ਤੇਗ –ਏ –ਆਤਿਸ਼ਬਾਰ ਬਾਬਾ ਬੰਦਾ ਸਿੰਘ ਬਹਾਦੁਰ
(ਪੁਸਤਕ ਪੜਚੋਲ )
ਪੁਸਤਕ –ਤੇਗ –ਏ –ਆਤਿਸ਼ਬਾਰ ਬਾਬਾ ਬੰਦਾ ਸਿੰਘ ਬਹਾਦੁਰ
ਲੇਖਕ ---ਡਾ ਜਸਬੀਰ ਸਿੰਘ ਸਰਨਾ
ਪ੍ਰਕਾਸ਼ਕ –ਬਾਬਾ ਬੰਦਾ ਸਿੰਘ ਬਹਾਦੁਰ ਸਿਖ ਨੌਜਵਾਨ ਸਭਾ (ਰਜਿ ) ਰਾਜੌਰੀ (ਜੰਮੂ ਕਸ਼ਮੀਰ )
ਪੇਂ ---56 ਮੁਲ ---50 ਰੁਪਏ (ਪੇਪਰਬੈਕ )
ਇਹ ਪੁਸਤਕ ਸਿਖ ਇਤਿਹਾਸ ਦੇ ਮਹਾਨ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਅਲੌਕਿਕ ਜੀਵਨ ,ਸ਼ਾਹਾਦਤ ਤੇ ਉਂਨ੍ਹਾ ਦੀ ਧਰਮ ਨਿਰਪਖਤਾ ਬਾਰੇ ਕਈ ਨਿਵੇਕਲੀਆਂ ਪਰਤਾਂ ਦੀ ਜਾਣਕਾਰੀ ਦਿੰਦੀ ਖੋਜ ਮਈ ਪੁਸਤਕ ਹੈ ।ਆਰੰਭ ਵਿਚ ਲਿਖੇ ਦੀਦਾਰੀ ਹਰਫ ਵਿਚ ਲੇਖਕ ਦਾ ਕਥਨ ਹੈ –ਦਸਵੇਂ ਪਾਤਸ਼ਾਹ ਦੇ ਥਾਂਪੜੇ ਨਾਲ ਬਾਬਾ ਬੰਦਾ ਸਿੰਘ ਬਹਾਦੁਰ ਨੇ ਪੰਜਾਬ ਦੀ ਪਵਿਤਰ ਧਰਤੀ ਤੇ ਪਹਿਲੀ ਵਾਰ ਸਿਖ ਰਾਜ ਦਾ ਝੰਡਾ ਗਡਿਆ। ਸਮਕਾਲੀ ਫਾਰਸੀ ਲਿਖਤਾਂ ਵਿਚ ਬਾਬਾ ਜੀ ਬਾਰੇ ਨਫਰਤ ਤੇ ਤੁਅਸਬ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ । ਕਈ ਅਸਲ ਤਥਾਂ ਨੂੰ ਛੁਪਾਇਆ ਗਿਆ ਹੈ ।ਬਾਬਾ ਜੀ ਦਾ ਸੰਸਾਰਿਕ ਜੀਵਨ ਛਿਆਲੀ ਸਾਲ ਦਾਂ ਹੈ। ਜਿਸ ਵਿਚੋਂ ਅਠ ਸਾਲ ਪੂਰਨ ਗੁਰਸਿਖ ਵਾਲਾ ਜੀਵਨ ਰਿਹਾ ।ਦਸਵੇਂ ਗੁਰੂ ਜੀ ਤੋਂ ਅੰਮ੍ਰਿਤ ਛਕਣ ਵੇਲੇ ਬਾਬਾ ਜੀ ਦੀ ਉਮਰ ਅਠਤੀ ਸਾਲ ਸੀ। ਕੁਲ ਚਾਰ ਸੰਖੇਪ ਕਾਂਡ ਹਨ ।,ਜਨਮ ਤੋਂ ਲੈਕੇ ਖੰਡੇ ਦੀ ਪਾਹੁਲ ਤਕ ਵਿਚ ਲੇਖਕ ਦੀ ਖੋਜ ਹੈ ਕਿ ਬਾਬਾ ਜੀ ਦਾ ਜਨਮ ਸਥਾਨ ਡਡਾਂ ਵਾਲੀ ਬਾਵਲੀ ਦੇ ਪਹਾੜੀ ਸਥਾਂਨ ਦਾ ਹੈ। ਇਹ ਥਾਂ ਤਹਿਸੀਲ ਤੇ ਜ਼ਿਲਾ ਰਾਜੌਰੀ ਪਟਵਾਰ ਹਲਕਾ ਫਤਹਿਪੁਰ ਹੈ ।ਜਨਮ 16 ਅਕਤੂਬਰ ,1670 ਤੇ ਨਾਮ ਲਛਮਨ ਦੇਵ ਹੈ। ਆਰੰਭਿਕ ਜੀਵਨ ਸ਼ਿਕਾਰੀ ਦਾ ਹੈ । ਘਰਾਣਾ ਰਾਜਪੂਤ ਹੈ । ਵਡੀ ਭੈਣ ਸ਼ੋਭਾ ਦਈ ਤੇ ਛੋਟਾ ਭਰਾ ਸਹਿਦੇਵ ਹੈ (ਪੰਨਾ 3),ਜੋਗੀ ਔਗੜ ਨਾਥ ਕੋਲੋਂ ਰਿਧੀਆਂ ਸਿਧੀਆਂ ਮਿਲੀਆਂ। ਦਸਵੇਂ ਗੁਰੂ ਜੀ ਤੇ ਮਾਧੋ ਦਾਸ ਦੀ ਦਿਲਚਸਪ ਵਾਰਤਾ ਪੰਨਾ 6 ਉਪਰ ਦਰਜ ਹੈ । ਗੁਰੂ ਜੀ ਨੇ ਬਹਾਦੁਰ ਦਾ ਖਿਤਾਬ ਦਿਤਾ ਸੀ। ਖੰਡੇ ਬਾਟੇ ਦੀ ਪਾਹੁਲ ਛਕੀ ਤੇ ਬਾਬਾ ਬੰਦਾ ਸਿੰਘ ਬਹਾਦੁਰ ਨਾਮ ਪ੍ਰਚਲਿਤ ਹੋਇਆ । ਭੱਟ ਵਹੀਆਂ ਦੀ ਗਵਾਹੀ ਹੈ । 78 ਹੋਰ ਹਵਾਲੇ ਹਨ । ਅਗਲੇ ਕਾਂਡ ਵਿਚ ਬਾਬਾ ਜੀ ਦੀਆਂ ਜਿੱਤਾਂ,ਫਤਹਿ ਦਰਸ਼ਨ ਦਾ ਗੂੰਜਦਾ ਨਾਹਰਾ ,ਸਰਹੰਦ ਦੀ ਜਿਤ, ਜ਼ਾਲਮ ਵਜ਼ੀਰ ਖਾਂ ਨੂੰ ਘੋੜੇ ਨਾਲ ਬੰਨ੍ਹ ਕੇ ਮਾਰਨਾ ,ਮੁਸਲਮਾਨਾਂ ਦਾ ਬਾਬਾ ਜੀ ਦੀ ਫੌਜ ਵਿਚ ਸ਼ਾਂਮਲ ਹੋਣਾ, ਬਾਬਾ ਜੀ ਦਾ ਉਂਨ੍ਹਾ ਨੂੰ ਨਿਮਾਜੀ ਸਿੰਘ ਕਹਿ ਕੇ ਸੰਬੋਧਨ ਹੋਣਾ ਆਦਿ ਦਾ ਜ਼ਿਕਰ ਹੈ । ਇਕ ਕਾਂਡ ਵਿਚ ਲੇਖਕ ਲਿਖਦਾ ਹੈ ਕਿ ਇੱਕ ਸਿਖ ਗੁਲਾਬ ਸਿੰਘ ਦਾ ਚਿਹਰਾ ਬਿਲਕੁਲ ਬਾਬਾ ਜੀ ਨਾਲ ਮਿਲਦਾ ਸੀ (ਪੰਨਾ 25)। ਬਾਬਾ ਸੰਗਤ ਸਿੰਘ ਜੀ ਦੇ ਚਮਕੌਰ ਦੀ ਗੜ੍ਹੀ ਵਾਲੇ ਪ੍ਰਸੰਗ ਵਾਂਗ ਬਾਬਾ ਜੀ ਨੇ ਆਪਣੀ ਫੌਜੀ ਵਰਦੀ ਗੁਲਾਬ ਸਿੰਘ ਨੂੰ ਪਹਿਨਾਈ। ਇਕ ਕਾਂਡ ਗੁਰਦਾਸ ਨੰਗਲ ਤੋਂ ਸ਼ਹਾਦਤ ਤਕ ਪੜ੍ਹ ਕੇ ਲੂੰਅ ਕੰਡੇ ਖੜ੍ਹੇ ਹੋ ਜਾਂਦੇ ਹਨ। ਪੁਸਤਕ ਵਿਚ ਲੇਖਕ ਦੀ ਖੋਜ ਹੈ ਕਿ ਬਾਬਾ ਜੀ ਦੀ ਦੂਸਰੀ ਪਤਨੀ ਸਾਹਿਬ ਕੌਰ ਸੀ । ਜਿਸ ਦੇ ਪਰਿਵਾਰ ਦੀ ਬੰਸਾਵਲੀ ਪੰਨਾ 40 ਤੇ ਹੈ। ਇਸ ਨਾਲ ਹਰਦੁਆਰ ਦੀ ਵਹੀ ਸੋਢੀਆਂ ਦਾ ਹਵਾਲਾ ਹੈ। ਫਾਰਸੀ ਲਿਖਤਾਂ ਵਿਚੋਂ ਹੂਬਹੂ ਹਵਾਲੇ ਹਨ। ਨਾਲ ਗੁਰਮੁਖੀ ਅਨੁਵਾਦ ਹੈ। ਪੁਸਤਕ ਸਿਖ ਇਤਿਹਾਸ ਦੀ ਅਹਿਮ ਦਸਤਾਵੇਜ਼ ਹੈ। ਸਿਖ ਵਿਰਾਸਤ ਦਾ ਬਹੁਮਾਲਾ ਖਜ਼ਾਨਾ ਹੈ। ਟਾਈਟਲ ਖੂਬਸੂਰਤ ਤੇ ਕੀਮਤ ਵਾਜਿਬ ਹੈ।