ਰੋਗ ਪਿਆਰ ਦਾ ਲਾਇਆ ਏ
ਮਾਹੀ ਪਰਦੇਸੀ ਨੇ ਮੈਨੂੰ ਦਿਲੋਂ ਭੁਲਾਇਆ ਏ ।
ਇੱਕ ਬੂਟਾ ਅਨਾਰਾਂ ਦਾ
ਮਾਹੀ ਪਰਦੇਸੀ ਨੂੰ ਚੇਤਾ ਭੁੱਲ ਗਿਆ ਕਰਾਰਾਂ ਦਾ ।
ਮੇਰੀ ਸੂਹੀ ਵੰਗ ਮਾਹੀਆ
ਜਾ ਕੇ ਪਰਦੇਸ ਬਹਿ ਗਿਓਂ ਰੋਂਦਾ ਗੋਰਾ ਰੰਗ ਮਾਹੀਆ ।
ਸ਼ੀਸ਼ਾ ਦਿਲ ਦਾ ਟੁੱਟਿਆ ਏ
ਮਾਹੀ ਬੇਕਦਰੇ ਨੇ ਧੁੱਪੇ ਮਾਰ ਕੇ ਸੁੱਟਿਆ ਏ ।
ਦੀਵਾ ਹੰਝੂਆਂ ਦਾ ਬਾਲਿਆ ਏ
ਫੁੱਲਾ ਤੋਂ ਮਲੂਕ ਜਿੰਦ ਨੂੰ ਰੋਗ ਹਿਜ਼ਰ ਦਾ ਲਾ ਲਿਆ ਏ ।
ਦੁੱਖ ਸੁੱਣਦਾ ਨਾ ਕੋਈ ਵੇ
ਘਰ ਆਜਾ ਪਰਦੇਸੀਆ ਜਿੰਦ ਬਿਰਹਣ ਹੋਈ ਵੇ ।
ਵੱਸ ਚਲਦਾ ਨਾ ਮੇਰਾ ਵੇ
ਦਿਲ ਵਿੱਚ ਤੂੰ ਵੱਸਦਾ ਚੇਤਾ ਭੁੱਲਦਾ ਨਾ ਤੇਰਾ ਵੇ ।
ਸੁਰਿੰਦਰ ਮਾਹੀਆ ਗਾਉਂਦਾ ਏ
ਮੁੜ ਆ ਵਤਨਾਂ ਨੂੰ ਦਿਲ ਤਰਲੇ ਪਾਉਂਦਾ ਏ ।