'ਬਾਪੂ, ਮੈ ਵੀ ਤੇਰੇ ਆਂਗੂ ਟਰੱਕ ਚਲਾਇਆ ਕਰੂੰ।' ਅੱਠਵੀ 'ਚ ਪੜ੍ਹਦੇ ਦੀਪੇ ਦੇ ਰੁਆਂਸੇ ਬੋਲ ਜਿਉ ਹੀ ਜੰਟੇ ਦੇ ਕੰਨੀ ਪਏ ਉਹ ਭੜਕਿਆ, ' ਅੋ ਕੰਜਰਾ, ਪੜ੍ਹ ਲਿਖ ਲੈ ਕੋਈ ਚੱਜ ਦਾ ਕੰਮ ਕਰ ਲਵੀ, ਪਤੈ ਰਾਤੀ ਮੈ ਪੰਜ ਦਿਨਾਂ ਬਾਅਦ ਘਰ ਬਹੁੜਿਆਂ, ਅੱਜ ਫਿਰ ਜਾਊ ਰੱਬ ਦੀਆਂ ਜੜ੍ਹਾਂ 'ਚ ਵਸੇ ਇੱਕ ਬਾਹਰਲੇ ਸੂਬੇ ਗੇੜਾ ਲਾਉਣਂ, ਖੌਰੇ ਕਿੰਨੇ ਦਿਨ ਨਾ ਮੁੜਾਂ, ਡਰਾਇਵਰਾਂ ਦੀ ਵੀ ਕੋਈ ਜੂਨ ਐ ?' 'ਪਰ ਬਾਪੂ ਪੜ੍ਹਾਈ 'ਚ ਤਾਂ ਮੇਰਾ ਮਨ ਜਮਾਂ ਨ੍ਹੀ ਲਗਦਾ ਮੈ ਸਾਰੀ ਕਲਾਸ 'ਚੋ ਨਾਲਾਇਕ ਆਂ, ਤਾਂਹੀਓ ਤਾਂ ਮਾਸਟਰ ਵੀ ਮੈਨੂੰ ਨਿੱਤ ਕੁੱਟਦੈ।' ਡੁਸਕਦੇ ਦੀਪੇ ਨੇ ਜਦੋ ਅਸਲ ਵਜਾਹ ਦੱਸੀ ਤਾਂ ਜੰਟੇ ਦਾ ਰੁਖ ਇਕਦਮ ਨਰਮ ਪੈ ਗਿਆ ਉਹ ਦੀਪੇ ਨੂੰ ਕਲਵੇ 'ਚ ਲੈਦਿਆਂ ਪਿਆਰ ਨਾਲ ਸਮਝਾਉਦਾਂ ਬੋਲਿਆ, ' ਪੁੱਤਰਾ, ਟਰੱਕ ਚਲਾਉਣਂ ਲਈ ਵੀ ਪੜ੍ਹਾਈ ਜਰੂਰੀ ਐ।' ' ਕਿਉ ਝੂਠ ਬੋਲਦੈ ਬਾਪੂ, ਤੂੰ ਕਿਹੜਾ ਪੜ੍ਹਿਐ ? ਦੀਪਾ ਖਿਝ ਕੇ ਬੋਲਿਆ। ' ਅੋ ਕਮਲਿਆ, ਸਾਡੇ ਵੇਲੇ ਤਾਂ ਅਨਪੜ੍ਹਾਂ ਦੇ ਵੀ ਡਰਾਇਵਿੰਗ ਲਾਇਸੈਸ ਬਣ ਜਾਂਦੇ ਸੀ, ਪਰ ਹੁਣ ਸਰਕਾਰ ਨੇ ਟਰੱਕ ਜਿਹੇ ਵਾਹਨ ਦਾ ਲਾਇਸੈਸ ਬਣਾਉਣਂ ਲਈ ਘੱਟੋ ਘੱਟ ਅੱਠਵੀ ਪਾਸ ਜਰੂਰੀ ਕਰਤੀ ਤਾਂਹੀਅੋ ਤਾਂ ਕਹਿਨਾਂ ਭਾਵੇ ਨਾ ਪੜ੍ਹ ਪਰ ਔਖਾ-ਸੌਖਾ ਕੁੱਝ ਮਹੀਨੇ ਸਕੂਲ ਜਾਂਦਾ ਰਹਿ, ਇਹ ਵੀ ਇੱਕ ਸੁਨਹਿਰੀ ਮੌਕਾ ਈ ਐ ਜੋ ਹੁਣ ਸਰਕਾਰਾਂ ਅੱਠਵੀ ਤੱਕ ਫੇਲ੍ਹ ਨ੍ਹੀ ਕਰਦੀਆਂ।' ਦੀਪਾ ਮੁਸਕੜੀ ਹੱਸਿਆ 'ਤੇ ਝੋਲਾ ਚੁੱਕ ਤੇਜ਼ ਕਦਮੀ ਸਕੂਲ ਵੱਲ ਹੋ ਗਿਆ।