ਬਰੈਂਪਟਨ ਵਿਚ ਦੋ ਕਿਤਾਬਾਂ ਰਿਲੀਜ਼ (ਖ਼ਬਰਸਾਰ)


ਬਰੈਂਪਟਨ 27 ਅਗਸਤ (ਕਾਹਲੋਂ): ਬਰੈਂਪਟਨ ਸਥਿਤ ਫਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਵਿਚ ਦੋ ਸੰਸਥਾਵਾਂ - ਗਲੋਬਲ ਪੰਜਾਬ ਫਾਉਂਡੇਸ਼ਨ ਅਤੇ ਗੀਤ, ਗ਼ਜ਼ਲ ਅਤੇ ਸ਼ਇਰੀ ਵਲੋਂ ਸਾਂਝੇ ਤੌਰ ਤੇ ਇਕ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿਚ ਦੋ ਕਾਵਿ-ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਪਹਿਲੀ ਪੁਸਤਕ  ਅੰਮ੍ਰਿਤਸਰ ਤੋਂ ਆਏ ਸ਼ਾਇਰ ਮਲਵਿੰਦਰ ਦੀ "ਸੁਪਨਿਆਂ ਦਾ ਪਿੱਛਾ ਕਰਦਿਆਂ" ਅਤੇ ਦੂਸਰੀ ਪੁਸਤਕ ਲੁਧਿਆਣੇ ਵਾਲੇ ਸ਼ਾਇਰ ਰਵਿੰਦਰ ਰਵੀ ਦੀ "ਸਾਈਡ ਪੋਜ਼" ਸੀ। ਮਲਵਿੰਦਰ ਹੁਰਾਂ ਦੀ ਇਸ ਛੇਵੀ ਕਾਵਿ-ਪੁਸਤਕ ਬਾਰੇ ਜਾਣਕਾਰੀ ਪ੍ਰੋ ਜਗੀਰ ਸਿੰਘ ਕਾਹਲੋਂ ਹੁਰਾਂ ਦਿੱਤੀ ਜਦੋਂ ਕਿ "ਸਾਈਡ ਪੋਜ਼" ਬਾਰੇ ਜਾਣਕਾਰੀ ਕਮਲ ਦੁਸਾਂਝ-ਨੱਤ ਹੁਰਾਂ ਦਿੱਤੀ। ਮਲਵਿੰਦਰ ਹੁਰਾਂ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਪਾਠ ਕੀਤਾ ਅਤੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਵੀ ਚਾਨਣਾ ਪਾਇਆ।

ਰਵਿੰਦਰ ਰਵੀ ਹੁਰਾਂ ਦੀ ਪੁਸਤਕ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਰਿਲੀਜ਼ ਕੀਤੀ ਗਈ। ਪੰਜਾਬ ਤੋਂ ਆਏ ਸ਼ਾਇਰ ਅਮਰ ਸੂਫੀ ਹੁਰਾਂ ਆਪਣੇ ਜੀਵਨ ਅਤੇ ਰਚਨਾ ਬਾਰੇ ਮੁੱਲਵਾਨ ਗੱਲਾਂ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਜੀਵਨ ਬੜਾ ਸੰਘਰਸ਼ ਪੂਰਨ ਰਿਹਾ ਹੈ ਤੇ ਉਨ੍ਹਾਂ ਨੇ ਆਪਣੇ ਜੀਵਨ ਵਿਚ ਹਰ ਵੰਗਾਰ ਦਾ ਮੁਕਾਬਲਾ ਬੜੇ ਹੌਸਲੇ ਨਾਲ ਕੀਤਾ ਹੈ। ਉਨ੍ਹਾਂ ਪੰਜਾਬੀ ਪਿੰਗਲ ਅਤੇ ਆਰੂਜ਼ ਦਾ ਗਿਆਨ ਹਾਸਿਲ ਕੀਤਾ ਹੋਇਆ ਹੈ ਅਤੇ ਉਹ ਗ਼ਜ਼ਲ ਦੀ ਸਿਖਲਾਈ ਵਾਸਤੇ ਦੀਪਕ ਜੈਤੋਈ ਹੁਰਾਂ ਦੇ ਸ਼ਗਿਰਦ ਰਹੇ ਹੋਏ ਹਨ। ਉਹ ਵੀ ਆਮ ਪੰਜਾਬੀਆਂ ਵਾਂਗ ਆਪਣੇ ਟੋਰੰਟੋ ਰਹਿੰਦੇ ਬੇਟੇ ਨੂੰ ਮਿਲਣ ਕਰਕੇ ਕੈਨੇਡਾ ਆਏ ਹੋਏ ਨੇ।
ਇਸ ਮੌਕੇ ਤੇ ਪ੍ਰੋ ਬਲਵਿੰਦਰ ਕੌਰ ਰੰਧਾਵਾ ਦੀ ਲੋਕ ਗੀਤਾਂ ਦੀ ਸੀਡੀ "ਸਾਵੀਆਂ ਪੀਲੀਆਂ ਗੰਦਲਾਂ" ਵੀ ਰਿਲੀਜ਼ ਕੀਤੀ ਗਈ ਅਤੇ ਉਨ੍ਹਾਂ ਨੇ ਇਕ ਲੋਕ ਗੀਤ ਗਾ ਕੇ ਸਰੋਤਿਆਂ ਦੀ ਵਾਹ-ਵਾਹ ਹਾਸਿਲ ਕੀਤੀ। ਸਮਾਗਮ ਦੇ ਇਸ ਪਹਿਲੇ ਹਿੱਸੇ ਦਾ ਮੰਚ ਸੰਚਾਲਨ ਪ੍ਰਸਿੱਧ ਕਵਿਤਰੀ ਸੁਰਜੀਤ ਹੁਰਾਂ ਬਾਖੂਬੀ ਕੀਤਾ।
ਸਮਾਗਮ ਦੇ ਦੂਜੇ ਹਿੱਸੇ ਵਿਚ ਗਾਇਕੀ ਅਤੇ ਸ਼ਾਇਰੀ ਪੇਸ਼ ਕੀਤੀ ਗਈ। ਆਪਣੀ ਖੂਬਸੂਰਤ ਅਦਾ ਨਾਲ ਪਿਆਰੀ ਸ਼ਖ਼ਸੀਅਤ ਬਲਜੀਤ ਧਾਲੀਵਾਲ ਹੁਰਾਂ ਪੰਜਾਬੀ ਦੇ ਸੁਰੀਲੇ ਗਾਇਕ ਉਪਕਾਰ ਸਿੰਘ ਹੁਰਾਂ ਨੂੰ ਸੱਦਾ ਦਿੱਤਾ। ਉਪਕਾਰ ਸਿੰਘ ਹੁਰਾਂ ਪੰਜਾਬੀ ਦੇ ਪਿਆਰੇ ਸ਼ਾਇਰ ਭੂਪਿੰਦਰ ਦੂਲੇ ਹੁਰਾਂ ਦੀ ਇੱਕ ਬਹੁਤ ਖੂਬਸੂਰਤ ਗ਼ਜ਼ਲ ਬਹੁਤ ਹੀ ਖੂਬਸੂਰਤੀ ਨਾਲ਼ ਪੇਸ਼ ਕੀਤੀ। ਇਸ ਦੌਰ ਵਿਚ ਸ਼ਿਵਰਾਜ ਸੰਨੀ ਮਠਾਰੂ, ਰਿੰਟੂ ਭਾਟੀਆ, ਪਰਮਜੀਤ ਸਿੰਘ ਢਿੱਲੋਂ, ਪਿਆਰਾ ਸਿੰਘ ਕੁੱਦੋਵਾਲ਼ ਅਤੇ ਡਾ ਕੁਲਜੀਤ ਸਿੰਘ ਜੰਜੂਆ ਹੁਰਾਂ ਆਪਣੀਆਂ ਰਚਨਾਵਾਂ ਤਰੱਨਮ ਵਿਚ ਪੇਸ਼ ਕੀਤੀਆਂ। ਸ਼ਾਇਰੀ ਦੇ ਦੌਰ ਵਿਚ ਅਮਰ ਸਿੰਘ ਢੀਂਡਸਾ, ਗੁਰਦਾਸ ਮਿਨਹਾਸ, ਮਕਸੂਦ ਚੌਧਰੀ, ਪ੍ਰੋ ਤਲਵਿੰਦਰ ਮੰਡ, ਬਲਰਾਜ ਧਾਲੀਵਾਲ, ਅਰੂਜ ਰਾਜਪੂਤ, ਜਤਿੰਦਰ ਰੰਧਾਵਾ, ਅਲੋਕਾ ਮਹਿੰਦੀਰੱਤਾ ਅਤੇ ਭੂਪਿੰਦਰ ਦੂਲੇ ਹੁਰਾਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਰਨ ਅਜਾਇਬ ਸਿੰਘ ਸੰਘਾ ਹੁਰਾਂ ਕਵਿਤਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਲ ਹੀ ਪੰਜਾਬੀ ਬੋਲੀ ਬਾਰੇ ਆਪਣੀ ਨਜ਼ਮ ਪੇਸ਼ ਕੀਤੀ। ਪੰਜਾਬੀ ਦੇ ਪ੍ਰਸਿੱਧ ਵਿਦਵਾਨ ਪ੍ਰੋ ਰਾਮ ਸਿੰਘ ਹੁਰਾਂ ਸ਼ਾਇਰੀ ਅਤੇ ਪੰਜਾਬੀ ਸ਼ਾਇਰੀ ਬਾਰੇ ਆਪਣੇ ਵਿਚਾਰ ਇਸ ਕਦਰ ਡੁੱਬ ਕੇ ਪੇਸ਼ ਕੀਤੇ ਕਿ ਸਰੋਤੇ ਝੂਮਣ ਲਾ ਦਿੱਤੇ।

ਸਮਾਗਮ ਦੀਆਂ ਯਾਦਾਂ ਸਾਂਭਣ ਲਈ ਪ੍ਰਤੀਕ ਹੁਰਾਂ ਦਾ ਕੈਮਰਾ ਲਗਾਤਾਰ ਹਰਕਤ ਵਿਚ ਰਿਹਾ। ਆਏ ਹੋਏ ਸਭ ਮਹਿਮਨਾਂ ਦਾ ਧੰਨਵਾਦ ਡਾ ਕੁਲਜੀਤ ਸਿੰਘ ਜੰਜੂਆ ਅਤੇ ਭੂਪਿੰਦਰ ਸਿੰਘ ਦੂਲੇ ਨੇ ਕੀਤਾ। ਇਸ ਮੌਕੇ ਹਾਜ਼ਰ ਸ਼ਖਸੀਅਤਾਂ ਵਿਚ ਨਿਰਮਲ ਜੱਸੀ, ਗੁਰਮੀਤ ਪਨਾਗ, ਭਰਪੂਰ ਸਿੰਘ ਸੋਮਲ, ਸੰਤੋਖ ਸਿੰਘ ਨੱਤ, ਅਮਰਦੀਪ ਸਿੰਘ ਬਿੰਦਰਾ, ਵਿਕਰਾਂਤ ਸਿੰਘ, ਸੋਨੀਆ ਸ਼ਰਮਾ, ਅਮਰਜੀਤ ਮਿਨਹਾਸ, ਪਰਮਜੀਤ ਦਿਉਲ, ਕਰਨਪ੍ਰੀਤ ਕੌਰ, ਪੁਸ਼ਪਿੰਦਰ ਜੋਸਨ, ਪ੍ਰਿਤਪਾਲ ਸਿੰਘ ਚੱਗਰ, ਸੁਖਵਿੰਦਰ ਸਿੱਧੂ, ਕੁਲਵਿੰਦਰ ਖਹਿਰਾ ਹਾਜ਼ਰ ਸਨ। ਕਹਾਣੀਕਾਰ ਕੁਲਜੀਤ ਮਾਨ ਹੁਰਾਂ ਸਾਹਿਤ ਬਾਰੇ ਆਪਣੇ ਮੁੱਲਵਾਨ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਲੋਕਾਂ ਅਤੇ ਪਾਠਕਾਂ ਤੱਕ ਪੁੱਜਣਾ ਵੀ ਜਰੂਰੀ ਹੈ।