ਵਤਨ ਨੂੰ ਅਲਵਿਦਾ ਕਹਿਣ ਵੇਲੇ
ਮਨ ਵਿੱਚ ਅਣਕਿਆਸੀ ਵੇਦਨਾ ਹੁੰਦੀ ਆ
ਹੱਸਦੇ-ਖੇਡਦੇ ਪ੍ਰੀਵਾਰ ਅਤੇ
ਆਪਣੀ ਤਹਿਜ਼ੀਬ ਤੋਂ ਦੂਰ ਹੋਣਾ
ਸ਼ੌਕ ਨਹੀਂ ਮਜ਼ਬੂਰੀ ਆ
ਘਟ ਰਹੀਆਂ ਜੋਤਾਂ, ਖਾਦਾਂ ਦੇ ਘਾਟੇ
ਕੁਦਰਤੀ ਮਾਰ ਨਾਲੋਂ ਵੀ ਬਦਤਰ
ਮੰਡੀਆਂ ਵਿੱਚ ਹੁੰਦੀ ਸਾਡੇ ਸੋਨੇ ਦੀ ਲੁੱਟ
ਅਤੇ ਕਿਸਾਨੀ ਖ਼ੁਦਕੁਸ਼ੀਆਂ ਆਦਿ
ਮਜ਼ਬੂਰ ਕਰ ਦਿੰਦੀਆਂ ਹਨ
ਵਤਨ ਨੁੰ ਅਲਵਿਦਾ ਕਹਿਣ ਲਈ
ਇੱਥੇ ਪੰਜ ਸਾਲ ਬਾਅਦ
ਨਾਦਰਸ਼ਾਹੀ ਟੋਲਾ
ਕੋਈ ਨਵਾਂ ਹੀ ਰਾਗ ਅਲਾਪ
ਸਾਡੀ ਮੱਤ ਦਾਨ ਲੈ ਕੇ
ਅਗਲੇ ਪੰਜ ਸਾਲਾਂ ਲਈ
ਬਨਵਾਸ ਚਲਾ ਜਾਂਦਾ ਹੈ
ਇਹਨਾਂ ਅਕਾਵਾਂ ਦੇ ਦੁਰਲੱਭ ਦਰਸ਼ਨ ਵੀ
ਮਜ਼ਬੂਰ ਕਰਦੇ ਹਨ
ਵਤਨ ਨੁੰ ਅਲਵਿਦਾ ਕਹਿਣ ਲਈ
ਪਰਦੇਸ ਤੁਰਨ ਲੱਗੇ ਨਹੀਂ ਭੁੱਲਦਾ
ਨਿੱਕੀ ਭੈਣ ਦਾ ਗੁੱਟ 'ਤੇ ਰੱਖੜੀ ਬੰਨਣ ਦਾ ਚਾਅ
ਬਾਪ ਸਿਰ ਚੜ੍ਹਿਆ ਕਰਜ਼
ਮਾਂ ਦੀਆਂ ਅੱਖਾਂ ਵਿੱਚੋਂ ਛਲਕਦਾ
ਖਾਰੇ ਹੰਝੂਆਂ ਦਾ ਹੜ
ਉਸਦਾ ਵਾਰ-ਵਾਰ ਮੁੱਖ ਚੁੰਮਣਾ
ਘੁੱਟ-ਘੁੱਟ ਛਾਤੀ ਨਾਲ ਲਾਉਣਾ
ਮੂੰਹ ਵਿੱਚ ਸ਼ੱਕਰ ਦਾ ਪਾਉਣਾ
ਜਿਉਂਦਾ ਵਸਦਾ ਰਹਿ ਪੁੱਤ ਚਰਨਜੀਤ
ਦੀ ਅਸੀਸ ਨਾਲ ਵਿਦਾ ਕਰਨਾ
ਮਾਪਿਆਂ ਦੀਆਂ ਦਿਲੀਂ ਦੁਆਵਾਂ ਅਤੇ
ਦੋਸਤਾਂ ਦੀਆਂ ਵਧਾਈਆਂ ਦੇ ਜ਼ਜਬਾਤ ਸਮੇਟ
ਮੈਂ ਆਪਣੀ ਧਰਤੀ ਤੋਂ ਦੂਰ
ਉਹਨਾਂ ਗੋਰਿਆਂ ਦੇ ਦੇਸ਼ ਵੱਲ ਉੱਡ ਜਾਂਦਾ ਹਾਂ
ਜਿੰਨ੍ਹਾਂ ਨੁੰ ਕਦੇ ਆਪਣੇ ਮੁਲਕ ਵਿੱਚੋਂ ਬਾਹਰ ਕੱਢਣ ਲਈ
ਸਾਡੇ ਪੁਰਖਿਆਂ ਨੇ ਹੱਸ-ਹੱਸ ਫ਼ਾਂਸੀ ਦੇ ਰੱਸੇ ਚੁੰਮੇ ਸਨ