'ਜ਼ਿੰਦਗੀ ਖ਼ੂਬਸੂਰਤ ਹੈ' ਮਿਸ਼ਨ ਦਾ ਸੰਸਥਾਪਕ ਪ੍ਰੋਫ਼ੈਸਰ ਮਨਜੀਤ ਤਿਆਗੀ
(ਲੇਖ )
ਹਾਸ਼ਿਮ ਫ਼ਤਿਹ ਨਸੀਬ ਉਨ੍ਹਾਂ ਨੂੰ, ਜਿੰਨ੍ਹਾਂ ਹਿੰਮਤ ਯਾਰ ਬਣਾਈ।
ਕੁੱਝ ਇਹੋ ਕਹਾਣੀ ਬਿਆਨ ਕਰਦੀ ਹੈ ਪ੍ਰੋ: ਮਨਜੀਤ ਤਿਆਗੀ ਦੀ ਜ਼ਿੰਦਗੀ ਦੀ ਦਾਸਤਾਨ, ਤਿੰਨ ਸਾਲ ਦੀ ਉਮਰ 'ਚ ਅਜੇ ਉਸਨੇ ਤੁਰਨਾ ਸ਼ੁਰੂ ਹੀ ਕੀਤਾ ਸੀ ਕਿ ਇਕ ਸਮਾਗਮ ਦੌਰਾਨ ਤੱਤੀ ਤਵੀ 'ਤੇ ਗਿਰ ਗਿਆ। ਨਰਮ ਮਾਸ ਜਲ ਗਿਆ ਤੇ ਤੱਤੀ ਤਵੀ ਉਮਰ ਭਰ ਲਈ ਉਸ ਦੀ ਲੱਤ 'ਤੇ ਮੋਹਰ ਲਾ ਗਈ ਇਸ ਮਗਰੋਂ ਅਜੇ ਜ਼ਿੰਦਗੀ ਦੀ ਪ੍ਰਵਾਜ਼ ਭਰਨ ਲਈ ਖੰਭ ਹੀ ਫ਼ੈਲਾਏ ਸਨ ਕਿ ਨਾ–ਮੁਰਾਦ ਜਿਹੀ ਪੋਲੀਓ ਦੀ ਬਿਮਾਰੀ ਨੇ ਉਸਦੇ ਖੰਭ ਕੱਟ ਸੁੱਟੇ। ਪਰ ਹਿੰਮਤ ਤੇ ਅਕਾਸ਼ ਛੂਹਦੀਆਂ ਸੋਚਾਂ ਦੀਆਂ ਤੰਦਾਂ ਨੇ ਹੌਂਸਲਿਆਂ ਨੂੰ ਪਹਿਲਾਂ ਨਾਲੋਂ ਵੀ ਪੁਖਤਾ ਕਰ ਦਿੱਤਾ। ਸ੍ਰੀ ਮਿਹਰ ਚੰਦ ਤੇ ਜਸਪਾਲ ਕੌਰ ਦੇ ਲਾਡਲੇ ਮਨਜੀਤ ਤਿਆਗੀ ਦੀ ਜੱਦੋ-ਜਹਿਦ ਉਸੇ ਸਮੇਂ ਸ਼ੁਰੂ ਹੋ ਗਈ ਸੀ ਜਦੋਂ ਉਸਨੇ ਹਾਈ ਸਕੂਲ ਦੀ ਪੜਾਈ ਪੂਰੀ ਕਰਨ ਲਈ ਇੱਕ ਲੱਤ ਦੇ ਸਹਾਰੇ ਸਕੂਲ ਜਾਣਾ ਸ਼ੁਰੂ ਕੀਤਾ। ਰਾਤ ਨੂੰ ਸਕੂਲ ਜਾਣ ਦਾ ਫ਼ਿਕਰ, ਸਕੂਲ ਤੋਂ ਘਰ ਜਾਣ ਦਾ ਫ਼ਿਕਰ ਤੇ ਫਿਰ ਰਸਤੇ 'ਚ ਥੱਕ ਜਾਣ ਕਾਰਨ ਤਿੰਨ ਜਗ੍ਹਾ ਬੈਠ ਕੇ ਦਮ ਲੈਣਾ। ਅੱਜ ਵੀ ਉਸਦੇ ਚੇਤੇ ਉਕਰਿਆ ਹੋਇਆ ਹੈ। ਗੌਰਮਿੰਟ ਕਾਲਜ ਮਾਲੇਰਕੋਟਲਾ ਤੋਂ ਇੰਗਲਿਸ਼ ਲਿਟਰੇਚਰ ਨਾਲ ਬੀ.ਏ. ਕਰਨ ਉਪਰੰਤ, ਉਸਨੇ ਸਟੇਟ ਕਾਲਜ ਪਟਿਆਲਾ ਤੋਂ ਬੀ.ਐਡ. ਕੀਤੀ ਤੇ ਫਿਰ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਐੱਮ.ਏ. ਇੰਗਲਿਸ਼ ਅਤੇ ਐਮ. ਫ਼ਿਲ. ਦੀਆਂ ਮਿਆਰੀ ਡਿਗਰੀਆਂ ਪ੍ਰਾਪਤ ਕੀਤੀਆਂ। ਕਾਲਜ ਦੀ ਪੜ੍ਹਾਈ ਦੌਰਾਨ ਉਸਨੇ ਕਈ 'ਵਨ ਐਕਟ ਪਲੇ' ਪ੍ਰੋਗਰਾਮਾਂ 'ਚ ਵੀ ਹਿੱਸਾ ਲਿਆ। ਪੜ੍ਹਾਈ ਦੇ ਬੇਹੱਦ ਸੌਕੀਨ ਮਨਜੀਤ ਤਿਆਗੀ ਨੂੰ ਸਰੀਰਕ, ਆਰਥਿਕ ਤੇ ਸਮਾਜਿਕ ਸਮੱਸਿਆਵਾਂ ਵੀ ਵਿਰਸੇ 'ਚ ਹੀ ਮਿਲ ਗਈਆਂ ਸਨ। ਘਰ ਦੇ ਆਸੇ-ਪਾਸੇ ਰੌਲੇ ਰੱਪੇ ਵਾਲੇ ਮਾਹੌਲ ਤੋਂ ਦੁੱਖੀ ਹੋ ਕੇ ਉਸਨੇ ਕਬਰਸਤਾਨ ਦੇ ਖਾਮੌਸ਼ ਮਾਹੌਲ ਨਾਲ ਸਾਂਝ ਪਾ ਲਈ ਤੇ ਇਸੇ ਮਾਹੌਲ 'ਚ ਉਸਦੀ ਰੋਜ਼ਾਨਾ ੪-੫ ਘੰਟੇ ਹੋ ਰਹੀ ਪੜ੍ਹਾਈ ਨੇ ਮਨਜੀਤ ਤਿਆਗੀ ਦੇ ਦਿਲ ਨੂੰ ਸਕੂਨ ਬਖ਼ਸ਼ਿਆ। ਆਪਣੇ ਮੰਨੋਰੰਜ਼ਨ ਲਈ ਤਿਆਗੀ ਹਰ ਰੋਜ ਕੁੱਝ ਸਮਾਂ ਨਵੇਂ ਦਫ਼ਨ ਹੋਏ ਮੁਰਦਿਆਂ ਨੂੰ ਅੰਗਰੇਜ਼ੀ 'ਚ ਲੈਕਚਰ ਦਿੰਦਾ!! ਨਤੀਜ਼ੇ ਵੱਜੋਂ ਅੱਜ ਉਸ ਨੂੰ ਵੱਡੇ ਕਾਲਜਾਂ ਵਿੱਚ ਲੈਕਚਰ ਦੇਣ 'ਚ ਕੋਈ ਡਿਕਤ ਨਹੀਂ ਆਉਂਦੀ।
ਕਾਲਜ ਦੀ ਪੜ੍ਹਾਈ ਦੌਰਾਨ ਆਰਥਿਕ ਤੰਗੀ ਖ਼ਤਮ ਕਰਨ ਲਈ ਉਸਨੇ ਦਰਜੀ ਦਾ ਕੰਮ ਸਿੱਖ ਲਿਆ ਤੇ ਹਰ ਸਾਲ ਈਦ ਮੌਕੇ ਦਰਜੀ ਤੋਂ ਠੇਕੇ 'ਤੇ ਕੱਪੜੇ ਲਿਆ ਕੇ ਪੈਂਟਾਂ-ਸਰਟਾਂ ਦੀ ਸਿਲਾਈ ਦਾ ਕੰਮ ਕਰਨ ਲੱਗਾ।ਪੜ੍ਹਾਈ ਪੂਰੀ ਕਰਨ ਉਪਰੰਤ ਮਨਜੀਤ ਤਿਆਗੀ ਨੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਬਨਭੌਰਾ ਵਿਖੇ ੨ ਸਾਲ ਬਤੌਰ ਪ੍ਰਾਈਵੇਟ ਲੈਕਚਰਾਰ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਪਿੱਛੋਂ ਉਸਨੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰ ਦੇ ੬੫ ਸੈਕਟਰ 'ਚ ਆਪਣੀ ਅਕੈਡਮੀ ਖੋਲ੍ਹ ਲਈ ਤੇ ਇੱਕ ਸਾਲ ਅੰਦਰ ਹੀ ਕਾਫ਼ੀ ਤਜੁਰਬੇ ਹਾਸਲ ਕੀਤੇ। ਫਿਰ ਆਪਣੇ ਜੱਦੀ ਸ਼ਹਿਰ ਮਾਲੇਰਕੋਟਲਾ ਆ ਕੇ ਇੱਕ ਸਿੱਖਿਆ ਸੰਸਥਾ ਖੋਲ੍ਹੀ ਜੋ ਕਿ ਅੱਜਕਲ 'ਤਿਆਗੀ ਇੰਗਲਿਸ਼ ਕਾਲਜ' ਦੇ ਨਾਂ ਨਾਲ ਮਸ਼ਹੂਰ ਹੈ। ਇਸ ਸੰਸਥਾ ਅੰਦਰ ਸਪੋਕਨ ਇੰਗਲਿਸ਼ ਤੇ ਆਈਲੈੱਟਸ ਦੀ ਕੋਚਿੰਗ ਦਿੱਤੀ ਜਾਂਦੀ ਹੈ।ਪੋਫ਼ੈਸਰ ਤਿਆਗੀ ਨੇ ਆਪਣੇ ਪੇਸ਼ੇ ਨੂੰ ਪੈਸਾ ਕਮਾਉਣ ਦਾ ਸਾਧਨ ਨਹੀਂ ਬਣਾਇਆ ਸਗੋਂ ਸੇਵਾ ਭਾਵਨਾ ਨਾਲ ਪੜ੍ਹਾ ਕੇ ਸੈਕੜੇ ਉੱਚ ਅਫ਼ਸਰ ਪੈਦਾ ਕੀਤੇ ਉਨਾਂ ਦੇ ਪੜ੍ਹਾਏ ਵਿਦਿਆਰਥੀ ਅੱਜ ਜੱਜ, ਵਕੀਲ, ਪ੍ਰੋਫ਼ੈਸਰ, ਐਸ.ਡੀ.ਓ., ਪੰਚਾਇਤ ਅਫ਼ਸਰ, ਏ.ਡੀ.ਏ, ਬੈਂਕ ਮੈਨੇਜਰ, ਲੈਫਟੀਨੈਂਟ ਆਦਿ ਵਕਾਰੀ ਅਹੁੱਦਿਆ 'ਤੇ ਆਪਣੀਆਂ ਸੇਵਾਵਾਂ ਨੂੰ ਬਾਖ਼ੂਬੀ ਅੰਜ਼ਾਮ ਦੇ ਰਹੇ ਹਨ।ਇਸ ਤੋਂ ਇਲਾਵਾ ਉਨ੍ਹਾਂ ਦੇ ਪੜਾਏ ਸਂੈਕੜੇ ਵਿਦਿਆਰਥੀ ਵਿਦੇਸ਼ਾਂ ਵਿੱਚ ਪ੍ਰਸਿੱਧੀ ਤੇ ਪੈਸਾ ਕਮਾ ਰਹੇ ਹਨ। ਉਹ ਡੇਢ ਦਰਜਨ ਦੇ ਕਰੀਬ ਐਨ.ਜੀ.ਓਜ਼ ਤੇ ਸਮਾਜ ਭਲਾਈ ਕਲੱਬਾਂ ਦੇ ਸਰਗਰਮ ਅਹੁੱਦੇਦਾਰ ਵੱਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਉਹ ਲਗਨ ਤੇ ਦ੍ਰਿੜ ਇਰਾਦੇ ਵਾਲੇ ਗ਼ਰੀਬ ਵਿਦਿਆਰਥੀਆਂ ਨੂੰ ਆਪਣੇ ਕਾਲਜ ਅੰਦਰ ਮੁਫ਼ਤ ਪੜ੍ਹਾਉਂਦੇ ਹਨ। ਅਧਿਆਪਨ ਤੇ ਸਮਾਜਿਕ ਖ਼ੇਤਰ 'ਚ ਮਨਜੀਤ ਤਿਆਗੀ ਦੀ ਅਹਿਮ ਤੇ ਸਰਗਰਮ ਭੂਮਿਕਾ ਨੂੰ ਦੇਖਦਿਆਂ ੨੮ ਦਸੰਬਰ, ੨੦੧੦ ਨੂੰ ਸ਼੍ਰੀ ਸਵਰਨਾ ਰਾਮ ਕੈਬਨਿਟ ਮੰਤਰੀ ਨੇ ਪ੍ਰੀਆਂਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ ਤੇ ਟੀ.ਆਰ. ਸਾਰੰਗਲ (ਆਈ.ਏ.ਐਸ.) ਦੀ ਹਾਜ਼ਰੀ 'ਚ ਪ੍ਰੋ. ਮਨਜੀਤ ਤਿਆਗੀ ਜਲੰਧਰ ਵਿਖੇ 'ਸਟੇਟ ਐਵਾਰਡ' ਨਾਲ ਨਵਾਜ਼ਿਆ।
ਜ਼ਿੰਦਗੀ 'ਚ ਇੱਕ ਹਾਦਸੇ 'ਚ ਟਕਰਾਉਣ ਮਗਰੋਂ ਉਸਦੀ ਜ਼ਿੰਦਗੀ 'ਚ ਸਿਮਰਨ ਨਾਂ ਦੀ ਇੱਕ ਹੋਣਹਾਰ ਮੁਟਿਆਰ ਆ ਗਈ। ਜਿਸ ਨਾਲ ਉਸ ਨੇ ਲਵ-ਮੈਰਿਜ ਕਰਵਾ ਲਈ। ੬੦% ਅਪਾਹਿਜ ਹੋਣ ਦੇ ਬਾਵਜੂਦ ਉਹ ਆਪਣੀ ਮਾਤਾ ਜੀ, ਭਰਾ ਹਰਿੰਦਰਜੀਤ ਸਿੰਘ, ਸੁਪਤਨੀ ਸਿਮਰਨ ਅਤੇ ਬੇਟੇ ਸੂਰੀਆ ਪ੍ਰਤਾਪ ਨਾਲ ਜ਼ਿੰਦਾਦਿਲੀ ਤੇ ਉਤਸ਼ਾਹ ਨਾਲ ਜ਼ਿੰਦਗੀ ਜਿਉ ਰਿਹਾ ਹੈ।
ਸਮਾਜ ਦੀ ਬੇਹਤਰੀ ਲਈ ਮਨਜੀਤ ਤਿਆਗੀ ਦਾ ਹਰ ਦਿਨ ਸੰਘਰਸ਼ ਅਤੇ ਹੌਂਸਲੇ ਦੀ ਪੁਖਤਾ ਮਿਸਾਲ ਹੈ। ਪ੍ਰੋ: ਤਿਆਗੀ ਨੇ ਬੁਝ ਰਹੇ ਦਿਲਾਂ 'ਚ ਜਾਨ ਫੂਕਣ ਲਈ 'ਜ਼ਿੰਦਗੀ ਖ਼ੂਬਸੂਰਤ ਹੈ' ਨਾਂ ਦਾ ਮਿਸ਼ਨ ਬਿਨਾ ਕਿਸੇ ਸਪੋਂਸਰ ਦੀ ਮੱਦਦ ਤੋਂ ਸ਼ੁਰੂ ਕੀਤਾ ਹੋਇਆ ਹੈ ਤੇ ਨੌਜਵਾਨਾਂ ਨੂੰ ਸੇਧ ਦੇਣ ਲਈ ਉਹ ਆਪਣੀਆ ਦੋ ਕਿਤਾਬਾਂ 'ਸਫ਼ਲਤਾ ਦਾ ਮੰਤਰ' ਅਤੇ ਆਪਣੀ ਸਵੈ-ਜੀਵਨੀ 'ਸੰਘਰਸ਼ ਤੋਂ ਸਫ਼ਲਤਾ ਤੱਕ' ਦੇ ਦੋ ਐਡੀਸ਼ਨਾਂ 'ਤੇ ੭੦ ਹਜ਼ਾਰ ਖ਼ਰਚ ਕੇ ਨੌਜਵਾਨਾਂ ਵਿੱਚ ਫ਼ਰੀ ਵੰਡ ਚੁੱਕੇ ਹਨ। ਆਪਣੇ ਮਿਸ਼ਨ ਦਾ ਘੇਰਾ ਵਧਾਉਣ ਲਈ ਹੁਣ ਉਹ ਕਿਸੇ ਸਪੋਂਸਰ ਦੀ ਤਲਾਸ਼ ਵਿੱਚ ਹਨ।ਇਸ ਤੋਂ ਇਲਾਵਾ ਹਰਮਨ ਰੇਡੀਓ ਆਸਟਰੇਲੀਆ, ਚੰਨ ਪ੍ਰਦੇਸ਼ੀ ਰੇਡੀਓ ਕੈਨੇਡਾ ਅਤੇ ਆਲ ਇੰਡੀਆ ਰੇਡੀਓ ਤੋਂ ਵੀ ਉਹ ਆਪਣੇ ਵਿਚਾਰ ਪੇਸ਼ ਕਰ ਚੁੱਕੇ ਹਨ। ਅੰਗਹੀਣ ਹੋਣ ਦੇ ਬਾਵਜੂਦ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਾਹਿਤ ਅਤੇ ਸਿੱਖਿਆ ਦੇ ਖ਼ੇਤਰ 'ਚ ਪਾਏ ਯੋਗਦਾਨ ਬਦਲੇ ਉਹ ਜਲਦੀ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 'ਡਾੱਕਟਰੇਟ' ਲਈ ਆਸਵੰਦ ਹਨ।ਉਨ੍ਹਾਂ ਵੱਲੋਂ ਵੱਖ-ਵੱਖ ਖ਼ੇਤਰ ਦੀਆਂ ਸ਼ਖ਼ਸੀਅਤਾਂ ਨੂੰ 'ਟੀ. ਐਂਡ ਟਾੱਕ' ਪ੍ਰਗਰਾਮ ਅਧੀਨ ਆਪਣੇ ਦਫ਼ਤਰ ਬੁਲਾਉਣਾ ਤੇ ਸਮਾਜਿਕ ਮਸਲਿਆਂ 'ਤੇ ਆਪਣੇ ਕਾਲਜ 'ਚ ਸੈਮੀਨਾਰ ਕਰਾਉਣ ਦਾ ਸੌਂਕ ਕਾਬਲ-ਏ-ਜ਼ਿਕਰ ਹੈ।
ਘੁਮੱਕੜ ਪ੍ਰਵਿਰਤੀ ਦੇ ਮਾਲਕ ਪ੍ਰੋ.ਮਨਜੀਤ ਤਿਆਗੀ ਆਪਣੇ ਆਪ ਨੂੰ ਖੁਸ਼-ਨਸੀਬ ਸਮਝਦਾ ਹੋਇਆ ਮੰਨਦਾ ਹੈ ਕਿ ਉਸਨੇ ਜਿੰਨੀ ਮਿਹਨਤ ਕੀਤੀ ਉਨ੍ਹਾਂ ਹੀ ਸਮਾਜ ਨੇ ਉਸਨੂੰ ਪਿਆਰ ਦਿੱਤਾ।ਕਿਸਮਤ ਬਾਰੇ ਉਸਦਾ ਵਿਚਾਰ ਹੈ ਕਿ ਜੇ ਤੁਹਾਨੂੰ ਬਿਨਾਂ ਮਿਹਨਤ ਕੀਤੇ ਬਹੁਤ ਕੁੱਝ ਮਿਲ ਜਾਂਦਾ ਹੈ ਤਾਂ ਕਿਸਮਤ ਹੈ, ਪਰ ਜੇ ਸਾਰਾ ਕੁੱਝ ਕੰਮ ਕਰਨ ਬਦਲੇ ਹੀ ਮਿਲਦਾ ਹੈ ਤਾਂ ਕਾਹਦੀ ਕਿਸਮਤ? ਪ੍ਰੋ. ਤਿਆਗੀ ਨੂੰ ਘੋਰੀ, ਘਮੰਡੀ, ਘਰਘੁਸੜੂ ਤੇ ਘਪਲੇਬਾਜ਼ ਲੋਕਾਂ ਤੋਂ ਸਖ਼ਤ ਐਲਰਜ਼ੀ ਹੈ।ਪ੍ਰੋ. ਤਿਆਗੀ ਆਪਣੀਆਂ ਸਮਾਜਿਕ ਪ੍ਰਾਪਤੀਆਂ ਤੇ ਵਿਦਿਆਰਥੀਆਂ ਨੂੰ ਆਪਣਾ ਅਸਲ ਸਰਮਾਇਆ ਮੰਨਦੇ ਹਨ ਤੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਨੂੰ ਹੀ ਆਪਣੀ ਸਫ਼ਲਤਾ ਮੰਨਦੇ ਹਨ।
ਸ਼ਾਲਾ! ਪ੍ਰੇਰਨਾ ਦੀ ਇਹ ਮੱਘਦੀ ਮਿਨਾਰ ਹੋਰ ਬੁਲੰਦੀਆਂ ਨੂੰ ਛੂਹੇ। ਆਮੀਨ……!!
ਅਬਦੂਲ ਗੁਫ਼ਾਰ