ਰਾਈਟਰਜ਼ ਫੋਰਮ ਦੀ ਮਾਸਿਕ ਕਿੱਤਰਤਾ
(ਖ਼ਬਰਸਾਰ)
ਰਾਈਟ੍ਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਦੇ ਹਾਲ ਕਮਰੇ ਵਿਚ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਜਗਜੀਤ ਸਿੰਘ ਰਹਿਸੀ ਦੀ ਪ੍ਰਧਾਨਗੀ ਹੇਠ ਹੋਈ। ਜਸਵੀਰ ਸਿੰਘ ਸਿਹੋਤਾ ਨੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ 15 ਅਗਸਤ, ਇਸ ਮਹੀਨੇ ਆ ਰਹੇ 71ਵੇਂ ਅਜਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਜੋ ਸਮੁੱਚੇ ਦੇਸ਼ ਵਿਚ ਅਤੇ ਵਿਦੇਸ਼ਾਂ ਵਿਚ ਵਸਦੇ ਭਾਰਤੀ ਮਾਣ ਨਾਲ ਮਨਾਉਂਦੇ ਹਨ। ਅਜ਼ਾਦੀ ਦੀ ਪ੍ਰਾਪਤੀ ਲਈ, ਸਮੂ੍ਹਹ ਸ਼ਹੀਦਾਂ ਦੀ ਘਾਲਣਾ ਨੂੰ ਪ੍ਰਨਾਮ ਕੀਤਾ। ਨਾਲ ਹੀ ਰੱਖੜੀ ਜੋ ਸਾਡੇ ਸਮਾਜ ਦਾ ਸਭਿਆਚਾਰਕ ਤਿਓਹਾਰ ਹੈ, ਦੀਆਂ ਮੁਬਾਰਕਾਂ ਦਿੱਤੀਆਂ। ਕੁਝ ਮੈਬਰਾਂ ਦੀ ਗੈਰਹਾਜ਼ਰੀ ਨੂੰ ਮਹਿਸੂਸ ਕਰਦਿਆਂ ਦੱਸਿਆ ਕਿ ਸੁਰਜੀਤ ਸਿੰਘ ਸੀਤਲ, ਮਨਮੋਹਨ ਸਿੰਘ ਬਾਠ ਅਤੇ ਮਾਸਟਰ ਚਰਨ ਸਿੰਘ ਜੀ ਸਿਹਤ ਦੀਆਂ ਪ੍ਰੇਸ਼ਾਨੀਆਂ ਕਰਕੇ ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ।
ਅਮਰੀਕ ਸਿੰਘ ਚੀਮਾਂ ਨੇ ਰਚਨਾਵਾਂ ਦਾ ਦੌਰ ਦਾ ਅਰੰਭ ਕਰਦਿਆਂ, ਉਜਾਗਰ ਸਿੰਘ ਕੰਵਲ ਦੀ ਰਚਨਾ ਹਾਜ਼ਰੀਨ ਨਾਲ ਸਾਝੀ ਕੀਤੀ
“ਕਿਹੜੀ ਨੀ ਮੈਂ ਮੰਜ਼ਲ ਖੋਜ਼ਾ ਕੋਣ ਦਿਸ਼ਾ ਨੂੰ ਜਾਵਾਂ,
ਮਨ ਦੇ ਇਸ ਚੰਚਲ ਪੰਛੀ ਨੂੰ ਮੈਂ ਕਿਸ ਪਿੰਜਰੇ ਵਿਚ ਪਾਵਾਂ”।
ਰਣਜੀਤ ਸਿੰਘ ਮਨਿਹਾਸ ਹੋਰਾਂ ਹਾਸਰਸ ਕਵਿਤਾ ਸੁਣਾਈ। ਗੁਰਚਰਨ ਸਿੰਘ ਹੇਹਰ ਹੋਰਾਂ ਇਸ ਸੰਸਾਰ ਨੂੰ ਕੰਡਿਆਂ ਦੀ ਬਸਤੀ ਆਖਿਆ
’ਕੰਡਿਆਂ ਦੀ ਬਸਤੀ ਵੇਖਿਆ ਜਲਵਾ ਫੁੱਲਾਂ ਦੇ ਸ਼ਹਿਰ ਦਾ’।
ਲੇਖਕ ਅਹਿਮਦ ਚੁਗਤਾਈ ਹੋਰਾਂ ਵਿਅੰਗਆਤਮਕ ਰਚਨਾ ਪੇਸ਼ ਕੀਤੀ
‘ਮੈਂ ਤੈਂਨੂੰ ਬੈਠ ਕੇ ਰੋਂਦਾ ਨਹੀਂ, ਕੀ ਸਮਝੀ ਏਂ ਮੈਨੂੰ ਕੁਝ ਵੀ ਹੋਂਦਾ ਨਹੀ।
ਜਸਵੰਤ ਸਿੰਘ ਸੇਖੋਂ ਹੋਰਾਂ ਗਦਰੀ ਬਾਬਿਆਂ ਦੇ ਇਤਹਾਸ ਨੂੰ ਬਿਆਨਦੀ ਕਵਿਤਾ ਦਵੈਯਾ ਛੰਦ ਵਿਚ ਸੁਣਾਈ।
‘ਮੌਤੋਂ ਮਾੜੀ ਕਹਿਣ ਗੁਲਾਮੀ, ਰਲ਼ਕੇ ਦੇਸੋਂ ਕੱਢਣੀ
ਵਿਆਹ ਕੇ ਤੇ ਹੀਰ ਅਜਾਦੀ, ਡੈਣ ਗੁਲਾਮੀ ਛੱਡਣੀ
ਚੁੱਭਦੀ ਰਹੇ ਵਾ ਗੋਰਿਆਂ, ਜੋ ਛੋਹ ਗੁਲਾਮਾਂ ਆਵੇ
ਸ਼ਿੱਦਤ ਦੇ ਨਾਲ ਡੰਗ ਗੁਲਾਮੀ ਚੋਭਾ ਚੋਭ ਸਤਾਵੇ’।
ਜਗਜੀਤ ਸਿੰਘ ਰਹਿਸੀ ਹੋਰਾਂ ਉਰਦੂ ਦੇ ਨਾਮਵਰ ਸ਼ਾਇਰਾਂ ਦੇ ਖੂਬਸੂਰਤ ਸ਼ਿਅਰ ਪੜ੍ਹੇ।
“ਕਭੀ ਗਿਰਤੇ ਕਭੀ ਗਿਰਕੇ ਸੰਭਲਤੇ ਰਹਿਤੇ
ਬੈਠੇ ਰਹਿਨੇ ਸੇ ਤੋ ਅੱਛਾ ਥਾ ਕੇ ਚਲਤੇ ਰਹਿਤੇ
ਚਲਕੇ ਤੁਮ ਗੈਰੋਂ ਕੇ ਕਦਮੋਂ ਪੇ ਕਹੀਂ ਕੇ ਨਾ ਰਹੇ
ਅਪਨੇ ਕਦਮੋਂ ਸੇ ਜੋ ਚਲਤੇ ਤੋ ਚਲਤੇ ਰਹਿਤੇ”
ਪ੍ਰਭਦੇਵ ਸਿੰਘ ਗਿੱਲ ਹੋਰਾਂ ਲੱਚਰ ਗਾਇਕੀ ਬਾਰੇ ਬੋਲਦਿਆਂ ਇਸ ਤਰ੍ਹਾਂ ਦੇ ਗੀਤ ਲਿਖਣ ਵਾਲਿਆਂ ਅਤੇ ਗਾਇਕਾ ਨੂੰ ਚੰਗੀ ਸਭਿਆਚਾਰਕ ਗੀਤਕਾਰੀ ਲਈ ਪ੍ਰੇਰਿਆ ਅਤੇ ਇਕ ਰਚਨਾ ਸਾਂਝੀ ਕੀਤੀ ।
‘ਮੈਂ ਮੱਥੇ ਬਾਲ਼ ਦੀਵਾ ਚੁਰਸਤੇ ਖੜਾ ਰਿਹਾ,
ਤੂੰ ਰਸਤਾ ਰੁਸ਼ਨਾਉਣ ਲਈ ਇਕਵਾਰ ਕਿਹਾ‘।
ਸੁਰੀਲੀ ਅਵਾ ਵਿਚ ਰਵੀ ਪ੍ਰਕਾਸ਼ ਜਨਾਗਲ ਹੋਰਾਂ ਰਫੀ ਸਾਹਿਬ ਦਾ ਗਾਇਆ ਇਕ ਗੀਤ ਪੇਸ਼ ਕੀਤਾ
‘ਖਿਜ਼ਾ ਕੇ ਫੂਲ ਪੇ ਆਤੀ ਕਭੀ ਬਹਾਰ ਨਹੀਂ,
ਮੇਰੇ ਨਸੀਬ ਮੈਂ ਐ ਦੋਸਤ ਤੇਰਾ ਪਿਆਰ ਨਹੀਂ’।
ਸਾਹਿਤ ਸਭਾ ਦੀ ਪ੍ਰਧਾਨ ਬੀਬੀ ਸੁਰਿੰਦਰ ਗੀਤ ਨੇ ਇਕ ਖੂਬਸੂਰਤ ਗਜ਼ਲ ਤੇ ਕਵਿਤਾ ਨਾਲ ਹਾਜ਼ਰੀ ਲਗਵਾਈ। ਕਵਿਤਾ ਦੇ ਬੋਲ ਹਨ।‘
ਸਾਗਰ ਨੂੰ ਮੈਂ ਤੱਕ ਤੱਕ ਝੂਰੀ
ਲਹਿਰਾਂ ਤੋਂ ਰੱਖਦੀ ਸਾਂ ਦੂ੍ਰਰੀ,
ਜਦ ਅਸਵਾਰ ਹੋਈ ਲਹਿਰਾਂ ਤੇ
ਸਾਗਰ ਵਿਚ ਕਲਾਵੇ ਆਇਆ’
ਜਸਵੰਤ ਸਿੰਘ ਹਿਸੋਵਾਲ ਹੋਰਾਂ ਸਿਹਤ ਸੰਭਾਲ ਦੀ ਗਲ ਕਰਦਿਆਂ ਹੋਮੋਪੈਥੀ ਬਾਰੇ ਕੁਝ ਤੱਥ ਪੇਸ਼ ਕੀਤੇ ਅਤੇ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨੂੰ ਕਨੇਡਾ ਦਾ ਰਾਸ਼ਟਰੀ ਗੀਤ ‘ਓ ਕੈਨੇਡਾ’ ਦਾ ਪੰਜਾਬੀ ਵਿਚ ਉਲੱਥਾ ਕਰਨ ਤੇ ਮੁੜ ਵਧਾਈ ਦਿੱਤੀ। ਜੋ ਹਮੇਸ਼ਾ ਜਿਉਂਦੀ ਰਹਿਣ ਵਾਲੀ ਰਚਨਾ ਹੈ।
ਜੋਗਾ ਸਿੰਘ ਸਹੋਤਾ ਹੋਰਾਂ ਡਰੱਗ ਡਜ਼ੀਜ਼ ਵਾਰੇ ਜਾਣਕਾਰੀ ਦਿੱਤੀ ਅੱਗੋਂ ‘ਬਚਪਨ ਦੇ ਦਿਨ’ ਆਪਣੀ ਮੋਲਿਕ ਰਚਨਾ ਅਤੇ ਸ਼ਮਸ਼ੇਰ ਸਿੰਘ ਸੰਧੂ ਜੀ ਦੀ ਲਿੱਖੀ ਗਜ਼ਲ ਪੇਸ਼ ਕੀਤੀ--
ਘਰ ਵੀ ਪਿਆਰ ਨਾਹੀਂ ਬਾਹਰ ਦੁਲਾਰ ਨਾਹੀਂ
ਜਾਵਾਂ ਮੈਂ ਕੇਸ ਥਾਂ ਤੇ ਦਿਲ ਨੂੰ ਕਰਾਰ ਨਾਹੀਂ
‘ਪੰਛੀ ਹਵਾ ਦੇ ਝੰਬੇ ਵਾਗੂੰ ਹੈ ਹਾਲ ਮੇਰਾ,
ਘਾਇਲ ਜੋ ਕਰ ਗਈ ਦਿਸਦੀ ਕਟਾਰ ਨਾਹੀਂ
ਗ਼ਜ਼ਲ ਗੋ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਇਕੱਤਰਤਾ ਵਿਚ ਹਾਜ਼ਰ ਹੋਣ ਲਈ ਸਭ ਦਾ ਧੰਨਵਾਦ ਕੀਤਾ ਤੇ ਇਕ ਗ਼ਜ਼ਲ ਪੇਸ਼ ਕੀਤੀ--
‘ਤੇਜ਼ ਹਵਾ ਵਿਚ ਕਦ ਤੱਕ ਸੰਧੂ ਦੀਵਾ ਰੋਜ਼ ਜਗਾਵੇਂਗਾ,
ਲੋਹਾ ਲੈਣਾ ਸੱਚ ਦੀ ਖਾਤਰ ਕਦ ਤੱਕ ਵਚਨ ਨਿਭਾਵੇਂਗਾ’।
ਰਫੀ ਅਹਿਮਦ ਹੋਰਾਂ ਅਜਾਦੀ ਦਿਵਸ ਦੀ ਸਭ ਨੂੰ ਵਧਾਈ ਦਿੱਤੀ ਅਤੇ ਭਾਰਤ ਪਾਕਿ ਦੀ ਵੰਡ ਨਾਲ ਸਬੰਧਤ, ਦਰਦ ਭਰੀ ਕਹਾਣੀ ਸੁਣਾਈ। ਸੁਰਿੰਦਰ ਸਿੰਘ ਢਿੱਲੋਂ ਹੋਰਾਂ ਗਜ਼ਲ/ਕਾਵਿ ਦਾ ਪਿਛੋਕੜ ਦੱਸਦਿਆਂ ਕਿਹਾ ਗਜ਼ਲ ਅਰਬੀ ਭਾਸ਼ਾ ਦਾ ਸ਼ਬਦ ਹੈ। ਅਰਬੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿਚ ਪ੍ਰਵੇਸ਼ ਹੋਈ। ਅਰਬੀ ਲੋਕ ਜਦੋਂ ਵਪਾਰ ਲਈ ਦੇਸ਼ ਵਿਦੇਸ਼ ਸਫਰ ਕਰਦੇ ਸਨ, ਜਿੱਥੇ ਵੀ ਠਹਿਰਾਓ ਕਰਦੇ ਓਥੇ ਹੀ ਮਹਿਫਲ ਲਗਾਉਂਦੇ ਆਪਣੇ ਘਰਾਂ ਪ੍ਰਵਾਰਾਂ ਦੀ ਯਾਦ ਤਾਜ਼ਾ ਕਰਦੇ ਅਤੇ ਇਲਾਕੇ ਦੇ ਹਾਕਮਾਂ ਦੀ ਉਸਤੱਤ ਕਰਦੇ। ਜੋ ਕਿ ਗਜ਼ਲ ਦੇ ਮੁੱਖ ਵਿਸ਼ੇ ਵਜੋਂ ਜਾਣੇ ਜਾਂਦੇ ਸਨ। ਅੱਜ ਗਜ਼ਲ ਹਰ ਇਕ ਪਹਿਲੂ ਤੇ ਲਿੱਖੀ ਜਾਣ ਲੱਗੀ ਹੈ। ਇਦ ਪਿਛੋਂ ਅਦੀਮ ਹਾਸ਼ਮੀ ਦੀ ਗਜਲ ਤਰੱਨਮ ਵਿਚ ਸੁਣਾਈ।
ਅੰਤ ਵਿਚ ਜਸਵੀਰ ਸਿੰਘ ਸਿਹੋਤਾ ਨੇ ਆਪਣੇ ਅਤੇ ਪਰਧਾਨ ਵਲੋਂ ਆਏ ਲਿਖਾਰੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਤੰਬਰ ਮਹੀਨੇ ਵਿਚ ਹੋਣ ਵਾਲੀ ਮੀਟਿੰਗ ਵਿਚ ਆਉਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ।
ਜਸਵੀਰ ਸਿੰਘ ਸਿਹੋਤਾ