ਜਦ ਸਭ ਕੁਝ ਹੀ ਹੈ ਅੱਲਾ ਦੇ ਵੱਸ ,
ਤਾਂ ਫਿਰ ਤੂੰ ਕਿਉਂ ਰੋਏਂ ਮੈਨੂੰ ਦੱਸ ?
ਮਿਹਨਤ ਕਰਕੇ ਤੂੰ ਕੁਝ ਬਣ ਕੇ ਦੱਸ ,
ਤਾਂ ਹੀ ਮਿਲਣਾ ਤੈਨੂੰ ਜੱਗ ਤੇ ਜੱਸ ।
ਹਿੰਮਤ ਹੋਵੇ ਜੇ ਕਰ ਬੰਦੇ ਕੋਲ ,
ਦੁੱਖਾਂ ਦੇ ਰਾਖਸ਼ ਫਿਰ ਜਾਂਦੇ ਨੱਸ ।
ਕੋਈ ਨੂੰਹ ਨਾ ਮਰੇਗੀ ਲਾ ਕੇ ਅੱਗ ,
ਜੇ ਕਰ ਮਾਂ ਬਣ ਜਾਏ ਹਰ ਇਕ ਸੱਸ ।
ਉਹ ਐਵੇਂ ਲੜਦਾ ਫਿਰੇ ਲੋਕਾਂ ਨਾਲ ,
ਜਿਸ ਨੂੰ ਗ਼ਮ ਦਾ ਨਾਗ ਹੈ ਜਾਂਦਾ ਡੱਸ ।
ਮੱਥੇ ਸਦਾ ਤੂੰ ਪਾਈ ਰੱਖਦੈਂ ਵੱਟ ,
ਸਾਡੇ ਨਾਲ ਕਦੇ ਤਾਂ ਲਿਆ ਕਰ ਹੱਸ ।
ਹੋਰ ਨਵਾਂ ਕੀ ਦੇਣਾ ਸੀ ਹਾਕਮ ਨੇ ,
ਸਾਥੋਂ ਪਹਿਲਾ ਵੀ ਉਸ ਲਿਆ ਹੈ ਖੱਸ ।