ਲਾਈਟਾਂ ਵਾਲਾ ਚੌਕ
(ਮਿੰਨੀ ਕਹਾਣੀ)
ਪੰਜਾਬ ਦੇ ਇੱਕ ਸ਼ਹਿਰ ਦਾ ਲਾਈਟਾਂ ਵਾਲਾ ਚੌਕ। ਚੌਕ ਦੇ ਵਿਚਕਾਰ ਟ੍ਰੈਫਿਕ ਪੁਲੀਸ ਦਾ ਸਿਪਾਹੀ, ਸਵੇਰ ਤੋ ਰਾਤ ਤੱਕ ਹੱਥ ਹਿਲਾ ਹਿਲਾ ਕੇ ਗੱਡੀਆਂ ਅੱਗੇ ਤੋਰਦਾ ।ਇਕ ਪਾਸੇ ਤੋਰ ਕੇ ਦੂਜੇ ਪਾਸੇ ਰੋਕਦਾ।ਇਹ ਸਿਲਸਿਲਾ ਸਵੇਰ ਤੌ ਰਾਤ ਤੱਕ ਲਗਾਤਾਰ ਚਲਦਾ ਰਹਿੰਦਾ। ਰਾਜਧਾਨੀ ਵੱਲੋਂ ਆਉਂਦੀਆਂ ਬੱਸਾਂ ਇਸੇ ਚੌਕ ਵਿਚੋ ਲੰਘਦੀਆਂ ।ਦੂਜੇ ਰਾਜਾਂ ਨੂੰ ਵੀ ਜਾਂਦੀਆਂ । ਚੌਂਕ ਵਿਚ ਕਾਰਾਂ ਬੱਸਾਂ ਮੋਟਰ ਸਾਇਕਲ,ਟਰੱਕ ਤੇ ਹੋਰ ਵਾਹਨਾਂ ਦੀਆ ਲੰਮੀਆਂ ਕਤਾਰਾਂ ਬਣ ਜਾਂਦੀਆਂ । ਟ੍ਰੈਫਿਕ ਜਾਮ ਹੋ ਜਾਂਦਾ। ਇਹ ਸਭ ਕੁੱਝ ਪੁਲ਼ ਦੇ ਹੇਠਾ ਰੋਜ ਦਾ ਵਰਤਾਰਾ ਸੀ।
ਗਰਮੀ ਦੇ ਦਿਨ। ਮੈਂ ਅਕਸਰ ਬਜ਼ਾਰ ਤੋ ਰੋਜ਼ ਵਰਤੋਂ ਵਾਲੀਆਂ ਚੀਜਾਂ ਲੈਣ ਵਾਸਤੇ ਇਸ ਭੀੜ ਭਰੇ ਚੌਕ ਵਿਚੋ ਲੰਘਦਾ ਹਾਂ। ਇਸ ਬਿਗਾਨੇ ਸ਼ਹਿਰ ਵਿਚ ਮੈ ਸੌਕ ਨਾਲ ਨਹੀ ਆਇਆ । ਕੋਈ ਘਰੇਲੂ ਹਾਲਾਤ ਤੇ ਮਜਬੂਰੀ ਸੀ।ਰੋਜ਼ ਵਾਗ ਚੌਂਕ ਪਾਰ ਕਰਨ ਲਈ ਖੜਾਂ ਹਾਂ। ਰਸਤਾ ਸਾਫ਼ ਹੋਣ ਦੀ ਉਡੀਕ ਹੈ। ਪਿਛੋ ਲਗਾਤਾਰ ਤਿੰਨ ਚਾਰ ਬੱਸਾਂ ਆਣ ਕੇ ਰੁੱਕੀਆ ਹਨ।
ਹੱਥਾਂ ਵਿਚ ਪਾਣੀ ਦੀਆ ਬੋਤਲਾ ਫੜੀ ਮੁੰਡੇ ਅੱਗੜ ਪਿਛੜ ਬੱਸਾ ਵਿਚ ਚੜ੍ਹ ਗਏ ਹਨ ।ਇਕ ਛੱਲੀਆ ਵਾਲਾ ਮੁੰਡਾ ਵੀ ਧੁੱਸ ਦੇ ਕੇ ਬੱਸ ਦੇ ਅੰਦਰ ਚਲਾ ਗਿਆ।
ਮੈਂ ਖੜ੍ਹਾ ਵੇਖੀ ਜਾ ਰਿਹਾ ਹਾ। ਮੁੰਡੇ ਇਕ ਬਾਰੀ ਵਿਚੋ ਚੜ੍ਹ ਕੇ ਦੂਸਰੀ ਬਾਰੀ ਵਿਚੋ ਬਾਹਰ ਆ ਗਏ ਹਨ।ਉਹ ਅਕਸਰ ਇਕ ਦੂਜੇ ਤੋ ਅੱਗੇ ਲੰਘਣ ਲਈ ਤੇਜ ਦੌੜ ਲਾਉਦੇ ਮੈ ਰੋਜ਼ ਵੇਖਦਾ ਹਾ ।ਇਹ ਉਹਨਾ ਦਾ ਨਿੱਤ ਦਾ ਕਰਮ ਹੈ ।
ਮੇਰੀ ਨਜਰ ਚੋਕ ਵਿਚ ਸਾਹਮਣੇ ਲੱਗੇ ਬੋਰਡ ਤੇ ਪਈ ਹੈ।ਕਬੱਡੀ ਦੀ ਖੇਡ ਬਾਰੇ ਲਿਖੇ ਸ਼ਬਦ ਮੈਂ ਨੀਝ ਨਾਲ ਪੜ੍ਹਦਾ ਹਾਂ।ਸਾਰਿਆ ਨੂੰ ਪਹੁੰਚਣ ਦਾ ਨਿੱਘਾ ਸੱਦਾ ਦਿੱਤਾ ਗਿਆ ਹੈ। ਉਥੇ ਫਿਲਮੀ ਦੁਨੀਆ ਦੀ ਪ੍ਰਸਿੱਧ ਹਸਤੀ ਕੋਈ ਹੁਸੀਨ ਅਦਾਕਾਰਾ ਆ ਰਹੀ ਹੈ।ਜਿੱਥੇ ਉਸ ਨੂੰ ਕਰੌੜਾ ਰੁਪਏ ਕੁੱਝ ਮਿੰਟਾ ਦੇ ਨੱਚਣ ਦੇ ਦਿੱਤੇ ਜਾਣੇ ਹਨ।
ਮੈਂ ਚੌਕ ਵਿਚ ਖੜ੍ਹਾ ਕਈ ਕੁੱਝ ਸੋਚਦਾ ਹਾਂ ਕਿ ਬੱਸਾ ਵਿਚ ਦੌੜ ਲਾ ਕੇ ਜਾਦੇ ਮੁੰਡੇ ਤੱਕਾਂ ਜਾਂ ਉਹਨਾ ਦੇ ਭੁੱਖੇ -ਢਿੱਡ-ਵੇਖਾ ਜਾਂ ਫਿਰ ਕੱਬਡੀ ਮੈਚ ਵਿਚ ਆਈ ਫਿਲਮੀ ਅਦਾਕਾਰਾ ਦੇ ਠੁੱਮਕੇ ਵੇਖਾ। ਅਜੇ ਸੋਚ ਹੀ ਰਿਹਾ ਹਾਂ ਕਿ ਲਾਈਟਾ ਦਾ ਰੰਗ ਲਾਲ ਤੋ ਹਰਾ ਹੋ ਜਾਂਦਾ ਹੈ। ਜਾਮ ਖੁਲ੍ਹ ਜਾਦਾਂ ਹੈ। ਗੱਡੀਆ ਅੱਗੇ ਨੂੰ ਸਰਕਦੀਆਂ ਹਨ।ਮੇਰੇ ਪੈਰ ਖੁੱਲੀ ਸੜਕ ਤੇ ਅੱਗੇ ਵੱਲ ਤੁਰਦੇ ਹਨ। ਗੱਡੀਆਂ ਨੇ ਰਫਤਾਰ ਫੜ ਲਈ ਹੈ।ਉਪਰੋ ਖੜ-ਖੜ ਕਰਦੇ ਜਹਾਜ਼ ਵੱਲ ਨਜ਼ਰਾਂ ਜਾਂਦੀਆ ਹਨ। ਹੇਠਾ ਮੁੰਡੇ ਫਿਰ ਪਾਣੀ ਦੀਆ ਬੋਤਲਾ ਫੜੀ ਖੜੇ ਹਨ। ਅੱਗਲੀਆ ਬੱਸਾ ਦੀ ਇੰਤਜ਼ਾਰ ਵਿਚ।