ਫੋਰਮ ਦੀ ਸਤੰਬਰ ਦੀ ਬੈਠਕ ਕੁਲਦੀਪ ਨਈਅਰ ਜੀ ਨੂੰ ਸਮਰਪਤ (ਖ਼ਬਰਸਾਰ)


ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ, ਪ੍ਰਿੰ . ਕ੍ਰਿਸ਼ਨ ਸਿੰਘ ਅਤੇ ਸ. ਬਿੱਕਰ ਸਿੰਘ ਸੰਧੂ ਜੀ ਦੀ ਪ੍ਰਧਾਨਗੀ ਮੰਡਲ ਹੇਠ ਹੋਈ।
    ਜੋ ਹੋਇਆ ਨਹੀਂ ਮਨੁੱਖਾਂ ਦਾ ਉਹਨੂੰ ਦਰਦ ਕੀ ਹੋਣਾ ਰੁੱਖਾਂ ਦਾ
    ਆਪਣੇ ਤੱਕ ਹੀ ਸੀਮਤ ਹੈ ਨਹੀਂ, ਅਹਿਸਾਸ ਬੇਗਾਨੇ ਦੁੱਖਾਂ ਦਾ
ਇਨ੍ਹਾਂ ਸ਼ਬਦਾਂ ਨਾਲ ਜਸਵੀਰ ਸਿੰਘ ਸਿਹੋਤਾ ਨੇ ਆਏ ਸਰੋਤਿਆਂ ਨੂੰ ਜੀ ਆਇਆਂ ਆਖਿਆ। ਸੋਗ ਸਮਾਚਾਰ ਸਾਂਝਾ ਕਰਦੇ ਹੋਏ ਮਹਾਨ ਸ਼ਖਸ਼ੀਅਤ, ਪੱਤਰਕਾਰ, ਲੋਕ ਚਿੰਤਕ, ਸਮਾਜ ਹਿਤੂ ਕੁਲਦੀਪ
ਨਈਅਰ ਜੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ।

      ਜਗਦੀਸ਼ ਸਿੰਘ ਚੋਹਕਾ ਹੁਰਾਂ ਵੀ ਕੁਲਦੀਪ ਨਈਅਰ ਜੀ ਦੇ ਜੀਵਨ ਤੇ ਝਾਤ ਪਾਉਦਿਆਂ ਕਿਹਾ ਉਹ ਸਿਆਲਕੋਟ ਵਿਚ ਜਨਮੇਂ ਅਤੇ ਲਹੌਰ ਤੋਂ ਬੀ. ਏ. ਅਤੇ ਐਲ. ਐਲ. ਬੀ. ਕੀਤੀ। ਬਟਵਾਰੇ ਤੋਂ ਉਪਰੰਤ ਉਹ ਇਕ ਮਹਾਨ ਪੱਤਰਕਾਰ ਵਜੋਂ ਵਿਚਰੇ। ਜਿਨ੍ਹਾਂ ਨੇ 1947 ਦੇ ਬਟਵਾਰੇ, ਦੋਂਹ ਮੁਲਕਾਂ ਦੀ ਕੁੜੱਤਣ ਘਟਾਉਣ, ਪੰਜਾਬੀ ਸੂਬੇ, ਐਮਰਜਿੰਸੀ, ਬਾਬਰੀ ਮਸਜਿਦ ਢਾਉਣ ਬਾਰੇ ਅਤੇ ਸਮੇਂ ਸਮੇਂ ਸੰਜੀਦਾ ਮਸਲਿਆਂ ਉੱਤੇ ਅਨੇਕਾਂ ਲੇਖ ਲਿਖੇ। ਉਨ੍ਹਾਂ ਪ੍ਰਤਿ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਮੂਹ ਸਭਾ ਨੇ ਇਕ ਮਿੰਟ ਦਾ ਮੋਨ ਰੱਖਿਆ।

 ਬੀਬੀ ਰਜਿੰਦਰ ਕੌਰ ਚੋਹਕਾ ਨੇ ਨਾਰੀ ਚਿੰਤਨ ਕਰਦਿਆਂ ਗਰਲ ਚਾਈਲਡ ਡੇ ਤੇ ਬੋਲਦਿਆਂ ਮੌਜੂਦਾ ਹਾਲਾਤ ਤੇ ਵਿਸਥਾਰ ਨਾਲ ਗੱਲ
ਕੀਤੀ। ਅਤੇ ਏਸੇ ਸਬੰਧ ਵਿਚ ਇਕ ਕਵਿਤਾ ਸੁਣਾਈ
‘ਦੇਖ ਦੇਖ ਮੈਂ ਅੱਥਰੂ ਕੇਰਾਂ ਨਾ ਕੋਈ ਜਾਵੇ ਪੇਸ਼
ਬਾਬਲਾ ਕੂੰਜਾਂ ਦਾ --- ਕੂੰਜਾਂ ਦਾ ਕਿਹੜਾਂ ਦੇਸ------
ਬਾਬਲਾ ਕੂੰਜਾਂ ਦਾ
       ਜਸਵੀਰ ਸਿੰਘ ਨੇ ਗੁਰੂ ਸਾਹਿਬਾਂ ਦੇ ਸਮਕਾਲੀ ਯੂਰਪੀਅਨ ਇਤਹਾਸ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਗੁਰੂ ਸਾਹਿਬ ਮਾਨਵਤਾ ਦੀ ਗੱਲ ਕਰ ਰਹੇ ਸਨ। ਉਸ ਵੇਲ਼ੇ ਯੂਰਪੀਅਨ ਸਮੂੰਦਰੀ ਡਾਕੂ (ਪਾਇਰੇਟਸ) ਲੁੱਟਾਂ ਲੁੱਟ ਕੇ ਮਾਲਾ ਮਾਲ ਹੋ ਰਹੇ ਸਨ। ਤੇ ਉਨ੍ਹਾਂ
ਨੂੰ ਮੁਲਕਾਂ ਦੀਆਂ ਸਬੰਧਤ ਸਰਕਾਰਾਂ ਦੀ ਹਮਾਇਤ ਵੀ ਪ੍ਰਾਪਤ ਸੀ ਸ਼ਰਤ ਇਹ ਕਿ ਉਹ ਦੂਸਰੇ ਮੁਲਕਾਂ ਦੇ ਵਪਾਰੀਆਂ ਦੀ ਹੀ ਲੁੱਟ ਕਰਨ ਅਤੇ ਆਪਣੇ ਵਪਾਰੀਆਂ ਦੀ ਹਫਾਜ਼ਤ। ਉਹ ਡਾਕੂਆਂ ਵਜੋਂ ਨਹੀਂ ਸਗੋਂ ਅੱਜ ਵੀ ਸਰ ਦੇ ਖਿਤਾਬ ਨਾਲ ਜਾਣੇ ਜਾਂਦੇ ਹਨ। ਥਾਂ ਥਾਂ ਤੇ ਉਨ੍ਹਾਂ ਦੇ ਬੁੱਤ ਵੀ ਲੱਗੇ ਹੋਏ ਹਨ। ਅਨੇਕਾਂ ਬਿਜ਼ਨੈਸ ਉਨ੍ਹਾਂ ਦੇ ਨਾਵਾਂ ਹੇਠ ਰਜ਼ਿਸਟਰ ਹਨ।
       ਕਵਿਤਾਵਾਂ ਦਾ ਦੌਰ ਸ਼ੁਰੂ ਕਰਦੇ ਹੋਏ ਗੁਰਚਰਨ ਸਿੰਘ ਹੇਹਰ ਹੋਰਾਂ ‘ਨਦੀਆਂ ਦੇ ਖੰਬ ਜੇ ਹੁੰਦੇ ਉੱਡ ਜਾਂਦੀਆਂ ਅੰਬਰ ਨੂੰ’ਤਰੱਨਮ ਵਿਚ ਆਖੀ।

ਅਮਰੀਕ ਸਿੰਘ ਚੀਮਾ ਹੋਰਾਂ ਉਜਾਗਰ ਸਿੰਘ ਕੰਵਲ ਦੀ ਰਚਨਾ ਆਪਣੇ ਅੰਦਾਜ਼ ਵਿਚ ਪੇਸ਼ ਕੀਤੀ।

ਗਿਆਨੀ ਸੇਵਾ ਸਿੰਘ ਨੇ ਇਕ ਗੀਤ ਪੇਸ਼ ਕੀਤਾ‘ਮੁਹੱਬਤ ਐਸੀ ਧੜਕਣ ਹੈ ਜੋ ਸਮਝਾਈ ਨਹੀਂ ਜਾਤੀ’।

ਹੋਮੋਪੈਥੀ ਦੇ ਡਾ. ਜੋਗਾਸਿੰਘ ਸਹੋਤਾ ਹੋਰਾਂ ਓ ਸੀ ਡੀ  ਬਿਮਾਰੀ ਅਤੇ ‘ਸਨੇਕ ਬਾਈਟ’ ਦੇ ਬਚਾ ਅਤੇ ਇਲਾਜ ਦੇ ਸਬੰਧ ਵਿਚ ਵਿਸਥਾਰ ਨਾਲ ਗੱਲ ਕੀਤੀ ਅਤੇ ਤਰੰਨਮ ਵਿਚ ਇਕ ਗ਼ਜ਼ਲ ਸੁਣਾਕੇ ਅਨੰਦ ਮਈ ਮਹੋਲ ਸਿਰਜਿਆ।

ਜਸਵੰਤ ਸਿੰਘ ਸੇਖੋਂ ਹੋਰਾਂ ਇਤਹਾਸ ਵਰਨਣ ਕਰਦੀ ਰਚਨਾ ਸੁਣਾਈ ਕਿ ਮੇਵਾ ਸਿੰਘ ਨੂੰ ਹਾਪਕਿਨਸਨ ਦਾ ਕਤਲ ਕਿਉਂ ਕਰਨਾ ਪਿਆ। ਆਪਣੀ ਰਚਨਾ ਦੀਆਂ ਇਨ੍ਹਾਂ ਸਤਰਾਂ ਵਿਚ ਬਿਆਨ ਕੀਤਾ

‘ਬਣ ਗਿਆ ਸੀ ਭੂਤਨਾ ਮਨੱਖ ਤੋਂ

ਮਾਰਨਾ ਪਿਆ ਏ ਗੋਰਾ ਏਸ ਦੁੱਖ ਤੋਂ’                           ਗੁਰਨਾਮ ਸਿੰਘ ਗਿੱਲ ਹੋਰਾਂ ਕਰਨੈਲ ਸਿੰਘ ਰਾਮੂਵਾਲੀਏ ਦੀ ਰਚਨਾ ਸਾਂਝੀ ਕੀਤੀ।

ਸੁਰਜੀਤ ਸਿੰਘ ਪੰਨੂੰ ਹੋਰਾਂ ‘ਲੋਕ ਕੀ ਆਖਣਗੇ’ ਨਾਂ ਦੀ ਕਵਿਤਾ ਅਤੇ ਕੁਝ ਰੁਬਾਈਆਂ ਦੁਆਰਾ ਵਿਚਾਰ ਪ੍ਰਗਟਾਏ।

ਰਣਜੀਤ ਸਿੰਘ ਮਿਨਹਾਸ ਹੋਰਾਂ ਕਵਿਤਾ ਦੁਆਰਾ ਅਤੇ ਅਮਰੀਕ ਸਿੰਘ ਸਰੋਆ ਹੋਰਾਂ ਕੁਝ ਚੁੱਟਕਲਿਆਂ ਨਾਲ ਹਾਸ ਰਸ ਮਾਹੌਲ ਸਿਰਜਿਆ।

ਅਹਿਮਦ ਸ਼ਕੀਲ ਚੁਗਤਾਈ ਹੋਰਾਂ ਸਮਾਜ ਤੇ ਕਟਾਖ ਕਰਦਿਆਂ ਖੂਬਸੂਰਤ ਨਜ਼ਮ ਸੁਣਾਈ।

ਰੱਬਦੀ ਸ਼ਾਨ ਮੈਂ ਕਿਵੇਂ ਦਸਾਂ

ਛੋਟਾ ਮੂੰਹ ਤੇ ਵੱਡੀ ਬਾਤ ਏ

ਉਹਦਾ ਕਰਮ ਹੈ ਮੇਰੇ ਉਤੇ

ਵਰਨਾ ਮੇਰੀ ਕੀ ਔਕਾਤ ਏ
      ਸ. ਬਿੱਕਰ ਸਿੰਘ ਸੰਧੂ ਹੋਰਾਂ ਜੀਵਨ ਦੇ ਲਕਸ਼ ਦੀ ਗੱਲ ਕਰਦਿਆਂ ਇਨਸਾਨ ਪ੍ਰਤਿ ਹੈਰਾਨੀ ਭਰੇ ਵਿਚਾਰ ਪ੍ਰਗਟਾਉਂਦਿਆਂ ਕਿਹਾ ‘ਹਰ ਕੋਈ ਖੁਸ਼ੀ ਲੋੜਦਾ ਹੈ ਪਰ ਆਪਣੀ ਖੁਸ਼ੀ ਦੂਸਰੇ ਵਿਚੋਂ ਭਾਲਦਾ ਹੈ। ਮੇਰੇ ਬੱਚੇ ਪੜ੍ਹ ਜਾਣ, ਬੱਚੇ ਇਸ ਤਰ੍ਹਾਂ ਕਰਨ, ਇਸ ਤਰ੍ਹਾਂ ਨਾ ਕਰਨ, ਮਕਾਨ ਏਹੋ ਜਿਹਾ ਹੋਵੇ, ਹੋਰਾਂ ਤੋਂ ਵੱਡਾ ਹੋਵੇ। ਆਪਣੇ ਆਪ ਵਲ ਸੰਕੇਤ ਕਰਨ ਦੀ ਬਜਾਏ, ਆਪਣੇ ਆਪ ਵਿਚੋਂ ਖੁਸ਼ੀ ਲੱਭਣ ਦੀ ਬਜਾਏ ਦੂਜਿਆਂ ਤੋਂ ਆਸ ਰੱਖਦਾ ਹੈ। ਸੁੱਖ ਬਹੁਤ ਹੋ ਗਏ ਹਨ ਪਰ ਸ਼ਾਂਤ ਕੋਈ ਦਿਸਦਾ ਨਹੀਂ। ਅਤੇ ਏਸੇ ਸਬੰਧ ਵਿਚ ਇਕ ਗੀਤ ਪੇਸ਼ ਕੀਤਾ।
‘ਵੇਖੀਂ ਨੀ ਵੇਖੀਂ ਅੜੀਏ

ਬਾਹਰ ਜਿਨ੍ਹਾਂ ਨੂੰ ਲੱਭਦੀ ਏਂ

ਕਿਤੇ ਓਹੀ ਸੱਜਣ ਨਾ ਹੋਣ’।
      ਮੁੱਖ ਮਹਿਮਾਨ ਵਿਦਵਾਨ ਅਲੋਚਕ ਪ੍ਰਿ.ਕ੍ਰਿਸ਼ਨ ਸਿੰਘ ਜੋ ਪੰਜਾਬ ਦੇ ਪ੍ਰਮੁੱਖ ਅਲੋਚਕਾਂ ਵਿਚੋਂ ਇਕ ਹਨ, ਉਨ੍ਹਾਂ ਸਭਾ ਨੂੰ ਸੰਬੋਧਨ ਹੁੰਦਿਆਂ ਬਹੁਤ ਸਾਰੇ ਮੁਦਿਆਂ ਤੇ ਵਿਚਾਰ ਪ੍ਰਗਟਾਏ ਨਾਰੀ ਚਿੰਤਨ ਕਰਦਿਆਂ, ਚਾਈਲਡ ਲੇਬਰ ਬਾਰੇ ਅਤੇ ਵਿਦੇਸ਼ਾਂ ਵਿਚ ਸਾਹਿਤਕ ਗਤੀ ਵਿਧੀਆਂ ਬਾਰੇ ਬੋਲਦਿਆਂ ਆਖਿਆ ਕਿ ਸਾਨੂੰ ਸੰਵਾਦ ਰਚਾਉਣੇ ਬਹੁਤ ਜਰੂਰੀ ਨੇ ਜਿਸ ਤੋਂ ਸਾਰਥਕ ਸਿੱਟਿਆਂ ਦੀ ਪੂਰਨ ਆਸ ਹੈ। ਬੜਾ ਕੁਝ ਹੋ ਚੁੱਕਿਆ ਹੈ ਬੜਾ ਕੁਝ ਹੋਰਿਹਾ ਹੈ। ਇਤਹਾਸ ਦੇ ਪੱਤਰੇ ਫਰੋਲ਼ਦਿਆਂ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਗਦਰੀਆਂ ਦੀ ਗੱਲ ਕਰਦਿਆਂ ਆਖਿਆ ਕਿ ਉਹ ਮਰੇ ਨਹੀਂ ਉਹ ਅੱਜ ਵੀ ਜਿਉਂਦੇ ਹਨ ਜਿਨ੍ਹਾਂ ਬਾਰੇ ਥਾਂ ਥਾਂ ਤੇ ਨਾਟਕ ਖੇਡੇ ਜਾਂਦੇ ਹਨ, ਗੀਤਾਂ ਕਵਿਤਾਵਾ ਵਿਚ ਸਤਿਕਾਰ ਵਜੋਂ ਜ਼ਿਕਰ ਹੁੰਦਾ ਹੈ।
ਸ਼ਮਸ਼ੇਰ ਸਿੰਘ ਸੰਧੂ ਹੁਰਾਂ ਜਸਵੰਤ ਸਿੰਘ ਸੇਖੌਂ  ਦੀ ਲੇਖਣੀ ਦੀ ਸ਼ਲਾਘਾ ਕੀਤੀ ਜੋ ਹਮੇਸ਼ਾਂ ਇਤਹਾਸਕ ਕਵਿਤਾਵਾਂ ਲਿਖਦੇ ਹਨ। ਜਸਵੀਰ ਸਿੰਘ ਸਿਹੋਤਾ ਦਾ ਧੰਨਬਾਦ ਕੀਤਾ,ਜਿਨ੍ਹਾਂ ਨੇ ਉਨ੍ਹਾਂ ਦੀ ਪੁਸਤਕ ‘ਸਾਹਿਤ, ਸੰਵੇਦਨਾ ਤੇ ਕਰਮਸ਼ੀਲਤਾ ਦੀ ਤ੍ਰਿਵੈਣੀ ਡਾ.ਈਸ਼ਰ ਸਿੰਘ ਸੋਬਤੀ’ ਨੂੰ ਨਿੱਠ ਕੇ ਪੜ੍ਹਨ ਉਪਰੰਤ ਸਮੀਖਿਆ ਪਰਚਾ ਲਿਖਿਆ।