ਅਹਿਸਾਸ (ਮਿੰਨੀ ਕਹਾਣੀ)

ਵਰਿੰਦਰ ਅਜ਼ਾਦ   

Email: azad.asr@gmail.com
Cell: +91 98150 21527
Address: 15, ਗੁਰਨਾਮ ਨਗਰ ਸੁਲਤਾਨਵਿੰਡ ਰੋਡ
ਅੰਮ੍ਰਿਤਸਰ India 143001
ਵਰਿੰਦਰ ਅਜ਼ਾਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਉਸ ਦਾ ਕੰਮ ਤੇ ਜਾਣ ਨੂੰ ਦਿਲ ਨਹੀਂ ਸੀ ਸੋਚਿਆ ਛੁੱਟੀ ਕਰਾਂਗੇ, ਘਰ ਰਵਾਂਗੇ, ਘੜੀ ਅਰਾਮ ਹੋ ਜਾਵੇਗਾ। ਫੈਕਟਰੀ 'ਚ ਤਾਂ ਲੋਹੇ ਨਾਲ ਲੋਹਾ ਹੋਣਾ ਪੈਂਦਾ ਹੈ। ਘਰ ਵਾਲੀ ਨਾਲ ਪਿਆਰ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਾਂਗੇ।
'ਜੀ ਅੱਜ ਕੰਮ ਤੇ ਨਹੀਂ ਜਾਣਾ ਟਾਈਮ ਤਾਂ ਬਹੁਤ ਹੋ ਗਿਆ ਹੈ...'।
ਪ੍ਰੀਤੀ ਕੋਲ ਆ ਕੇ ਬੈਠਦੀ ਬੋਲੀ।
'ਪ੍ਰੀਤੀ ਅੱਜ ਮੇਰੀ ਤਬੀਅਤ ਕੁਝ ਖਰਾਬ ਹੈ ਬੁਖਾਰ ਜਿਹਾ ਲੱਗਦਾ ਹੈ ਸਰੀਰ ਟੁੱਟ ਭੱਜ ਰਿਹਾ ਹੈ...'।
'ਅੱਛਾ...'
ਫਿਕਰਮੰਦ ਹੁੰਦੀ ਜਨਾਨੀ ਸਰੀਰ ਨੂੰ ਹੱਥ ਲਗਾਉਂਦੀ ਕਹਿਣ ਲੱਗੀ
'ਜੀ ਤੁਹਾਨੂੰ ਤਾਂ ਬੁਖਾਰ ਲੱਗਦਾ ਹੈ, ਦਸ ਵਜੇ ਡਾਕਟਰ ਸ਼ਰਮਾ ਆਉਂਦਾ ਹੈ ਉਸ ਕੋਲ ਦਵਾਈ ਲੈ ਆਵਾਂਗੇ..'।
'ਕੀ ਹੋਇਆ ਕੁੜੇ ਮੁੰਡੇ ਨੇ ਕੰਮ ਤੇ ਨਹੀਂ ਜਾਣਾ...'
'ਬੀਜੀ ਇਨ੍ਹਾਂ ਨੂੰ ਬੁਖਾਰ ਹੈ ਨਾਲੇ ਸਰੀਰ ਟੁੱਟਦਾ ਭੱਜਦਾ ਹੈ...?
ਪ੍ਰੀਤੀ ਦੀ ਗੱਲ ਸੁਣ ਕੇ ਮਾਂ ਦੇ ਚਿਹਰੇ ਤੇ ਚਿੰਤਾਂ ਦੀ ਲਕੀਰ ਉੱਤਰ ਆਈ, ਮੁੰਡੇ ਦੇ ਮੱਥੇ ਤੇ ਹੱਥ ਲਗਾਉਂਦੀ ਬੋਲੀ।
'ਅੱਜ ਕੱਲ੍ਹ ਸਾਡਾ ਸਮਾਂ ਹੀ ਮਾੜਾ ਚਲਦਾ ਪਿਆ ਹੈ, ਸਾਰੀ ਰਾਤ ਤੁਹਾਡੇ ਬਾਪੂ ਜੀ ਦੀ ਸਿਹਤ ਖਰਾਬ ਰਹੀ ਲੱਤਾਂ 'ਚ ਦਰਦ ਨਿਕਲਦੀ ਰਹੀ ਦਵਾਈ ਲੈਣ ਦੀ ਘੋਲ ਕਰਦੇ ਰਹਿੰਦੇ ਨੇ..'।
"ਅੱਛਾ ਬੀਜੀ ਭਾਪਾ ਜੀ ਨੇ ਦਵਾਈ ਲਈ" ਦੋਵੇਂ ਜਨਾਨੀ ਆਦਮੀ ਇਕੱਠੇ ਬੋਲੇ....।
"ਦਵਾਈ ਤਾਂ ਉਨ੍ਹੇ ਲਈ ਦਰਦ ਦੀ ਗੋਲੀ ਖਾਅ ਕੇ ਚਲੇ ਗਏ ਕਹਿੰਦੇ ਫੈਕਟਰੀ 'ਚ ਕੰਮ ਜ਼ਿਆਦਾ ਹੈ ਫਿਰ ਛੁੱਟੀ ਕੀਤੇ ਸਰਦਾ ਵੀ ਨਹੀਂ, ਖਰਚਿਆਂ ਨੇ ਤੇ ਅੱਗੇ ਹੀ ਸਾਹ ਔਖਾ ਕੀਤਾ ਹੈ...'।
'ਅੱਛਾ ਮੈਂ ਗੁਰਦੁਆਰੇ ਚੱਲਦੀ ਹੈ ਕੁੜੀਏ ਦੀਪੇ ਦੀ ਦਵਾਈ ਲੈ ਆਈ...'। ਇਹ ਲਫ਼ਜ਼ ਕਹਿ ਕੇ ਚਲੀ ਗਈ।
ਦੀਪਾ ਆਪਣੇ ਆਪ 'ਚ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ। ਉਹ ਜਵਾਨ ਤੇ ਤੰਦਰੁਸਤ ਬਹਾਨਾ ਕਰਕੇ ਘਰ ਬੈਠ ਗਿਆ ਤੇ ਬਜ਼ੁਰਗ ਬੀਮਾਰ ਬਾਪ ਕੰਮ ਤੇ ਚੱਲਾ ਗਿਆ।
ਬਗੈਰ ਸੋਚੇ ਉਹ ਬਿਸਤਰੇ ਤੋਂ ਉਠਿਆ ਤੇ ਪਤਨੀ ਨੂੰ ਕਹਿ ਲੱਗਾ, "ਮੈਂ ਕੰਮ ਤੇ ਜਾਵਾਂਗਾ.."
ਕੀ ਤੁਸੀਂ ਤਾਂ ਬੀਮਾਰ ਹੋ...
"ਬੱਸ ਮੈਂ ਕੰਮ ਤੇ ਜਾਣਾ ਬੱਸ ਜਾਣਾ...."
ਪ੍ਰੀਤੀ ਪਤੀ ਦਾ ਇਹ ਵਿਵਹਾਰ ਦੇਖ ਕੇ ਹੈਰਾਨ ਹੋ ਗਈ।