ਆਖਰ ਉਹ ਮੇਰਾ ਬਾਪ ਏ
(ਕਹਾਣੀ)
ਹਰੀ ਓਮ ਨਿੱਤ ਵਾਂਗ ਸ਼ਰਾਬੀ ਹਾਲਤ 'ਚ ਡੱਕੇ-ਡੌਲੇ ਖਾਂਦਾ ਜਦੋਂ ਘਰ ਅੰਦਰ ਵੜਿਆ ਤਾਂ ਨੂੰਹ ਦੇ ਨਾਲ, ਉਸ ਦਾ ਪੁੱਤ ਕੁਲਬੀਰ ਵੀ ਉਸ 'ਤੇ ਗਰਜ ਪਿਆ, ਲੱਗਾ ਉਸ ਦੀ ਲਾਹ-ਪਾਹ ਕਰਨ।"ਸਾਡੀ ਨਹੀਂ ਤਾਂ ਘੱਟੋ-ਘੱਟ ਆਪਣੇ ਨਾਂ ਦੀ ਹੀ ਸ਼ਰਮ ਕਰ ਲਿਆ ਕਰੋ। ਨਾਂ ਹੈ ਹਰੀ ਓਮ ਤੇ ਕਰਤੂਤਾਂ ਨੇ ਚੰਡਾਲਾਂ ਵਾਲੀਆਂ। ਦਾਦੀ ਜੀ ਨੇ ਖੌਰੇ ਨਾਂ ਰੱਖਣ ਲੱਗਿਆਂ ਕੀ ਸੋਚਿਆ ਸੀ" ? ਨੂੰਹ ਆਪਣੇ ਦਿਲ ਦੀ ਭੜਾਸ ਕੱਢਦਿਆਂ ਸ਼ੇਰਨੀ ਵਾਂਗ ਗਰਜੀ। ਮੁੰਡੇ ਦੀਆਂ ਵੀ ਗੁੱਸੇ ਵਿੱਚ ਅੱਖਾਂ ਲਾਲ ਸਨ। ਗੁੱਸੇ ਵਿੱਚ ਬੋਲਦੇ ਹੋਏ ਨੇ ਬਾਪ ਨੂੰ ਮਾਰਨ ਲਈ ਆਪਣਾ ਹੱਥ ਵੀ ਚੁੱਕ ਲਿਆ। ਪਹਿਲਾਂ ਹੀ ਸ਼ਰਾਬ ਨਾਲ ਘੁਣ ਵਾਂਗ ਖਾਧਾ ਹੋਇਆ ਹਰੀ ਓਮ ਦਾ ਸਰੀਰ, ਅੱਜ ਮੁੰਡੇ ਦਾ ਇਸ ਤਰ੍ਹਾਂ ਦਾ ਗੁੱਸਾ ਵੇਖ ਕੇ ਆਪਣੇ ਆਪ ਨੂੰ ਨਾ ਸੰਭਾਲ ਸਕਿਆ ਤੇ ਉਹ ਜ਼ਮੀਨ 'ਤੇ ਡਿੱਗ ਪਿਆ। ਡਰਿਆ ਹੋਇਆ ਹਰੀ ਓਮ, ਇਸ ਤਰ੍ਹਾਂ ਉਨ੍ਹਾਂ ਵੱਲ ਵੇਖ ਰਿਹਾ ਸੀ ਜਿਵੇਂ ਮੁਆਫੀ ਮੰਗ ਰਿਹਾ ਹੋਵੇ। ਦੋਵੇਂ ਪੋਤਰੇ ਚੁੱਪ-ਚਾਪ ਟਿਕ-ਟਿਕੀ ਲਾ ਕੇ ਵੇਖ ਰਹੇ ਸਨ ਜਿਵੇਂ ਆਪਣੇ ਦਾਦੇ ਨੂੰ ਕਹਿ ਰਹੇ ਹੋਣ, "ਕਿਉਂ ਇਨ੍ਹਾਂ ਕੋਲੋਂ ਰੋਜ਼ ਆਪਣੀ ਦੁਰਗੱਤ ਕਰਵਾਉਣ ਡਹੇ ਜੇ, ਛੱਡ ਦਿਓ ਇਸ ਸ਼ਰਾਬ ਨੂੰ"। ਗੁੱਸੇ 'ਚ ਬੋਲਦੇ ਹੋਏ ਦੋਵੇਂ ਨੂੰਹ-ਪੁੱਤ ਅੰਦਰ ਚਲੇ ਗਏ ਤੇ ਹਰੀ ਓਮ ਹੌਲੀ-ਹੌਲੀ ਆਪਣੇ ਆਪ ਨੂੰ ਘਸੀਟਦਾ ਹੋਇਆ ਆਪਣੇ ਮੰਜੇ ਕੋਲ।
ਰਾਤ ਪੈ ਚੁਕੀ ਸੀ। ਅੰਧੇਰਾ ਵਧ ਰਿਹਾ ਸੀ। ਰਹਿ-ਰਹਿ ਕੇ ਕੁਲਬੀਰ ਦਵਾਰਾ ਆਪਣੇ ਬਾਪ ਨਾਲ ਕੀਤੇ ਇਸ ਘਟੀਆ ਵਤੀਰੇ ਕਾਰਨ ਹੋਈ ਬਾਪ ਦੀ ਹਾਲਤ ਦਾ ਦ੍ਰਿਸ਼ ਕੁਲਬੀਰ ਦੇ ਮਨ ਮਸਤਕ 'ਤੇ ਬਾਰ-ਬਾਰ ਦਸਤਕ ਦੇ ਕੇ ਉਸ ਦੀ ਬੇਚੈਨੀ ਵਧਾ ਰਿਹਾ ਸੀ। ਹਾਏ, ਇਹ ਕਿਸ ਤਰ੍ਹਾਂ ਹੋ ਗਿਆ? ਬੁਢਾਪੇ ਵਿੱਚ ਜਿਸ ਨੂੰ ਮੇਰੇ ਸਹਾਰੇ ਦੀ ਜ਼ਰੂਰਤ ਹੈ ਉਸ ਨਾਲ ਮੇਰਾ ਇਸ ਤਰ੍ਹਾਂ ਦਾ ਘਟੀਆ ਵਤੀਰਾ। ਮੈਂ ਤਾਂ ਦੋਸ਼ੀ ਹਾਂ, ਨਾ ਕੇਵਲ ਆਪਣੇ ਬਾਪ ਦਾ ਹੀ, ਬਲਕਿ ਉਸ ਦੀਆਂ ਉਨ੍ਹਾਂ ਸਾਰੀਆਂ ਕੁਰਬਾਨੀਆਂ ਦਾ ਵੀ ਜੋ ਉਸ ਨੇ ਸਾਡੇ ਪਾਲਣ-ਪੋਸ਼ਣ ਵੇਲੇ ਕੀਤੀਆਂ ਸਨ। ਉਸ ਦਾ ਦਿਲ ਕੀਤਾ ਕਿ ਉਹ ਉਸੇ ਵੇਲੇ ਜਾ ਕੇ ਬਾਪ ਦੇ ਪੈਰ ਪਕੜ ਕੇ ਮੁਆਫੀ ਮੰਗ ਲਵੇ। ਕਦੇ ਸੋਚਦਾ, ਸਵੇਰੇ ਸਵੱਖਤੇ ਪਤਨੀ ਦੇ ਉੱਠਣ ਤੋਂ ਪਹਿਲਾਂ ਉਹ ਇਹ ਕਰ ਲਵੇਗਾ।
ਇੱਸੇ ਕਸ਼ਮਕਸ਼ ਵਿੱਚ ਪਤਾ ਨਹੀਂ ਕਿਹੜੇ ਵੇਲੇ ਉਸ ਦਾ ਮਨ ਉਸ ਨੂੰ ਉਸ ਦੇ ਬਚਪਨ ਦੇ ਵਿਹੜੇ ਖਿੱਚ ਕੇ ਲੈ ਗਿਆ। ਉਸ ਦੀਆਂ ਅੱਖਾਂ ਅੱਗੇ ਉਹ ਦ੍ਰਿਸ਼ ਆਉਣ ਲੱਗਾ ਜਦੋਂ ਕਈ-ਕਈ ਦਿਨ ਉਹ ਦੋਵੇਂ ਭੈਣ-ਭਰਾ ਇਸ ਬਾਪ ਨੂੰ ਵੇਖਣ ਲਈ ਤਰਸਦੇ ਹੁੰਦੇ ਸਨ। ਜਦੋਂ ਸਵੇਰੇ ਸੁੱਤੇ aੱਠਦੇ ਤਾਂ ਪਤਾ ਲੱਗਦਾ ਕਿ ਉਹ ਕੰਮ ਤੇ ਚਲੇ ਗਏ ਹਨ ਤੇ ਦੇਰ ਰਾਤ ਸਾਡੇ ਸੌਂ ਜਾਣ ਤੋਂ ਬਾਅਦ ਹੀ ਉਹ ਵਾਪਸ ਪਰਤਦੇ। ਹਰ ਰੋਜ਼ ਮੁਲਾਕਾਤ ਹੁੰਦੀ ਤਾਂ ਕੇਵਲ ਇਕ ਲਿਫਾਫੇ ਨਾਲ ਜਿਸ ਵਿੱਚ ਸਾਡੇ ਮਨਪਸੰਦ ਦੀਆਂ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਜੋ ਉਹ ਸਾਡੇ ਲਈ ਲੈ ਕੇ ਆਉਂਦੇ। ਇੱਕ ਛੁੱਟੀ ਵਾਲਾ ਦਿਨ ਹੀ ਹੁੰਦਾ ਜਿਸ ਦਿਨ ਉਹ ਘਰ ਹੁੰਦੇ ਤੇ ਸਾਰਾ ਦਿਨ ਸਾਡੇ ਨਾਲ ਬਤੀਤ ਕਰਦੇ। ਅਸੀਂ ਖੂਬ ਮਸਤੀ ਕਰਦੇ। ਸ਼ਾਮ ਨੂੰ ਉਹ ਸਾਨੂੰ ਸਾਰਿਆਂ ਨੂੰ ਬਾਹਰ ਲੈ ਜਾਂਦੇ। ਵੰਨ- ਸੁਵੰਨੀਆਂ ਖਾਣ ਵਾਲੀਆਂ ਤੇ ਹੋਰ ਵਰਤੋਂ ਵਾਲੀਆਂ ਚੀਜ਼ਾਂ ਲੈ ਕੇ ਦਿੰਦੇ। ਅਸੀਂ ਖਾਂਦੇ ਹੋਏ ਖੂਬ ਮਜ਼ਾ ਲੈਂਦੇ ਪਰ ਉਹ ਚੁੱਪਚਾਪ ਬਿਨਾਂ ਕੁਝ ਖਾਧੇ ਕੋਲ ਖੜੇ ਰਹਿੰਦੇ। ਸਾਡੇ ਬਾਰ-ਬਾਰ ਕਹਿਣ 'ਤੇ ਵੀ ਉਹ ਕੁਝ ਨਾ ਖਾਂਦੇ ਤੇ ਸਿਰਫ ਇਹੀ ਕਹਿੰਦੇ, "ਮੇਰਾ ਮਨ ਨਹੀਂ ਕਰਦਾ"। ਜਦੋਂ ਥੋੜ੍ਹੇ ਜਿਹੇ ਵੱਡੇ ਹੋਏ ਤਾਂ ਪਤਾ ਲੱਗਿਆ ਕਿ ਉਹ ਸਿਰਫ ਪੈਸੇ ਦੀ ਕਮੀ ਕਾਰਨ ਇਹ ਸਭ ਕਹਿੰਦੇ ਸਨ। ਸਾਡੀਆਂ ਖੁਸ਼ੀਆਂ ਨੂੰ ਪੂਰਾ ਕਰਨ ਲਈ ਉਹ ਆਪਣੀਆਂ ਖੁਸ਼ੀਆਂ ਦੀ ਕੁਰਬਾਨੀ ਦੇ ਦਿੰਦੇ।
ਸ਼ਰਾਬ ਤਾਂ ਉਹ ਉਦੋਂ ਵੀ ਪੀਂਦੇ ਸਨ। ਇੱਕ ਵਾਰ ਮਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, "ਇਹ ਇੱਕ ਦਵਾਈ ਹੈ। ਵਧੇਰੇ ਕੰਮ ਕਾਰਨ ਥਕਾਵਟ ਹੋ ਜਾਂਦੀ ਹੈ ਨਾ, ਇਸ ਲਈ ਇਹ ਦਵਾਈ ਲੈਂਦੇ ਹਨ ਤਾਂ ਜੁ ਵਧੇਰੇ ਕੰਮ ਕਰ ਕੇ ਵਧੇਰੇ ਪੈਸੇ ਕਮਾ ਕੇ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ"। ਮਾਂ ਦੇ ਇਸ ਦੁਨੀਆਂ 'ਚੋਂ ਚਲੇ ਜਾਣ ਤੋਂ ਬਾਅਦ ਉਹ ਸ਼ਰਾਬ ਕੁਝ ਜ਼ਿਆਦਾ ਹੀ ਪੀਣ ਲੱਗ ਪਏ। ਸ਼ਾਇਦ ਇਕੱਲੇ ਰਹਿ ਜਾਣ ਕਾਰਨ। ਮੈਂ ਵੀ ਕਿੰਨਾ ਖੁਦਗਰਜ਼ ਰਿਹਾ, ਕਦੇ ਵੀ ਉਨ੍ਹਾਂ ਦਾ ਹਾਲ ਨਾ ਜਾਣ ਸਕਿਆ। ਚਾਰ ਘੜੀਆਂ ਉਸ ਕੋਲ ਬੈਠ ਕੇ ਉਸ ਨਾਲ ਦਿਲ ਨਾ ਫਰੋਲਿਆ। ਮੈਂ ਹੀ ਕੇਵਲ ਜ਼ਿੰਮੇਵਾਰ ਹਾਂ ਉਨ੍ਹਾਂ ਦੀ ਇਸ ਹਾਲਤ ਦਾ। ਨਾ ਕੇਵਲ ਉਨ੍ਹਾਂ ਦਾ ਸਗੋਂ ਮਾਂ ਦਾ ਵੀ ਕਿ ਮੈਂ ਉਸ ਦਾ ਖਿਆਲ ਨਾ ਰੱਖ ਸਕਿਆ। ਅਚਾਨਕ ਉਸ ਨੂੰ ਲੱਗਾ ਜਿਵੇਂ ਅਸਮਾਨ 'ਚ ਤਾਰਾ ਬਣੀ ਬੈਠੀ ਉਸ ਦੀ ਮਾਂ ਉਸ ਨੂੰ ਲਾਹਨਤਾਂ ਪਾਉਂਦੀ ਹੋਈ ਕਹਿ ਰਹਿ ਸੀ, "ਖੂਬ ਫਰਜ਼ ਨਿਭਾ ਰਿਹਾ ਏਂ, ਸਾਡੇ ਲਾਡ-ਪਿਆਰ ਦੇ"। ਇੰਨੇ ਨੂੰ ਕਿਸੇ ਦੇ ਗਾਉਣ ਦੀ ਧੀਮੀ ਆਵਾਜ਼ ਉਸ ਦੇ ਕੰਨਾਂ ਵਿੱਚ ਪਈ ਜੋ ਉੱਚੀ ਹੋ ਰਹੀ ਸੀ। " ਉਸ ਦੇ ਨਾਲ ਯਾਰੀ ਕਦੇ ਨਾਂ ਰੱਖਿਓ, ਜਿਸ ਨੂੰ ਆਪਣੇ 'ਤੇ ਗਰੂਰ ਹੋਵੇ। ਮਾਂ-ਬਾਪ ਨੂੰ ਮੰਦਾ ਕਦੇ ਨਾ ਬੋਲੀਏ, ਭਾਂਵੇ ਲੱਖ ਉਨ੍ਹਾਂ ਦਾ ਕਸੂਰ ਹੋਵੇ"। ਉਸ ਨੂੰ ਲੱਗਾ ਕਿ ਉਸ ਨੂੰ ਹੁਣੇ ਹੀ ਬਾਪ ਕੋਲ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ।
ਉਸ ਨੇ ਇੱਧਰ- aੁੱਧਰ ਵੇਖਿਆ ਕਿ ਉਸ ਦੀ ਪਤਨੀ ਤੇ ਬੱਚੇ ਘੂਕ ਸੁੱਤੇ ਪਏ ਸਨ। ਉਹ ਇੱਕਦਮ ਉੱਠਿਆ ਤੇ ਬਾਪ ਵੱਲ ਨੂੰ ਚੱਲ ਪਿਆ ਜੋ ਪਹਿਲਾਂ ਹੀ ਜਾਗਦਾ ਹੋਇਆ ਇੱਧਰ-aੁੱਧਰ ਪਾਸੇ ਮਾਰ ਰਿਹਾ ਸੀ। ਕੁਲਬੀਰ ਨੂੰ ਆਉਂਦਾ ਵੇਖ ਕੇ ਹਰੀ ਓਮ ਕਹਿਣ ਲੱਗਾ, "ਕੀ ਗੱਲ, ਅਜੇ ਤੱਕ ਸੁੱਤਾ ਨਹੀਂ ਤੂੰ"? ਕੋਲ ਪਹੁੰਚ ਕੇ ਲਿਲਕੜੀਆਂ ਲੈਂਦਾ ਹੋਇਆ ਕੁਲਬੀਰ ਕਹਿਣ ਲੱਗਾ, "ਮੈਨੂੰ ਮੁਆਫ ਕਰ ਦਿਓ, ਮੇਰੇ ਤੋਂ ਅੱਜ ਬਹਤ ਵੱਡੀ ਗਲਤੀ ਹੋਈ ਏ। ਇਹ ਕਹਿੰਦਿਆਂ ਹੀ ਉਹ ਆਪਣੇ ਬਾਪ ਦਾ ਹੱਥ ਫੜ ਕੇ ਆਪਣੇ ਮੂੰਹ ਤੇ ਚਪੇੜਾਂ ਮਾਰਦਾ ਹੋਇਆ ਕਹਿ ਰਿਹਾ ਸੀ, "ਬਾਪੂ ਮਾਰ, ਮੈਨੂੰ ਮਾਰ, ਜਿਸ ਤਰ੍ਹਾਂ ਮੈਨੂੰ ਛੋਟੇ ਹੁੰਦੇ ਨੂੰ ਮੇਰੀਆਂ ਗਲਤੀਆਂ ਤੋਂ ਮਾਰਦੇ ਸੀ। ਮੈਂ ਮੰਨਦਾ ਹਾਂ ਕਿ ਮੇਰੀ ਗਲਤੀ ਨਾ ਮੁਆਫੀ-ਯੋਗ ਹੈ, ਪਰ ਇੱਕ ਵਾਰ ਮੈਨੂੰ ਮੁਆਫ ਕਰ ਦਿਓ"।"ਕੀ ਕਰ ਰਿਹਾ ਏਂ, ਕਮਲਾ ਹੋ ਗਿਆ ਏਂ।ਗਲਤੀ ਮੇਰੀ ਸੀ, ਮੈਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਤੇ ਮੈਂ ਅੱਜ ਵਾਅਦਾ ਕਰਦਾ ਹਾਂ ਕਿ ਮੈਂ ਅੱਗੇ ਤੋਂ ਸ਼ਰਾਬ ਨਹੀਂ ਪੀਵਾਂਗਾ",ਇਕੋ ਝਟਕੇ ਨਾਲ ਆਪਣਾ ਹੱਥ ਛੁਡਾਉਂਦੇ ਹੋਏ ਹਰੀ ਓਮ ਨੇ ਕਿਹਾ।
"ਬੱਚੇ ਹੁਣ ਵੱਡੇ ਹੋ ਗਏ ਹਨ, ਉਹ ਮਹਿਸੂਸ ਕਰਦੇ ਹਨ। ਤੁਹਾਡੀ ਨੂੰਹ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਏ ਤੇ ਤੁਹਾਡੀ ਬਹੁਤ ਇੱਜ਼ਤ ਕਰਦੀ ਹੈ"; ਕੁਲਬੀਰ ਕਹਿ ਰਿਹਾ ਸੀ। ਬਾਪ ਦੇ ਬਾਰ- ਬਾਰ ਜ਼ੋਰ ਦੇਣ' ਤੇ ਕੁਲਬੀਰ ਆਪਣੇ ਕਮਰੇ 'ਚ ਆ ਗਿਆ। ਉਸ ਨੇ ਵੇਖਿਆ ਕਿ ਉਸ ਦੀ ਪਤਨੀ ਤੇ ਬੱਚੇ ਉਸੇ ਤਰ੍ਹਾਂ ਹੀ ਕਿਸੇ ਘਟਨਾ ਤੋਂ ਬੇਖਬਰ ਸੁੱਤੇ ਹੋਏ ਹਨ। ਕੁਲਬੀਰ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਉਸ ਦਾ ਬੋਝ ਕਾਫੀ ਘਟ ਗਿਆ ਹੋਵੇ। ਸਵੇਰੇ aੱਠ ਕੇ ਉਸ ਨੇ ਆਪ ਚਾਹ ਬਣਾਈ ਤੇ ਬਾਪ ਨੂੰ ਦੇ ਕੇ ਵਾਪਸ ਆ ਹੀ ਰਿਹਾ ਸੀ ਕਿ ਉਸ ਦਾ ਟਾਕਰਾ ਆਪਣੀ ਪਤਨੀ ਨਾਲ ਹੋ ਗਿਆ। ਉਸ ਨੇ ਵਿਅੰਗਮਈ ਢੰਗ ਨਾਲ ਕਿਹਾ, "ਸ਼ਰਾਬੀ ਪਿਓ ਲਈ ਚਾਹ ਲੈ ਕੇ ਗਿਆ ਸੀ"? ਕੁਲਬੀਰ ਨੇ ਆਪਣੇ ਮੱਥੇ 'ਤੇ ਤਿਊੜੀਆਂ ਪਾ ਕੇ ਉਸ ਵੱਲ ਵੇਖਿਆ, ਪਰ ਕਿਹਾ ਕੁਝ ਨਾ 'ਤੇ ਅੰਦਰ ਆ ਗਿਆ। ਕੁਲਬੀਰ ਦੀ ਪਤਨੀ ਨੇ ਤੇਜ਼ਾਬੀ ਬਾਣ ਕੱਸਦਿਆਂ ਫਿਰ ਕਹਿ ਦਿੱਤਾ, "ਰਾਤੀਂ ਬੜੇ ਲਾਡ ਆ ਰਹੇ ਸੀ ਉਸ ਸ਼ਰਾਬੀ 'ਤੇ, ਬੜੀਆਂ ਮੁਆਫੀਆਂ ਮੰਗ ਰਿਹਾ ਸੀ"। ਕੁਲਬੀਰ ਸਮਝ ਗਿਆ ਕਿ ਇਸ ਨੇ ਰਾਤ ਦੀਆਂ ਸਭ ਗੱਲਾਂ ਸੁਣ ਲਈਆਂ ਸਨ। ਗੁੱਸੇ 'ਚ ਕਹਿਣ ਲੱਗਾ, "ਕਿਉਂ ਨਾ ਆਉਣ ਲਾਡ, ਆਖਰ ਉਹ ਮੇਰਾ ਬਾਪ ਏ। ਉਸ ਨੇ ਤਾਂ ਜ਼ਿੰਦਗੀ 'ਚ ਫਰਜ਼ ਨਿਭਾ ਕੇ ਮੈਨੂੰ ਇੱਥੋਂ ਤੱਕ ਪਹੁੰਚਾਇਆ। ਅਸੀਂ ਖੂਬ ਫਰਜ਼ ਨਿਭਾ ਰਹੇ ਹਾਂ ਉਸ ਨੂੰ ਬਾਰ-ਬਾਰ ਸ਼ਰਾਬੀ ਕਹਿ ਕੇ। ਕੁਲਬੀਰ ਦੀ ਪਤਨੀ ਉਸ ਵੱਲ ਬੜੀ ਹੈਰਾਨੀ ਨਾਲ ਵੇਖ ਰਹੀ ਸੀ ਕਿਉਂਕਿ ਅੱਜ ਤੋਂ ਪਹਿਲਾਂ ਕੁਲਬੀਰ ਨੇ ਕਦੇ ਵੀ ਉਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਸੀ ਕੀਤਾ। ਕੁਲਬੀਰ ਨੇ ਫਿਰ ਕਹਿਣਾ ਸ਼ੁਰੂ ਕੀਤਾ, "ਕਦੇ ਆਪਣੇ ਬਾਪ ਬਾਰੇ ਵੀ ਸੋਚਿਆ ਈ, ਜਿਸ ਦੇ ਰਾਤ-ਦਿਨ ਸੋਹਲੇ ਗਾਉਂਦੀ ਨਹੀਂ ਥੱਕਦੀ। ਉਹ ਸ਼ਰਾਬ ਦੇ ਨਾਲ- ਨਾਲ ਪਤਾ ਨਹੀਂ ਕਿੰਨੇ ਕੁ ਹੋਰ ਨਸ਼ੇ ਕਰਦਾ ਏ ਤੇ ਨੂੰਹਾਂ ਦੀ ਕਿੰਨੀ ਦੁਰਗਤ ਕਰਦਾ ਏ। ਇਸ ਨੇ ਤਾਂ ਕਿਸੇ ਨੂੰ ਵੀ ਕਦੇ ਕੁਝ ਨਹੀਂ ਕਿਹਾ"।ਇਹ ਸੁਣਦਿਆਂ ਹੀ ਉਸ ਦੀ ਪਤਨੀ ਇਸ ਤਰ੍ਹਾਂ ਚੁੱਪ-ਚਾਪ, ਕੁਲਬੀਰ ਵੱਲ ਵੇਖ ਰਹੀ ਸੀ ਜਿਵੇਂ ਆਪਣੀਆਂ ਗਲਤੀਆਂ ਦਾ ਅੰਦਾਜ਼ਾ ਲਾ ਰਹੀ ਹੋਵੇ।