ਉਹ ਦਿਨ ਕਦ ਆਉਣਗੇ? (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਜ਼ਾਦੀ ਮਨੁੱਖ ਦਾ ਮੌਲਿਕ  ਅਧਿਕਾਰ ਹੈ। ਹਰ ਇਕ ਨੂੰ ਆਜ਼ਾਦੀ ਚਾਹੀਦੀ ਹੈ। ਮੈਨੂੰ ਆਜ਼ਾਦੀ ਚਾਹੀਦੀ ਹੈ। ਤੁਹਾਨੂੰ ਆਜ਼ਾਦੀ ਚਾਹੀਦੀ ਹੈ ਪਰ ਇਹ ਆਜ਼ਾਦੀ ਕਿਸ ਹੱਦ ਤੱਕ ਜਾਇਜ਼ ਹੈ? ਤੁਸੀਂ ਜੰਮ ਜੰਮ ਆਪਣੀ ਆਜ਼ਾਦੀ ਮਾਣੋ ਪਰ ਕਿਸੇ ਦੀ ਆਜ਼ਾਦੀ ਖੋਹੋ ਨਾ। ਦੂਸਰੇ ਨੂੰ ਵੀ ਆਪਣੀ ਆਜ਼ਾਦੀ ਮਾਣਨ ਦਿਓ। ਤੁਹਾਨੂੰ ਆਪਣੀ ਆਜ਼ਾਦੀ ਮਾਣਨ ਦਾ ਪੂਰਾ ਅਧਿਕਾਰ ਹੈ। ਤੁਸੀਂ ਆਪਣੀਆਂ ਬਾਹਾਂ ਜਿੰਨੀਆਂ ਮਰਜ਼ੀ ਫੈਲਾ ਸਕਦੇ ਹੋ ਪਰ ਤੁਹਾਡੀਆਂ ਬਾਹਾਂ ਕਿਸੇ ਦੇ ਮੁੰਹ ਅੱਗੇ ਨਹੀਂ ਜਾਣੀਆਂ ਚਾਹੀਦੀਆਂ। ਇਸ ਤਰ੍ਹਾਂ ਦੂਸਰੇ ਦੀ ਆਜ਼ਾਦੀ ਭੰਗ ਹੋਵੇਗੀ। ਇਸ ਲਈ ਆਪਣੇ ਅਧਿਕਾਰ ਦਾ ਸੋਚ ਸਮਝ ਕੇ ਹੀ ਇਸਤੇਮਾਲ ਕਰੋ।ਕਹਿੰਦੇ ਹਨ ਕਿ ਭਾਰਤ ਇਕ ਅਗਾਂਹ ਵਧੂ ਦੇਸ਼ ਹੈ। ਆਜ਼ਾਦੀ ਤੋਂ ਬਾਅਦ ਇਸ ਨੇ ਬਹੁਤ ਉਨਤੀ ਕੀਤੀ ਹੈ।ਮਨੁੱਖ ਸਾਈਕਲ ਦੇ ਯੁੱਗ ਤੋਂ ਰਾਕਟ ਦੇ ਯੁੱਗ ਤੱਕ ਪਹੁੰਚ ਗਿਆ ਹੈ। ਮੁਲਕ ਵਿਚ ਖ਼ੁਸ਼ਹਾਲੀ ਵਧੀ ਹੈ। ਮਨੁੱਖ ਦਾ ਰਹਿਣ ਸਹਿਣ ਤਰੱਕੀ ਕਰ ਗਿਆ ਹੈ। ਅੰਬਾਨੀ, ਅਡਾਨੀ, ਮਾਲੀਆ ਅਤੇ ਸੁਨੀਲ ਮਿਤੱਲ ਵਰਗੇ ਦੁਨੀਆਂ ਦੇ ਵਿਸ਼ੇਸ਼ ਧਨਾਢਾਂ ਵਿਚ ਗਿਣੇ ਜਾਂਦੇ ਹਨ। ਪਰ ਕੀ ਕੁਝ ਚੰਦ ਲੋਕਾਂ ਦੇ ਅਮੀਰ ਹੋਣ ਨਾਲ ੧੨੫ ਕਰੌੜ ਵਾਸੀਆਂ ਦਾ ਪੂਰਾ ਦੇਸ਼ ਅਮੀਰ ਹੋ ਜਾਂਦਾ ਹੈ? ਆਜ਼ਾਦੀ ਤੋਂ ਬਾਅਦ ਇੱਥੇ ਅਮੀਰ ਹੋਰ ਅਮੀਰ ਹੋਏ ਹਨ ਅਤੇ ਗ਼ਰੀਬ ਹੋਰ ਗ਼ਰੀਬ ਹੋਏ ਹਨ। ਜਿਹੜੇ ਅਮੀਰ ਹੋਏ ਹਨ ਉਨ੍ਹਾਂ ਵਿਚੋਂ ਕੁਝ ਹੀ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਅਮੀਰ ਹੋਏ ਹਨ ਬਾਕੀ ਬਾਕੀ ਜ਼ਿਆਦਾ ਤੋਰ ਤੇ ਗ਼ਰੀਬਾਂ ਦਾ ਖ਼ੂਨ ਚੂਸ ਕੇ ਅਤੇ ਰਾਜਨੇਤਾਵਾਂ ਦੀ ਸਰਪਰਸਤੀ ਹੇਠ ਟੈਕਸ ਚੋਰੀ ਕਰ ਕੇ ਜਾਂ ਹੋਰ ਚੋਰ ਮੌਰੀਆਂ ਰਾਹੀਂ ਹੋਏ ਹਨ। ਜੇ ਕਿਸੇ ਦੇਸ਼ ਦੀ ਖ਼ੁਸ਼ਹਾਲੀ ਦੇਖਣੀ ਹੋਵੇ ਤਾਂ ਧਨਾਢਾਂ ਤੋਂ ਨਹੀਂ ਦੇਖਣੀ ਚਾਹੀਦੀ। ਇਹ ਦੇਖਣਾ ਚਾਹੀਦਾ ਹੈ ਕਿ ਸਭ ਤੋਂ ਗ਼ਰੀਬ ਬੰਦੇ ਦੀ ਜ਼ਿੰਦਗੀ ਵਿਚ ਕੀ ਖ਼ੁਸ਼ਹਾਲੀ ਆਈ ਹੈ? ਇਸੇ ਲਈ ਅਕਬਰ ਅਤੇ ਮਹਾਰਾਜਾ ਰਣਜੀਤ ਸਿੰਘ ਜਿਹੇ ਨੇਕ ਰਾਜਾਰਾਤੀਂ ਭੇਸ ਬਦਲ ਕੇ ਆਪਣੇ ਰਾਜ ਦਾ ਚੱਕਰ ਲਾਉਂਦੇ ਸਨ ਕਿ ਕਿਧਰੇ ਮੇਰੇ ਦੇਸ਼ ਦਾ ਕੋਈ ਨਾਗਰਿਕ ਭੁੱਖਾ ਤਾਂ ਨਹੀਂ ਰਹਿ ਗਿਆ? ਪਰ ਅੱਜ ਕੱਲ ਦੇ ਰਾਜੇ (ਨੇਤਾ) ਤਾਂ ਆਪ ਸ਼ੀਸ਼ੇ ਦੇ ਮਹਿਲਾਂ ਵਿਚ ਰਹਿੰਦੇ ਹਨ। ਹਵਾਈ ਜਾਹਾਜਾਂ ਦੀਆਂ ਸੈਰਾਂ ਕਰਦੇ ਹਨ। ਐਸ਼ ਕਰਨ ਦੇ ਸਾਰੇ ਸਾਧਨ ਉਨ੍ਹਾਂ ਕੋਲ ਹਨ। ਉਨ੍ਹਾਂ ਦੀ ਆਪਣੀ ਰੱਖਿਆ ਲਈ ਕਈ ਕਈ ਅੰਗ-ਰੱਖਿਅਕ ਤੈਨਾਤ ਹਨ। ਫਿਰ ਉਹ ਰਾਤ ਨੂੰ ਝੁੱਗੀ ਵਾਲੇ ਗ਼ਰੀਬ ਬੰਦਿਆਂ ਦੀ ਸੁੱਧ ਲੈਣ ਦੀ ਜ਼ਰੂਰਤ ਨਹੀਂ ਸਮਝਦੇ। ਕਹਿੰਦੇ ਹਨ ਕਿ ਰੋਮ ਜਲ ਰਿਹਾ ਸੀ ਪਰ ਨੀਰੂ ਬੰਸਰੀ ਵਜਾ ਰਿਹਾ ਸੀ।
ਕੁਝ ਲੋਕਾਂ ਦਾ ਖਿਆਲ ਹੈ ਕਿ ਸਾਡੇ ਲੋਕਾਂ ਨੂੰ ਹਾਲੀ ਉਹ ਆਜ਼ਾਦੀ ਨਹੀਂ ਮਿਲੀ ਜਿਸ ਲਈ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਅਤੇ ਉੱਧਮ ਸਿੰਘ ਸੁਨਾਮੀਆਂ ਆਦਿ ਨੇ ਫ਼ਾਂਸੀ ਦੇ ਰੱਸੇ ਚੁੰਮੇ ਸਨ ਅਤੇ ਜਿੰਦੜੀਆਂ ਵਾਰੀਆਂ ਸਨ। ਦੇਸ਼ ਦੀ ਵੰਡ ਸਮੇਂਲੱਖਾਂ ਲੋਕ ਘਰੋਂ ਬੇਘਰ ਹੋਏ। ਉਹ ਲੱਖਾਂ ਤੋਂ ਕੱਖਾਂ ਤੇ ਆ ਗਏ। ਹਜ਼ਾਰਾਂ ਔਰਤਾਂ ਦੀ ਇਜ਼ੱਤ ਲੁੱਟੀ ਗਈ। ਹਜ਼ਾਰਾਂ ਲੋਕ ਹੀ ਮਾਰੇ ਗਏ। ਮਾਵਾਂ ਦੇ ਪੁੱਤ ਗਏ ਅਤੇ ਭੈਣਾ ਦੇ ਭਰਾ ਗਏ।ਹਜ਼ਾਰਾਂ ਬੱਚੇ ਯਤੀਮ ਹੋਏ। ਹਾਲੀ ਵੀ ਸਾਡੇ ਨੇਤਾ ਕਹਿੰਦੇ ਹਨ ਕਿ ਆਜ਼ਾਦੀ ਗਾਂਧੀ ਦੀ ਅਹਿੰਸਾ ਦੀ ਪੋਲਿਸੀ ਨਾਲ ਬਿਨਾ ਖ਼ੂਨ ਦੀ ਇਕ ਵੀ ਭੂੰਦ ਵਹਾਏ ਮਿਲੀ। ਅਜਿਹਾ ਕਹਿਣਾ ਅਜ਼ਾਦੀ ਦੇ ਸ਼ਹੀਦਾਂ ਨਾਲ ਬਹੁਤ ਵੱਡ ਬੇਇਨਸਾਫੀ ਹੈ। ੧੩ ਅਪ੍ਰੈਲ ੧੯੧੯ ਨੂੰ ਭੇਜੇ ਗਏ। ਉਨ੍ਹਾਂ ਨੂੰ ਲਾਰਾ ਲਾਇਆ ਗਿਆ ਕਿ ਜੇ ਅੰਗ੍ਰੇਜ਼ ਜਿੱਤ ਗਏ ਤਾਂ ਭਾਰਤ ਨੂੰ ਆਜ਼ਾਦ ਕਰ ਦਿੱਤਾ ਜਾਏਗਾ। ਉਹ ਫੌਜੀ ਕਦੀ ਘਰ ਮੁੜ ਕੇ ਨਹੀਂ ਆਏ ਉੱਧਰ ਹੀ ਸ਼ਹੀਦ ਹੋ ਗਏ ਜਾਂ ਮਰ ਖਪ ਗਏ।ਲਾਲਾ ਲਾਜਪਤਰਾਏ, ਚੰਦਰ ਸ਼ੇਖਰ ਆਜ਼ਾਦ ਅਤੇ ਸੁਭਾਸ਼ ਚੰਦਰ ਬੋਸ ਜਿਹੇ ਕਈ ਦੇਸ਼ ਭਗਤਾਂ ਨੇ ਸਾਰੀ ਉਮਰ ਆਜ਼ਾਦੀ ਲਈ ਘੋਲ ਕਰਦੇ ਹੋਏ ਆਪਣੀਆਂ ਜਾਨਾ ਵਾਰ ਦਿੱਤੀਆਂ। ਇਸ ਤੋਂ ਇਲਾਵਾ ਅੰਗ੍ਰਜ਼ਾਂ ਨੇ ਸੈਂਕੜੇ ਨਿਹੱਥੇ ਬੰਦੇ ਬਜਬਜ ਦੀ ਘਾਟ ਤੇ ਗੋਲੀਆਂ ਨਾਲ ਮੌਤ ਦੇ ਘਾਟ ਉਤਰ ਦਿੱਤੇ। ਸਂੈਕੜੇ ਲੋਕ ਕਾਲੇ ਪਾਣੀਆਂ ਦੀਆਂ ਜੇਲ੍ਹਾਂ ਵਿਚ ਸੜ ਗਲ ਕੇ ਮਰ ਮੁੱਕ ਗਏ ਸੈਂਕੜੇ ਨੌਜੁਆਨਾ ਨੇ ਫ਼ਾਂਸੀ ਦੇ ਰੱਸੇ ਚੁੰਮੇ। ਜੇ ਦੇਸ਼ ਦੀ ਆਜ਼ਾਦੀ ਲਈ ਕੇਵਲ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਹੀ ਦੇਖਿਆ ਜਾਏ ਤਾਂ ਉਹ ਵੀ ਅੱਖਾਂ ਖ੍ਹੋਲਣ ਵਾਲੀਆਂ ਹਨ ਜੋ ਇਸ ਪ੍ਰਕਾਰ ਹਨ:
ਸਿੱਖਾ ਦੀ ਅਬਾਦੀ  = ੨%
ਸਿੱਖਾਂ ਦੀਆਂ ਸ਼ਹੀਦੀਆਂ  = ੮੭%
ਫਾਂਸੀ ਚੜ੍ਹੇ   =੧੨੧ ਵਿਚੋਂ ੯੩ ਸਿੱਖ
ਜਲ੍ਹਿਆਂ ਬਾਗ ਦੇ ਸ਼ਹੀਦ  = ਕੁਲ ੧੩੨੬ ਵਿਚੋਂ ੭੯੩ ਸਿੱਖ
ਉਮਰ ਕੈਦ    = ਕੁਲ ੨੬੪੬ ਵਿਚੋਂ ੨੧੪੭ ਸਿੱਖ
ਬਜ਼ਬਜ ਦੇ ਘਾਟ ਦੇ ਸ਼ਹੀਦ  =ਕੁਲ ੧੧੩ ਵਿਚੋਂ ੬੭ ਸਿੱਖ
ਅਕਾਲੀ ਲਹਿਰ ਦੇ ਸ਼ਹੀਦ  = ਕੁਲ ੫੦੦ ਸਾਰੇ ਹੀ ਸਿੱਖ

ਕੀ ਇਨ੍ਹਾ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਜਾ ਸਕਦਾ ਹੈ?ਜੇ ਚਰਖੇ ਕਾਰਨ ਹੀ ਆਜ਼ਾਦੀ ਮਿਲੀ ਤਾਂ ਕਿਉਂ ਨਹੀਂ ਇਹ ਚਰਖੇ ਪਾਕਿਸਤਾਨ ਅਤੇ ਚੀਨ ਦੀਆਂ ਸਰਹੱਦਾਂ ਤੇ ਬੀੜ ਦਿੰਦੇ? ਕਿਉਂ ਹਰ ਰੋਜ਼ ਅਨੇਕਾਂ ਜਵਾਨ ਬੋਰਡਰ ਤੇ ਅਜਾਈਂ ਮੌਤੇ ਮਰ ਰਹੇ ਹਨ? ਕਿਉਂ ਅਸੀਂ ਕਰੌੜਾਂ ਰੁਪਏ ਹਰ ਸਾਲ ਫੌਜਾਂ ਅਤੇ ਹਥਿਆਰਾਂ ਤੇ ਖ਼ਰਚ ਰਹੇ ਹਾਂ? ਅਸਲ ਵਿਚ ਇਹ ਸ਼ਬਦ ਕੇਵਲ ਉਹ ਲੋਕ ਹੀ ਆਖ ਰਹੇ ਹਨ ਜਿਨ੍ਹਾਂ ਨੇ ਦੇਸ਼ ਦੀ ਵੰਡ ਤੋਂ ਬਾਅਦ ਕੁਰਸੀਆਂ ਸਾਂਭੀਆਂ ਅਤੇ ਐਸ਼ਾਂ ਕੀਤੀਆਂ। ਦੇਸ਼ ਦੀ ਜਨਤਾ ਨੂੰ ਕੇਵਲ ਫੋਕ੍ਹੇ ਨਾਹਰੇ ਹੀ ਦਿੱਤੇ। ਜੇ ਗੌਰ ਨਾਲ ਦੇਖਿਆ ਜਾਏ ਤਾਂ ਆਜ਼ਾਦੀ ਮਿਲਨ ਤੋਂ ਪਿੱਛੋਂ ਦੇਸ਼ 'ਤੇ ਰਾਜ ਕਰਨ ਵਾਲਿਆਂ ਵਿਚੋਂ ਕਿਸੇ ਦੇ ਪਰਿਵਾਰ ਦਾ ਇਕ ਵੀ ਬੰਦਾ ਆਜ਼ਾਦੀ ਲਾਈ ਸ਼ਹੀਦ ਨਹੀਂ ਹੋਇਆ। ਨਹਿਰੂ ਪਰਿਵਾਰ ਨੇ ਦੇਸ਼ ਤੇ ਕਈ ਸਾਲ ਰਾਜ ਕੀਤਾ ਪਰ ਉਸ ਦੇ ਪਰਿਵਾਰ ਦਾ ਇਕ ਵੀ ਬੰਦਾ ਸ਼ਹੀਦ ਹੋਇਆ? ਨਹੀਂ। ਇਨ੍ਹਾਂ ਨੇ ਕੇਵਲ ਕੁਰਸੀਆਂ ਸਾਂਭ ਕੇ ਗ਼ਰੀਬ ਜਨਤਾ ਤੇ ਰਾਜ ਕੀਤਾ। ਇਹ ਗ਼ਰੀਬ ਮੁਲਕ ਦੇ ਅਮੀਰ ਰਾਜਨੇਤਾ ਹਨ। ਇਨ੍ਹਾਂ ਨੇ ਹਵਾਈ ਜਹਾਜਾਂ ਦੇ ਝੂਟੇ ਲੈ ਕੇ ਵਿਦੇਸ਼ਾਂ ਵਿਚ ਅਨੇਕਾਂ ਉਡਾਰੀਆਂ ਮਾਰੀਆਂ ਅਤੇ ਦੇਸ਼ ਦੇ ਖ਼ਰਚੇ ਤੇ ਵਿਦੇਸ਼ਾਂ ਵਿਚ ਆਪਣਾ ਨਾਮ ਚਮਕਾਇਆ।ਦੇਸ਼ ਨੂੰ ਹੁਣ ਤੱਕ ਕੇਵਲ ਦੋ ਪ੍ਰਧਾਨ ਮੰਤਰੀ ਹੀ ਮਿਲੇ ਹਨ ਜੋ ਗ਼ਰੀਬ ਘਰਾਣੇ ਵਿਚੋਂ ਸਨ ਅਤੇ ਗ਼ਰੀਬਾਂ ਦਾ ਦਰਦ ਸਮਝਦੇ ਸਨ। ਉਹ ਕਾਬਲ ਅਤੇ ਆਤਮ-ਵਿਸ਼ਵਾਸੀ ਸਨ। ਉਹ ਸਨ ਲਾਲ ਬਹਾਦੁਰ ਸ਼ਾਸਤਰੀ ਅਤੇ ਮਨਮੋਹਨ ਸਿੰਘ। ਮਨਮੋਹਨ ਸਿੰਘ ਇਕ ਬਹੁਤ ਸੁਲਝੇ ਹੋਏ ਅਰਥ ਸ਼ਾਸਤਰੀ ਹਨ। ਉਨ੍ਹਾਂ ਦੀਆਂ ਦੀ ਪੰਜਾਬੀ ਟ੍ਰਿਬਿਊਨ ਦੀ ਖ਼ਬਰ ਅਨੁਸਾਰਇਕ ਦਿਨ ਵਿਚ ਮਾਲਵੇ ਦੇ ੬ ਜਿਲਿਆਂ ਵਿਚ ਹੀ ਰੋਜ਼ ੬ ਕਿਸਾਨ ਖ਼ੁਦਕੁਸ਼ੀ ਕਰਦੇ ਹਨ। ਪੰਜਾਬ ਵਿਧਾਨ ਸਭਾ ਵਿਚ ੨੨ ਨਵੰਬਰ, ੨੦੧੭ ਨੂੰ ਪੰਜਾਬ ਖੇਤੀ ਯੂਨੀਵਰਸਟੀ ਮਾਹਿਰਾਂ ਨੇ ਇਹ ਖੁਲਾਸਾ ਕੀਤਾ ਕਿ ੨੦੦੦ ਤੋਂ ੨੦੧੫ ਤੱਕ ਪੰਜਾਬ ਵਿਚ ੧੪੬੬੭ ਕਿਸਾਨਾ ਨੇ ਖ਼ੁਦਕੁਸ਼ੀ ਕੀਤੀ। ਇਹ ਹੀ ਵਰਤਾਰਾ ਪੰਜਾਬ ਤੋਂ ਬਾਹਰ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਦੇਖਿਆ ਜਾ ਸਕਦਾ ਹੈ।ਪਰ ਇਹ ਨੇਤਾ ਦੇਸ਼ ਦਾ ਧਨਆਪਣੀ ਐਸ਼ ਲਈ ਖ਼ਰਚ ਰਹੇ ਹਨ। ਘਰ ਖ਼ੁਦ ਖਾਣ ਨੂੰ ਰੋਟੀ ਨਹੀਂ ਅਤੇ ਇਹ ਵਿਦੇਸ਼ਾਂ ਵਿਚ ਸਮਝੋਤੇ ਕਰ ਕੇ ਇੱਥੋਂ ਦਾ ਧਨ ਬਾਹਰ ਵੰਡ ਰਹੇ ਹਨ। 
ਹਾਕਮ ਪਾਰਟੀ ਦੇ ਬੰਦੇ ਸਰੇ ਆਮ ਗੁੰਢਾ ਗਰਦੀ ਕਰਦੇ ਹਨ। ਹਾਕਮ ਪਾਰਟੀ ਲੋਕਾਂ ਨੂੰ ਆਪਸ ਵਿਚ ਲੜਾ ਕੇ ਆਪਣਾ ਵੋਟ ਬੈਂਕ ਪੱਕਾ ਰੱਖਣਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਦੇ ਬੰਦਆਂ ਦਵਾਰਾ ਸਮਾਜ ਵਿਚ ਨਫ਼ਰਤ ਫੈਲਾਈ ਜਾਂਦੀ ਹੈ। ਜਾਤੀ,ਧਰਮ ਜਾਂ ਕਿਸੇ ਹੋਰ ਬਿਨਾ ਤੇ ਦੰਗੇ ਕਰਾਏ ਜਾਂਦੇ ਹਨ, ਜਿਸ ਵਿਚ ਕਈ ਬੇਗੁਨਾਹਾਂ ਦੀਆਂ ਜਾਨਾ ਚਲੀਆਂ ਜਾਂਦੀਆਂ ਹਨ। ਜਦ ਲੋਕਾਂ ਦਾ ਗੁੱਸਾ ਹਾਕਮ ਪਾਰਟੀ ਦੇ ਖ਼ਿਲਾਫ ਵਧਦਾ ਹੈ ਤਾਂ ਅੱਖਾਂ ਵਿਚ ਘੱਟਾ ਪਾਉਣ ਲਈ ਜਾਂਚ ਕਮੀਸ਼ਨ ਬਿਠਾਏ ਜਾਂਦੇ ਹਨ। ਕਮੀਸ਼ਨ ਨੂੰ ਪਹਿਲਾਂ ਹੀ ਗੰਢ ਲਿਆ ਜਾਂਦਾ ਹੈ ਕਿ ਤੁਸੀਂ ਕੇਸ ਨੂੰ ਲਟਕਾ ਕੇ ਰਫਾ ਦਫਾ ਕਰਨਾ ਹੈ ਅਤੇ ਹਾਕਮ ਪਾਰਟੀ ਦੇ ਹੱਕ ਵਿਚ ਫ਼ੈਸਲਾ ਦੇਣਾ ਹੈ। ਜੇ ਹਾਕਮ ਪਾਰਟੀ ਦਾ ਕੋਈ ਵੱਡਾ ਨੇਤਾ ਕਿਸੇ ਘੋਰ ਅਪਰਾਧ ਵਿਚ ਫਸ ਜਾਏ ਅਤੇ ਕੇਸ ਅਦਾਲਤ ਵਿਚ ਚਲਾ ਜਾਏ ਤਾਂ ਜੇ ਡਰ ਹੋਵੇ ਕਿ ਇਹ ਫੈਸਲਾ ਹਾਕਮ ਪਾਰੀ ਦੇ ਨੇਤਾ ਦੇ ਖ਼ਿਲਾਫ ਜਾਏਗਾ ਕਿਉਂਕਿ ਜੱਜ ਇਮਾਨਦਾਰ ਹੈ ਤਾਂ ਜੱਜ ਨੂੰ ਹੀ ਬਦਲ ਕੇ ਉਸ ਦੀ ਥਾਂ ਨਵਾਂ ਜੱਜ ਲਾ ਕੇ ਹੈ ਵੋਟਾਂ ਵਿਚ ਕਾਬਲੀਅਤ ਨਹੀਂ ਦੇਖੀ ਜਾਂਦੀ, ਕੇਵਲ ਸਿਰ (ਵੋਟ) ਗਿਣੇ ਜਾਂਦੇ ਹਨ। ਇਸ ਕਾਰਨ ਨਾਕਾਬਿਲ ਲੋਕ ਦੇਸ਼ ਦੀ ਵਾਗਡੋਰ ਸੰਭਾਲ ਲੈਂਦੇ ਹਨ ਅਤੇ ਗ਼ਲਤ ਫ਼ੈਸਲੇ ਕਰ ਕੇ ਦੇਸ਼ ਦਾ ਬੇੜਾ ਗਰਕ ਕਰਦੇ ਹਨ। ਇਹ ਨੇਤਾ ਦੇਸ਼ ਲਈ ਕੁਰਬਾਨੀ ਨਹੀਂ ਕਰਦੇ। ਇਹ ਕਦੀ ਆਪਣੇ ਬੱਚਿਆਂ ਨੂੰ ਫ਼ੋਜ ਵਿਚ ਭਰਤੀ ਨਹੀਂ ਕਰਵਾਉਂਦੇ ਕਿਉਂਕਿ ਉੱਥੇ ਜਾਨ ਦੇ ਜਾਣ ਦਾ ਖ਼ਤਰਾ ਜਿਉਂ ਹੁੰਦਾ ਹੈ।ਇਨ੍ਹਾਂ ਵਿਚੋਂ ਜ਼ਿਆਦਾਤੋਰ ਧਿਰਤਰਾਸ਼ਟਰ ਦੀ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਰਾਜਗੱਦੀ ਸੰਭਾਲਦੇ ਹਨ। ਇਸੇ ਲਈ ਕਹਿੰਦੇ ਹਨ ਕਿ ਜਿਸ ਆਜ਼ਾਦੀ ਲਈ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਉਹ ਹਾਲੀ ਦੇਸ਼ ਨੂੰ ਨਹੀਂ ਮਿਲੀ। ਕੇਵਲ ਰਾਜ ਕਰਨ ਵਾਲਿਆਂ ਦਾ ਰੰਗ ਹੀ ਬਦਲਿਆ ਹੈ। ਗੋਰੇ ਅੰਗ੍ਰੇਜ਼ਾਂ ਦੀ ਥਾਂ ਹੁਣ ਮੁਲਕ ਤੇ ਕਾਲੇ ਅੰਗ੍ਰੇਜ਼ ਰਾਜ ਕਰ ਰਹੇ ਹਨ।
ਦੇਸ਼ ਦੀਆਂ ਸੁੱਖ ਸਹੂਲਤਾਂ ਵੀ ਧਨਾਢ ਲੋਕਾਂ ਨੂੰ ਹੀ ਦਿੱਤੀਆਂ ਜਾਂਦੀਆਂ ਹਨ ਅਤੇ ਗ਼ਰੀਬ ਲੋਕਾਂ ਕੋਲੋਂ ਕੁਰਬਾਨੀਆਂ ਮੰਗੀਆਂ ਜਾਂਦੀਆਂ ਹਨ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ-ਹਮੇ ਦੇਸ਼ ਕੋ ਆਗੇ ਬੜਾਣਾ ਹੈ। ਹਮੇ ਬਹੁਤ ਕੁਰਬਾਨੀਆਂ ਕਰਨੀਆਂ ਹਨ। ਲ਼ਾਲ ਬਹਾਦੁਰ ਸ਼ਾਸਤਰੀ ਨੇ ਜਨਤਾ ਨੂੰ ਹਫਤੇ ਵਿਚ ਇਕ ਡੰਗ ਦਾ ਵਰਤ ਰੱਖਣ ਲਈ ਕਿਹਾ ਕਿਉਂਕਿ ਉਦੋਂ ਦੇਸ਼ ਵਿਚ ਅਨਾਜ ਦੀ ਬਹੁਤ ਕਮੀ ਸੀ। ਦੇਸ਼ ਨੂੰ ਆਜ਼ਾਦ ਹੋਇਆਂ ਪਰ ਦੇਸ਼ ਦੀ ਗ਼ਰੀਬੀ ਨਹੀਂ ਹਟ ਸਕੀ। ਇਹ ਸਭ ਨਾਹਰੇ ਕੇਵਲ ਗ਼ਰੀਬਾਂ ਲਈ ਹੀ ਸਨ। ਸਰਕਾਰੀ ਮੁਲਾਜ਼ਮ ਆਪਣੀ ਸਾਰੀ ਜੁਆਨੀ ਸਰਕਾਰ ਦੇ ਲੇਖੇ ਲਾ ਕੇ ੩੫ ਸਾਲ ਦੀ ਨੌਕਰੀ ਬਾਅਦ ਜਦ ਸੇਵਾਮੁਕਤ ਹੁੰਦਾ ਹੈਤਾਂ ਪੈਂਨਸ਼ਨ ਦਾ ਹੱਕਦਾਰ ਬਣਦਾ ਹੈ। ਉਸ ਦੀ ਇਹ ਪੈਂਨਸ਼ਨ ਵੀ ਅੱਗੇ ਤੋਂ ਖਤਮ ਕੀਤੀ ਜਾ ਰਹੀ ਹੈ। ਦੂਜੇ ਪਾਸੇ ਐਮ ਪੀ ਜਾਂ ਐਮ ਐਲ ਏ ਕੇਵਲ ੫ ਸਾਲ ਬਾਅਦ ਹੀ ਸਾਰੀ ਉਮਰ ਲਈ ਪੈਂਨਸ਼ਨ ਲੈਣ ਦਾ ਹੱਕਦਾਰ ਬਣ ਜਾਂਦਾ ਹੈ। ਛੋਟੀ ਤੋਂ ਛੋਟੀ ਸਰਕਾਰੀ ਨੌਕਰੀ ਲਈ ਵਿਦਿਅਕ ਅਤੇ ਸਰੀਰਕ ਯੋਗਤਾ ਨਿਸਚਿਤ ਹੈ ਪਰ ਇਨ੍ਹਾਂ ਲਈ ਐਸੀ ਕੋਈ ਯੋਗਤਾ ਦੀ ਲੋੜ ਨਹੀਂ। ਸਰਕਾਰੀ ਮੁਲਾਜਮ ਲਈ ਸੇਵਾ ਮੁਕਤੀ ਲਈ ਉਮਰ ਦੀ ਇਕ ਖਾਸ ਹੱਦ ਹੈ ਪਰਉਸ ਦੀ ਇਨ੍ਹਾਂ ਲਈ ਕੋਈ ਹੱਦ ਨਹੀਂ। ਇਹ ਭਾਵੇਂ ਮਰਨ ਤੱਕ ਕੁਰਸੀ ਨਾ ਛੱਡਣ। ਮੁਲਾਜ਼ਮ ਤਨਖ਼ਾਹ ਦੇ ਵਾਧੇ ਲਈ ਪੇਕਮੀਸ਼ਨ ਤੇ ਨਿਰਭਰ ਕਰਦੇ ਹਨ। ਉਨ੍ਹਾਂ ਨੂੰ ਮਹਿੰਗਾਈ ਭੱਤੇ ਦੀ ਇਕ ਇਕ ਕਿਸ਼ਤ ਲਈ ਲਗਾਤਾਰ ਐਜੀਟੇਸ਼ਨਾ ਕਰਨੀਆਂ ਪੈਂਦੀਆਂ ਹਨ। ਭਾਰਤ ਵਿਚ ਇਹ ਹੀ ਇਕ ਇਕੱਲਾ ਅਧਾਰਾ ਹੈ ਜਿਸ ਨੂੰ ਆਪਣੀ ਤਨਖ਼ਾਹ ਆਪ ਹੀ ਵਧਾਉਣ ਦੀ ਸ਼ਕਤੀ ਹੈ। ਫਿਰ ਅੱਨ੍ਹਾਂ ਵੰਡੇ ਰਿਉੜੀਆਂ ਮੁੜ ਮੁੜ---(ਆਪਣੇ ਆਪ ਨੂੰ)। ਇਹ ਹੈ ਸਾਡੇ ਦੇਸ਼ ਵਿਚ ਬਰਾਬਰੀ ਦਾ ਸਿਧਾਂਤ।
ਦੇਸ਼ ਵਿਚ ਹਾਲੀ ਵੀ ਵਹਿਮ ਭਰਮ ਅਤੇ ਗੁਰਬਤ ਛਾਈ ਹੋਈ ਹੈ। ਇਕੀਵੀਂ ਸਦੀ ਵਿਚ ਜਦ ਇੰਟਰਨੈਟ ਨੇ ਦੁਨੀਆਂ ਭਰ ਵਿਚ ਟੈਕਨੋਲੋਜੀ ਦੀ ਤਰਥੱਲੀ ਲਿਆ ਦਿੱਤੀ ਅਤੇ ਕੁਦਰਤ ਦੇ ਗੁੱਝੇ ਭੇਦ ਖ੍ਹੋਲੇ ਹਨ।ਜਦ ਦੁਨੀਆਂ ਦੇ ਦੂਜੇ ਦੇਸ਼ ਮੰਗਲ ਗ੍ਰਹਿ ਤੇ ਉਤਰਨ ਦੀ ਤਿਆਰੀ ਕਰ ਰਹੇ ਹਨ ਪਰ ਸਾਡੇ ਲੋਕ ਹਾਲੀ ਵੀ ਪੱਥਰਾਂ ਨੂੰ  ਦੁੱਧ ਪਿਆਈ ਜਾ ਰਹੇ ਹਨ। ਗ਼ਰੀਬ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ  ਕੇ ਮਰ ਰਹੇ ਹਨ ਅਤੇ ਇਹ ਹਾਲੀ ਵੀ ਵਟਸ-ਐਪ ਤੇ ਆਪਣੇ ਸਨੇਹੀਆਂ ਨੂੰ ਹੋਰ ਦਸ ਦਸ ਲੋਕਾਂ ਨੂੰ ਸੁਨੇਹੇ ਭੇਜਣ ਲਈ ਕਿਸਮਤ ਦੇ ਦਰਵਾਜ਼ੇ ਖੁਲ੍ਹਣ ਦਾ ਲਾਲਚ ਦੇ ਰਹੇ ਹਨ ਅਤੇ ਸੁਨੇਹਾ ਨਾ ਭੇਜਣ ਦੀ ਸੂਰਤ ਵਿਚ ਕਿਸੇ ਅਣਹੋਣੀ ਦਾ ਡਰ ਦਿੱਤਾ ਜਾ ਰਿਹਾ ਹੈ। ਇਹ ਸਭ ਗੈਰ ਵਿਗਿਆਨਕ ਗੱਲਾਂ ਹਨ।ਇਹ ਅੰਧ ਵਿਸ਼ਵਾਸ ਅਤੇ ਵਹਿਮ ਭਰਮ ਦੇਸ਼ ਨੂੰ ਪਿੱਛੇ ਧੱਕਦੇ ਹਨ। ਸਾਡੀ ਸਰਕਾਰ ਇਨ੍ਹਾਂ ਨੂੰ ਬੜਾਵਾ ਦੇ ਰਹੀ ਹੈ। ਅਜਿਹਾ ਦੇਸ਼ ਕਿਵੇਂ ਉਨਤੀ ਕਰੇਗਾ? ਇਸ ਤਰ੍ਹਾਂ ਦੇਸ਼ ਇਕ ਦਿਨ ਰਸਾਤਲ ਵਿਚ ਜਾ ਪਹੁੰਚੇਗਾ। ਵਿਗਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਵਹਿਮ ਭਰਮ ਕੇਵਲ ਧੋਖਾ ਅਤੇ ਪਖੰਡ ਹੈ। ਇੱਧਰ ਉੱਧਰ ਭਟਕਣ  ਨਾਲ ਕਦੀ ਪਾਪ ਨਹੀਂ ਧੁਲਦੇ। ਪਾਪ ਕੇਵਲ ਸੇਵਾ ਅਤੇ ਚੰਗੇ ਕੰਮ ਕਰਨ ਨਾਲ ਧੁਲਦੇ ਹਨ। ਵਿਗਿਆਨ ਕੇਵਲ ਕਰਮ ਥਿਉਰੀ ਨੂੰ ਹੀ ਮੰਨਦਾ ਹੈ। ਅਸੀ ਕਦੋਂ ਇਨ੍ਹਾਂ ਵਹਿਮਾ ਭਰਮਾ ਨੂੰ ਛੱਡਾਂਗੇ ਅਤੇ ਦੁਨੀਆਂ ਦੇ ਕਦਮ ਨਾਲ ਕਦਮ ਮਿਲਾ ਕੇ ਵਿਕਾਸ ਵਿਚ ਹਿੱਸਾ ਪਾਵਾਂਗੇ?
 ਕਹਿੰਦੇ ਹਨ –"ਪਾਵੋ ਜੱਗ ਭਾਉਂਦਾ ਅਤੇ ਖਾਓ ਮਨ ਭਾਉਂਦਾ।" ਪਰ ਕਿਸੇ ਵਿਅਕਤੀ ਦੀ ਥਾਲੀ ਵਿਚ ਕੀ ਪਰੋਸਿਆ ਜਾਏ ਇਹ ਸਰਕਾਰ ਜਾਂ ਉਸ ਦੇ ਕਰਿੰਦੇ ਫੈਸਲਾ ਕਰ ਰਹੇ ਹਨ। ਗਊ ਹੱਤਿਆਂ ਦੇ ਨਾਮ ਤੇ ਬੰਦਿਆਂ ਦੀ ਹੱਤਿਆ ਕੀਤੀ ਜਾ ਰਹੀ ਹੈ । ਇਕ ਪਾਸੇ ਭਾਰਤ ਗਊ ਦਾ ਮਾਸ ਬਾਹਰ ਭੇਜਣ ਲਈ ਦੁਨੀਆਂ ਭਰ ਵਿਚ ਪਹਿਲੇ ਨੰਬਰ ਤੇ ਆ ਰਿਹਾ ਹੈ ਦੂਜੇ ਪਾਸੇ ਗਊਆਂ ਲਈ ਝਗੜੇ ਖੜੇ ਕੀਤੇ ਜਾ ਰਹੇ ਹਨ। ਲੋਕ ਸਾਰੀ ਉਮਰ ਗਊਆਂ ਦਾ ਦੁੱਧ ਵੇਚ ਕੇ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਦੇ ਹਨ। ਜਦ ਕੋਈ ਗਊ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾਂ ਉਸ ਨੂੰ ਖੁੱਲੇ ਵਿਚ ਆਵਾਰਾ ਛੱਡ ਦਿੰਦੇ ਹਨ। ਇਹ ਆਵਾਰਾ ਗਊਆਂ ਅਤੇ ਹੋਰ ਪਸ਼ੂ ਕਈ ਦੁਰਘਨਾਵਾਂ ਦਾ ਕਾਰਨ ਬਣਦੇ ਹਨ ਜਿਸ ਨਾਲ ਹਰ ਸਾਲ ਸੈਂਕੜੇ ਕੀਮਤੀ ਜਾਨਾ ਅਜਾਈਂ ਚਲੀਆਂ ਜਾਂਦੀਆਂ ਹਨ। ਇੱਥੇ ਹੀ ਬਸ ਨਹੀਂ ਜੋ ਸਮਾਰਕ ਅਤੇ ਸੰਸਥਾਵਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਮ ਤੇ ਹਨ ਉਨਾਂ ਦੇ ਨਾਮ ਵੀ ਬਦਲੇ ਜਾ ਰਹੇ ਹਨ ਤਾਂ ਕਿ ਪੂਰਾਣੇ ਪੈਰੋਕਰਾਂ ਅਤੇ ਸ਼ਹੀਦਾ ਦੀ ਪਹਿਚਾਣ ਹੀ ਖਤਮ ਕੀਤੀ ਜਾਏ। ਇਹ ਹਨ ਅਗਾਂਹ ਵਧੂ ਮੁਲਕ ਦੇ ਪਿਛਾਂਹ ਖਿੱਚੂ ਲੋਕ।
 ਠੰਡ ਵਿਚ ਗ਼ਰੀਬ ਲੋਕ ਪੁੱਲਾਂ ਹੇਠਾਂ ਸੋਣ ਲਈ ਮਜ਼ਬੂਰ ਹਨ। ਸਰਕਾਰ ਨੂੰ ਉਨ੍ਹਾਂ ਦੀ ਯਾਦ ਤਾਂ ਕੇਵਲ ਵੋਟਾਂ ਸਮੇਂ ਹੀ ਆਉਂਦੀ ਹੈ। ਮਾਸੂਮ ਬੱਚੇ ਹਾਲੀ ਵੀ ਸਵੇਰੇ ਸਵੇਰੇ ਕੂੜੇ ਦੇ ਢੇਰ ਫਰੋਲਕੇ ਆਪਣੀ ਰੋਟੀ ਦਾ ਜੁਗਾੜ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਚਿਹਰੇ ਤੋਂ ਨੂਰ ਗਾਇਬ ਹੈ। ਉਨ੍ਹਾਂ ਦੀਆਂ ਅੱਖਾਂ ਵਿਚ ਭੱਵਿਖ ਦੀ ਕੋਈ ਆਸ ਜਾਂ ਚਮਕ ਨਹੀਂ ਹੁੰਦੀ। ਉਹ ਬਚਪਨ ਜਾਂ ਜੁਆਨੀ ਨਹੀਂ ਮਾਣਦੇ ਉਹ ਸਮੇਂ ਤੋਂ ਪਹਿਲਾਂ ਹੀ ਕੁਪੋਸ਼ਨ ਕਾਰਨ ਇਸ ਸੰਸਾਰ ਤੋਂ ਤੁਰ ਜਾਂਦੇ ਹਨ ਜਾਂ ਫਿਰ ਸਿੱਧਾ ਹੀ ਬੁੱਢਾਪੇ ਵਿਚ ਪੈਰ ਰੱਖਦੇ ਹਨ।। ਕੀ ਉਨ੍ਹਾਂ ਨੂੰ ਆਜ਼ਾਦੀ ਦਾ ਕੋਈ ਹੱਕ ਨਹੀਂ? ਉਨ੍ਹਾਂ ਨੂੰ ਚੰਗੀ ਖੁਰਾਕ ਅਤੇ ਵਿਦਿਆ ਦੇਣਾ ਕਿਸ ਦਾ ਫਰਜ਼ ਹੈ? ਸਰਕਾਰ ਕੋਲ ਹੈ ਕੋਈ ਇਸ ਦਾ ਜੁਆਬ? 
 ਪ੍ਰੈਸ ਜਨਤਾ ਦੀ ਆਵਾਜ਼ ਹੁੰਦੀ ਹੈ। ਉਹ ਸਰਕਾਰ ਦੀਆਂ ਗ਼ਲਤ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰਦੀ ਹੈ। ਪਰ ਮੀਡੀਆ ਨੂੰ ਇਸ਼ਤਿਹਾਰਾਂ ਦਾ ਲੋਲੀਪੋਪ ਦੇ ਕੇ ਵਰਚਾਇਆ ਜਾ ਰਿਹਾ ਹੈ। ਸਰਕਾਰ ਦੇ ਹੱਕ ਵਿਚ ਲਿਖਨ ਵਾਲੇ ਪਤਰਕਾਰਾਂ ਨੂੰ ਇਨਾਮਾ ਅਤੇ ਢੇਰ ਸਾਰੇ ਸਨਮਾਨਾ ਨਾਲ ਨਿਵਾਜਿਆ ਜਾ ਰਿਹਾ ਹੈ। ਜੇ ਕੋਈ ਸਰਕਾਰ ਖਿਲਾਫ ਆਵਾਜ਼ ਉਠਾਏ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਪਿਛਲੇ ਕੁਝ ਸਮੇਂਵਿਚ ਹੀ ਕਈ ਪਤਰਕਾਰਾਂ ਜਿਵੇਂ ਡਾ. ਦਾਭੌਲਕਰ, ਪ੍ਰੋ.ਕਲਬੁਰਜੀ, ਗੌਰੀ ਲੰਕੇਸ਼ ਅਤੇ ਛੱਤਰਪਤੀ ਰਾਮਚੰਦਰ ਅਦਿ ਦੀਆਂ ਇਸੇ ਕਾਰਨ ਹਤਿਆਵਾਂ ਹੋ ਚੁੱਕੀਆਂ ਹਨ ਕਿਉਂਕਿ ਉਹ ਨਿਰਪੱਖ ਅਤੇ ਨਿਡੱਰ ਪਤਰਕਾਰ ਸਨ ਅਤੇ ਆਪਣਾ ਪਤਰਕਾਰ ਹੋਣ ਦਾ ਫਰਜ਼ ਇਮਾਨਦਾਰੀ ਨਾਲ ਨਿਭਾ ਰਹੇ ਸਨ।
 ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਉਹ ਦਿਨ ਕਦ ਆਉਣਗੇ ਜਦ ਭਾਰਤ ਦਾ ਹਰ ਨਾਗਰਿਕ ਆਜ਼ਾਦੀ ਦਾ ਨਿੱਘ ਮਾਣੇਗਾ? ਹਰ ਨਾਗਰਿਕ ਦੇ ਸਿਰ ਤੇ ਆਪਣੀ ਛੱਤ ਹੋਵੇਗੀ। ਗ਼ਰੀਬਾਂ ਦੀ ਵਿਦਿਆ, ਕਪੱੜੇ ਅਤੇ ਦਵਾ ਦਾਰੂ ਦਾ ਪੂਰਾ ਸਰਕਾਰੀ ਤੋਰ ਤੇ ਬੰਦੋਬਸਤ ਹੋਵੇਗਾ। ਹਰ ਨਾਗਰਿਕ ਰੱਝਵੀਂ ਰੋਟੀ ਖਾਏਗਾ ਅਤੇ ਖ਼ੁਸ਼ਹਾਲ ਜ਼ਿੰਦਗੀ ਜੀਵੇਗਾ ਅਤੇ ਆਪਣੇ ਆਪ ਨੂੰ ਭਾਰਤੀ ਹੋਣ ਤੇ ਮਾਣ ਕਰ ਸਕੇਗਾ।