰਦ ਕਰਦੀ ਹਾਂ।"
" ਪਸੰਦ ਕਰਨ ਨਾਲ ਕੀ ਹੋ ਜਾਂਦਾ ਹੈ?"
" ਫਿਰ ਪਿਆਰ ਹੋ ਜਾਂਦਾ ਏ।"
" ਕਿਹਦੇ ਨਾਲ ਪਿਆਰ ਹੋ ਜਾਂਦਾ ਹੈ? ਮੈਨੂੰ ਤਾਂ ਤੁਹਾਡੀ ਕੋਈ ਗੱਲ ਵੀ ਸਮਝ ਵਿਚ ਨਹੀ ਆਉਂਦੀ।"
" ਮੈਨੂੰ ਪਤਾ ਤੁਸੀ ਮੈਨੂੰ ਪਿਆਰ ਕਰਦੇ ਹੋ।"
" ਆਈ ਡੋਂਟ ਕਿਅਰ।" ਮੈ ਉਸ ਵਾਂਗ ਹੀ ਕਿਹਾ, " ਐਵੇ ਨਾ ਕੋਈ ਭਰਮ ਪਾਲ ਲਿਉ।"
" ਪਲੀਜ਼ ਤੁਸੀ ਮੇਰੀਆਂ ਕੀਤੀਆਂ ਗੱਲਾਂ ਮੈਨੂੰ ਨਾ ਸਣਾਉ।"
" ਮੈਨੂੰ ਤਾਂ ਕਿਸੇ ਗੱਲ ਦੀ ਕੋਈ ਪਰਵਾਹ ਹੀ ਨਹੀ।" ਮੈ ਉਸ ਦੀ ਸਾਂਗ ਲਾਉਂਦੇ ਕਿਹਾ, " ਆਈ ਡੋਂਟ ਕਿਅਰ।"
" ਪਰ ਮੈਨੂੰ ਤੁਹਾਡੀ ਕਿਅਰ ਹੈ, ਆਈ ਲਵ ਜੂ।"
" ਇਹ ਗੱਲ ਤਾਂ ਤੁਸੀ ਸੈਂਡੀ ਨੂੰ ਵੀ ਕਹਿੰਦੇ ਸੀ।"
" ਸੈਂਡੀ ਤਾਂ ਤੁਹਾਡੇ ਸਾਹਮਣੇ ਕੁੱਝ ਵੀ ਨਹੀ।" ਉਸ ਨੇ ਸੱਚ ਦੱਸਦੇ ਕਿਹਾ, " ਇਹ ਗੱਲ ਤਾਂ ਮੇਰੇ ਦਿਲ ਨੇ aਦੋਂ ਹੀ ਦੱਸ ਦਿੱਤੀ ਸੀ, ਜਦੋਂ ਮੈ ਤੁਹਾਡੇ ਪਿੰਡ ਰਹੀ ਸੀ।"
" ਪਰ ਮੈ ਜਾਣ ਕੇ ਫਿਰ ਕਿਹਾ, " ਬਹੁਤ ਧੰਨਵਾਦ ਤੁਹਾਡਾ ਜੋ ਮੈਨੂੰ ਕੈਨੇਡਾ ਵਿਚ ਹੀ ਰੱਖ ਰਿਹੇ ਹੋ।"
"ਧੰਨਵਾਦ ਤਾਂ ਮੰਨਾਂਗੀ, ਪਹਿਲਾਂ ਇਹ ਕਹੋ ਕਿ ਤੁਸੀ ਕਿਤੇ ਨਹੀ ਜਾਉਗੇ।" ਉਸ ਨੇ ਡੂੰਘੀਆਂ ਨਜ਼ਰਾ ਨਾਲ ਦੇਖਦੇ ਕਿਹਾ, " ਸਿਰਫ ਧੰਨਵਾਦ ਹੀ ਕਰੋਂਗੇ ਹੋਰ ਕੁਝ ਨਹੀ।"
" ਹੋਰ ਕੀ।" ਮੈ ਫਿਰ ਜਾਣ ਕੇ ਅਤੇ ਮੁਸਕ੍ਰਾ ਕੇ ਕਿਹਾ, "ਚਲੋਂ ਇੰਗਲਸ਼ ਵਿਚ ਥੈਕਊਂ ਕਹਿ ਦਿੰਦਾਂ ਹਾਂ।"
" ਤੁਸੀ ਇਹ ਸਭ ਜਾਣ ਕੇ ਕਰਦੇ ਹੋ।" ਉਸ ਨੇ ਮੇਰੀ ਛਾਤੀ ਵਿਚ ਹਲਕੇ ਹਲਕੇ ਮੁੱਕੇ ਮਾਰਦੇ ਕਿਹਾ, " ਤੁਸੀ ਕਹੋ, ਤੁਸੀ ਮੈਨੂੰ ਪਿਆਰ ਕਰਦੇ ਹੋ।"
ਮੈ ਹੱਸ ਕੇ ਕਿਹਾ, " ਉਹ ਕਿਉਂ?"
ਕਿਉਂਕਿ ਮੈ ਤੁਹਾਨੂੰ ਪਿਆਰ ਕਰਦੀ ਹਾਂ।"
" ਸੱਚੀ।"ਮੈ ਉਸ ਨੂੰ ਆਪਣੀ ਗੱਲਵਕੜੀ ਵਿਚ ਲੈਂਦੇ ਕਿਹਾ, " ਜੇ ਇਹ ਗੱਲ ਕਿਤੇ ਪਹਿਲਾਂ ਕਹਿ ਦੇਂਦੀ ਤਾਂ ਇੰਨਾ ਰੇੜਕਾ ਪੈਣਾ ਹੀ ਨਹੀ ਸੀ।"
" ਤੁਸੀ ਵੀ ਤਾਂ ਪਹਿਲਾਂ ਕਹਿ ਹੀ ਸਕਦੇ ਸੀ।" ਉਸ ਨੇ ਮੇਰੇ ਨਾਲ ਲੱਗਦੇ ਕਿਹਾ, " ਪਰ ਪੰਜਾਬੀ ਮੁੰਡੇ ਈਗੋ ਨਹੀ ਨਾ ਛੱਡਦੇ।"
"ਪਰ ਜੇ ਕੋਈ ਸਾਨੂੰ ਸੱਚੇ ਦਿਲੋਂ ਪਿਆਰ ਕਰੇ, ਫਿਰ ਤਾਂ ਪੰਜਾਬੀ ਮੁੰਡੇ ਈਗੋ ਤਾਂ ਕੀ ਸਭ ਕੁਝ ਹੀ ਛੱਡ ਦਿੰਦੇ ਨੇ।" ਇਹ ਕਹਿ ਕੇ ਮੈਂ ਉਸ ਨੂੰ ਆਪਣੇ ਸੀਨੇ ਨਾਲ ਘੁਟ ਲਿਆ।
ਉਹ ਮੇਰੇ ਸੀਨੇ ਨਾਲ ਲੱਗੀ ਬੋਲੀ, " ਤੁਹਾਡੇ ਵਰਗੇ ਪੰਜਾਬੀ ਮੁੰਡੇ ਨੂੰ ਕੁੜੀ ਕੈਨੇਡਾ ਦੀ ਵੀ ਨਹੀ ਛੱਡਦੀ।"
ਸਮਾਪਤ