ਕਾਕਾ ਆਇਆ ਸਾਡੇ ਘਰ।
ਰੋਸ਼ਨ ਹੋਇਆ ਸਾਡਾ ਦਰ।
ਦਾਦਾ ਦਾਦੀ ਖੁਸ਼ੀ 'ਚ ਖੀਵੇ।
ਆਖਣ ਕਾਕਾ ਜੁਗ ਜੁਗ ਜੀਵੇ।
ਮੰਮੀ ਡੈਡੀ ਮਿਲਣ ਵਧਾਈਆਂ।
ਖੁਸ਼ੀਆਂ ਹੋਈਆਂ ਦੂਣ ਸਵਾਈਆਂ।
ਭੂਆ, ਫੁੱਫੜ ਚੜ੍ਹਿਆ ਚਾਅ।
ਗਏ ਨੇ ਸਾਰੀ ਬਰਫ਼ੀ ਖਾ।
ਆਖਣ ਮੁੜ ਮੁੜ ਤਾਈ ਤਾਇਆ।
ਕਹਿਣ ਚੰਨ ਸਾਡੇ ਘਰ ਆਇਆ।
ਨਾਨਾ, ਨਾਨੀ, ਮਾਮਾ, ਮਾਸੀ।
ਮੱਲੋ ਮੱਲੀ ਨਿਕਲੇ ਹਾਸੀ।
ਮਾਮੇ ਨੇ ਵੀ ਗੱਲ ਸਮਝਾਈ।
ਕਹਿੰਦਾ ਮੈਨੂੰ ਦਿਉ ਵਧਾਈ।
ਮਾਸੀ ਫਿਰਦੀ ਭੱਜੀ ਭੱਜੀ।
ਆਖਣ ਜਿਹਨੂੰ ਸਾਰੇ ਰੱਜੀ।
ਭੈਣਾਂ ਨੇ ਰਲ ਗੀਤ ਹੈ ਗਾਇਆ।
ਰੱਖੜੀ ਬੰਨ੍ਹੀਏ ਵੀਰਾ ਆਇਆ।
ਕਈ ਨੇ ਰਲ ਖੇਡ ਰਚਾਈ।
ਨਾਲ ਮੋਬਾਇਲ ਦੇ ਫਿਲਮ ਬਣਾਈ।
ਖੁਸ਼ੀ 'ਚ ਖੀਵੀ ਹੋ ਕੇ ਮਾਂ।
ਸਮਰਵੀਰ ਓਹਦਾ ਰੱਖਿਆ ਨਾਂ।
ਦਿਲ ਦੀ ਗੱਲ ਕਿਸੇ ਨਾ ਦੱਸਦਾ।
ਚੁੱਪ ਚੁਪੀਤਾ 'ਗੁਰਮ' ਹੈ ਹੱਸਦਾ।