ਧਰਮਸ਼ਾਲਾ ਦੇ ਖਨਿਆਰਾ ਵਿੱਚ ਸਾਧਨਾ ਦੇ ਚਾਰ ਦਿਨ (ਸਫ਼ਰਨਾਮਾ )

ਚਰਨਜੀਤ ਕੈਂਥ   

Email: ncollegiate@yahoo.com
Cell: +91 98151 64358
Address: ਅਹਿਮਦਗੜ੍ਹ
ਸੰਗਰੂਰ India
ਚਰਨਜੀਤ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਸੀਂ ਕੁਝ ਦੋਸਤ ਰੋਜ਼ਾਨਾ ਸਵੇਰੇ ਆਪਣੇ ਦਿਨ ਦੀ ਸ਼ੁਰੂਆਤ ਯੋਗ ਸਾਧਨਾ ਨਾਲ ਕਰਦੇ ਹਾਂ|ਵੈਸੇ ਤਾਂ ਮੈਂ ਪਿਛਲੇ 20 ਸਾਲ ਤੋਂ ਯੋਗ ਨਾਲ ਜੁੜਿਆ ਹੋਇਆ ਹਾਂ| ਦੋ ਸਾਲ ਪਹਿਲਾਂ ਯੋਗ ਦੀ ਸੁਦਰਸ਼ਨ ਕਿਰਿਆ ਸੰਜੇ ਸਿੰਗਲਾ ਜੀ ਦੀ ਦੇਖ - ਰੇਖ ਵਿੱਚ ਸਿੱਖੀ, ਜਿਸ ਨਾਲ ਯੋਗ ਤੇ ਪ੍ਰਾਣਾਯਾਮਤੋਂ ਪ੍ਰਾਪਤ ਹੋਣ ਵਾਲੇ ਆਨੰਦ ਦਾ ਗਹਿਰਾ ਪ੍ਰਭਾਵ ਮਹਿਸੂਸ ਹੋਇਆ |ਇਹ ਕਿਰਿਆ ਹੁਣ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣ ਗਈ ਹੈ|ਜਿਸ ਦੇ ਆਨੰਦ ਨੂੰ ਸਬਦਾਂ ਵਿੱਚ ਬਿਆਨ ਕਰਨਾ ਨਾ- ਮੁਮਕਿਨ ਹੈ|ਯੋਗ ਅਤੇ ਪ੍ਰਾਣਾਯਾਮ ਇੱਕ ਵਿਗਿਆਨਕ ਕਿਰਿਆ ਹੈ|ਯੋਗ ਨਾਲ ਸਰੀਰ ਤੇ ਪ੍ਰਾਣਾਯਾਮ ਨਾਲ ਮਨ ਤੰਦਰੁਸਤ ਰਹਿੰਦਾ ਹੈ ,ਸਰੀਰ ਅਤੇ ਮਨ ਦਾ ਬਹੁਤ ਹੀ ਗਹਿਰਾ ਸੰਬੰਧ ਹੈ|ਅਗਰ ਸਰੀਰ ਵਿੱਚ ਕਿਸੇ ਕਿਸਮ ਦੀ ਕੋਈ ਬਿਮਾਰੀ ਹੋ ਜਾਵੇ ਤਾਂ ਮਨ ਦੀ ਸਥਿਤੀ ਖ਼ਰਾਬ ਹੋ ਜਾਂਦੀ ਹੈ|ਅਗਰ ਮਨ ਬੀਮਾਰ ਹੋ ਜਾਵੇਤਾਂ ਸਰੀਰ ਤੰਦਰੁਸਤ ਨਹੀਂ ਰਹਿੰਦਾ, ਇਸੇ ਲਈ ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਹੀ ਰਹਿ ਸਕਦਾ ਹੈ|ਮਨ ਬਹੁਤ ਹੀ ਸ਼ੈਤਾਨ ਤੇ ਚੰਚਲਹੈ,ਇਸ ਨੂੰ ਕਾਬੂ ਕਰਨਾ ਬਹੁਤ ਹੀ ਮੁਸ਼ਕਿਲ ਹੈ|ਲੇਕਿਨ ਇਸ ਦੀ ਲਗਾਮ ਪ੍ਰਾਣਾਯਾਮ ਹੀ ਹੈ ਜਿਸ ਦੇ ਅਭਿਆਸ ਨਾਲ ਇਸ ਨੂੰ ਆਪਣੇ ਕਾਬੂ ਵਿੱਚ ਕੀਤਾ ਜਾ ਸਕਦਾ ਹੈ|
 ਹਰ ਸਾਲ ਜੂਨ ਮਹੀਨੇ  ਦੇ ਆਖਰੀ ਹਫ਼ਤੇ ਵਿੱਚ ਯੋਗ ਦਾ ਅਡਵਾਂਸ ਕੋਰਸ ਧਰਮਸ਼ਾਲਾ ਦੇ ਖਨਿਆਰਾ ਵਿੱਚ ਕਰਵਾਇਆ ਜਾਂਦਾ ਹੈ | ਇਸ ਸਾਲ 20 ਜੂਨ 2018 ਦਿਨ ਬੁੱਧਵਾਰ ਨੂੰ ਅਸੀਂ ਚਾਰੇ ਦੋਸਤ ਬਣੇ ਹੋਏ ਪ੍ਰੋਗਰਾਮ ਅਨੁਸਾਰ ਸਵੇਰੇ 6 ਵਜੇ ਕਾਰ ਵਿੱਚ ਸਵਾਰ ਹੋ ਕੇ ਅਹਿਮਦਗੜ੍ਹ ਤੋਂਧਰਮਸ਼ਾਲਾ ਵੱਲ ਨੂੰ ਚੱਲ ਪਏ | ਮੇਰੇ ਨਾਲ ਪੰਕਜ ਚੈਟਲੀ, ਸੰਜੇ ਢੰਡ ਅਤੇ ਹਰਵਿੰਦਰ ਸਿੰਘ ਹੁੰਜਣ ਹਮਸਫ਼ਰ ਬਣ ਸਫ਼ਰ ਦਾ ਆਨੰਦ ਮਾਨਣ  ਲੱਗੇ| ਗੱਡੀ ਨੂੰ ਹਰਵਿੰਦਰ ਜਿਸ ਨੂੰ ਪਿਆਰ ਨਾਲ ‘ ਗੋਰਾ ‘ ਵੀ ਕਹਿੰਦੇ ਹਾਂ ਚਲਾ ਰਿਹਾ ਸੀ| ਲੁਧਿਆਣਾ,ਫਿਲੌਰ ਨੂੰ ਪਾਰ ਕਰਦੇ ਹੋਏ ਗੋਰੇ ਨੇ ਗੱਡੀ ਦੀਆਂ ਬਰੇਕਾਂ ਗੋਰਾਇਆਂ ਲਾ ਦਿਤੀਆਂ , ਗੱਡੀ ਇੱਕ ਸਾਈਡ ਤੇ ਖੜੀ ਕੀਤੀ ਤੇ ਸੜਕ ਪਾਰ ਕਰ ਕੇ ਬਰਫ਼ੀ ਦਾ ਇੱਕ ਡੱਬਾ ਲਿਆਂਦਾ, ਗੋਰਾਇਆਂ ਦੀ ਬਰਫ਼ੀ ਪੂਰੇ ਪੰਜਾਬ ਵਿੱਚ ਮਸ਼ਹੂਰ ਹੈ| ਮੈਂ ਇਸ ਦਾ ਸਵਾਦ ਪਹਿਲਾਂਵੀ ਵੇਖ ਚੁਕਿਆ ਹਾਂ | ਪਰ ਮੈਨੂੰ ਪਤਾ ਨਹੀਂ ਸੀ ਕਿ ਮਿਲਦੀ ਕਿਥੋਂ ਹੈ|ਇਧਰੋਂ ਜਾਂਦਿਆਂ ਹੋਇਆਂ ਸੱਜੇ ਹੱਥ ਮੁੱਖ ਸੜਕ ਤੇ ਹੀ ਬਰਫ਼ੀ ਦੀਆਂ ਦੁਕਾਨਾਂ ਹਨ| ਗੋਰਾ ਅਸ਼ੋਕ ਦੀ ਬਰਫ਼ੀ ਦਾ ਦੀਵਾਨਾ ਹੈ| ਉਸ ਦੇ ਦੀਵਾਨੇ- ਪਨ ਨੇ ਸਾਡੇ ਸਫ਼ਰ ਦੀ ਸੁਰੂਆਤ ਮੂੰਹ ਮਿੱਠਾ ਕਰਵਾ ਕੇ ਕਰ ਦਿੱਤੀ| 
ਅਸੀਂ ਹੱਸਦਿਆਂ- ਖੇਡਦਿਆਂ ਫਗਵਾੜਾ, ਹੁਸ਼ਿਆਰ ਪੁਰ ਹੁੰਦੇ ਹੋਏ ਪਤਾ ਹੀ ਨਹੀਂ ਚੱਲਿਆ ਕਦੋਂ ਪਹਾੜਾਂ ਦੇ ਰਾਹ ਪੈ ਗਏ| ਪਹਾੜਾਂ ਨੂੰ ਵੇਖਕੇ ਰੂਹ ਨੂੰ ਸਕੂਨ ਮਿਲਣਾ ਕੁਦਰਤੀ ਹੈ|ਸੜਕ ਦੇ ਆਸ- ਪਾਸ ਬਰੈੱਡ ਵੇਚਣ ਵਾਲੇ ਬਹੁਤ ਲੋਕ ਬੈਠੇ ਸਨ| ਕਿਓਂਕਿ ਹਨੂੰਮਾਨ ਦੀ ਸੈਨਾ ਮੰਡਲੀ ਸਾਡਾ ਸਵਾਗਤ ਕਰ ਰਹੀ ਸੀ| ਲੋਕ ਬਰੈੱਡ ਲੈ ਕੇ ਇਸ ਸੈਨਾ ਨੂੰ ਖੁਸ਼ ਕਰ ਰਹੇ ਸਨ| ਜਿਓਂ- ਜਿਓਂ ਅਸੀਂ ਅੱਗੇ ਨੂੰ ਵਧਦੇ ਜਾ ਰਹੇ ਸੀ ਤਾਂ ਪਹਾੜਾਂ ਦੀ ਖੂਬਸੂਰਤੀ ਵੀ ਪਲ-ਪਲ ਵਧਦੀ ਜਾ ਰਹੀ ਸੀ| ਠੰਡੀ ਹਵਾ ਦੇ ਬੁੱਲੇ ਰੂਹ ਨੂੰ ਸਕੂਨ ਦੇ ਰਹੇ ਸਨ | ਚਿੰਤਪੁਰਨੀ ਨੂੰ ਪਾਰ ਕਰਕੇ ਅਸੀਂ ਗੱਡੀ ਸੜਕ ਕਿਨਾਰੇ ਬਣੇ ਇੱਕ ਛੋਟੇ ਜਿਹੇ ਢਾਬੇ ਤੇ ਰੋਕ ਲਈ| ਉੱਤਰ ਕੇ ਥੋੜਾ ਆਸ- ਪਾਸ ਟਹਿਲੇ ਅਤੇ ਖੂਬਸੂਰਤ ਮੌਸਮ ਦਾ ਆਨੰਦ ਲਿਆ| ਇਥੇ ਹੀ ਬੈਠ ਕੇ ਸਵੇਰ ਦਾ ਨਾਸ਼ਤਾ ਕਰਨ ਲਈ ਗੱਡੀ ਵਿਚੋਂ ਨਾਸ਼ਤਾ ਕੱਢਿਆ ਤੇ ਢਾਬੇ ਦੇ ਬਾਹਰ ਹੀ ਬੈਠ ਕੇ ਘਰ ਦੇ ਬਣੇ ਪਰੌਂਠਿਆਂ ਤੇ ਸਬਜ਼ੀ ਦਾ ਆਨੰਦ ਲੈਣ ਲੱਗੇ | ਮੌਸਮ ਬਹੁਤ ਹੀ ਸੁਹਾਵਣਾ ਸੀ , ਤਪਦੀ ਜੂਨ ਨੂੰ ਭੁੱਲ ਪਹਾੜਾਂ ਦੀ ਠੰਡੀ ਹਵਾ ਮਨ ਨੂੰ ਸ਼ੀਤਲਤਾ ਪਹੁੰਚਾ ਰਹੀ ਸੀ |
 ਧਰਮਸ਼ਾਲਾ ਸਾਡੇ ਸ਼ਹਿਰ ਅਹਿਮਦਗੜ੍ਹ ਤੋਂ 230 ਕਿਲੋਮੀਟਰ ਦੇ ਕਰੀਬ ਹੈ ਕਾਰ ਰਾਹੀਂ 5ਘੰਟੇ45 ਮਿੰਟ ਦਾ ਸਫ਼ਰ ਹੈ| ਕੁਦਰਤ ਦੇ ਨਜ਼ਾਰੇ ਵੇਖਦਿਆਂ- ਵੇਖਦਿਆਂ ਪਤਾ ਹੀ ਨਹੀਂ ਚੱਲਦਾ ਸਫ਼ਰ ਕਿਵੇਂ ਕੱਟ ਜਾਂਦਾ ਹੈ | ਕੁਦਰਤ ਪ੍ਰੇਮੀ ਹੋਣ ਕਾਰਣ ਆਸ- ਪਾਸ ਦੇ ਨਜ਼ਾਰੇ ਮਨ ਨੂੰ ਮੋਹ ਲੈਦੇ ਹਨ |ਖੂਬਸੂਰਤ ਬਨਸਪਤੀ, ਉੱਚੇ ਪਹਾੜਾਂ ਦੀ ਕਸ਼ਿਸ਼, ਕੁਦਰਤ ਦੇ ਵਾਰੇ- ਵਾਰੇ ਜਾਂਦੇ ਹੋਏ ਬਲਿਹਾਰੇ ਜਾਈਦਾ | ਪ੍ਰਮਾਤਮਾਂ ਦੀ ਸਿਫ਼ਤ ਲਈ ਸ਼ਬਦਾਂ ਦਾ ਖਜ਼ਾਨਾ ਘਟ ਜਾਂਦਾ ਬੱਸ ਸੀਸ ਹੀ ਝੁਕ ਜਾਂਦਾ ਹੈ|ਉਸ ਕਾਦਰ ਦੀ ਖੂਬਸੂਰਤੀ ਦੇ ਜ਼ਰੇ- ਜ਼ਰੇ ਨੂੰ ਬਿਆਨ ਕਰਨ ਲਈ ਮੇਰੀ ਕਲਮ ਹੀ ਖਾਮੋਸ਼ ਹੋ ਜਾਂਦੀ ਹੈ | ਹਸੀਨ ਸਫ਼ਰ ਦੇ ਪਲਾਂ ਨੂੰ ਮਾਣਦੇ ਹੋਏ ਕਾਂਗੜੇ ਪਹੁੰਚ ਗਏ| ਕਾਂਗੜੇ ਤੋਂ ਅੱਗੇ ਇੱਕ ਰਸਤਾ ਪਾਲਮਪੁਰ ਨੂੰ ਜਾਂਦਾ ਹੈ ਤੇ ਇਥੋਂ ਹੀ ਇੱਕ ਰਸਤਾਸਿੱਧਾ ਧਰਮਸ਼ਾਲਾ ਨੂੰ ਜਾਂਦਾ ਹੈ | ਮੈਂ ਪਹਿਲੀ ਵਾਰ ਧਰਮਸ਼ਾਲਾ ਦੀਆਂ ਪਹਾੜੀਆਂ ਦੇ ਦੀਦਾਰ ਕਰਨ ਲਈ ਚੱਲਿਆ ਹਾਂ| ਅਸੀਂ 11- 45 ਵਜੇ ਦੇ ਆਸ-ਪਾਸ ਧਰਮਸ਼ਾਲਾ ਪਹੁੰਚ ਗਏ| ਇਥੋਂ ਸਾਡਾ ਪ੍ਰੋਗਰਾਮ ਮੈਕਲੌਡਗੰਜ ਜਾਣ ਦਾ ਸੀ |
 ਮੈਕਲੌਡਗੰਜ ਤਿੱਬਤੀਅਨ ਧਾਰਮਕਆਗੂਦਲਾਈਲਾਮਾ ਕਰਕੇ ਬਹੁਤ ਪ੍ਰਸਿੱਧ ਸਥਾਨ ਹੈ| ਪਹਿਲੀ ਨਜ਼ਰ ਵਿੱਚ ਇੰਜ ਮਹਿਸੂਸ ਹੋਇਆ ਜਿਵੇਂ ਅਸੀਂ ਕਿਸੇ ਤਿੱਬਤ ਦੇ ਸ਼ਹਿਰ ਵਿੱਚ ਪਹੁੰਚ ਗਏ ਹੋਈਏ|ਮੈਕਲੌਡਗੰਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਵਿੱਚ ਧਰਮਸ਼ਾਲਾ ਦਾ ਉਪ ਨਗਰ ਹੈ|ਧਰਮਸ਼ਾਲਾ ਤੋਂ ਇਸ ਦੀ ਦੂਰੀ 3.9 ਕਿਲੋਮੀਟਰ ਹੈ ਸਿਰਫ਼ 17ਮਿੰਟ ਦਾ ਰਸਤਾ ਹੈ| ਜਿਆਦਾ ਵਸੋਂ ਤਿੱਬਤ ਤੋਂ ਆਏ ਹੋਏ ਸ਼ਰਨਾਰਥੀਆਂ ਦੀ ਹੈ | ਮੈਕਲੌਡਗੰਜ ਦਾ ਨਾਮ ਪੰਜਾਬ ਦੇ ਉੱਪ ਰਾਜਪਾਲ ਸਰ ਡੋਨਲਡ ਫ੍ਰੀਐਲ ਮੈਕਲੌਡ ਦੇ ਨਾਂ ਉੱਤੇ ਅਧਾਰਿਤ ਹੈ| ਗੰਜ ਉਰਦੂ ਦਾ ਸ਼ਬਦ ਹੈ ਜਿਸ ਨੂੰ ਗੁਆਂਢ ਵਜੋਂ ਵਰਤਿਆ ਜਾਂਦਾ ਹੈ|ਸਭ ਤੋਂ ਨਜ਼ਦੀਕੀ ਹਵਾਈ ਅੱਡਾ ਗੱਗਲ ਦੇ ਨਾਂ ਤੇ ਹੈ ਜੋ ਕਿ ਧਰਮਸ਼ਾਲਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ| ਮੈਕਲੌਡਗੰਜ ਦੀ ਸਮੁੰਦਰ ਤਲ ਤੋਂ ਔਸਤ ਉਚਾਈ 6831 ਫੁੱਟ ਹੈ | ਸੈਰ ਸਪਾਟੇ ਲਈ ਮਹੱਤਵਪੂਰਨ ਸਥਾਨ ਹੈ|ਪਰ ਇਥੇ ਬਹੁਤੇ ਲੋਕ ਤਿੱਬਤੀ ਬੁੱਧ ਧਰਮ ਦੇ ਸਭਿਆਚਾਰ ਅਤੇ ਸ਼ਿਲਪਕਲਾ ਆਦਿ ਦਾ ਅਧਿਐਨ ਕਰਨ ਲਈ ਆਉਂਦੇ ਹਨ| ਸਭ ਤੋਂ ਮਸ਼ਹੂਰ ਤਿੱਬਤੀ ਟਿਕਾਣਾ ਤਸੁਲਗਖੰਗ ਹੈ ਜੋ ਕਿ ਦਲਾਈਲਾਮਾ ਦਾ ਮੰਦਿਰ ਹੈ| ਅਸੀਂ ਮੰਦਿਰ ਦੇ ਮੁੱਖਦੁਆਰ ਦੇ ਸਾਹਮਣੇ ਗੱਡੀ ਪਾਰਕ ਕਰ ਕੇ ਮੰਦਿਰ ਨੂੰ ਦੇਖਣ ਅੰਦਰ ਦਾਖਲ ਹੋ ਗਏ, ਇਥੇ ਕਾਫੀ ਰੌਣਕ ਸੀ| ਦਲਾਈਲਾਮਾ ਦੇ ਸ਼ਰਧਾਲੂ ਇਕ ਜਗ੍ਹਾ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਖੜ੍ਹੇ ਸਨ|ਅਸੀਂ ਵੀ ਉਹਨਾ ਦੇ ਕੋਲ ਹੀ ਖੜ੍ਹ ਕੇ ਇੰਤਜ਼ਾਰ ਕਰਨ ਲੱਗੇ|ਕੁਝ ਸਮੇਂ ਬਾਅਦ ਗੱਡੀਆਂ ਦੇ ਕਾਫ਼ਲੇ ਵਿੱਚ ਧਾਰਮਕ ਗੁਰੂ ਸਭ ਨੂੰ ਪ੍ਰਣਾਮ ਕਰਦੇ ਹੋਏ ਗੁਜ਼ਰ ਗਏ | ਉਸ ਤੋਂ ਬਾਅਦ ਅਸੀਂ ਮੰਦਿਰ ਦੇ ਘੁੰਮ ਫਿਰ ਕੇ ਦਰਸ਼ਨ ਕੀਤੇ|ਇਥੇ ਲੰਗਰ ਦਾ ਵੀ ਪ੍ਰਬੰਧ ਸੀ ਅਸੀਂ ਲੰਗਰ ਦਾ ਆਨੰਦ ਲੈ ਕੇ ਗੱਡੀ ਵਿਚ ਸਵਾਰ ਹੋ ਕੇ ਨੱਡੀ ਦੇ ਦੀਦਾਰ ਕਰਨ ਲਈ ਰਵਾਨਾ ਹੋ ਗਏ |
ਮੈਕਲੌਡਗੰਜ ਤੋਂ 3 ਕਿਲੋਮੀਟਰ ਦੀ ਦੂਰੀ ਤੇ ਧੌਲਾਧਾਰ ਦੀਆਂ ਪਹਾੜੀਆਂ ਦੀ ਓਟ ਵਿੱਚ ਵਸੇ ਨੱਡੀ ਦੀ ਸਮੁੰਦਰ ਤਲ ਤੋਂ ਉਚਾਈ 7152 ਫੁੱਟ ਹੈ|ਦੇਵਦਾਰ ਦੇ ਸੰਘਣੇ ਰੁੱਖਾਂ ਨਾਲ ਹਰੀਆਂ ਭਰੀਆਂ ਪਹਾੜੀਆਂ ਦੇ ਵਿੱਚ ਵਸਿਆ ਨੱਡੀ ਨਾਂ ਦਾ ਸਥਾਨ ਸੈਲਾਨੀਆ ਵਿੱਚ ਕਾਫੀ ਪ੍ਰ੍ਸਿੱਧ ਹੈ | ਇਥੇ ਸ਼ਾਮ ਨੂੰ ਛੁਪਦੇ ਹੋਏ ਸੂਰਜ ਨੂੰ ਵੇਖਣਦਾ ਖੂਬਸੂਰਤ ਨਜ਼ਾਰਾ ਹੁੰਦਾ ਹੈ| ਸਵੇਰ ਅਤੇ ਸ਼ਾਮ ਦਾ ਮੌਸਮ ਬਹੁਤ ਸੁਹਾਵਣਾ ਹੁੰਦਾਂ ਹੈ| ਅਸੀਂ ਇਥੇ 2 ਵਜੇ ਦੇ ਕਰੀਬ ਪਹੁੰਚੇ , ਸਨ-ਸੈੱਟ ਪੌਇੰਟ ਤੋਂ ਨਜ਼ਰ ਮਾਰਿਆਂ ਦੂਰ ਦੂਰ ਤੱਕ ਉਚੀਆਂ ਨੀਵੀਆਂ ਪਹਾੜੀਆਂ ਦਾ ਦਿਲਕਸ਼ ਨਜ਼ਾਰਾ ਨਜ਼ਰ ਆ ਰਿਹਾ ਸੀ|ਇਥੇ ਬੈਠ ਥੋੜਾ ਆਰਾਮ ਕਰਦੇ ਹੋਏ ਮਨ ਹੀ ਮਨ ਛਿਪਦੇ ਹੋਏ ਸੂਰਜ ਦੇ ਨਜ਼ਾਰੇ ਦੀ ਕਲਪਨਾ ਕਰਕੇ ਆਨੰਦ ਮਹਿਸੂਸ ਕੀਤਾ |ਚਾਹ ਦੇ ਕੱਪ ਦੀਆਂ ਚੁਸਕੀਆਂ ਲੈਂਦੇ ਹੋਏ ਤਾਜ਼ਗੀ ਮਹਿਸੂਸ ਕੀਤੀ ਤੇ ਵਾਪਸੀ ਲਈ ਚੱਲ ਪਏ |ਵਾਪਸੀ ਤੇ ਆਉਂਦੇ ਹੋਏ ਤੋਤਾ ਰਾਨੀ ਪਿੰਡ ਵਿੱਚ ਦੇਵਦਾਰ ਦੇ ਸੰਘਣੇ ਹਰੇ-ਭਰੇ ਦਰਖਤਾਂ ਦੇ ਵਿਚਾਲੇ ਘਿਰੀ ਡੱਲ ਲੇਕ ਸੈਲਾਨੀਆਂ ਲਈ ਮਨੋਰੰਜਕ ਸਥਾਨ ਹੈ| ਇਸ ਦਾ ਨਾਂ ਕਸ਼ਮੀਰ ਦੀ ਡੱਲ ਲੇਕ ਦੇ ਨਾਂ ਤੋਂ ਲਿਆ ਹੈ|ਇਸ ਦੇ ਪਾਣੀ ਵਿੱਚ ਰੰਗ- ਬਰੰਗੀਆਂ ਮਛਲੀਆਂ ਘੁੰਮ ਰਹੀਆਂ ਸਨ | ਸੈਲਾਨੀ ਲੇਕ ਦੇ ਆਲੇ-ਦੁਆਲੇ ਘੁੰਮ ਫਿਰ ਕੇ ਆਨੰਦ ਲੈ ਰਹੇ ਸਨ| ਅਸੀਂ ਵੀ ਥੋੜਾ ਸਮਾਂ ਇਥੇ ਦੇ ਨਜ਼ਾਰੇ ਨੂੰ ਤੱਕ ਕੇ ਮੈਕਲੌਡਗੰਜ ਹੁੰਦੇ ਹੋਏਖਨਿਆਰੇ ਲਈ ਰਵਾਨਾ ਹੋ ਗਏ|ਮੈਕਲੌਡਗੰਜ ਤੋਂ ਖਨਿਆਰਾ 12 ਕਿਲੋਮੀਟਰ ਦੀ ਦੂਰੀ ਤੇ ਚੜ੍ਹਦੀ ਵਾਲੇ ਪਾਸੇ ਸਥਿਤ ਹੈ| ਸ਼ਾਮੀ 4.30 ਵਜੇ ਅਸੀਂ ਆਪਣੇ ਟਿਕਾਣੇ ਇਮਪੀਰੀਅਲ਼ ਹਾਈਟਸ ਕਲਾਰਕ ਇਨ ਰਿਜ਼ੋਰਟ ਪਹੁੰਚ ਗਏ|
 ਇਹ ਰਿਜ਼ੋਰਟ ਬਿਲਕੁਲ ਸ਼ਾਂਤ ਏਰੀਏ ਵਿੱਚ ਬਣਿਆ ਹੋਇਆ ਹੈ| ਇਸ ਦੇ ਨਜ਼ਦੀਕ ਇਕ ਛੋਟਾ ਜਿਹਾ ਬਜ਼ਾਰ ਹੈ|ਇਸ ਦੇ ਨਾਲ ਜਾਂਦੀ ਸੜਕ ਦੇ ਇਕ ਪਾਸੇ 150-200 ਫੁੱਟ ਡੂੰਘਾ ਦਰਿਆ ਵਗਦਾ ਹੈ|ਪਾਣੀ ਤਾਂ ਫਿਲਹਾਲ ਇਸ ਵਿੱਚ ਘੱਟ ਹੀ ਸੀ ਪਰ ਸਾਂਤ ਮਹੌਲ ਵਿੱਚ ਵਹਿੰਦੀ ਧਾਰਾ ਦੇ ਮਧੁਰ ਸੰਗੀਤ ਦੀ ਆਵਾਜ਼ ਜਰੂਰ ਸੁਣਾਈ ਦੇ ਰਹੀ ਸੀ| ਦਰਿਆ ਦੇ ਪਰਲੇ ਪਾਸੇ ਥੋੜੀ ਦੂਰੀ ਤੇ ਦਰਿਆ ਤੋਂ 70 - 75 ਫੁੱਟ ਉਚਾ ਚੀਲ ਦੇ ਦਰੱਖਤਾਂ ਦਾ ਜੰਗਲ ਨਜ਼ਰ ਆ ਰਿਹਾ ਹੈ|ਜੰਗਲ ਦੇ ਉਪਰਲੇ ਪਾਸੇ ਸੜਕ ਜਾਂਦੀ ਹੈ ਤੇ ਸੜਕ ਉੱਪਰ ਕੁਝ ਘਰ ਨਜ਼ਰ ਆਉਂਦੇ ਹਨ |ਰਿਜ਼ੋਰਟ ਦੇ ਉੱਤਰ ਵਾਲੀ ਸਾਈਡ ਆਸਮਾਨ ਛੁੰਹਦਾ ਪਹਾੜ ਦਿਲਕਸ਼ ਨਜ਼ਾਰਾ ਪੇਸ਼ ਕਰ ਰਿਹਾ ਹੈ| ਦੱਖਣ ਵਾਲੇ ਪਾਸੇ ਉਚੀਆਂ- ਨੀਵੀਆਂ ਨੀਮ ਪਹਾੜੀਆਂ ਦੂਰੋਂ ਬਹੁਤ ਸੁੰਦਰ ਲੱਗ ਰਹੀਆਂ ਹਨ|ਰਿਜ਼ੋਰਟ ਦੇ ਸਾਹਮਣੇ ਉਚੇ- ਨੀਵੇਂ ਕਈ ਪਾਰਕ ਹਨ|ਇਕ ਪਾਰਕ ਵਿੱਚ ਬੱਚਿਆਂ ਦੇ ਲਈ ਝੂਲੇ ਲੱਗੇ ਹੋਏ ਹਨ|
 ਇਥੇ ਪਹੁੰਚਣ ਵਾਲੇ ਸਾਧਕਾਂ ਵਿਚੋਂ ਅਸੀਂ ਚੌਥੇ ਪੰਜਵੇਂ ਨੰਬਰ ਤੇ ਹੋਵਾਂਗੇ| ਪ੍ਰੋਗਰਾਮ ਪ੍ਰਬੰਧਕ ਨੇ ਸਾਨੂੰ ਦੂਜੀ ਮੰਜ਼ਿਲ ਉਪਰ ਕਮਰਾ ਦੇ ਦਿੱਤਾ|ਅਸੀਂ ਆਪਣਾ ਸਮਾਨ ਕਮਰੇ ਵਿੱਚ ਰੱਖ ਕੇ ਥੋੜਾ ਆਰਾਮ ਕਰਨ ਲੱਗੇ|ਕੁਝ ਸਮੇਂ ਬਾਅਦ ਅਸੀਂ ਥੱਲੇ ਆ ਕੇਇਕ-ਇਕ ਕੱਪ ਸੂਪ ਦਾ ਪੀਤਾ , ਉਸ ਤੋਂ ਬਾਅਦ ਆਸ-ਪਾਸ ਦੇ ਕੁਦਰਤੀ ਨਜ਼ਾਰਿਆਂ ਨੂੰ ਤੱਕਣ ਲਗੇ| ਹੌਲੀ ਹੌਲੀ ਰੌਣਕ ਵਧਦੀ ਜਾ ਰਹੀ ਸੀ| ਪੰਜਾਬ, ਚੰਡੀਗੜ੍ਹ ਸਮੇਤ ਪੂਰੇ ਭਾਰਤ ਵਿਚੋਂ ਸਾਧਕਾਂ ਦਾ ਆਉਣਾ ਜਾਰੀ ਸੀ |ਸ਼ਾਮ ਹੁੰਦਿਆਂ ਹੀ ਪਹਾੜਾਂ ਦੇ ਵਿੱਚ ਮਹਿਕਦੀਆਂ ਫਿਜ਼ਾਵਾਂ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੰਦੀਆਂ ਹਨ| ਇਹੋ ਜਿਹੀਆਂ ਰੁਮਕਦੀਆਂ ਪੌਣਾਦੀ ਬੁੱਕਲ ਵਿੱਚ ਸਿਮਟਣ ਨੂੰ ਕਿਸ ਦਾ ਮਨ ਨਹੀ ਕਰਦਾ ? ਕਦਮ ਆਪ ਮੁਹਾਰੇ ਉਨ੍ਹਾਂ ਸੰਗ ਚਲਣ ਲੱਗ ਪੈਂਦੇ ਹਨ| ਅਸੀਂ ਟਹਿਲਦੇ- ਟਹਿਲਦੇ ਦਰਿਆ ਦੇ ਉਪਰ ਬਣੇ ਪੁੱਲ ਤੇ ਪਹੁੰਚ ਗਏ | ਕੁਝ ਸੈਲਾਨੀ ਤੇ ਬੱਚੇ,ਔਰਤਾਂ ਦਰਿਆ ਦੇ ਠੰਡੇ ਪਾਣੀ ਨਾਲ ਖਰਮਸਤੀਆਂ ਕਰਦੇ ਹੋਏ ਆਨੰਦ ਲੈ ਰਹੇ ਸਨ|ਅਸੀਂ ਉਨ੍ਹਾਂਨੂੰ ਤੱਕ ਕੇ ਆਨੰਦ ਲੈਂਦੇ ਰਹੇ |ਸੂਰਜ ਆਪਣੀ ਮੰਜਿਲ ਤਹਿ ਕਰਦਾ ਹੋਇਆ ਅੱਖੋਂ ਉਹਲੇ ਹੋ ਗਿਆ ਸੀ|ਅਸੀਂ ਵਾਪਿਸ ਰਿਜ਼ੋਰਟ ਪਹੁੰਚ ਗਏ | ਖਾਣਾ 7 ਵਜੇ ਸ਼ੁਰੂ ਹੋ ਗਿਆ 8 ਵਜੇ ਤੱਕ ਸਾਰਿਆਂ ਨੇ ਖਾਣਾ ਖਾ ਲਿਆ ਸੀ|
 ਸਾਧਨਾ ਦੇ ਮਤਵਾਲੇ ਸ਼ਾਮੀ 8 ਵਜੇ ਰਿਜ਼ੋਰਟ ਦੇ ਹਾਲ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ| ਸਤਿਸੰਗ ਸ਼ੁਰੂ ਹੋ ਗਿਆ, ਸ਼ਬਦਾਂ ਤੇ ਭਜਨਾਂ ਦੇ ਰੰਗ ਨੇ ਸਾਰਿਆਂ ਨੂੰ ਮਸਤੀ ਦੇ ਰੰਗ ਵਿੱਚ ਰੰਗ ਦਿੱਤਾ|ਸਾਰੇ ਸਾਧਕ ਇੱਕ ਪ੍ਰੀਵਾਰ ਦੀ ਤਰਾਂ ਲੱਗਣ ਲੱਗੇ| ਕੱਲ੍ਹ ਦੇ ਸਾਰੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸ ਦਿੱਤੀ ਗਈ|ਸਾਡੀ ਸਾਧਨਾ ਸਵੇਰੇ 6:30 ਵਜੇ ਤੋਂ ਸ਼ੁਰੂ ਹੋਣੀ ਸੀ| ਅਸੀਂ ਸਾਰੇ ਮਰਦ, ਔਰਤਾਂ ਤੇ ਕੁਝ ਨੌਜਵਾਨ ਬੱਚੇ- ਬੱਚੀਆਂ ਅਤੇ ਪ੍ਰਬੰਧਕਾਂ ਸਮੇਤ 100 ਦੇ ਕਰੀਬ ਸਾਧਕ ਸੀ | ਸਾਰਾ ਪ੍ਰੋਗਰਾਮ ਵਾਤਾ- ਅਨੁਕੂਲ ਹਾਲ ਦੇ ਵਿੱਚ ਸੀ| ਸਤਿਸੰਗ ਦੀ ਸਮਾਪਤੀ ਤੋਂ ਬਾਅਦ ਅਸੀਂ ਰਿਜ਼ੋਰਟ ਦੇ ਸਾਹਮਣੇ ਪਾਰਕਾਂ ਵਿੱਚ ਟਹਿਲਣ ਲੱਗੇ | ਪਹਾੜਾਂ ਦੀ ਖੂਬਸੂਰਤੀ ਰਾਤ ਨੂੰ ਹੋਰ ਵੀ ਸੁਹਾਵਣੀ ਹੋ ਜਾਂਦੀ ਹੈ, ਠੰਡੀ- ਠੰਡੀ ਹਵਾ ਆਪਣੀ ਮਸਤੀ ਵਿੱਚ ਮਦਹੋਸ਼ ਕਰ ਰਹੀ ਸੀ| ਰਾਤ ਨੂੰ ਪਹਾੜੀ ਘਰਾਂ ਵਿੱਚ ਲਾਈਟਾਂ ਜੁਗਨੂੰਆਂ ਦੀ ਤਰਾਂ ਟਿਮ- ਟਿਮਾਉਂਦੀਆਂ ਬਹੁਤ ਸੁੰਦਰ ਲੱਗ ਰਹੀਆਂ ਸਨ| ਕਦੇ-ਕਦੇ ਦੂਰ ਸੜਕ ਉਪਰ ਚਲਦੇ ਟ੍ਰੈਫਿਕ ਦੀਆਂ ਲਾਈਟਾਂਨਜ਼ਰ ਆਉਂਦੀਆਂ|ਇਹੋ ਜਿਹੇ ਸੁਹਾਨੇ ਪਲਾਂ ਦੇ ਆਨੰਦ ਤੋਂ ਵਿਛੜਨ ਨੂੰ ਦਿਲ ਨਹੀਂ ਕਰਦਾ ਸੀ| ਦਿਲ ਚਾਹੁੰਦਾ ਸੀ ਇਸ ਸੁਹਾਨੀ ਰਾਤ ਨੂੰ ਪਲ-ਪਲ ਤੱਕਦਾ ਰਹਾਂ|ਇਸ ਸਮੇਂ ਦੇ ਆਨੰਦ ਨਾਲ ਰੂਹ ਨੂੰ ਤ੍ਰਿਪਤ ਕਰਕੇ ਅਸੀਂ ਆਪਣੇ ਕਮਰੇ ਵਿੱਚ ਆ ਗਏ|ਹੁਣ ਸਾਡੇ ਨਾਲ ਸਾਡੇ ਇਕ ਹੋਰ ਸਾਥੀ ਜੋ ਅੰਮ੍ਰਿਤਸਰ ਤੋਂ ਸੇਵਾ ਮੁਕਤ ਅਧਿਆਪਕ ਸਰਦਾਰ ਸੁਰਜੀਤ ਸਿੰਘ ਜੀਸਾਡੇ ਪ੍ਰੀਵਾਰ ਵਿੱਚ ਸ਼ਾਮਿਲ ਹੋ ਗਏ|
 ਅੱਜ 21 ਜੂਨ ਵੀਰਵਾਰ ਦੀ ਸਵੇਰੇ 4 ਵਜੇ ਤੋਂ ਵਾਰੀ ਸਿਰ ਉਠ ਕੇ ਤਿਆਰ ਹੋਣ ਦਾ ਸਿਲਸਲਾ ਸ਼ੁਰੂ ਹੋ ਗਿਆ| ਸਭ ਤੋਂ ਪਹਿਲਾਂ ਸਾਡੇ ਮਹਿਮਾਨ ਸਰਦਾਰ ਜੀ ਨੇਂ ਆਪਣਾ ਕੰਮ ਨਿਪਟਾ ਲਿਆ, ਉਸ ਤੋਂ ਬਾਅਦ ਪੰਕਜ ਨਹਾ ਕੇ ਆਪਣੇ ਨਿੱਤਨੇਮ ਪਾਠ- ਪੂਜਾ ਵਿੱਚ ਮਗਨ ਹੋ ਗਿਆ |ਉਸ ਤੋਂ ਬਾਅਦ ਮੈਂ ਵੀ 5.30 ਵਜਦੇ ਨੂੰ ਤਿਆਰ ਹੋ ਕੇ ਪਹਾੜਾਂ ਦੇ ਪਹੁ-ਫੁਟਾਲੇ ਨੂੰ ਤੱਕਣ ਲਈ ਬਾਹਰ ਪਾਰਕ ਵਿੱਚ ਟਹਿਲਣ ਲੱਗਿਆ| ਸਵੇਰ ਦੇ ਸਮੇਂ ਦੀ ਸੁੰਦਰਤਾ ਦਿਲ ਨੂੰ ਬਹੁਤ ਸਕੂਨ ਦਿੰਦੀ ਹੈ|ਇਨ੍ਹਾਂ ਪਲਾਂ ਨੂੰ ਮੈਂ ਦਿਲ ਭਰ ਕੇ ਮਾਣਦਾ ਹਾਂ, 6-30 ਵਜੇ ਅਸੀਂ ਸਾਰੇ ਹਾਲ ਵਿੱਚ ਪਹੁੰਚ ਗਏ |
ਸਾਡੀ ਇਹ ਚਾਰ ਦਿਨਾਂ ਦੀ ਸਾਧਨਾ ਇਕ ਯੋਗ ਟੀਚਰ “ ਕਵਿਤਾ ਵਿਜ਼ “ ਜੀ ਅਤੇ ਉਹਨਾਂ ਦੀ ਸਹਾਇਕ ਟੀਚਰ ਜੋ ਦਿਲ੍ਹੀ ਤੋਂ ਆਏ ਸਨ ਦੀ ਅਗਵਾਈ ਵਿਚ ਸ਼ੁਰੂ ਹੋਈ|ਪ੍ਰੋਗਰਾਮ ਦੇ ਸ਼ੁਰੂ ਵਿੱਚ ਸਾਰਿਆਂ ਨੇ ਇੱਕ- ਦੂਜੇ ਨਾਲ ਆਪਣੀ ਜਾਣ- ਪਹਿਚਾਣ ਕਰਵਾਈ| ਉਸ ਤੋਂ ਬਾਅਦ ਹਲਕੀ ਸਰੀਰਕ ਕਸਰਤ ਅਤੇ ਕੁਝ ਯੋਗ ਦੇ ਆਸਣ ਕੀਤੇ ਫਿਰ ਨਾੜੀ ਸ਼ੋਧਨ ਤੇ ਹੋਰ ਪ੍ਰਾਣਾਯਾਮ ਕਰਦੇ ਹੋਏ ਸੁਦਰਸ਼ਨ ਕਿਰਿਆ ਦੇ ਪਰਮ- ਆਨੰਦ ਵਿੱਚ ਗੁਆਚ ਗਏ, ਸਰੀਰ ਅਤੇ ਮਨ ਨੂੰ ਵਿਸ਼ਰਾਮ ਦਿੰਦੇ ਹੋਏ ਸ਼ਵ ਆਸਨ ਵਿੱਚ ਲੇਟ ਗਏ |ਜਿਸ ਨਾਲ ਤਨ-ਮਨ ਹਲਕੇ ਹੋ ਕੇ ਨਵੀਂ ਊਰਜਾ ਨਾਲ ਭਰ ਗਏ| ਇਸ ਸਾਰੀ ਕਿਰਿਆ  ਦੌਰਾਨ ਅੱਖਾਂ ਬਿਲਕੁਲ ਬੰਦ ਹੁੰਦੀਆਂ ਹਨ ਜਿਸ ਨਾਲ ਮਨ ਅੰਤਰਮੁਖੀ ਹੋ ਜਾਂਦਾ ਹੈ| ਆਸਣ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਬਣਦਾ ਹੈ| ਪ੍ਰਾਣਾਯਾਮ ਸਵਾਸਾਂ ਦੀ ਕਿਰਿਆ ਹੈ ਜਿਸ ਨਾਲ ਸਰੀਰ ਦੀ ਇਕ-ਇਕ ਨਸ ਨਾੜੀ ਦੀ ਸਫਾਈ ਹੋਣ ਨਾਲ ਮਨ ਇਕਾਗਰ ਤੇ ਸ਼ਾਂਤ ਹੋ ਜਾਂਦਾ ਹੈ ਜੋ ਧਿਆਨ ਸਾਧਨਾ ਕਰਨ ਲਈ ਬਹੁਤ ਸਹਾਈ ਹੁੰਦਾਂ ਹੈ| ਇਸ ਸਾਰੀ ਕਿਰਿਆ ਦੇ ਰੋਜ਼ਾਨਾ ਅਭਿਆਸ ਨਾਲ ਅਸੀਂ ਸਰੀਰ ਤੋਂ ਲੈ ਕੇ ਆਤਮਾ ਤੱਕ ਦੀ ਯਾਤਰਾ ਕਰਦੇ ਹੋਏ ਅੰਤਰ ਆਤਮਾ ਤੱਕ ਪਹੁੰਚ ਜਾਂਦੇ ਹਾਂ| ਅਜਿਹੀ ਸਥਿਤੀ ਵਿੱਚ ਅੱਖਾਂ ਖੋਲ੍ਹਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ | ਇਸ ਕਿਰਿਆ ਨੂੰ ਪੂਰਾ ਕਰਨ ਲਈ ਦੋ ਘੰਟੇ ਲੱਗ ਗਏ|
              ਸਵੇਰ ਦਾ ਨਾਸ਼ਤਾ ਕਰਨ ਲਈ 8.30 ਵਜੇ ਖਾਣੇ ਵਾਲੇ ਹਾਲ ਵਿਚ ਪਹੁੰਚ ਗਏ | ਖਾਣਾ ਬਹੁਤ ਹੀ ਹਲਕਾ, ਸਾਦਾ ਤੇ ਸਵਾਦਿਸ਼ਟ ਸੀ ,ਖਾਣੇ ਦਾ ਆਨੰਦ ਲੈ ਕੇ ਬਾਹਰ ਪਾਰਕ ਵਿਚ ਪਈਆਂ ਕੁਰਸੀਆਂ ਉਪਰ ਬੈਠ ਕੇ ਆਰਾਮ ਕਰਨ ਲੱਗੇ | ਪੂਰਾ ਰੀਜ਼ੋਰਟ ਸਾਧਕਾਂ ਦੀ ਰੌਣਕ ਨਾਲ ਮਹਿਕ ਰਿਹਾ ਸੀ | ਹਰ ਕੋਈ ਆਪਣੇ  ਆਨੰਦ ਵਿੱਚ ਮਸਤ ਹੋਇਆ ਟਹਿਲ ਰਿਹਾ ਸੀ|ਸੂਰਜ ਆਪਣੇ ਜੋਬਨ ਦਾ ਰੰਗ ਵਿਖਾਉਣ ਲੱਗਿਆ ਪਰ ਹਵਾ ਬਹੁਤ ਸੁਹਾਵਨੀ ਸੀ|ਅਸੀਂ ਦਰਖੱਤਾਂ ਦੇ ਆਂਚਲ ਵਿੱਚ ਬੈਠ ਕੇ ਕੁਦਰਤ ਨੂੰ ਤੱਕਿਆ|
 10 ਵਜੇ ਤੋਂ ਫਿਰ ਅਸੀਂ ਸਾਰੇ ਹਾਲ ਵਿੱਚ ਪਹੁੰਚ ਗਏ | ਹੁਣ ਅਸੀਂ ਅੱਠ-ਅੱਠ ਜਾਣਿਆਂ ਦਾ ਇਕ ਗਰੁੱਪ ਬਣਾਇਆ ,ਇਕ ਜਣੇ ਨੂੰ ਗਰੁੱਪ ਦਾ ਲੀਡਰ ਚੁਣਿਆ ਤੇ ਬਾਕੀਆਂ ਨੇ ਇਕ- ਇਕ ਜਾਣੇ ਨੂੰ ਆਪਣਾ ਸਾਥੀ ਚੁਣ ਲਿਆ ,ਗਰੁੱਪ ਨੂੰ ਇਕ ਨਾਮ ਦਿੱਤਾ ਤੇ ਪਹਿਚਾਣ ਲਈ ਇਕ ਇਸ਼ਾਰਾ ਨਿਯੁਕਤ ਕੀਤਾ ਗਿਆ| ਸਾਡੇ ਗਰੁੱਪ ਦਾ ਲੀਡਰ ਦਿੱਲੀ ਤੋਂ ਇਕ ਲੜਕਾ ਅਤੁਲ ਦੁਬੇ ਸੀ, ਉਸ ਨੇ ਮੈਨੂੰ ਆਪਣਾ ਸਾਥੀ ਚੁਣ ਲਿਆ| ਉਸ ਨੇ ਸਾਡੇ ਗਰੁੱਪ ਨੂੰ ਦੇਵ –ਭੂਮੀ ਦਾ ਨਾਂ ਦਿੱਤਾ ਅਤੇ ਸਾਡਾ ਪਹਿਚਾਣ ਚਿੰਨ੍ਹ ਦੋਨੋ ਹੱਥ ਜੋੜ ਕੇ ਨਮਸਕਾਰ ਦੀ ਮੁਦਰਾ ਸੀ| ਇਸੇ ਤਰ੍ਹਾਂ ਸਾਰਿਆਂ ਨੇ ਆਪਣੇ-ਆਪਣੇ ਗਰੁੱਪ ਦੇ ਨਾਮ ਤੇ ਪਹਿਚਾਣ ਚਿੰਨ੍ਹ ਰੱਖੇ ਤੇ ਸਾਰਿਆਂ ਨੂੰ ਦੱਸੇ|ਇਸ ਤਰਾਂ ਸਾਰੇ ਮਸਤੀ – ਮਸਤੀ ਵਿੱਚ ਹੱਸਦੇ ਖੇਡਦੇ ਅੱਗੇ ਵਧਦੇ ਗਏ|
                      ਕੁਝ ਵੱਖ-ਵੱਖ ਤਰਾਂ ਦੇ ਪ੍ਰੋਗਰਾਮ ਹੁੰਦੇ ਗਏ ਜਿਵੇਂ ਦੋ- ਦੋ ਜਾਣੇ ,ਜੋ ਇਕ ਦੂਜੇ ਨੂੰ ਜਾਣਦੇ ਨਾਂ ਹੋਣ, ਇਕੱਠੇ ਬੈਠ ਗਏ| ਉਨ੍ਹਾਂ ਵਾਰੀ- ਵਾਰੀ ਆਪਣੇ ਜੀਵਨ ਦੇ ਦੁੱਖ– ਸੁੱਖ, ਖੂਬੀਆਂ– ਖਾਮੀਆਂ,ਪਸੰਦ ਨਾਂ ਪਸੰਦ ਤੇ ਜੀਵਨ ਦੇ ਅਜਿਹੇ ਰਾਜ ਜੋ ਕਦੇ ਕਿਸੇ ਨਾਲ ਸਾਂਝੇ ਨਾਂ ਕੀਤੇ ਹੋਣ ਆਪਣੇ ਅਜਨਬੀ ਸਾਥੀ ਨਾਲ ਦਿਲ ਖੋਲ੍ਹ ਕੇ ਸਾਂਝੇ ਕੀਤੇ | ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਤੋਂ ਬਾਅਦ ਸਾਰਿਆਂ ਨੇ ਇੱਕ ਵੱਖਰੇ ਕਿਸਮ ਦਾ ਮਨ ਦਾ ਹਲਕਾ ਪਨ ਤੇ ਸਕੂਨ ਮਹਿਸੂਸ ਕੀਤਾ| ਇਹੋ ਜਿਹੀ ਹਰੇਕ ਕਿਰਿਆ ਦੇ ਪਿਛੇ ਇਕ ਹੀ ਮਕਸਦ ਸੀ ਆਪਣੇ ਮਨ ਦੇ ਬੋਝ ਨੂੰ ਹਲਕਾ ਕਰਨਾ|ਅਸੀਂ ਅਕਸਰ ਬਹੁਤੀਆਂ ਗੱਲਾਂ ਕਿਸੇ ਨਾਲ ਸਾਂਝੀਆਂ ਨਹੀਂ ਕਰਦੇ ਜੋ ਸਾਡੇ ਮਨ ਉਪਰ ਇਕ ਬੋਝ ਬਣ ਜਾਂਦੀਆਂ ਹਨ|ਉਸ ਬੋਝ ਦੇ ਕਾਰਨ ਅਸੀਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ , ਦੂਸਰਾ ਸਾਹਮਣੇ ਵਾਲੇ ਦੇ ਦੁੱਖ ਨੂੰ ਸੁਣਕੇ ਤੁਹਾਨੂੰ ਆਪਣਾ ਦੁੱਖ ਛੋਟਾ ਲੱਗਣ ਲੱਗ ਜਾਂਦਾ ਹੈ |ਕਿਓਕੀ ਦੁਖੀ ਮੈਂ ਇਕੱਲਾ ਨਹੀਂ ਦੁੱਖ ਸਭ ਨੂੰ ਆਉਂਦੇ ਹਨ|ਇਹੋ ਜਿਹੀ ਸਥਿਤੀ ਵਿਚੋਂ ਨਿਕਲਣ ਲਈ ਮਨ ਦਾ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੈ|ਕਹਿੰਦੇ ਹਨ “ ਦੁੱਖ ਪਾਰਟ ਆਫ ਲਾਈਫ ਹੈ, ਇਸ ਵਿਚੋਂ ਨਿਕਲ ਜਾਣਾ ਆਰਟ ਆਫ ਲਾਈਫ ਹੈ”|ਅੱਜ ਦੇ ਸਮੇਂ ਵਿਚ ਇਹ ਦੁੱਖ ਹਰੇਕ ਨਾਲ ਵੀ ਸਾਂਝੇ ਨਹੀਂ ਕੀਤੇ ਜਾ ਸਕਦੇ| ਸਾਡੇ ਮਨ ਦੀ ਚੰਚਲਤਾ ਮਨ ਨੂੰ ਕਿਤੇ ਵੀ ਟਿਕਣ ਨਹੀਂ ਦਿੰਦੀ ਅਕਸਰ ਮਨਅਤੀਤ ਜਾਂ ਭਵਿੱਖ ਦੀ ਤਾਣੀ ਵਿੱਚ ਬਹੁਤ ਉਲਝਦਾ ਹੈ| ਪਲ ਵਿੱਚ ਸਾਨੂੰ ਭਵਿੱਖ ਦੀਆਂ ਚਿੰਤਾਵਾਂ ਆਪਣੇ ਕਲਾਵੇ ਵਿੱਚ ਜਕੜ ਲੈਂਦੀਆਂ ਹਨ| ਜਦੋਂਕਿ ਸਾਡਾ ਜੀਵਨ ਤਾਂ ਵਰਤਮਾਨ ਵਿੱਚ ਹੈ|ਅਸੀਂ ਅੱਜ ਉਸ ਦਾ ਆਨੰਦ ਕਿਓਂ ਨਹੀ ਲੈਂਦੇ? ਸੋ ਅਜਿਹੀਆਂ ਕਈ ਕਿਰਿਆਵਾਂ ਕਰਵਾਈਆਂ ਗਈਆਂ ਜਿਸ ਨਾਲ ਹਰੇਕ ਦਾ ਤਨ ਤੇ ਮਨ ਹਲਕਾ ਹੋ ਗਿਆ | ਅਧਿਆਤਮਕ ਕਿਰਿਆ ਨੂੰ ਕਰਨ ਤੋਂ ਪਹਿਲਾਂ ਇਸ ਦੀ ਤਿਆਰੀ ਬਹੁਤ ਜ਼ਰੂਰੀ ਹੁੰਦੀ ਹੈ|ਆਸਣਾਂ ਦੁਆਰਾ ਸਰੀਰ ਨੂੰ ਲਚਕੀਲਾ ਕਰਦੇ ਹਾਂ ਤਾਂ ਜੋ ਆਰਾਮ ਨਾਲ ਬੈਠਿਆ ਜਾ ਸਕੇ,ਪ੍ਰਾਣਾਯਾਮ ਮਨ ਨੂੰ ਇਕਾਗਰ ਕਰਨ ਲਈ ਕਰਦੇ ਹਾਂ,ਅੱਖਾਂ ਬੰਦ ਕਰਨ ਦਾ ਅਭਿਆਸ ਤੇ ਵਿਚਾਰਾਂ ਦਾ ਸੁੱਧ ਹੋਣਾ ਬਹੁਤ ਜ਼ਰੂਰੀ ਹੈ|ਇਸ ਦੇ ਨਾਲ ਨਾਲ ਤੁਹਾਡਾ ਖਾਣ-ਪੀਣ ਸਾਦਾ ਤੇ ਜਲਦੀ ਹਜ਼ਮ ਹੋਣ ਵਾਲਾ ਚਾਹੀਦਾ ਹੈ |ਤੇਜ਼ ਮਿਰਚ ਮਸਾਲੇ ਤੇ ਤਲਿਆ ਹੋਇਆ ਭੋਜਨ ਮਨ ਤੇ ਸ਼ਰੀਰ ਨੂੰ ਬੇਚੈਨ ਕਰਦੇ ਹਨ|ਜਰੂਰਤ ਤੋਂ ਜਿਆਦਾ ਬੋਲਣਾ ਵੀ ਮਨ ਨੂੰ ਬੇਚੈਨ ਕਰਦਾ ਹੈ|ਇਸ ਲਈ ਥੋੜਾ ਚੁੱਪ ਰਹਿਕੇ ਵੀ ਆਨੰਦ ਲੈਣਾ ਚਾਹੀਦਾ ਹੈ|
 ਦੁਪਹਿਰ ਦੇ ਖਾਣੇ ਦਾ ਸਮਾਂ 12:30 ਵਜੇ ਸੀ | ਸਾਰਿਆਂ ਨੇ ਇਕੱਠੇ ਆਨੰਦ ਪੂਰਵਕ  ਖਾਣਾ ਖਾਧਾ, ਕੁਝ ਸਾਧਕ ਖਾਣਾ ਵਰਤਾਉਣ ਦੀ ਸੇਵਾ ਕਰਨ ਲੱਗੇ | ਮਨ ਬਹੁਤ ਹੀ ਸਹਿਜ ਅਤੇ ਸ਼ਾਂਤ ਸੀ| ਅੱਖ ਉਠਾ ਕੇ ਵੀ ਦੇਖਣ ਨੂੰ ਦਿਲ ਨਹੀਂ ਕਰਦਾ ਸੀ | ਅਸੀਂ ਆਪਣੇ ਕਮਰੇ ਵਿੱਚ ਆ ਕੇ ਕੁਝ ਸਮਾਂ ਲੇਟ ਕੇ ਆਰਾਮ ਕਰਦੇ ਹੋਏ ਸਾਧਨਾ ਦੇ ਆਨੰਦ ਨੂੰ ਅਨੁਭਵ ਕੀਤਾ |

 ਦੋ ਵਜੇ ਫਿਰ ਹਾਲ ਵਿੱਚ ਪਹੁੰਚ ਗਏ |ਕੁਝ ਸਾਧਕ ਸ਼ਵ ਆਸਣ ਵਿੱਚ ਲੇਟੇ ਹੋਏ ਸਨ, ਕੁਝ ਅੱਖਾਂ ਬੰਦ ਕਰਕੇ  ਆਨੰਦ ਪੂਰਵਕ ਬੈਠੇ ਹੋਏ ਸਨ | ਸਾਰੇ ਆਪਣੀ- ਆਪਣੀ ਮਸਤੀ ਵਿੱਚ ਮਦਹੋਸ਼ ਸਨ| ਸਾਰਿਆਂ ਨੂੰ ਸ਼ਵ-ਆਸਣ ਵਿੱਚ ਲੇਟਣ ਦਾ ਨਿਰਦੇਸ਼ ਦਿੱਤਾ ਗਿਆ | ਹਲਕੇ ਸਾਧਨਾ ਸੰਗੀਤ ਨਾਲ ਯੋਗ ਨਿੰਦ੍ਰਾ ਦਾ ਅਭਿਆਸ ਕਰਵਾਇਆ ਗਿਆ ਜਿਸ ਵਿੱਚ ਸਰੀਰ ਦੇ ਇੱਕ-ਇੱਕ ਅੰਗ ਉਪਰ ਧਿਆਨ ਕਰਦੇ ਹੋਏ ਢਿੱਲਾ ਛੱਡਦੇ ਚਲੇ ਗਏ |ਇਸ ਕਿਰਿਆ ਨਾਲ ਸਰੀਰ ਅਤੇ ਮਨ ਸ਼ਿਥਲ ਹੋ ਕੇ ਆਨੰਦ ਦੀ ਅਵਸਥਾ ਵਿਚ ਪਹੁੰਚ ਗਏ |ਸਰੀਰ ਹਲਕਾ ਮਨ ਤਰੋ ਤਾਜ਼ਾ ਹੋ ਗਿਆ| ਇੱਕ- ਦੋ ਹੋਰ ਕਿਰਿਆਵਾਂ ਵੀ ਕਰਵਾਈਆਂ ਗਈਆਂ | ਇਨ੍ਹਾਂ ਸਾਰੀਆਂ ਕਿਰਿਆਵਾਂ ਦਾ ਇੱਕ ਨਿਯਮ ਸੀ ਆਪਣੇ ਸਾਥੀ ਦਾ ਕੋਈ ਵੀ ਰਾਜ ਕਿਸੇ ਨਾਲ ਸਾਂਝਾ ਨਹੀਂ ਕਰਨਾ ਉਸ ਨੂੰ ਸੁਣ ਕੇ ਬਸ ਉਥੇ ਹੀ ਛੱਡ ਦੇਣਾ ਹੈ|ਇਹ ਤਾਂ ਸਿਰਫ਼ ਗੱਲਾਂ ਨੂੰ ਸਾਂਝਾ ਕਰਕੇ ਮਨ ਨੂੰ ਹਲਕਾ ਕਰਨਾ ਤੇ ਤੁਹਾਡੀਆਂ ਇਛਾਵਾਂ ਦੀ ਪੂਰਤੀ ਕਰਕੇ ਮਨ ਨੂੰ ਖੁਸ਼ ਕਰਨ ਦਾ ਯਤਨ ਸੀ |
ਹਰ ਕਿਰਿਆ ਤੋਂ ਬਾਅਦ ਅੱਖਾਂ ਬੰਦ ਕਰਕੇ ਪ੍ਰਾਣਾਯਾਮ ਕਰਦੇ, ਧਿਆਨ ਸਾਧਨਾ ਵਿੱਚ ਮਸਤ ਹੋ  ਜਾਂਦੇ |ਹਰ ਵਾਰ ਦੀ ਕਿਰਿਆ ਮਨ ਤੇ ਤਨ ਨੂੰ ਪਵਿੱਤਰ ਕਰਦੀ ਹੋਈ ਹੋਰ ਗਹਿਰਾਈ ਵਿੱਚ ਜਾਣ ਦਾ ਅਨੁਭਵ ਮਹਿਸੂਸ ਕਰਵਾ ਦਿੰਦੀ ਜਿਸ ਨਾਲ ਪ੍ਰਮਾਤਮਾਂ ਦੇ ਪਿਆਰ ਦਾ ਰੰਗ ਚੜ੍ਹਕੇ ਮਨ ਠਹਿਰਾਵ ਵਲ ਨੂੰ ਵਧਦਾ ਜਾਂਦਾ |ਪਲ-ਪਲ ਉਸ ਪ੍ਰਭੂ ਦਾ ਰੰਗ ਹੋਰ ਵੀ ਨਿਰਾਲਾ ਮਹਿਸੂਸ ਹੁੰਦਾ | 4:30 ਵਜੇ ਸੂਪ ਦਾ ਇਕ-ਇਕ ਕੱਪ ਪੀ ਕੇ ਅਸੀਂ ਕੁਦਰਤ ਦੇ ਰੁ-ਬਰੂ ਹੋਣ ਲਈ ਸੈਰ ਤੇ ਚਲੇ ਗਏ |
 ਅੱਜ ਸਾਡਾ ਮਨ ਦਰਿਆ ਦੇ ਅੰਮ੍ਰਿਤ ਵਰਗੇ ਪਾਣੀ ਨਾਲ ਮੋਹ ਦੀਆਂ ਤੰਦਾਂ ਜੋੜਨ ਲਈ ਉਤਸੁਕ ਹੋਇਆ | ਉਸ ਦੀ ਕਸ਼ਿਸ਼ ਸਾਨੂੰ ਆਪਣੇ ਵੱਲ ਖਿੱਚਦੀ ਚਲੀ ਗਈ ਅਸੀਂ ਆਪ ਮੁਹਾਰੇ ਟਹਿਲਦੇ-ਟਹਿਲਦੇ ਉਸ ਦੇ ਕਿਨਾਰੇ ਜਾ ਬੈਠੇ | ਨੀਝ ਨਾਲ ਇੱਕ-ਇੱਕ ਪੱਥਰ ਨੂੰ ਤੱਕਣ ਲੱਗੇ ਜੋ ਅਨੇਕਾਂ ਤਰਾਂ ਦੇ ਵੱਡੇ –ਛੋਟੇ, ਵੱਖ-ਵੱਖ ਤਰਾਂ ਦੇ ਰੂਪ ਵਿੱਚ ਇੱਕ ਦੂਜੇ ਦਾ ਸਹਾਰਾ ਬਣ ਆਪਣੀ ਦਾਸਤਾਂਦੀਆਂਬਾਤਾਂ ਪਾ ਰਹੇ ਸਨ | ਸ਼ੈਲ ਸ਼ਬੀਲਾ ਅੰਮ੍ਰਿਤ ਵਰਗਾ ਪਾਣੀ ਜੋ ਪਹਿਲਾਂ ਬਰਫ਼ ਦੇ ਰੂਪ ਵਿੱਚ ਉਚੇ ਪਰਬਤਾਂ ਦਾ ਸ਼ਿੰਗਾਰ ਬਣਿਆ ਫਿਰ ਗਰਮੀ ਦੇ ਅਹਿਸਾਸ ਨਾਲ ਆਪਣਾ ਰੂਪ ਬਦਲ ਕੇ ਝਰਨੇ ਬਣ ਵਹਿੰਦਾ ਹੋਇਆ ਆਪਣੇਰਸਤੇ ਦੀ ਹਰ ਰੁਕਾਵਟ ਨੂੰ ਨਿਮਰਤਾ ਨਾਲ ਸਹਿਜੇ ਹੀ ਪਾਰ ਕਰਕੇ ਖੁਸ਼ੀਆਂ ਦੇ ਸੰਗੀਤ ਵਿੱਚ ਮਸਤ ਆਪਣੀ ਮੰਜਿਲ ਵੱਲ ਵਧਦਾ ਜਾ ਰਿਹਾ ਸੀ | ਅਸੀਂ ਉਸ ਸਿਰਜਣਹਾਰ ਦੀਆਂ ਅਭੇਦ ਰਮਜਾਂ ਨੂੰ ਸਮਝਣ ਦਾ ਯਤਨ ਕਰ ਰਹੇ ਸੀ|ਸਾਡੀ ਅੱਜ ਦੀ ਸੈਰ (ਨੇਚਰ ਵਾਕ) ਦਾ ਮੰਤਵ ਹੀ ਕੁਦਰਤ ਦੇ ਵਰਤਾਰੇ ਨੂੰ ਨੇੜੇਹੋ ਤੱਕਣ ਦਾ ਸੀ ਜਿਸ ਨਾਲ ਸਾਡੀ ਆਤਮਾ ਦਾ ਪ੍ਰਮਾਤਮਾਂ ਨਾਲ  ਪਿਆਰ ਦੀ ਸਾਂਝ ਪਾ ਕੇ ਇੱਕ- ਮਿੱਕ ਹੋਣਾ ਸੀ |ਸੂਰਜ ਦੀ ਲੋ ਮੱਧਮ ਹੁੰਦੀ ਜਾ ਰਹੀ ਸੀ |ਅਸੀਂ ਸੜਕ ਰਾਂਹੀ ਚੜ੍ਹਾਈ ਚੜ੍ਹਦੇ ਹੋਏ ਵਾਪਿਸ ਰਿਜ਼ੋਰਟ ਵੱਲ ਨੂੰ ਚੱਲ ਪਏ ਉਪਰ ਉਚਾਈ ਤੇ ਆ ਕੇ ਸੜਕ ਦੇ ਕਿਨਾਰੇ ਖੜ੍ਹ ਕੇ ਥੱਲੇ ਦਰਿਆ ਵੱਲ ਨੂੰ ਝਾਤ ਮਾਰੀ, ਨਜ਼ਰ ਮਾਰਿਆਂ ਮਨ ਬਹੁਤ ਖੁਸ਼ੀ ਤੇ ਸਕੂਨ ਮਹਿਸੂਸ ਕਰ ਰਿਹਾ ਸੀ| ਸ਼ਾਮ ਹੁੰਦਿਆਂ ਹੀ ਖਾਣਾ ਖਾ ਕੇ ਹਾਲ ਵਿੱਚ ਪਹੁੰਚ ਗਏ |ਸ਼ਾਮ ਦਾ ਮਹੌਲ ਭਜਨਾਂ ਤੇ ਸ਼ਬਦਾਂ ਦੀ ਵਰਖਾ ਨਾਲ ਸ਼ਾਮ ਰੂਹਾਨੀਅਤ ਦੇ ਰੰਗ ਵਿੱਚ ਰੰਗੀ ਜਾ ਰਹੀ ਸੀ |ਅਸੀਂ ਕੁਦਰਤ ਦੀ ਗੋਦ ਵਿੱਚ ਬੈਠ ਕੇ ਪ੍ਰਮਾਤਮਾਂ ਦੇ ਪਿਆਰ ਦਾ ਆਨੰਦ ਮਹਿਸੂਸ ਕਰ ਰਹੇ ਸੀ | ਅੱਜ ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਅਗਲੇ ਪ੍ਰੋਗਰਾਮ ਦੇ ਨਿਰਦੇਸ਼ ਦਿੱਤੇ ਗਏ ਜਿਸ ਵਿੱਚ ਪ੍ਰੋਗਰਾਮ ਦੀ ਸਮਾਪਤੀ 24 ਤਾਰੀਖ ਐਤਵਾਰ ਤੱਕ ਮੌਨ ਵਿੱਚ ਰਹਿ ਕੇ ਸਾਧਨਾ ਕਰਨਾ ਸੀ | ਮੋਬਾਇਲ ਫ਼ੋਨ ਦੀ ਵਰਤੋਂ ਤੇ ਮਨਾਹੀ ਸੀ ਟੀ.ਵੀ ਤਾਂ ਅਸੀਂ ਕਮਰੇ ਵਿੱਚ ਪਹਿਲਾਂ ਵੀ ਨਹੀਂ ਚਲਾਇਆ ਸੀ | ਸਾਰੇ ਚੁੱਪ- ਚਾਪ ਹਾਲ ਤੋਂ ਬਾਹਰ ਆ ਗਏ ਕੁਝ ਸਾਧਕ ਆਪਣੇ ਕਮਰਿਆਂ ਵਿੱਚ ਚਲੇ ਗਏ ਤੇ ਕੁਝ ਪਾਰਕ ਵਿੱਚ ਟਹਿਲਣ ਲੱਗੇ | ਰਿਜ਼ੋਰਟ ਦਾ ਮਹੌਲ ਇੱਕ ਦਮ ਸ਼ਾਂਤ ਹੋ ਗਿਆ, ਚਾਰੇ ਪਾਸੇ ਚੁੱਪ ਦਾ ਪਸਾਰਾ ਹੋ ਗਿਆ |ਮੈਂ ਪਾਰਕ ਦੀ ਦੀਵਾਰਕੋਲ ਸੜਕ ਵਾਲੇ ਪਾਸੇ ਇਕ ਕੁਰਸੀ ਤੇ ਬੈਠ ਗਿਆ, ਬੇਫਿਕਰੀ ਨਾਲ ਸੁਹਾਨੀ ਰਾਤ ਦੇ ਆਂਚਲ ਵਿੱਚ ਠੰਡੀ- ਠੰਡੀ ਮਸਤ ਫਿਜ਼ਾ ਦੇ ਨਾਲ ਮਨ ਦੀਆਂ ਬਾਤਾਂ ਪਾਉਣ ਲੱਗਿਆ |
 ਅੱਜ 22 ਜੂਨ ਸ਼ੁਕਰਵਾਰ ਦੀ ਸਵੇਰ ਨੂੰ ਅਸੀਂ ਆਪਣੀ ਵਾਰੀ ਸਿਰ ਚੁੱਪ-ਚਾਪ ਉਠ ਕੇ ਤਿਆਰ ਹੋਣ ਲੱਗੇ |ਮੈਂ ਆਪਣੇ ਸਮੇਂ ਅਨੁਸਾਰ ਤਿਆਰ ਹੋ ਕੇ 5:30 ਵਜੇ ਸਵੇਰ ਦੀ ਸੈਰ ਲਈ ਚਲਿਆ ਗਿਆ | ਹਰ ਰੋਜ ਕਿਸੇ ਨਵੀ ਦਿਸ਼ਾ ਵੱਲ ਨੂੰ ਕੁਦਰਤ ਦੇ ਦਰਸ਼ਨ ਕਰਕੇ ਨਿਹਾਲ ਹੁੰਦਾ | ਮਨ ਹੀ ਮਨ ਖਾਮੋਸ਼ੀ ਦੇ ਆਲਮ ਵਿੱਚ ਮੁਸਕਰਾਉਂਦਾ ਹੋਇਆ ਉਸ ਮਿਹਰਬਾਨ ਦੀਆਂਰਹਿਮਤਾਂ ਦਾ ਸ਼ੁਕਰਾਨਾ ਕਰਦਾ ਹੋਇਆ ਜਾ ਰਿਹਾ ਸੀ | ਮੌਨ ਵਿੱਚ ਰਹਿ ਕੇ ਸੈਰ ਕਰਨ ਦਾ ਵੱਖਰਾ ਹੀ ਆਨੰਦ ਹੁੰਦਾ ਹੈ |ਇਸ ਸਮੇਂ ਤੁਸੀਂ ਆਪਣੇ ਆਪ ਤੇ ਪਰਮਾਤਮਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ | ਜਰੂਰਤ ਤੋਂ ਜਿਆਦਾ ਬੋਲਣ ਨਾਲ ਅਸੀਂ ਆਪਣੀ ਊਰਜਾ ਨੂੰ ਵਿਅਰਥ ਗਵਾ ਦਿੰਦੇ ਹਾਂ| ਅਸੀਂ ਅਕਸਰ ਦੁਨੀਆਂ ਬਾਰੇ ਤਾਂ ਬਹੁਤ ਕੁਝ ਜਾਨਣਾ ਚਾਹੁੰਦੇ ਹਾਂ ਪਰ ਅਸੀਂ ਆਪਣੇ ਆਪ ਬਾਰੇ ਕਦੇ ਵੀ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ | ਸ਼ਾਂਤ ਚਿਤ ਮੌਨ ਰਹਿ ਕੇ ਆਪਣੀ ਅੰਤਰ ਆਤਮਾਂ ਦੀ ਯਾਤਰਾ ਕਰਦੇ ਹੋਏ ਆਪਣੇ ਆਪ ਨੂੰ ਜਾਣੋ ਤੇ ਵੇਖੋ ਕਿੰਨਾ ਆਨੰਦ ਮਹਿਸੂਸ ਹੁੰਦਾ ਹੈ| ਸਾਨੂੰ ਹਮੇਸ਼ਾਂ ਆਪਣੀਆਂ ਕਮਜੋਰੀਆਂ ਨੂੰ ਲੱਭਦੇ ਰਹਿਣਾ ਚਾਹੀਦਾ ਹੈ| ਚੰਗੀਆਂ ਆਦਤਾਂ ਨੂੰ ਅਪਨਾਉਣ ਲਈ ਯਤਨ ਕਰਨੇ ਪੈਂਦੇ ਹਨ| ਬੁਰੀਆਂ ਆਦਤਾਂ ਤਾਂ ਆਪਣੇ ਆਪ ਹੀ ਚਿੰਬੜਦੀਆਂ ਫਿਰਦੀਆਂ ਹਨ| ਇਹਨਾਂ ਤੋਂ ਬਚਣ ਲਈ ਬਹੁਤ ਦ੍ਰਿੜ ਇਰਾਦੇ ਦੀ ਲੋੜ ਹੁੰਦੀ ਹੈ | ਇਸ ਲਈ ਸ਼ਾਂਤ ਚਿਤ ਹੋ ਕੇ ਮੌਨ ਵਿਚ ਆਪਣੇ ਆਪ ਨਾਲ ਵੱਧ ਤੋਂ ਵੱਧ ਸਮਾਂ ਗੁਜਾਰਨਾ ਚਾਹੀਦਾ ਹੈ |
                                  ਅਸੀਂ ਰੋਜ਼ਾਨਾ ਸਵੇਰੇ 6-30 ਵਜੇ ਤੋਂ ਸ਼ਾਮ 4-30 ਵਜੇ ਤੱਕ ਯੋਗ ਸਾਧਨਾ ਤੋਂ ਧਿਆਨ ਸਾਧਨਾ ਦਾ ਸਫ਼ਰ ਤਹਿ ਕਰਦੇ ਹੋਏ ਕਈ ਪ੍ਰਕਾਰ ਦੀਆਂ ਕਿਰਿਆਵਾਂ ਕਰਦੇ | ਧਿਆਨ, ਮੈਡੀਟੇਸ਼ਨ ਤੇ ਸਿਮਰਨ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਕੇ  ਇਕਾਗਰ ਕਰਨ ਦੀ ਇਕ ਵਿਧੀ ਹੈ| ਜਿਸ ਨਾਲ ਸਾਡੇ ਮਨ ਦੀ ਚੰਚਲਤਾ ਦੂਰ ਹੋ ਜਾਂਦੀ ਹੈ ਮਨ ਸ਼ਾਂਤ ਅਵਸਥਾ ਵਿੱਚ ਆ ਕੇ ਠਹਿਰਾਵ ਵੱਲ ਨੂੰ ਵਧਦਾ ਹੈ |ਮਾਨਸਿਕ ਊਰਜਾ ਦਾ ਵਿਕਾਸ ਹੋਣ ਨਾਲ ਦਿਮਾਗ ਦੀ ਕਾਰਜਸ਼ੈਲੀ ਵਿੱਚ ਵਾਧਾ ਹੁੰਦਾ ਹੈ| ਸਰੀਰਕ ਤੇ ਮਾਨਸਿਕ ਸਥਿਤੀ ਮਜਬੂਤ ਹੋ ਜਾਂਦੀ ਹੈ |ਜਿਸ ਨਾਲ ਸਹਿਜਤਾ, ਨਿਮਰਤਾ,ਸੇਵਾ ਭਾਵਨਾ ਤੇ ਸਬਰ ਸੰਤੋਖ ਵਿੱਚ ਵਾਧਾ ਹੋਣ ਨਾਲ ਸੰਤੁਸ਼ਟੀ ਦਾ ਅਹਿਸਾਸ ਹੁੰਦਾ ਹੈ|ਹਰ ਪਲ ਮਨ ਖੁਸ਼, ਚਿਹਰਾ ਫੁੱਲਾਂ ਦੀ ਤਰਾਂ ਖਿਲਿਆ ਰਹਿੰਦਾ ਹੈ|ਤੁਹਾਡੇ ਵਿਚਾਰ ਸਕਾਰਾਆਤਮਿਕ ਹੋ ਜਾਂਦੇ ਹਨ ਹਰ ਪਲ ਪ੍ਰਮਾਤਮਾਂ ਦੀ ਰਜ਼ਾ ਵਿੱਚ ਰਹਿਣਾ ਆ ਜਾਂਦਾ ਹੈ|  ਬਸ ਜ਼ਿੰਦਗੀ ਜਿਓਣ ਦਾ ਢੰਗ ਹੀ ਬਦਲ ਜਾਂਦਾ ਹੈ|
ਇਸ ਵਿੱਚ ਸਭ ਤੋਂ ਪਹਿਲਾਂ ਆਪਣੇ ਧਿਆਨ ਨੂੰ ਸਵਾਸਾਂ ਉਪਰ ਕੇਂਦਰਿਤ ਕਰਨਾਂ ਹੁੰਦਾ ਹੈ|ਫਿਰ ਸਰੀਰ ਦੇ ਇੱਕ- ਇੱਕ ਅੰਗ ਉਪਰ ਧਿਆਨ ਕਰ ਸਕਦੇ ਹੋ, ਸਰੀਰ ਦੇ ਖਾਲੀ ਸਥਾਨਾਂ ਦਾ ਧਿਆਨ ਕਰ ਸਕਦੇ ਹੋ,ਆਪਣੇ ਬਚਪਨ ਤੋਂ ਹੁਣ ਤੱਕ ਦੇ ਜੀਵਨ ਉਪਰ ਧਿਆਨ ਕਰ ਸਕਦੇ ਹੋ, ਤੁਸੀਂ ਆਪਣੀ ਕਿਰਤ ਦਾ ਧਿਆਨ ਕਰ ਸਕਦੇ ਹੋ |ਧਿਆਨ ਦੀਆਂ ਅਨੇਕਾਂ ਵਿਧੀਆਂ ਹਨ| ਕਿਸੇ ਵੀ ਕਿਰਿਆ ਨੂੰ ਧਿਆਨ ਨਾਲ ਕਰਨਾ,ਕਿਸੇ ਕੰਮ ਪ੍ਰਤੀ ਸਮਰਪਣ ਹੋ ਜਾਣਾ ਹੀ ਧਿਆਨ ਹੈ | ਸਾਨੂੰ ਹਰ ਰੋਜ਼ ਵੱਖ- ਵੱਖ ਪ੍ਰਕਾਰ ਦੀਆਂ ਵਿਧੀਆਂ ਦਾ ਧਿਆਨ ਕਰਵਾਇਆ ਜਾਂਦਾ | ਅਸੀਂ ਹਰ ਕਿਰਿਆ ਤੋਂ ਬਾਅਦ ਆਨੰਦ ਦੇ ਗਹਿਰੇ ਸਾਗਰ ਵਿੱਚ ਉਤਰ ਜਾਂਦੇ |ਫਿਰ ਇਸ ਦੇ ਆਨੰਦ ਦਾ ਵੱਖਰਾ ਹੀ ਅਨੁਭਵ ਹੁੰਦਾ |
 ਅੱਜ 23 ਜੂਨ ਸ਼ਨੀਵਾਰ ਦੀ ਸ਼ਾਮ 5 ਵਜੇ ਕੁਦਰਤ ਦੇ ਰੁਬਰੂ ਹੋਣ ਲਈ ਚੱਲ ਪਏ | ਮਨਚਾਹੁੰਦਾ ਸੀ ਖਨਿਆਰੇ ਦੇ ਆਲੇ-ਦੁਆਲੇ ਦੀ ਖੂਬਸੂਰਤੀਨੂੰ ਦਿਲ ਭਰ ਕੇ ਤੱਕਣਾ | ਅਸੀਂ ਅਕਸਰ ਫ਼ੁਰਸਤ ਦੇ ਪਲਾਂ ਵਿਚ ਰਿਜ਼ੋਰਟ ਦੇ ਪਾਰਕ ਵਿੱਚ ਬੈਠ ਕੇ ਦਰਿਆ ਪਾਰ ਦੇ ਜੰਗਲ ਨੂੰ ਨਿਹਾਰਦੇ ਰਹਿੰਦੇ ਉਸ ਵਿੱਚ ਕਿਤੇ– ਕਿਤੇ, ਛੋਟੇ ਛੋਟੇਟੈਂਟ ਹਾਊਸ ਲੱਗੇ ਨਜ਼ਰ ਆਉਂਦੇ| ਰਾਤ ਨੂੰ ਟੈਂਟਾਂ ਦੇ ਆਸ ਪਾਸ ਬਲਦੀ ਅੱਗ ਜੀਵਨ ਦੀ ਧੜਕਨ ਦਾ ਅਹਿਸਾਸ ਕਰਵਾਉਂਦੀ ਸਵੇਰ ਹੁੰਦੇ ਹੀ ਕੁਦਰਤ ਪ੍ਰੇਮੀ ਕੁਦਰਤ ਦੇ ਆਨੰਦ ਦੀਆਂ ਬਾਤਾਂ ਪਾ ਉਡਾਰੀ ਮਾਰ ਜਾਂਦੇ |ਮੇਰਾ ਵੀ ਬਹੁਤ ਦਿਲ ਕਰਦਾ ਸੀ ਜੰਗਲ ਦੇ ਸੁਪਨ ਸੰਸਾਰ ਟੈਂਟ ਹਾਊਸ ਵਿਚ ਰਾਤ ਗੁਜਾਰਨ ਦਾ | ਅਸੀਂ ਤੁਰਦੇ ਹੋਏ ਦਰਿਆ ਦਾ ਪੁਲ ਪਾਰ ਕਰ ਕੇ ਇੱਕ ਪਹਾੜੀ ਉਪਰ ਚੜ੍ਹ ਗਏ | ਉਪਰ ਕੁਝ ਖੂਬਸੂਰਤ ਘਰ ਬਣੇ ਹੋਏ ਸਨ| ਅਸੀਂ ਘੁੰਮਦੇ ਹੋਏ ਦਰਿਆ ਪਾਰ ਨਜ਼ਰ ਆਉਂਦੀ ਸੜਕ ਪਾਰ ਕਰਕੇ ਸਾਹਮਣੇ ਜੰਗਲ ਵਿੱਚ ਦਾਖ਼ਲ ਹੋ ਗਏ| ਇਸੇ ਹੀ ਜੰਗਲ ਨੂੰ ਅਸੀਂ ਰੋਜ਼ਾਨਾ ਰਿਜ਼ੋਰਟ ਦੇ ਪਾਰਕ ਵਿੱਚ ਬੈਠ ਕੇ ਤੱਕਦੇ ਰਹਿੰਦੇ ਸੀ | ਚੀਲ ਦੇ ਦਰਖਤਾਂ ਦੀ ਖੁਸ਼ਬੂ ਮਹਿਕਾਂ ਬਿਖੇਰ ਰਹੀ ਸੀ| ਅਸੀਂ ਖ਼ਾਮੋਸ਼ ਜੰਗਲ ਦੇ ਵਿੱਚ ਮੌਨ ਹੋ ਕੇ ਆਪਣੀ ਮਸਤੀ ਵਿੱਚ ਜਾ ਰਹੇ ਸੀ |ਕੁਦਰਤ ਦੇ ਨਾਲ ਗੱਲਾਂ ਕਰਨ ਲਈ ਬੋਲਣ ਦੀ ਲੋੜ ਨਹੀਂ ਹੁੰਦੀ ਸਿਰਫ਼ ਮਨ ਦੀਆਂ ਭਾਵਨਾਵਾਂ ਹੀ ਬਹੁਤ ਹੁੰਦੀਆਂ ਹਨ| ਜੰਗਲ ਦੇ ਦਰੱਖਤ ਬਹੁਤੇ ਸੰਘਣੇ ਨਹੀਂ ਸਨ ਥੋੜੇ ਵਿਰਲੇ ਹੀ ਸਨ | ਰਸਤੇ ਲਈ ਕੋਈ ਪਗਡੰਡੀ ਵੀ ਨਹੀਂ ਸੀ ਜਿੱਧਰ ਨੂੰ ਸਾਡਾ ਦਿਲ ਕਰਦਾ ਚਲਦੇ ਜਾਂਦੇ, ਬੋਲ ਅਸੀਂ ਸਕਦੇ ਨਹੀਂ ਸੀ |ਅਗਰ ਲੋੜ ਪੈਂਦੀ ਤਾਂ ਇੱਕ- ਦੂਜੇ ਨੂੰ ਇਸ਼ਾਰੇ ਕਰਕੇ ਕੰਮ ਚਲਾਉਂਦੇ | ਸੂਰਜ ਦੀਆਂ ਸੰਦਲੀ ਕਿਰਨਾਂਮੱਧਮ ਹੁੰਦੀਆਂ ਜਾ ਰਹੀਆਂ ਸਨ| ਸਾਡੇ ਕੰਨਾ ਵਿੱਚ ਪੈਂਦੀ ਮਧੁਰ ਸੰਗੀਤ ਦੀ ਆਵਾਜ਼ ਨੇ ਸਾੰਨੂ ਆਪਣੇ ਵੱਲ ਖਿਚਿਆ |ਉਥੇ ਕੁਝ ਕੁਦਰਤ ਪ੍ਰੇਮੀ ਰੰਗ- ਬਰੰਗੇ ਟੈਂਟ ਹਾਊਸ ਲਗਾ ਕੇ ਜੰਗਲ ਦੇ ਵਿੱਚ ਰਾਤ ਦਾ ਅਨੰਦ ਮਾਨਣ ਦੀ ਤਿਆਰੀ ਵਿੱਚ ਜੁਟੇ ਹੋਏ ਸਨ|ਇਹ ਕੁਦਰਤ ਪ੍ਰੇਮੀ ਤਿੱਬਤੀ ਲਾਮੇ ਸਨ ਜੋ ਆਪਣੇ ਲਿਬਾਸ ਤੋਂ ਹੀ ਪਹਿਚਾਣੇ ਜਾਂਦੇ ਹਨ|ਨਾਭੀ ਰੰਗ ਦਾ ਚੋਗਾ ਨੁਮਾ ਲਿਬਾਸ ਇਨ੍ਹਾਂ ਦੀ ਵਖਰੀ ਪਹਿਚਾਣ ਹੈ|ਇਨ੍ਹਾਂ ਦੇ ਕੋਲ ਜਾਣ ਤੇ ਇਨ੍ਹਾਂ ਨੇ ਮੁਸਕਰਾ ਕੇ ਸਾਡਾ ਸਵਾਗਤ ਕੀਤਾ ਅਸੀਂ ਵੀ ਮੁਸਕਰਾਹਟ ਵਿੱਚ ਜਵਾਬ ਦਿੱਤਾ|ਉਹਨਾਂ ਸਾਨੂੰ ਸਵਾਲ ਕੀਤਾ “ਕਿਥੋਂ ਆਏ ਹੋ”? ਅਸੀਂ ਇਸ਼ਾਰੇ ਨਾਲ ਮੌਨ ਬਾਰੇ ਦੱਸਿਆ ਤਾਂ ਓਹ ਬੋਲੇ “ ਓਹ ਹੋ ,ਸਾਧਨਾ ਮੇਂ ਹੋ “ ਅਸੀਂ ਮੁਸਕਰਾ ਪਏ | ਅਸੀਂ ਉਹਨਾ ਨਾਲ ਕੁਝ ਯਾਦਗਾਰੀ ਤਸਵੀਰਾਂ ਲਈਆਂ |ਅਸੀਂ ਉਹਨਾਂ ਨਾਲ ਗੱਲਾਂ ਕਰਕੇ ਇਸ ਤਰਾਂ ਦੇ ਅਨੁਭਵਾਂ ਬਾਰੇ ਬਹੁਤ ਕੁਝ ਜਾਨਣਾ ਚਾਹੁੰਦੇ ਸੀ | ਪਰ ਮੌਨ ਸਾਡੀ ਮਜਬੂਰੀ ਸੀ| ਉਹਨਾ ਦਾ ਇੱਕ ਸਾਥੀ ਸਲਾਦ ਕੱਟ ਰਿਹਾ ਸੀ, ਦੂਜਾ ਪਕੋੜੇ ਬਣਾ ਰਿਹਾ ਸੀ ਸਾਰੇ ਪਕਵਾਨ ਬਣਾਉਣ ਦੀ ਤਿਆਰੀ ਵਿਚ ਮਸਤ ਸਨ| ਖਾਣ- ਪੀਣ ਦਾ ਪੂਰਾ ਸਮਾਨ, ਗੈਸ ਸਲੰਡਰ, ਚੁੱਲਾ, ਪਾਣੀ ਦੀਆਂ ਬੋਤਲਾਂ ਸਭ ਕੁਝਨਾਲ ਲਿਆਏ ਹੋਏ ਸਨ | ਸੰਗੀਤ ਦੀਆਂ ਧੁਨਾਂ ਨਾਲ ਜੰਗਲ ਦਾ ਪੱਤਾ- ਪੱਤਾ, ਬੂਟਾ-ਬੂਟਾ ਥਿਰਕਦਾ ਮਹਿਸੂਸ ਹੋ ਰਿਹਾ ਸੀ | ਅਸੀਂ ਉਹਨਾ ਨੂੰ ਇਸ਼ਾਰੇ ਨਾਲ ਅਲਵਿਦਾ ਕਹਿੰਦੇ ਹੋਏ ਅੱਗੇ ਵਧਦੇ ਚਲੇ ਗਏ | ਅਸੀਂ ਦਰਿਆ ਵਿਚ ਉਤਰਨ ਦਾ ਰਸਤਾ ਲੱਭਦੇ ਹੋਏ ਜਾ ਰਹੇ ਸੀ ਦਰਿਆ ਕਾਫੀ ਨੀਵਾਂ ਸੀ | ਪਹਾੜਾਂ ਵਿਚ ਉਤਰਾਈ ਵੇਲੇ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ| ਕਿਸੇ ਵੀ ਕਿਸਮ ਦਾ ਖਤਰਾ ਬਿਲਕੁਲ ਵੀ ਨਹੀਂ ਲੈਣਾ ਚਾਹੀਦਾ |ਥੋੜੀ ਦੂਰ ਜਾਕੇ ਸਾਨੂੰ ਥੱਲੇ ਉਤਰਨ ਲਈ ਪਗਡੰਡੀ ਮਿਲ ਗਈ |ਅਸੀਂ ਸਾਵਧਾਨੀ ਨਾਲ ਦਰਿਆ ਵਿਚ ਉਤਰ ਗਏ |ਪਾਣੀ ਤਾਂ ਬਹੁਤ ਘੱਟ ਹੀ ਸੀ ਅਸੀਂ ਪੱਥਰਾਂ ਤੋਂ ਦੀ ਟੱਪਦੇ ਹੋਏ ਦਰਿਆ ਦੇ ਦੂਸਰੇ ਕਿਨਾਰੇ ਪਹੁੰਚ ਗਏ| ਇਸ ਜਗ੍ਹਾ ਤੇ ਅਸੀਂ ਪਹਿਲਾਂ ਵੀ ਆਕੇ ਗਏ ਸੀ| ਇਥੇ ਸਾਡੇ ਕੁਝ ਹੋਰ ਸਾਧਕ ਵੀ ਆਨੰਦ ਮਾਣ ਰਹੇ ਸਨ| ਸੂਰਜ ਆਪਣਾ ਪੰਧ ਮੁਕਾ ਅੱਖੋਂ ਉਹਲੇ ਹੋ ਗਿਆ ਸੀ |ਇਥੋਂ ਅਸੀਂ ਸ਼ਾਰਟ ਕੱਟ ਰਸਤੇ ਰਾਂਹੀ ਪੌੜੀਆਂ ਚੜਦੇ ਹੋਏ ਰਿਜ਼ੋਰਟ ਵਾਲੀ ਸੜਕ ਤੇ ਪਹੁੰਚ ਗਏ | ਅੱਜ ਸ਼ਾਮ ਦੀ ਸੈਰ ਸਾਡੀ ਕਾਫ਼ੀ ਲੰਬੀ ਤੇ ਰੌਮਾਂਚ ਭਰਪੂਰ ਸੀ| ਜਿਸ ਦਾ ਅਸੀਂ ਭਰਪੂਰ ਆਨੰਦ ਮਾਣਦੇ  ਹੋਏ ਵਾਪਿਸ ਰਿਜ਼ੋਰਟ ਪਹੁੰਚ ਗਏ | ਸਾਡੇ ਮਹਿਮਾਨ ਸਰਦਾਰ ਜੀ ਨੇ ਪਹੁੰਚਣ ਤੇ ਤਾੜੀਆਂ ਮਾਰ ਕੇ ਸਾਡੀ ਹੋਸਲਾ ਅਫਜਾਈ ਕੀਤੀ ਕਿਓਕੀ ਉਹ ਆਪਣੀ ਉਮਰ ਦੇ ਤਕਾਜ਼ੇ ਨੂੰ ਦੇਖਦੇ ਹੋਏ ਸਾਡੇ ਨਾਲੋਂ  ਜੰਗਲ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਵਾਪਿਸ ਆ ਗਏ ਸਨ|
                        ਰਾਤ ਦਾ ਖਾਣਾ ਖਾਣ ਤੋਂ ਬਾਅਦ ਸਾਰਿਆਂ ਨੇ ਪ੍ਰੋਗਰਾਮ ਦੇ ਆਖਰੀ ਸਤਿਸੰਗ ਦਾ ਆਨੰਦ ਮਾਣਿਆ | ਕਮਰਿਆਂ ਵਿੱਚ ਜਾਣ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ ਸੀ | ਸਾਰੇ ਪਾਰਕਾਂ ਵਿਚ ਹੀ ਘੁੰਮ ਰਹੇ ਸਨ | ਮੈ ਵੀ ਥੋੜਾ ਟਹਿਲਣ ਤੋਂ ਬਾਅਦ ਦੀਵਾਰ ਨੇੜੇ ਇੱਕ ਕੁਰਸੀ ਉਪਰ ਬੈਠ ਕੇ ਹਨੇਰੇ ਦੇ ਵਿੱਚ ਪਹਾੜਾਂ ਵੱਲ ਟਿਕ- ਟਿਕੀ ਲਗਾ ਕੇ ਠੰਡੀ ਹਵਾ ਨੂੰਮਹਿਸੂਸ ਕਰਦਾ ਹੋਇਆ ਸਾਧਨਾਂ ਦੇ ਅਨੁਭਵਾਂ ਵਿੱਚ ਖੋਣ ਲੱਗਿਆ| ਤਿੰਨ ਦਿਨ ਪ੍ਰਮਾਤਮਾਂ ਦੀ ਯਾਦ ਵਿੱਚ ਸਮਰਪਣ ਰਹਿ ਕੇ ਮਨ ਬਹੁਤ ਖੁਸ਼ ਸੀ ਲੇਕਿਨ ਸਾਰਿਆਂ ਦੇ ਵਿਛੋੜੇ ਦਾ ਥੋੜਾ ਗਮ ਵੀ ਸੀ| ਤਿੰਨ ਦਿਨਾਂ ਤੋਂ ਸਾਰਿਆਂ ਦੇ ਨਾਲ ਸਾਧਨਾਂ ਦੇ ਹਮਰਾਹੀ ਹੋਣ ਕਾਰਨ ਰੂਹਾਨੀ ਰਿਸ਼ਤਾ ਹੋ ਗਿਆ ਸੀ| ਕੱਲ ਦੁਪਿਹਰ ਤੋਂ ਬਾਅਦ ਸਾਰਿਆਂ ਦੇ ਵਿਛੜਨ ਵਿੱਚ ਕੁਝ  ਘੰਟੇ ਹੀ ਬਾਕੀ ਸਨ |
 ਮੈਂ ਹਰ ਪਲ ਮੁਸਕਰਾ ਕੇ ਮੌਨ ਦਾ ਆਨੰਦਲੈਂਦਾ ਰਹਿੰਦਾ | ਸਾਡੇ ਸੰਜੇ ਢੰਡ ਜੀ ਨੂੰ ਪਹਿਲੀ ਵਾਰ ਪਰੀਵਾਰ ਤੋਂ ਦੂਰ ਰਹਿਣ ਕਾਰਨ ਘਰ ਦੀ ਯਾਦ ਸਤਾਉਣ ਲੱਗੀ ਜਿਸ ਨਾਲ ਮਨ ਥੋੜਾ ਵੈਰਾਗ ਵਿੱਚ ਆ ਗਿਆ | ਉਨ੍ਹਾਂ ਆਪਣੇ ਦਿਲ ਦੀਆਂ ਭਾਵਨਾਵਾਂ ਦਾ ਕਾਪੀ ਉਪਰ ਲਿਖ ਕੇ ਪ੍ਰਗਟਾਵਾ ਕੀਤਾ | ਮੌਨ ਸਾਧਨਾ ਵਿੱਚ ਮਨ ਦਾ ਵੈਰਾਗੀ ਹੋ ਜਾਣਾ ਸੁਭਾਵਿਕ ਹੇ | ਮੇਰਾ ਪਲ-ਪਲ ਪ੍ਰਮਾਤਮਾਂ ਦੇ ਸ਼ੁਕਰਾਨੇ ਵਿੱਚ ਗੁਜਰ ਰਿਹਾ ਸੀ| ਜਿੰਦਗੀ ਵਿੱਚ ਇਹੋ ਜਿਹੇਪਲ ਸਬੱਬ ਨਾਲ ਹੀ ਮਿਲਦੇ ਹਨ | ਸਾਧਨਾ ਦੀ ਇੱਕ-ਇੱਕ ਕਿਰਿਆ ਦਾ ਗਹਿਰਾ ਅਨੁਭਵ  ਮਹਿਸੂਸ ਹੋ ਰਿਹਾ ਸੀ |ਖਿਆਲਾਂ ਦੀ ਉਡਾਰੀ ਅੰਬਰਾਂ ਨੂੰ ਛੂਹ ਕੇ ਆਨੰਦਿਤ ਹੋ ਰਹੀ ਸੀ| ਜਿੰਦਗੀ ਦੀ ਕੋਈ ਵੀ ਤਮੰਨਾ ਅਧੂਰੀ ਨਹੀਂ ਸੀ |
                ਅੱਜ 24 ਜੂਨ ਦਿਨ ਐਤਵਾਰ ਅੰਤਰਰਾਸ਼ਟਰੀ ਯੋਗ ਦਿਵਸ ਸੀ |ਪੂਰੀ ਦੁਨੀਆਂ ਦੇ ਵਿਚ ਯੋਗ ਪ੍ਰੇਮੀ ਯੋਗ ਕਰਕੇ ਇਸ ਦਿਨ ਨੂੰ ਮਨਾ ਰਹੇ ਸਨ | ਸਾਡੀ ਖੁਸ਼ਕਿਸਮਤੀ ਸੀ ਅਸੀਂ ਵੀ ਆਪਣੀ ਸਾਧਨਾ ਦੇ ਆਖਰੀ ਦਿਨ ਇਸ ਦਾ ਹਿੱਸਾ ਸੀ | ਯੋਗ , ਪ੍ਰਾਣਾਯਾਮ ਤੇ ਧਿਆਨ ਸਾਧਨਾ ਤੋਂ ਬਾਅਦ ਸਵੇਰ ਦਾ ਹਲਕਾ ਨਾਸ਼ਤਾ ਕਰਕੇ ਸਾਰੇ ਹਾਲ ਵਿਚ ਪਹੁੰਚ ਗਏ | ਯੋਗ ਟੀਚਰ “ਕਵਿਤਾ ਵਿੱਜ” ਜੀ ਨੇ ਆਪਣੀ ਯੋਗ ਸਾਧਨਾ ਸਫ਼ਰ ਦੇ ਅਨੁਭਵਾਂ ਨੂੰ ਸਭ ਦੇ ਨਾਲ ਸਾਂਝਾ ਕੀਤਾ ਤੇ ਸਾਰਿਆਂ ਨੂੰ ਹਮੇਸ਼ਾ ਇਸ ਰਸਤੇ ਤੇ ਚੱਲ ਕੇ ਸਦੀਵੀ ਆਨੰਦ ਪ੍ਰਾਪਤ ਕਰਨ ਲਈ ਪ੍ਰੇਰਿਆ | ਓਮ ਦੀ ਧਵਨੀ  ਦਾ ਉਚਾਰਨ ਕਰਵਾ ਕੇ ਸਭ ਦੇ ਮੌਨ ਨੂੰ ਵਿਰਾਮ ਦਿੱਤਾ | ਤਿੰਨ ਦਿਨਾ ਤੋਂ ਮੌਨ ਰਹਿਣ ਕਾਰਨ ਬਿਲਕੁਲ ਵੀ ਬੋਲਣ ਨੂੰ ਦਿਲ ਨਹੀ ਕਰਦਾ ਸੀ | ਹੋਲੀ ਹੋਲੀ ਹਾਲ ਦੇ ਵਿੱਚ ਬੋਲ-ਚਾਲ ਸ਼ੁਰੂ ਹੋ ਗਈ | ਕਈ ਸਾਧਕਾਂ ਦੇ ਸਬਰ ਦਾ ਪਿਆਲਾ ਭਰਿਆ ਪਿਆ ਸੀ ਉਹ ਛਲਕਣ ਲੱਗੇ , ਹਾਸਾ ਮਖੌਲ ਸ਼ੁਰੂ ਹੋ ਗਿਆ | ਉਸ ਤੋਂ ਬਾਅਦ ਸਾਰਿਆਂ ਨੇ ਸਰੀਰਕ ਤੇ ਮਾਨਸਿਕ ਤਬਦੀਲੀਆਂ ਬਾਰੇ ਇਸ ਸਾਧਨਾ ਸਫ਼ਰ ਦੌਰਾਨ ਹੋਏ ਅਨੁਭਵਾਂ ਨੂੰ ਸਾਂਝਾ ਕੀਤਾ| ਸਾਧਕਾਂ ਨੇ ਯਾਦਗਾਰੀ ਪਲਾਂ ਨੂੰ ਤਸਵੀਰਾਂ ਰਾਹੀਂ ਕੈਦ ਕੀਤਾ |ਅੱਜ ਦੁਪਿਹਰ ਦਾ ਖਾਣਾ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਸੀ, ਬਹੁਤ ਹੀ ਲਾ- ਜਵਾਬ ਸਵਾਦ ਸੀ ਜਿਸ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਦਾ | ਸਾਥੀਆਂ ਦੇ ਗਲੇ ਮਿਲ ਵਿਦਾਈ ਲੈ ਕੇ ਖਨਿਆਰੇ ਨੂੰ ਅਲਵਿਦਾ ਕਹਿੰਦੇ ਹੋਏ ਗੱਡੀ ਵਿਚ ਸਵਾਰ ਹੋ ਕੇ ਪਹਾੜਾਂ ਦੇ ਰਾਹ ਪੈ ਗਏ |
            ਅਸੀਂ ਚਾਰ ਦਿਨ ਹਰ ਪਲ ਉਸ ਪ੍ਰਮਾਤਮਾਂ ਦੀ ਯਾਦ ਵਿੱਚ ਜੁੜੇ ਰਹੇ | ਜਿਸ ਨਾਲ ਸਾਡੇ ਸਰੀਰ ਦਾ ਰੋਮ- ਰੋਮ ਪਵਿੱਤਰ ਹੋ ਕੇ ਉਸ ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਗਿਆ ਜਿਸ ਦਾ ਸਰੂਰ ਨਸ਼ੇ ਦੀ ਤਰਾਂ ਮਹਿਸੂਸ ਹੋਣ ਲੱਗਿਆ | ਦੁਨੀਆਂ ਦਾ ਹਰ ਨਸ਼ਾ ਤੁਹਾਨੂੰ ਕੁਝ ਸਮਾਂ ਹੀ ਸਰੂਰ ਦਿੰਦਾ ਹੈ | ਲੇਕਿਨ ਪ੍ਰਮਾਤਮਾਂ ਦੀ ਇਬਾਦਤ ਹਰ ਪਲ ਸਰੂਰ ਵਿੱਚ ਰੱਖਦੀ  ਹੈ ਜਦੋਂ ਉਸ ਦੇ ਨਾਮ ਦੀ ਖੁਮਾਰੀ ਚੜ੍ਹ ਜਾਂਦੀ ਹੈ ਤਾਂ ਦਿਨ ਰਾਤ ਦਾ ਕੋਈ ਪਤਾ ਨਹੀਂ ਚੱਲਦਾ | ਅਸੀਂ ਇਸ ਸਰੂਰ ਨੂੰ ਮਾਣਦੇ ਹੋਏ ਸ਼ਾਮ ਨੂੰ 7:30 ਵਜੇ ਆਪਣੇ ਸ਼ਹਿਰ ਅਹਿਮਦਗੜ੍ਹ ਪਹੁੰਚ ਗਏ |